ਕਾਂਗਰਸ ਨੇ ਚੋਣਾਂ ਵਿਚ ਪੁਰਾਣੇ ਆਗੂਆਂ ‘ਤੇ ਹੀ ਖੇਡਿਆ ਦਾਅ

ਜਲੰਧਰ: ਕਾਂਗਰਸ ਵੱਲੋਂ ਐਲਾਨੀ ਪਹਿਲੀ ਸੂਚੀ ਵਿਚ ਬੇਸ਼ੱਕ ਦਰਜਨ ਤੋਂ ਵੱਧ ਨਵੇਂ ਚਿਹਰੇ ਵੀ ਚੋਣ ਮੈਦਾਨ ਵਿਚ ਉਤਾਰੇ ਗਏ ਹਨ, ਪਰ ਪਾਰਟੀ ਵੱਲੋਂ ਜ਼ਿਆਦਾਤਰ ਪੁਰਾਣੇ ਆਗੂਆਂ ਉਤੇ ਹੀ ਦਾਅ ਖੇਡਿਆ ਗਿਆ ਹੈ, ਜਿਨ੍ਹਾਂ ਵਿਚ 27 ਦੇ ਕਰੀਬ ਮੌਜੂਦਾ ਵਿਧਾਇਕਾਂ ਤੋਂ ਇਲਾਵਾ ਦਰਜਨ ਤੋਂ ਵੱਧ ਹਾਰੇ ਹੋਏ ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ।

ਇਹ ਵੀ ਚਰਚਾ ਹੈ ਕਿ ਪਹਿਲੀ ਸੂਚੀ ‘ਚ ਜਿਥੇ ਕੈਪਟਨ ਅਮਰਿੰਦਰ ਸਿੰਘ ਆਪਣੇ ਚਹੇਤਿਆਂ ਨੂੰ ਟਿਕਟਾਂ ਦਿਵਾਉਣ ਵਿਚ ਸਫਲ ਰਹੇ ਹਨ, ਉਥੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਧੜਿਆਂ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਗਈ, ਪਰ ਮਨਪ੍ਰੀਤ ਸਿੰਘ ਬਾਦਲ ਆਪਣੇ ਇਕ-ਦੋ ਸਮਰਥਕਾਂ ਨੂੰ ਟਿਕਟਾਂ ਦਿਵਾਉਣ ਵਿਚ ਸਫਲ ਰਹੇ ਹਨ। ਹਾਈਕਮਾਨ ਵੱਲੋਂ ਸੰਭਾਵੀ ਬਗਾਵਤ ਤੋਂ ਬਚਦਿਆਂ ਪਾਰਟੀ ਟਿਕਟਾਂ ਦੇ ਮਾਮਲੇ ‘ਚ ਭਾਵੇਂ ਕੋਈ ਬਹੁਤਾ ਵੱਡਾ ਫੇਰਬਦਲ ਨਹੀਂ ਕੀਤਾ ਗਿਆ, ਪਰ ਫਿਰ ਵੀ ਕੁਝ ਹਲਕਿਆਂ ਵਿਚ ਪਾਰਟੀ ਨੂੰ ਬਾਗੀ ਉਮੀਦਵਾਰਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਔਰਤਾਂ ਨੂੰ ਨੁਮਾਇੰਦਗੀ ਦੇਣ ਦੇ ਮਾਮਲੇ ‘ਚ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਛੱਡਦੇ ਹੋਏ ਅੱਧੀ ਦਰਜਨ ਔਰਤ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਪਾਰਟੀ ਵੱਲੋਂ ਜਿਨ੍ਹਾਂ ਹਾਰੇ ਉਮੀਦਵਾਰਾਂ ਨੂੰ ਮੁੜ ਟਿਕਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿਚ ਪ੍ਰਮੁੱਖ ਤੌਰ ਉਤੇ ਮਜੀਠਾ ਤੋਂ ਲਾਲੀ ਮਜੀਠੀਆ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ, ਜਲੰਧਰ ਸੈਂਟਰਲ ਤੋਂ ਰਜਿੰਦਰ ਬੇਰੀ, ਚੱਬੇਵਾਲ ਤੋਂ ਡਾæ ਰਾਜ ਕੁਮਾਰ, ਸ੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਕੰਵਰਪਾਲ ਸਿੰਘ, ਬਾਘਾ ਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਧਰਮਕੋਟ ਤੋਂ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਤੇ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਆਦਿ ਸ਼ਾਮਲ ਹਨ।
ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਲਹਿਰਾ ਅਤੇ ਸੁਨੀਲ ਜਾਖੜ ਨੂੰ ਅਬੋਹਰ ਹਲਕੇ ਤੋਂ ਟਿਕਟ ਦਿੱਤੀ ਹੈ। ਕਾਕਾ ਰਣਦੀਪ ਸਿੰਘ ਨਾਭਾ ਨੂੰ ਅਮਲੋਹ, ਗੁਰਕੀਰਤ ਸਿੰਘ ਕੋਟਲੀ ਨੂੰ ਖੰਨਾ, ਸੁਰਿੰਦਰ ਡਾਵਰ ਨੂੰ ਲੁਧਿਆਣਾ ਕੇਂਦਰੀ, ਅਸ਼ਵਨੀ ਸੇਖੜੀ ਨੂੰ ਬਟਾਲਾ ਤੇ ਹਰਚੰਦ ਕੌਰ ਨੂੰ ਮਹਿਲ ਕਲਾਂ ਤੋਂ ਟਿਕਟ ਦਿੱਤੀ ਗਈ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਇਸ ਨਾਲ ਬਠਿੰਡਾ ਸ਼ਹਿਰ ਤੋਂ ਕਿਸੇ ਹਿੰਦੂ ਚਿਹਰੇ ਨੂੰ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਖਤਮ ਹੋ ਗਈ ਹੈ। ਸਾਬਕਾ ਲੋਕ ਸਭਾ ਮੈਂਬਰ ਤੇ ਰਾਹੁਲ ਗਾਂਧੀ ਬ੍ਰਿਗੇਡ ਦੇ ਆਗੂ ਵਿਜੇਇੰਦਰ ਸਿੰਗਲਾ ਨੂੰ ਸੰਗਰੂਰ ਸ਼ਹਿਰ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ, ਰਣਜੀਤ ਕੌਰ ਭੱਟੀ ਨੂੰ ਬੁਢਲਾਡਾ ਤੋਂ ਟਿਕਟ ਦਿਵਾਉਣ ਵਿਚ ਕਾਮਯਾਬ ਹੋ ਗਏ ਹਨ।
ਨਵਾਂ ਸ਼ਹਿਰ ਤੋਂ ਕਾਂਗਰਸ ਵਿਧਾਇਕ ਗੁਰਇਕਬਾਲ ਕੌਰ ਬਬਲੀ ਆਪਣੇ ਲੜਕੇ ਅੰਗਦ ਸਿੰਘ, ਕਾਂਗਰਸ ਦੇ ਕਿਸਾਨ ਤੇ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਆਪਣੇ ਲੜਕੇ ਕੁਲਜੀਤ ਸਿੰਘ ਜ਼ੀਰਾ ਤੇ ਸਾਬਕਾ ਮੰਤਰੀ ਸਰਦੂਲ ਸਿੰਘ ਆਪਣੇ ਲੜਕੇ ਸੁਖਵਿੰਦਰ ਸਿੰਘ ਡੈਨੀ ਨੂੰ ਜੰਡਿਆਲਾ ਤੋਂ ਟਿਕਟ ਦਿਵਾਉਣ ਵਿਚ ਸਫਲ ਰਹੇ ਹਨ।
ਡੈਨੀ ਪਹਿਲਾਂ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਵੀ ਕਿਸਮਤ ਅਜਮਾ ਚੁੱਕੇ ਹਨ। ਦੋ ਸਾਬਕਾ ਆਈæਏæਐਸ਼ ਅਧਿਕਾਰੀਆਂ ਕੁਲਦੀਪ ਸਿੰਘ ਵੈਦ ਅਤੇ ਡਾæ ਅਮਰ ਸਿੰਘ ਸ਼ਾਮਲ ਨੂੰ ਕ੍ਰਮਵਾਰ ਰਾਖਵੇਂ ਹਲਕੇ ਗਿੱਲ ਅਤੇ ਰਾਏਕੋਟ ਤੋਂ ਟਿਕਟ ਦਿੱਤੀ ਗਈ ਹੈ। ਕੁਲਦੀਪ ਸਿੰਘ ਵੈਦ ਨੇ ਕੁਝ ਦਿਨ ਪਹਿਲਾਂ ਹੀ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਨਾਲ ਪਾਇਲ ਹਲਕੇ ਤੋਂ ਲਖਵੀਰ ਸਿੰਘ ਲੱਖਾ ਅਤੇ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ, ਜਦੋਂਕਿ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਆਪਣੇ ਲੜਕੇ ਨੂੰ ਇਥੋਂ ਟਿਕਟ ਦਿਵਾਉਣਾ ਚਾਹੁੰਦੇ ਸਨ। ਪਹਿਲੀ ਸੂਚੀ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਹਲਕੇ ਤੋਂ ਪਹਿਲਾਂ ਵਾਂਗ ਮੈਦਾਨ ਵਿਚ ਡਟਣਗੇ। ਗੁਰਦਾਸਪੁਰ ਦੇ ਦਸ ਵਿਧਾਨ ਸਭਾ ਹਲਕਿਆਂ ਵਿਚੋਂ ਛੇ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਬਾਜਵਾ ਨੂੰ ਕਾਦੀਆਂ ਤੋਂ ਟਿਕਟ ਦਿੱਤੀ ਗਈ ਹੈ। ਦੀਨਾਨਗਰ ਤੋਂ ਅਰੁਣਾ ਚੌਧਰੀ, ਬਟਾਲਾ ਤੋਂ ਅਸ਼ਵਨੀ ਸੇਖੜੀ, ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ, ਫਤਿਹਗੜ੍ਹ ਚੂੜੀਆਂ ਤੋਂ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ।
_______________________________________
ਮਨਪ੍ਰੀਤ ਸਿੰਘ ਬਾਦਲ ਲਈ ਚੁਣੌਤੀਆਂ
ਬਠਿੰਡਾ: ਬਠਿੰਡਾ (ਸ਼ਹਿਰੀ) ਹਲਕੇ ਤੋਂ ਐਤਕੀਂ ਪੰਜਾਬ ਕਾਂਗਰਸ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਐਲਾਨਿਆ ਹੈ। ਲੋਕ ਸਭਾ ਚੋਣਾਂ ਵਿਚ ਮਨਪ੍ਰੀਤ ਬਾਦਲ ਨੇ ਬਠਿੰਡਾ (ਸ਼ਹਿਰੀ) ਹਲਕੇ ਤੋਂ 29 ਹਜ਼ਾਰ ਦੀ ਲੀਡ ਲਈ ਸੀ, ਜੋ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਾਲੇ ਤੱਕ ਭੁੱਲੀ ਨਹੀਂ ਹੈ। ਸਿਆਸੀ ਹਲਕੇ ਦੱਸਦੇ ਹਨ ਕਿ ਅਸਿੱਧੇ ਤੌਰ ‘ਤੇ ਸ਼ਹਿਰੀ ਹਲਕੇ ਤੋਂ ਹਰਸਿਮਰਤ ਤੇ ਮਨਪ੍ਰੀਤ ਦੀ ਟੱਕਰ ਹੋਵੇਗੀ। ਕਾਂਗਰਸ ਨੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਸ਼ਹਿਰੀ ਹਲਕੇ ਤੋਂ ਆਊਟ ਕਰ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਐਲਾਨ ਤੋਂ ਪਹਿਲਾਂ ਹੀ ਸ਼ਹਿਰ ਵਿਚ ਆਪਣੀ ਟੀਮ ਤਾਇਨਾਤ ਕੀਤੀ ਹੋਈ ਹੈ। ਮਨਪ੍ਰੀਤ ਲਈ ਹਰਮਿੰਦਰ ਜੱਸੀ ਦੇ ਸਮਰਥਕਾਂ ਅਤੇ ਸੁਰਿੰਦਰ ਸਿੰਗਲਾ ਦੇ ਹਮਾਇਤੀਆਂ ਨੂੰ ਨਾਲ ਤੋਰਨਾ ਵੱਡੀ ਚੁਣੌਤੀ ਹੋਵੇਗੀ। ਉਸ ਤੋਂ ਵੱਡੀ ਚੁਣੌਤੀ ਹਿੰਦੂ ਵੋਟ ਬੈਂਕ ਦੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਸਰੂਪ ਚੰਦ ਸਿੰਗਲਾ ਅਤੇ ਆਪ ਵੱਲੋਂ ਦੀਪਕ ਬਾਂਸਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹਿੰਦੂ ਉਮੀਦਵਾਰਾਂ ਦੇ ਮੁਕਾਬਲੇ ਕਾਂਗਰਸ ਨੇ ਸਿੱਖ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਨੇ ਹਲਕਾ ਤਲਵੰਡੀ ਸਾਬੋ ਤੋਂ ਨਵਾਂ ਉਮੀਦਵਾਰ ਖੁਸਬਾਜ਼ ਜਟਾਣਾ ਨੂੰ ਬਣਾਇਆ ਹੈ, ਜਿਥੇ ਅਕਾਲੀ ਦਲ ਦਾ ਜੀਤਮਹਿੰਦਰ ਸਿੰਘ ਸਿੱਧੂ ਅਤੇ ਆਪ ਦੀ ਉਮੀਦਵਾਰ ਪ੍ਰੋæ ਬਲਜਿੰਦਰ ਕੌਰ ਹੈ। ਐਤਕੀਂ ਇਹ ਸੀਟ ਅਤਿ ਸੰਵੇਦਨਸ਼ੀਲ ਬਣ ਗਈ ਹੈ। ਰਾਮਪੁਰਾ ਫੂਲ ਤੋਂ ਕਾਂਗਰਸ ਨੇ ਗੁਰਪ੍ਰੀਤ ਕਾਂਗੜ ਨੂੰ ਉਮੀਦਵਾਰ ਬਣਾਇਆ ਹੈ। ਬਠਿੰਡਾ ਤੇ ਮਾਨਸਾ ਦੀਆਂ ਭੁੱਚੋ, ਬਠਿੰਡਾ ਦਿਹਾਤੀ, ਮੌੜ ਅਤੇ ਮਾਨਸਾ ਸੀਟ ਦੇ ਉਮੀਦਵਾਰ ਦਾ ਕਾਂਗਰਸ ਫੈਸਲਾ ਨਹੀਂ ਕਰ ਸਕੀ ਹੈ ਜਦੋਂ ਕਿ ਬੁਢਲਾਡਾ ਤੋਂ ਰਣਜੀਤ ਕੌਰ ਭੱਟੀ ਅਤੇ ਸਰਦੂਲਗੜ੍ਹ ਤੋਂ ਅਜੀਤਇੰਦਰ ਮੋਫਰ ਨੂੰ ਉਮੀਦਵਾਰ ਬਣਾਇਆ ਹੈ। ਇਸੇ ਦੌਰਾਨ ਹੁਣ ਹਲਕਾ ਮੌੜ ਤੋਂ ਸਾਬਕਾ ਮੰਤਰੀ ਹਰਮਿੰਦਰ ਜੱਸੀ ਤਕੜੇ ਦਾਅਵੇਦਾਰ ਬਣ ਗਏ ਹਨ ਜਦੋਂਕਿ ਭੁੱਚੋ ਤੋਂ ਵਿਧਾਇਕ ਅਜਾਇਬ ਸਿੰਘ ਭੱਟੀ ਦਾ ਹਲਕਾ ਬਦਲਿਆ ਜਾਣਾ ਹੈ।