ਅਵਤਾਰ ਗੋਂਦਾਰਾ
ਫੋਨ: 559-375-2589
ਅਸੀਂ ਸਾਲਾਂ ਨੂੰ ਹੀ ਨਹੀਂ, ਸਵਾਲਾਂ ਨੂੰ ਵੀ ਜੀਅ ਆਇਆਂ ਆਖਣਾ ਹੈ। ਪਿਛਲੇ ਵਰ੍ਹੇ ਦੀ ਸਿਆਣਪ ਜਾਂ ਗਿਆਨ ਨਾਲ ਆਉਣ ਵਾਲੇ ਵਰ੍ਹੇ ਵਿਚ ਨਹੀਂ ਸਰਨਾ। ਉਂਜ ਤਾਂ ਹਰ ਦਿਨ ਨਵੇਂ ਸਵਾਲ ਖੜ੍ਹੇ ਕਰਦਾ ਹੈ, ਜਿਨ੍ਹਾਂ ਦੇ ਸੱਜਰੇ ਜੁਆਬ ਚਾਹੀਦੇ ਹਨ। ਪਰ ਬੀਤ ਗਏ ਵਿਚ ਜਿਉਣਾ, ਉਸ ਨੂੰ ਯਾਦ ਕਰਨਾ ਤੇ ਫਿਰ ਝੂਰਨ ਦਾ ਕੋਈ ਫਾਇਦਾ ਨਹੀਂ। ਇਸ ਦਾ ਭਾਵ ਹਰ ਦਹਾਕੇ ਕਿਸੇ ਨਵੀਂ ਵਿਚਾਰਧਾਰਾ ਨੂੰ ਅਪਨਾਉਣਾ ਕਦਾਚਿੱਤ ਨਹੀਂ, ਸਗੋਂ ਸੋਚ ਸਮਝ ਕੇ ਪ੍ਰਣਾਏ ਕਿਸੇ ਦ੍ਰਿ੍ਰਸ਼ਟੀਕੋਣ ਵਿਚ ਲਗਾਤਾਰ ਡੂੰਘਾ ਉਤਰਦੇ ਜਾਣਾ ਹੈ। ਦੇਖਣਾ ਹੈ ਕਿ ਤੁਸੀਂ ਆਪਣੇ ਪੈਰਾਂ ‘ਤੇ ਤੁਰ ਰਹੇ ਹੋ ਜਾਂ ਤੁਹਾਨੂੰ ਕੋਈ ਨਿੱਕਾ ਜਾਂ ਵੱਡਾ ‘ਮਹਾਂ-ਪੁਰਸ਼’ ਫਲ੍ਹੇ ਵਾਂਗ ਖਿੱਚੀ ਜਾ ਰਿਹਾ ਹੈ।
ਕੀ ਤੁਸੀਂ ਕਦੇ ਕਿਸੇ ਸਿੱਖ, ਮੁਸਲਮਾਨ, ਈਸਾਈ ਜਾਂ ਯਹੂਦੀ ਨੂੰ ਦੇਖਿਆ ਹੈ, ਜੋ ਆਪਣੇ ਆਪ ਨੂੰ ਇਸ ਤਰ੍ਹਾਂ ਸਵਾਲ ਕਰਦਾ ਹੋਵੇ ਕਿ ਕੀ ਉਹ ਆਪਣੇ ਅਕੀਦਿਆਂ ਨੂੰ ਸਮਝਦਾ ਹੈ, ਉਨ੍ਹਾਂ ‘ਤੇ ਪੂਰਾ ਉਤਰਦਾ ਹੈ? ਸ਼ਾਇਦ ਨਹੀਂ!
ਸਾਡੇ ਵਿਸ਼ਵਾਸ਼, ਸਾਡੇ ਅਕੀਦੇ ਸਾਡੇ ਸੰਕਲਪਾਂ ਅਤੇ ਸ਼ਬਦਾਂ ਵਿਚ ਲੁਕੇ ਹੋਏ ਹਨ। ਆਲੇ-ਦੁਆਲੇ ਬਾਰੇ, ਦੂਜਿਆਂ ਬਾਰੇ ਅਸੀਂ ਬਿੰਦ ਵਿਚ ਨਿਰਣਾ ਕਰ ਲੈਂਦੇ ਹਾਂ। ਬੰਦੇ ਲਈ ਸਭ ਤੋਂ ਔਖਾ ਕੰਮ ਹੈ, ਆਪਣੇ ਅਕੀਦਿਆਂ ‘ਤੇ ਸਵਾਲ ਕਰਨਾ, ਆਪਣੇ ਬਾਰੇ ਨਿਰਣਾ ਕਰਨਾ। ਫੁਰਸਤ ਦੇ ਪਲਾਂ ਵਿਚ ਜਿੱਥੇ ਵੀ, ਜਦੋਂ ਵੀ ਸਮਾਂ ਲੱਗੇ, ਆਪਾ-ਚੀਣਦੇ ਰਹਿਣਾ ਚਾਹੀਦਾ ਹੈ। ਇਸ ਨਾਲ ਨੀਰਸਤਾ ਘਟਦੀ ਹੈ। ਹੋਰ ਕੰਮਾਂ ਦੇ ਨਾਲ ਨਾਲ, ਇਸ ਵਰ੍ਹੇ ਅੰਤਰਝਾਤ ਦੇ ਕੰਮ ਨੂੰ ਵੀ ਜੋੜ ਲੈਣਾ ਚਾਹੀਦਾ ਹੈ। ਅਨਪੜ੍ਹਾਂ, ਅੱਧਪੜ੍ਹਾਂ ਦੀ ਗੱਲ ਛੱਡੋ, ਦੇਸੀ ਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਪੜ੍ਹੇ ਸ਼ਖਸ ਵੀ ਆਪਣੇ ਆਪ ਨੂੰ ਸਵਾਲ ਕਰਨੋ ਝਿਜਕਦੇ ਹਨ। ਆਪਣੀਆਂ ਧਾਰਨਾਵਾਂ ਨੂੰ ਸਵੈ-ਸਿੱਧ ਸਮਝਦੇ ਹਨ। ਅਜਿਹੀ ਅਣਪੜਤਾਲੀਆ ਮਾਨਸਿਕਤਾ ਵਾਲੇ ਸੱਜਣਾਂ ਦੇ ਦਰਸ਼ਨ ਉਨ੍ਹਾਂ ਦੀਆਂ ਗੱਲਾਂ ਤੇ ਲਿਖਤਾਂ ਵਿਚ ਆਮ ਹੁੰਦੇ ਰਹਿੰਦੇ ਹਨ ਅਤੇ ਘੱਟ ਜਾਣਕਾਰ, ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਨਿਰਾਸ਼ਾ ਦੇ ਭਾਗੀ ਬਣਦੇ ਹਨ। ਆਪਾ-ਚੀਨਣ ਦਾ ਭਾਵ, ਬੀਤ ਗਏ ਤੇ ਝੂਰਨਾ ਨਹੀਂ, ਸਗੋਂ ਆਪਣੇ ਖਿਆਲਾਂ, ਵਿਸ਼ਵਾਸ਼ਾਂ, ਆਪਣੀਆਂ ਧਾਰਨਾਵਾਂ ਦੀ ਚੀਰ-ਫਾੜ ਕਰਨਾ ਹੈ।
ਥੋੜਾ ਧਿਆਨ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਸਾਡੇ ਮਨਾਂ ‘ਤੇ ਆਸੇ ਪਾਸੇ ਦੇ ‘ਮੋਹਤਬਰਾਂ’ ਨੇ ਕਬਜਾ ਕੀਤਾ ਹੋਇਆ ਹੈ। ਜੋ ਉਮਰ ਵਿਚ ਵੱਡਾ ਹੈ, ਵੱਡੇ ਵੱਡੇ ਲੇਖਕਾਂ ਜਾਂ ਗ੍ਰੰਥਾਂ ਦੇ ਹਵਾਲੇ ਦੇ ਸਕਦਾ ਹੈ, ਜ਼ਿਆਦਾ ਡਿਗਰੀਆਂ ਦਾ ਪੂੰਝਾ ਮਗਰ ਲਾਈ ਫਿਰਦਾ ਹੈ, ਉਹ ਸਾਨੂੰ ਗੇੜ ਵਿਚ ਪਾਈ ਰੱਖਦਾ ਹੈ।
ਇਸ ਗੱਲ ਦਾ ਅਹਿਸਾਸ ਬੜੀ ਤੱਦੀ ਨਾਲ ਇੱਕ ਰੇਡੀਓ ਟਾਕ ਸ਼ੋਅ ਵਿਚ ਹੋਇਆ ਕਿ ਸਾਡੇ ਕੋਲ ਗੱਲਾਂ ਜਾਂ ਵਰਤਾਰਿਆਂ ਨੂੰ ਸਮਝਣ ਦੀ ਕੋਈ ਕਸੌਟੀ ਨਹੀਂ ਹੈ। ਹੋਸਟ ਸਨ, ਸੰਤੋਖ ਸਿੰਘ ਮਿਨਹਾਸ ਅਤੇ ਸਵਾਲ ਸੀ, ਅੱਜ ਦੀ ਨੌਜਵਾਨ ਪੀੜ੍ਹੀ ਦੀ ‘ਆਜ਼ਾਦ ਸੋਚਣੀ’ ਦਾ। ਨੁਕਤਾ ਉਭਰਿਆ ਕਿ ਅਸੀਂ Ḕਆਜ਼ਾਦ ਹੋਣ’ ਅਤੇ ‘ਮਨਮਰਜੀ ਕਰਨ ਜਾਂ ਆਪਹੁਦਰੇ ਹੋਣ’ ਵਿਚ ਫਰਕ ਹੀ ਨਹੀਂ ਕਰਦੇ। ਇਸ ਤਰ੍ਹਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮਨਮਰਜੀ ਅਤੇ ਆਜ਼ਾਦੀ ਵਿਚ ਵੀ ਕੋਈ ਫਰਕ ਹੈ। ਲੱਗਦਾ ਸੀ, ਇਹ ਦੋਨੋਂ ਇੱਕੋ ਵਰਤਾਰਾ ਹਨ।
ਭੰਬਲਭੂਸਾ ਪਾਉਣ ਵਿਚ ਵਿਦਵਾਨਾਂ ਦੇ ਨਾਲ ਨਾਲ ਸਿਆਸਤਦਾਨਾਂ, ਹਰ ਮਜ਼ਹਬ, ਹਰ ਫਿਰਕੇ ਦੇ ਲਿਖਣ/ਬੋਲਣ ਵਿਚ ਮਾਹਿਰ ਬੰਦਿਆਂ ਦਾ ਵੀ ਨੁਮਾਇਆ ਰੋਲ ਹੁੰਦਾ ਹੈ। ਉਹ ਆਪਣੇ ਵਹਾਅ ਵਿਚ ਇਉਂ ਰੋੜ੍ਹ ਕੇ ਲੈ ਜਾਂਦੇ ਹਨ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਆਪਣੀਆਂ ਅੱਖਾਂ ਨਾਲ ਦੇਖਣ ਦੀ ਥਾਂ ਉਨ੍ਹਾਂ ਦੀਆਂ ਅੱਖਾਂ ਰਾਹੀਂ ਦੇਖਣ ਲਗਦੇ ਹਾਂ। ਸਾਨੂੰ ਨਹੀਂ ਪਤਾ ‘ਗੁਰਮੁਖ’ ‘ਇਸਾਈ’ ‘ਮੁਸਲਮਾਨ’ ਹੋਣਾ ਕੀ ਹੈ? ‘ਖੁਸ਼ੀ’, ‘ਸ਼ਾਂਤੀ’ ਜਾਂ ‘ਸਮਾਧੀ’ ਕੀ ਹਨ? ਪਰ ਇਨ੍ਹਾਂ ਦੀ ਤਾਲਾਸ਼ ਜਾਂ ਅਨੁਭਵ ਲਈ ਕਿਸੇ ਵੀ ਘਚੋਲੇਵਾਦੀ ਦੇ ਮਗਰ ਲੱਗ ਜਾਂਦੇ ਹਾਂ।
ਫਿਰ ਕੀਤਾ ਕੀ ਜਾਵੇ? ਤਾਂ ਜੋ ਅੱਜ ਦੇ ਲਗਾਤਾਰ ਜਟਿੱਲ ਹੋ ਰਹੇ ਸਿਆਸੀ-ਸਮਾਜਿਕ ਪ੍ਰਸੰਗ ਵਿਚ ਗੱਲਾਂ, ਘਟਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਘਚੋਲੇਵਾਦ ਦੇ ਟਾਕਰੇ ਲਈ ਸਾਨੂੰ ਆਪਣੇ ਵਿਚਾਰਾਂ/ਸੰਕਲਪਾਂ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਸਵੱਟੀਆਂ ਦੀ ਭਾਲ ਕਰਨੀ ਚਾਹੀਦੀ ਹੈ, ਜਿਨ੍ਹਾਂ ਨਾਲ ਦੁੱਧੋਂ ਪਾਣੀ ਛਾਣਿਆ ਜਾ ਸਕੇ। ਬਹੁਤੀਆਂ ਗੱਲਾਂ ਅਸੀਂ ਅਣਭੋਲ ਹੀ ਵਰਤ ਕੇ ਗਲਤ ਸਿੱਟੇ ਕੱਢੀ ਜਾਂਦੇ ਹਾਂ।
ਅਮਰੀਕੀ ਰਾਸ਼ਟਰਪਤੀ ਦੀ ਹਾਲੀਆ ਚੋਣ ਵਿਚ ਆਪਣੇ ਅਣਭੋਲਪੁਣੇ ਦਾ ਪਤਾ ਲੱਗਾ ਕਿ ਜਿਸ ਨੂੰ ਹੁਣ ਤੱਕ ਅਸੀਂ ਜਮਹੂਰੀ ਮੁਲਕ ਸਮਝਦੇ ਰਹੇ ਹਾਂ, ਉਹ ਤਾਂ ਕਹਿੰਦੇ ਰਿਪਬਲਿਕ ਹੈ। ਇਹ ਨਵੀਂ ਭਸੂੜੀ ਸੀ। ਮੇਰੇ ਵਰਗੇ ਕਈ ਜਣੇ ਭਵੰਤਰ ਗਏ ਜੋ, ਜਿਨ੍ਹਾਂ ਨੂੰ ਇਨ੍ਹਾਂ ਵਿਚਲੇ ਫਰਕ ਦਾ ਨਹੀਂ ਪਤਾ। ਬਥੇਰੀਆਂ ਹੋਰ ਗੱਲਾਂ ਹਨ, ਜਿਨ੍ਹਾਂ ਦੀ ਨਿਰਖ ਪਰਖ ਦੀ ਕਦੇ ਲੋੜ ਹੀ ਨਹੀਂ ਸਮਝੀ।
ਇਨ੍ਹਾਂ ਸਤਰਾਂ ਦੇ ਲੇਖਕ ਨੇ ਕਈ ਵਰ੍ਹੇ ਤਰਕਸ਼ੀਲ ਸੁਸਾਇਟੀ, ਪੰਜਾਬ ਵਿਚ ਕੰਮ ਕੀਤਾ। ਤਰਕਸ਼ੀਲ ਵਜੋਂ ਆਪਣੀ ਜਾਣ-ਪਛਾਣ ਕਰਾਉਣ ਵਿਚ ਕਦੇ ਦਿੱਕਤ ਨਹੀਂ ਸੀ ਆਈ, ਏਨਾ ਕਹਿ ਦੇਣਾ ਕਿ ਸੁਸਾਇਟੀ ਦੇ ਮੈਂਬਰ ਹਾਂ। ਜੇ ਕੋਈ ਪੁੱਛਦਾ ਤਰਕਸ਼ੀਲ ਹੋਣ ਦਾ ਕੀ ਭਾਵ ਹੈ? ਤਾਂ ਜੁਆਬ ਹੁੰਦਾ ਕਿ ਅਸੀਂ ਭੂਤ-ਪ੍ਰੇਤ, ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸ਼ਾਂ ਦੇ ਖਿਲਾਫ ਹਾਂ, ਕਿਸੇ ਦੈਵੀ ਸੱਤਾ ਨੂੰ ਨਹੀਂ ਮੰਨਦੇ। ਫਿਰ ਪਤਾ ਲੱਗਾ ਕਿ ਇਤਿਹਾਸ ਵਿਚ ਅਜਿਹੇ ਕਈ ਬੰਦੇ ਮਿਲ ਜਾਣਗੇ, ਜਿਨ੍ਹਾਂ ਵਿਚ ਇਹ ਗੁਣ ਸਨ ਜਿਵੇਂ ਹਿਟਲਰ ਤੇ ਮੁਸੋਲਿਨੀ, ਪਰ ਉਨ੍ਹਾਂ ਨੂੰ ਕਿਵੇਂ ਵੀ ਤਰਕਸ਼ੀਲ ਲਹਿਰ ਦਾ ਹਿੱਸਾ ਜਾਂ ਨਾਇਕ ਨਹੀ ਮੰਨਿਆਂ ਜਾ ਸਕਦਾ। ਇਸ ਵਿਚੋਂ ਹੋਰ ਸਵਾਲ ਪੈਦਾ ਹੋਇਆ, ਫਿਰ ਸਾਡੇ ਤੇ ਉਨ੍ਹਾਂ ਵਿਚ ਫਰਕ ਕੀ ਹੈ?
ਆਪਾ-ਚੀਨਣ ਵੱਲ ਇਹ ਅਗਲੇ ਕਦਮ ਸਨ। ਫਰਕ ਦੱਸਣ ਲਈ ਕਸੌਟੀ ਕੀ ਹੋਵੇ? ਕੀ ਤਰਕ ਦੀ ਵਰਤੋਂ ਕਰਨ ਵਾਲੇ ਸਭਨਾਂ ਦੀ ਵਿਚਾਰਧਾਰਾ ਇੱਕ ਹੈ? ਤਰਕ, ਤਰਕਸ਼ੀਲ, ਵਿਚਾਰ, ਵਿਚਾਰਵਾਦ, ਵਿਚਾਰਧਾਰਾ, ਪਦਾਰਥਵਾਦ, ਵਿਗਿਆਨ, ਵਿਗਿਆਨਕ ਵਿਧੀ-ਸ਼ਬਦਾਂ ਤੇ ਸੰਕਲਪਾਂ ਦਾ ਲੰਬਾ ਸਿਲਸਿਲਾ ਹੈ। ਇਹ ਕੀ ਹਨ? ਇਨ੍ਹਾਂ ਦੀ ਅਹਿਮੀਅਤ ਸੰਗੀਤ ਦੀਆਂ ਸੁਰਾਂ ਵਾਂਗ ਹੈ। ਜਿਵੇਂ ਸੁਰਾਂ ਦੇ ਗਿਆਨ ਬਿਨਾ ਕੋਈ ਚੰਗਾ ਗਵੱਈਆ ਨਹੀਂ ਬਣ ਸਕਦਾ, ਉਵੇਂ ਇਨ੍ਹਾਂ ਦੀ ਸਮਝ ਬਿਨਾ ਆਪਣੇ ਅਤੇ ਲੋਕਾਂ ਦੇ ਮਨਾਂ ਵਿਚ ਬਣ-ਢਹਿ ਰਹੀਆਂ ਸੋਚਾਂ/ਸਮਝਾਂ ਦੇ ਵਰਤਾਰੇ ਨੂੰ ਨਹੀਂ ਜਾਣਿਆ ਜਾ ਸਕਦਾ।
ਉਂਜ ਤਾਂ ਇਨ੍ਹਾਂ ਬਾਰੇ ਕਿਤੋਂ ਵੀ ਪੜ੍ਹਿਆ, ਸੁਣਿਆ ਜਾਂ ਪੁੱਛਿਆ ਜਾ ਸਕਦਾ ਹੈ। ਗੂਗਲ ਵੇਖ ਲਓ। ਪਰ ਸਾਡੀ ਸੂਝ ਸਿਆਣਪ ਉਹੀ ਹੋਵੇਗੀ ਜਿਹੜੀ ਪੜ੍ਹਿਆ, ਸੁਣਿਆ ਜਾਂ ਪੁੱਛਿਆ, ਭੁੱਲਣ ਮਗਰੋਂ ਸਾਡੇ ਕੋਲ ਬੱਚਦੀ ਹੈ। ਮੁੱਦੇ ਬਹੁਤ ਹਨ, ਸਭ ਬਾਰੇ ਤਾਂ ਗੱਲ ਨਹੀਂ ਹੋ ਸਕਦੀ। ਆਓ ਆਪਾਂ ਇੱਥੋਂ ਸ਼ੁਰੂ ਕਰੀਏ ਕਿ ਸਵਾਲ ਖੜੇ ਕੌਣ ਕਰਦੇ ਹਨ? ਕੌਣ ਤਰਕ ਦੀ ਖਰੀ ਵਰਤੋਂ ਕਰ ਸਕਦਾ ਹੈ?
ਤਰਕ ਅੰਗਰੇਜੀ ਦੇ ਸ਼ਬਦ æੋਗਚਿ ਦਾ ਸਾਮਾਨਰਥੀ ਹੈ। ਇਸ ਨੂੰ ਵਰਤਣ ਵਾਲਾ ਤਰਕਸ਼ੀਲ਼। ਬੇਸ਼ਕ ਬਹੁਤੇ ਇਸ ਨੂੰ ਰੈਸ਼ਨੇਲਿਸਟ ਦੇ ਅਨੁਵਾਦ ਵਜੋਂ ਵਰਤਦੇ ਆ ਰਹੇ ਹਾਂ, ਜਿਸ ਦਾ ਸਹੀ ਅਨੁਵਾਦ ਵਿਵੇਕਵਾਦ ਬਣਦਾ ਹੈ। ਸ਼ਬਦਕੋਸ਼ ਅਨੁਸਾਰ ਉਹ ਸ਼ਖਸ ਜੋ ਇਸ ਵਿਸ਼ਵਾਸ਼ ਦਾ ਧਾਰਨੀ ਹੈ ਕਿ ਸਮੱਸਿਆਵਾਂ ਦਾ ਹੱਲ ‘ਦਲੀਲ’ ਨਾਲ ਹੋ ਸਕਦਾ ਹੈ, ਤਰਕਸ਼ੀਲ ਹੈ। ਦਲੀਲਾਂ ਤਾਂ ਪ੍ਰਚਾਰਕ ਤੇ ਕਥਾਵਾਚਕ ਵੀ ਦਿੰਦੇ ਹਨ ਅਤੇ ਉਹ ਸਰੋਤਿਆਂ ਨੂੰ ਕਾਇਲ ਵੀ ਕਰਦੇ ਹਨ। ਫਿਰ ਉਨ੍ਹਾਂ ਵਿਚ ਅਤੇ ਤਰਕਵਾਦੀਆਂ ਵਿਚ ਕੀ ਫਰਕ ਹੈ?
ਇਸ ਸਵਾਲ ਵਿਚ ਕਈ ਸ਼ਬਦ/ਸੰਕਲਪ ਦਿਖਾਈ ਦਿੰਦੇ ਹਨ, ਜਿਵੇਂ: ਸਮੱਸਿਆ, ਵਿਸ਼ਵਾਸ਼, ਤਰਕ, ਤਰਕਸ਼ੀਲ, ਦਲੀਲ, ਧਾਰਨਾ ਆਦਿ। ਜਦੋਂ ਵੀ ਕੋਈ ਸਮੱਸਿਆ ਖੜੀ ਹੁੰਦੀ ਹੈ, ਅਸੀਂ ਇਸ ਨੂੰ ਵਿਸ਼ੇਸ਼ ਦ੍ਰਿਸ਼ਟੀਕੋਣ/ਵਿਚਾਰਧਾਰਾ ਤੋਂ ਪਰਖਦੇ ਤੇ ਨਜਿੱਠਦੇ ਹਾਂ। ਇਹੀ ਸਾਡੀ ਕਸੌਟੀ ਹੈ। ਜੇ ਕੋਈ ਆਪਣੇ ਆਪ ਜਾਂ ਕਿਸੇ ਨੂੰ ਵਿਚਾਰਧਾਰਾ ਤੋਂ ਉਪਰ ਉਠਿਆ ਮੰਨਦਾ ਹੈ ਤਾਂ ਉਹ ਗੱਪੀ ਹੈ। ਹਰ ਬੰਦਾ ਕਿਸੇ ਇੱਕ ਜਾਂ ਕਈ ਵਿਚਾਰਧਾਰਾਵਾਂ ਦੇ ਪ੍ਰਭਾਵ ਅਧੀਨ ਵਿਚਰਦਾ ਹੈ। ਹਾਦਸੇ ਵਿਚ ਹੋਈ ਮੌਤ, ਵਿਚਾਰਵਾਦੀ/ਧਾਰਮਿਕ (ੀਦeਅਲਸਿਟ) ਬੰਦੇ ਲਈ ‘ਮੱਥੇ ਦੀਆਂ ਲਕੀਰਾਂ’ ਜਾਂ ‘ਜਿੰਨੀ ਲਿਖੀ ਸੀ’ ਦਾ ਫਲ ਹੈ, ਪਦਾਰਥਵਾਦੀ/ਤਰਕਸ਼ੀਲ ਸ਼ਖਸ ਲਈ ਇਹ ਅਣਗਹਿਲੀ, ਮਾੜੀਆਂ ਸੜਕਾਂ, ਟ੍ਰੈਫਿਟ ਨਿਯਮਾਂ ਦੀ ਅਣਦੇਖੀ ਦਾ ਸਿੱਟਾ। ਦੋਨੋਂ ਧਿਰਾਂ ਦਾ ਸਮੱਸਿਆ ਨੂੰ ਸਮਝਣ ਦਾ ਆਪੋ ਆਪਣਾ ਕੋਣ ਹੈ।
ਤਰਕਸ਼ੀਲ ਵੀ ਤਰਕ ਦਾ ਸਹਾਰਾ ਲੈਂਦੇ ਹਨ। ਤਰਕ-ਸ਼ਾਸ਼ਤਰ, ਚਿੰਤਨ ਦੇ ਸਹੀ ਨੇਮਾਂ ਦਾ ਵਿਗਿਆਨ ਮੰਨਿਆ ਜਾਂਦਾ ਹੈ। ਜਰਮਨ ਦਾਰਸ਼ਨਿਕ ਫਰੈਡਰਿਕ ਜੀæ ਫਰੈਜ ਮੁਤਾਬਿਕ ਇਹ ਇਹੀ ਦੱਸਦਾ ਹੈ ਕਿ ਗਿਆਨ ਪ੍ਰਾਪਤ ਕਿਵੇਂ ਕੀਤਾ ਗਿਆ ਹੈ, ਇਹ ਕਿਸੇ ਦਾਅਵੇ ਦੇ ਸਹੀ ਜਾਂ ਗਲਤ ਹੋਣ ਦੀ ਗੱਲ ਨਹੀਂ ਕਰਦਾ। ਇਹ ਪ੍ਰੀਖਿਆ ਵੇਲੇ ਕੇਂਦਰ ਵਿਚ ਫਿਰਦੇ ਨਿਗਰਾਨ ਵਰਗਾ ਹੈ। ਬਾਕੀ ਕੰਮ ਹੋਰਨਾਂ ਵਿਗਿਆਨਾਂ ਦਾ ਹੈ। ਮੁੱਖ ਤੌਰ ‘ਤੇ ਤਰਕ ਦੇ ਤਿੰਨ ਨੇਮ ਮੰਨੇ ਗਏ ਹਨ, ਜਿਨ੍ਹਾਂ ਦੇ ਆਧਾਰ ‘ਤੇ ਕਿਸੇ ਦਾਅਵੇ, ਜਾਣਕਾਰੀ ਜਾਂ ਅਕੀਦੇ ਦੀ ਪਰਖ ਹੋ ਸਕਦੀ ਹੈ। ਜਿਵੇਂ ਕਿ ਬਾਕੀ ਸੰਕਲਪਾਂ ਜਾਂ ਨੇਮਾਂ ਬਾਰੇ ਹੁੰਦਾ ਹੈ, ਵਿਦਵਾਨਾਂ ਵਿਚ ਇਨ੍ਹਾਂ ਬਾਰੇ ਵੀ ਰੇੜਕਾ ਹੈ। ਪਰ Ḕਅੰਤਮ ਸੱਚ’ ਖੋਜ ਦਾ ਕੰਮ ਮਾਹਿਰਾਂ/ਖੋਜਾਰਥੀਆਂ ‘ਤੇ ਛੱਡ ਕੇ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ, ਜਿਨ੍ਹਾਂ ਨਾਲ ਅਸੀਂ ਆਪਣੀਆਂ ਧਾਰਨਾਵਾਂ ਪਰਖ ਸਕੀਏ। ਆਮ ਮੰਨੇ ਜਾਂਦੇ ਇਹ ਤਿੰਨ ਨੇਮ ਹਨ:
1æ ਨਿਜਤਵ/ਪਛਾਣ ਦਾ ਨੇਮ
2æ ਆਪਾ-ਵਿਰੋਧ ਦੇ ਨਾ ਹੋਣ ਦਾ ਨੇਮ
3æ ਵਿਚ-ਵਿਚਾਲੇ ਦੀ ਅਣਹੋਂਦ ਦਾ ਨੇਮ
ਪਹਿਲੇ ਨੇਮ ਅਨੁਸਾਰ ਹਰ ਵਸਤ/ਅਕੀਦਾ ਨਿਵੇਕਲਾ ਹੈ ਅਤੇ ਉਸ ਦੀ ਪਛਾਣ ਵੱਖਰੀ ਹੈ। ਜਿਵੇਂ A, ਅ ਨਹੀਂ ਹੋ ਸਕਦਾ ਅਤੇ ਅ, A ਨਹੀਂ ਹੋ ਸਕਦਾ। ਹਰ ਸੰਕਲਪ ਕਿਸੇ ਵੱਖਰੇ ਵਰਤਾਰੇ ਦੀ ਪਛਾਣ ਦੀ ਸੂਹ ਦਿੰਦਾ ਹੈ। ਇਸ ਲਈ ਇਨ੍ਹਾਂ ਨੂੰ ਬੇਧਿਆਨੀ ਵਿਚ ਇੱਕ ਦੂਜੇ ਦੀ ਥਾਂ ਨਹੀਂ ਵਰਤਣਾ ਚਾਹੀਦਾ, ਇਸ ਨਾਲ ਸਾਡੀ ਪਹੁੰਚ ਵਿਚ ਧੁੰਦਲਾਪਣ ਆ ਜਾਂਦਾ ਹੈ। ਮਿਸਾਲ ਵਜੋਂ ਧਰਮ ਸ਼ਬਦ ਲਓ। ਕਈ ਬੁਲਾਰੇ ਕਹਿੰਦੇ ਹਨ, ‘ਜੀ ਪਾਣੀ ਦਾ ਧਰਮ ਵਗਣਾ ਹੈ’, ਜਾਂ ‘ਅੱਗ ਦਾ ਧਰਮ ਸਾੜਨਾ’ ‘ਤਰਕਸ਼ੀਲਾਂ ਦਾ ਧਰਮ ਅੰਧਵਿਸ਼ਵਾਸ਼ ਖਤਮ ਕਰਨਾ ਹੈ’ ਆਦਿ। ਇਸ ਨਾਲ ਸਿਧਾਂਤ ਵਜੋਂ ਧਰਮ ਪ੍ਰਤੀ ਰਵੱਈਏ ਵਿਚ ਭੰਬਲਭੂਸਾ ਪੈਂਦਾ ਹੈ। ਧਰਮ ਨੂੰ ਭਾਸ਼ਾਈ ਨਹੀਂ, ਸਗੋਂ ਦਾਰਸ਼ਨਿਕ ਪੈਂਤੜੇ ਤੋਂ ਸਮਝਣ ਦੀ ਲੋੜ ਹੈ। ਸੁਣਨ ਵਾਲੇ ਨੂੰ ਇਉਂ ਲੱਗਦਾ ਹੈ ਜਿਵੇਂ ‘ਕੰਮ’ ਹੀ ‘ਧਰਮ’ ਹੁੰਦਾ ਹੈ। ਫਿਰ ਤਾਂ ਕਹਿਣਾ ਪਵੇਗਾ, ਡਾਕਾ ਮਾਰਨ ਵਾਲੇ ਦਾ ‘ਧਰਮ’ ਡਾਕਾ ਮਾਰਨਾ ਤੇ ਠੱਗ ਦਾ ‘ਧਰਮ’ ਠੱਗੀ ਮਾਰਨਾ ਹੈ। ਧਰਮ ਇੱਕ ਵਿਸ਼ੇਸ਼ ਵਿਚਾਰਧਾਰਾ ਦਾ ਸੂਚਕ ਹੈ ਨਾ ਕਿ ਕਿਸੇ ਕਾਰਜ ਹਾਂ ਵਿਧੀ ਦਾ ਨਾਂ। ਇਹੀ ਕੁਝ ਪਦਾਰਥਵਾਦ ਦੇ ਸੰਕਲਪ ਨਾਲ ਵੀ ਵਾਪਰਿਆ ਹੈ। ਧਾਰਮਿਕ ਇਕੱਠਾਂ ਅਤੇ ਆਮ ਬੋਲ ਚਾਲ ਵਿਚ ਕਿਸੇ ਅਨੈਤਿਕ ਜਾਂ ਲਾਲਚੀ ਬੰਦੇ ਨੂੰ ‘ਪਦਾਰਥਵਾਦੀ ਸੋਚ’ ਵਾਲਾ ਕਹਿ ਕੇ ਭੰਡਿਆ ਜਾਂਦਾ ਹੈ, ਜਦੋਂ ਕਿ ਪਦਾਰਥਵਾਦ, ਵਿਚਾਰਵਾਦ ਦਾ ਵਿਰੋਧੀ ਫਲਸਫਾ ਹੈ ਨਾ ਕਿ ਸਦਾਚਾਰ ਜਾਂ ਨੈਤਿਕਤਾ ਨਾਲ ਸਬੰਧਤ ਨੇਮਾਂ ਦਾ ਜ਼ਾਬਤਾ। ਪਦਾਰਥਵਾਦ ਮੰਨ ਕੇ ਚਲਦਾ ਹੈ ਕਿ ਆਪਣੇ ਨਿਰੰਤਰ ਬਦਲਦੇ ਜਾਣੇ-ਅਣਜਾਣੇ ਰੂਪਾਂ ਵਿਚ ਪਦਾਰਥ ਹੀ ਪਹਿਲਾ ਤੇ ਆਖਰੀ ਸੱਚ ਹੈ। ਪਦਾਰਥਵਾਦ ਨੂੰ ਲਾਲਚ, ਭੁੱਖ, ਭ੍ਰਿਸ਼ਟਾਚਾਰ ਦਾ ਬਦਲ ਸਮਝਣਾ, ਸਿਰੇ ਦਾ ਅਗਿਆਨ ਹੈ ਅਤੇ ਇੱਕ ਫਲਸਫੇ ਦਾ ਨਿਰਾਦਰ। ਆਸੇ-ਪਾਸੇ ਦੇਖਿਆਂ ਅਜਿਹੇ ਪਦਾਰਥਵਾਦੀ ਸੋਚ ਵਾਲੇ ਬੰਦੇ ਮਿਲ ਜਾਣਗੇ, ਜੋ ਸੰਜਮੀ ਅਤੇ ਅਨੁਸਾਸ਼ਨਬੱਧ ਹੋਣ ਅਤੇ ਬਥੇਰੇ ਵਿਚਾਰਵਾਦੀ/ਧਾਰਮਿਕ ਬੰਦੇ ਮਿਲ ਜਾਣਗੇ ਜੋ ਸਿਰੇ ਦੇ ਲਾਲਚੀ, ਨਸ਼ਿਆਂ ਦੀ ਤਸਕਰੀ ਵਿਚ ਗਲਤਾਨ ਤੇ ਨਿੱਘਰੇ ਹੋਏ ਹਨ। ਇਉਂ ਸੰਕਲਪਾਂ ਨੂੰ ਨਿਖਾਰਨਾ ਆਪਾ-ਚੀਨਣ ਵਿਚ ਕਾਫੀ ਸਹਾਈ ਹੁੰਦਾ ਹੈ।
ਦੂਜਾ ਨੇਮ ਅਸੰਗਤੀ/ਆਪਾ-ਵਿਰੋਧ ਦੇ ਨਾ ਹੋਣ ਬਾਰੇ ਹੈ। ਭਾਵ ਕਿਸੇ ਗੱਲ ਵਿਚ ਸਵੈ-ਵਿਰੋਧ ਨਾ ਹੋਵੇ। ਤੁਸੀਂ ਨਹੀਂ ਕਹਿ ਸਕਦੇ ਕਿ ‘ਪਾਣੀ ਸੁੱਕਾ ਹੈ’ ਜਾਂ ‘ਤਿਕੋਨ ਚੌਰਸ ਹੈ’। ਧਰਮ ਪ੍ਰਚਾਰਕ ਅਕਸਰ ਇਸ ਨੇਮ ਦੀ ਉਲੰਘਣਾ ਕਰਦੇ ਹਨ। ਉਹ ‘ਰੱਬ/ਦੈਵੀ ਸ਼ਕਤੀ’ ਨੂੰ ਨਿਰਗੁਣ, ਅਗਿਆਤ, ਅਮੂਰਤ, ਇੰਦਰਿਆਵੀ ਬੋਧ ਤੋਂ ਪਰ੍ਹਾਂ ਦੀ ਕੋਈ ਸੱਤਾ ਕਹੀ ਜਾਣਗੇ, ਪਰ ਨਾਲ ਹੀ ਉਸ ਦੇ ਗੁਣਾਂ ਤੇ ਸ਼ਕਤੀਆਂ ਦੀ ਮਹਿਮਾ ਵੀ ਕਰੀ ਜਾਣਗੇ। ਵਿਰੋਧਾਭਾਸ ਇਹ ਹੈ ਕਿ ਅਗਿਆਤ ਸੱਤਾ ਦੇ ਗੁਣਾਂ ਦੀ ਵਿਆਖਿਆ ਨਾਲ ਗ੍ਰੰਥ ਭਰੇ ਪਏ ਹਨ। ਇਹ ਨੇਮ ਦਸਦਾ ਹੈ ਕਿ ਕਿਸੇ ਸੂਤਰ ਜਾਂ ਧਾਰਨਾ ਵਿਚ ਆਪਾ ਵਿਰੋਧ ਨਹੀਂ ਹੋਣਾ ਚਾਹੀਦਾ। ਜੇ ਕੋਈ ਸੱਤਾ ਅਗਿਆਤ ਹੈ, ਅਮੂਰਤ ਹੈ ਤਾਂ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਇਹ ਨਿਰੀ ਕਲਪਨਾ ਹੈ। ਪਰ ਜੇ ਉਸ ਬਾਰੇ ਗੱਲ ਹੋ ਰਹੀ ਹੈ ਤਾਂ ਉਹ ਅਗਿਆਤ ਜਾਂ ਅਮੂਰਤ ਨਹੀਂ ਰਹਿ ਜਾਂਦੀ। ਜੇ ਉਹ ਸੱਤਾ ਅਸਰ ਕਰ ਰਹੀ ਹੈ ਅਤੇ ਅਸੀਂ ਅਸਰਅੰਦਾਜ਼ ਹੋ ਰਹੇ ਹਾਂ, ਤਾਂ ਉਹ ਪਦਾਰਥ ਦੇ ਨੇਮਾਂ ਅਧੀਨ ਹੈ, ਇਸ ਤੋਂ ਉਪਰ ਜਾਂ ਬਾਹਰ ਨਹੀਂ।
ਤੀਜਾ ਨੇਮ ਵਿਚ-ਵਿਚਾਲੇ ਦੀ ਅਣਹੋਂਦ ਦਾ ਹੈ। ਇਹ ਨੇਮ ਦੱਸਦਾ ਹੈ, ਜਾਂ ਤਾਂ ਕਿਸੇ ਗੱਲ ਦੀ ਹੋਂਦ ਹੈ, ਕੋਈ ਘਟਨਾ ਵਾਪਰ ਰਹੀ ਹੈ ਜਾਂ ਨਾ ਉਸ ਦੀ ਹੋਂਦ ਹੈ, ਨਾ ਵਾਪਰ ਰਹੀ ਹੈ। ਦੋਨੋਂ ਗੱਲਾਂ ਨਹੀਂ ਹੋ ਸਕਦੀਆਂ। ਕੋਈ ਬੰਦਾ ਜੇ ਮਰਿਆ ਹੈ ਤਾਂ ਜਿਉਂਦਾ ਨਹੀਂ ਅਤੇ ਜੇ ਜਿਉਂਦਾ ਹੈ ਤਾਂ ਉਸ ਨੂੰ ਮਰਿਆ ਨਹੀਂ ਆਖਿਆ ਜਾ ਸਕਦਾ। ਵਿਚ-ਵਿਚਾਲਾ ਕੋਈ ਨਹੀਂ। ਕਵਿਤਾ ਵਿਚ ਅਜਿਹੀਆਂ ਅਸੰਗਤੀਆਂ ਮੁਆਫੀ ਯੋਗ ਹਨ। ਜੇ ਸਿਆਸੀ ਪ੍ਰਸੰਗ ਵਿਚ ਦੇਖਣਾ ਹੋਵੇ ਤਾਂ ਪਾਰਟੀਆਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਵਿਰੋਧੀ ਹਿੱਤਾਂ ਵਾਲੇ ਸਮਾਜ ਵਿਚ ਕੋਈ ਪਾਰਟੀ ਜਾਂ ਸਿਆਸੀ ਸਿਧਾਂਤ ਅਜਿਹਾ ਨਹੀਂ ਹੋ ਸਕਦਾ ਜੋ ਸਭ ਦੇ ਹਿੱਤਾਂ ਦਾ ਤਰਜਮਾਨ ਹੋਵੇ। ਕਿਸੇ ਵੀ ਇੱਕ ਵਰਗ, ਇੱਕ ਧਰਮ, ਇੱਕ ਜਾਤ ਜਾਂ ਇਲਾਕੇ ਜਾਂ ਕਾਰਪੋਰੇਟ ਪੱਖੀ ਪਾਰਟੀ ਸਭ ਧਰਮਾਂ, ਸਭ ਜਾਤਾਂ ਜਾਂ ਇਲਾਕਿਆਂ ਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀ। ਆਪਣੇ ਐਲਾਨਨਾਮੇ ਵਿਚ ਅਜਿਹੇ ਦਾਅਵੇ ਭਾਵੇਂ ਲੱਖ ਕੀਤੇ ਹੋਣ! ਇਹ ਦਾਅਵੇ ਇਸ ਨੇਮ ਦੀ ਉਲੰਘਣਾ ਕਰਦੇ ਹਨ, ਇਸ ਲਈ ਝੂਠੇ ਹੁੰਦੇ ਹਨ। ਜਿਹੜੇ ਵੋਟਰ ਇਸ ਨੇਮ ਨੂੰ ਅਣਗੌਲਿਆਂ ਕਰਕੇ, ਗੱਲਾਂ ਵਿਚ ਆ ਕੇ ਮਗਰ ਲੱਗਦੇ ਹਨ, ਬਾਅਦ ਵਿਚ ਉਹ ਮੋਦੀ ਜਾਂ ਟਰੰਪ ਵਰਗਿਆਂ ਨੂੰ ਗਾਲ੍ਹਾਂ ਕੱਢਦੇ ਤੇ ਕੋਸਦੇ ਹਨ ਕਿ ਉਹ ਚੋਣਾਂ ਵਿਚ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਹਨ। ਜਦੋਂ ਕਿ ਇਹ ਨੇਮ ਦਸਦਾ ਹੈ ਕਿ ਅਮਲ ਵਿਚ ਨਿਆਂ ਹੋ ਹੀ ਨਹੀਂ ਸਕਦਾ। ਕੋਈ ਵੀ ਪਾਰਟੀ ਬਹੁਤਾ ਚਿਰ ਵਿਚ-ਵਿਚਾਲਾ ਨਹੀਂ ਕਰ ਸਕਦੀ। ਇਸੇ ਨੇਮ ਦੇ ਆਧਾਰ ‘ਤੇ ਵਿਚ-ਵਿਚਾਲਾ ਰੱਖਣ ਦੀ ਥਾਂ ਫਰਾਂਸ/ਅਮਰੀਕਾ ਵਰਗੇ ਮੁਲਕਾਂ ਵਿਚ ੍ਹੋਰਸe ਅਨਦ ੰਪਅਰਰੋੱ ਸਿਧਾਂਤ ਘੜਿਆ ਗਿਆ ਸੀ ਕਿ ਘੋੜਿਆਂ (ਅਮੀਰਾਂ) ਦਾ ਧਿਆਨ ਰੱਖਿਆ ਜਾਵੇ, ਚਿੜੀਆਂ (ਆਮ ਲੋਕ) ਉਨ੍ਹਾਂ ਦੀ ਲਿੱਦ ਵਿਚਲੇ ਦਾਣੇ ਚੁੱਗ ਕੇ ਹੀ ਖੁਸ਼ੀ ਖੁਸ਼ੀ ਗੁਜਾਰਾ ਕਰ ਲੈਂਦੀਆਂ ਹਨ।
ਤਰਕ ਦੇ ਆਮ ਨੇਮਾਂ ਦੀ ਗੱਲ ਕਰਨ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਆਪਣੇ ਅਕੀਦਿਆਂ ‘ਤੇ ਤਰਕ ਵਰਤਿਆ ਕਿਵੇਂ ਜਾਂਦਾ ਹੈ? ਇਹ ਆਦਤ ਅਤੇ ਦ੍ਰਿਸ਼ਟੀਕੋਣ ਦਾ ਵੀ ਸਵਾਲ ਹੈ। ਤਰਕ ਦਾ ਵਾਹਨ ਦਲੀਲ ਹੈ। ਤਰਕ ਕੁਤਰਕ ਕਰਦਿਆਂ, ਹਰ ਬੰਦਾ ਆਪਣੇ ਹੱਕ ਵਿਚ ਦਲੀਲ ਦਿੰਦਾ ਹੈ। ਦਲੀਲ ਹੈ ਕੀ? ਅਜਿਹਾ ਬਿਆਨ, ਜਿਸ ਵਿਚ ਕਿਸੇ ਵਿਸ਼ਵਾਸ਼, ਘਟਨਾ ਜਾਂ ਵਰਤਾਰੇ ਦੀ ਪੁਸ਼ਟੀ/ਦਾਅਵੇ ਦਾ ਕਾਰਣ ਦੱਸਿਆ ਜਾਵੇ। ਦਲੀਲ ਥੋਥੀ, ਗਲਤ ਜਾਂ ਸਹੀ, ਕੁਝ ਵੀ ਹੋ ਸਕਦੀ ਹੈ। ਮੁੱਖ ਨੁਕਤਾ ਕਾਰਣ ਹੈ। ਜੇ ਦਿੱਤਾ ਗਿਆ ਕਾਰਣ ਸਹੀ ਹੈ ਤਾਂ ਦਲੀਲ ਵਜਨਦਾਰ ਹੈ ਤੇ ਸਿੱਟਾ ਸਹੀ ਹੋਵੇਗਾ, ਨਹੀਂ ਤਾਂ ਗਲਤ। ਇਸ ਦੀ ਅਕਾਦਮਿਕ ਵਿਆਖਿਆ ਅਤੇ ਬਾਰੀਕੀ ਵਿਚ ਜਾਏ ਬਿਨਾ ਦਲੀਲ ਦੀ ਪਰਖ ਲਈ, ਇਸ ਦੀ ਪ੍ਰਸੰਗਿਕਤਾ ਦੇਖਣੀ ਪਵੇਗੀ। ਇਹ ਪ੍ਰਸੰਗ ਤੋਂ ਬਾਹਰ ਨਾ ਹੋਵੇ। ਉਸ ਵਿਚ ਦਿੱਤੇ ਗਏ ਕਾਰਣ ਦਾ ਕੀਤੇ ਗਏ ਦਾਅਵੇ ਨਾਲ ਤਾਰਕਿਕ ਸਬੰਧ ਬਣਦਾ ਹੋਵੇ। ਭਾਵ ਦਲੀਲ ਕਾਰਣ ਅਤੇ ਸਿੱਟੇ ਦੇ ਸਬੰਧਾਂ ਦੀ ਪੁਸ਼ਟੀ ਕਰੇ। ਇਸ ਦੀ ਵਿਆਖਿਆ ਇੱਕ ਖੂਬਸੂਰਤ ਮਿਸਾਲ ਨਾਲ ਕੀਤੀ ਜਾ ਸਕਦੀ ਹੈ। ਇੱਕ ਖੋਜੀ ਤਿਤਲੀ ‘ਤੇ ਤਜਰਬੇ ਕਰ ਰਿਹਾ ਹੈ। ਉਹ ਉਸ ਨੂੰ ਕੱਚ ਦੇ ਜਾਰ ਵਿਚ ਸੁੱਟਦਾ ਹੈ ਅਤੇ ਜਾਰ ਨੂੰ ਠਕੋਰਦਿਆਂ, ਉਡਣ ਲਈ ਕਹਿੰਦਾ ਹੈ। ਤਿਤਲੀ ਹੌਲੀ ਹੌਲੀ ਰਿਸਕਦੀ ਉਡ ਜਾਂਦੀ ਹੈ। ਉਸ ਦੇ ਖੰਭ ਕੱਟ ਕੇ ਉਹ ਫੇਰ ਜਾਰ ਵਿਚ ਸੁੱਟਦਾ ਹੈ ਤੇ ਠਕੋਰਦਿਆਂ, ਤਿਤਲੀ ਨੂੰ ਉਡ ਜਾਣ ਲਈ ਕਹਿੰਦਾ ਹੈ। ਤਿਤਲੀ ਨਹੀਂ ਉਡਦੀ। ਕਾਪੀ-ਪੈਨ ਚੁੱਕ ਕੇ ਉਹ ਸਿੱਟਾ ਨੋਟ ਕਰਦਾ ਹੈ। ‘ਜਦੋਂ ਤਿਤਲੀ ਦੇ ਖੰਭ ਕੱਟ ਦਿੱਤੇ ਜਾਣ ਤਾਂ ਉਸ ਨੂੰ ਸੁਣਨੋ ਹਟ ਜਾਂਦਾ ਹੈ।’ ਇਸ ਦਾ ਆਧਾਰ ਉਹ ਇਸ ਗੱਲ ਨੂੰ ਬਣਾਉਂਦਾ ਹੈ ਕਿ ਤਿਤਲੀ ਇਸ ਲਈ ਨਹੀਂ ਉਡ ਰਹੀ ਕਿਉਂਕਿ ਉਹ ਉਸ ਦੀ ਗੱਲ ਨਹੀਂ ਸੁਣ ਰਹੀ। ਜਦੋਂ ਕਿ ਅਸਲ ਵਿਚ, ਮਸਲਾ ਉਸ ਦੇ ਸੁਣਨ ਦਾ ਨਹੀਂ, ਕੱਟੇ ਗਏ ਖੰਭਾਂ ਦਾ ਹੈ, ਜਿਨ੍ਹਾਂ ਕਰਕੇ ਉਹ ਉੁਡ ਨਹੀਂ ਰਹੀ। ਕੱਢੇ ਗਏ ਸਿੱਟੇ ਅਤੇ ਕਾਰਣ ਵਿਚਲੇ ਤਾਰਕਿਕ ਸਬੰਧਾਂ ਦੇ ਦੋਸ਼ ਦੀ ਇਹ ਵਧੀਆ ਮਿਸਾਲ ਹੈ। ਅਜਿਹੀਆਂ ਦਲੀਲਾਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ ਹਨ। ਇਸ ਆਧਾਰ ‘ਤੇ ਅਸੀਂ ਕਿਸੇ ਦਲੀਲ ਦੇ ਸਹੀ ਜਾਂ ਗਲਤ ਹੋਣ ਨੂੰ ਪਰਖ ਸਕਦੇ ਹਾਂ। ਦਲੀਲ ਭਾਵਨਾਵਾਂ ਦੀ ਥਾਂ, ਬੰਦੇ ਦੀ ਸਮਝ ਬੂਝ ਨੂੰ ਟੁੰਬਦੀ ਹੈ। ਉਹ ਪ੍ਰਸੰਗ ਵਿਚ ਰਹਿੰਦਿਆਂ, ਕਾਰਣ ਅਤੇ ਸਿੱਟੇ ਦੇ ਸਬੰਧਾਂ ਨੂੰ ਮੰਨਣਯੋਗ ਬਣਾਉਂਦੀ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ‘ਆਕਾਸ਼ ਵਿਚ ਬੱਦਲ ਨਹੀਂ ਸੀ, ਪਰ ਮੀਂਹ ਪੈ ਰਿਹਾ ਸੀ।’
ਤਰਕ ਹਰ ਬੰਦੇ ਨੂੰ ਵਾਰਾ ਨਹੀਂ ਖਾਂਦਾ। ਬਹੁਤ ਸਾਰੇ ਸ਼ਖਸ ਅਜਿਹੇ ਮਿਲ ਜਾਣਗੇ ਜਿਨ੍ਹਾਂ ਨੂੰ ਅਤਾਰਕਿਕ ਜਿਉਣ ਢੰਗ ਚੰਗਾ ਲਗਦਾ ਹੈ, ਉਹ ਦਲੀਲ ਤੋਂ ਡਰਦੇ ਹਨ। ਮਿਸਾਲ ਵਜੋਂ ਜਦੋਂ ਇੱਕ ਸ਼ਖਸ ਨੂੰ ਤਕਰਸ਼ੀਲ ਸਾਹਿਤ ਦਾ ਸੈਟ ਦਿੱਤਾ ਗਿਆ ਤਾਂ ਉਸ ਨੇ ਇਹ ਕਹਿ ਕੇ ਲੈਣੋਂ ਨਾਂਹ ਕਰ ਦਿੱਤੀ ਕਿ ਇਨ੍ਹਾਂ ਵਿਚ ਉਨ੍ਹਾਂ ਵਿਚਾਰਾਂ ਅਤੇ ਸਿਧਾਂਤਾਂ ਖਿਲਾਫ ਲਿਖਿਆ ਹੋਇਆ ਹੈ, ਜਿਨ੍ਹਾਂ ਵਿਚ ਉਸ ਦੀ ਡੂੰਘੀ ਆਸਥਾ ਹੈ। ਉਸ ਨੂੰ ਤਰਕਸ਼ੀਲ ਸਰਗਰਮੀਆਂ ਦਾ ਪਤਾ ਸੀ। ਉਸ ਦੀਆਂ ਗੱਲਾਂ ਵਿਚੋਂ ਸੂਹ ਮਿਲਦੀ ਹੈ ਕਿ ਤਰਕ ਦੀ ਵਰਤੋਂ ਵਿਚਾਰਵਾਦੀ/ਧਾਰਮਿਕ ਫਲਸਫੇ ਨਾਲ ਟਕਰਾਉਂਦੀ ਹੈ। ਅਜਿਹੇ ਬੰਦੇ ਤਰਕ (ਵਿਗਿਆਨ) ਨਾਲ ਪੈਦਾ ਕੀਤੀਆਂ ਚੀਜਾਂ/ਵਸਤਾਂ ਤਾਂ ਵਰਤੀ ਜਾਣਗੇ, ਪਰ ਇਸ ਨੂੰ ਦ੍ਰਿਸ਼ਟੀਕੋਣ ਵਜੋਂ ਅਪਨਾਉਣ ਤੋਂ ਤ੍ਰਹਿਣਗੇ। ਇਸੇ ਵਿਚੋਂ ਹੀ ਕਈ ਧਾਰਮਿਕ/ਪਾਰਟੀਆਂ ਅਦਾਰਿਆਂ ਵੱਲੋਂ ਤਰਕਸ਼ੀਲਤਾ ਖਿਲਾਫ ਮਤੇ ਪਾਉਣਾ ਸਮਝ ਆਉਂਦਾ ਹੈ।
ਵਿਚਾਰਵਾਦੀ ਤਰਕ ਦੀ ਲੰਗੜੀ ਵਰਤੋਂ ਕਰਨਗੇ, ਉਹ ਟਰੈਕਟਰ ਵੀ ਵਾਹੀ ਜਾਣਗੇ, ਉਸ ਦੇ ਨਿਰਮਾਤਾ ਅਤੇ ਕਾਢੀ ਦੀ ਥਾਂ, ਸ਼ੁਕਰ ‘ਉਪਰਲੇ’ ਦਾ ਕਰਨਗੇ। ਡਾæ ਸੁਰਜੀਤ ਸਿੰਘ ਢਿੱਲੋਂ ਮੁਤਾਬਕ “ਆਮ ਬੰਦਾ ਤਕਨਾਲੌਜੀ ਦਾ ਲਾਭ ਭਾਵੇਂ ਲੈ ਰਿਹਾ ਹੈ, ਪਰ ਵਿਗਿਆਨ ਕੀ ਹੈ ਅਤੇ ਇਸ ਦੀਆਂ ਜੀਵਨ ਪ੍ਰਤੀ ਮੂਲ ਧਾਰਨਾਵਾਂ ਕੀ ਹਨ, ਇਸ ਦਾ ਉਸ ਨੂੰ ਕੋਈ ਅਨੁਭਵ ਨਹੀਂ ਹੈ।” ਤਰਕ ਦੀ ਭਰਪੂਰ ਵਰਤੋਂ ਸਿਰਫ ਪਦਾਰਥਵਾਦੀ ਹੀ ਕਰ ਸਕਦੇ ਹਨ। ਪਦਾਰਥਵਾਦ (ਫਲਸਫੇ) ਤੋਂ ਅਗਵਾਈ ਲੈਂਦਿਆਂ, ਤਰਕ ਦੇ ਨੇਮਾਂ ਦੀ ਪਾਲਣਾ ਕਰਕੇ (ਵਿਧੀ), ਇਨ੍ਹਾਂ ਦੀ ਲੋਕ-ਹਿੱਤ (ਜੀਵਨ ਦ੍ਰਿਸ਼ਟੀਕੋਣ) ਵਿਚ ਵਰਤੋਂ ਕਰਕੇ ਹੀ ਕੋਈ ਜਣਾ ਖਰਾ ਤਰਕਸ਼ੀਲ ਬਣ ਸਕਦਾ ਹੈ। ਉਹ ਤਰਕ ਦੀ ਲਖ ਵਰਤੋਂ ਕਰੀ ਜਾਵੇ, ਤਰਕਸ਼ੀਲਤਾ ਦੀ ਕੋਟੀ ਵਿਚ ਨਹੀਂ ਆਉਂਦਾ।
ਜਦੋਂ ਅਕੀਦਿਆਂ ਦੀ ਚੀਰ-ਫਾੜ ਕਰੀਏ ਤਾ ਪਤਾ ਲਗਦਾ ਹੈ ਕਿ ਆਮ ਕਰਕੇ ਬੰਦੇ ਵਿਰੋਧੀ ਦ੍ਰਿਸ਼ਟੀਕੋਣਾਂ ਦਾ ਮਿਲਗੋਭਾ ਹੁੰਦੇ ਹਨ। ਉਹ ਇੱਕ ਗੱਲ ਕਿਸੇ ਇਕ ਦ੍ਰਿਸ਼ਟੀਕੋਣ ਤੋਂ ਕਰਦੇ ਹਨ ਤਾਂ ਦੂਜੀ ਕਿਸੇ ਹੋਰ ਤੋਂ। ਉਹ ‘ਮੱਥੇ ਦੀ ਲਿਖੀ’ ਨੂੰ ਵੀ ਮੰਨੀ ਜਾਣਗੇ ਤੇ ਮੌਤ ਤੋਂ ਡਰੀ ਵੀ ਜਾਣਗੇ, ਜਦੋਂ ਲਾਲ ਬੱਤੀ ਹੋ ਜਾਵੇ ਤਾਂ ਕਾਰ ਨੂੰ ਝੱਟ ਬਰੇਕਾਂ ਲਾ ਦੇਣਗੇ। ਫਲਸਫੇ ਤੇ ਪਕੜ ਦੀ ਘਾਟ ਕਾਰਣ ਇਹ ਭੰਬਲਭੂਸਾ ਪਿਆ ਰਹਿੰਦਾ ਹੈ ਅਤੇ ਇਸੇ ਲਈ ਅਜਿਹੇ ਬੰਦੇ ਦੀ ਪ੍ਰਤੀਬੱਧਤਾ ਸਮੇਂ ਸਮੇਂ ਬਦਲਦੀ ਰਹਿੰਦੀ ਹੈ। ਉਨ੍ਹਾਂ ਨੂੰ ਕਦੇ ਨਕਸਲੀ, ਕਦੇ ਅਕਾਲੀ, ਕਦੇ ਕਾਂਗਰਸੀ, ਕਦੇ ਅੰਮ੍ਰਿਤਧਾਰੀ ਸਰੂਪ ਵਿਚ ਦੇਖਿਆ ਜਾ ਸਕਦਾ ਹੈ। ਆਪਣੀ ਮੌਕਾਪ੍ਰਸਤੀ ਨੂੰ ਉਹ ‘ਵਿਗਾਸ’ ਸਮਝਦੇ ਹਨ। ਖੈਰ! ਇਹ ਉਨ੍ਹਾਂ ਦਾ ਨਿਜੀ ਮਸਲਾ ਹੈ। ਪਰ ਤਰਸ ਉਨ੍ਹਾਂ ਸਫਾਂ ‘ਤੇ ਆਉਂਦਾ ਹੈ, ਜੋ ਉਨ੍ਹਾਂ ਦੇ ਮਗਰ ਲੱਗ ਕੇ, ਉਨ੍ਹਾਂ ਸੰਕਲਪਾਂ/ਅਕੀਦਿਆਂ ਖਿਲਾਫ ਬੋਲਣ ਲਈ ਸਰਾਪੇ ਜਾਂਦੇ ਹਨ, ਜਿਨ੍ਹਾਂ ਦੇ ਹੱਕ ਵਿਚ ਉਹ ਕਦੇ ਬੁਲੰਦ ਆਵਾਜ਼ ਵਿਚ ਨਾਹਰੇ ਲਾਉਂਦੇ ਰਹੇ ਹਨ। ਇਹ ਆਪਾ-ਚੀਨਣ ਤੋਂ ਘੇਸਲ ਵੱਟਣ ਅਤੇ ਪਿਛਲੱਗ ਹੋਣ ਕਰਕੇ ਹੈ।
ਦ੍ਰਿਸ਼ਟੀਕੋਣ ਤੁਹਾਡਾ ਮਾਰਗ ਦਰਸ਼ਕ ਹੈ, ਘਾਲਣਾ ਘਾਲ ਕੇ ਹੀ ਅਪਨਾਉਣਾ ਚਾਹੀਦਾ ਹੈ, ਉਧਾਰਾ ਲੈ ਕੇ ਨਹੀਂ। ਇਸ ਦੀ ਕਸੌਟੀ ‘ਤੇ ਵਰਤੇ ਜਾਂਦੇ ਸ਼ਬਦਾਂ/ਵਿਚਾਰਾਂ/ਸੰਕਲਪਾਂ ਦੀ ਚੀਰ-ਫਾੜ ਹੁੰਦੀ ਰਹੇ ਤੇ ਉਨ੍ਹਾਂ ਨੂੰ ਅਮਲ ਵਿਚ ਲਾਗੂ ਕਰਨ ਦਾ ਅਭਿਆਸ ਜਾਰੀ ਰੱਖਿਆ ਜਾਵੇ। ਸਿਆਸੀ ਤੇ ਧਾਰਮਿਕ ਘਚੋਲੇਵਾਦੀਆਂ ਵਲੋਂ ਵਰਗਲਾਏ ਜਾਣ ਤੋਂ ਬਚਣ ਲਈ ਇਸ ਦੀ ਅਣਸਰਦੀ ਲੋੜ ਹੈ। ਇਸ ਨਿਰਖ-ਪਰਖ ਦੀ ਪ੍ਰਕ੍ਰਿਆ ਵਿਚ ਹੀ ਹਰ ਤਰ੍ਹਾਂ ਦੀ ਸ਼ਾਂਤੀ, ਸੰਜਮ, ਟਿਕਾਅ, ਸਵੈ-ਭਰੋਸਾ, ਸਹਿਜ, ਸੰਤੁਲਨ ਅਤੇ ਜੀਵਨ ਦਾ ਸੰਗੀਤ ਲੁਕਿਆ ਹੋਇਆ ਹੈ।