ਸ਼ਬਦਾਂ ਦਾ ਮਦਾਰੀ

ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ-4
ਪੰਜਾਬੀ ਵਿਚ ਠੁੱਕਦਾਰ ਰਚਨਾਵਾਂ ਦੇਣ ਵਾਲੇ ਲਿਖਾਰੀ ਬਲਵੰਤ ਗਾਰਗੀ (4 ਦਸੰਬਰ 1916-22 ਅਪਰੈਲ 2003) ਦਾ ਰੰਗ ਸੱਚਮੁੱਚ ਨਿਵੇਕਲਾ ਸੀ। ਉਸ ਦੀ ਮੁੱਖ ਪਛਾਣ ਭਾਵੇਂ ਨਾਟਕਕਾਰ ਵਜੋਂ ਬਣੀ, ਪਰ ਕਹਾਣੀ, ਵਾਰਤਕ ਆਦਿ ਲਿਖਣ ਵਿਚ ਵੀ ਉਹ ਚੋਟੀ ਦੇ ਲੇਖਕਾਂ ਦੇ ਬਰਾਬਰ ਤੁਲਦਾ ਸੀ। ਮੰਨਿਆ ਜਾਂਦਾ ਹੈ ਕਿ ਪੰਜਾਬੀ ਵਿਚ ਉਸ ਵਰਗਾ ਕੋਈ ਹੋਰ ਨਾਟਕਕਾਰ ਨਹੀਂ। ਪੰਜਾਬੀ ਵਿਚ ਰੇਖਾ ਚਿੱਤਰ ਉਸ ਦੀ ਬਦੌਲਤ ਹੀ ਪ੍ਰਵਾਨ ਚੜ੍ਹੇ। ਇਨ੍ਹਾਂ ਰਚਨਾਵਾਂ ਲਈ ਭਾਵੇਂ ਉਸ ਨੇ ਮਹਾਨ ਉਰਦੂ ਲਿਖਾਰੀ ਸਆਦਤ ਹਸਨ ਮੰਟੋ ਤੋਂ ਪ੍ਰੇਰਣਾ ਲਈ, ਪਰ ਉਸ ਦੇ ਲਿਖੇ ਰੇਖਾ ਚਿੱਤਰਾਂ ਵਿਚ ਬਹੁਤ ਕੁਝ ਉਸ ਦਾ ਆਪਣਾ ਸੀ ਜਿਸ ਕਾਰਨ ਤੁਰੰਤ ਉਸ ਦੀ ਪੈਂਠ ਬਣ ਗਈ।

ਇਹ ਵੱਖਰੀ ਗੱਲ ਹੈ ਕਿ ਉਸ ਦੇ ਰੇਖਾ ਚਿੱਤਰਾਂ ਨੇ ਵਿਵਾਦ ਵੀ ਬਥੇਰੇ ਪੈਦਾ ਕੀਤੇ। ਜਿਵੇਂ ਉਸ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਰੇਖਾ ਚਿਤਰ ਲਿਖੇ, ਇਵੇਂ ਹੋਰ ਲਿਖਾਰੀਆਂ ਨੇ ਵੀ ਉਸ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਨੂੰ ਉਭਾਰਦੇ ਰੇਖਾ ਚਿੱਤਰ ਲਿਖੇ। ਗਾਰਗੀ ਦਾ 1962 ਵਿਚ ਸਾਹਿਤ ਅਕਾਦਮੀ ਪੁਰਸਕਾਰ ਅਤੇ 1972 ਵਿਚ ਪਦਮਸ੍ਰੀ ਅਵਾਰਡ ਨਾਲ ਸਨਮਾਨ ਕੀਤਾ ਗਿਆ। ਗਾਰਗੀ ਦੀ ਜਨਮ ਸ਼ਤਾਬਦੀ ਮੌਕੇ ਉਘੇ ਲਿਖਾਰੀ ਪ੍ਰਿੰæ ਸਰਵਣ ਸਿੰਘ ਨੇ ਗਾਰਗੀ ਬਾਰੇ ਲੰਮਾ ਲੇਖ ‘ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ’ ਪੰਜਾਬ ਟਾਈਮਜ਼ ਲਈ ਭੇਜਿਆ ਹੈ। ਐਤਕੀਂ ਇਸ ਲੇਖ ਦੀ ਆਖਰੀ ਕਿਸ਼ਤ ਵਿਚ ਉਸ ਬਾਰੇ ਵੱਖ-ਵੱਖ ਲਿਖਾਰੀਆਂ ਦੀ ਰਾਏ ਬਾਬਤ ਚਰਚਾ ਕੀਤੀ ਗਈ ਹੈ। ਨਫਾਸਤ ਨੂੰ ਮੁੱਖ ਰੱਖਦਿਆਂ ਕਿਤੇ ਕਿਤੇ ਲੇਖ ਦੀ ਕਾਂਟ-ਛਾਂਟ ਵੀ ਕੀਤੀ ਗਈ ਹੈ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਗਾਰਗੀ ਆਸ਼ਕ ਮਿਜ਼ਾਜ, ਫਿਕਰੇਬਾਜ਼, ਫੈਸ਼ਨਬਾਜ਼ ਤੇ ਡਰਾਮੇਬਾਜ਼ ਤਾਂ ਸੀ ਹੀ, ਝਗੜੇਬਾਜ਼ ਵੀ ਸੀ। ਗੱਲ 80ਵਿਆਂ ਵਿਚ ਦਿੱਲੀ ‘ਚ ਹੋਈ ਪੰਜਾਬੀ ਕਾਨਫਰੰਸ ਦੀ ਹੈ। ਡਾæ ਰਣਜੀਤ ਸਿੰਘ ਦੱਸਦਾ ਹੈ ਕਿ ਗਾਰਗੀ ਵੀ ਉਨ੍ਹਾਂ ਕੋਲ ਆ ਕੇ ਖੜ੍ਹੇ ਹੋ ਗਏ ਅਤੇ ਗੱਲੀਂ ਰੁਝ ਗਏ। ਰਣਜੀਤ ਸਿੰਘ ਨੇ ਮੀਸ਼ੇ ਨੂੰ ਕੁਰਸੀ ਛੱਡੀ ਸੀ। ਕੁਝ ਦੇਰ ਪਿੱਛੋਂ ਗਾਰਗੀ ਨੇ ਮੀਸ਼ੇ ਨੂੰ ਕੁਰਸੀ ਛੱਡਣ ਲਈ ਆਖਿਆ, ਪਰ ਮੀਸ਼ੇ ਨੇ ਨਾਂਹ ਕਰ ਦਿੱਤੀ। ਦੋਵੇਂ ਚੋਟੀ ਦੇ ਲੇਖਕ, ਦੋਵਾਂ ਵਿਚ ਕੁਝ ਨਿਰਾਸ਼ਾ ਵੀ ਝਲਕਦੀ ਸੀ ਕਿਉਂਕਿ ਕਾਨਫਰੰਸ ਵਿਚ ਉਨ੍ਹਾਂ ਨੂੰ ਕੋਈ ਬਹੁਤੀ ਮਹੱਤਤਾ ਨਹੀਂ ਸੀ ਦਿੱਤੀ ਗਈ। ਤਕਰਾਰ ਹੋਣ ਲੱਗੀ। ਅਸੀਂ ਇਸ ਨੂੰ ਸਹਿਜ ਭਾਅ ਲਿਆ ਕਿਉਂਕਿ ਲੇਖਕਾਂ ਵਿਚ ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ। ਗੱਲ ਤੂੰ-ਤੂੰ ਮੈਂ-ਮੈਂ ਤਕ ਪੁੱਜ ਗਈ। ਮੀਸ਼ਾ ਵੀ ਕੁਰਸੀ ਤੋਂ ਉਠ ਖੜ੍ਹਾ ਹੋਇਆ। ਨੌਬਤ ਗਾਲ੍ਹਾਂ ਤਕ ਪੁੱਜ ਗਈ। ਮੈਂ ਮੀਸ਼ੇ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਾਂ ਤੇ ਅਜੀਤ ਕੌਰ ਗਾਰਗੀ ਨੂੰ। ਦੋਵੇਂ ਹੀ ਘੱਟ ਬੋਲਣ ਤੇ ਚੁੱਪ ਰਹਿਣ ਵਾਲੇ ਲੇਖਕ ਸਨ। ਉਨ੍ਹਾਂ ਦਾ ਇਹ ਰੂਪ ਹੈਰਾਨ ਕਰਨ ਵਾਲਾ ਸੀ ਅਤੇ ਦੁਖਦਾਈ ਵੀ। ਰੋਕਣ ਦੇ ਬਾਵਜੂਦ ਗਾਰਗੀ ਤੇ ਮੀਸ਼ਾ ਹੱਥੋਪਾਈ ਹੋ ਗਏ। ਖੂਬ ਤਮਾਸ਼ਾ ਹੋਣ ਲੱਗਿਆ।
ਰੌਲਾ ਸੁਣ ਕੇ ਲੇਖਕਾਂ ਦੀ ਭੀੜ ਇਕੱਠੀ ਹੋ ਗਈ। ਉਹ ਦੋਵੇਂ ਇਕ ਦੂਜੇ ਨੂੰ ਘਸੁੰਨ ਮਾਰ ਰਹੇ ਸਨ ਤੇ ਗਾਲ੍ਹਾਂ ਕੱਢ ਰਹੇ ਸਨ। ਬੜੀ ਮੁਸ਼ਕਿਲ ਨਾਲ ਦੋਵਾਂ ਨੂੰ ਅੱਡੋ ਅੱਡ ਕੀਤਾ। ਉਹ ਫਿਰ ਵੀ ਇਕ ਦੂਜੇ ਨੂੰ ਝੱਈਆਂ ਲੈ-ਲੈ ਪੈ ਰਹੇ ਸਨ। ਸ਼ਾਂਤ ਕਰਨ ਲਈ ਇਕ ਦੂਜੇ ਤੋਂ ਦੂਰ ਲਿਜਾਇਆ ਗਿਆ। ਮੈਂ ਹੈਰਾਨ ਸਾਂ। ਦੋਵੇਂ ਪੰਜਾਬੀ ਸਾਹਿਤ ਦੇ ਟੀਸੀ ਦੇ ਬੇਰ ਸਨ। ਦੋਹਾਂ ਦੀਆਂ ਲਿਖਤਾਂ ਵਿਚ ਮਿਠਾਸ ਸੀ, ਫਿਰ ਵੀ ਪਤਾ ਨਹੀਂ ਕਿਉਂ, ਦੋਵਾਂ ਅੰਦਰ ਏਨੀ ਕੁੜਿੱਤਣ ਭਰੀ ਪਈ ਸੀ? ਸੋਚਦਾ ਹਾਂ ਕਿ ਸ਼ਾਇਦ ਇਸੇ ਕੁੜਿੱਤਣ ਦਾ ਅਸਰ ਸੀ, ਦੋਵਾਂ ਦਾ ਅੰਤ ਦੁਖਦਾਈ ਹੋਇਆ। ਕੁੜਿੱਤਣ ਮਨੁੱਖ ਨੂੰ ਅੰਦਰੋ-ਅੰਦਰੀ ਤੋੜ ਦਿੰਦੀ ਹੈ।
ਗਾਰਗੀ ਨੂੰ ਆਖਰੀ ਉਮਰੇ ਭੁੱਲਣ-ਰੋਗ ਹੋ ਗਿਆ ਸੀ ਜਿਸ ਨਾਲ ਪਿਛਲੀ ਸਾਰੀ ਯਾਦਾਸ਼ਤ ਜਾਂਦੀ ਰਹੀ ਸੀ। ਨਾ ਦੁੱਗਲ ਨੂੰ ਸਿਆਣ ਸਕਦਾ ਸੀ, ਨਾ ਗੁਲਜ਼ਾਰ ਸੰਧੂ ਨੂੰ। ਉਹ ਪਰ-ਨਿਰਭਰ ਹੋ ਗਿਆ ਸੀ। ਉਹਦਾ ਪੁੱਤਰ ਮਨੂੰ ਉਸ ਨੂੰ ਮੁੰਬਈ ਲੈ ਗਿਆ ਸੀ ਤੇ ਸੇਵਾ ਸੰਭਾਲ ਲਈ ਸੇਵਾਦਾਰ ਰੱਖ ਦਿੱਤਾ ਸੀ। ਉਹਦੇ ਪੁਰਾਣੇ ਮਿੱਤਰ ਉਹਦਾ ਹਾਲ-ਚਾਲ ਪੁੱਛਣ ਜਾਂਦੇ ਤਾਂ ਉਹ ਕਿਸੇ ਨੂੰ ਵੀ ਸਿਆਣ ਨਾ ਸਕਦਾ। ਇਥੋਂ ਤਕ ਕਿ ਉਹ ਆਪਣਾ ਨਾਂ ਲਿਖਣਾ ਵੀ ਭੁੱਲ ਗਿਆ ਸੀ। ਬੁਢਾਪੇ ਦੇ ਆਖਰੀ ਦਿਨ ਉਸ ਨੇ ਬੜੇ ਦੁਖਦਾਈ ਕੱਟੇ। ਆਖਰ ਉਸ ਦਾ ਦੇਹਾਂਤ ਮੁੰਬਈ ਵਿਚ ਹੀ ਹੋਇਆ।

ਗਾਰਗੀ ਦੇ ਰੇਖਾ ਚਿੱਤਰਾਂ ਦਾ ਸੰਪੂਰਨ ਸੰਗ੍ਰਿਹ ‘ਸ਼ਰਬਤ ਦੀਆਂ ਘੁੱਟਾਂ’ ਹੈ। ਇਹ ਰੇਖਾ ਚਿੱਤਰ ਗਾਰਗੀ ਦੀ ਸ਼ੈਲੀ ਤੇ ਸੂਝ ਦਾ ਕਮਾਲ ਹਨ। ਇਹ ਮਤਾਬੀਆਂ ਵਾਂਗ ਲਟ ਲਟ ਬਲਦੇ, ਤਰ੍ਹਾਂ ਤਰ੍ਹਾਂ ਦੇ ਰੰਗ ਛਡਦੇ ਨਜ਼ਰ ਪੈਂਦੇ ਹਨ। ਇਨ੍ਹਾਂ ਵਿਚ ਛੱਤੀ ਨਾਮਵਰ ਲੇਖਕਾਂ ਦੇ ਜੀਵਨ ਚਿੱਤਰ ਹਨ ਜਿਨ੍ਹਾਂ ਵਿਚੋਂ ਕਈ ਹਸਤੀਆਂ ਹੁਣ ਗਾਰਗੀ ਵਾਂਗ ਜ਼ਿੰਦਾ ਨਹੀਂ, ਪਰ ਉਨ੍ਹਾਂ ਦੀ ਕਲਾ, ਚਿਹਰੇ, ਗੱਲਾਂ ਤੇ ਉਨ੍ਹਾਂ ਦੇ ਜਜ਼ਬਿਆਂ ਦੀ ਦਾਸਤਾਨ ਇਨ੍ਹਾਂ ਸ਼ਬਦ ਚਿੱਤਰਾਂ ਵਿਚ ਜਿਉਂਦੀ ਹੈ। ਗਾਰਗੀ ਨੇ ਇਸ ਪੁਸਤਕ ਦੇ ਸਮਰਪਣ ਪੰਨੇ ਉਤੇ ਲਿਖਿਆ ਹੈ: ਉਸ ਲੇਖਕ ਨੂੰ ਜੋ ਮੇਰੀ ਮੌਤ ਪਿੱਛੋਂ ਮੇਰੇ ਉਤੇ ਅਜਿਹਾ ਰੇਖਾ ਚਿੱਤਰ ਲਿਖੇ। ਗਾਰਗੀ ਜਿਹਾ ਰੇਖਾ ਚਿੱਤਰ ਤਾਂ ਖੈਰ ਗਾਰਗੀ ਹੀ ਲਿਖ ਸਕਦਾ ਸੀ, ਮੇਰੇ ਵਰਗੇ ਖਿਡਾਰੀਆਂ ਦੇ ਰੇਖਾ ਚਿੱਤਰਕਾਰ ਨੂੰ ਗਾਰਗੀ ਬਾਰੇ ਗਾਰਗੀ ਸ਼ੈਲੀ ਵਿਚ ਇਸ ਲਈ ਲਿਖਣਾ ਪੈ ਗਿਐ ਕਿ ਉਸ ਨੇ ਚੈਲੰਜ ਦਿੱਤਾ ਹੈ! ਉਹਦੀ ਜਨਮ ਸ਼ਤਾਬਦੀ ਸਮੇਂ ਲਿਖਣਾ ਢੁਕਵਾਂ ਮੌਕਾ ਬਣ ਗਿਆ।
ਕਾਮ ਕਲੋਲਾਂ ਦੇ ਨਾਲ ਗਾਰਗੀ ਦੀਆਂ ਲਿਖਤਾਂ ਵਿਚ ਦ੍ਰਿਸ਼ ਵਰਣਨ ਵੀ ਕਮਾਲ ਦਾ ਸੀ। ‘ਪਾਤਾਲ ਦੀ ਧਰਤੀ’ ਵਿਚੋਂ ਨਿਊ ਯਾਰਕ ਦਾ ਦ੍ਰਿਸ਼ ਪੜ੍ਹੋ, “ਥਾਂ-ਥਾਂ ਭੱਠੀਆਂ ਉਤੇ ਕੜਾਹੀਆਂ ਚੜ੍ਹੀਆਂ ਹੋਈਆਂ ਸਨ। ਕਣਕਵੰਨੇ ਰੰਗ ਦੀਆਂ ਮੋਟੀਆਂ ਇਤਾਲਵੀ ਔਰਤਾਂ ਪਕੌੜੇ ਤੇ ਮੱਠੀਆਂ ਤਲ ਰਹੀਆਂ ਸਨ। ਕੋਈ ਕੇਕੜੇ ਭੁੰਨ ਰਹੀ ਸੀ, ਕੋਈ ਸੰਘਾੜੇ, ਕੋਈ ਕਾਜੂ। ਲੋਹੇ ਦੀਆਂ ਪਰਾਤਾਂ ਵਿਚ ਫੈਣੀਆਂ ਤੇ ਸੇਵੀਆਂ ਪਈਆਂ ਸਨ। ਫਲੂਦਾ ਵਿਕ ਰਿਹਾ ਸੀ। ਮੈਦੇ ਨੂੰ ਘੋਲ ਕੇ ਲੇਈ ਜਿਹੀ ਬਣਾਈ ਹੋਈ ਸੀ ਅਤੇ ਉਸ ਵਿਚ ਸੂਰ ਦੇ ਮਾਸ ਦੇ ਪੇੜੇ ਲਬੇੜ-ਲਬੇੜ ਤੱਤੇ ਤੇਲ ਦੀ ਕੜਾਹੀ ਵਿਚ ਸੁੱਟ ਰਹੀਆਂ ਸਨ। ਗਰਮ-ਗਰਮ ਮਸਾਲੇ। ਚਟਣੀਆਂ ਤੇ ਤਲੇ ਹੋਏ ਮਾਸ ਦੇ ਪਕੌੜਿਆਂ ਦਾ ਧੂੰਆਂ ਉਠ ਰਿਹਾ ਸੀ। ਕਈ ਕੁੜੀਆਂ ਤਰਬੂਜ਼ ਕੱਟ ਕੇ ਵੇਚ ਰਹੀਆਂ ਸਨ ਅਤੇ ਨਾਲ-ਨਾਲ ਬਾਈਬਲ ਦਾ ਪਾਠ ਕਰ ਰਹੀਆਂ ਸਨ। ਭਰਵੇਂ ਜਬਾੜਿਆਂ ਤੇ ਨੰਗੇ ਪਿੰਡਿਆਂ ਵਾਲੇ ਨਾਨਬਾਈ ਹਾਕਾਂ ਮਾਰ ਰਹੇ ਸਨ ਕਿ ਕੋਈ ਆਵੇ ਤੇ ਉਨ੍ਹਾਂ ਦੀਆਂ ਅਸਲੀ ਇਤਾਲਵੀ ਸੇਵੀਆਂ ਖਾਵੇ।”
ਦਿੱਲੀ ਦਾ ਦ੍ਰਿਸ਼: ਉਥੇ ਭੱਠੀਆਂ ‘ਤੇ ਗੋਸ਼ਤ ਦੇ ਵੱਡੇ ਪਤੀਲੇ ਉਬਲ ਰਹੇ ਹੁੰਦੇ, ਬਰਿਆਨੀ ਦੀ ਖੁਸ਼ਬੂ ਉਡ ਰਹੀ ਹੁੰਦੀ। ਭਾਰੀ ਲੱਕੜਾਂ ਦੇ ਮੁੱਢ ਜਲਦੇ ਦਿਖਾਈ ਦਿੰਦੇ। ਚੁੱਲ੍ਹਿਆਂ ‘ਤੇ ਨਾਨਬਾਈ ਬੈਠੇ ਆਟੇ ਦੀਆਂ ਤੌਣਾਂ ਗੁੰਨ੍ਹਦੇ ਤੇ ਵੱਡੀਆਂ ਤਵੀਆਂ ‘ਤੇ ਰੁਮਾਲੀਆਂ ਸੇਕਦੇ। ਕਸਾਈਆਂ ਦੀਆਂ ਦੁਕਾਨਾਂ ‘ਤੇ ਛਿੱਲੇ ਹੋਏ ਦੁੰਬੇ ਪੁੱਠੇ ਲਟਕਦੇ। ਰਿਕਸ਼ਿਆਂ ‘ਤੇ ਕਾਲੇ ਬੁਰਕਿਆਂ ਵਾਲੀਆਂ ਤੀਵੀਆਂ ਬਿੱਲੀਆਂ ਵਾਂਗ ਬੈਠੀਆਂ ਝਾਕਦੀਆਂ। ਲੰਮੀਆਂ ਦਾੜ੍ਹੀਆਂ ਵਾਲੇ ਫਕੀਰ ਅੱਲਾਹ ਦੇ ਨਾਮ ‘ਤੇ ਖੈਰਾਤ ਮੰਗਦੇ।
ਲੰਡਨ ਦੇ ਸਾਥੀ ਲੁਧਿਆਣਵੀ ਨੇ 1990 ਵਿਚ ਗਾਰਗੀ ਨਾਲ ਰੇਡੀਓ ਇੰਟਰਵਿਊ ਕੀਤਾ। ਗਾਰਗੀ ਦੇ ਜਵਾਬ ਹਨ:
-ਲਿਖਣਾ ਇਕ ਧਰਮ ਹੁੰਦਾ। ਲਿਖਣ ਨਾਲ ਤੁਸੀਂ ਫਲੱਰਟ ਨਹੀਂ ਕਰ ਸਕਦੇ ਕਿ ਕਦੇ ਵੀ ਕਲਮ ਚੁੱਕੀ ਤੇ ਕੁਝ ਲਿਖ ਮਾਰਿਆ। ਕਈ ਲੋਕ ਕਹਿੰਦੇ ਐ ਕਿ ਜਦੋਂ ਸਾਡਾ ਮੂਡ ਆਉਂਦਾ, ਉਦੋਂ ਲਿਖੀਦਾ। ਮੈਂ ਸਵੇਰੇ ਸੱਤ ਵਜੇ ਉਠ ਕੇ ਤਖਤਪੋਸ਼ ‘ਤੇ ਬਹਿ ਕੇ ਲਿਖਦਾਂ। ਲਿਖਣ ਵਿਚ ਮੈਨੂੰ ਨਸ਼ਾ ਆਉਂਦਾ। ਜਿਸ ਲੇਖਕ ਨੂੰ ਲਿਖਣ ਵਿਚ ਨਸ਼ਾ ਨਹੀਂ ਆਉਂਦਾ, ਉਹ ਲੇਖਕ ਨਹੀਂ।
-ਸਾਰੇ ਕਿੱਸਿਆਂ ‘ਚੋਂ ਮੈਨੂੰ ਮਿਰਜ਼ਾ ਸਾਹਿਬਾਂ ਸਭ ਤੋਂ ਚੰਗਾ ਲੱਗਦਾ ਹੈ। ਇਹ ਸਭ ਤੋਂ ਵੱਧ ਦਿਲਚਸਪ ਹੈ। ਇਹ ਹੀਰ ਤੇ ਸੋਹਣੀ ਨਾਲੋਂ ਵੱਖਰਾ ਹੈ। ਸਾਹਿਬਾਂ ਐਸੀ ਹੀਰੋਇਨ ਹੈ ਜਿਸ ਦੇ ਮਨ ‘ਚ ਦੁਚਿੱਤੀ ਹੈ। ਇਹ ਆਪਣੇ ਪਾਟੇ ਹੋਏ ਮਨ ‘ਚ ਫੈਸਲਾ ਨਹੀਂ ਕਰ ਸਕਦੀ। ਟੌਰਚਰ ਹੈ, ਕਨਫਲਿਕਟ ਹੈ, ਉਸ ਦੇ ਮਨ ਵਿਚ। ਸੋਹਣੀ ਸਿੱਧੀ ਪਿਆਰ ਕਰਦੀ ਹੋਈ ਘੜੇ ‘ਤੇ ਠਿੱਲ੍ਹ ਪੈਂਦੀ ਹੈ। ਉਹਦੇ ਮਨ ਵਿਚ ਦੁਚਿੱਤੀ ਨਹੀਂ। ਹੀਰ ਤੇ ਸੱਸੀ ਵੀ ਇਵੇਂ ਹੀ ਸਨ। ਉਨ੍ਹਾਂ ਵਿਚ ਦੁਚਿੱਤੀ ਨਹੀਂ ਹੈ। ਸਾਰੇ ਕਿੱਸਿਆਂ ਵਿਚੋਂ ਇਕ ਸਾਹਿਬਾਂ ਹੀ ਹੈ ਜਿਹੜੀ ਫੈਸਲਾ ਨਹੀਂ ਕਰ ਸਕਦੀ ਕਿ ਭਰਾਵਾਂ ਵੱਲ ਖੜੋਵੇ ਕਿ ਆਪਣੇ ਲਵਰ ਵੱਲ। ਪਹਿਲਾਂ ਭਰਾਵਾਂ ਵੱਲ ਹੋ ਜਾਂਦੀ ਹੈ, ਫਿਰ ਮਿਰਜ਼ੇ ਨਾਲ ਨੱਸ ਜਾਂਦੀ ਹੈ। ਫਿਰ ਭਰਾਵਾਂ ਦੇ ਤਰਲੇ ਕਰਦੀ ਹੈ, ਪਰ ਉਹ ਮਿਰਜ਼ੇ ਨੂੰ ਮਾਰ ਦਿੰਦੇ ਹਨ। ਇਹ ਟ੍ਰੈਜਿਡੀ ਸਿਖਰ ‘ਤੇ ਉਦੋਂ ਆਉਂਦੀ ਹੈ ਜਦੋਂ ਮਿਰਜ਼ੇ ਦੀ ਲਾਸ਼ ਕੋਲੋਂ ਉਹਦੇ ਭਰਾ ਉਹਨੂੰ ਰੋਂਦੀ ਕਰਲਾਉਂਦੀ ਨੂੰ ਮੁਸ਼ਕਾਂ ਬੰਨ੍ਹ ਕੇ ਲੈ ਜਾਂਦੇ ਹਨ। ਏਸ ਸਿਖਰ ਵਾਲੀ ਟ੍ਰੈਜਿਡੀ ਹੋਰ ਕਿੱਸਿਆਂ ਵਿਚ ਨਹੀਂ ਮਿਲਦੀ।
-ਅੰਗਰੇਜ਼ੀ ਵਿਚ ਤਾਂ ਮੈਂ ਸਿਰਫ ‘ਨੇਕਡ ਟਰਾਈਐਂਗਲ’ ਹੀ ਲਿਖਿਆ ਹੈ। ਮੈਂ ਤਾਂ ਜਿਉਂਦਾ ਹੀ ਪੰਜਾਬੀ ਵਿਚ ਹਾਂ। ਤਿੰਨ ਚੀਜ਼ਾਂ ਮੈਨੂੰ ਬਹੁਤ ਅਜ਼ੀਜ਼ ਨੇ। ਇਹ ਤਿੰਨੋ ਚੀਜ਼ਾਂ ਮੇਰੀ ਮੁਹੱਬਤ ਦੀਆਂ ਮਰਕਜ਼ ਨੇ। ਪਹਿਲੀ ਹੈ ਕ੍ਰਿਤ। ਜੇ ਮੈਂ ਨਾ ਲਿਖਾਂ ਤਾਂ ਮੈਂ ਬਹੁਤ ਉਦਾਸ ਹੋ ਜਾਨਾਂ। ਮੈਂ ਸਵੇਰੇ ਉਠ ਕੇ ਸੱਤ ਤੋਂ ਗਿਆਰਾਂ ਵਜੇ ਤਕ ਰੋਜ਼ ਲਿਖਦਾਂ। ਮੇਰਾ ਰਹਿਣ ਦਾ ਸਟਾਈਲ ਅਵਾਰਾਗਰਦਾਂ ਵਰਗਾ। ਲੋਕੀ ਸੋਚਦੇ ਐ ਕਿ ਕਦੋਂ ਲਿਖਦਾ ਹੋਊ? ਮੇਰੀ ਦੂਜੀ ਮੁਹੱਬਤ ਹੈ ਦੋਸਤ। ਮੈਂ ਜਜ਼ਬਾਤੀ ਤੌਰ ‘ਤੇ ਦੋਸਤਾਂ ਨਾਲ ਬਹੁਤ ਜੁੜਿਆ ਹੋਇਆਂ। ਤੀਸਰੀ ਮੁਹੱਬਤ ਹੈ ਔਰਤ ਦੀ, ਮਹਿਬੂਬ ਦੀ। ਲੋਕੀਂ ਸੰਗਦੇ ਨੇ ਔਰਤ ਦੀ ਗੱਲ ਕਰਨ ਲੱਗਿਆਂ। ਜ਼ਿੰਦਗੀ ਵਿਚ ਔਰਤ ਦੀ ਮੁਹੱਬਤ ਮੈਨੂੰ ਬਹੁਤ ਅਜ਼ੀਜ਼ ਰਹੀ ਹੈ। ਇਹ ਬਹੁਤ ਵੱਡੀ ਚੀਜ਼ ਹੈ। ਲੋਕੀਂ ਔਰਤ ਦੇ ਨਾਉਂ ‘ਤੇ ਠਹਾਕੇ ਮਾਰ ਕੇ ਹੱਸਦੇ ਹਨ। ਇਹ ਸਭਿਅਤਾ ਦੀ ਘਾਟ ਹੈ।
-ਸੈਕਸ ਦੀ ਗੱਲ? ਸਾਡੇ ਪੰਜਾਬੀ ਗਾਲ੍ਹ ਤੋਂ ਬਗੈਰ ਗੱਲ ਨਹੀਂ ਕਰਦੇ। ਮਾਂਵਾਂ-ਭੈਣਾਂ ਦੀਆਂ ਗਾਲ੍ਹਾਂ ਆਮ ਕੱਢਦੇ ਫਿਰਦੇ ਹਨ। ਸਾਡੇ ਲੋਕ ਗੀਤਾਂ ਵਿਚ ਬੜਾ ਸੈਕਸ ਹੈ। ਮੇਰੀਆਂ ਲਿਖਤਾਂ ਕਿਸੇ ਗਰੰਥੀ ਜਾਂ ਆਰੀਆ ਸਮਾਜੀ ਵਾਸਤੇ ਨਹੀਂ ਹਨ। ਇਹ ਸਾਰੇ ਪਾਠਕਾਂ ਵਾਸਤੇ ਹਨ। ਉਨ੍ਹਾਂ ਨੇ ਇਨ੍ਹਾਂ ਨੂੰ ਬੜਾ ਪਿਆਰ ਦਿੱਤਾ। ਹਾਂ, ਘੜੰਮ ਚੌਧਰੀਆਂ ਨੇ ਬਥੇਰਾ ਰੌਲਾ ਪਾਇਆ। ਇਸੇ ਲਈ ਪੰਜਾਬੀ ਸਾਹਿਤ ਬਹੁਤ ਪਿੱਛੇ ਰਹਿ ਗਿਆ ਕਿ ਘੜੰਮ ਚੌਧਰੀ ਮੌਰਲ ਦਾ ਡੰਡਾ ਚੁੱਕੀ ਫਿਰਦੇ ਐ।
-ਜਿੰਨਾ ਚਿਰ ਸੈਂਸ ਆਫ ਅਚੀਵਮੈਂਟ ਦੀ ਤੜਪ ਕਾਇਮ ਹੈ, ਬੰਦਾ ਜਿਉਂਦਾ ਰਹਿੰਦਾ ਹੈ। ਜਦੋਂ ਸੈਂਸ ਆਫ ਅਚੀਵਮੈਂਟ ਮਰ ਜਾਵੇ ਤਾਂ ਬੰਦਾ ਵੀ ਮਰ ਜਾਂਦਾ ਹੈ। ਜੋ ਮੈਂ ਲਿਖ ਰਿਹਾਂ, ਉਹ ਦਿਲਚਸਪ ਹੈ। ਜੋ ਅਗਲੇ ਸਾਲ ਲਿਖਾਂਗਾ, ਉਹ ਹੋਰ ਦਿਲਚਸਪ ਹੋਵੇਗਾ।
-ਮੈਂ ਜ਼ਿੰਦਗੀ ਵਿਚ ਜਿੰਨੀਆਂ ਵੀ ਗਲਤੀਆਂ ਕੀਤੀਆਂ, ਜੇਕਰ ਜ਼ਿੰਦਗੀ ਦੁਬਾਰਾ ਮਿਲੇ ਤਾਂ ਵੀ ਇੰਜ ਹੀ ਜੀਵਾਂਗਾ। ਮੈਂ ਜ਼ਿੰਦਗੀ ਨੂੰ ਚੁਣਿਆ ਹੈ, ਜ਼ਿੰਦਗੀ ਨੇ ਮੈਨੂੰ ਨਹੀਂ ਚੁਣਿਆ। ‘ਵਿਹੜੇ ਦਾ ਦੀਵਾ’ ਨਵੀਂ ਕਿਤਾਬ ਲਿਖ ਰਿਹਾਂ (‘ਕਾਸ਼ਨੀ ਵਿਹੜਾ’ ਦਾ ਨਾਂ ਪਹਿਲਾਂ ‘ਵਿਹੜੇ ਦਾ ਦੀਵਾ’ ਸੋਚਿਆ ਗਿਆ ਸੀ)। ਮੇਰੇ ਘਰ ਪਿਛਲੇ ਚਾਲੀ ਸਾਲਾਂ ਵਿਚ ਜੋ ਲੋਕ ਆਏ ਤੇ ਜਿਨ੍ਹਾਂ ਵਿਚ ਮੈਨੂੰ ਕੋਈ ਸ਼ੋਅਲਾ ਨਜ਼ਰ ਆਇਆ, ਉਨ੍ਹਾਂ ਬਾਰੇ ਇਹ ਕਿਤਾਬ ਹੈ। ਇਹ ਰੇਖਾ ਚਿੱਤਰਾਂ ਦੀ ਕਿਤਾਬ ਨਹੀਂ, ਮੇਰੀ ਜੀਵਨੀ ਹੈ। ਮੇਰੇ ਜੀਵਨ ਵਿਚ ਜਿਨ੍ਹਾਂ ਲੋਕਾਂ ਨੇ ਕੋਈ ਲੋਅ ਛੱਡੀ, ਉਨ੍ਹਾਂ ਦਾ ਜ਼ਿਕਰ ਹੈ ਇਸ ਵਿਚ।
-ਸੰਗੀਤ ਨੂੰ ਮੈਂ ਸਭ ਤੋਂ ਵੱਧ ਪਿਆਰ ਕੀਤਾ ਹੈ, ਸੰਗੀਤ ਮੇਰਾ ਮਹਿਬੂਬ ਸੀ, ਸਾਹਿਤ ਮੇਰੀ ਰਖੇਲ ਹੈ।
ਗਾਰਗੀ ਨੇ ਸਵੈ-ਚਿਤਰ ‘ਬਲਵੰਤ ਗਾਰਗੀ’ ਵਿਚ ਵੀ ਲਿਖਿਆ ਸੀ, “ਉਸ ਦਾ ਪਹਿਲਾ ਇਸ਼ਕ ‘ਸੰਗੀਤ’ ਸੀ, ਪਰ ਉਸ ਦੀ ਮਾਂ ਤਬਲੇ ਵਾਜੇ ਦੇ ਖਿਲਾਫ ਸੀ। ਉਹ ਕੰਧ ਟੱਪ ਕੇ ਮਰਾਸੀਆਂ ਦੇ ਘਰ ਜਾ ਵੜਦਾ ਜਿਥੇ ‘ਨੂਰਾਂ’ ਤੇ ‘ਸੱਦੀ’ ਮਰਾਸਣ ਢੋਲਕੀ ਉਤੇ ਗਾ ਰਹੀਆਂ ਹੁੰਦੀਆਂ। ਉਸ ਦੀ ਮਾਂ ਉਸ ਨੂੰ ਜ਼ਬਰਦਸਤੀ ਧੂਹ ਕੇ ਲੈ ਜਾਂਦੀ। ਘਰ ਵਿਚ ਜੰਗ ਜਾਰੀ ਰਹੀ: ਸੰਗੀਤ ਤੇ ਗਾਲ੍ਹਾਂ ਮੁੱਕੇ। ਉਸ ਨੂੰ ਸਾਹਿਤ ਨਾਲ ਕੋਈ ਲਗਾਉ ਨਹੀਂ ਸੀ। ਸਾਹਿਤ ਵੱਲ ਤਾਂ ਉਹ ਐਵੇਂ ਹੀ ਆ ਗਿਆ, ਜਿਵੇਂ ਕੋਈ ਆਦਮੀ ਦੂਜੇ ਥਾਂ ਵਿਆਹਿਆ ਜਾਵੇ।”
ਨਾਟਕਕਾਰ ਉਸ ਨੂੰ ਪ੍ਰੀਤ ਨਗਰੀਆਂ ਨੇ ਬਣਾਇਆ ਸੀ। ਪ੍ਰੀਤ ਨਗਰ ਹਰ ਸਾਲ ਨਾਟਕ ਖੇਡੇ ਜਾਂਦੇ। ਉਥੇ ਗਾਰਗੀ ਨੂੰ ਕਿਹਾ ਗਿਆ ਕਿ ਤੇਰੀ ਜ਼ਬਾਨ ਠੇਠ ਪੇਂਡੂ ਹੈ। ਕਿਸੇ ਅੰਗਰੇਜ਼ੀ ਡਰਾਮੇ ਦਾ ਤਰਜਮਾ ਹੀ ਕਰ ਦੇਹ। ਉਸ ਨੇ ਆਇਰਲੈਂਡ ਦੀ ਪ੍ਰਸਿੱਧ ਨਾਟਕਕਾਰ ਲੇਡੀ ਗਰੈਗਰੀ ਦੇ ਨਾਟਕ ਨੂੰ ਤਿੰਨ ਘੰਟਿਆਂ ਵਿਚ ਪੰਜਾਬੀ ਰੰਗ ‘ਚ ਢਾਲ ਦਿੱਤਾ ਤੇ ਨਾਂ ਰੱਖਿਆ- ਰਾਈ ਦਾ ਪਹਾੜ।
ਉਹਦੇ ਕਹਿਣ ਅਨੁਸਾਰ, ਉਹ ਵਿਚਕਾਰਲੇ ਮੇਲ ਦਾ ਦੁਸ਼ਮਣ ਹੈ; ਜਾਂ ਉਹ ਵਧੀਆ ਹੋਟਲ ਵਿਚ ਚਾਹ ਪੀਵੇਗਾ ਜਾਂ ਕਿਸੇ ਢਾਬੇ ‘ਤੇ। ਜਾਂ ਕਲਾਸਕੀ ਗੀਤ ਸੁਣੇਗਾ ਜਾਂ ਪੇਂਡੂ ਬੋਲੀਆਂ।
ਤਾਰਾ ਸਿੰਘ ਅਨੁਸਾਰ, ਗਾਰਗੀ ਵਿਚ ਸਾਹਿਤ ਰਚਣ ਤੇ ਪਿਆਰ ਕਰਨ ਦੀ ਅੰਨ੍ਹੀ ਸ਼ਕਤੀ ਸੀ। ਧੰਨੇ ਭਗਤ ਵਰਗੀ।
ਸੰਤੋਖ ਸਿੰਘ ਧੀਰ ਗਾਰਗੀ ਨੂੰ ਪਹਿਲੀ ਵਾਰ 1949 ਵਿਚ ਮਹਿਕਮਾ ਪੰਜਾਬੀ, ਪਟਿਆਲੇ ‘ਚ ਮਿਲਿਆ ਸੀ। ਫਿਰ ਉਹ ਦਿੱਲੀ ਜਾ ਕੇ ਉਹਦੇ ਕੋਲ ਹੀ ਠਹਿਰਦਾ। ਉਹਦੇ ਦੱਸਣ ਮੂਜਬ ਗਾਰਗੀ ਦੇ ਲਫਜ਼ ਹਰੀਆਂ ਮਿਰਚਾਂ ਨਾਲ ਤੜਕੀ ਦਾਲ ਵਰਗੇ ਹੁੰਦੇ ਜੋ ਕਰਾਰੇ ਲੱਗਦੇ। ਉਹਦੀ ਕਹਾਣੀ ‘ਕੋਈ ਇਕ ਸਵਾਰ’ ਦਾ ਅੰਤ ਗਾਰਗੀ ਦੇ ਸੁਝਾਅ ਮੁਤਾਬਕ ਕੀਤਾ ਗਿਆ ਸੀ। ਧੀਰ ਨੇ ਤਾਂਗੇ ਦੀਆਂ ਸਵਾਰੀਆਂ ਬੱਸ ਵਿਚ ਚੜ੍ਹ ਜਾਣ ਤੋਂ ਬਾਅਦ ਖਾਲੀ ਤਾਂਗਾ ਵਾਪਸ ਮੋੜ ਲੈਣਾ ਸੀ, ਪਰ ਗਾਰਗੀ ਨੇ ਤਾਂਗੇ ਵਾਲੇ ਤੋਂ ਫਿਰ ਹੋਕਾ ਦੁਆ ਦਿੱਤਾ- ਕੋਈ ਇਕ ਸਵਾਰ। ਇੰਜ ਧੀਰ ਦੇ ਢਹਿੰਦੇ ਪਾਤਰ ਨੂੰ ਉਸ ਨੇ ਮੁੜ ਖੜ੍ਹਾ ਕਰ ਕੇ ਹੀਰੋ ਬਣਾ ਦਿੱਤਾ ਤੇ ਕਹਾਣੀ ਅਮਰ ਕਰ ਦਿੱਤੀ।
ਗਾਰਗੀ ਆਮ ਗੱਲ ਨੂੰ ਗਲਪੀ ਰੂਪ ਦੇ ਦਿੰਦਾ ਸੀ ਤੇ ਰਸਗੁੱਲਿਆਂ ਦੇ ਲੱਡੂ ਬਣਾ ਦਿੰਦਾ ਸੀ। ਕਿਸੇ ਮਠਿਆਈ ਨੂੰ ਪੰਜੀਰੀ ਵਰਗੀ ਤੇ ਕਿਸੇ ਨੂੰ ਚੂਰੀ ਵਰਗੀ ਕਹਿ ਦਿੰਦਾ। ਉਹ ਆਮ ਲੋਕਾਂ ਤੇ ਸਰਕਾਰੇ ਦਰਬਾਰੇ, ਦੋਹਾਂ ‘ਚ ਪਰਵਾਨ ਰਿਹਾ। ਉਹ ਲਿਖਦਾ ਨਹੀਂ, ਲਿਖਵਾਉਂਦਾ ਸੀ। ਉਹਦੀਆਂ ਬਹੁਤੀਆਂ ਕਿਤਾਬਾਂ ਕ੍ਰਿਸ਼ਨਜੀਤ ਨੇ ਲਿਖੀਆਂ। ਜ਼ਬਾਨ ਕਰਾਰੀ ਸੀ। ਦੰਦਿਆਂ ਵਾਲੀ, ਚੁਭਣ ਵਾਲੀ। ਘਰ ਉਹਦਾ ਸਰਾਂ ਸੀ। ਪੈਸਿਆਂ ਦੀ ਥੋੜ ਰਹਿੰਦੀ, ਪਰ ਆਈ ਚਲਾਈ ਚੱਲੀ ਜਾਂਦੀ। ਰੌਚਕਤਾ ਲਈ ਸੱਚ ਦਾ ਝੂਠ ਬਣਾ ਦਿੰਦਾ। ਕਾਮਰੇਡ ਆਲੋਚਕ ਗਾਰਗੀ ਨੂੰ ਦਮੂੰਹਾਂ ਲੇਖਕ ਸਮਝਦੇ। ਦੋ ਬੇੜੀਆਂ ਦਾ ਸਵਾਰ।
ਗੁਰਬਚਨ ਸਿੰਘ ਭੁੱਲਰ ਗਾਰਗੀ ਨੂੰ ਉਸ ਦੇ ਨਾਟਕ ‘ਡਾਕਟਰ ਪਲਟਾ’ ਦਾ ਹੀ ਸ਼ਾਗਿਰਦ ਸਮਝਦਾ ਹੈ। ਡਾਕਟਰ ਪਲਟਾ ਮਰੀਜ਼ ਆਉਂਦਾ ਵੇਖ ਕੇ, ਬਿਨਾ ਕੁਨੈਕਸ਼ਨ ਦੇ ਫੋਨ ਕਰਨ ਦਾ ਡਰਾਮਾ ਕਰਦਾ ਹੈ। ਉਹ ਗਾਰਗੀ ਦੇ ਡਰਾਮੇ ਦਾ ਪਾਤਰ ਹੈ ਜੋ ਫੋਕੇ ਫੋਨ ਨਾਲ ‘ਬੇਹੱਦ ਰੁੱਝੇ’ ਹੋਣ ਦਾ ਪ੍ਰਭਾਵ ਪਾਉਂਦਾ ਹੈ। ਉਹਦਾ ਪੋਲ ਉਦੋਂ ਖੁੱਲ੍ਹਦਾ ਹੈ ਜਦੋਂ ਕੋਈ ‘ਮਰੀਜ਼’ ਫੋਨ ਦਾ ਕੁਨੈਕਸ਼ਨ ਠੀਕ ਕਰਨ ਵਾਲਾ ਹੀ ਨਿਕਲਦਾ ਹੈ!
ਗਾਰਗੀ ਕਦੇ ਕਦੇ ਭੁੱਲਰ ਤੇ ਗੁਰਦੇਵ ਰੁਪਾਣੇ ਤੋਂ ਅਣਜਾਣ ਹੋਣ ਦਾ ਡਰਾਮਾ ਵੀ ਕਰਦਾ ਸੀ। ਰੁਪਾਣਾ ਕਿਹੜਾ ਘੱਟ ਸੀ। ਉਹ ਗਾਰਗੀ ਨੂੰ ਮਿਲਣ ਲੱਗਾ ਕਹਿੰਦਾ, “ਓ ਬੱਲੇ ਬੱਲੇ, ਗੁਰਚਰਨ ਰਾਮਪੁਰੀ ਜੀ! ਧੰਨਭਾਗ ਥੋਡੇ ਦਰਸ਼ਨ ਹੋਏ। ਕਨੇਡਾ ਤੋਂ ਕਦੋਂ ਆਏ?” ਗਾਰਗੀ ਵਿਚਾਰਾ ਬੋਲਣ ਜੋਗਾ ਨਾ ਰਹਿੰਦਾ।
ਗਾਰਗੀ ਬਾਤ ਦਾ ਬਤੰਗੜ ਬਣਾਉਣ ਵਿਚ ਉਸਤਾਦ ਸੀ। ਕਈ ਵਾਰ ਬਾਤ ਤੋਂ ਬਿਨਾ ਹੀ ਬਤੰਗੜ ਬਣਾ ਲੈਂਦਾ ਸੀ। ਰੇਸ਼ਮਾ ਦੇ ਰੇਖਾ ਚਿੱਤਰ ਵਿਚ ਲਿਖਿਆ, “ਦਿੱਲੀ ਤੋਂ ਬਾਹਰ ਪ੍ਰੋਗਰਾਮ ਦੇ ਕੇ ਆਈ ਪਾਕਿਸਤਾਨੀ ਗਾਇਕਾ ਰੇਸ਼ਮਾ ਨੇ ਵਰ੍ਹਦੇ ਮੀਂਹ ਵਿਚ ਡੂੰਘੀ ਰਾਤ ਉਹਦਾ ਬੂਹਾ ਆ ਖੜਕਾਇਆ।”
ਹੈਰਾਨੀ ਹੈ ਕਿ ਉਹਦੇ ਪ੍ਰੋਗਰਾਮ ਪ੍ਰਬੰਧਕ ਉਹਨੂੰ ਡੂੰਘੀ ਰਾਤ ਨੂੰ ਵਰ੍ਹਦੇ ਮੀਂਹ ਵਿਚ ਬਿਗਾਨੇ ਦੇਸ ਦੀ ਸੜਕ ਉਤੇ ਛੱਡ ਕੇ ਕਿਥੇ ਚਲੇ ਗਏ ਸਨ? ਤੇ ਜੇ ਭਲਾ ਉਹ ਚਲੇ ਹੀ ਗਏ ਸਨ, ਕੀ ਭਲਾ ਰੇਸ਼ਮਾ ਨੂੰ ਕੋਈ ਹੋਟਲ ਨਾ ਦਿਸਿਆ ਜੋ ਭੀੜੀ-ਹਨੇਰੀ ਗਲੀ ਦਾ ਗਾਰਾ ਮਿਧਦੀ ਗਾਰਗੀ ਦੇ ਘਰ ਆਈ!
ਇਸੇ ਤਰ੍ਹਾਂ ਇਕ ਵਾਰ ਫਿਲਮ ਐਕਟ੍ਰੈਸ ਪ੍ਰਵੀਨ ਬਾਬੀ ਉਹਦੇ ਘਰ ਆ ਟਪਕੀ। ਉਹ ਪ੍ਰਵੀਨ ਬਾਬੀ ਨੂੰ ਆਪਣੀ ਨਿੱਕੀ ਲਾਲ ਕਾਰ ਵਿਚ ਬਿਠਾ ਕੇ ਖੁਸ਼ਵੰਤ ਸਿੰਘ ਦੇ ਘਰ ਡਿਨਰ ਕਰਾਉਣ ਲੈ ਚੱਲਿਆ। ਗਾਰਗੀ ਦੇ ਗੱਪੀ ਸਟਾਈਲ ਵਿਚ ਹੀ ਪੜ੍ਹੋ: ਪ੍ਰਵੀਨ ਬਾਬੀ ਨੇ ਕਾਲੀ ਮੈਕਸੀ ਪਾਈ ਹੋਈ ਸੀ। ਗੱਡੀ ਖੁੱਲ੍ਹੀ ਹੋਣ ਕਰ ਕੇ ਠੰਢ ਬਹੁਤ ਲੱਗ ਰਹੀ ਸੀ। ਨੰਗੇ ਮੋਢੇ, ਲੰਮੇ ਖੁੱਲ੍ਹੇ ਵਾਲ, ਹੁਸੀਨ ਚਿਹਰਾ, ਇਹ ਵੀਹ ਲੱਖ ਦੀ ਫਿਲਮ ਸਟਾਰ, ਲੱਖਾਂ ਲੋਕਾਂ ਦੀ ਧੜਕਣ ਮੇਰੇ ਨਾਲ ਬੈਠੀ ਸੀ। ਵੀਰਾਨ ਸੜਕ ਉਤੇ ਯਕਦਮ ਦਿਲ ਵਿਚ ਖਿਆਲ ਆਇਆ ਕਿ ਕੋਈ ਦੋ ਗੁੰਡੇ ਮੇਰੀ ਗੱਡੀ ਨੂੰ ਖੜ੍ਹਾ ਕਰ ਕੇ, ਪਿਸਤੌਲ ਦਿਖਾ ਕੇ ਪ੍ਰਵੀਨ ਬਾਬੀ ਨੂੰ ਅਗਵਾ ਕਰ ਸਕਦੇ ਹਨ। ਹੁਸੀਨ ਔਰਤ, ਸੋਨੇ ਤੇ ਹੀਰੇ ਨਾਲੋਂ ਖਤਰਨਾਕæææ।
ਇਸ ਡਰ ਦੀ ਕੰਬਣੀ ਵਿਚ ਭਿੱਜਾ ਮੈਂ ਸਾਢੇ ਸੱਤ ਵਜੇ ਖੁਸ਼ਵੰਤ ਦੇ ਘਰ ਪੁੱਜਾ।
ਉਹਦੇ ਬਹੁਤ ਨੇੜਲੇ ਮਿੱਤਰ ਨੇ ਭੇਤ ਦੀ ਗੱਲ ਦੱਸੀ, ਰਾਤ ਨੂੰ ਨਾ ਰੇਸ਼ਮਾ ਆਈ ਸੀ, ਨਾ ਪ੍ਰਵੀਨ ਬਾਬੀ। ਜੇ ਗਾਰਗੀ ਨੂੰ ਪੁੱਛਦੇ ਤਾਂ ਜਵਾਬ ਮਿਲਣਾ ਸੀ, ਮੈਨੂੰ ਖਿਆਲ ਆਏ ਸਨ!
ਬਹੁਤ ਘੱਟ ਪਾਠਕਾਂ ਨੂੰ ਪਤਾ ਹੈ ਕਿ ਲੋਰਕਾ ਦੇ ਨਾਟਕ ‘ਬਲੱਡ ਵੈਡਿੰਗ’ ਨੂੰ ਗਾਰਗੀ ਨੇ ‘ਕਣਕ ਦੀ ਬੱਲੀ’ ਦਾ ਤੜਕਾ ਲਾਇਆ ਸੀ ਅਤੇ ‘ਯਰਮਾ’ ਨੂੰ ‘ਧੂਣੀ ਦੀ ਅੱਗ ਦਾ।’ ਤਾਰਾ ਸਿੰਘ ਨੇ ਤੋੜਾ ਝਾੜਿਆ ਸੀ, “ਜੇ ਲੋਰਕਾ ਆਪ ਵੀ ਗਾਰਗੀ ਦੇ ਨਾਟਕ ਪੜ੍ਹ ਜਾਂ ਵੇਖ ਲੈਂਦਾ, ਚੋਰੀ ਤੋਂ ਗੁੱਸੇ ਹੋਣ ਦੀ ਥਾਂ ਖੁਸ਼ ਹੋ ਕੇ ਆਖਦਾ, ਇਹਨੇ ਤਾਂ ਮੇਰੇ ਨਾਟਕ ਹੋਰ ਵੀ ਵਧੀਆ ਬਣਾ’ਤੇ। ਇਹ ਨਾਟਕ ਇਹਦੇ ਈ ਨੇ, ਭਾਈ।”
ਜੀਤ ਸਿੰਘ ਸੀਤਲ ਲਿਖਦੈ: ਗਾਰਗੀ ਦਾ ਕੱਦ ਛੋਟਾ ਹੈ, ਪਰ ਖਿਆਲ ਬਹੁਤ ਉਚੇ। ਬਾਹਵਾਂ ਨਿੱਕੀਆਂ, ਪਰ ਸੰਸਾਰ ਦੇ ਹਰ ਮਨੁੱਖ ਨੂੰ ਕਲਾਵੇ ਵਿਚ ਲੈਣ ਲਈ ਤਿਆਰ। ਸਿਰ ਵੱਡਾ, ਵਾਲ ਪਰੇਸ਼ਾਨ, ਜੀਵਨ ਬੇਤਾਬ, ਬੇਕਰਾਰ। ਨਿੱਕੇ ਪਾਤਰਾਂ ਦਾ ਵੱਡਾ ਨਾਟਕਕਾਰ। ਚਾਹ ਦੀ ਕੇਤਲੀ ਕਸ਼ਮੀਰਨ ਵਾਂਗ ਊਨੀ ਟੋਪੀ ਵਿਚ ਢਕੀ, ਨਿੱਕੇ ਕੱਪ, ਨਿੱਕੀ ਦੁੱਧ ਦਾਨੀ। ਨਾਟਕਾਂ ਦੀ ਜ਼ਬਾਨ ਉਹੀ ਜੋ ਅਖਰੋਟ ਖੇਡਦਿਆਂ, ਚੋਰੀ ਬੇਰ ਤੋੜਦਿਆਂ, ਢਾਬ ਤੇ ਛੱਪੜਾਂ ਵਿਚ ਖੁੰਢਾਂ ‘ਤੇ ਤਰਦਿਆਂ ਸਿੱਖੀ।
ਕਰਨਜੀਤ ਅਨੁਸਾਰ, ਨਾਵਲ ‘ਕੱਕਾ ਰੇਤਾ’ ਤੋਂ ਪਹਿਲਾਂ ਗਾਰਗੀ ਨੇ ਕੁਝ ਕਹਾਣੀਆਂ ਲਿਖੀਆਂ- ਹਜ਼ਾਮਤ, ਖੇਤਾਂ ਦੀ ਕੁੜੀ, ਦੁੱਧ ਦੀਆਂ ਧਾਰਾਂ ਵਗੈਰਾ। ‘ਲੋਹਾ ਕੁੱਟ’ ਦੀ ਛੇ ਸਾਲਾਂ ਵਿਚ 64 ਰੁਪਏ ਰਾਇਲਟੀ ਮਿਲੀ। ‘ਘੁੱਗੀ’ ਨਾਟਕ ‘ਡਿਊਕ’ ਤੋਂ ਅਤੇ ‘ਪੱਤਣ ਦੀ ਬੇੜੀ’ ਨਾਟਕ ‘ਰਾਈਡਰਜ਼ ਟੂ ਦ ਸੀ’ ਤੋਂ ਪ੍ਰਭਾਵਿਤ ਹੋ ਕੇ ਲਿਖੇ ਗਏ। ਨਕਲ ਦੀ ਉਹ ਅਸਲ ਬਣਾ ਦਿੰਦਾ ਸੀ। ਇਹ ਉਹਦੀ ਖੂਬੀ ਸੀ!
ਜਸਬੀਰ ਭੁੱਲਰ ਅਨੁਸਾਰ, ਰੇਖਾ ਚਿੱਤਰਾਂ ਨੂੰ ਚਟਪਟਾ ਬਣਾਉਣ ਲਈ ਗਾਰਗੀ ਗਲਪ ਦੀ ਵਿਧੀ ਵਰਤਦਾ ਸੀ। ਉਹਦੀਆਂ ਲਿਖਤਾਂ ਮੋਹਣੇ ਤਰਨ ਤਾਰਨ ਦੇ ਕਰਾਰੇ ਛੋਲਿਆਂ ਵਰਗੀਆਂ ਹੁੰਦੀਆਂ। ਮੋਹਣਾ ਛੋਲਿਆਂ ਉਤੇ ਤਰ੍ਹਾਂ ਤਰ੍ਹਾਂ ਦੇ ਮਸਾਲੇ ਧੂੜਨ ਤੇ ਚਾਟ ਪਾਉਣ ਵਿਚ ਮਾਹਰ ਸੀ। ਉਹ ਛੋਲੇ ਪੇਟ ਖਰਾਬ ਕਰਦੇ, ਅੰਦਰ ਸਾੜ ਪਾਉਂਦੇ, ਪਰ ਹੱਥੋ-ਹੱਥ ਵਿਕਦੇ। ਸ਼ਲੀਲ ਅਸ਼ਲੀਲ ਦਾ ਮੁੱਦਾ ਬਲਵੰਤ ਗਾਰਗੀ ਦਾ ਸਰੋਕਾਰ ਨਹੀਂ ਸੀ। ਨਾਵਲ ‘ਜੂਠੀ ਰੋਟੀ’ ਨਿਰਾ ਕੋਕ ਸ਼ਾਸਤਰæææ ਚੁੰਮਣ ਦੀ ਵੀ ਤਮੀਜ਼ ਨਹੀਂæææ ਹੋਰ ਦੱਸ ਕਿਵੇਂ ਚੁੰਮਾਂæææ ਚੁੰਮਣ ਦੇ ਗੁਰ ਸਿਖਾਏæææ ਮੈਨੂੰ ਨਹੀਂ ਪਤਾ, ਇਹ ਸੈਕਸ ਦੇ ਆਸਣ ਦੇ ਭੋਗ ਮੇਰੇ ਅੰਦਰ ਕਿਵੇਂ ਜਾਗ ਪਏæææ?
ਜਲਵਿਆਂ ਦੇ ਰਸੀਏ ਅੰਦਰ ਵਿਓਪਾਰੀ ਹਮੇਸ਼ਾ ਅੱਖਾਂ ਖੁੱਲ੍ਹੀਆਂ ਰੱਖਦਾ ਸੀ। ਰੀਗਲ ਫੁੱਟਪਾਥ ਉਤੇ ਕਿਤਾਬਾਂ ਦਾ ਢੇਰ ਲੱਗਾ ਹੋਇਆ ਸੀ, ਸਸਤੀਆਂ ਵਿਕ ਰਹੀਆਂ ਸਨ। ਇਕ ਕਿਤਾਬ ਨੇ ਮੇਰੀ ਨਜ਼ਰ ਨੂੰ ਕੀਲ ਲਿਆ। ਮੈਂ ਉਹ ਕਿਤਾਬ ਚੁੱਕ ਲਈ। ਇਹ ਉਸੇ ਸੰਪਰਦਾਇ ਦੇ ਸਤਿਗੁਰਾਂ ਨਾਲ ਸਬੰਧਤ ਕਰਾਮਾਤਾਂ ਭਰਪੂਰ ਸਾਖੀਆਂ ਦੀ ਕਿਤਾਬ ਸੀ ਜੀਹਨੂੰ ਖੁੱਲ੍ਹਾ ਚੈਕ ਲੈ ਕੇ ਲਿਖਣ ਤੋਂ ਅੰਮ੍ਰਿਤਾ ਪ੍ਰੀਤਮ ਨੇ ਇਨਕਾਰ ਕੀਤਾ ਸੀ। ਤੇ ਹੁਣ ਲੇਖਕ ਵਜੋਂ ਉਸ ਕਿਤਾਬ ਉਤੇ ਬਲਵੰਤ ਗਾਰਗੀ ਦਾ ਨਾਂ ਛਪਿਆ ਹੋਇਆ ਸੀ। ਉਸੇ ਵੇਲੇ ਬਠਿੰਡੇ ਦੇ ਖੁਰਾਂਟ ਬਾਣੀਏ ਦੇ ਹੱਥਾਂ ਵਿਚ ਫੜਿਆ ਹੋਇਆ ਚੈਕ ਦਿਸਣ ਲੱਗ ਪਿਆ ਜੋ ਖਾਲੀ ਨਹੀਂ ਸੀ।
ਭੂਸ਼ਨ ਧਿਆਨਪੁਰੀ ਅਨੁਸਾਰ: ਬਲਵੰਤ ਗਾਰਗੀ ਛੋਟੇ ਕੱਦ ਵਾਲਾ ਵੱਡਾ ਲੇਖਕ ਸੀ। ਉਸ ਨੇ ਸਾਹਿਤ ਨੂੰ ਸਰਕਸ ਮੰਨ ਲਿਆ ਸੀ। ਉਹ ਖੁਦ ਜੋਕਰ ਦਾ ਰੋਲ ਨਿਭਾਉਂਦਾ ਰਿਹਾ। ਬੋਲੀ ਨੂੰ ਮਾਂਜਦਾ ਰਿਹਾ ਤੇ ਮੁਹਾਵਰਾ ਲਿਸ਼ਕਾਉਂਦਾ ਰਿਹਾ। ਕਈਆਂ ਦੇ ਹੱਥਾਂ ਦੇ ਤੋਤੇ ਉਡਾਉਂਦਾ ਰਿਹਾ। ਆਪਣੀਆਂ ਸ਼ਰਤਾਂ ‘ਤੇ ਜੀਂਦਾ ਰਿਹਾ। ਉਮਰ ਦੇ ਚੋਲੇ ਨੂੰ ਕਲਮ ਨਾਲ ਸੀਂਦਾ ਰਿਹਾ। ਚੋਲਾ ਜਰਜਰਾ ਹੁੰਦਾ ਰਿਹਾ, ਪਰ ਰੰਗਾਂ ਦੀ ਸ਼ੋਖੀ ਬਰਕਰਾਰ ਰਹੀ।
ਗੁਰਮੁਖ ਸਹਿਗਲ: ਵਰਸੋਵਾ, ਮੁੰਬਈ। ਭਾਪਾ ਪ੍ਰੀਤਮ ਸਿੰਘ ਹੋਰਾਂ ਨੇ ਸਾਹਿਤ ਸਭਾ ਦਿੱਲੀ ਵੱਲੋਂ ਗਾਰਗੀ ਦਾ ਸਨਮਾਨ ਕਰਨਾ ਸੀ। ਮੁੰਬਈ ਦੇ ਕੁਝ ਲੇਖਕਾਂ ਕਲਾਕਾਰਾਂ ਨੂੰ ਨਾਲ ਲੈ ਕੇ ਗਾਰਗੀ ਦੇ ਘਰ ਗਏ। ਗਾਰਗੀ ਬੈਠਣ-ਉਠਣ ਦੇ ਵੀ ਕਾਬਲ ਨਹੀਂ ਸੀ। ਉਸ ਨੂੰ ਮੁਸ਼ਕਿਲ ਨਾਲ ਸੋਫੇ ‘ਤੇ ਬਿਠਾਇਆ ਗਿਆ। ਫਿਰ ਫਿਲਮੀ ਹਸਤੀ ਗੁਲਜ਼ਾਰ ਦੇ ਹੱਥੋਂ ਉਸ ਨੂੰ ਸ਼ਾਲ ਅਤੇ ਫੈਲੋਸ਼ਿਪ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਸਹਿਗਲ: ਮੁੰਬਈ ਦੀ ਯਾਰੀ ਰੋਡ। ‘ਓਰਕਿਡ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀ’ ਦਾ ਓਰਕਿਡ 5 ਫਲੈਟ, ਛੇਵਾਂ ਫਲੋਰ। ਬਲਵੰਤ ਗਾਰਗੀ ਸੋਫੇ ਉਤੇ ਸੁਕੜ ਕੇ ਬੈਠਾ ਸੀ। ਛੋਟਾ ਜਿਹਾ ਲਾਗਰ ਸਰੀਰ, ਸਿਰ ਦੇ ਵਾਲ ਤਕਰੀਬਨ ਝੜ ਚੁੱਕੇ, ਪਰ ਕੁਝ ਕੁ ਵਾਲ ਸਿਰ ਦੇ ਇਰਦ ਗਿਰਦ ਬਾਕੀ ਸਨ। ਗਾਰਗੀ ਦਾ ਮੂੰਹ ਖੁੱਲ੍ਹਾæææ ਹਾਸੇ ਦੀ ਮੁਦਰਾ ਵਿਚ ਸੀ। ਚੀਨੀ ਬਾਬੇ ਲਾਫਿੰਗ ਬੁੱਧਾ ਦੀ ਤਰ੍ਹਾਂ। ਉਸ ਦੇ ਉਪਰਲੇ ਦੰਦ ਬਾਹਰ ਵੱਲ ਝਾਕਦੇ ਬਿਨਾ ਆਵਾਜ਼ ਦੇ ਹਾਸੇ ਵਾਲੀ ਸਥਿਤੀ ਵਿਚ ਸਨ। ਹਾਸੇ ਦੀ ਆਵਾਜ਼ ਤੋਂ ਖਾਲੀ ਖੁੱਲ੍ਹੇ ਮੂੰਹ ਵਾਲਾ ਚਿਹਰਾ ਜਿਵੇਂ ਸਟਿੱਲ ਹੋ ਕੇ ਰੁਕ ਗਿਆ ਹੋਵੇ! ਉਸ ਦੀ ਠੋਡੀ ਦਾ ਡੂੰਘ ਵੀ ਇਸੇ ਤਰ੍ਹਾਂ ਦੇ ਕਮਲਿਆਂ ਵਾਲੇ ਹਾਸੇ ਵਿਚ ਸ਼ਰੀਕ ਹੋਇਆ ਜਾਪ ਰਿਹਾ ਸੀ। ਗਾਰਗੀ ਦਾ ਚਿਹਰਾ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਕਿਸੇ ਕਾਮੇਡੀ ਨਾਟਕ ਵਿਚ ਖੁੱਲ੍ਹੇ ਮੂੰਹ ਵਾਲੇ ਚਿਹਰੇ ਦਾ ਮਖੌਟਾ ਹੁੰਦਾ ਹੈ। ਜਦੋਂ ਅਸੀਂ ਨੇੜੇ ਹੋਏ ਤਾਂ ਉਸ ਦੀਆਂ ਹੱਸਦੀਆਂ ਅੱਖਾਂ ਸਾਡੇ ਵੱਲ ਮੁਖਾਤਿਬ ਹੋਈਆਂ। ਮੈਂ ਇਰਦ ਗਿਰਦ ਨਜ਼ਰ ਘੁੰਮਾਈ ਤਾਂ ਗਾਰਗੀ ਕੋਲ ਸੋਫੇ ਉਤੇ ਅਤੇ ਹੇਠਾਂ ਕੁਝ ਕਿਤਾਬਾਂ ਬਿਖਰੀਆਂ ਪਈਆਂ ਸਨ ਜਿਨ੍ਹਾਂ ਵਿਚ ਕਾਸ਼ਨੀ ਵਿਹੜਾ, ਚਾਕੂ, ਹੁਸੀਨ ਚਿਹਰੇ, ਸਭ ਉਹਦੀਆਂ ਆਪਣੀਆਂ ਲਿਖੀਆਂ ਕਿਤਾਬਾਂ ਸਨ। ਗਾਰਗੀ ਦੇ ਹੱਥਾਂ ਵਿਚੋਂ ਵੀ ਇਕ ਕਿਤਾਬ ਢਿਲਕ ਰਹੀ ਸੀ। ਇਸ ਕਿਤਾਬ ਉਤੇ ਲਿਖਿਆ ਸੀ, ‘ਬਲਵੰਤ ਗਾਰਗੀ ਦੀਆਂ ਕਹਾਣੀਆਂ।’
ਸਾਡੇ ਆਉਣ ਦਾ ਉਹਦੇ ‘ਤੇ ਕੋਈ ਅਸਰ ਨਾ ਹੋਇਆ। ਫਿਰ ਕੋਲ ਪਈਆਂ ਕਿਤਾਬਾਂ ਉਹ ਉਲਟ ਪੁਲਟ ਕਰਨ ਲੱਗ ਪਿਆ। ਉਸ ਨੇ ਆਪਣੇ ਹੱਥਾਂ ‘ਚ ਫੜੀ ਕਹਾਣੀਆਂ ਦੀ ਕਿਤਾਬ ਮੇਰੇ ਹੱਥ ਵੱਲ ਕਰਦਿਆਂ ਥੱਥਲਾਂਦੀ ਆਵਾਜ਼ ਵਿਚ ਕਿਹਾ, “ਏਹਨੂੰ ਪੜ੍ਹ।” ਗਾਰਗੀ ਦੇ ਹੱਥਾਂ ਵਿਚੋਂ ਡਿਗੂੰ-ਡਿਗੂੰ ਕਰਦੀ ਕਹਾਣੀਆਂ ਦੀ ਕਿਤਾਬ ਲੈ ਕੇ ਮੈਂ ਉਸ ਦੀ ਪਹਿਲੀ ਕਹਾਣੀ ‘ਕਾਹਵਾ ਘਰ ਦੀ ਹਸੀਨਾ’ ਪੜ੍ਹਨੀ ਸ਼ੁਰੂ ਕਰ ਦਿੱਤੀ। ਇਕ ਥਾਂ ਕਹਾਣੀ ਵਿਚ ਇਹ ਸਤਰਾਂ ਸਨ, “ਲਕੀਰਾਂ ਵਾਹੁੰਦੇ-ਵਾਹੁੰਦੇ ਵਕਤ ਵੀ ਉਸ ਦੇ ਮੱਥੇ ਉਤੇ ਲਕੀਰਾਂ ਵਾਹ ਰਿਹਾ ਸੀ। ਜ਼ਿੰਦਗੀ ਰਸਹੀਣ ਸੀ। ਕਮਰਸ਼ੀਅਲ ਆਰਟਿਸਟ ਹੋਣਾ ਤੇ ਜਲੇਬੀਆਂ ਤਲਣਾ ਇਕੋ ਗੱਲ ਸੀæææ।”
ਸਹਿਗਲ ਨੇ ਉਹ ਕਿਤਾਬ ਯਾਦਗਾਰੀ ਨਿਸ਼ਾਨੀ ਵਜੋਂ ਲੈਣੀ ਚਾਹੀ ਅਤੇ ਗਾਰਗੀ ਨੂੰ ਬੇਨਤੀ ਕੀਤੀ ਕਿ ਆਪਣੇ ਦਸਤਖਤ ਕਰ ਦਿਓ। ਗਾਰਗੀ ਨੇ ਕੰਬਦੇ ਹੱਥਾਂ ਨਾਲ ਆਪਣਾ ਨਾਂ ਲਿਖਣਾ ਚਾਹਿਆ, ਪਰ ਉਸ ਤੋਂ ਲਿਖਿਆ ਨਹੀਂ ਸੀ ਜਾ ਰਿਹਾ। ਉਹ ਅੰਗਰੇਜ਼ੀ ਦਾ ਅੱਖਰ ‘ਬੀ’ ਲਿਖਣ ਲੱਗਿਆਂ ਹੱਥਾਂ ਨਾਲ ਘੋਲ ਕਰਨ ਲੱਗ ਪਿਆ। ਉਸ ਦੇ ਹੱਥਾਂ ਦੀ ਕੰਬਦੀ ਹੋਈ ਹਰਕਤ ਗੋਲ-ਗੋਲ ਆਕਾਰ ਬਣਾਉਂਦੀ ਰਹੀ। ਉਦੋਂ ਗਾਰਗੀ ਆਪਣਾ ਨਾਂ ਲਿਖਣ ਤੋਂ ਵੀ ਅਸਮਰਥ ਸੀ!
ਚਾਹ ਦਾ ਪਿਆਲਾ ਪਕੜਦਿਆਂ ਗਾਰਗੀ ਦਾ ਹੱਥ ਫਿਰ ਕੰਬਣ ਲੱਗਾ ਤੇ ਕੱਪ ਦੀ ਚਾਹ ਬਾਹਰ ਵੱਲ ਉਛਾਲੇ ਮਾਰਨ ਲੱਗੀ। ਉਹਦਾ ਸੇਵਕ ਕੁਲਵੰਤ ਆਪਣੇ ਸੱਜੇ ਹੱਥ ਦਾ ਸਹਾਰਾ ਦੇ ਕੇ ਗਾਰਗੀ ਨੂੰ ਚਾਹ ਪਿਆਉਣ ਲੱਗ ਪਿਆ। ਮੈਨੂੰ ਸਲੋਕ ਯਾਦ ਆਇਆ:
ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ॥
ਅੱਜ ਫਰੀਦੈ ਕੂਜੜਾ ਸੈ ਕੋਹਾ ਥੀਓਮਿ॥
ਗਾਰਗੀ ਦਾ ਰੋਗ ਜਦੋਂ ਹੱਦੋਂ ਵਧਿਆ ਤਾਂ ਮਨੂੰ ਉਹਨੂੰ ਆਪਣੇ ਕੋਲ ਮੁੰਬਈ ਲੈ ਗਿਆ ਸੀ। ਦੋ ਸਾਲ ਉਸ ਨੇ ਸੰਭਾਲ ਕੀਤੀ। ਹਾਲਤ ਬਹੁਤੀ ਵਿਗੜੀ ਤਾਂ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਕਿ ਘਰੇ ਸੇਵਾ ਕਰ ਲਓ। ਇਕ ਮਹੀਨਾ ਬੇਸੁਧ ਅਵਸਥਾ ਵਿਚ ਰਹਿ ਕੇ ਆਖਰ 22 ਅਪਰੈਲ 2003 ਨੂੰ ਗਾਰਗੀ ਪੂਰਾ ਹੋ ਗਿਆ। ਅਨੁਪਮ ਖੇਰ ਤੇ ਅਮਰੀਕ ਗਿੱਲ ਉਹਦੀ ਦੇਹ ਦਿੱਲੀ ਲਿਆਏ ਤੇ ਲੋਧੀ ਰੋਡ ਵਾਲੇ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ। ਫੁੱਲ ਬਠਿੰਡੇ ਨਹਿਰ ਵਿਚ ਤਾਰੇ ਗਏ। ਮੁੰਬਈ ਤੋਂ ਮਨੂੰ ਤੇ ਅਮਰੀਕਾ ਤੋਂ ਜੰਨਤ ਆਈ, ਪਰ ਜੀਨੀ ਨਾ ਆਈ। ਜੀਨੀ ਲਈ ਸ਼ਾਇਦ ਉਹ ਬਹੁਤ ਪਹਿਲਾਂ ਮਰ ਚੁੱਕਾ ਸੀ। ਗਾਰਗੀ ਨੇ ਕਦੇ ਲਿਖਿਆ ਸੀ, “ਚੰਡੀਗੜ੍ਹ ਮੇਰੀਆਂ ਯਾਦਾਂ ਦੀ ਮੜ੍ਹੀ ਐ। ਬਹੁਤ ਵੱਡਾ ਕਬਰਸਤਾਨ, ਪਰ ਨਹੀਂ, ਇਹ ਖੁੱਲ੍ਹਾ ਤਾਜ਼ਾ ਸ਼ਹਿਰ ਐ। ਹਿਮਾਲਿਆ ਦੇ ਪੈਰਾਂ ਵਿਚ ਖੇਡਦਾ ਹੁਸੀਨ ਸੁਪਨਾ।”
ਗਾਰਗੀ 86 ਸਾਲ ਜੀ ਕੇ ਜ਼ਿੰਦਗੀ ਦੇ ਰੰਗ ਮੰਚ ਤੋਂ ਵਿਦਾ ਹੋਇਆ। ਉਹਦੀ ਮ੍ਰਿਤੂ ਪਿੱਛੋਂ ਪੰਜਾਬੀ ਪਿਆਰਿਆਂ ਵੱਲੋਂ ਉਹਨੂੰ ਥਾਂ ਪੁਰ ਥਾਂ ਯਾਦ ਕੀਤਾ ਗਿਆ ਤੇ ਉਹਦੀ ਸਾਹਿਤਕ ਘਾਲਣਾ ਦੀਆਂ ਗੱਲਾਂ ਹੋਈਆਂ। ਟੋਰਾਂਟੋ ਵਿਚ ਗਾਰਗੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਸੀਂ ਵੀ ਮਿਲ ਬੈਠੇ ਸਾਂ। ਇਹ ਗਾਰਗੀ ਦੀ ਸ਼ਖਸੀਅਤ ਤੇ ਸਾਹਿਤ ਦਾ ਕ੍ਰਿਸ਼ਮਾ ਸੀ ਕਿ ਉਸ ਨੂੰ ਬਠਿੰਡੇ ਤੋਂ ਬੰਬਈ ਅਤੇ ਦਿੱਲੀ ਤੋਂ ਲੰਡਨ ਤੇ ਟੋਰਾਂਟੋ ਤਕ ਬੜੀ ਸ਼ਿੱਦਤ ਨਾਲ ਯਾਦ ਕੀਤਾ ਗਿਆ, ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਹਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਵਿਚਾਰ-ਵਟਾਂਦਰੇ ਹੋਏ।
86 ਵਰ੍ਹਿਆਂ ਦੇ ਜੀਵਨ ‘ਚੋਂ 85 ਵਰ੍ਹੇ ਗਾਰਗੀ ਠਾਠ ਨਾਲ ਜੀਵਿਆ। ਗਾਰਗੀ ਮਨੁੱਖ ਜਾਂ ਸਮਾਜ ਦੇ ਬੀਬੇ ਰਾਣੇ ਚਿਹਰੇ ਨੂੰ ਚਿਤਰਨ ਦੀ ਥਾਂ ਉਹਦੇ ਅੰਦਰ ਛਿਪੀ ਕਾਲਖ ਨੂੰ ਉਜਾਗਰ ਕਰਦਾ ਰਿਹਾ। ਗਾਰਗੀ ਦੀ ਕਲਾਕਾਰੀ ਇਸ ਗੱਲ ‘ਚ ਸੀ ਕਿ ਉਹ ਗੁਰਬਖਸ਼ ਸਿੰਘ ਵਾਂਗ ਸਭਿਆ ਸਲੀਕੇ ਦਾ ਲੇਖਕ ਬਣਨ ਦੀ ਥਾਂ ਕੁਦਰਤੀ ਖਾਹਿਸ਼ਾਂ ਦਾ ਲੇਖਕ ਬਣਿਆ। ਕੁਦਰਤੀ ਖਾਹਿਸ਼ਾਂ ਤੇ ਸਭਿਆ ਸਲੀਕੇ ‘ਚ ਜਦ ਤਕ ਦੁਫੇੜ ਰਹੇਗੀ, ਗਾਰਗੀ ਦੀਆਂ ਲਿਖਤ ਦੀ ਨੇਕਨਾਮੀ ਵੀ ਹੋਵੇਗੀ ਤੇ ਬਦਨਾਮੀ ਵੀ।
ਗਾਰਗੀ ਦੀ ਮੁੰਬਈ ਵਿਚ ਮ੍ਰਿਤੂ ਤੋਂ ਲੈ ਕੇ ਬਠਿੰਡੇ ਦੀ ਨਹਿਰ ਵਿਚ ਅਸਥੀਆਂ ਜਲ ਪਰਵਾਹ ਕਰਨ ਤਕ ਪਲ ਪਲ ਦਾ ਵੇਰਵਾ ਸਾਨੂੰ ਟੋਰਾਂਟੋ ਬੈਠਿਆਂ ਨੂੰ ਨਾਲ ਦੀ ਨਾਲ ਮਿਲਦਾ ਰਿਹਾ ਸੀ। ਟੋਰਾਂਟੋ ਦੀ ਸੋਗ ਸਭਾ ‘ਚ ਪਹਿਲਾਂ ਗਾਰਗੀ ਨਮਿਤ ਦੋ ਮਿੰਟ ਦਾ ਮੌਨ ਧਾਰਿਆ ਗਿਆ। ਫਿਰ ਅੱਧੇ ਕੁ ਘੰਟੇ ਦੀ ਫਿਲਮ ਵਿਖਾਈ ਗਈ। ਫਿਲਮ ਉਪਰੰਤ ਇਕਬਾਲ ਮਾਹਲ ਨੇ ਆਖਿਆ, ਪਤਾ ਨਹੀਂ ਕਿਉਂ ਮਨ ਭਰ ਭਰ ਆ ਰਿਹੈ ਹਾਲਾਂਕਿ ਗਾਰਗੀ ਨੇ ਆਪ ਕਿਹਾ ਸੀ ਕਿ ਮੇਰੇ ਮਰਨ ‘ਤੇ ਕੋਈ ਸੋਗ ਨਾ ਮਨਾਵੇ। ਅਜਬ ਸਾਂਝ ਹੁੰਦੀ ਐ ਪਾਠਕਾਂ ਦੀ ਲੇਖਕਾਂ ਨਾਲ। ਪੜ੍ਹਦਿਆਂ-ਸੁਣਦਿਆਂ ਲੇਖਕਾਂ ਨਾਲ ਆਪਣੇ ਰਿਸ਼ਤੇਦਾਰਾਂ ਵਰਗੇ ਸਬੰਧ ਬਣ ਜਾਂਦੇ ਨੇ ਤੇ ਜਦੋਂ ਕੋਈ ਲੇਖਕ ਵਿਛੜਦੈ ਤਾਂ ਹੰਝੂ ਆਪ ਮੁਹਾਰੇ ਵਹਿ ਤੁਰਦੇ ਨੇ। ਇਸ ਤੋਂ ਪਹਿਲਾਂ ਕਿ ਉਹਦੇ ਹੰਝੂ ਵਹਿ ਤੁਰਦੇ, ਉਹ ਭਰੇ ਗੱਚ ਨਾਲ ਕੁਰਸੀ ‘ਤੇ ਜਾ ਬੈਠਾ। ਜਾ ਤਾਂ ਬੈਠਾ, ਪਰ ਹੰਝੂ ਫਿਰ ਵੀ ਵਹਿ ਤੁਰੇ ਜੋ ਉਸ ਨੇ ਰੁਮਾਲ ਵਿਚ ਛੁਪਾ ਲਏ।
ਬਲਬੀਰ ਮੋਮੀ ਨੇ ਆਖਿਆ, ਉਹ ਗਾਰਗੀ ਦੇ ਅਫਸੋਸ ਵਿਚ ਪੈਗ ਲਾ ਕੇ ਆਇਆ ਹੈ, ਕਿਉਂਕਿ ਉਹਦਾ ਦਿਲ ਨਹੀਂ ਸੀ ਖੜ੍ਹ ਰਿਹਾ! ‘ਪੰਜਾਬ ਦੀ ਗੂੰਜ’ ਰੇਡੀਓ ਵਾਲੇ ਕੁਲਦੀਪ ਦੀਪਕ, ਇੰਦਰਜੀਤ ਸਿੰਘ ਬੱਲ ਤੇ ‘ਪੰਜ ਪਾਣੀ’ ਦੇ ਸੰਪਾਦਕ ਜੋਗਿੰਦਰ ਸਿੰਘ ਗਰੇਵਾਲ ਨੇ ਦਿਲ ਦੀਆਂ ਗਹਿਰਾਈਆਂ ‘ਚੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਹੋਰ ਵੀ ਕਈ ਸ਼ਰਧਾਵਾਨ ਬੋਲੇ ਜਿਨ੍ਹਾਂ ਨੇ ਗਾਰਗੀ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂ ਸਰੋਤਿਆਂ ਨਾਲ ਸਾਂਝੇ ਕੀਤੇ। ਉਥੇ ਇਕਬਾਲ ਰਾਮੂਵਾਲੀਆ, ਨਵਤੇਜ ਭਾਰਤੀ, ਸੁਰਜਨ ਜ਼ੀਰਵੀ, ਕਿਰਪਾਲ ਪੰਨੂੰ, ਪੂਰਨ ਪਾਂਧੀ, ਬਲਰਾਜ ਚੀਮਾ, ਪਿਆਰਾ ਧੰਜਲ, ਪ੍ਰਿਤਪਾਲ ਬਿੰਦਰਾ, ਨੀਟਾ ਬਲਵਿੰਦਰ, ਕੁੱਕੂ ਧਾਲੀਵਾਲ, ਗਾਰਗੀ ਦਾ ਮਿੱਤਰ ਸੁਦਾਗਰ ਸਿੱਧੂ ਤੇ ਹੋਰ ਵੀ ਕਈ ਸੱਜਣ ਆਏ ਸਨ। ਕੁਝ ਬੀਬੀਆਂ ਵੀ ਆਈਆਂ।
ਕੌਂਕਿਆਂ ਦੇ ਸੁਦਾਗਰ ਸਿੱਧੂ ਨੇ ਗਾਰਗੀ ਦੀ ਯਾਦ ਵਿਚ ਅਵਾਰਡ ਦੇਣ ਦੀ ਪੇਸ਼ਕਸ਼ ਕੀਤੀ। ਉਸ ਨੇ ਇਕ ਯਾਦਗਾਰੀ ਘਟਨਾ ਵੀ ਸਰੋਤਿਆਂ ਨੂੰ ਸੁਣਾਈ, “ਗਾਰਗੀ ਨੇ ਨਿਊ ਯਾਰਕ ‘ਚ ਖੇਡੇ ਜਾ ਰਹੇ ਆਪਣੇ ਨਾਟਕ ਨੂੰ ਵੇਖਣ ਲਈ ਟੋਰਾਂਟੋ ਤੋਂ ਸਿੱਧੂ ਤੇ ਉਹਦੇ ਮਿੱਤਰਾਂ ਨੂੰ ਸੱਦਾ ਦਿੱਤਾ ਸੀ। ਉਹ ਨਿਊ ਯਾਰਕ ਚਲੇ ਗਏ ਤੇ ਨਾਟਕ ਵੇਖ ਕੇ ਹੋਟਲ ਵਿਚ ਜਾ ਸੁੱਤੇ। ਉਹ ਵਿਦਾ ਹੋਣ ਲੱਗੇ ਤਾਂ ਗਾਰਗੀ ਨੇ ਉਨ੍ਹਾਂ ਨੂੰ ਨਾਟਕ ਖੇਡਣ ‘ਚ ਮਿਲੀ ਰਕਮ ਇਹ ਕਹਿ ਕੇ ਫੜਾਉਣੀ ਚਾਹੀ ਕਿ ਤੁਸੀਂ ਮੇਰੇ ਸੱਦੇ ‘ਤੇ ਆਏ ਮੇਰੇ ਮਹਿਮਾਨ ਓਂ। ਹੋਟਲ ਦਾ ਬਿੱਲ ਮੈਂ ਤਾਰਾਂਗਾ। ਸਿੱਧੂ ਹੋਰੀਂ ਅੱਗਿਓਂ ਆਖਣ ਲੱਗੇ ਕਿ ਅਸੀਂ ਤਾਂ ਖੁਦ ਕੈਨੇਡਾ-ਅਮਰੀਕਾ ਦੇ ਰਹਿਣ ਵਾਲੇ ਹਾਂ, ਸਗੋਂ ਤੁਸੀਂ ਸਾਡੇ ਮਹਿਮਾਨ ਹੋ। ਤੁਸੀਂ ਦੱਸੋ ਕਿ ਅਸੀਂ ਤੁਹਾਡੀ ਕੀ ਸੇਵਾ ਕਰੀਏ?”
ਆਖਰ ਗੱਲ ਇਥੇ ਮੁੱਕੀ ਕਿ ਗਾਰਗੀ ਇਕ ਰੁਪਏ ਦੇ ਨੋਟ ‘ਤੇ ਦਸਤਖਤ ਕਰ ਕੇ ਸੁਦਾਗਰ ਹੋਰਾਂ ਨੂੰ ਦੇ ਦੇਵੇ। ਉਹ ਪਿਆਰ ਭੇਟਾ ਅਜੇ ਵੀ ਸਿੱਧੂ ਪਾਸ ਹੈ। ਉਹਦੇ ਉਤੇ ਬਲਵੰਤ ਗਾਰਗੀ ਦੇ ਗੁਰਮੁਖੀ ਅੱਖਰਾਂ ਵਿਚ ‘ਗੂਠਾ ਲਾਉਣ ਵਰਗੇ ਦਸਤਖਤ ਹਨ।
ਗੁਰਬਚਨ ਨੇ ਸਾਹਿਤ ਦੇ ਇਸ ਸਿਕੰਦਰ ਬਾਰੇ ਲਿਖਿਆ, “ਨੰਗੀ ਧੁੱਪ ਵਿਚ ਤੇ ਹੋਰ ਕਈ ਥਾਈਂ ਗਾਰਗੀ ਗੌਸਿਪ ਪੱਤਰਕਾਰੀ ਵਾਲਾ ਨੁਸਖਾ ਵਰਤਦਾ ਹੈ। ਇਸ ਰਚਨਾ ਦਾ ਨਾਇਕ ਲੇਖਕ ਆਪ ਹੋਣ ਕਰ ਕੇ ਉਤਮ, ਨਫੀਸ, ਆਸ਼ਕ, ਨਾਟਕਕਾਰ, ਨਿਰਦੇਸ਼ਕ, ਲੇਖਕ ਹੈ ਤੇ ਬਾਕੀ ਦੇ ਪਾਤਰ, ਇਕ ਦੋ ਨੂੰ ਛੱਡ ਕੇ, ਉੱਲੂ, ਮੱਕਾਰ, ਠੱਗ, ਝੂਠੇ ਤੇ ਪਾਖੰਡੀ ਹਨ। ਪਾਤਰਾਂ ਦੇ ਅਸਲੀ ਜੀਵਨ ਵਾਲੇ ਨਾਂ ਦੇ ਦਿੱਤੇ ਗਏ ਹਨ।”
ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਗਾਰਗੀ ਦੀ ‘ਨੇਕਿਡ ਟ੍ਰੈਂਗਲ’ ਦੇ ਦੂਜੇ ਸੰਸਕਰਨ ਦੇ ਰਿਲੀਜ਼ ਸਮਾਗਮ ਸਮੇਂ ਹੋਈ ਬਹਿਸ ਵਿਚ ਖੁਸ਼ਵੰਤ ਸਿੰਘ ਕਹਿਣ ਲੱਗਾ, “ਮੈਨੂੰ ਇਸ ਕਿਤਾਬ ਬਾਰੇ ਦੋ ਇਤਰਾਜ਼ ਹਨ। ਇਕ, ਗਾਰਗੀ ਨਾਂ ਲੈ ਕੇ ਉਨ੍ਹਾਂ ਨੂੰ ਰਗੜਾ ਫੇਰਦਾ ਹੈ ਜਿਹੜੇ ਆਪਣੀ ਸਫਾਈ ‘ਚ ਕੁਝ ਨਹੀਂ ਕਹਿ ਸਕਦੇ। ਦੂਜਾ ਇਤਰਾਜ਼ ਮੇਰਾ ਇਹ ਹੈ ਕਿ ਕਿਸੇ ਕੁੜੀ ਨਾਲ ਇਸ਼ਕ ਕਰਨਾ, ਉਸ ਨਾਲ ਸੌਣਾ ਤੇ ਫਿਰ ਉਸ ਦਾ ਨਾਂ ਲੈ ਕੇ ਸੁਆਦ ਨਾਲ ਸਭ ਕੁਝ ਬਿਆਨ ਕਰਨਾ ਤੇ ਇਸ ਨੂੰ ਸਿਰਜਣਾ ਕਹਿਣਾ ਗੈਰ-ਨੈਤਿਕ ਕਾਰਜ ਹੈ। ਗਾਰਗੀ ਦੇ ਇਸ ਕਾਰਨਾਮੇ ਨਾਲ ਲੇਖਕਾਂ ਦਾ ਬੜਾ ਨੁਕਸਾਨ ਹੋਵੇਗਾ। ਕੋਈ ਪਰਾਈ ਤੀਵੀਂ ਲੇਖਕ ਨਾਲ ਦੋਸਤੀ ਪਾਉਣ ਤੋਂ ਡਰੇਗੀ, ਉਸ ਨਾਲ ਸੌਣ ਲਈ ਤਾਂ ਬਿਲਕੁਲ ਤਿਆਰ ਨਹੀਂ ਹੋਵੇਗੀ।”
ਗਾਰਗੀ ਨੇ ਉਤਰ ਦਿੱਤਾ, “ਹੁਣ ਜਿਹੜੀ ਨਵੀਂ ਕਿਤਾਬ ਛਪ ਰਹੀ ਹੈ, ਇਹ ਉਨ੍ਹਾਂ ਲੋਕਾਂ ਬਾਰੇ ਹੈ ਜੋ ਮੇਰੇ ਜੀਵਨ ‘ਚ ਆਏ, ਮੇਰੇ ਇਸ ਘਰ ਵਿਚ। ਕੁੜੀਆਂ, ਦੋਸਤ, ਕੰਜਰੀਆਂ, ਮੁਲਕ ਰਾਜ ਆਨੰਦ, ਤਾਰਾ ਸਿੰਘ, ਗੁਲਜ਼ਾਰ, ਸਭ ਇਸ ਵਿਚ ਸ਼ਾਮਲ ਹਨ; ਪਰ ਨਹੀਂ, ਮੈਂ ਪੰਜਾਬੀ ਦੀਆਂ ਬੀਬੀਆਂ ਬਾਰੇ ਨਹੀਂ ਲਿਖਾਂਗਾ। ਇਨ੍ਹਾਂ ਬਾਰੇ ਬਹੁਤ ਲਿਖ ਦਿੱਤਾæææ ਹੁਣ ਮੈਂ ਇਨ੍ਹਾਂ ਨੂੰ ਮੱਥਾਂ ਟੇਕਦਾਂæææ ਸਤਿ ਸ੍ਰੀ ਅਕਾਲ! ਐਵੇਂ ਵਾਧੂ ਦਾ ਪੰਗਾ ਲੈਣ ਦਾ ਕੀ ਫਾਇਦਾ? ਇਨ੍ਹਾਂ ਨੂੰ ਕੌਣ ਖੁਸ਼ ਕਰਦਾ ਫਿਰੇ। ਹਾਂ! ਖੁਸ਼ਵੰਤ ਦਾ ਜ਼ਿਕਰ ਹੈ, ਸਤੀਸ਼ ਗੁਜਰਾਲ, ਹੋਰ ਪਤਾ ਨਹੀਂ ਕੌਣ ਆ ਧਮਕੇ?”
ਫਿਰ ਉਸ ਨੇ ਅੰਗਰੇਜ਼ੀ ‘ਚ ਲਿਖੀ ਇਸ ਕਿਤਾਬ ‘ਚੋਂ ਚੁਣ ਚੁਣ ਉਹ ਟੋਟਕੇ ਸੁਣਾਏ ਜੋ ਉਸ ਦੀ ਨਿਗ੍ਹਾ ‘ਚ ਸਭ ਤੋਂ ਉਤਮ ਸਨ। ਕੁੜੀਆਂ ਬਾਰੇ ਅਤੇ ਉਨ੍ਹਾਂ ਦੇ ਜਿਸਮ ਤੇ ਉਨ੍ਹਾਂ ਨਾਲ ਕੀਤੇ ਸੰਭੋਗ ਬਾਰੇ। ਕਹਿਣ ਲੱਗਾ, “ਲਿਖਣਾ ਹੈ ਤਾਂ ਜੁਰਅਤ ਨਾਲ ਲਿਖੋ, ਸ਼ਰੇਆਮ। ਮੈਂ ਖੁਸ਼ਵੰਤ ਨੂੰ ਕਿਹਾ, ਲਿਖ ਜੇ ਜੁਰਅਤ ਹੈ ਤੇਰੇ ‘ਚ। ਲਿਖ ਕਿ ਤੂੰ ਕਿਸ ਕਿਸ ਕੁੜੀ ਨਾਲ ਸੁੱਤਾ ਏਂ, ਕਿਉਂ ਨਹੀਂ ਲਿਖਦਾ? ਫਿਰ ਉਹ ਕਹਿਣ ਲੱਗਾæææ ਇਹ ਜੋ ਕਹਿੰਦੇ ਫਿਰਦੇ ਨੇ ਸਮਾਜ਼ææ ਮਨੁੱਖ਼ææ ਸਥਿਤੀæææ ਕੀ ਹੈ ਸਥਿਤੀ? ਜੋ ਮੈਂ ਜਿਉਂਦਾ ਹਾਂ, ਜਿੱਦਾਂ ਜਿਉਂਦਾ ਹਾਂ, ਕੀ ਇਹ ਮਨੁੱਖੀ ਸਥਿਤੀ ਨਹੀਂ? ਜੇ ਮੇਰੇ ਘਰ ਕੋਈ ਕੰਜਰੀ ਆਉਂਦੀ ਹੈ, ਮੇਰੇ ‘ਚ ਕਾਮ ਦੀ ਭੁੱਖ ਹੈæææ ਇਹ ਹੈ ਮਨੁੱਖੀ ਸਥਿਤੀæææ ਮੇਰੇ ਘਰ ਇਕ ਦਿਨ ਤਾਰਾ ਸਿੰਘ ਤੇ ਗੁਲਜ਼ਾਰ ਆ ਗਏæææ ਜੇਬ ‘ਚ ਸ਼ਰਾਬ ਦਾ ਅਧੀਆ, ਹੱਥ ‘ਚ ਤਲੀ ਹੋਈ ਮੱਛੀ, 1964 ਦੀ ਗੱਲ ਹੈ। ਅਸੀਂ ਬੈਠੇ ਖਾ ਪੀ ਰਹੇ ਸੀ ਤੇ ਕੋਨੇ ‘ਚ ਚੋਰ। ਹਨੇਰੇ ‘ਚ ਲੁਕਿਆ ਹੋਇਆ। ਅਸੀਂ ਫੜ ਕੇ ਬਿਠਾ ਲਿਆ। ਪਤਾ ਲੱਗਾ, ਉਹ ਮੁਸਲਮਾਨ ਹੈ। ਅਸੀਂ ਉਹਨੂੰ ਸੁਆਲ ਪੁੱਛੀਏ। ਨਾਲੇ ਤਾਰਾ ਸਿੰਘ ਤੇ ਗੁਲਜ਼ਾਰ ਖਿੜਖਿੜਾ ਕੇ ਹੱਸਣ। ਅਸੀਂ ਕਿਹਾ, ਓਏ ਮੁਸਲਮਾਨ ਹੋ ਕੇ ਚੋਰੀ ਕਰਦੈਂ। ਦੁਰਫਿੱਟੇ ਮੂੰਹ ਤੇਰੇ। ਤਾਰਾ ਸਿੰਘ ਨੇ ਗਲਾਸ ‘ਚ ਵਿਸਕੀ ਪਾ ਕੇ ਚੋਰ ਨੂੰ ਗਲਾਸ ਫੜਾਇਆ ਤੇ ਕਿਹਾ, ਅਸੀਂ ਚੋਰ ਫੜਨ ਵਾਲੇ ਜ਼ਰੂਰ ਆਂ, ਪਰ ਕਮੀਨੇ ਨਹੀਂ। ਲੈ ਇਕ ਛਿੱਟ ਤੂੰ ਵੀ ਛਕ, ਫਿਰ ਪੁਲਿਸ ਦੇ ਹਵਾਲੇ ਕਰਦੇ ਆਂ। ਘੜੀ ਪਲ ਅਨੰਦ ਲੈ, ਫੇਰ ਤਾਂ ਤੈਨੂੰ ਪੁਲਿਸ ਨੇ ਛਿੱਤਰ ਹੀ ਮਾਰਨੇ ਆਂ। ਚੋਰ ਹੱਸ ਪਿਆ। ਇਹ ਹੈ ਮਨੁੱਖੀ ਸਥਿਤੀæææ।”
ਤਦੇ ਗੁਰਬਚਨ ਨੂੰ ਲਿਖਣਾ ਪਿਆ, “ਗਾਰਗੀ ਨੇ ਦੂਜੇ ਲੇਖਕਾਂ ਬਾਰੇ ਇਸ ਤਰ੍ਹਾਂ ਲਿਖਿਆ ਜਿਵੇਂ ਇਲਤੀ ਬੱਚੇ ਪੀਪੇ ‘ਚ ਪਟਾਖਾ ਰੱਖ ਕੇ ਚਲਾਉਣ!”
ਗਾਰਗੀ ਨੇ ਪਟਾਕੇ ਵੀ ਚਲਾਏ, ਲੇਖਕਾਂ ਨੂੰ ਆਰਾਂ ਵੀ ਲਾਈਆਂ ਤੇ ਅਸ਼ਲੀਲ ਹੋਣ ਦਾ ਠੱਪਾ ਵੀ ਲੁਆਇਆ, ਪਰ ਬਹੁਤ ਕੁਝ ਐਸਾ ਵੀ ਲਿਖਿਆ ਜੋ ਸਦਾ ਅਮਰ ਰਹੇਗਾ। ਵਿਦਿਆਰਥੀ ਹੁੰਦਿਆਂ ਮੈਂ ਜੋ ਸੰਵਾਦ ਉਹਦੇ ਨਾਟਕਾਂ ‘ਚ ਪੜ੍ਹੇ, ਸੱਠ ਸਾਲ ਬੀਤ ਜਾਣ ‘ਤੇ ਮੇਰੇ ਅਚੇਤ ਮਨ ਵਿਚ ਸੱਜਰੇ ਹਨ। ਜਦੋਂ ਬੁੱਢੀ ਬੇਬੇ ਦਾ ਜੁਆਨ ਪੁੱਤ ਉਹਦੀਆਂ ਗਾਲ੍ਹਾਂ ਸੁਣ ਕੇ ਘਰੋਂ ਨਿਕਲ ਜਾਂਦਾ ਹੈ ਤਾਂ ਉਹ ਘਰ ਵਿਚ ‘ਕੱਲੀ ਰਹਿ ਜਾਂਦੀ ਹੈ। ਉਦਾਸ ਬੈਠੀ ਆਪਣੇ ਆਪ ਨਾਲ ਗੱਲਾਂ ਕਰਦੀ ਹੈ, ਜਦੋਂ ਸਿਆਲ ਦੀਆਂ ਝੜੀਆਂ ਲੱਗਣਗੀਆਂ ਤੇ ਮਹੀਆਂ ਝੁੱਲਾਂ ਹੇਠ ਪਾਲੇ ਨਾਲ ਕੰਬਣਗੀਆਂ ਤਾਂ ਮੈਂ ਕੀਹਨੂੰ ਉਡੀਕਣੈæææ ਕੀਹਦੀਆਂ ਬਿੜਕਾਂ ਲੈਣੀਆਂæææ? ਇਹ ਤੇ ਅਜਿਹੇ ਹੋਰ ਡਾਇਲਾਗ ਚੇਤੇ ਕਰ ਕੇ ਅੱਜ ਵੀ ਕਾਂਬਾ ਛਿੜ ਜਾਂਦੈ।
ਗਾਰਗੀ ਅੱਛਾ ਲਿਖਾਰੀ ਸੀ। ਦਿਲਚਸਪ ਸ਼ੈਲੀਕਾਰ! ਕਮਾਲ ਦਾ ਨਾਟਕਕਾਰ। ਨਾਟਕਕਾਰ ਹੀ ਨਹੀਂ, ਕਮਾਲ ਦਾ ਡਰਾਮੇਬਾਜ਼ ਵੀ। ਕਲਮ ਦਾ ਜਾਦੂਗਰ। ਸ਼ਬਦਾਂ ਦਾ ਮਦਾਰੀ! ਇਹ ਉਹਦੇ ਸ਼ਬਦਾਂ ਦਾ ਜਾਦੂ ਹੀ ਹੈ ਜੋ ਉਹਦੀ ਜਨਮ ਸ਼ਤਾਬਦੀ ਮੌਕੇ ਸਿਰ ਚੜ੍ਹ ਕੇ ਬੋਲਿਆ ਹੈ।
(ਸਮਾਪਤ)