ਸੋਲਾਂ ਦਸੰਬਰ 2012 ਅਤੇ ਪੰਜਾਬ

ਨਿਕਿਤਾ ਆਜ਼ਾਦ
ਫੋਨ: +91-99880-42308
ਪਿਛਲੇ ਮਹੀਨੇ ਬਠਿੰਡੇ ਆਰਕੈਸਟਰਾ ਵਿਚ ਕੰਮ ਕਰਦੀ ਔਰਤ ਦੀ ਮੌਤ ਗੋਲੀ ਮਾਰਨ ਕਾਰਨ ਹੋ ਗਈ। ਸਤੰਬਰ ਵਿਚ ਪਟਿਆਲੇ ਸੌ ਸਾਲਾ ਔਰਤ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਸਰੀਰਕ ਹਾਲਤ ਤੋਂ ਇੰਝ ਲੱਗਿਆ, ਜਿਵੇਂ ਉਸ ਦਾ ਬਲਾਤਕਾਰ ਹੋਇਆ ਹੋਵੇ। ਮਾਰਚ ਵਿਚ ਮੁਕਤਸਰ ਸ਼ਹਿਰ ਵਿਚ ਦਿਨ-ਦਿਹਾੜੇ ਔਰਤ ਨੂੰ ਅਗਵਾ ਕੀਤਾ ਗਿਆ ਅਤੇ ਬਲਾਤਕਾਰ ਹੋਇਆ। ਇਹ ਸਭ ਘਟਨਾਵਾਂ ਅਤੇ ਹਾਲ ਹੀ ਵਿਚ ਨਿਕਲੀ 16 ਦਸੰਬਰ ਦੀ ਤਾਰੀਖ ਬੜੇ ਸਵਾਲ ਖੜ੍ਹੇ ਕਰਦੀ ਹੈ।

ਜੋਤੀ ਸਿੰਘ ਦੇ ਸਮੂਹਿਕ ਬਲਾਤਕਾਰ ਜਿਸ ਨੇ ਪੂਰੀ ਦਿੱਲੀ ਨੂੰ ਸੜਕਾਂ ‘ਤੇ ਲਿਆ ਖੜ੍ਹਾ ਕੀਤਾ ਸੀ, ਦੀ ਘਟਨਾ ਤੋਂ ਚਾਰ ਸਾਲ ਬਾਅਦ ਇਹ ਸਵਾਲ ਪੁੱਛਣਾ ਜ਼ਰੂਰੀ ਬਣ ਜਾਂਦਾ ਹੈ ਕਿ ਭਾਰਤ ਵਿਚ ਕੁਝ ਬਦਲਿਆ ਵੀ ਹੈ? ਕੀ ਪੰਜਾਬ ਵਿਚ ਔਰਤਾਂ ਦੀ ਹਾਲਤ ਵਿਚ ਕੋਈ ਸੁਧਾਰ ਹੋਇਆ ਹੈ?
ਵਿਦਿਆਰਥੀ ਸੰਘਰਸ਼ਾਂ ਦੀ ਹਿੱਸਾ ਹੁੰਦਿਆਂ ਕਈ ਵਾਰ ਇਹ ਸੋਚਿਆ ਹੈ ਕਿ ਬਲਾਤਕਾਰ ਦਾ ਕਾਰਨ ਕੀ ਹੈ? ਕੀ ਮਰਦਾਂ ਦੀ ਸੋਚ ਇੰਨੀ ਮਾੜੀ ਹੈ ਕਿ ਉਹ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ? ਜਾਂ ਕੀ ਔਰਤਾਂ ਦੇ ਕੱਪੜੇ ਇੰਨੇ ਛੋਟੇ ਹੁੰਦੇ ਹਨ ਕਿ ਇਹ ਮਰਦ ਨੂੰ ਉਕਸਾ ਦਿੰਦੇ ਹਨ? ਜਾਂ ਕੀ 9 ਵਜੇ ਬਾਹਰ ਫਿਲਮ ਦੇਖਣ ਨਾਲ ਔਰਤ ਮਾੜੇ ਕਿਰਦਾਰ ਦੀ ਬਣ ਜਾਂਦੀ ਹੈ ਕਿ ਉਸ ਦਾ ਬਲਾਤਕਾਰ ਕਰਨਾ ਹਰ ਮਰਦ ਦਾ ਹੱਕ ਬਣ ਜਾਂਦਾ ਹੈ? ਮੀਡੀਆ ਅਤੇ ਸਰਕਾਰਾਂ ਨੇ ਲੋਕਾਂ ਨੂੰ ਅਜਿਹੀਆਂ ਦਲੀਲਾਂ ਵੇਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੰਜਾਬ ਵਿਚ 100 ਸਾਲ ਦੀ ਔਰਤ ਦੇ ਬਲਾਤਕਾਰ ਨੇ ਉਲਝਣ ਵਿਚ ਪਾ ਦਿੱਤਾ ਹੈ।
ਖ਼ੈਰ! ਇਸ ਸਮਾਜ ਨੂੰ ਸਮਝਦਿਆਂ ਇਸ ਨਤੀਜੇ ‘ਤੇ ਪਹੁੰਚੀ ਹਾਂ ਕਿ ਬਲਾਤਕਾਰ ਇਕ ਸਮਾਜਿਕ ਪ੍ਰਕਿਰਿਆ ਹੈ ਜਿਸ ਦੇ ਜ਼ਿੰਮੇਵਾਰ ਨਾ ਹੀ ਔਰਤਾਂ ਹਨ ਅਤੇ ਨਾ ਸਾਰੇ ਮਰਦ। ਇਸ ਦੀ ਜੜ੍ਹ ਐਸੀ ਸੋਚ ਵਿਚ ਪਈ ਹੈ ਜੋ ਔਰਤ ਨੂੰ ਮਹਿਜ਼ ਵਸਤ ਜਾਂ ਜਗੀਰ ਬਣਾ ਕੇ ਪੇਸ਼ ਕਰਦੀ ਹੈ। ਇਕ ਐਸਾ ਪ੍ਰਬੰਧ ਹੈ ਜਿਸ ਵਿਚ ਔਰਤ ਘਰ ਵਿਚ ਬੰਨ੍ਹੇ ਡੰਗਰ ਨਾਲੋਂ ਵੱਧ ਕੁਝ ਨਹੀਂ, ਸਿਵਾਏ ਇਸ ਦੇ ਕਿ ਉਹ ‘ਘਰ ਦੀ ਇਜ਼ਤ’ ਹੈ। ਸ਼ਾਇਦ ਇਸੇ ਕਰ ਕੇ ਜਦੋਂ ਵੀ ਕਦੇ ਕਿਸੇ ਔਰਤ ਨਾਲ ਧੱਕਾ ਹੁੰਦਾ ਹੈ, ਤਾਂ ਪਹਿਲੀ ਦਲੀਲ ਇਹੀ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਦੀ ਧੀ-ਭੈਣ ਸੀ। ਜੋਤੀ ਦੇ ਕੇਸ ਵਿਚ ਵਿਚ ਸਾਰਾ ਮੁਲਕ ਅਤੇ ਮੀਡੀਆ ਇਸ ਕਰ ਕੇ ਖੜ੍ਹਿਆ ਕਿ ਉਹ ਭਾਰਤ ਦੀ ਰਾਜਧਾਨੀ ਵਿਚ ਪੜ੍ਹਦੀ ਮੱਧ ਵਰਗੀ ਔਰਤ ਸੀ। ਸਾਰੀ ਦਲੀਲ ਇਸ ਦੁਆਲੇ ਖੜ੍ਹੀ ਕੀਤੀ ਗਈ ਕਿ ਕੀ ਸਾਡੀਆਂ ਮਾਵਾਂ, ਭੈਣਾਂ, ਧੀਆਂ ਇਸ ਮੁਲਕ ਵਿਚ ਸੁਰੱਖਿਅਤ ਹਨ? ਵਾਰ-ਵਾਰ ਇਹ ਕਿਹਾ ਗਿਆ ਕਿ ਜੇ ਤੁਹਾਡੀ ਬੇਟੀ ਨਾਲ ਇੰਝ ਹੋਵੇ ਤਦ ਤੁਸੀਂ ਕੀ ਕਰੋਗੇ? ਨਤੀਜਾ ਇਹ ਨਿਕਲਿਆ ਕਿ 16 ਦਸੰਬਰ 2012 ਤੋਂ ਬਾਅਦ ਜੋਤੀ ਸਿੰਘ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਵਾਂ ਕਾਨੂੰਨ ਲਿਆਂਦਾ ਗਿਆ।
ਦੂਜੇ ਪਾਸੇ ਦਿੱਲੀ ਨੂੰ ਔਰਤਾਂ ਲਈ ਖ਼ਤਰਨਾਕ ਸ਼ਹਿਰ ਸਾਬਤ ਕਰ ਦਿੱਤਾ ਗਿਆ ਅਤੇ ਔਰਤਾਂ ਦੇ ਬਾਹਰ ਅੰਦਰ ਜਾਣ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਗਈਆ। ਵਿਦਿਆਰਥਣਾਂ ਦੇ ਹੋਸਟਲਾਂ ਦਾ ਸਮਾਂ ਘਟਾ ਦਿੱਤਾ ਗਿਆ ਅਤੇ ਸੁਰੱਖਿਆ ਦੇ ਨਾਂ ‘ਤੇ ਘਰਾਂ ਵਿਚ ਤਾੜਨ ਲਈ ਮਜਬੂਰ ਕੀਤਾ ਗਿਆ। ਆਖ਼ਿਰਕਾਰ ਆਪਣੀਆ ਸੁਰੱਖਿਆ ਲਈ ਔਰਤਾਂ ਆਪ ਜ਼ਿੰਮੇਵਾਰ ਹਨ, ਇਹ ਕਹਿ ਕੇ ਮਾਮਲਾ ਰਫ਼ਾ-ਦਫ਼ਾ ਕੀਤਾ ਗਿਆ।
ਪਰ 16 ਦਸੰਬਰ ਦੇ ਅੰਦੋਲਨ ਵਿਚ ਕਈ ਜੱਥੇਬੰਦੀਆਂ ਅਤੇ ਸੁਤੰਤਰ ਖ਼ਿਆਲ ਔਰਤਾਂ ਨੇ ਇਨ੍ਹਾਂ ਪਿਤਾ-ਪੁਰਖੀ ਹਦਾਇਤਾਂ ‘ਤੇ ਸਵਾਲ ਖੜ੍ਹਾ ਕੀਤਾ ਜਿਸ ਨੇ ਇਸ ਨੂੰ ਹੋਰ ਮਹੱਤਵਪੂਰਨ ਬਣਾ ਦਿੱਤਾ। ਇਹ ਪੁੱਛਿਆ ਗਿਆ ਕਿ ਕਿਸੇ ਵੀ ਔਰਤ ਨੂੰ ਬਾਹਰ ਜਾਣ ‘ਤੇ ਡਰ ਕਿਉਂ ਲੱਗੇ? ਕਿਉਂ ਉਸ ਨੂੰ ਰਾਤ ਦੇ ਇਕ ਵਜੇ ਘਰ ਵਾਪਸ ਆਉਂਦਿਆਂ ਸੌ ਵਾਰੀ ਸੋਚਣਾ ਪਵੇ? ਕਿਉਂ ਔਰਤਾਂ ਨੂੰ ਦੱਸਣਾ ਪਵੇ ਕਿ ਉਹ ‘ਸਹੀ’ ਕੰਮ ਕਰ ਰਹੀਆਂ ਹਨ, ‘ਗ਼ਲਤ’ ਨਹੀਂ? ਕਿਉਂ ਉਹ ਆਪਣੀ ਮਰਜ਼ੀ ਨਾਲ ਪਿਆਰ ਨਾ ਕਰ ਸਕਣ? ਕਿਉਂ ਉਹ ਬਸ ‘ਵੈਸੇ ਹੀ’ ਬਾਹਰ ਨਾ ਜਾ ਸਕਣ? ਕਿਉਂ ਇਹ ਕਹਿ ਕੇ ਬਲਾਤਕਾਰ ਨੂੰ ਗ਼ਲਤ ਠਹਿਰਾਇਆ ਜਾਵੇ ਕਿ ਉਹ ਕਿਸੇ ਦੇ ਘਰ ਦੀ ਇੱਜ਼ਤ ਸੀ? ਕਿਉਂ ਨਾ ਇਹ ਕਿਹਾ ਜਾਵੇ ਕਿ ਬਲਾਤਕਾਰ ਕਿਸੇ ਇਨਸਾਨ ਦੇ, ਔਰਤ ਦੇ ਹੱਕਾਂ, ਉਸ ਦੇ ਆਪਣੇ ਸਰੀਰ ਦੇ ਹੱਕਾਂ ਦਾ ਘਾਣ ਹੈ। ਇਹ ਅਜਿਹੀ ਹਰਕਤ ਹੈ ਜੋ ਔਰਤਾਂ ਤੋਂ ਉਨ੍ਹਾਂ ਦੀ ‘ਇੱਜ਼ਤ’ ਨਹੀਂ, ਉਨ੍ਹਾਂ ਦਾ ਸਵੈ-ਮਾਣ, ਉਨ੍ਹਾਂ ਦਾ ਆਪਣੇ ਜੀਵਨ ਤੋਂ, ਅਤੇ ਸਰੀਰ ਤੋਂ ਹੱਕ ਖੋਂਹਦੀ ਹੈ।
ਅਫਸੋਸ! ਇਹ ਦਲੀਲਾਂ ਅਤੇ ਸਮਝ ਪੰਜਾਬ ਤੱਕ ਨਾ ਪਹੁੰਚ ਸਕੀæææ ਜੇ ਪਹੁੰਚਦੀ ਤਾਂ ਪੰਜਾਬੀ ਅਖਬਾਰ ਇਹ ਨਾ ਲਿਖਦੇ ਕਿ ਆਰਕੈਸਟਰੀ ਵਾਲੀ ਉਹ ‘ਕੁੜੀ’ ਵੀ ਕਿਸੇ ਦੀ ਮਾਂ-ਭੈਣ ਸੀ, ਇਸ ਕਰ ਕੇ ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਜਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਲੜਕੀਆਂ ਦੇ ਹੋਸਟਲ ਦੇ ਸਮੇਂ ਦੇ ਮੁੱਦੇ ‘ਤੇ ਧਰਨਾ ਲਾਇਆ ਗਿਆ ਤਾਂ ਇਕ ਮਹਾਨ ਅਖ਼ਬਾਰ ਨੇ ਆਪਣੀ ਖ਼ਬਰ ਦਾ ਸਿਰਲੇਖ ਲਾਇਆ- ‘ਲੜਕੀਆਂ ਰਾਤ ਨੂੰ ਬਾਹਰ ਜਾਣਗੀਆਂ ਤਾਂ ਉਨ੍ਹਾਂ ਦਾ ਜ਼ਿੰਮੇਵਾਰ ਕੌਣ?’ ਇਸ ਖ਼ਬਰ ਵਿਚ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ ਸਿੱਟਾ ਇਹ ਨਿਕਲਦਾ ਸੀ ਕਿ ਜੇ ਔਰਤਾਂ ਆਜ਼ਾਦ ਹੋ ਗਈਆਂ ਤਾਂ ਪਰਲੋ ਆ ਜਾਵੇਗੀ, ਘਰਾਂ ਦੀ ਇੱਜ਼ਤ ਮਿੱਟੀ ਵਿਚ ਰੁਲ ਜਾਵੇਗੀ। ਇਸੇ ਅੰਦੋਲਨ ਵਿਚ ਇਕ ਦਿਨ ਇਕ ਮੁੰਡਾ ਲੜ ਰਹੀਆਂ ਇਨ੍ਹਾਂ ਲੜਕੀਆਂ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਨ੍ਹਾਂ ਦਾ ਕਦੇ ਵਿਆਹ ਨਹੀਂ ਹੋਣਾ, ਕਿਉਂਕਿ ਰਾਤ ਨੂੰ ਬਾਹਰ ਬੈਠਣ ਦਾ ਮਤਲਬ ਹੈ ਅਪਵਿੱਤਰ ਅਤੇ ਚਰਿੱਤਰਹੀਣ ਹੋਣਾ।
ਇਸ ਸਭ ਨਾਲ ਇਕ ਚੀਜ਼ ਤਾਂ ਸਾਫ਼ ਹੋ ਜਾਂਦੀ ਹੈ ਕਿ ਸਾਡੇ ਲਈ ਔਰਤ ਦੀ ਹੋਂਦ ਹੀ ਮਰਦਾਂ ਨਾਲ ਉਸ ਦੇ ਰਿਸ਼ਤੇ ਰਾਹੀਂ ਹੈ। ਉਹ ਗਿੱਲਾਂ ਦੀ ਧੀ, ਰਵਿਦਾਸੀਆਂ ਦੀ ਭੈਣ ਅਤੇ ਪੰਜਾਬ ਦੀ ਮੁਟਿਆਰ ਹੈ, ਪਰ ਕੋਈ ਸੁਤੰਤਰ ਔਰਤ ਨਹੀਂ। ਅਜਿਹੇ ਹਾਲਾਤ ਵਿਚ ਜਿਥੇ ਬਲਾਤਕਾਰ ਅਤੇ ਔਰਤ ਨਾਲ ਹੁੰਦੀ ਹਿੰਸਾ ਇਸ ਕਰ ਕੇ ਗ਼ਲਤ ਨਹੀਂ ਮੰਨੀ ਜਾਂਦੀ ਕਿ ਉਹ ਜਿਉਂਦੀ ਜਾਗਦੀ ਇਨਸਾਨ ਹੈ, ਬਲਕਿ ਉਹ ਕਿਸੇ ਘਰ, ਪਿੰਡ ਤੇ ਸ਼ਹਿਰ ਦੀ ‘ਪੱਗ’ ਹੈ, ਇਹ ਉਮੀਦ ਕਰਨਾ ਕਿ 16 ਦਸੰਬਰ ਦੇ ਚਾਰ ਸਾਲ ਬੀਤਣ ਦੇ ਬਾਅਦ ਕੁਝ ਬਦਲਿਆ ਹੈ, ਵਹਿਮ ਹੀ ਹੋਵੇਗਾ।
ਅੱਜ ਵੀ ਪੰਜਾਬ ਦੀ ਕੋਈ ਔਰਤ ਰਾਤ ਨੂੰ 12 ਵਜੇ ਬਿਨਾ ਡਰੇ ਬਾਹਰ ਨਹੀਂ ਜਾ ਸਕਦੀ। ਔਰਤਾਂ ਆਪਣੀ ਮਰਜ਼ੀ ਨਾਲ ਪਿਆਰ ਨਹੀਂ ਕਰ ਸਕਦੀਆਂ ਅਤੇ ਵਿਆਹ ਨਹੀਂ ਕਰਵਾ ਸਕਦੀਆਂ। ਬਹੁਤ ਔਰਤਾਂ ਨੂੰ ਪੜ੍ਹਾਇਆ ਨਹੀਂ ਜਾਂਦਾ ਅਤੇ ਬਹੁਤੀਆਂ ਨੂੰ ਕੁੱਖਾਂ ਵਿਚ ਮਾਰ ਦਿੱਤਾ ਜਾਂਦਾ ਹੈ। ਜੋਤੀ ਸਿੰਘ ਦੇ ਬਲਾਤਕਾਰ ਤੋਂ ਪੰਜਾਬ ਨੇ ਕੋਈ ਸਿੱਖਿਆ ਨਹੀਂ ਲਈ, ਸਿਵਾਏ ਇਸ ਦੇ ਕਿ ਕਿਸ ਤਰ੍ਹਾਂ ਔਰਤਾਂ ਨੂੰ ਘਰਾਂ-ਹੋਸਟਲਾਂ ਵਿਚ ਬੰਦ ਰੱਖਣਾ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਕਰਨ ਤੋਂ ਰੋਕਣਾ ਹੈ ਅਤੇ ਇੱਜ਼ਤ ਦੇ ਨਾਂ ‘ਤੇ ਸਾਰੀ ਉਮਰ ਦਬਾਉਣਾ ਹੈ। ਫਿਰ ਵੀ ਨਿਰਾਸ਼ਾਵਾਦ ਦਾ ਸ਼ਿਕਾਰ ਨਾ ਹੁੰਦਿਆਂ ਇਹ ਉਮੀਦ ਹੈ ਕਿ ਇਕ ਦਿਨ ਪੰਜਾਬ ਵਿਚ ਵੀ ਔਰਤਾਂ ਦਾ ਸੂਰਜ ਉਗੇਗਾ ਤੇ ਉਨ੍ਹਾਂ ਦੀ ਸਵੇਰ ਹੋਵੇਗੀ, ਜਦ ਉਹ ਬਿਨਾ ਕਿਸੇ ਡਰ ਦੇ ਬੇਬਾਕ ਅਤੇ ਬੇਖ਼ੌਫ਼ ਆਪਣੀ ਜ਼ਿੰਦਗੀ ਜੀ ਸਕਣਗੀਆਂ।