ਹਾਲ ਹੀ ਵਿਚ ਚੰਡੀਗੜ੍ਹ ਨਗਰ ਨਿਗਮ ਦੀ ਹੋਈ ਚੋਣ, ਸਮੁੱਚੇ ਚੋਣ ਮਾਹੌਲ ਵਿਚ ਭਾਵੇਂ ਕੋਈ ਖਾਸ ਅਸਰ ਨਹੀਂ ਰੱਖਦੀ, ਪਰ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਕਾਰਨ ਇਸ ਚੋਣ ਦੇ ਵੱਖਰੇ ਅਤੇ ਵਿਸ਼ੇਸ਼ ਅਰਥ ਬਣ ਗਏ ਹਨ। ਕੁਝ ਸਿਆਸੀ ਧਿਰਾਂ ਤਾਂ ਇਸ ਦੇ ਚੱਕਵੇਂ ਅਰਥ ਵੀ ਕੱਢ ਰਹੀਆਂ ਹਨ। ਇਸ ਚੋਣ ਪਿੜ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਵਿਚਕਾਰ ਸੀ।
ਇਸ ਚੋਣ ਵਿਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਹੈ। ਇਸ ਨੂੰ 26 ਮੈਂਬਰੀ ਸਦਨ ਵਿਚ ਸਿਰਫ ਚਾਰ ਸੀਟਾਂ ਹੀ ਮਿਲ ਸਕੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਨੇ ਕੁੱਲ 21 (20+1) ਸੀਟਾਂ ਉਤੇ ਕਬਜ਼ਾ ਕਰ ਕੇ ਜਿੱਤ ਦਰਜ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਉਤਸ਼ਾਹ ਵਿਚ ਆਏ ਕੇਂਦਰੀ ਆਗੂਆਂ ਨੇ ਪਹਿਲਾ ਐਲਾਨ ਤਾਂ ਇਹ ਕੀਤਾ ਕਿ ਇਹ ਚੋਣ ਨਤੀਜੇ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਨੋਟਬੰਦੀ ਦੇ ਹੱਕ ਵਿਚ ਫਤਵਾ ਹਨ। ਦੂਜਾ ਅਹਿਮ ਐਲਾਨ ਪੰਜਾਬ ਚੋਣਾਂ ਨਾਲ ਜੋੜ ਕੇ ਕੀਤਾ ਗਿਆ ਹੈ। ਇਸ ਐਲਾਨ ਮੁਤਾਬਕ, ਪਾਰਟੀ ਨੇ ਚੰਡੀਗੜ੍ਹ ਫਤਿਹ ਕਰ ਲਿਆ ਹੈ, ਹੁਣ ਅਗਲੀ ਵਾਰੀ ਪੰਜਾਬ ਦੀ ਹੈ। ਇਨ੍ਹਾਂ ਐਲਾਨਾਂ ਦੇ ਨਾਲ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਉਤੇ ਤਨਜ਼ ਕੱਸਣ ਦਾ ਮੌਕਾ ਨਹੀਂ ਗੁਆਇਆ ਅਤੇ ਕਿਹਾ ਹੈ ਕਿ ਇਹ ਪਾਰਟੀ ਤਾਂ ਬੱਸ ਹੁਣ ਦਿੱਲੀ ਜੋਗੀ ਹੀ ਰਹਿ ਗਈ ਹੈ। ਦਿੱਲੀ ਤੋਂ ਬਾਹਰ ਇਸ ਪਾਰਟੀ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਯਾਦ ਰਹੇ, ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਨਿਗਮ ਚੋਣਾਂ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਉਂਜ ਇਸ ਪਾਰਟੀ ਨਾਲ ਸਬੰਧਤ ਛੇ ਉਮੀਦਵਾਰ ਮੈਦਾਨ ਵਿਚ ਸਨ।
ਸੱਚਮੁੱਚ, ਭਾਰਤੀ ਜਨਤਾ ਪਾਰਟੀ ਲਈ ਇਹ ਚੋਣ ਜਿੱਤ ਵੱਡਾ ਹੁਲਾਰਾ ਹੈ। ਇਸ ਦੇ ਕੁੱਲ 22 ਉਮੀਦਵਾਰਾਂ ਵਿਚੋਂ 20 ਜੇਤੂ ਰਹੇ ਹਨ। ਅਕਾਲੀ ਦਲ ਨੇ ਚਾਰ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ, ਪਰ ਜਿੱਤ ਇਕ ਨੂੰ ਹੀ ਹਾਸਲ ਹੋਈ। ਬਹੁਜਨ ਸਮਾਜ ਪਾਰਟੀ ਦੇ ਸਾਰੇ 18 ਉਮੀਦਵਾਰ ਹਾਰ ਗਏ। ਇਕ ਆਜ਼ਾਦ ਉਮੀਦਵਾਰ ਵੀ ਜਿੱਤ ਗਿਆ ਹੈ। ਅਸਲ ਵਿਚ ਇਸ ਚੋਣ ਵਿਚ ਭਾਰਤੀ ਜਨਤਾ ਪਾਰਟੀ ਨਹੀਂ ਜਿੱਤੀ; ਸਗੋਂ ਕਾਂਗਰਸ ਪਾਰਟੀ ਹਾਰੀ ਹੈ। ਸ਼ਹਿਰ ਵਿਚ ਸਾਬਕਾ ਕੇਂਦਰੀ ਮੰਤਰੀਆਂ- ਪਵਨ ਕੁਮਾਰ ਬਾਂਸਲ ਅਤੇ ਮਨੀਸ਼ ਤਿਵਾੜੀ ਦੇ ਧੜੇ ਇਕ-ਦੂਜੇ ਦੇ ਬਰਾਬਰ ਡਟੇ ਹੋਏ ਸਨ। ਭਾਰੂ ਬਾਂਸਲ ਧੜੇ ਖਿਲਾਫ ਤਿਵਾੜੀ ਧੜੇ ਵੱਲੋਂ 11 ਵਾਰਡਾਂ ਉਤੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜੀ ਗਈ। ਜ਼ਾਹਰ ਹੈ ਕਿ ਚੰਡੀਗੜ੍ਹ ਵਿਚ ਵੀ ਲੋਕ ਸਭਾ ਚੋਣਾਂ ਵਾਲੇ ਹੀ ਹਾਲਾਤ ਸਨ। ਉਦੋਂ ਵੀ ਕਮਜ਼ੋਰ ਕਾਂਗਰਸ ਦੀ ਹਾਰ ਨੇ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਲਈ ਰਾਹ ਖੋਲ੍ਹ ਦਿੱਤੇ ਸਨ। ਉਂਜ ਵੀ ਇਸ ਵੇਲੇ ਪੰਜਾਬ ਵਿਚ ਜੋ ਹਾਲ ਭਾਰਤੀ ਜਨਤਾ ਪਾਰਟੀ ਦਾ ਹੈ, ਉਸ ਤੋਂ ਖੁਦ ਪਾਰਟੀ ਵੀ ਫਿਕਰਮੰਦ ਹੈ।
ਪੰਜਾਬ ਦੀਆਂ ਮੁੱਖ ਧਿਰਾਂ-ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪੋ-ਆਪਣੇ ਚੋਖੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੋਇਆ ਹੈ, ਪਰ ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ ਵਿਚ ਅਜੇ ਇਕ ਵੀ ਪੂਣੀ ਨਹੀਂ ਕੱਤੀ ਹੈ, ਬਲਕਿ ਇਸ ਨੇ ਤਾਂ ਅਜੇ ਚਰਖਾ ਵੀ ਨਹੀਂ ਡਾਹਿਆ ਹੈ। ਪਾਰਟੀ ਨੂੰ ਅਜੇ ਤੱਕ ਸਮਝ ਕੁਝ ਨਹੀਂ ਪੈ ਰਿਹਾ ਕਿ ਇਸ ਦਾ ਅਸਲ ਵੋਟ ਬੈਂਕ ਹੈ ਕਿਹੜਾ! ਪਿਛਲੇ ਕੁਝ ਸਮੇਂ ਤੋਂ ਪਾਰਟੀ ਦਲਿਤਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਪ੍ਰਸੰਗ ਵਿਚ ਹੀ ਵਿਜੈ ਸਾਂਪਲਾ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਅਤੇ ਉਸ ਨੂੰ ਕੇਂਦਰੀ ਵਜ਼ਾਰਤ ਵਿਚ ਵੀ ਥਾਂ ਦਿੱਤੀ ਗਈ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਪਾਰਟੀ ਨੇ ਪੰਜਾਬ ਵਿਚ ਇਕੱਲਿਆਂ ਚੋਣ ਲੜਨ ਦਾ ਦਾਈਆ ਵੀ ਬੰਨ੍ਹਿਆ ਸੀ। ਪੰਜਾਬ ਇਕਾਈ ਦੇ ਕੁਝ ਆਗੂਆਂ ਨੇ ਇਸ ਕਾਰਜ ਲਈ ਲਾਮਬੰਦੀ ਵੀ ਬਹੁਤ ਕੀਤੀ ਸੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਕਾਲੀਆਂ ਬਾਰੇ ਬਣੇ ਰਵੱਈਏ ਤੋਂ ਵੀ ਇਹੀ ਜਾਪ ਰਿਹਾ ਸੀ ਕਿ ਇਹ ਪਾਰਟੀ ਵਿਧਾਨ ਸਭਾ ਚੋਣਾਂ ਇਕੱਲਿਆਂ ਲੜ ਸਕਦੀ ਹੈ, ਪਰ ਪਾਰਟੀ ਦੀ ਹਾਲਤ ਦੇ ਮੱਦੇਨਜ਼ਰ ਇਹ ਵਿਚਾਰ ਪਾਰਟੀ ਵੱਲੋਂ ਫਿਲਹਾਲ ਤੱਜ ਦਿੱਤਾ ਗਿਆ।
ਇਹ ਹਨ ਉਹ ਹਾਲਾਤ ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਹੁਣ ਵਾਲੇ ਉਤਸ਼ਾਹ ਨੂੰ ਵਿਚਾਰਨਾ ਬਣਦਾ ਹੈ। ਇਹ ਪਾਰਟੀ ਸ਼ਾਇਦ ਭੁੱਲ ਗਈ ਹੈ ਕਿ ਪੰਜਾਬ ਵਿਚ ਹਾਲਾਤ ਲੋਕ ਸਭਾ ਚੋਣਾਂ ਵਾਲੇ ਉਕਾ ਹੀ ਨਹੀਂ ਹਨ। ਉਦੋਂ ਦਸ ਸਾਲਾਂ ਦੇ ਸ਼ਾਸਨ ਪਿਛੋਂ ਕਾਂਗਰਸ ਸਮੁੱਚੇ ਮੁਲਕ ਵਿਚ ਪਛੜ ਰਹੀ ਸੀ। ਪੰਜਾਬ ਵਿਚ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਮੈਦਾਨ ਵਿਚ ਝੰਡੇ ਗੱਡੇ ਹੋਏ ਹਨ ਅਤੇ ਇਸ ਪਾਰਟੀ ਨੂੰ ਲੋਕਾਂ ਦਾ ਆਪ-ਮੁਹਾਰੇ ਹੁੰਗਾਰਾ ਵੀ ਮਿਲ ਰਿਹਾ ਹੈ। ਇਸ ਸੂਰਤ ਵਿਚ ਪੰਜਾਬ ਵਿਚ ਚੰਡੀਗੜ੍ਹ ਵਾਲੀ ਜਿੱਤ ਦੁਹਰਾ ਸਕਣਾ ਭਾਰਤੀ ਜਨਤਾ ਪਾਰਟੀ ਜਾਂ ਇਸ ਦੀ ਜੋਟੀਦਾਰ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਅਕਾਲੀ ਦਲ ਨੂੰ ਤਾਂ ਉਂਜ ਹੀ ਸਿਆਸੀ ਮੈਦਾਨ ਵਿਚ ਵੱਡੀ ਪਛਾੜ ਵੱਜ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਾਵੇਂ ਅੱਜ ਕੱਲ੍ਹ ਵੱਖ-ਵੱਖ ਉਦਘਾਟਨੀ ਸਮਾਗਮਾਂ ਉਤੇ ਚੜ੍ਹੇ ਦਿਸਦੇ ਹਨ, ਪਰ ਸੱਚਾਈ ਇਹ ਹੈ ਕਿ ਇਨ੍ਹਾਂ ਸਮਾਗਮਾਂ ਲਈ ਲੋੜੀਂਦੇ ਸਰੋਤੇ ਵੀ ਇਸ ਨੂੰ ਜੁੜ ਨਹੀਂ ਰਹੇ। ਸੰਗਤ ਦਰਸ਼ਨਾਂ ਵਿਚ ਜੋ ਹਾਲ ਮੁੱਖ ਮੰਤਰੀ ਦਾ ਹੋਇਆ ਹੈ, ਉਸ ਤੋਂ ਹਾਲਾਤ ਦਾ ਜਾਇਜ਼ਾ ਲਾਉਣਾ ਕੋਈ ਔਖਾ ਨਹੀਂ। ਇਸ ਪ੍ਰਸੰਗ ਵਿਚ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਿਲਚਸਪ ਬਣ ਗਈਆਂ ਹਨ। ਸਭ ਧਿਰਾਂ ਪੈਂਠ ਬਣਾਉਣ ਲਈ ਦਿਨ-ਰਾਤ ਇਕ ਕਰ ਰਹੀਆਂ ਹਨ। ਹੁਣ ਦੇਖਣਾ ਇਹੀ ਹੈ ਕਿ ਸੂਬੇ ਵਿਚ ਚੋਣਾਂ ਵਾਲੀ ਝੰਡੀ ਕੌਣ ਪੁੱਟਦਾ ਹੈ।