ਤੇਜ਼ੀ ਨਾਲ ਵਧ-ਫੁੱਲ ਰਿਹਾ ਡੇਰਾਵਾਦ ਸਿੱਖੀ ਅਤੇ ਸਿੱਖ ਸਮਾਜ ਉਤੇ ਲਗਾਤਾਰ ਉਲਰ ਅਸਰ ਪਾ ਰਿਹਾ ਹੈ। ਇਸ ਬਾਰੇ ਵਿਸਥਾਰ ਸਹਿਤ ਚਰਚਾ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। ਉਨ੍ਹਾਂ ਸਬੰਧਤ ਨੁਕਤੇ ਐਨ ਨਿਤਾਰ ਕੇ ਅਤੇ ਧੜੱਲੇ ਨਾਲ ਪੇਸ਼ ਕੀਤੇ ਹਨ। ਉਨ੍ਹਾਂ ਸਪਸ਼ਟ ਆਖਿਆ ਹੈ ਕਿ ਅੱਜ ਡੇਰਾਵਾਦ ਕਿਸ ਕਦਰ ਸਿੱਖੀ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਡੇਰੇਦਾਰ ਆਪਣੇ ਨਿੱਜੀ ਮੁਫ਼ਾਦਾਂ ਲਈ ਗਿਆਨ ਦੀ ਜੋ ਗੱਲ ਉਨ੍ਹਾਂ ਦੇ ਸਰੋਤਿਆਂ ਦੀ ਮਨਭਾਉਂਦੀ ਹੈ, ਉਹੋ ਜਿਹਾ ਵਿਖਿਆਨ ਕਰ ਦਿੰਦੇ ਹਨ। ਲੇਖਕ ਨੇ ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। -ਸੰਪਾਦਕ
ਭਾਈ ਅਸ਼ੋਕ ਸਿੰਘ ਬਾਗੜੀਆਂ
ਫੋਨ: +91-98140-95308
ਡੇਰਾ, ਧੂਣੀ, ਅਖਾੜਾ (ਨਿਰਮਲੇ), ਦਰਗਾਹ ਕਿਸੇ ਵੇਲੇ ਬਹੁਤ ਸਤਿਕਾਰਤ ਸ਼ਬਦ ਸਨ। ਮਨੁੱਖ ਜਦੋਂ ਤੋਂ ਇਨਸਾਨੀ ਜਾਮਾ ਲੈਂਦਾ ਹੈ, ਉਸ ਦੇ ਮਨ ਵਿਚ ਪਰਮ ਆਤਮਾ ਨੂੰ ਪਾਉਣ ਦੀ ਤਾਂਘ ਬਣੀ ਰਹਿੰਦੀ ਹੈ। ਦੁਵਿਧਾ ਵਿਚ ਪਈ ਮਾਨਸਿਕ ਅਵਸਥਾ ਨੂੰ ਗਿਆਨ ਜਾਂ ਸ਼ਰਧਾ ਜਾਂ ਦੋਵਾਂ ਰਾਹੀਂ ਸ਼ਾਂਤੀ ਮਿਲਦੀ ਹੈ। ਗਿਆਨ ਰਾਹੀਂ ਪ੍ਰਾਪਤੀ ਦਾ ਰਸਤਾ ਬਹੁਤ ਦੁਸ਼ਵਾਰ ਹੈ। ਗਿਆਨ ਕਿਥੋਂ ਪ੍ਰਾਪਤ ਕਰਨਾ ਹੈ? ਕਿਸ ਤੋਂ ਪ੍ਰਾਪਤ ਕਰਨਾ ਹੈ? ਇਹ ਜਟਿਲ ਸਮੱਸਿਆ ਬਣ ਜਾਂਦੀ ਹੈ। ਇਸ ਬਾਰੇ ਗੁਰਬਾਣੀ ਵੀ ਕਹਿੰਦੀ ਹੈ- ਅਕਲੀ ਸਾਹਿਬੁ ਸੈਵੀਐ ਅਕਲੀ ਪਾਈਐ ਮਾਨੁ॥ ਗਿਆਨ ਮਾਰਗ ਕਠਿਨ ਹੁੰਦਾ ਹੈ, ਕਿਉਂਕਿ ਇਸ ਵਿਚ ਨਿਰੀ ਸ਼ਰਧਾ ਜਾਂ ਅੰਧ-ਵਿਸ਼ਵਾਸ ਨਹੀਂ, ਬਲਕਿ ਸਮਝਦਾਰੀ ਅਤੇ ਤਰਕ (ਸਾਵਧਾਨ ਇਕਾਗਰ ਚਿਤ) ਨਾਲ ਦਿਮਾਗ਼ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹਰ ਇਨਸਾਨ ਦੇ ਵਸ ਦੀ ਗੱਲ ਨਹੀਂ ਹੈ।
ਦੂਸਰੇ ਮਾਰਗ ਭਾਵ ਸ਼ਰਧਾ ਰਾਹੀਂ ਵੀ ਮਨ ਨੂੰ ਕਾਫ਼ੀ ਹੱਦ ਤਕ ਸ਼ਾਂਤੀ ਮਿਲ ਜਾਂਦੀ ਹੈ, ਪਰ ਇਹ ਰਸਤਾ ਕਈ ਵਾਰ ਇਨਸਾਨ ਨੂੰ ਅੰਧ-ਵਿਸ਼ਵਾਸ ਵੱਲ ਲੈ ਜਾਂਦਾ ਹੈ। ਆਮ ਭੋਲੇ-ਭਾਲੇ ਲੋਕ, ਸਾਧਾਂ-ਸੰਤਾਂ ਦੇ ਡੇਰਿਆਂ ‘ਤੇ ਜਾਂਦੇ ਹਨ ਅਤੇ ਅੰਧ-ਵਿਸ਼ਵਾਸ ਰਾਹੀਂ ਆਪਣੇ ਮਨ ਦਾ ਟਿਕਾਅ ਲੱਭਦੇ ਹਨ। ਇਥੇ ਆ ਕੇ ਇਹ ਫ਼ਰਕ ਪੈ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਦਾ ਇਸ਼ਟ ਜਾਂ ਗੁਰੂ ਉਹ ਬੰਦਾ ਹੀ ਬਣ ਜਾਂਦਾ ਹੈ ਜਿਸ ਨੂੰ ਅੱਜ ਦੀ ਜ਼ੁਬਾਨ ਵਿਚ ਡੇਰੇਦਾਰ ਜਾਂ ਮੁਜਾਵਰ ਕਹਿ ਸਕਦੇ ਹਾਂ। ਸੂਫ਼ੀਆਂ ਦਾ ਰਵਾਇਤੀ ਕਲਾਮ ਹੈ- ‘ਇਸ਼ਕ ਮਜ਼ਾਜੀ ਜਾਂ ਇਸ਼ਕ ਹਕੀਕੀ’। ਡੇਰੇਦਾਰ ਨੂੰ ਗੁਰੂ ਮੰਨਣ ਵਾਲੇ ਜਗਿਆਸੂ ਇਸ਼ਕ ਮਜ਼ਾਜੀ ਤਕ ਹੀ ਸੀਮਤ ਰਹਿ ਜਾਂਦੇ ਹਨ ਅਤੇ ਇਸ਼ਕ ਹਕੀਕੀ ਦੀ ਅਵਸਥਾ ਤੋਂ ਉਹ ਦੂਰ ਹੁੰਦੇ ਹਨ। ਗਿਆਨ ਮਾਰਗ ਕਾਫ਼ੀ ਕਠਿਨ ਰਸਤਾ ਹੈ। ਇਸ ‘ਤੇ ਚੱਲਣ ਵਾਸਤੇ ਆਪਣੇ ਮਨ ਤੇ ਦਿਮਾਗ਼ੀ ਬਿਰਤੀ ਦੋਵਾਂ ਦੀ ਜ਼ਰੂਰਤ ਹੈ। ਗੁਰਬਾਣੀ ਮੁਤਾਬਕ ਗਿਆਨ ਮਾਰਗ ‘ਤੇ ਚੱਲਦਿਆਂ ਮਨ ਨੂੰ ਸਮਝਾਉਣ ਵਾਸਤੇ ਗਿਆਨ ਦੀ ਵੱਧ ਜ਼ਰੂਰਤ ਹੈ, ਨਿਰੀ ਸ਼ਰਧਾ ਦੀ ਨਹੀਂ। ਗੁਰਵਾਕ ਹੈ- ‘ਮਨ ਸਮਝਾਵਨ ਕਾਰਨੇ ਕਛੁਅਕ ਪੜੀਐ ਗਿਆਨ’, ਇਸ ਮਾਰਗ ਦੀ ਇਤਿਹਾਸਕ ਗਵਾਹੀ ਸਿੱਖ ਧਰਮ ਤੋਂ ਮਿਲਦੀ ਹੈ।
ਅਕਾਲ ਪੁਰਖ ਦੀ ਪ੍ਰਾਪਤੀ ਅਤੇ ਮਨ ਦੀ ਸ਼ਾਂਤੀ ਲਈ ਡੇਰਿਆਂ ਤੇ ਅਖਾੜਿਆਂ ਵਰਗੀਆਂ ਸੰਸਥਾਵਾਂ ਨੇ ਕਿਸੇ ਵਕਤ ਬਹੁਤ ਚੰਗਾ ਰੋਲ ਨਿਭਾਇਆ, ਪਰ ਅੱਜ ਦੇ ਸਮੇਂ ਵਿਚ ਜੋ ਅਖੌਤੀ ਡੇਰੇ ਥਾਂ-ਥਾਂ ਪੁੰਗਰ ਪਏ ਹਨ, ਇਹ ਨਾ ਮਨ ਦੀ ਸ਼ਾਂਤੀ ਦਿੰਦੇ ਹਨ ਅਤੇ ਨਾ ਹੀ ਅਕਾਲ ਪੁਰਖ ਤਕ ਪੁੱਜਣ ਦਾ ਗਿਆਨ। ਇਨ੍ਹਾਂ ਡੇਰਿਆਂ ‘ਤੇ ਸਾਧਾਰਨ ਆਦਮੀ ਮਨ ਦੀ ਸ਼ਾਂਤੀ ਦੀ ਪ੍ਰਾਪਤੀ ਲਈ ਜਾਂਦੇ ਹਨ, ਪਰ ਅਗਿਆਨਤਾਵਸ ਅਕਾਲ ਪੁਰਖ ਦੀ ਬਜਾਏ ਆਪਣੀ ਸ਼ਰਧਾ ਦਾ ਕੇਂਦਰ ਡੇਰੇਦਾਰ ਨੂੰ ਹੀ ਬਣਾ ਲੈਂਦੇ ਹਨ। ਪੁਰਾਤਨ ਸਮੇਂ ਇਹ ਡੇਰੇ ਜਗਿਆਸੂ ਨੂੰ ਪਰਮਾਤਮਾ ਨਾਲ ਜੋੜਨ ਵਿਚ ਸਹਾਈ ਹੁੰਦੇ ਸਨ, ਅੱਜ ਇਸ ਭੋਲੀ ਸੰਗਤ ਨੂੰ ਉਹ ਆਪਣੇ ਨਾਲ ਜਾਂ ਆਪਣੇ ਤਕ ਹੀ ਸੀਮਤ ਰੱਖਦੇ ਹਨ। ਗੁਰਬਾਣੀ ਦਾ ਪ੍ਰਚਾਰ ਕਰ ਕੇ ਗੁਰੂ ਨਾਨਕ ਨਾਲ ਜੋੜਨ ਨਾਲੋਂ ਆਪਣੇ ਡੇਰੇ ਦੇ ਸ਼ਰਧਾਲੂ ਬਣਾ ਕੇ ਉਨ੍ਹਾਂ ਦੀ ਸ਼ਰਧਾ ਦਾ ਗ਼ਲਤ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਲਈ ਸਮਾਜ ਅੱਜ ਡੇਰਿਆਂ ਵਿਚ ਵੰਡਿਆ ਗਿਆ ਹੈ।
ਅੱਜ ਕੱਲ੍ਹ ਕਿਸੇ ਨੌਜਵਾਨ ਗਾਤਰਾਧਾਰੀ ਨੂੰ ਜੇ ਪੁੱਛਿਆ ਜਾਵੇ ਕਿ ਭਾਈ ਤੁਸੀਂ ਅੰਮ੍ਰਿਤਪਾਨ ਕਿਥੋਂ ਕੀਤਾ ਹੈ? ਆਮ ਜਵਾਬ ਮਿਲਦਾ ਹੈ ਕਿ ਫਲਾਣੇ ਡੇਰੇ ਤੋਂ ਅੰਮ੍ਰਿਤ ਛਕਿਆ ਹੈ, ਨਾਮ ਲਿਆ ਹੈ, ਹੁਣ ਮਾਸ-ਆਂਡਾ ਨਹੀਂ ਖਾਂਦਾ। ਅੰਮ੍ਰਿਤ ਦੀਆਂ ਇਹ ਸ਼ਰਤਾਂ ਪੰਥ ਪ੍ਰਵਾਨਿਤ ਸ਼ਰਤਾਂ ਦੇ ਉਲਟ ਹਨ। ਨਾਮ ਲੈਣਾ ਸਿੱਖ ਧਰਮ ਦੇ ਅਨੁਕੂਲ ਨਹੀਂ ਹੈ। ਸਿੱਖ ਰਹਿਤ ਮਰਿਆਦਾ ਮੁਤਾਬਕ ਅੰਮ੍ਰਿਤਧਾਰੀਆਂ ਲਈ ਮਾਸ-ਆਂਡੇ ਦੀ ਕੋਈ ਮਨਾਹੀ ਨਹੀਂ। ਵੈਸੇ ਵੀ ਮਾਸ ਦਾ ਧਰਮ ਨਾਲ ਕੋਈ ਸਬੰਧ ਨਹੀਂ। ਖਾਣਾ ਜਾਂ ਨਾ ਖਾਣਾ ਆਪਣੇ ਮਨ ਦੀ ਇੱਛਾ ਹੈ। ਧਰਮ ਵਿਚ ਮਨਾਹੀ ਹੈ ਤਾਂ ਸਿਰਫ਼ ‘ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ’ ਵਾਲੀ ਖ਼ੁਰਾਕ ਦੀ ਹੈ।
ਡੇਰੇਦਾਰੀ ਇਕ ਵਕਤ ਸ਼ਿਸ਼-ਗੁਰੂ ਪ੍ਰਣਾਲੀ ਨਾਲ ਚਲਦੀ ਸੀ ਅਤੇ ਆਮ ਡੇਰੇਦਾਰ ਆਪਣੇ ਉਸ ਸ਼ਿਸ਼ ਜਿਸ ਨੂੰ ਉਹ ਕਾਬਲ ਸਮਝਦੇ ਸਨ, ਨੂੰ ਡੇਰਾ ਸੌਂਪ ਦਿੰਦੇ ਹਨ। ਵਕਤ ਪੈਣ ਨਾਲ ਮਾਨਸਿਕ ਕਮਜ਼ੋਰੀਆਂ ਅਤੇ ਅਰਾਮਦਾਇਕ ਜ਼ਿੰਦਗੀ ਦੀ ਲੁਤਫ਼ ਨੇ ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਗ਼ਲਤ ਰਾਹ ਉਤੇ ਲਿਆ ਕੇ ਰੂਹਾਨੀਅਤ ਤੋਂ ਦੂਰ ਕਰ ਦਿੱਤਾ। ਅੱਜ ਕੱਲ੍ਹ ਕੋਈ ਹੀ ਡੇਰਾ ਅਜਿਹਾ ਹੋਵੇਗਾ ਜੋ ਬਦਨਾਮੀ ਤੋਂ ਬਚਿਆ ਹੋਵੇ। ਇਥੋਂ ਤਕ ਕਿ ਡੇਰੇਦਾਰਾਂ ਵਿਰੁੱਧ ਕਤਲ ਅਤੇ ਬਲਾਤਕਾਰ ਦੇ ਕੇਸ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਆ ਰਹੇ ਹਨ। ਇਹ ਡੇਰੇਦਾਰ ਆਪਣੇ ਨਿੱਜੀ ਮੁਫ਼ਾਦ ਲਈ ਗਿਆਨ ਦੀ ਜੋ ਗੱਲ ਉਨ੍ਹਾਂ ਦੇ ਸਰੋਤਿਆਂ ਦੀ ਮਨਭਾਉਂਦੀ ਹੋਵੇ, ਉਸ ਜਿਹਾ ਹੀ ਵਿਖਿਆਨ ਕਰ ਦਿੰਦੇ ਹਨ। ਮਕਸਦ ਮਾਇਕ ਲਾਭ ਲੈਣ ਦਾ ਹੁੰਦਾ ਹੈ। ਇਸ ਕਿਸਮ ਦੇ ਡੇਰੇਦਾਰ ਦੀ ਸਿੱਖ ਧਰਮ ਵਿਚ ਕੋਈ ਜਗ੍ਹਾ ਨਹੀਂ। ਸਿੱਖ ਧਰਮ ਵਿਚ ਉਪਾਸਨਾ ਬੰਦਗੀ ਲਈ ਕੇਵਲ ਤੇ ਕੇਵਲ ਗੁਰਦੁਆਰਾ ਹੈ, ਇਥੇ ਹੀ ਸੰਗਤ ਵਿਚ ਬੈਠ ਕੇ ਅਕਾਲ ਪੁਰਖ ਦੀ ਅਰਾਧਨਾ ਕਰਨੀ, ਚੇਤਨਾ ਕਰਨੀ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਚਲਦੇ ਹੋਏ ਆਪਣਾ ਜੀਵਨ ਨਿਰਬਾਹ ਕਰਨਾ ਗੁਰੂ ਸਿੱਖਿਆ ਹੈ। ਸੰਗਤ ਵਿਚ ਬੈਠ ਕੇ ਬੰਦਗੀ ਕਰਨ ਦਾ ਭਾਵ ਇਕ ਸਮਾਜਿਕ ਸਾਂਝ ਪੈਦਾ ਕਰਨਾ ਹੈ। ਗੁਰਦੁਆਰੇ ਅੰਦਰ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸੰਗਤ ਬੈਠਦੀ ਹੈ, ਉਥੇ ਸੰਗਤ ਅਤੇ ਗੁਰੂ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਵਿਅਕਤੀਗਤ ਧਰਮ ਤੋਂ ਉਪਰ ਉਠ ਕੇ ਸਿੱਖ ਧਰਮ, ਇਕ ਸਮਾਜਿਕ ਧਰਮ ਬਣ ਜਾਂਦਾ ਹੈ ਜੋ ਸਮਾਜ ਵਿਚ ਸੰਗਤੀ ਸਾਂਝ ਨੂੰ ਪੈਦਾ ਕਰਦਾ ਹੈ। ਗੁਰਦੁਆਰਿਆਂ ਦੇ ਉਦੇਸ਼ ਜਿਥੇ ਅਕਾਲ ਪੁਰਖ ਦੀ ਅਰਾਧਨਾ ਹੈ, ਉਥੇ ਸਮਾਜ ਦੀ ਏਕਤਾ ਲਈ ਵੀ ਉਨੇ ਜ਼ਰੂਰੀ ਬਣ ਜਾਂਦੇ ਹਨ। ਸੰਗਤ ਵੱਲੋਂ ਹੀ ਅਰਦਾਸੀਏ ਸਿੰਘ ਅਰਦਾਸ ਦੀ ਸਮਾਪਤੀ ‘ਤੇ ਸਰਬੱਤ ਦਾ ਭਲਾ ਮੰਗਦੇ ਹਨ। ਇਸ ਨਾਲ ਉਨ੍ਹਾਂ ਵਿਚ ਜਾਤ-ਪਾਤ, ਊਚ-ਨੀਚ, ਵੱਖਰੇ ਧਰਮ ਦਾ ਕੋਈ ਵਿਤਕਰਾ ਨਹੀਂ ਰਹਿ ਜਾਂਦਾ। ਸੰਗਤ ਵਿਚ ਬੈਠਣ ਦਾ ਰਹਿਤਨਾਮੇ ਵਿਚ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ- ਸਤਸੰਗ ਜਾਏ ਕਿ ਚਿਤ ਡੁਲਾਵੇ ਹਰ ਜਸ ਚਲਦੇ ਬਾਤ ਚਲਾਏ। ਨਿਰ ਧਨ ਦੇਖ ਨਾ ਪਾਸ ਬਹਾਵੇ ਸੋ ਤਨਖਾਹੀਆ ਮੂਲ ਕਹਾਵੇ॥ ਇਹ ਸੰਗਤ ਦਾ ਵਿਹਾਰ ਜ਼ਾਬਤਾ ਹੈ।
ਅੱਜ ਉਸ ਹਰ ਮਹਾਂਪੁਰਸ਼, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇ ਬਰਾਬਰ ਦਾ ਸਥਾਨ ਦਿੱਤਾ ਗਿਆ ਸੀ, ਦੇ ਨਾਮ ‘ਤੇ ਵੱਖ-ਵੱਖ ਗੁਰਦੁਆਰੇ ਤੇ ਪੂਜਾ ਅਸਥਾਨ ਕਾਇਮ ਕੀਤੇ ਜਾ ਚੁੱਕੇ ਹਨ, ਤੇ ਜਾਂ ਕਾਇਮ ਹੋ ਰਹੇ ਹਨ। ਸਭ ਹੁਣ ਇਕ ਦੂਜੇ ਦੇ ਸ਼ਰੀਕ ਬਣ ਗਏ ਹਨ। ਇਹ ਜੋ ਕੁਝ ਹੋ ਰਿਹਾ ਹੈ, ਗੁਰੂ ਨਾਨਕ ਦੇ ਆਸ਼ੇ-ਆਦਰਸ਼ ਅਤੇ ਆਦੇਸ਼ ਦੇ ਬਰਅਕਸ ਹੈ, ਉਸ ਦੇ ਬਿਲਕੁਲ ਉਲਟ ਹੈ। ਸਿੱਖ ਸਮਾਜ ਵਿਚ ਜੋ ਡੇਰੇਦਾਰੀ ਪ੍ਰਬਲ ਹੋ ਗਈ ਹੈ, ਉਸ ਨੇ ਗੁਰੂ ਸਾਹਿਬਾਨ ਦੇ ਅਸੂਲ ‘ਹੋਏ ਇਕਤ੍ਰ ਮਿਲਹੁ ਮੇਰੇ ਭਾਈ’ ਨੂੰ ਫੀਤਾ-ਫੀਤਾ ਕਰ ਦਿੱਤਾ ਹੈ। ਡੇਰੇਦਾਰਾਂ ਨੇ ਗੁਰੂ ਮਹਾਰਾਜ ਦੀ ਘਾਲਣਾ ਨੂੰ ਬੁਰੀ ਤਰ੍ਹਾਂ ਢਾਹ ਲਾ ਦਿੱਤੀ ਹੈ। ਗੁਰੂ ਸਾਹਿਬਾਨ ਨੇ ਸਮੁੱਚੇ ਸਿੱਖ ਜਗਤ ਨੂੰ ਜਿਸ ਇਕ ਮਰਿਆਦਾ ਦਾ ਧਾਰਨੀ ਬਣਾਇਆ ਸੀ, ਉਸ ਦੀ ਥਾਂ ਹੁਣ ਸੈਂਕੜੇ ਮਰਿਆਦਾਵਾਂ ਬਣ ਗਈਆਂ ਹਨ। ਗੁਰੂ ਨਾਨਕ ਨੇ ਜਾਤ-ਪਾਤ ਤੇ ਊਚ-ਨੀਚ ਨੂੰ ਖ਼ਤਮ ਕਰ ਕੇ ਬਰਾਬਰੀ ਵਾਲੇ ਸਮਾਜ ‘ਹਮ ਸਹਰੀ ਸੋ ਮੀਤ ਹਮਾਰਾ’ ਦੇ ਸਿਧਾਂਤ ਦੀ ਨੀਂਹ ਰੱਖੀ ਸੀ। ਅੱਜ ਜੋ ਹੋ ਰਿਹਾ ਹੈ, ਇਸ ਨਾਲ ਮੁੜ ਜਾਤ-ਪਾਤ ਉਭਰ ਰਹੀ ਹੈ ਅਤੇ ਸਮਾਜ ਨੂੰ ਖੇਰੂੰ-ਖੇਰੂੰ ਕਰ ਰਹੀ ਹੈ।
ਅਜੇ ਤਕ ਇਸ ਗੱਲ ਦੀ ਸਮਝ ਨਹੀਂ ਪਈ ਕਿ ਸਿੱਖ ਸਮਾਜ ਅੰਦਰ ਸੰਤ ਸਮਾਜ ਦਾ ਕੀ ਮਤਲਬ ਹੈ? ਸੰਤ ਸਮਾਜ ਅਤੇ ਸਿੱਖ ਸਮਾਜ ਵਿਚ ਕੀ ਫਰਕ ਹੈ? ਕੀ ਇਹ ਕੋਈ ਨਵੀਂ ਧਰਮ ਮਰਿਆਦਾ ਦਾ ਆਗਾਜ਼ ਹੈ? ਇਸ ਨਾਲ ਕੀ ਸਿੱਖ ਧਰਮ ਅਤੇ ਸਿੱਖ ਸਮਾਜ ਇਕਜੁੱਟ ਹੋ ਕੇ ਅੱਗੇ ਵਧੇਗਾ ਜਾਂ ਖੇਰੂੰ-ਖੇਰੂੰ ਹੋ ਕੇ ਖ਼ਾਨਾਜੰਗੀ ਵੱਲ ਜਾਵੇਗਾ? ਸਿੱਖ ਰਹਿਤ ਮਰਿਆਦਾ ਵਿਚ ਅੰਗੀਠੇ ਵਾਲੀ ਜਗ੍ਹਾ ‘ਤੇ ਕੋਈ ਯਾਦਗਾਰ ਬਣਾਉਣ ਦੀ ਮਨਾਹੀ ਹੈ, ਪਰ ਇਸ ਦੇ ਉਲਟ ਅੱਜ ਕਿੰਨੇ ਹੀ ਗੁਰਦੁਆਰੇ ਅੰਗੀਠਾ ਸਾਹਿਬ ਬਣੇ ਹੋਏ ਹਨ।
2004 ਦੇ ਇਕ ਸਰਵੇਖਣ ਮੁਤਾਬਕ, ਪੰਜਾਬ ਦੇ ਤਕਰੀਬਨ 12500 ਪਿੰਡਾਂ ਵਿਚ 9000 ਤੋਂ ਉਪਰ ਡੇਰੇ ਬਣ ਚੁੱਕੇ ਸਨ। ਹੁਣ ਤਾਂ ਇਹ ਡੇਰੇ ਪੰਜਾਬ ਦੇ ਪਿੰਡਾਂ ਦੀ ਗਿਣਤੀ ਦੇ ਬਰਾਬਰ ਹੀ ਪਹੁੰਚ ਚੁੱਕੇ ਹੋਣਗੇ। ਡੇਰੇਦਾਰਾਂ ਦੀਆਂ ਅਰਦਾਸਾਂ ਨੇ ਸਿੱਖਾਂ ਨੂੰ ਵਾਹਿਗੁਰੂ ਪੂਜ ਤੋਂ ਡੇਰੇਦਾਰ ਨੂੰ ਪੂਜਣ ਦਾ ਰਸਤਾ ਖੋਲ੍ਹ ਦਿੱਤਾ ਹੈ। ਸਿੱਖ ਧਰਮ ਦੀ ਅੱਡਰੀ ਤੇ ਨਿਵੇਕਲੀ ਪਛਾਣ ਦੇ ਪ੍ਰਤੀਕ ‘ਨਾਨਕਸ਼ਾਹੀ ਕੈਲੰਡਰ’ ਨੂੰ ਰੱਦ ਕਰਵਾਉਣ ਵਿਚ ਡੇਰੇਦਾਰੀ ਪ੍ਰਥਾ ਨੇ ਅਹਿਮ ਭੂਮਿਕਾ ਨਿਭਾਈ। ਡੇਰੇਦਾਰੀ ਦੀ ਸਿੱਖ ਸਿਧਾਂਤ ਵਿਚ ਕੋਈ ਥਾਂ ਨਹੀਂ। ਡੇਰਿਆਂ ਦੇ ਇਸ ਹੜ੍ਹ ਨੂੰ ਜਿੰਨੇ ਛੇਤੀ ਰੋਕਿਆ ਜਾਵੇ, ਚੰਗਾ ਹੈ।