ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਚੋਣ ਅਖਾੜਾ ਭਖਣ ਦੇ ਨਾਲ ਹੀ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੋਟਾਂ ਲਈ ਡੇਰਿਆਂ ਅੱਗੇ ਹੱਥ ਅੱਡਣੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਚਰਨੀਂ ਜਾ ਲੱਗੇ।
ਡੇਰਾ ਬਿਆਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਪਿੰਡ ਬੱਲਾਂ ਸਥਿਤ ਡੇਰਾ ਸਚਖੰਡ ਵਿਖੇ ਵੀ ਮੁੱਖ ਸਿਆਸੀ ਪਾਰਟੀਆਂ ਦੇ ਆਗੂ ਹਾਜ਼ਰੀ ਭਰ ਚੁੱਕੇ ਹਨ। ਇਹ ਡੇਰਾ ਦੁਆਬੇ ਵਿਚ ਵੱਡੀ ਗਿਣਤੀ ਵਿਚ ਵਸੇ ਹੋਏ ਰਵਿਦਾਸੀਆ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹੈ।
ਇਸ ਡੇਰੇ ਦੇ ਦੋ ਪੈਰੋਕਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਦੇ ਕੇ ਵੀ ਨਿਵਾਜਿਆ ਹੈ। ਪੰਜਾਬ ਵਿਚ ਅਣਗਿਣਤ ਡੇਰੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਆਪਣੇ ਸਿਆਸੀ ਵਿੰਗ ਬਣਾਏ ਹੋਏ ਹਨ। ਇਹ ਵਿੰਗ ਚੋਣਾਂ ਤੋਂ ਪਹਿਲਾਂ ਤੈਅ ਕਰਦੇ ਹਨ ਕਿ ‘ਸ਼ਰਧਾਲੂ’ ਕਿਸ ਸਿਆਸੀ ਪਾਰਟੀ ਦੇ ਹੱਕ ਵਿਚ ਭੁਗਤਣਗੇ।
ਡੇਰਾ ਸਿਰਸਾ ਇਸ ਮਾਮਲੇ ਵਿਚ ਸਭ ਤੋਂ ਅੱਗੇ ਹੈ ਜਿਸ ਦੇ ਸਿਆਸੀ ਵਿੰਗ ਦਾ ਕਾਫੀ ਪ੍ਰਭਾਵ ਹੈ। ਇਹ ਡੇਰਾ ਕਿਸੇ ਨਾ ਕਿਸੇ ਢੰਗ ਨਾਲ ਚੋਣਾਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਹੈ, ਪਰ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਵਿਚ ਘਿਰੇ ਇਸ ਡੇਰੇ ਨਾਲ ਕੋਈ ਵੀ ਧਿਰ ਸਿੱਧਾ ਰਾਬਤਾ ਬਣਾਉਣ ਤੋਂ ਟਲ ਰਹੀ ਹੈ। ਅਕਾਲ ਤਖਤ ਵੱਲੋਂ ਇਸ ਡੇਰੇ ਦਾ ਬਾਈਕਾਟ ਕੀਤਾ ਹੋਇਆ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਵੇਂ ਇਸ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ‘ਮੁਆਫੀਨਾਮਾ’ ਕਬੂਲ ਕਰ ਲਿਆ ਸੀ, ਪਰ ਸਿੱਖ ਜਥੇਬੰਦੀਆਂ ਦੇ ਰੋਹ ਕਾਰਨ ਫੈਸਲਾ ਵਾਪਸ ਲੈਣਾ ਪਿਆ ਸੀ। ਜਥੇਦਾਰ ਦੇ ਇਸ ਫੈਸਲੇ ਬਾਰੇ ਕਾਫੀ ਚਰਚਾ ਰਹੀ ਸੀ ਕਿ ਇਹ ‘ਮੁਆਫੀ’ ਸੁਖਬੀਰ ਸਿੰਘ ਬਾਦਲ ਦੇ ਕਹਿਣ ਉਤੇ ਦਿੱਤੀ ਗਈ ਸੀ। ਇਸ ਡੇਰੇ ਦੇ ਮੁਖੀ ਉਤੇ ਕਈ ਕੇਸ ਵੀ ਅਦਾਲਤਾਂ ਵਿਚ ਚੱਲ ਰਹੇ ਹਨ।
ਡੇਰੇ ਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਅਤੇ ਸਿਆਸਤ ਵਿਚ ਇਸ ਦੇ ਸਿੱਧੇ-ਅਸਿੱਧੇ ਦਖਲ ਵਾਲੇ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਸਿਆਸੀ ਆਗੂ ਇਸ ਡੇਰੇ ਦੀ ਹਮਾਇਤ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਡੇਰੇ ਦਾ ਮੁਖੀ ਵੀ ਆਪਣੇ ਹਿੱਤਾਂ ਦੇ ਮੱਦੇਨਜ਼ਰ ਹੀ ਸਿਆਸੀ ਪਾਰਟੀਆਂ ਨੂੰ ਹਮਾਇਤ ਦਿੰਦਾ ਹੈ। ਹਰ ਹਲਕੇ ਵਿਚ ਡੇਰਾ ਪ੍ਰੇਮੀਆਂ ਦੀ 15 ਹਜ਼ਾਰ ਵੋਟ ਦੱਸੀ ਜਾ ਰਹੀ ਹੈ। ਡੇਰਾ ਸਿਰਸਾ ਨੇ 2007 ਵਿਚ ਕਾਂਗਰਸ ਦੀ ਖੁੱਲ੍ਹੀ ਹਮਾਇਤ ਕੀਤੀ ਸੀ, ਜਦੋਂਕਿ 2012 ਵਿਚ ਡੇਰਾ ਸਿਰਸਾ ਨੇ ਲੁਕਵੇਂ ਰੂਪ ਵਿਚ ਹਮਾਇਤ ਦਿੱਤੀ ਸੀ। ਐਤਕੀਂ ਮੁੜ ਡੇਰਾ ਸਿਰਸਾ ਵੱਲੋਂ ਖੁੱਲ੍ਹੀ ਹਮਾਇਤ ਕੀਤੇ ਜਾਣ ਦੀ ਚਰਚਾ ਹੈ।
ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਨੇੜਲੇ ਸਬੰਧ ਹਨ। ਡੇਰਾ ਬਿਆਸ ਦੇ ਵੀ ਜਲਾਲਾਬਾਦ ਅਤੇ ਮੁਕਤਸਰ ਵਿਚ ਸਮਾਗਮ ਹੋ ਚੁੱਕੇ ਹਨ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਜ਼ਰੀ ਭਰੀ ਹੈ।
ਜਾਣਕਾਰੀ ਅਨੁਸਾਰ, ਡੇਰਾ ਸਿਰਸਾ ਦਾ ਮੁਖੀ ਫਿਲਹਾਲ ਕਿਸੇ ਆਗੂ ਨੂੰ ਮਿਲਣੀ ਦਾ ਸਮਾਂ ਨਹੀਂ ਦੇ ਰਿਹਾ ਕਿਉਂਕਿ ਉਹ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਵਿਚ ਰੁੱਝਾ ਹੋਇਆ ਹੈ। ਇਸ ਫਿਲਮ ਦੀ ਸ਼ੂਟਿੰਗ ਲਈ ਡੇਰਾ ਮੁਖੀ ਪਹਿਲਾਂ 27 ਦਿਨ ਹਿਮਾਚਲ ਪ੍ਰਦੇਸ਼ ਵਿਚ ਰਿਹਾ ਅਤੇ ਹੁਣ ਸਿਰਸਾ ਵਿਚ ਸ਼ੂਟਿੰਗ ਚੱਲ ਰਹੀ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਨੇਤਾਵਾਂ ਵੱਲੋਂ ਐਤਕੀਂ ਵਾਇਆ ਭਾਜਪਾ ਵਿਚ ਗਠਜੋੜ ਵਾਸਤੇ ਡੇਰਾ ਸਿਰਸਾ ਤੋਂ ਹਮਾਇਤ ਮੰਗੀ ਜਾਵੇਗੀ।