ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਅੱਠਵੀਂ ਜਮਾਤ ਵਿਚ ਲੇਖ ਲਿਖਦੇ ਸਾਂ ‘ਅੱਖੀਂ ਡਿੱਠਾ ਮੈਚ’, ‘ਸੀਨ ਐਟ ਦੀ ਰੇਲਵੇ ਸਟੇਸ਼ਨ।’ ਇਸ ਤਰ੍ਹਾਂ ਦੀਆਂ ਕਿਤਾਬਾਂ ਵੀ ਲਿਖੀਆਂ ਗਈਆਂ, ਜਿਵੇਂ ‘ਡਿੱਠੇ ਸੁਣੇ ਪਠਾਣ।’ ਕਿਸੇ ਹੱਡੀਂ ਹੰਢਾਏ, ਚਸ਼ਮਦੀਦ ਅਨੁਭਵ ਨੂੰ ਬਿਆਨ ਕਰਨਾ ਸੁਖੈਨ ਵੀ ਹੈ, ਮੁਸ਼ਕਿਲ ਵੀ, ਦਿਲਚਸਪ ਵੀ ਤੇ ਖਤਰਨਾਕ ਵੀ। ਅਜਿਹਾ ਕਿਉਂ? ਸਭ ਜਾਣਦੇ ਹਨ; ਸੱਚ ਸਭ ਨੂੰ ਚੁਭਦਾ ਹੈ।
ਦਿਸੰਬਰ ਦੇ ਮਹੀਨੇ ਸਿੱਖ ਸਮਾਜ ਦਸਮ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਰੁਣਾਮਈ ਦਰਦੀਲੀ ਅਵਸਥਾ ‘ਚੋਂ ਗੁਜ਼ਰਦਾ ਹੈ। ਉਹ ਵੀ ਸਮੇਂ ਸਨ ਜਦ ਇਨ੍ਹੀਂ ਦਿਨੀਂ ਸਿੱਖ ਮੰਜਿਆਂ ‘ਤੇ ਨਹੀਂ ਸਨ ਸੌਂਦੇ। ਨਾਂਮਾਤਰ ਖਾਣਾ-ਪੀਣਾ ਤੇ ਪੀੜਾ ਨੂੰ ਮਹਿਸੂਸ ਕਰਨਾ ਸਿੱਖ ਸਰੋਕਾਰ ਹੁੰਦਾ ਸੀ। ਥਾਂ ਥਾਂ ‘ਤੇ ਦੀਵਾਨ ਸਜਦੇ ਤੇ ਕੰਨਾਂ ‘ਚ ਆਵਾਜ਼ ਪੈਂਦੀ, “ਛੋਟੇ ਲਾਲ ਦੋ ਪਿਆਰੇ, ਵਿਛੜੇ ਸਰਸਾ ਦੇ ਕਿਨਾਰੇ, ਮਾਂ ਨੂੰ ਪੁਛਦੇ, ਦਾਦੀ ਜੀ ਪੈਂਡਾ ਕਿਤਨੀ ਕੁ ਦੂਰ।” ਅੱਖਾਂ ਸੇਜਲ ਹੋ ਜਾਂਦੀਆਂ, ਤ੍ਰਿਪ ਤ੍ਰਿਪ ਹੰਝੂ ਵਗ ਤੁਰਦੇ ਤੇ ਬੋਲ ਸੁਣੇ ਨਾ ਜਾਂਦੇ। ਮਾਂ ਗੁਜਰੀ ਤੇ ਦਸਮੇਸ਼ ਪਿਤਾ ਦੇ ਛੋਟੇ ਲਾਲ ਅੱਖਾਂ ਅੱਗੇ ਆ ਜਾਂਦੇ ਤੇ ਕਾਇਨਾਤ ਕਰੁਣਾਮਈ ਹੋ ਜਾਂਦੀ।
ਸਮਾਂ ਬਦਲਿਆ, ਲੋਕ ਬਾਹਰਲੇ ਮੁਲਕਾਂ ‘ਚ ਗਏ ਤਾਂ ਸੁੱਖਣਾ ਵਜੋਂ ਜਾਂ ਸ਼ਰਧਾ ਵੱਸ ਪਿੰਡਾਂ ਨੂੰ ਪੈਸੇ ਭੇਜਦੇ ਕਿ ਗੁਰੂ ਘਰਾਂ ਵਿਚ ਲਾਊਡ ਸਪੀਕਰ ਲਗਾਉ। ਸਾਰਾ ਪਿੰਡ ਬਾਣੀ ਦਾ ਜਾਪ ਸਰਵਣ ਕਰੇ। ਲੋਕਾਂ ਨੇ ਸਪੀਕਰਾਂ ਦੇ ਨਾਲ ਤਵਿਆਂ ਦੀਆਂ ਮਸ਼ੀਨਾਂ ਤੇ ਤਵੇ ਵੀ ਖਰੀਦ ਲਏ। ਕਈਆਂ ਨੇ ਤਾਂ ਭਾਈ ਤਰਲੋਚਨ ਸਿੰਘ ਦਾ ਜਪੁਜੀ ਸਾਹਿਬ ਤੇ ਰਹਿਰਾਸ ਦਾ ਤਵਾ ਵੀ ਖਰੀਦ ਲਿਆ। ਫਿਰ ਸੁਖਮਨੀ ਸਾਹਿਬ ਦਾ ਤਵਾ ਆ ਗਿਆ।
ਮੇਰੇ ਨਾਲ ਦੇ ਪਿੰਡ ਸ਼ੇਖੂਪੁਰ ਦੇ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਨੇ ਸਾਕਾ ਸਰਹਿੰਦ ਵੀ ਲੈ ਆਂਦਾ। ਉਹ ਅਕਸਰ ਰਾਤ ਨੂੰ ਸਾਕਾ ਲਗਾਉਂਦੇ। ਟਿਕੀ ਰਾਤ, ਮੱਠੀ ਮੱਠੀ ਹਵਾ, ਕੜਾਕੇ ਦੀ ਠੰਢ, ਸਾਕੇ ਦੀ ਪੀੜ, ਨਰਿੰਦਰ ਬੀਬਾ ਦੀ ਪੁਰਸੋਜ਼ ਆਵਾਜ਼, ਹੂਕਮਈ ਹੇਕ ਦਿਲਾਂ ਨੂੰ ਚੀਰ ਦਿੰਦੀ, “ਮੇਰੇ ਲਾਡਲੇ ਲਾਲ ਦੇ ਲਾਲ, ਸਦਕੇ ਮੈਂ ਜਾਵਾਂ।” ਨੇਤਰ ਨਦੀਆਂ ਵਾਂਗ ਵਗ ਤੁਰਦੇ। ਫਕੀਰ ਸਿੰਘ ਤੇ ਰਾਣੇ ਦੀ ਭਰਵੀਂ, ਗਰਜਵੀਂ ਤੇ ਖੌਫਜ਼ਦਾ ਮਰਦਾਵੀਂ ਆਵਾਜ਼ ਵਿਚ ਸੂਬੇ ਦੇ ਬੋਲ ਸਾਕੇ ਦੇ ਕਹਿਰ ਨੂੰ ਸਾਖਸ਼ਾਤ ਕਰਦੇ ਤੇ ਨੇਤਰ ਸਮੁੰਦਰ ਦੀ ਤਰ੍ਹਾਂ ਉਛਾਲੇ ਮਾਰਦੇ।
ਸਾਰੇ ਦਿਨ ਦੀ ਹੱਡ ਭੰਨਵੀਂ ਥਕਾਵਟ ਨਾਲ ਚੂਰ ਹੋਏ ਪਿਤਾ ਜੀ, ਪਏ ਪਏ ਆਪਣੇ ਪੱਟ ਦੇ ਦਰਦ ਨੂੰ ਭੁੱਲ ਜਾਂਦੇ ਤੇ ਧੁਰ ਤੱਕ ਸਾਕੇ ਦੇ ਸੋਗ ਵਿਚ ਲਹਿ ਜਾਂਦੇ। ਮੇਰੀ ਮਾਂ ਮੰਜੇ ਤੋਂ ਹੇਠਾਂ ਉਤਰ ਭੁੰਜੇ ਬੈਠ ਜਾਂਦੀ ਤੇ ਆਪਣੀ ਕੁੱਖ ਵਿਚ ਮੁੱਕੀਆਂ ਦੇ ਕੇ, ਸਾਹ ਰੋਕ ਕੇ, ਸਾਕਾ ਸੁਣਦੀ। ਅਸੀਂ ਤਿੰਨੇ ਭਾਈ ਸੁੰਨ-ਮਸੁੰਨ, ਕੋਈ ਕੰਧ ਨਾਲ ਢਾਸਣਾ ਲਾਈ, ਕੋਈ ਪੌੜੀ ‘ਤੇ ਬੈਠ, ਕੋਈ ਰੁੱਖ ਨਾਲ ਰੁੱਖ ਹੋਇਆ, ਇਵੇਂ ਸਾਕਾ ਹੰਢਾਉਂਦੇ ਕਿ ਗਮਗੀਨ ਮੁਦਰਾ ਤੇ ਵਿਰਲਾਪ ਦੀ ਉਸ ਅਵਸਥਾ ਵਿਚ ਪੁੱਜ ਜਾਂਦੇ, ਜਿਥੇ ਸਾਰਾ ਬ੍ਰਹਿਮੰਡ ਠੰਢਾ ਬੁਰਜ ਪ੍ਰਤੀਤ ਹੁੰਦਾ। ਉਦੋਂ ਸੁਰਤ ਆਉਂਦੀ ਜਦ, ਗੁਰੂ ਮਾਰੀ ਸਰਸਾ ਤੇ ਬਿਫਰੇ ਸਤਿਲੁਜ ਦੀਆਂ ਛੱਲਾਂ ਦੀ ਤਰ੍ਹਾਂ, ਸਾਕੇ ਦੇ ਆਖਰੀ ਬੋਲ ਗੂੰਜਦੇ, “ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ।”
ਅਸੀਂ ਬਿਨਾ ਕੁਝ ਕਹੇ-ਸੁਣੇ, ਚੁੱਪ ਚਾਪ ਡੱਠੇ ਮੰਜਿਆਂ ‘ਤੇ ਡਿਗ ਪੈਂਦੇ ਤੇ ਸੁਪਨਿਆਂ ਦੀ ਭਿਆਨਕਤਾ ਵਿਚ ਗੁਆਚ ਜਾਂਦੇ। ਖੂੰਖਾਰ ਦ੍ਰਿਸ਼ ਦੇਖਦੇ, ਬੱਦਲ ਫਟਦੇ, ਹਨੇਰੀਆਂ ਚੱਲਦੀਆਂ, ਤੁਫਾਨ ਮੱਚਦੇ, ਕੜੱਕ ਕੜੱਕ ਦੇ ਖੜਾਕ ਸੁਣਦੇ। ਮਹਿਲ ਗਿਰਦੇ, ਚੌਬਾਰੇ ਢੱਠਦੇ, ਲੋਕ ਨੱਸਦੇ। ਸਿਰ ਫਿਸਦੇ, ਪੇਟ ਪਾਟਦੇ, ਤੀਰ ਚੁਭਦੇ, ਬਰਛੇ ਖੁੱਭਦੇ, ਤੇਗਾਂ ਚੱਲਦੀਆਂ। ਮਿੱਝ ਕਿਤੇ, ਮਾਸ ਕਿਤੇ, ਹੱਡੀਆਂ ਕਿਤੇ, ਸਿਰ ਕਿਤੇ ਧੜ ਕਿਤੇ! ਦਿਨ ਦਿਹਾੜੇ, ਚੀਕ ਚਿਹਾੜੇ, ਲਹੂ ਦੇ ਫੁਹਾਰੇ। ਜਾਨ ਤ੍ਰਭਕਦੀ, ਸਰਹਿੰਦ ਦੀ ਇੱਟ ਨਾਲ ਇੱਟ ਖੜਕਦੀ। ਸੁਪਨਿਆਂ ‘ਚ ਇਤਿਹਾਸ ਗੂੰਜਦਾ।
ਸਵੇਰ ਹੁੰਦੀ, ਉਠਦੇ ਤੇ ਬੈਠ ਜਾਂਦੇ। ਪਿਤਾ ਜੀ ਕੰਮ ‘ਤੇ ਨਾ ਜਾਂਦੇ। ਸਾਰਾ ਸਾਰਾ ਦਿਨ ਸਾਖੀਆਂ ਸੁਣਾਉਂਦੇ। ਅਨੰਦਪੁਰ, ਭੰਗਾਣੀ, ਪਰਿਵਾਰ ਵਿਛੋੜਾ, ਚਮਕੌਰ ਸਾਹਿਬ, ਜੰਡ ਸਾਹਿਬ, ਝਾੜ ਸਾਹਿਬ, ਮਾਛੀਵਾੜਾ, ‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਤੇ ਕਰਦ ਭੇਟ। ਬੰਦਾ ਬਹਾਦੁਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਸੁੱਖਾ ਸਿੰਘ, ਮਹਿਤਾਬ ਸਿੰਘ, ਸ਼ਾਹਬਾਜ਼ ਸਿੰਘ, ਸੁਬੇਗ ਸਿੰਘ। ਚੁੱਲ੍ਹੇ ਅੱਗ ਬਲਦੀ ਜਾਂ ਨਾ ਬਲਦੀ, ਸਾਖੀਆਂ ਦਾ ਪਰਵਾਹ ਚੱਲਦਾ ਰਹਿੰਦਾ।
ਕਿਸ ਤਰ੍ਹਾਂ ਮਹੀਨਾ ਬੀਤ ਜਾਂਦਾ, ਸੁਰਤ ਹੀ ਨਾ ਰਹਿੰਦੀ। ਉਦੋਂ ਪਤਾ ਲਗਦਾ ਜਦ ਲੋਹੜੀ ਦੇ ਟੱਪੇ ਤੇ ਗੀਤ ‘ਸੁੰਦਰ ਮੁੰਦਰੀਏ’ ਕੰਨਾਂ ‘ਚ ਪੈਣੇ ਸ਼ੁਰੂ ਹੋ ਜਾਂਦੇ। ਸ਼ਹੀਦੀ ਸਾਕਿਆਂ ਦੇ ਵੈਰਾਗ ਵਿਚ ਧੋਤੀ ਹੋਈ ਨਿਰਮਲ ਰੂਹ ਲੋਹੜੀ ਦੇ ਚਾਅ ਵਿਚ ਗਲਤਾਨ ਹੋਣ ਦੀ ਕੋਸ਼ਿਸ਼ ਕਰਦੀ ਤਾਂ ਪਿਤਾ ਜੀ ਮੁਕਤਸਰ ਦੀ ਮਾਘੀ, ਮਾਈ ਭਾਗੋ, ਮਹਾਂ ਸਿੰਘ, ਚਾਲੀ ਮੁਕਤੇ ਤੇ ਟੁੱਟੀ ਗੰਢੀ ਦੀਆਂ ਸਾਖੀਆਂ ਨਾਲ ਲੋਹੜੀ ਦੇ ਚਾਅ ਵਿਚ ਮਾਘੀ ਦਾ ਵੈਰਾਗ ਘੋਲ ਦਿੰਦੇ ਤੇ ਰੂਹ ਨੂੰ ਫਿਰ ਉਜਲ ਕਰ ਦਿੰਦੇ।
ਪਿੰਡਾਂ ਦੇ ਗੁਰੂ ਘਰਾਂ ਵਿਚ ਪਹਿਲਾਂ ਭਾਈ ਜੀ ਦੇ ਬਿਮਾਰ-ਸ਼ਮਾਰ ਹੋਣ ‘ਤੇ ਹੀ ਭਾਈ ਤਰਲੋਚਨ ਸਿੰਘ ਦੇ ਤਵਿਆਂ ਨੂੰ ਤਕਲੀਫ ਉਠਾਉਣੀ ਪੈਂਦੀ। ਫਿਰ ਬਿਮਾਰੀ ਦੇ ਬਹਾਨੇ ਤਵਿਆਂ ਦੀ ਆਦਤ ਪੈ ਗਈ। ਟੇਪਾਂ ਆਈਆਂ, ਸੀਡੀਆਂ ਆਈਆਂ ਤੇ ਪੈਨਡਰਾਈਵ! ਫਿਰ ਸਭ ਕੁਝ ਡਰਾਈ ਹੋ ਗਿਆ। ਤਰਲਤਾ ਖਤਮ, ਵੈਰਾਗ ਸਮਾਪਤ, ਹੰਝੂ ਉਡ ਗਏ। ਹੁਣ ਨੇਤਰ ਸੇਜਲ ਨਹੀਂ ਹੁੰਦੇ। ਰਹਿੰਦੀ ਕਸਰ ਮੋਬਾਇਲਾਂ ਨੇ ਪੂਰੀ ਕਰ ਦਿਤੀ। ਵੱਟਸਐਪ ਦੇ ਕਿਆ ਕਹਿਣੇ! ਕੋਈ ਮੈਸਿਜ ਆਉਂਦਾ ਬਾਅਦ ‘ਚ ਹੈ, ਬਿਨਾ ਪੜ੍ਹੇ ਰੀਸੈਂਡ ਕਰ ਦਿੱਤਾ ਜਾਂਦਾ ਹੈ। ਆਪ ਪ੍ਰਭਾਵਤ ਹੋਏ ਬਿਨਾ, ਦੂਸਰਿਆਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੱਖਣੇ ਸੰਦੇਸ਼ ਤੇ ਥੋਥੇ ਉਪਦੇਸ਼।
ਪਿਛਲੇ ਦਿਨੀਂ ਇਕ ਦੋਸਤ ਦਾ ਫੋਨ ਆਇਆ, “ਪ੍ਰਧਾਨ ਸਾਹਿਬ ਦਾ ਹੁਕਮ ਹੈ ਕਿ ਕਾਲਜ ਵਿਚ ਦਸਮ ਪਿਤਾ ਤੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਾਗਮ ਕਰਵਾਉ।” ਮੈਨੂੰ ਲੈਕਚਰ ਲਈ ਬੁਲਾਇਆ ਤੇ ਮੈਂ ਚਲਾ ਗਿਆ। ਆਸ-ਪਾਸ ਦੇ ਕਈ ਸਕੂਲਾਂ ਦੇ ਬੱਚਿਆਂ ਦਾ ਨਿਰ ਉਚੇਚ ਇਕੱਠ। ਨਾ ਕੋਈ ਮਹਿਮਾਨ, ਨਾ ਮੁੱਖ ਮਹਿਮਾਨ, ਨਾ ਵਿਸ਼ੇਸ਼ ਮਹਿਮਾਨ, ਨਾ ਕੋਈ ਲੀਡਰ ਨਾ ਕੋਈ ਅਫਸਰ। ਤਨੋਂ ਮਨੋਂ ਸਭ ਸਰੋਤੇ। ਲੈਕਚਰ ਹੋਇਆ, ਸਭ ਨੇ ਇਤਮਿਨਾਨ ਨਾਲ ਸੁਣਿਆ। ਅਖੀਰ ਵਿਚ ਪ੍ਰਸ਼ਾਦ ਵਰਤਿਆ ਤੇ ਸਿਰੋਪਾਓ ਦੀ ਬਖਸ਼ਿਸ਼ ਹੋਈ। ਬੱਚਿਆਂ ਨੇ ਨਿਕੇ ਨਿਕੇ ਸਵਾਲ ਪੁੱਛੇ। ਨਾ ਕੋਈ ਕੈਮਰਾ, ਨਾ ਫੋਟੋ ਨਾ ਸੈਲਫੀ, ਨਾ ਫੋਕਾ ਸਵਾਗਤ ਨਾ ਨਕਲੀ ਧੰਨਵਾਦ।
ਫਿਰ ਇਕ ਹੋਰ ਫੋਨ ਆਇਆ, “ਜੀ ਸਾਡੇ ਕਾਲਜ ਲੈਕਚਰ ਦਿਉ, ਪ੍ਰਧਾਨ ਸਾਹਿਬ ਦਾ ਹੁਕਮ ਹੈ ਕਿ ਦਸਮ ਪਿਤਾ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਤਾਜ਼ਾ ਕਰੋ, ਵੱਡਾ ਸਮਾਗਮ ਹੈ, ਜ਼ਰੂਰ ਆਉਣਾ, ਤਿੰਨ ਸੈਸ਼ਨ ਹਨ।” ਮੈਂ ਆਪਣੇ ਦੋਸਤ ਨਾਲ ਪਹੁੰਚ ਗਿਆ। ਮੁਢਲਾ ਸੈਸ਼ਨ ਅਰੰਭ ਹੋਇਆ। ਪ੍ਰਧਾਨਗੀ ਭਾਸ਼ਣ, ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ, ਇਕ ਹੋਰ ਵਿਸ਼ੇਸ਼ ਮਹਿਮਾਨ, ਸਵਾਗਤ ਅਤੇ ਧੰਨਵਾਦ ਦੀਆਂ ਰਸਮਾਂ ਨੇ ਸਾਰਾ ਸਮਾਂ ਖਾ ਲਿਆ। ਚਾਹ-ਪਾਣੀ ਦੀ ਬਰੇਕ ਵੱਜੀ ਕਿ ਲੱਗੀ, ਮਹਿਮਾਨਾਂ ਨੇ ਆਪੋ ਆਪਣੇ ਲਿਫਾਫੇ ਫੜੇ, ਦਸਤਖਤ ਕੀਤੇ ਤੇ ਉਡੰਤਰ ਹੋ ਗਏ।
ਦੂਸਰਾ ਸੈਸ਼ਨ ਸ਼ੁਰੂ ਹੋਇਆ। ਯੂਨੀਵਰਸਿਟੀ ਦੇ ਇਕ ਕਾਬਲ ਵਿਦਵਾਨ ਨੇ ਆਪਣਾ ਗੰਭੀਰ ਖਿਆਲ ਸਪਸ਼ਟ ਕਰਨ ਲਈ ਆਧਾਰ ਬਣਾਇਆ ਹੀ ਸੀ, ਇੰਨੇ ਨੂੰ ਪ੍ਰਿੰਸੀਪਲ ਦਾ ਇਸ਼ਾਰਾ ਹੋ ਗਿਆ ਕਿ ਸਮੇਂ ਦੀ ਕਿੱਲਤ ਹੈ। ਪ੍ਰੋæ ਸਾਹਿਬ ਨੇ ਸਿਆਣਪ ਕੀਤੀ ਤੇ ਉਥੇ ਹੀ ਆਪਣੇ ਭਾਸ਼ਣ ਨੂੰ ਵਿਰਾਮ ਲਾ ਦਿਤਾ। ਫਿਰ ਦੂਜੇ ਸੈਸ਼ਨ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਇਕ ਹੋਰ ਵਿਸ਼ੇਸ਼ ਮਹਿਮਾਨ ਦੇ ਸਵਾਗਤ ਤੇ ਧੰਨਵਾਦਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਿਰੋਪਾਓ, ਗੁਲਦਸਤੇ ਵਰਤਾਏ ਗਏ। ਵਿਚ ਦੋ ਤਿੰਨ ਪਰਚੇ, ਸੰਖੇਪ ਨੁਕਤੇ ਤੇ ਬਸ। ਰੋਟੀ ਦਾ ਐਲਾਨ ਹੋਇਆ। ਦਾਲ, ਪਨੀਰ, ਗੋਭੀ, ਮਟਰ, ਗਾਜਰਾਂ, ਰਾਇਤਾ ਤੇ ਨਰਮ ਨਰਮ ਫੁਲਕੇ। ਗਰਮ ਗੁਲਾਬ ਜਾਮਣ ਤੇ ਚਾਹ। ਦੂਜੇ ਦਰਜੇ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਇਕ ਹੋਰ ਵਿਸ਼ੇਸ਼ ਮਹਿਮਾਨ ਨੇ ਪ੍ਰਿੰਸੀਪਲ ਸਾਹਿਬਾ ਨਾਲ ਪਲ ਦੋ ਪਲ ਮੁਸਕਰਾਹਟਾਂ ਸਾਂਝੀਆਂ ਕੀਤੀਆਂ, ਦਸਤਖਤ ਕੀਤੇ, ਲਿਫਾਫੇ ਲਏ ਤੇ ਛੂਮੰਤਰ ਹੋ ਗਏ।
ਤੀਸਰਾ ਸੈਸ਼ਨ ਸ਼ੁਰੂ ਹੋਇਆ। ਤੀਜੇ ਦਰਜੇ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਇਕ ਹੋਰ ਵਿਸ਼ੇਸ਼ ਮਹਿਮਾਨ ਸਟੇਜ ‘ਤੇ ਸੁਸ਼ੋਭਿਤ ਹੋਏ। ਮੈਨੂੰ ਪਹਿਲਾਂ ਬੁਲਾ ਲਿਆ ਗਿਆ। ਸ਼ੁਕਰ ਕੀਤਾ, ਚਲੋ ਮੇਰੀ ਗੱਲ ਤਾਂ ਜ਼ਰੂਰ ਸੁਣੀ ਜਾਵੇਗੀ। ਮੇਰੇ ਸਾਹਮਣੇ ਸੁਸ਼ੋਭਿਤ ਪ੍ਰਿੰਸੀਪਲ ਸਾਹਿਬਾ ਵਾਰ ਵਾਰ ਘੜੀ ਦੇਖ ਰਹੀ ਸੀ ਤੇ ਵਾਰ ਵਾਰ ਬਾਹਰ ਦੇਖ ਰਹੀ ਸੀ। ਉਸ ਨੂੰ ਦੇਖ ਦੇਖ ਸਾਰਾ ਸਟਾਫ ਵੀ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ, ਜਿਵੇਂ ਕਿਤੇ ਪਰਲੋ ਆਉਣ ਵਾਲੀ ਹੋਵੇ। ਮੇਰਾ ਧਿਆਨ ਇਕਾਗਰ ਨਾ ਰਹਿ ਸਕਿਆ। ਮੁਸ਼ਕਿਲ ਨਾਲ ਵਿਖਿਆਨ ਮੁਕੰਮਲ ਕੀਤਾ ਤੇ ਬੈਠ ਗਿਆ। ਫਿਰ ਦੂਸਰੇ ਵਕਤਾ ਬੋਲੇ। ਔਖੇ ਸੌਖੇ ਆਪਣੀ ਗੱਲ ਕਹਿ ਗਏ। ਫਿਰ ਤੀਸਰੇ ਦਰਜੇ ਦੇ ਮੁੱਖ ਮਹਿਮਾਨ ਬੋਲ ਹੀ ਰਹੇ ਸਨ ਕਿ ਸਾਹਮਣੇ ਬਿਰਾਜਮਾਨ ਪ੍ਰਿੰਸੀਪਲ ਸਾਹਿਬਾ ਯੱਕਲਖਤ ਬਾਹਰ ਨੂੰ ਦੌੜ ਗਏ। ਨਾਲ ਸਟਾਫ ਵੀ। ਜਿਵੇਂ ਪਰਲੋ ਆ ਗਈ ਹੋਵੇ।
ਸੱਚ ਮੁੱਚ ਪਰਲੋ ਆ ਗਈ ਸੀ। ਪ੍ਰਧਾਨ ਸਾਹਿਬ ਆ ਗਏ ਸਨ, ਨਾਲ ਪੰਜ ਸੱਤ ਜਥੇਦਾਰ ਵੀ। ਨੀਲੀਆਂ ਦਸਤਾਰਾਂ ਤੇ ਖੁੱਲ੍ਹੇ ਦਾਹੜੇ। ਤੀਜੇ ਦਰਜੇ ਦੇ ਮੁੱਖ ਮਹਿਮਾਨ ਨੇ ਫੁਰਤੀ ਕੀਤੀ ਅਤੇ ਆਪਣੇ ਭਾਸ਼ਣ ਦਾ ਵਿਸ਼ਾ ਬਦਲ ਲਿਆ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਤੋਂ ਤਿਲਕ ਕੇ ਪ੍ਰਧਾਨ ਸਾਹਿਬ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿਤੇ। ਉਸ ਨੂੰ ਵਿਚੋਂ ਰੋਕ ਪ੍ਰਿੰਸੀਪਲ ਸਾਹਿਬਾ ਮਾਈਕ ‘ਤੇ ਆਈ ਤੇ ਪ੍ਰਧਾਨ ਸਾਹਿਬ ਦੀ ਤਾਰੀਫ ਦੇ ਪੁਲ ਬੰਨਣੇ ਸ਼ੁਰੂ ਕਰ ਦਿਤੇ। ਸਾਰਾ ਸਟਾਫ ਬਰਫੀ, ਪਕੌੜੇ, ਚਾਹ ਤੇ ਸ਼ਰਬਤਾਂ ਨਾਲ ਪ੍ਰਧਾਨ ਸਾਹਿਬ ਦੀ ਧੰਨ ਧੰਨ ਕਰਵਾਈ ਜਾ ਰਿਹਾ ਸੀ। ਪ੍ਰਧਾਨ ਸਾਹਿਬ ਚਾਹ ਦੀਆਂ ਚੁਸਕੀਆਂ ਭਰਦੇ ਤੇ ਵਾਰ ਵਾਰ ਮੁੱਛਾਂ ‘ਤੇ ਹੱਥ ਫੇਰਦੇ।
ਪ੍ਰਿੰਸੀਪਲ ਸਾਹਿਬਾ ਪ੍ਰਧਾਨ ਸਾਹਿਬ ਦੀਆਂ ਤਾਰੀਫਾਂ ਦਾ ਪੁਲ ਉਸਾਰ ਹੀ ਰਹੀ ਸੀ ਕਿ ਪ੍ਰਧਾਨ ਸਾਹਿਬ ਦੀ ਚਾਹ ਮੁੱਕ ਗਈ। ਉਹ ਬਿਨਾ ਕਿਸੇ ਜ਼ਾਬਤੇ ਦੀ ਪ੍ਰਵਾਹ ਕੀਤਿਆਂ ਸਟੇਜ ‘ਤੇ ਚੜ੍ਹ ਆਏ ਤੇ ਮਾਈਕ ਦੇ ਸਾਹਮਣੇ ਖਲੋ ਗਏ। ਪ੍ਰਿੰਸੀਪਲ ਸਾਹਿਬਾ ਉਸ ਦੇ ਪਿੱਛੇ ਇਵੇਂ ਖਲੋ ਗਈ, ਜਿਵੇਂ ਲਾਲ ਕਿਲੇ ‘ਤੇ ਬੋਲ ਰਹੇ ਪ੍ਰਧਾਨ ਮੰਤਰੀ ਦੇ ਪਿਛੇ ਉਸ ਦੇ ਅੰਗ ਰੱਖਿਅਕ ਖੜ੍ਹਦੇ ਹਨ। ਪ੍ਰਧਾਨ ਸਾਹਿਬ ਨੇ ਬੋਲਣਾ ਸ਼ੁਰੂ ਕੀਤਾ, ਬੋਲੀ ਗਏ, ਬੋਲੀ ਗਏ, ਬਸ ਬੋਲੀ ਹੀ ਗਏ। ਇਵੇਂ ਜਾਪਦਾ ਸੀ ਜਿਵੇਂ ਪ੍ਰਧਾਨ ਸਾਹਿਬ ਦੇ ਬੋਲ ਸਿਰਫ ਪ੍ਰਿੰਸੀਪਲ ਸਾਹਿਬਾ ਨੂੰ ਹੀ ਸਮਝ ਆ ਰਹੇ ਹੋਣ। ਉਨ੍ਹਾਂ ਦਾ ਹਰ ਬੋਲ ਪ੍ਰਿੰਸੀਪਲ ਸਾਹਿਬਾ ਦੇ ਚਿਹਰੇ ਤੋਂ ਵੀ ਪੜ੍ਹਿਆ ਜਾ ਸਕਦਾ ਸੀ। ਉਸ ਦੇ ਹਾਵ-ਭਾਵ ਪ੍ਰਧਾਨ ਸਾਹਿਬ ਦੇ ਬੋਲਾਂ ਦਾ ਅਨੁਵਾਦ ਕਰ ਰਹੇ ਪ੍ਰਤੀਤ ਹੁੰਦੇ ਸਨ। ਪ੍ਰਧਾਨ ਸਾਹਿਬ ਬੋਲਣ ਤੋਂ ਹਟੇ ਤਾਂ ਪ੍ਰਿੰਸੀਪਲ ਸਾਹਿਬਾ ਨੇ ਸਭ ਤੋਂ ਵੱਡਾ, ਟੋਕਰੇ ਜਿੱਡਾ ਗੁਲਦਸਤਾ, ਉਨ੍ਹਾਂ ਨੂੰ ਅਰਪਣ ਜਾਂ ਸਮਰਪਣ ਕੀਤਾ, ਸਿਰੋਪਾਓ ਦਿੱਤਾ ਤੇ ਸ਼ਾਬਾਸ਼ ਲਈ। ਪਰਲੋ ਚਲੇ ਗਈ।
ਪ੍ਰਿੰਸੀਪਲ ਸਾਹਿਬਾ ਦੇ ਹਾਸਿਆਂ ਦੀ ਟੁਣਕਾਰ, ਪ੍ਰਧਾਨ ਸਾਹਿਬ ਲਈ ਕੁੱਦਦਾ ਸਤਿਕਾਰ ਤੇ ਪ੍ਰਿੰਸੀਪਲ ਸਾਹਿਬਾ ਲਈ ਪ੍ਰਧਾਨ ਸਾਹਿਬ ਦੇ ਮਨ ਵਿਚ ਉਛਲਦਾ ਪਿਆਰ ਸਾਨੂੰ ਅੰਦਰ ਬੈਠਿਆਂ ਨੂੰ ਕੰਨਾਂ ਥਾਣੀਂ ਦਿਖਾਈ ਦਿੰਦਾ ਰਿਹਾ। ਪ੍ਰਿੰਸੀਪਲ ਸਾਹਿਬਾ ਵਲੋਂ ਸਮਾਗਮ ਸੰਪੰਨ ਹੋ ਗਿਆ ਸੀ। ਸਾਡਾ ਕਿਸੇ ਨੂੰ ਚਿਤ ਚੇਤਾ ਵੀ ਨਾ ਰਿਹਾ ਕਿ ਕੋਈ ਕਿਥੋਂ ਆਇਆ ਤੇ ਕਿਸ ਨੇ ਕਿਥੇ ਜਾਣਾ ਹੈ, ਕਿਉਂਕਿ ਸਮਾਗਮ ਦੀ ਰੂਹੇ ਰਵਾਂ ਪ੍ਰਧਾਨ ਸਾਹਿਬ ਜਾ ਚੁੱਕੇ ਸਨ। ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਸਮਾਗਮ ਕਾਹਦੇ ਲਈ ਰਚਾਇਆ ਗਿਆ ਸੀ! ਸਭ ਭੁੱਲ ਭੁਲਾ ਗਏ: ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ, ਗੜ੍ਹੀ ਚਮਕੌਰ, ਸਰਹਿੰਦ ਦੀ ਦੀਵਾਰ ਤੇ ਸਾਹਿਬਜ਼ਾਦੇ ਚਾਰ। ਮੈਂ ਅੰਤਰ ਧਿਆਨ ਹੋਇਆ, ਨਮ ਅੱਖਾਂ ਨਾਲ ‘ਚਾਰ ਸਾਹਿਬਜ਼ਾਦੇ: ਉਦੋਂ ਤੇ ਹੁਣ’ ਵਿਚ ਅੰਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸਾਂ।