ਵਿਸ਼ਵ ਜੂਨੀਅਰ ਹਾਕੀ ਵਿਚ ਭਾਰਤ ਨੇ ਸਿਰਜਿਆ ਇਤਿਹਾਸ

ਲਖਨਊ: ਭਾਰਤ ਨੇ 15 ਸਾਲਾਂ ਦੇ ਵਕਫੇ ਮਗਰੋਂ ਐਫ਼ਆਈæਐਚæ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਭਾਰਤੀ ਟੀਮ ਨੇ ਫਾਈਨਲ ਵਿਚ ਬੈਲਜੀਅਮ ਨੂੰ 2-1 ਨਾਲ ਹਰਾਇਆ। ਮੇਜ਼ਬਾਨ ਟੀਮ ਨੇ ਦੋਵੇਂ ਮੈਦਾਨੀ ਗੋਲ ਮੈਚ ਦੇ ਪਹਿਲੇ ਅੱਧ ਵਿਚ ਕੀਤੇ। ਗੁਰਜੰਟ ਸਿੰਘ ਨੇ ਅੱਠਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ, ਜਦੋਂ ਕਿ ਸਿਮਰਨਜੀਤ ਸਿੰਘ ਨੇ 22ਵੇਂ ਮਿੰਟ ਵਿਚ ਗੋਲ ਨਾਲ ਲੀਡ ਵਧਾਈ।

ਮੈਚ ਦੌਰਾਨ ਗੇਂਦ ਨੂੰ ਵੱਧ ਸਮਾਂ ਆਪਣੇ ਕੋਲ ਰੱਖਣ ਕਾਰਨ ਹੀ ਭਾਰਤੀ ਟੀਮ ਜਿੱਤ ਦੀ ਹੱਕਦਾਰ ਬਣੀ। ਬੈਲਜੀਅਮ ਵੱਲੋਂ ਇਕੋ ਇਕ ਗੋਲ ਫੈਬਰਿਸ ਵਾਨ ਬੋਕਰਿਜਕ ਨੇ 70ਵੇਂ ਮਿੰਟ ‘ਚ ਪੈਨਲਟੀ ਕਾਰਨਰ ਉਤੇ ਕੀਤਾ।
ਨਵੀਂ ਦਿੱਲੀ ਵਿਚ ਪਿਛਲੀ ਵਾਰ ਭਾਰਤੀ ਟੀਮ 13ਵੇਂ ਸਥਾਨ ਉਤੇ ਰਹੀ ਸੀ। ਇਸ ਵਾਰ ਖਿਤਾਬ ਉਤੇ ਨਜ਼ਰ ਗੱਡ ਕੇ ਖੇਡ ਰਹੀ ਮੇਜ਼ਬਾਨ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਤੇ ਲਗਾਤਾਰ ਹਮਲਿਆਂ ਨਾਲ ਬੈਲਜੀਅਮ ਦੀ ਰੱਖਿਆ ਪੰਕਤੀ ਉਤੇ ਦਬਾਅ ਬਣਾ ਲਿਆ। ਭਾਰਤ ਦੇ ਇਸੇ ਦਬਾਅ ਕਾਰਨ ਟੀਮ ਨੂੰ ਪਹਿਲੇ ਛੇ ਮਿੰਟਾਂ ਵਿਚ ਦੋ ਪੈਨਲਟੀ ਕਾਰਨਰ ਮਿਲੇ, ਪਰ ਇਸ ਪੂਰੇ ਟੂਰਨਾਮੈਂਟ ਦੀ ਆਪਣੀ ਕਮਜ਼ੋਰੀ ਮੁੜ ਜ਼ਾਹਰ ਕਰਦਿਆਂ ਮੇਜ਼ਬਾਨਾਂ ਨੇ ਦੋਵੇਂ ਮੌਕੇ ਗਵਾ ਦਿੱਤੇ। ਇਸ ਦੇ ਬਾਵਜੂਦ ਟੀਮ ਨੂੰ ਗੋਲ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਿਆ ਅਤੇ ਅੱਠਵੇਂ ਮਿੰਟ ਵਿਚ ਗੁਰਜੰਟ ਨੇ ਬਿਹਤਰੀਨ ਮੈਦਾਨੀ ਗੋਲ ਕੀਤਾ। ਇਸ ਗੋਲ ਦਾ ਆਧਾਰ ਸੁਮਿਤ ਦਾ ਬਿਹਤਰੀਨ ਸਕੂਪ ਰਿਹਾ, ਜਿਸ ਦੌਰਾਨ ਗੇਂਦ ਬੈਲਜੀਅਮ ਗੋਲ ਕੀਪਰ ਦੀ ਛਾਤੀ ‘ਤੇ ਵੱਜ ਕੇ ਗੁਰਜੰਟ ਕੋਲ ਆ ਗਈ ਅਤੇ ਉਸ ਨੇ ਗੇਂਦ ਨੂੰ ਗੋਲ ਵਿਚ ਪਹੁੰਚਾਉਣ ਲਈ ਕੋਈ ਗਲਤੀ ਨਾ ਕੀਤੀ। ਇਸ ਤੋਂ ਇਕ ਮਿੰਟ ਬਾਅਦ ਨੀਲਕਾਂਤ ਸ਼ਰਮਾ ਨੂੰ ਬਿਹਤਰੀਨ ਮੌਕਾ ਮਿਲਿਆ, ਪਰ ਉਸ ਦਾ ਸ਼ਾਟ ਬਾਹਰ ਚਲਾ ਗਿਆ। 22ਵੇਂ ਮਿੰਟ ਵਿਚ ਸਿਮਰਨਜੀਤ ਨੇ ਸਰਕਲ ਦੇ ਸਿਰੇ ਤੋਂ ਰਿਵਰਸ ਸ਼ਾਟ ਰਾਹੀਂ ਗੋਲ ਕਰ ਕੇ ਲੀਡ ਦੁੱਗਣੀ ਕੀਤੀ। ਛੇ ਵਾਰ ਦੀ ਚੈਂਪੀਅਨ ਜਰਮਨੀ ਦੀ ਟੀਮ ਨੇ ਆਸਟਰੇਲੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਤੋਂ ਪਹਿਲਾਂ 2001 ਵਿਚ ਆਸਟਰੇਲੀਆ ਦੇ ਹੋਬਰਟ ਵਿਚ ਭਾਰਤੀ ਟੀਮ ਨੇ ਅਰਜਟੀਨਾ ਨੂੰ 6-1 ਨਾਲ ਹਰਾ ਕੇ ਇਕੋ ਇਕ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਸਟੇਡੀਅਮ ਵਿਚ ਦਰਸ਼ਕਾਂ ਦੀ ਭੀੜ ਦੁਪਹਿਰ ਤੋਂ ਹੀ ਲੱਗਣੀ ਸ਼ੁਰੂ ਹੋ ਗਈ ਸੀ। ਸੀਟਾਂ ਤੋਂ ਇਲਾਵਾ ਵੀ ਮੈਦਾਨ ਦੇ ਚੱਪੇ-ਚੱਪੇ ਉਤੇ ਦਰਸ਼ਕ ਮੌਜੂਦ ਸੀ ਤੇ ਭਾਰਤੀ ਟੀਮ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਪਿਛਲੇ ਦੋ ਸਾਲ ਤੋਂ ਕੋਚ ਹਰਿੰਦਰ ਸਿੰਘ ਦੀ ਅਗਵਾਈ ‘ਚ ਕੀਤੀ ਗਈ ਮਿਹਨਤ ਆਖਰਕਾਰ ਰੰਗ ਲਿਆਈ। ਮੈਚ ਦੌਰਾਨ ਪਹਿਲੇ ਹੀ ਮਿੰਟ ਤੋਂ ਭਾਰਤੀ ਟੀਮ ਨੇ ਆਪਣੇ ਹਮਲਾਵਰ ਤੇਵਰ ਜ਼ਾਹਰ ਕਰ ਦਿੱਤੇ ਸੀ ਅਤੇ ਤੀਜੇ ਮਿੰਟ ‘ਚ ਉਸ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ।
ਮਨਪ੍ਰੀਤ ਦੇ ਸਟਾਪ ਉਤੇ ਹਰਮਨਪ੍ਰੀਤ ਹਾਲਾਂਕਿ ਇਸ ਨੂੰ ਗੋਲ ‘ਚ ਨਹੀਂ ਬਦਲ ਸਕੇ। ਇਸ ਦੇ ਤਿੰਨ ਮਿੰਟ ਬਾਅਦ ਭਾਰਤ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਇਸ ਨੂੰ ਵੀ ਗੋਲ ਵਿਚ ਨਹੀਂ ਬਦਲਿਆ ਜਾ ਸਕਿਆ। ਭਾਰਤੀਆਂ ਨੇ ਹਮਲੇ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਤੇ ਅਗਲੇ ਹੀ ਮਿੰਟ ਗੁਰਜੰਟ ਸਿੰਘ ਨੇ ਟੀਮ ਦਾ ਖਾਤਾ ਖੋਲ੍ਹ ਦਿੱਤਾ।ਭਾਰਤ ਨੇ ਇਕ ਹੋਰ ਅਸਾਨ ਮੌਕਾ ਗਵਾਇਆ ਜਦੋਂ ਗੁਜਰੰਟ ਵਿਰੋਧੀ ਗੋਲ ਦੇ ਅੰਦਰ ਇਕੱਲੇ ਗੇਂਦ ਲੈ ਕੇ ਵੜੇ ਸੀ ਪਰ ਗੋਲ ‘ਤੇ ਨਿਸ਼ਾਨਾ ਨਹੀਂ ਲਗਾ ਸਕੇ। ਰੀਬਾਉਂਡ ‘ਤੇ ਪਰਵਿੰਦਰ ਸਿੰਘ ਵੀ ਗੋਲ ਨਹੀਂ ਕਰ ਸਕੇ।
______________________________________________
ਪੰਜਾਬੀ ਖਿਡਾਰੀਆਂ ਦੀ ਬੱਲੇ-ਬੱਲੇ
ਚੰਡੀਗੜ੍ਹ: ਦੇਸ਼ ਦੀਆਂ ਜੂਨੀਅਰ ਤੇ ਸੀਨੀਅਰ ਹਾਕੀ ਟੀਮਾਂ ਜਦੋਂ ਵੀ ਆਲਮੀ ਚੈਂਪੀਅਨ ਬਣੀਆਂ ਤਾਂ ਇਨ੍ਹਾਂ ਟੀਮਾਂ ਦੀ ਕਮਾਨ ਪੰਜਾਬੀ ਖਿਡਾਰੀਆਂ ਦੇ ਹੱਥਾਂ ਵਿਚ ਰਹੀ। ਜਦੋਂ ਹੋਬਰਟ-2001 ਵਿਚ ਜੂਨੀਅਰ ਹਾਕੀ ਟੀਮ ਨੇ ਫਾਈਨਲ ‘ਚ ਅਰਜਨਟੀਨੀ ਟੀਮ ਨੂੰ 6-1 ਗੋਲ ਦੇ ਅੰਤਰ ਨਾਲ ਮਾਤ ਦਿੱਤੀ ਤਾਂ ਟੀਮ ਦਾ ਅਗਵਾਈਕਾਰ ਗਗਨ ਅਜੀਤ ਸਿੰਘ ਸੀ ਜੋ ਕਿ ਸਾਬਕਾ ਓਲੰਪੀਅਨ ਹਰਮੀਕ ਸਿੰਘ ਦਾ ਭਤੀਜਾ ਅਤੇ ਓਲੰਪੀਅਨ ਅਜੀਤ ਸਿੰਘ ਦਾ ਪੁੱਤ ਸੀ। ਜਦੋਂ ਦੇਸ਼ ਦੀ ਜੂਨੀਅਰ ਮੇਜ਼ਬਾਨ ਹਾਕੀ ਟੀਮ ਨੇ ਜਿੱਤ ਦਾ ਗਾਨਾ ਆਪਣੇ ਹੱਥਾਂ ‘ਤੇ ਬੰਨ੍ਹਵਾਇਆ ਹੈ ਤਾਂ ਇਸ ਟੀਮ ਦਾ ਕਪਤਾਨ ਹਰਜੀਤ ਸਿੰਘ ਹੈ ਜੋ ਕੁਰਾਲੀ ਨੇੜਲੇ ਪਿੰਡ ਨਿਹੋਲਕਾ ਦਾ ਵਸਨੀਕ ਹੈ। ਇੰਗਲੈਂਡ ਦੇ ਸ਼ਹਿਰ ਮਿਲਟਨ ਕੀਅਨਜ਼-1997 ਵਿਚ ਖੇਡੇ ਗਏ ਜੂਨੀਅਰ ਵਿਸ਼ਵ ਹਾਕੀ ਕੱਪ ‘ਚ ਜਦੋਂ ਕੌਮੀ ਜੂਨੀਅਰ ਹਾਕੀ ਟੀਮ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਸਦਕਾ ਆਸਟਰੇਲੀਆ ਤੋਂ 3-2 ਦੇ ਅੰਤਰ ਨਾਲ ਹਾਰ ਕੇ ਉਪ ਜੇਤੂ ਰਹੀ ਸੀ ਤਾਂ ਟੀਮ ਦਾ ਕੈਪਟਨ ਬਲਜੀਤ ਸਿੰਘ ਸੈਣੀ ਸੀ। ਇਸੇ ਤਰ੍ਹਾਂ ਜਦੋਂ ਸੀਨੀਅਰ ਹਾਕੀ ਟੀਮ ਨੇ ਕੁਆਲਾਲੰਪੁਰ-1975 ਦੇ ਸੀਨੀਅਰ ਵਿਸ਼ਵ ਹਾਕੀ ਕੱਪ ਜਿੱਤਿਆ ਸੀ ਤਾਂ ਜੇਤੂ ਟੀਮ ਦੀ ਵਾਗਡੋਰ ਅਜੀਤਪਾਲ ਸਿੰਘ ਕੁਲਾਰ ਦੇ ਹੱਥ ਸੀ। ਜੇਤੂ ਟੀਮਾਂ ਦੇ ਕਪਤਾਨ ਪੰਜਾਬੀਆਂ ਨੂੰ ਹੋਣ ਦਾ ਮਾਣ ਮਿਲਣ ਤੋਂ ਇਲਾਵਾ ਇਨ੍ਹਾਂ ਟੀਮਾਂ ਵਿਚ ਪੰਜਾਬੀ ਖਿਡਾਰੀਆਂ ਦੀ ਭਰਮਾਰ ਵੀ ਗਿਣਨਯੋਗ ਰਹੀ। ਹੋਬਾਰਟ-2001 ਵਾਲੀ ਜੂਨੀਅਰ ਟੀਮ ‘ਚ ਕਪਤਾਨ ਗਗਨਅਜੀਤ ਸਿੰਘ ਤੋਂ ਇਲਾਵਾ ਪ੍ਰਭਜੋਤ ਸਿੰਘ, ਡਰੈਗ ਫਲਿੱਕਰ ਜੁਗਰਾਜ ਸਿੰਘ, ਇੰਦਰਜੀਤ ਸਿੰਘ ਦੁਆਨਾ, ਤੇਜਵੀਰ ਸਿੰਘ, ਰਾਜਪਾਲ ਸਿੰਘ, ਬਿਕਰਮਜੀਤ ਸਿੰਘ ਅਤੇ ਦੀਪਕ ਠਾਕੁਰ ਜਿਹੇ ਪੰਜਾਬੀ ਖਿਡਾਰੀ ਸ਼ਾਮਲ ਸਨ। ਲਖਨਊ ‘ਚ ਆਲਮੀ ਚੈਂਪੀਅਨ ਬਣੀ ਜੂਨੀਅਰ ਹਾਕੀ ਟੀਮ ‘ਚ ਕਪਤਾਨ ਹਰਜੀਤ ਸਿੰਘ ਤੋਂ ਇਲਾਵਾ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ, ਸੰਤਾ ਸਿੰਘ, ਸਟਰਾਈਕਰ ਗੁਰਜੰਟ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਬਲਜੀਤ ਸਿੰਘ ਅਤੇ ਵਿਕਰਮਜੀਤ ਸਿੰਘ ਪੰਜਾਬੀ ਹਨ।
ਕੁਆਲਾਲੰਪੁਰ-1975 ‘ਚ ਜਦੋਂ ਸੀਨੀਅਰ ਹਾਕੀ ਟੀਮ ਨੇ ਜੇਤੂ ਪਰਚਮ ਲਹਿਰਾਇਆ ਸੀ ਤਾਂ ਉਸ ਟੀਮ ਵਿਚ ਕਪਤਾਨ ਅਜੀਤਪਾਲ ਸਿੰਘ ਤੋਂ ਇਲਾਵਾ ਹਰਚਰਨ ਸਿੰਘ, ਫੁੱਲ ਬੈਕ ਸੁਰਜੀਤ ਸਿੰਘ, ਓਂਕਾਰ ਸਿੰਘ, ਮਹਿੰਦਰ ਮੁਨਸ਼ੀ, ਹਰਿੰਦਰਜੀਤ ਸਿੰਘ ਚਿਮਨੀ ਅਤੇ ਵਰਿੰਦਰ ਸਿੰਘ ਸ਼ਾਮਲ ਸਨ। ਲਖਨਊ ਵਿਚ ਖਿਤਾਬੀ ਜਿੱਤ ਹਾਸਲ ਕਰਨ ਵਾਲੀ ਜੂਨੀਅਰ ਟੀਮ ਦੀ ਧੰਨਤਾ ਵਿਚ ਵੀ ਮੁੱਖ ਯੋਗਦਾਨ ਪੰਜਾਬੀਆਂ ਦਾ ਰਿਹਾ। ਆਸਟਰੇਲੀਆ ਵਿਰੁੱਧ ਖੇਡੇ ਗਏ ਸੈਮੀ ਫਾਈਨਲ ਦੇ ਨਿਯਮਿਤ ਸਮੇਂ ਵਿਚ ਗੋਲ ਗੁਰਜੰਟ ਸਿੰਘ ਅਤੇ ਮਨਦੀਪ ਸਿੰਘ ਦੀਆਂ ਹਾਕੀਆਂ ‘ਚ ਹੀ ਨਿਕਲੇ। ਮੈਚ ਦਾ ਨਿਰਣਾ ਕਰਨ ਲਈ ਜਦੋਂ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਤਾਂ ਵੀ ਜੇਤੂ ਟੀਮ ਵੱਲੋਂ ਦਾਗੇ ਚਾਰ ਗੋਲਾਂ ਵਿਚ ਤਿੰਨ ਗੋਲ ਪੰਜਾਬੀ ਖਿਡਾਰੀਆਂ ਹਰਜੀਤ ਸਿੰਘ, ਹਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਦੇ ਖਾਤਿਆਂ ‘ਚ ਜਮ੍ਹਾਂ ਹੋਏ। ਇੰਜ ਹੀ ਬੈਲਜੀਅਮ ਖਿਲਾਫ਼ ਖੇਡੇ ਗਏ ਖਿਤਾਬੀ ਫਾਈਨਲ ਵਿਚ ਵੀ ਮੇਜ਼ਬਾਨ ਟੀਮ ਦੇ ਦੋ ਪੰਜਾਬੀ ਖਿਡਾਰੀਆਂ ਸਟਰਾਈਕਰ ਗੁਰਜੰਟ ਸਿੰਘ ਅਤੇ ਸਿਮਰਨਜੀਤ ਸਿੰਘ ਵੱਲੋਂ ਪਹਿਲੇ ਹਾਫ ‘ਚ ਕੀਤੇ ਦੋ ਮੈਦਾਨੀ ਗੋਲਾਂ ਸਦਕਾ ਵਿਰੋਧੀ ਟੀਮ ਨੂੰ 2-1 ਦੇ ਅੰਤਰ ਨਾਲ ਪਸਤ ਕਰ ਕੇ ਜੇਤੂ ਰੱਥ ‘ਤੇ ਸਵਾਰ ਹੋਈ।