ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ

ਡਾæ ਗੁਰਨਾਮ ਕੌਰ, ਕੈਨੇਡਾ
ਭਗਤ ਕਬੀਰ ਦਾ ਇਹ ਸਲੋਕ ਰਾਗ ਮਾਰੂ ‘ਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1105 ‘ਤੇ ਦਰਜ ਹੈ। ਪਹਿਲਾਂ ਵੀ ਇਹ ਨੁਕਤਾ ਕਈ ਵਾਰ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸਿੱਖ ਧਰਮ ਚਿੰਤਨ ਸੰਸਾਰ ਨੂੰ ਸਮੁੱਚ ਵਿਚ ਲੈ ਕੇ ਚੱਲਦਾ ਹੈ। ਇਸ ਨੁਕਤੇ ਤੋਂ ਸੰਸਾਰਕ ਤੇ ਅਧਿਆਤਮਕ ਜੀਵਨ ਇੱਕ ਦੂਜੇ ਦੇ ਪੂਰਕ ਹਨ। ਅਧਿਆਤਮਕਤਾ ਤੋਂ ਬਿਨਾ ਸੰਸਾਰਕਤਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਰਾਹਨੁਮਾਈ ਅਧਿਆਤਮਕਤਾ ਨੇ ਕਰਨੀ ਹੈ ਅਤੇ ਸੰਸਾਰ ਦਾ ਤਿਆਗ ਕਰਕੇ ਅਧਿਆਤਮਕਤਾ ਦਾ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ

ਕਿਉਂਕਿ ਉਸ ਦੀਆਂ ਪ੍ਰਾਪਤੀਆਂ ਸੰਸਾਰਕ ਜੀਵਨ ‘ਚ ਹੀ ਅਨੁਭਵ ਹੋਣੀਆਂ ਹਨ ਅਤੇ ਉਨ੍ਹਾਂ ਨੂੰ ਪਰਖਿਆ ਵੀ ਇਥੇ ਰਹਿੰਦਿਆਂ ਹੀ ਜਾਣਾ ਹੈ। ਭਗਤ ਕਬੀਰ ਦੇ ਇਸ ਸਲੋਕ ਨੂੰ ਵੀ ਇਸੇ ਸੰਦਰਭ ਵਿਚ ਵਿਚਾਰਿਆ ਜਾਣਾ ਚਾਹੀਦਾ ਹੈ। ਅਧਿਆਤਮਕ ਸੰਦਰਭ ਵਿਚ ਸੂਰਮਾ ਉਹ ਹੈ ਜੋ ਇਸ ਸੰਸਾਰ-ਰੂਪ ਜੰਗ ਦੇ ਮੈਦਾਨ ਵਿਚ ਦਲੇਰੀ ਨਾਲ ਵਿਕਾਰਾਂ ਨਾਲ ਲੜਦਾ ਹੈ ਅਤੇ ਜਿੱਤਦਾ ਹੈ। ਇਹ ਜੀਵਨ ਹੀ ਇੱਕ ਅਜਿਹਾ ਮੌਕਾ ਹੈ ਜਦੋਂ ਉਹ ਇਹ ਯੁੱਧ ਲੜ ਸਕਦਾ ਹੈ। ਜਦੋਂ ਉਸ ਦੇ ਦਸਮ ਦੁਆਰ ‘ਤੇ ਧੌਂਸਾ ਵੱਜਦਾ ਹੈ, ਨਿਸ਼ਾਨੇ ‘ਤੇ ਚੋਟ ਪੈਂਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਹੁਣ ਲੜਨ ਦਾ ਸਮਾਂ ਹੈ। ਇਹ ਮਨੁੱਖ ਦੇ ਜੀਵਨ ਦਾ ਅਧਿਆਤਮਕ ਖੇਤਰ ਹੈ। ਦੁਨਿਆਵੀ ਖੇਤਰ ਵਿਚ ਸੂਰਮਾ ਮਨੁੱਖ ਉਹ ਹੈ ਜੋ ਗਰੀਬਾਂ, ਦੀਨ ਦੁਖੀਆਂ ਤੇ ਬੇਆਸਰਿਆਂ ਲਈ ਦੁਨਿਆਵੀ ਸ਼ਕਤੀਆਂ ਨਾਲ ਟੱਕਰ ਲੈਂਦਾ ਹੈ। ਉਹ ਭਾਵੇਂ ਪੁਰਜਾ ਪੁਰਜਾ ਕੱਟ ਕੇ ਮਰ ਜਾਂਦਾ ਹੈ ਪਰ ਰਣ-ਭੂਮੀ ਨਹੀਂ ਛੱਡਦਾ,
ਗਗਨ ਦਮਾਮਾ ਬਾਜਿਓ
ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ
ਅਬ ਜੂਝਨ ਕੋ ਦਾਉ॥੧॥
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤੁ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੈ ਖੇਤੁ॥੨॥ (ਪੰਨਾ 1105)
ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਹਰ ਸਿੱਖ ਦੇ ਮਨ ਵਿਚ ਖਾਸ ਸਥਾਨ ਰੱਖਦੇ ਹਨ ਜਿਨ੍ਹਾਂ ਦਾ ਨਾਮ ਲੈਂਦਿਆਂ ਭਾਵੁਕ ਹੋਏ ਬਿਨਾ ਰਿਹਾ ਨਹੀਂ ਜਾ ਸਕਦਾ। ਦੋਵੇਂ ਸਥਾਨ ਸਿੱਖ ਧਰਮ ਦੇ ਸਭ ਤੋਂ ਛੋਟੀ ਉਮਰ ਦੇ ਪਰ ਵੱਡੇ ਸ਼ਹੀਦਾਂ ਦੇ ਨਾਂ ਨਾਲ ਜੁੜੇ ਹੋਏ ਹਨ। ਮੈਂ ਇਨ੍ਹਾਂ ਦੋਵਾਂ ਸਥਾਨਾਂ ਨਾਲ ਬਚਪਨ ਤੋਂ ਜੁੜੀ ਰਹੀ ਹਾਂ, ਇਸ ਕਰਕੇ ਕਿ ਚਮਕੌਰ ਸਾਹਿਬ ਮੇਰੇ ਨਾਨਕਿਆਂ ਤੋਂ ਬਹੁਤ ਨੇੜੇ ਹੈ ਅਤੇ ਫਤਿਹਗੜ੍ਹ ਸਾਹਿਬ ਵੀ ਸਾਡੇ ਪਿੰਡਾਂ ਤੋਂ ਨੇੜੇ ਪੈਂਦਾ ਹੈ। ਜਦੋਂ ਚਮਕੌਰ ਸਾਹਿਬ ਜਾਈਦਾ ਸੀ ਤਾਂ ਗੁਰਦੁਆਰਾ ਕਤਲਗੜ੍ਹ (ਪੁਰਾਣੀ ਇਮਾਰਤ) ਅੰਦਰ ਜਾਣ ਤੋਂ ਪਹਿਲਾਂ ਆਪਣੇ ਆਪ ਨਿਗ੍ਹਾ ਪ੍ਰਵੇਸ਼ ਦੁਆਰ ‘ਤੇ ਉਕਰੀਆਂ ਭਗਤ ਕਬੀਰ ਦੀਆਂ ਪੰਕਤੀਆਂ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’ ਉਤੇ ਚਲੀ ਜਾਂਦੀ ਅਤੇ ਦਸਮ ਪਿਤਾ ਦੇ ਲਾਡਲੇ ਸੂਰਮੇ ਪੁੱਤਰਾਂ ਦਾ ਚਮਕੌਰ ਦੇ ਜੰਗ ਵਿਚ ਲੜਦਿਆਂ ਦਾ ਨਕਸ਼ਾ ਮਨ ਵਿਚ ਉਭਰ ਆਉਂਦਾ। ਬਜ਼ੁਰਗ ਦੱਸਦੇ ਕਿ ਉਸ ਗੁਰਦੁਆਰੇ ਦੀ ਉਸਾਰੀ ਚਾਰੇ ਖੂੰਜਿਆਂ ਵਿਚ ਉਪਰ ਬਣੇ ਚਾਰ ਗੁੰਬਦਾਂ ਨਾਲ ਮੱਕੇ ਦੀ ਤਰਜ਼ ‘ਤੇ ਬਣੀ ਹੋਈ ਹੈ। ਉਥੋਂ ਤੁਰ ਕੇ ਗੜ੍ਹੀ ਸਾਹਿਬ ਜਾਈਦਾ ਸੀ ਤਾਂ ਮਨ ਵਿਚ ਵਿਚਾਰ ਆਉਣ ਲੱਗਦਾ ਕਿ ਦਸਮ ਪਾਤਿਸ਼ਾਹ ਕਿਸ ਤਰ੍ਹਾਂ ਗੜ੍ਹੀ ਵਿਚੋਂ ਦੁਸ਼ਮਣ ਦੀਆਂ ਫੌਜਾਂ ‘ਤੇ ਤੀਰਾਂ ਦੀ ਵਰਖਾ ਕਰ ਰਹੇ ਹੋਣਗੇ ਅਤੇ ਕਿਵੇਂ ਉਨ੍ਹਾਂ ਨੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਆਪਣੇ ਹੱਥੀ ਸ਼ਸਤਰ ਤੇ ਕਲਗੀਆਂ ਸਜਾ ਕੇ ਯੁੱਧ ਲਈ ਤਿਆਰ ਕੀਤਾ ਹੋਵੇਗਾ। ਉਥੋਂ ਤੁਰ ਕੇ ਜਦੋਂ ਗੋਡੇ ਗੋਡੇ ਰੇਤ ਅਤੇ ਸਰਕੰਡੇ ਦੇ ਬੂਝਿਆਂ ਵਾਲੇ ਰਸਤੇ ਗੁਰਦੁਆਰਾ ਤਾੜੀ ਸਾਹਿਬ ਜਾਂਦੇ ਤਾਂ ਮਨ ਵਿਚ ਉਹ ਨਕਸ਼ਾ ਉਭਰ ਆਉਂਦਾ, ਜਦੋਂ ਗੁਰੂ ਨੇ ਕਾਲੀ ਬੋਲੀ ਰਾਤ ਦੇ ਸੱਨਾਟੇ ਵਿਚ ਤਾੜੀ ਮਾਰ ਕੇ ਦੁਸ਼ਮਣ ਫੌਜਾਂ ਨੂੰ ਆਪਣੇ ਜਾਣ ਦੀ ਸੂਚਨਾ ਦਿੱਤੀ ਸੀ ਕਿ ‘ਹਿੰਦ ਦਾ ਪੀਰ ਜਾ ਰਿਹਾ ਹੈ, ਜੋ ਕਰ ਸਕਦੇ ਹੋ ਕਰ ਲਵੋ।’
ਅਜਿਹਾ ਹੀ ਅਹਿਸਾਸ ਠੰਢੇ ਬੁਰਜ ਵਿਚ ਜਾ ਕੇ ਹੁੰਦਾ ਕਿ ਕਿਵੇਂ ਪੋਹ ਦੀਆਂ ਠੰਢੀਆਂ ਰਾਤਾਂ ਵਿਚ ਦੋਵੇਂ ਛੋਟੇ ਪੋਤਿਆਂ ਨੂੰ ਗੋਦ ਵਿਚ ਬਿਠਾਈ ਮਾਤਾ ਗੁਜਰੀ ਪੜਦਾਦੇ ਅਤੇ ਦਾਦੇ ਦੀਆਂ ਸ਼ਹਾਦਤਾਂ ਦੀਆਂ ਕਹਾਣੀਆਂ ਸੁਣਾ ਸੁਚੇਤ ਕਰ ਰਹੇ ਹੋਣਗੇ ਤੇ ਦੀਵਾਰ ਦੇ ਦਰਸ਼ਨ ਕਰਕੇ ਉਹ ਲੂੰ ਕੰਡੇ ਕਰਨ ਵਾਲਾ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮ ਜਾਂਦਾ।
ਸਿੱਖ ਇਤਿਹਾਸ ਵਿਚ ਗੁਰਪੁਰਬਾਂ ਤੇ ਦਿਹਾੜਿਆਂ ਵਿਚੋਂ ਮੁੱਖ ਤੌਰ ‘ਤੇ ਜਿਹੜੀਆਂ ਯਾਦਾਂ ਮਨਾਈਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਵਿਚ ਸੰਗਤ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੀ ਹੈ, ਉਹ ਹਨ- ਗੁਰੂ ਨਾਨਕ ਪਾਤਿਸ਼ਾਹ ਦਾ ਪ੍ਰਕਾਸ਼ ਦਿਹਾੜਾ-ਕੱਤਕ ਦੀ ਪੂਰਨਮਾਸ਼ੀ; ਬੰਦੀ ਛੋੜ ਦਿਵਸ-ਹਰਿਮੰਦਰ ਸਾਹਿਬ ਅੰਮ੍ਰਿਤਸਰ; ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ; ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ-ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ; ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ; ਮਾਘੀ ਦਾ ਦਿਹਾੜਾ-ਮੁਕਤਸਰ ਸਾਹਿਬ ਚਾਲੀ ਮੁਕਤਿਆ ਦੀ ਯਾਦ ਵਿਚ; ਹੋਲਾ ਮਹੱਲਾ-ਅਨੰਦਪੁਰ ਸਾਹਿਬ; ਵਿਸਾਖੀ-ਖਾਲਸੇ ਦਾ ਜਨਮ ਦਿਨ, ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ; ਪੰਜਵੇਂ ਗੁਰੂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ। ਇਨ੍ਹਾਂ ਵਿਚੋਂ ਪੰਜ ਪੁਰਬ ਸ਼ਹਾਦਤਾਂ ਨਾਲ ਜੁੜੇ ਹੋਏ ਹਨ। ਅਸੀਂ ਇਨ੍ਹਾਂ ਦਿਹਾੜਿਆਂ ਨੂੰ ਆਮ ਕਰਕੇ ਤੇ ਸ਼ਹੀਦੀ ਦਿਹਾੜਿਆਂ ਨੂੰ ਖਾਸ ਕਰਕੇ ਕੋਈ ਕਿਸੇ ਕਿਸਮ ਦੀ ਰਾਹਨੁਮਾਈ ਲੈਣ ਦੀ ਥਾਂ ਮੇਲਿਆਂ ਦੀ ਤਰ੍ਹਾਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਸਥਾਪਤੀ ਨੂੰ ਇਹ ਸਭ ਕੁਝ ਸੂਤ ਬੈਠਦਾ ਹੈ। ਸ਼ਬਦ ਗੁਰੂ ਤੋਂ ਅਗਵਾਈ ਲੈਣ ਦੀ ਥਾਂ ਉਸ ਨੂੰ ਪੂਜਾ ਦੀ ਵਸਤੂ ਬਣਾ ਕੇ ਧੂਪ-ਬੱਤੀਆਂ ਅਤੇ ਵੰਨ-ਸੁਵੰਨੇ ਰੁਮਾਲਾਂ ਨਾਲ ਸਜਾ ਕੇ ਸੰਤੁਸ਼ਟੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿੱਖ ਅੱਜ ਅਧਿਆਤਮਕ ਸ਼ਕਤੀ ਦਾ ਧਾਰਕ ਹੋਣ ਦੀ ਥਾਂ ਮਹਿਜ ਪੂਜਕ ਹੋ ਕੇ ਰਹਿ ਗਿਆ ਹੈ। ਸ਼ਬਦ ਨਾਲ ਇਕਸੁਰ ਹੋਣਾ ਤੇ ਅਗਵਾਈ ਲੈਣੀ ਅਤੇ ਇਤਿਹਾਸ ਤੋਂ ਕੁਝ ਸਿੱਖਣਾ-ਸੰਘਰਸ਼ ਤੇ ਚੇਤਨਾ ਦੀ ਮੰਗ ਕਰਦਾ ਹੈ, ਸਮੇਂ ਦੀ ਵੰਗਾਰ ਹੁੰਦਾ ਹੈ ਪਰ ਪੂਜਕ ਹੋਣਾ ਬਹੁਤ ਸੌਖਾ ਕੰਮ ਹੈ। ਪੂਜਕ ਹੋਣਾ ਹਿੰਦੂ ਧਰਮ ਦਾ ਫਲਸਫਾ ਹੈ, ਸਿੱਖ ਧਰਮ ਚਿੰਤਨ ਦਾ ਨਹੀਂ ਹੈ। ਅਸੀਂ ਆਪਣੇ ਸ਼ਹੀਦੀ ਪੁਰਬਾਂ ਨੂੰ ਵੀ ਦੁਸਹਿਰੇ ਦੀਵਾਲੀ ਦੀ ਤਰ੍ਹਾਂ ਮਨਾਉਣ ਲੱਗੇ ਹਾਂ ਜਿਸ ਵਿਚ ਕੁਝ ਸਿੱਖਣ ਦੀ, ਕਿਸੇ ਪ੍ਰੇਰਨਾ ਦੀ ਲੋੜ ਹੀ ਨਹੀਂ ਪੈਂਦੀ। ਮਸਲਨ ਦੁਸਹਿਰੇ ਦਾ ਤਿਉਹਾਰ ਹਿੰਦੂਆਂ ਦਾ ਤਿਉਹਾਰ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਰਾਵਣ, ਰਾਮ ਚੰਦਰ ਦੇ ਹੱਥੋਂ ਮਾਰਿਆ ਗਿਆ ਸੀ ਜਿਸ ਨੇ ਰਾਮ ਚੰਦਰ ਦੀ ਪਤਨੀ ਸੀਤਾ ਦਾ ਅਪਹਰਣ ਕੀਤਾ ਸੀ। ਰਾਵਣ ਨੂੰ ਬਦੀ ਦਾ ਪ੍ਰਤੀਕ ਮੰਨ ਕੇ ਹਰ ਵਰ੍ਹੇ ਦੁਸਹਿਰੇ ਵਾਲੇ ਦਿਨ ਥਾਂ ਥਾਂ ਉਸ ਦੇ ਪੁਤਲੇ ਸਾੜੇ ਜਾਂਦੇ ਹਨ ਅਤੇ ਰਾਮ ਚੰਦਰ ਦੀ ਪੂਜਾ ਕੀਤੀ ਜਾਂਦੀ ਹੈ। ਪਰ ਕੀ ਜਿਹੜਾ ਰਾਵਣ ਰਾਮ ਚੰਦਰ ਦੇ ਪੂਜਕਾਂ ਅੰਦਰ ਵਸਦਾ ਹੈ, ਉਸ ਨੂੰ ਮਾਰਨ ਬਾਰੇ ਕਦੀ ਕਿਸੇ ਸੋਚਿਆ ਹੈ? ਭਾਵੇਂ ਕਥਾ ਅਨੁਸਾਰ ਅਸਲੀਅਤ ਵਿਚ ਰਾਵਣ ਨੇ ਸੀਤਾ ਨੂੰ ਅਸ਼ੋਕ ਵਾਟਿਕਾ ਵਿਚ ਪੂਰੇ ਸਨਮਾਨ ਨਾਲ ਰੱਖਿਆ ਸੀ, ਉਸ ਦੀ ਇੱਜਤ ‘ਤੇ ਕੋਈ ਹਰਫ ਨਹੀਂ ਸੀ ਆਉਣ ਦਿੱਤਾ ਪਰ ਉਸ ਨੇ ਸੀਤਾ ਦਾ ਅਪਹਰਣ ਕਰਕੇ ਉਸ ਦੇ ਸਵੈਮਾਣ ਨੂੰ ਠੇਸ ਪਹੁੰਚਾਈ ਸੀ।
ਚੁਰਾਸੀ ਦੀ ਕਤਲੋਗਾਰਤ ਸਮੇਂ ਜੋ ਕੁਝ ਹੋਇਆ, ਗੁਜਰਾਤ ਵਿਚ ਔਰਤਾਂ ਨਾਲ ਜੋ ਕੁਝ ਵਾਪਰਿਆ, ਪਿੱਛੇ ਜਿਹੇ ਮੂਰਥਲ ਵਿਚ ਜੋ ਕੁਝ ਹੋਇਆ, ਉਹ ਸਭ ਰਾਮ ਪੂਜਕਾਂ ਨੇ ਕੀਤਾ ਸੀ। ਦਿੱਲੀ ਵਿਚ ਪਿਛਲੇ ਸਮਿਆਂ ਵਿਚ ਔਰਤਾਂ ਨਾਲ ਜਿੰਨੀਆਂ ਘਟਨਾਵਾਂ ਹੋਈਆਂ ਹਨ, ਉਹ ਸ਼ਾਇਦ ਹੀ ਦੁਨੀਆਂ ਵਿਚ ਕਿਸੇ ਹੋਰ ਮੁਲਕ ਦੀ ਰਾਜਧਾਨੀ ਵਿਚ ਵਾਪਰੀਆਂ ਹੋਣ! ਇਹ ਅੰਤਰ ਹੈ, ਧਾਰਕ ਹੋਣ ਵਿਚ ਤੇ ਪੂਜਕ ਹੋਣ ਵਿਚ। ਧਾਰਕ ਨੇ ਸਿਰਫ ਸਮੇਂ ਦੇ ਹਾਣ ਦਾ ਹੀ ਨਹੀਂ ਹੋਣਾ, ਗੁਰਮਤਿ ਵਿਧੀ ਅਨੁਸਾਰ ਉਸ ਨੇ ਸਮੇਂ ਨੂੰ ਬਦਲਣਾ ਵੀ ਹੈ। ਜਿਵੇਂ ਪਹਿਲਾਂ ਕਿਹਾ ਹੈ, ਪੂਜਕ ਹੋਣਾ ਸਥਾਪਤੀ ਨੂੰ ਸੂਤ ਬੈਠਦਾ ਹੈ, ਭਾਵੇਂ ਸਰਕਾਰ ਕੋਈ ਵੀ ਹੋਵੇ। ਪੰਥਕ ਕਹਾਉਣ ਵਾਲੀ ਹਾਕਮ ਪਾਰਟੀ ਨੂੰ ਵੀ ਸਿੱਖ ਦਾ ਧਾਰਕ ਹੋਣ ਨਾਲੋਂ ਪੂਜਕ ਹੋਣਾ ਸੂਤ ਬੈਠਦਾ ਹੈ। ਪਾਰਟੀ ਨਾ ਸਿਰਫ ਸਟੇਟ ਤਾਕਤ ਦੀ ਮਾਲਕ ਹੈ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿਚ ਸਿੱਖਾਂ ਨਾਲ ਸਬੰਧਤ ਹਰ ਸ਼ੈਅ ਉਪਰ ਕਬਜਾ ਉਨ੍ਹਾਂ ਦਾ ਹੈ। ਪੁਰਾਣੀਆਂ ਸਭ ਨਿਸ਼ਾਨੀਆਂ ਇਸੇ ਲਈ ਮਿਟਾਈਆਂ ਜਾ ਰਹੀਆਂ ਹਨ ਅਤੇ ਗੁਰਪੁਰਬਾਂ ਨੂੰ ਮੇਲਿਆਂ ਅਤੇ ਰਾਜਸੀ ਅਖਾੜਿਆਂ ਦਾ ਰੂਪ ਦਿੱਤਾ ਜਾ ਰਿਹਾ ਹੈ ਤਾਂ ਕਿ ਸਿੱਖ ਚੇਤਨਾ ਮਹਿਜ ਵੋਟਰ ਬਣ ਕੇ ਉਨ੍ਹਾਂ ਨੂੰ ਸੱਤਾ ਵਿਚ ਬਣਾਈ ਰੱਖੇ।
ਪੰਜਾਬ ਟਾਈਮਜ਼ ਦੇ 24 ਦਸੰਬਰ ਦੇ ਅੰਕ ਵਿਚ ਛਪੇ ਲੇਖ ‘ਸ਼ਹੀਦੀ ਜੋੜ ਮੇਲੇ ਅਤੇ ਬੇਬੇ ਦਾ ਸੁਨੇਹਾ’ ਵਿਚ ਦਰਸ਼ਨ ਸਿੰਘ ਨੇ ਬਹੁਤ ਕੁਝ ਕਹਿ ਦਿੱਤਾ ਹੈ। ਲੱਡੂ-ਜਲੇਬੀਆਂ ਦਾ ਲੰਗਰ ਪੰਜਾਬੀ ਘਰਾਂ ਵਿਚ ਉਦੋਂ ਉਨ੍ਹਾਂ ਬਜ਼ੁਰਗਾਂ ਨੂੰ ਵੱਡਿਆਂ ਕਰਨ ਲਈ ਕੀਤਾ ਜਾਂਦਾ ਹੈ ਜੋ ਪੋਤਿਆਂ, ਪੜਪੋਤਿਆਂ, ਦੋਹਤਿਆਂ-ਨੱਕੜ ਦੋਹਤਿਆਂ ਵਾਲੇ ਹੋ ਕੇ ਮਰਦੇ ਹਨ। ਬਿਲਕੁਲ ਸਹੀ ਫੁਰਮਾਇਆ ਹੈ ਕਿ ਨਿੱਕੀਆਂ ਨਿੱਕੀਆਂ ਮਾਸੂਮ ਜਿੰਦਾਂ, ਜਿਨ੍ਹਾਂ ਦਾ ਹਾਲੇ ਬਚਪਨ ਵੀ ਪੂਰਾ ਨਹੀਂ ਸੀ ਹੋਇਆ, ਉਨ੍ਹਾਂ ਦੀ ਸ਼ਹਾਦਤ ‘ਤੇ ਲੱਡੂ-ਜਲੇਬੀਆਂ ਦਾ ਕੀ ਕੰਮ? ਇਥੋਂ ਪਤਾ ਲੱਗਦਾ ਹੈ ਕਿ ਸਿੱਖ ਦੀ ਚੇਤਨਾ ਕਿੰਨੀ ਖੁੰਢੀ ਹੋ ਗਈ ਹੈ, ਜੋ ਠੀਕ ਤੇ ਗਲਤ ਦੀ ਪਛਾਣ ਹੀ ਭੁਲਾ ਚੁਕੀ ਹੈ।
ਗੁਰੂ ਸਾਹਿਬਾਨ ਨੇ ਲੰਗਰ ਦੀ ਸੰਸਥਾ ਕੁਝ ਮੁੱਖ ਸਿਧਾਂਤਾਂ ਨੂੰ ਅਮਲੀ ਰੂਪ ਦੇਣ ਲਈ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਸਿੱਖਾਂ ਨੂੰ ਇਹ ਸਬਕ ਦੇਣਾ ਸੀ ਕਿ ਸਾਰੇ ਮਨੁੱਖ ਬਰਾਬਰ ਹਨ, ਕੋਈ ਛੋਟਾ-ਵੱਡਾ ਨਹੀਂ, ਭੋਜਨ ਛਕਣ ਲਈ ਸਾਰੇ ਬਰਾਬਰ ਬੈਠਣਗੇ-ਕਿਸੇ ਨੂੰ ਨੀਂਵਾਂ ਸਮਝ ਕੇ ਉਸ ਨਾਲ ਕੋਈ ਜਾਤ-ਪਾਤੀ ਭੇਦ-ਭਾਵ ਨਹੀਂ ਹੋਵੇਗਾ। ਸੇਵਾ ਕਰਨਾ ਸਿੱਖ ਦਾ ਪਰਮ-ਧਰਮ ਹੈ ਜਿਸ ਦੀ ਜਾਚ ਸਿੱਖ ਨੂੰ ਲੰਗਰ ਵਿਚ ਲੱਕੜਾਂ ਤੇ ਪਾਣੀ ਢੋਣ, ਪ੍ਰਸ਼ਾਦਾ ਪਕਾਉਣ ਅਤੇ ਵਰਤਾਉਣ ਤੋਂ ਲੈ ਕੇ ਜੂਠੇ ਬਰਤਨ ਆਦਿ ਸਾਫ ਕਰਨ ਤੱਕ ਸ਼ਾਮਲ ਹੁੰਦਾ ਹੈ। ਇਹ ਇੱਕ ਅਜਿਹਾ ਸਥਾਨ ਹੈ ਜਿੱਥੇ ਸਿੱਖ ਸੰਗਤੀ ਰੂਪ ਵਿਚ ਮਿਲ ਕੇ ਕੰਮ ਕਰਨਾ ਸਿੱਖਦਾ ਹੈ। ਇਸ ਦਾ ਇੱਕ ਹੋਰ ਮਕਸਦ ਇਹ ਰਿਹਾ ਹੈ ਕਿ ਜੋ ਵੀ ਕੋਈ ਗੁਰੂ ਘਰ ਵਿਚ ਆਵੇ, ਉਹ ਭੁੱਖਾ ਨਾ ਜਾਵੇ ਉਸ ਨੂੰ ਲੋੜ ਅਨੁਸਾਰ ਪ੍ਰਸ਼ਾਦਾ-ਪਾਣੀ ਮਿਲੇ।
ਅੱਜ ਬਾਕੀ ਲੰਗਰ ਦੀ ਗੱਲ ਛੱਡ ਕੇ ਸਿਰਫ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ-ਮੇਲੇ ਦੀ ਹੀ ਗੱਲ ਕਰ ਲਈਏ, ਜਿਸ ਦਾ ਜ਼ਿਕਰ ਦਰਸ਼ਨ ਸਿੰਘ ਨੇ ਕੀਤਾ ਹੈ। ਪਟਿਆਲੇ ਵਿਚ ਨਿਵਾਸ ਹੋਣ ਕਰਕੇ ਸ਼ਹੀਦੀ ਜੋੜ ਮੇਲੇ ਸਮੇਂ ਮੈਨੂੰ ਬਹੁਤ ਵਾਰ ਮੌਕਾ ਮਿਲਿਆ ਹੈ ਪਟਿਆਲਾ-ਸਰਹਿੰਦ ਰੋਡ ਅਤੇ ਜੀæਟੀæ ਰੋਡ ‘ਤੇ ਸਰਹਿੰਦ ਤੱਕ ਦਾ ਸਫਰ ਕਰਨ ਦਾ। ਥਾਂ ਥਾਂ ਸੜਕਾਂ ਉਤੇ ਕੰਮ-ਚਲਾਊ ਰੋਡ ਬਰੇਕਰ ਲਾ ਕੇ ਬੱਸਾਂ, ਕਾਰਾਂ ਨੂੰ ਰੋਕਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕੋਈ ਭਾਵੇਂ ਕਿੰਨੀ ਵੀ ਕਾਹਲ ਵਿਚ ਹੋਵੇ, ਕਿਸੇ ਜ਼ਰੂਰੀ ਕੰਮ ਜਾ ਰਿਹਾ ਹੋਵੇ, ਕਿਸੇ ਨੂੰ ਲੰਗਰ ਦੀ ਜ਼ਰੂਰਤ ਹੈ ਜਾਂ ਨਹੀਂ? ਸਭ ਨੂੰ ਜ਼ਬਰੀ ਰੋਕ ਕੇ ਲੰਗਰ ਛਕਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਫਿਰ ਜਿਵੇਂ ਦਰਸ਼ਨ ਸਿੰਘ ਨੇ ਲਿਖਿਆ ਹੈ ਕਿ ਲੱਡੂ, ਜਲੇਬੀਆਂ, ਪ੍ਰਸ਼ਾਦ ਸਭ ਵਰਤਾਇਆ ਜਾਂਦਾ ਹੈ। ਜੇ ਕੋਈ ਡਰਾਈਵਰ ਨਾ ਰੁਕਣਾ ਚਾਹੇ ਤਾਂ ਕਈ ਵਾਰ ਉਸ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਤਾਂ ਸਿੱਖੀ ਪਰੰਪਰਾ ਅਨੁਸਾਰ ਨਹੀਂ ਹੈ। ਲੰਗਰ ਦਾ ਮਕਸਦ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਹੈ। ਬਹੁਤ ਦੁਨੀਆਂ ਭੁੱਖੀ ਅਤੇ ਲੋੜਵੰਦ ਹੈ, ਬੇਘਰ ਹੈ। ਇਸ ਤਰ੍ਹਾਂ ਅੰਨ ਬਰਬਾਦ ਕਰਨ ਨਾਲੋਂ ਇਹ ਲੰਗਰ ਲੋੜਵੰਦਾਂ ਵਿਚ ਵੰਡਿਆ ਜਾ ਸਕਦਾ ਹੈ। ਇਸ ਦਿਨ ‘ਤੇ ਭੁੱਖਿਆਂ ਨੂੰ ਪ੍ਰਸ਼ਾਦਾ ਛਕਾ ਕੇ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੁਨੇਹਾ ਉਨ੍ਹਾਂ ਲੋਕਾਂ ਤੱਕ ਵੀ ਪਹੁੰਚਦਾ ਕਰ ਸਕਦੇ ਹਾਂ ਜਿਨ੍ਹਾਂ ਨੂੰ ਉਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਸਿੱਖ ਨੌਜੁਆਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਵੇ, ਆਪਣੇ ਕੁਰਾਹੇ ਪੈ ਚੁੱਕੇ ਨੌਜੁਆਨ ਵੀਰਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਆਂ ਉਦਾਹਰਣਾਂ ਰਾਹੀਂ ਪ੍ਰੇਰਤ ਕਰੇ ਕਿ ਕਿਸ ਤਰ੍ਹਾਂ ਦ੍ਰਿੜ ਹੋ ਕੇ ਪੰਜਾਬ ਦੇ ਗਲੋਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ਿਆਂ ਦਾ ਜੂਲਾ ਲਾਹ ਕੇ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣਾ ਹੈ।
ਭਗਤ ਕਬੀਰ ਦਾ ਹੀ ਸ਼ਬਦ ਹੈ ਜਿਸ ਵਿਚ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਹੈ ਕਿ ਮੈਂ ਤੇਰੇ ਦਰਵਾਜ਼ੇ ‘ਤੇ ਕੂਕਰ (ਕੁੱਤਾ) ਹਾਂ ਜੋ ਮੂੰਹ ਅੱਗੇ ਵਧਾ ਕੇ ਭੌਂਕ ਰਿਹਾ ਹਾਂ ਅਰਥਾਤ ਤੇਰੀ ਸਿਫਤਿ-ਸਾਲਾਹ ਕਰ ਰਿਹਾ ਹਾਂ ਤਾਂ ਕਿ ਆਪਣੇ ਸਰੀਰ ਨੂੰ ਵਿਕਾਰ-ਰੂਪੀ ਕੁੱਤਿਆਂ ਤੋਂ ਬਚਾ ਸਕਾਂ, ਉਨ੍ਹਾਂ ਤੋਂ ਸੁਚੇਤ ਕਰ ਸਕਾਂ। ਆਪਣੇ ਇਸ ਸਰੀਰ ਦੀ ਰਾਖੀ ਕਰਨ ਲਈ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਚੰਗੇ ਗੁਣਾਂ ਨੂੰ ਅਪਨਾਵਾਂ ਅਤੇ ਵਿਕਾਰਾਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਸੁੱਟਾਂ। ਹੇ ਵਾਹਿਗੁਰੂ, ਮੈਂ ਦਿਨ-ਰਾਤ ਤੇਰੇ ਚਰਨਾਂ ਦੀ ਛੋਹ ਪ੍ਰਾਪਤ ਕਰਾਂ ਅਤੇ ਆਪਣੇ ਕੇਸਾਂ ਨਾਲ ਤੇਰੇ ‘ਤੇ ਚੌਰ ਝੁਲਾਵਾਂ। ਭਗਤ ਕਬੀਰ ਕਹਿੰਦੇ ਹਨ ਕਿ ਉਹ ਪਹਿਲੇ ਜਨਮਾਂ ਵਿਚ ਵੀ ਉਸ ਅਕਾਲ ਪੁਰਖ ਦੇ ਸੇਵਕ ਰਹੇ ਹਨ ਅਤੇ ਹੁਣ ਵੀ ਉਸ ਦੇ ਦਰਵਾਜ਼ੇ ਤੋਂ ਹਟ ਨਹੀਂ ਸਕਦੇ। ਉਸ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਮਨੁੱਖ ਨੂੰ ਜੋ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ, ਉਹ ਉਨ੍ਹਾਂ ਨੂੰ ਵੀ ਮਿਲ ਗਈ ਹੈ। ਜਿਸ ਮਨੁੱਖ ਦੇ ਮੱਥੇ ‘ਤੇ ਅਕਾਲ ਪੁਰਖ ਦੀ ਭਗਤੀ ਦਾ ਇਹ ਨਿਸ਼ਾਨ ਉਕਰਿਆ ਹੁੰਦਾ ਹੈ, ਉਹ ਯੁੱਧ ਦੇ ਮੈਦਾਨ ਵਿਚ ਲੜਦਾ ਰਹਿੰਦਾ ਹੈ। ਜੋ ਬਿਨਾ ਨਿਸ਼ਾਨ ਤੋਂ ਹੁੰਦਾ ਹੈ, ਉਹ ਟਾਕਰਾ ਹੋਣ ‘ਤੇ ਭੱਜ ਉਠਦਾ ਹੈ। ਉਸ ਅਕਾਲ ਪੁਰਖ ਦਾ ਭਗਤ ਭਗਤੀ ਨਾਲ ਸਾਂਝ ਪਾਉਂਦਾ ਹੈ ਤੇ ਉਹਦੀ ਭਗਤੀ ਕਬੂਲ ਹੋ ਜਾਂਦੀ ਹੈ।
ਭਗਤ ਕਬੀਰ ਕਹਿੰਦੇ ਹਨ ਕਿ ਮਨੁੱਖ ਦਾ ਸਰੀਰ ਇੱਕ ਕੋਠੇ ਦੀ ਤਰ੍ਹਾਂ ਹੈ ਜਿਸ ਵਿਚ ਇੱਕ ਹੋਰ ਨਿੱਕੀ ਜਿਹੀ ਕੋਠੜੀ (ਮਨੁੱਖੀ ਦਿਮਾਗ) ਹੈ ਜੋ ਅਕਾਲ ਪੁਰਖ ਦੇ ਨਾਮ ਦੀ ਵਿਚਾਰ-ਚਰਚਾ ਨਾਲ ਸੋਹਣੀ ਹੁੰਦੀ ਜਾਂਦੀ ਹੈ। ਮੈਨੂੰ ਇਹ ਨਾਮ ਰੂਪੀ ਵਸਤ ਮੇਰੇ ਗੁਰੂ ਨੇ ਸਾਂਭ ਕੇ ਰੱਖਣ ਲਈ ਦਿੱਤੀ ਹੈ ਅਤੇ ਮੈਂ ਇਹ ਵਸਤ ਸੰਸਾਰ ਦੇ ਹੋਰ ਲੋਕਾਂ ਨੂੰ ਵੰਡੀ ਹੈ ਪਰ ਚੰਗੀ ਕਿਸਮਤ ਵਾਲਿਆਂ ਨੇ ਇਸ ਨੂੰ ਪ੍ਰਾਪਤ ਕੀਤਾ ਹੈ। ਜਿਹੜਾ ਇਸ ਨਾਮ-ਅੰਮ੍ਰਿਤ ਨੂੰ ਛਕ ਲੈਂਦਾ ਹੈ, ਉਹ ਭਾਗਾਂ ਵਾਲਾ ਹੋ ਜਾਂਦਾ ਹੈ:
ਪੂਰਬ ਜਨਮ ਹਮ ਤੁਮ੍ਹਰੇ ਸੇਵਕ
ਅਬ ਤਉ ਮਿਟਿਆ ਨ ਜਾਈ॥
ਤੇਰੇ ਦੁਆਰੈ ਧੁਨਿ ਸਹਜ ਕੀ
ਮਾਥੈ ਮੇਰੇ ਦਗਾਈ॥੨॥
ਦਾਗੈ ਹੋਹਿ ਸੁ ਰਨ ਮਹਿ ਜੂਝਹਿ
ਬਿਨੁ ਦਾਗੇ ਭਗਿ ਜਾਈ॥
ਸਾਧੂ ਹੋਇ ਸੁ ਭਗਤਿ ਪਛਾਨੈ
ਹਰਿ ਲਏ ਖਜਾਨੈ ਪਾਈ॥੩॥
(ਪੰਨਾ 969-970)