ਸਿੱਖ ਸ਼ਹਾਦਤਾਂ ਦੀ ਵਿਲੱਖਣ ਇਬਾਰਤ ਦਾ ਮਹੀਨਾ ਪੋਹ

ਚੰਡੀਗੜ੍ਹ: ਹਰ ਦੇਸੀ ਮਹੀਨਾ ਚੜ੍ਹਨ ਮੌਕੇ ਗੁਰੂ ਘਰਾਂ ਵਿਚ ਅਰਦਾਸ ਹੁੰਦੀ ਹੈ। ਦੇਸੀ ਮਹੀਨੇ ‘ਪੋਹ’ ਦਾ ਸਿੱਖ ਸ਼ਹਾਦਤਾਂ ਨਾਲ ਡੂੰਘਾ ਸਬੰਧ ਹੈ। ਸਿੱਖ ਕੌਮ ਨੇ ਮੁੱਢ ਤੋਂ ਲੈ ਕੇ ਹੀ ਜ਼ੁਲਮ ਖਿਲਾਫ ਲੱਖਾਂ ਦੀ ਗਿਣਤੀ ਵਿਚ ਸ਼ਹਾਦਤਾਂ ਦਿੱਤੀਆਂ। ਸ਼ਹੀਦੀਆਂ ਦਾ ਇਹ ਸਿਲਸਿਲਾ ਅੱਜ ਵੀ ਬਾਦਸਤੂਰ ਜਾਰੀ ਹੈ। ਦੇਸੀ ਮਹੀਨਿਆਂ ਦੀ ਫਹਿਰਿਸਤ ਵਿਚ ਦਸਵਾਂ ਪੋਹ ਦਾ ਮਹੀਨਾ ਸਿੱਖ ਸ਼ਹਾਦਤਾਂ ਹੀ ਨਹੀਂ ਬਲਕਿ ਵਿਸ਼ਵ ਸ਼ਹਾਦਤਾਂ ਵਿਚ ਸ਼ਹੀਦੀਆਂ ਦਾ ਸਿਖਰ ਹੈ।

ਦਸਮੇਸ਼ ਪਿਤਾ ਦੀ ਅਦੁੱਤੀ ਸ਼ਖ਼ਸੀਅਤ ਨਾਲ ‘ਸਰਬੰਸਦਾਨੀ’ ਲਫਜ਼ ਇਸੇ ਮਹੀਨੇ ਵਿਚ ਹੋਈਆਂ ਅਨੋਖੀਆਂ ਸ਼ਹਾਦਤਾਂ ਤੋਂ ਬਾਅਦ ਹੀ ਜੁੜਿਆ ਸੀ। ਭਾਵੇਂ ਸਰਬੰਸ ਵਾਰਨ ਦੀ ਪਿਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਪੈ ਗਈ ਸੀ।
ਪੋਹ ਦਾ ਮਹੀਨਾ ਸ਼ਹਾਦਤਾਂ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਗਿਆ ਹੈ, ਜਿਹੜਾ ਕੁਰਬਾਨੀ, ਦ੍ਰਿੜ੍ਹਤਾ, ਬਹਾਦਰੀ ਤੇ ਅਣਖ ਦਾ ਸਿਖਰ ਹੈ। ਇਤਿਹਾਸ ਮੁਤਾਬਕ 6 ਪੋਹ ਨੂੰ ਕਲਗੀਧਰ ਪਿਤਾ ਨੇ ਚਾਵਾਂ ਤੇ ਰੀਝਾਂ ਨਾਲ ਸਿਰਜੀ ਅਨੰਦਾਂ ਦੀ ਪੁਰੀ ਨੂੰ ਅਲਵਿਦਾ ਆਖੀ। ਉਸ ਤੋਂ ਬਾਅਦ ਸਿਰਸਾ ਨਦੀ ਕੰਢੇ ਕਾਫਲੇ ਤੋਂ ਪਰਿਵਾਰ ਦਾ ਵਿਛੋੜਾ ਪੈ ਗਿਆ। ਪੋਹ ਦੀ ਉਸੇ ਰਾਤ ਨੂੰ ਪਰਿਵਾਰ ਦਾ ਵਿਛੋੜਾ ਤਾਂ ਪਿਆ ਹੀ, ਕਹਿਰ ਵਾਂਗ ਚੜ੍ਹੀ ਸਿਰਸਾ ਬਹੁਤ ਸਾਰੇ ਸਿੰਘ ਤੇ ਸਿੱਖ ਇਤਿਹਾਸ ਦੀਆਂ ਕੀਮਤੀ ਲਿਖਤਾਂ ਆਪਣੇ ਅੰਦਰ ਸਮਾ ਗਈ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ 38 ਸਿੰਘਾਂ ਸਮੇਤ ਮੁਗਲਾਂ ਦੀ 10 ਲੱਖ ਤੋਂ ਵੀ ਵੱਧ ਗਿਣਤੀ ਵਾਲੀ ਫੌਜ ਦਾ ਟਾਕਰਾ ਕਰਦੇ ਹੋਏ ਰਣ ਭੂਮੀ ਵਿਚ ਸ਼ਹੀਦ ਹੋ ਗਏ।
ਚਮਕੌਰ ਦਾ ਯੁੱਧ ਦੁਨੀਆਂ ਦੇ ਜੰਗੀ ਇਤਿਹਾਸ ਦਾ ਇਕ ਮਿਸਾਲੀ ਯੁੱਧ ਹੋ ਨਿਬੜਿਆ, ਜਦੋਂ ਮੁੱਠੀ ਭਰ ਸਿੰਘਾਂ ਰਣ ਤੱਤੇ ਵਿਚ ਜੂਝ ਕੇ ਸ਼ਹੀਦੀਆਂ ਹੀ ਨਹੀਂ ਦਿੱਤੀਆਂ ਬਲਕਿ ਸੈਂਕੜੇ ਦੁਸ਼ਮਣਾਂ ਨੂੰ ਪਾਰ ਵੀ ਬੁਲਾ ਗਏ। ਪੋਹ ਦੇ ਮਹੀਨੇ 6-7-8 ਪੋਹ ਨੂੰ ਚਮਕੌਰ ਸਾਹਿਬ ਵਿਖੇ ਚਮਕੌਰ ਦੀ ਜੰਗ ਨੂੰ ਸਮਰਪਤ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਚਮਕੌਰ ਦੀ ਉਸ ਜੰਗ ਵਿਚ ਦਸਮੇਸ਼ ਪਿਤਾ ਦਾ ਉਹ ਜਲਾਲੀ ਰੂਪ ਦੁਨੀਆਂ ਦੇ ਸਾਹਮਣੇ ਪ੍ਰਤੱਖ ਹੋਇਆ ਜੋ ਆਪ ਜੀ ਨੂੰ ਸੰਸਾਰ ਭਰ ਦੇ ਰਹਿਬਰਾਂ ਵਿਚੋਂ ਸਭ ਤੋਂ ਸਿਖਰ ਉਤੇ ਬਿਠਾ ਗਿਆ। ਦਸਮੇਸ਼ ਪਿਤਾ ਵੱਲੋਂ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੇ ਹੱਥੀਂ ਸ਼ਸਤਰਾਂ ਨਾਲ ਲੈਸ ਕਰ ਕੇ ਜੰਗ ਵਿਚ ਤੋਰਨਾ ਤੇ ਫਿਰ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖ ਕੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗੁੰਜਾਉਣਾ, ਦੁਨੀਆਂ ਦੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ।
ਪਰਿਵਾਰਕ ਮੋਹ ਤੇ ਭਾਵਨਾਵਾਂ ਤੋਂ ਉਪਰ ਉਠ ਕੇ ਸਿਰਫ ਸੰਸਾਰ ਤੇ ਫੈਲੇ ਕੂੜ, ਅਨਿਆਂ ਤੇ ਜ਼ੁਲਮ ਦਾ ਖਾਤਮਾ ਕਰਨਾ ਜਿਸ ਨੂਰਾਨੀ ਪੁਰਖ ਦਾ ਨਿਸ਼ਾਨਾ ਹੋਵੇ, ਉਸ ਨੂੰ ਰਾਸ਼ਟਰਵਾਦ ਦੀਆਂ ਕੰਧਾਂ ਵਿਚ ਕੈਦ ਕਰਨਾ, ਉਸ ਰੱਬੀ ਪੁਰਸ਼ ਦੇ ਸ਼ਖਸੀ ਗੁਣਾਂ ਨੂੰ ਖਤਮ ਕਰਨ ਦੀ ਇਕ ਵੱਡੀ ਸਾਜ਼ਿਸ਼ ਹੀ ਹੋ ਸਕਦੀ ਹੈ। ਪੰਜ ਦਿਨ ਬਾਅਦ ਸਰਹੰਦ ਦਾ ਖੂਨੀ ਸਾਕਾ ਵਾਪਰਿਆ। ਗੰਗੂ ਦੀ ਗੱਦਾਰੀ ਨੇ ਦਾਦੀ ਤੇ ਪੋਤਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ 5 ਸਾਲ ਤੇ 7 ਸਾਲ ਦੇ ਸਾਹਿਬਜ਼ਾਦਿਆਂ ਵੱਲੋਂ 3 ਦਿਨ ਪੇਸ਼ੀਆਂ ਤੋਂ ਬਾਅਦ ਵੀ ਈਨ ਨਾ ਮੰਨਣਾ ਵਜ਼ੀਰ ਖਾਂ ਦੇ ਹੰਕਾਰ ਤੇ ਵੱਡੀ ਸੱਟ ਸੀ। ਨਤੀਜਾ ਨਿਕਲਿਆ ਸਾਹਿਬਜ਼ਾਦਿਆਂ ਦੀ ਸ਼ਹੀਦੀ, ਜਿੰਦਾਂ ਨੀਹਾਂ ਵਿਚ ਚਿਣ ਕੇ ਪੋਹ ਦੇ ਮਹੀਨੇ ਨੇ ਦੁਨੀਆਂ ਭਰ ਦੀ ਉਹ ਅਨੋਖੀ ਸ਼ਹਾਦਤ ਆਪਣੇ ਅੱਖੀਂ ਦੇਖੀ। ਪੋਹ ਦੇ ਮਹੀਨੇ ਹੀ ਦੁਨੀਆਂ ਦੀ ਮਹਾਨ ਇਸਤਰੀ, ਜਿਸ ਨੇ ਆਪਣਾ ਪਤੀ, ਪੁੱਤਰ ਤੇ ਪੋਤੇ ਧਰਮ ਤੋਂ ਵਾਰ ਦਿੱਤੇ, ਨੂੰ ਸਰਹੰਦ ਵਿਖੇ ਹੀ ਸ਼ਹੀਦ ਕਰ ਦਿੱਤਾ ਗਿਆ। ਚਮਕੌਰ ਤੇ ਸਰਹਿੰਦ ਦੇ ਖੂਨੀ ਸਾਕੇ ਹੋਏ, ਬਿਨਾਂ ਬਾਜ, ਬਿਨਾਂ ਤਾਜ, ਲੀਰੋ-ਲੀਰ ਜਾਮੇ ਤੇ ਪੈਰੀਂ ਛਾਲਿਆਂ ਨਾਲ ਦਸਮੇਸ਼ ਪਿਤਾ ਨੇ ਸਿਰਫ ਸਮਸ਼ੀਰ ਦੇ ਨਿੱਘ ਨਾਲ, ਪੋਹ ਦੀ ਠਰੀ-ਠੰਢੀ ਰਾਤ, ਮਾਛੀਵਾੜੇ ਦੇ ਜੰਗਲਾਂ ਵਿਚ ‘ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ’ ਦੱਸਦਿਆਂ ਲੰਘਾਈ ਸੀ, ਇਸੇ ਮਹੀਨੇ ਹੀ ਖਦਰਾਣੇ ਦੀ ਢਾਬ ‘ਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਜੋ 40 ਮੁਕਤਿਆਂ ਵਜੋਂ ਇਤਿਹਾਸ ਵਿਚ ਜਾਣੇ ਜਾਂਦੇ ਹਨ। ਗੁਰਦੁਆਰਾ ਭੱਠਾ ਸਾਹਿਬ ਤੇ ਮਾਛੀਵਾੜੇ ਗੁਰਦੁਆਰਾ ਚਰਨ ਕੰਵਲ ਸਾਹਿਬ ਵੀ ਪੋਹ ਦੇ ਮਹੀਨੇ ਸ਼ਹੀਦਾਂ ਦੀ ਯਾਦ ਵਿਚ ਭਾਰੀ ਇਕੱਠ ਹੁੰਦੇ ਤੇ ਦੀਵਾਨ ਸਜਦੇ ਹਨ।
ਪੋਹ ਦੇ ਇਹ ਦਿਨ ਸਿੱਖ ਕੌਮ ਜਾਂ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਤੇ ਉਨ੍ਹਾਂ ਅਨੁਸਾਰ ਚੱਲਣ ਵਾਲੇ ਹਰ ਇਨਸਾਨ ਲਈ ਬਹੁਤ ਦੁਖ ਭਰੇ, ਪਰ ਮਾਣਮੱਤੇ ਦਿਨ ਹਨ। ਹਰ ਵਰ੍ਹੇ 11-12-13 ਪੋਹ ਨੂੰ ਮਹਾਨ ਬਾਲ ਸ਼ਹੀਦਾਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਤ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਜਿਸ ਵਿਚ ਲੱਖਾਂ ਹੀ ਲੋਕ ਦੇਸ਼-ਵਿਦੇਸ਼ ਤੋਂ ਸ਼ਹੀਦੀ ਸਥਾਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਉਂਦੇ ਹਨ। ਪੋਹ ਦੇ ਸ਼ਹੀਦਾਂ ਵਿਚ ਅਜਿਹੇ ਗੁਰੂ ਪਿਆਰੇ ਸੇਵਕ ਵੀ ਸਨ ਜੋ ਪਰਿਵਾਰ ਸਮੇਤ ਸ਼ਹੀਦੀਆਂ ਪਾ ਗਏ।
ਇਨ੍ਹਾਂ ਵਿਚ ਭਾਈ ਜੈਤਾ ਜੀ ਦਾ ਨਾਂ ਵੀ ਸ਼ਾਮਲ ਹੈ, ਜੋ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਦੇ ਨਾਉਂ ਨਾਲ ਜਾਣੇ ਜਾਂਦੇ ਰਹੇ। ਬਹੁਤ ਸਾਰੇ ਸਿੰਘ ਸੂਰਮੇ ਹੱਕ, ਸੱਚ ਤੇ ਅਣਖ ਲਈ ਲੜਦੇ ਪੋਹ ਦੇ ਮਹੀਨੇ ਸ਼ਹੀਦੀਆਂ ਪਾ ਗਏ। ਉਨ੍ਹਾਂ ਲਾਸਾਨੀ ਸ਼ਹਾਦਤਾਂ ਨੂੰ ਕੌਮ ਨੂੰ ਹਰ ਸਾਲ ਇਸੇ ਮਹੀਨੇ ਚਮਕੌਰ ਤੇ ਸਰਹੰਦ ਜਾ ਕੇ ਸਜਦਾ ਕਰਦੀ ਹੈ।