ਗੁਲਜ਼ਾਰ ਸਿੰਘ ਸੰਧੂ
ਕ੍ਰਿਸਮਸ ਦੇ ਦਿਨਾਂ ਵਿਚ ਠੰਢੇ ਦੇਸ਼ਾਂ ਵਿਚ ਵੱਸ ਰਹੇ ਪੰਜਾਬੀ ਆਪਣੇ ਜੱਦੀ ਪਿੰਡਾਂ ਦਾ ਗੇੜਾ ਲਾਉਂਦੇ ਹਨ। ਜੌੜਾ (ਹੁਸ਼ਿਆਰਪੁਰ) ਦਾ ਜਮਪਲ ਬਲਬੀਰ ਸਿੰਘ ਕੰਵਲ ਯੂæਕੇæ ਤੋਂ ਇਥੇ ਆਇਆ ਹੋਇਆ ਹੈ। ਵਿਰਾਸਤ ਫਾਊਂਡੇਸ਼ਨ, ਕੈਨੇਡਾ ਦਾ ਰੂਹੇ ਰਵਾਂ ਭੁਪਿੰਦਰ ਮੱਲ੍ਹੀ ਵੀ ਯੂæਕੇæ ਰਾਹੀਂ ਆਉਂਦੇ ਸਮੇਂ ਉਹਦੇ ਨਾਲ ਰਲ ਗਿਆ। ਕੰਵਲ ਕਲਾ ਕ੍ਰਿਤਾਂ ਦਾ ਪ੍ਰੇਮੀ ਹੈ ਤੇ ਮੱਲ੍ਹੀ ਕਲਾ ਪ੍ਰੇਮੀਆਂ ਦਾ ਪ੍ਰੇਮੀ।
ਬਲਬੀਰ ਕੰਵਲ 1964 ‘ਚ ਪਰਦੇਸੀ ਹੋ ਗਿਆ ਸੀ। ਹੋਰਨਾਂ ਪੰਜਾਬੀਆਂ ਵਾਂਗ ਮਜ਼ਦੂਰੀ ਕਰਨ ਪਿਛੋਂ ਉਹ ਪੋਸਟ ਆਫਿਸ ਵਿਚ ਲੱਗ ਗਿਆ ਤੇ ਉਥੋਂ ਉਨਤੀ ਕਰਕੇ ਨਿਊਹੈਮ (ਲੰਡਨ) ਦੇ ਵਿਦਿਆ ਵਿਭਾਗ ਦਾ ਕਰਮਚਾਰੀ ਜਾ ਲੱਗਾ। ਪਹਿਲਵਾਨੀ ਤੇ ਕੁਸ਼ਤੀਆਂ ਦੇਖਣ ਦਾ ਸ਼ੌਕੀਨ ਹੋਣ ਕਾਰਨ ਉਸ ਨੇ ਅਮਰੀਕਾ ਤੇ ਕੈਨੇਡਾ ਦੇ ਵੱਡੇ ਰਸਾਲਿਆਂ ਲਈ ਕੁਸ਼ਤੀਆਂ ਬਾਰੇ ਇੰਨੇ ਚੰਗੇ ਲੇਖ ਲਿਖੇ ਕਿ ਪਿੰ੍ਰਸੀਪਲ ਸਰਵਣ ਸਿੰਘ ਵਾਂਗ ਖੇਡਾਂ ਤੇ ਖੇਡ ਮੇਲਿਆਂ ਦਾ ਮਾਹਿਰ ਮੰਨਿਆ ਜਾਣ ਲੱਗਾ। ਉਸ ਨੇ ਅਪਣੇ ਲੰਡਨ ਵਾਲੇ ਘਰ ਵਿਚ ਭਾਰਤ ਅਤੇ ਪਾਕਿਸਤਾਨ ਤੋਂ ਪ੍ਰਾਪਤ ਹੋਈਆਂ ਗੁਰਜਾਂ ਸਾਂਭ ਕੇ ਰੱਖੀਆਂ ਹੋਈਆਂ ਹਨ। ਇਨ੍ਹਾਂ ਗੁਰਜਾਂ ਦੇ ਨਾਲ ਉਸ ਨੂੰ ਮਾਇਆ ਦੇ ਗੱਫੇ ਵੀ ਮਿਲੇ, ਜੋ ਉਸ ਨੇ ਉੜਾ ਛੱਡੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦਾ ਮਨਭਾਉਂਦਾ ਵਿਸ਼ਾ ਖੇਡ ਤੇ ਖਿਡਾਰੀ ਨਹੀਂ ਸਗੋਂ ਗੀਤ-ਸੰਗੀਤ ਦਾ ਗੁਣ ਗਾਇਨ ਕਰਨਾ ਹੈ। ਅੰਮ੍ਰਿਤਸਰ ਦੀ ਵਿਰਾਸਤ, ਕਬੱਡੀ ਦਾ ਇਤਿਹਾਸ, ਪੰਜਾਬ ਦੇ ਰਾਗੀ ਰਬਾਬੀ, ਪੰਜਾਬ ਦੇ ਸੰਗੀਤ ਘਰਾਣੇ, ਭਾਰਤ ਦੇ ਪਹਿਲਵਾਨ ਅਤੇ ਅੰਗਰੇਜ਼ੀ ਵਿਚ ਲਿਖੀ Ḕਗਾਮਾ: ਦੀ ਲਾਇਨ ਆਫ ਗੇਂਜਿਸ਼Ḕ ਉਸ ਦੀਆਂ ਕੁਝ ਪੁਸਤਕਾਂ ਦੇ ਨਾਂ ਹਨ। ਉਹ ਲਿਖਦੇ ਸਮੇਂ ਬੜੇ ਬਾਰੀਕ ਨੁਕਤੇ ਫੜ੍ਹਦਾ ਹੈ। ਉਹ ਦਸਦਾ ਹੈ ਕਿ ਪ੍ਰਸਿੱਧ ਗਾਇਕਾ ਪ੍ਰਵੀਨ ਸੁਲਤਾਨਾ ਜੰਮਪਲ ਤਾਂ ਆਸਾਮ ਦੀ ਹੈ ਪਰ ਗਾਇਕਾ ਪਟਿਆਲਾ ਘਰਾਣੇ ਦੀ। ਉਹ ਮੰਨ ਕੇ ਚਲਦਾ ਹੈ ਕਿ ਸ਼ਾਸਤਰੀ ਸੰਗੀਤ ਅਜਿਹੀ ਕਲਾ ਹੈ ਜਿਸ ਨੂੰ ਹੱਦ ਬੰਨਿਆਂ ਵਿਚ ਬੰਨ੍ਹ ਕੇ ਰੱਖਣਾ ਸੰਭਵ ਹੀ ਨਹੀਂ। ਬਲਬੀਰ ਸਿੰਘ ਆਪਣੀ ਰਚਨਾਕਾਰੀ ਸਦਕਾ ਬੜੇ ਗੁਲਾਮ ਅਲੀ ਖਾਂ, ਸਲਾਮਤ ਅਲੀ ਖਾਂ, ਉਮੈਦ ਅੱਲਾ ਖਾਂ, ਗੁਲਾਮ ਹੈਦਰ, ਹੁਸੈਨ ਬਖਸ਼, ਸੰਗੀਤਾ ਕੌਰ, ਪ੍ਰੋæ ਗੁਰਬਖਸ਼ ਸਿੰਘ ਤੇ ਰਾਗਾਂਵਲੀ ਦੇ ਕਰਤਾ ਗੁਰਬਖਸ਼ ਸਿੰਘ ਵਰਗੇ ਮੰਨੇ-ਪ੍ਰਮੰਨੇ ਗਾਇਕਾਂ ਤੇ ਤਬਲਾ ਵਾਦਕਾਂ ਦੀ ਸੰਗਤ ਤੇ ਪਿਆਰ ਮਿਲਿਆ। ਆਪਣੀ ਉਮਰਾ ਦੇ ਤਰਾਸੀਵੇਂ ਵਰ੍ਹੇ ਵਿਚ ਏਸ ਪਿਆਰ ਤੇ ਸੰਗਤ ਨੂੰ ਅਪਣੀ ਜ਼ਿੰਦਗੀ ਦਾ ਹਾਸਲ ਸਮਝਦਾ ਹੈ। ਇਨ੍ਹਾਂ ਵਿਚੋਂ ਕਿਸੇ ਬਾਰੇ ਪੁੱਛੋਂ, ਉਹ ਦੱਸਣ ਲੱਗਾ ਭਾਵੁਕ ਹੋ ਜਾਂਦਾ ਹੈ।
ਜਿੰਨੇ ਮੂੰਹ, ਓਨੀਆਂ ਗੱਲਾਂ: ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ 20, ਕਾਂਗਰਸ ਦੇ ਚਾਰ ਤੇ ਅਕਾਲੀ ਦਲ ਦਾ ਕੇਵਲ ਇਕ ਉਮੀਦਵਾਰ ਜਿੱਤਣ ਉਤੇ ਵੱਖ ਵੱਖ ਸਿਆਸੀ ਪਾਰਟੀਆਂ ਦਾ ਪ੍ਰਤੀਕਰਮ ਪੜ੍ਹਨ/ਸੁਣਨ ਵਾਲਿਆਂ ਲਈ ਬੜਾ ਮਸਾਲੇਦਾਰ ਹੈ। ਭਾਜਪਾ ਦੀਆਂ ਵੀਹ ਦੇ ਟਾਕਰੇ ਕੇਵਲ ਇੱਕ ਸੀਟ ਜਿੱਤਣ ਵਾਲੀ ਪਾਰਟੀ ਦਾ ਮੁਖੀ ਸੁਖਬੀਰ ਬਾਦਲ ਇਸ ਲਈ ਖੁਸ਼ ਹੈ ਕਿ ਇਸ ਦੇ ਨਤੀਜਿਆਂ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੰਧ ‘ਤੇ ਲਿਖੀ ਇਬਾਰਤ ਉਲੀਕ ਛੱਡੀ ਹੈ। ਕੀ ਉਹ ਇਸ ਲਈ ਖੁਸ਼ ਹੈ ਕਿ ਚੰਡੀਗੜ੍ਹ ਹੁਣ ਪੱਕੇ ਤੌਰ ‘ਤੇ ਭਗਵਾ ਹੋ ਕੇ ਪੰਜਾਬ ਦਾ ਨਹੀਂ ਰਿਹਾ ਜਾਂ ਇਸ ਲਈ ਕਿ ਇਸ ਨੇ ਅਗੋਂ ਪੰਜਾਬ ਦੇ ਭਗਵਾ ਹੋਣ ਲਈ ਰਸਤਾ ਸਾਫ ਕਰ ਦਿੱਤਾ ਹੈ? ਭਾਜਪਾ ਪ੍ਰਧਾਨ ਅਮਿੱਤ ਸ਼ਾਹ ਇਸ ਨੂੰ ਮੋਦੀ ਸਰਕਾਰ ਦੀ ਨੋਟ-ਬੰਦੀ ਉਤੇ ਮੋਹਰ ਦੱਸ ਰਿਹਾ ਜਦ ਕਿ ਇਸ ਸਰਕਾਰ ਦੇ ਸਾਥੀ ਤੇ ਆਂਧਰਾ ਪ੍ਰਦੇਸ਼ ਦੇ ਮੁਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਇਸ ਧੁੰਦਲਕੇ ਦਾ 40 ਦਿਨ ਲੰਘ ਜਾਣ ਉਤੇ ਵੀ ਕੋਈ ਚਾਨਣ ਨਹੀਂ ਦਿੱਸ ਰਿਹਾ। ਓਧਰ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਨੋਟ-ਬੰਦੀ ਰਾਹੀਂ ਮੋਦੀ ਦੇ ਵਪਾਰੀ ਮਿੱਤਰਾਂ ਨੂੰ ਮਾਲਾਮਾਲ ਹੁੰਦੇ ਤੇ ਕਿਰਤੀਆਂ ਕਿਸਾਨਾਂ ਦੀ ਰੋਜ਼ੀ ਰੋਟੀ ‘ਤੇ ਲੱਤ ਵੱਜਣ ਵਜੋਂ ਦੇਖ ਰਿਹਾ ਹੈ। ਕਾਂਗਰਸੀ ਨੇਤਾ ਪੀæ ਚਿਦੰਬਰਮ ਨੋਟ-ਬੰਦੀ ਨੂੰ ਅਰਥ-ਸ਼ਾਸਤਰ ਦੇ ਵਿਦਿਆਰਥੀਆਂ ਲਈ ਕਾਲੇ ਧਨ ਨੂੰ ਚਿੱਟਾ ਤੇ ਚਿੱਟੇ ਧਨ ਨੂੰ ਕਾਲਾ ਕਰਨ ਦੀ ਮਿੱਥ ਗਰਦਾਨ ਰਿਹਾ ਹੈ। ਇਸ ਸਬੰਧੀ ਵਾਰ ਵਾਰ ਬਦਲੇ ਜਾਂਦੇ ਸਰਕਾਰੀ ਆਦੇਸ਼ਾਂ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਂਦਰੀ ਸਰਕਾਰ ਦੀ ਅਸਥਿਰਤਾ ਵਜੋਂ ਦੇਖ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਸੱਤਾਧਾਰੀ ਸਰਕਾਰ ਦਾ ਵਿੱਤ ਮੰਤਰੀ ਹਾਲੇ ਵੀ ਦਾਅਵਾ ਕਰ ਰਿਹਾ ਹੈ ਕਿ ਨਵੇਂ ਸਿੱਕਿਆਂ ਦੀ ਨਾ ਕਦੀ ਕੋਈ ਘਾਟ ਸੀ ਤੇ ਨਾ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਹਰ ਰੋਜ਼ ਗੱਡਿਆਂ ਦੇ ਗੱਡੇ ਨੋਟ ਪਹੁੰਚਾ ਰਿਹਾ ਹੈ। ਉਹ ਨੋਟ ਕਿੱਧਰ ਜਾਂਦੇ ਹਨ, ਉਹ ਨਾ ਹੀ ਦਸਦਾ ਹੈ ਤੇ ਨਾ ਹੀ ਦੱਸਣ ਨੂੰ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਇਸ ਮਸਲੇ ਬਾਰੇ ਵਿਧੀਬਧ ਵਿਚਾਰ ਵਟਾਂਦਰਾ ਕਰਨ ਲਈ ਵੀ ਤਿਆਰ ਨਹੀਂ। ਆਮ ਆਦਮੀ ਦੀਆਂ ਨਜ਼ਰਾਂ ਤਾਂ ਇਸ ਵੇਲੇ ਆ ਰਹੀਆਂ ਉਤਰ ਪ੍ਰਦੇਸ਼ ਤੇ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਲੱਗੀਆਂ ਹੋਈਆਂ ਹਨ ਕਿ ਉਹ ਹਵਾ ਦਾ ਰੁੱਖ ਬਦਲ ਸਕਦੀਆਂ ਹਨ ਜਾਂ ਨਹੀਂ!
ਡਾਵਾਂਡੋਲ ਕਾਂਗਰਸ ਤੇ ਅਮਲੀ ਦੇ ਬੋਲ: ਕੰਗਾਲ ਕਾਂਗਰਸ ਨੂੰ ਉਮੀਦਵਾਰ ਐਲਾਨਣ ਦੀ ਕੋਈ ਕਾਹਲ ਨਹੀਂ। ਜਿਨ੍ਹਾਂ ਪਾਰਟੀਆਂ ਕੋਲ ਕਾਲਾ ਧਨ ਸੀ, ਉਨ੍ਹਾਂ ਨੇ ਉਮੀਦਵਾਰ ਐਲਾਨ ਕੇ ਉਨ੍ਹਾਂ ਰਾਹੀਂ ਇਸ ਧਨ ਦਾ ਛੱਟਾ ਵੋਟਰਾਂ ਤੱਕ ਦੇਣਾ ਸੀ, ਮਹਾਰਾਜ!
ਅੰਤਿਕਾ: ਮਿਰਜ਼ਾ ਗਾਲਿਬ
ਤੇਰੇ ਸਰੂ ਕਾਮਤ ਸੇ ਇੱਕ ਕੱਦ-ਏ-ਆਦਮ
ਕਿਆਮਤ ਕੇ ਫਿਤਨੇ ਕੋ ਕਮ ਦੇਖਤੇ ਹੈਂ।