ਤੋੜ ਵਿਛੋੜੇ ਨੇ ਉਲਝਾਈ ਆਮ ਆਦਮੀ ਪਾਰਟੀ ਦੀ ਤਾਣੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿਚ ਚੁਫੇਰਿਓਂ ਬਗਾਵਤ ਉਠਣ ਅਤੇ ਮੁਢਲੇ ਆਗੂਆਂ ਵੱਲੋਂ ਨਿਰੰਤਰ ਤੋੜ ਵਿਛੋੜਾ ਕਰਨ ਕਰ ਕੇ ਪਾਰਟੀ ਵਿਚ ਹਲਚਲ ਮੱਚੀ ਪਈ ਹੈ। ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਯਾਮਿਨੀ ਗੋਮਰ ਸਮੇਤ ਕਈ ਹੋਰ ਆਗੂਆਂ ਵੱਲੋਂ ਪਾਰਟੀ ਛੱਡਣ ਦਾ ਐਲਾਨ ਕਰਨ ਅਤੇ ਆਪ ਦੇ ਤਿੰਨ ਧੁਨੰਤਰਾਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਉਪਰ ਗੰਭੀਰ ਦੋਸ਼ ਲਾਉਣ ਕਾਰਨ ਕਈ ਹੋਰ ਆਗੂਆਂ ਦੇ ਸਬਰ ਦਾ ਪਿਆਲਾ ਉਛਲਣ ਦੇ ਸੰਕੇਤ ਮਿਲੇ ਹਨ।

ਇਕ ਪਾਸੇ ਜਿਥੇ ਪਾਰਟੀ ਦੀ ਮੁਢਲੀ ਅਤੇ ਸੁਹਿਰਦ ਆਗੂ ਯਾਮਿਨੀ ਗੋਮਰ ਜਲੰਧਰ ਵਿਚ ਭੁੱਬਾਂ ਮਾਰ ਕੇ ਆਪਣਾ ਦੁੱਖ ਪੱਤਰਕਾਰਾਂ ਨੂੰ ਦੱਸ ਰਹੀ ਸੀ, ਦੂਸਰੇ ਪਾਸੇ ਚੰਡੀਗੜ੍ਹ ਵਿਚ ਡਾæ ਧਰਮਵੀਰ ਗਾਂਧੀ, ਪ੍ਰੋæ ਮਨਜੀਤ ਸਿੰਘ, ਡਾæ ਹਰਿੰਦਰ ਸਿੰਘ ਜ਼ੀਰਾ, ਸੁਮੀਤ ਭੁੱਲਰ, ਕਰਮਜੀਤ ਸਿੰਘ ਸਰਾਂ ਆਦਿ ਵੱਲੋਂ ਪੰਜਾਬ ਫਰੰਟ ਬਣਾ ਕੇ ਆਪ ਨੂੰ ਵੱਡੀ ਚੁਣੌਤੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਧਰ, ਸੁੱਚਾ ਸਿੰਘ ਛੋਟੇਪੁਰ ਪਹਿਲਾਂ ਹੀ ਆਪਣਾ ਪੰਜਾਬ ਪਾਰਟੀ ਬਣਾ ਕੇ ਆਪ ਲਈ ਵੱਡਾ ਖਤਰਾ ਬਣੇ ਬੈਠੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਘਟਨਾਵਾਂ ਤੋਂ ਸੰਕੇਤ ਮਿਲੇ ਹਨ ਕਿ ਪਾਰਟੀ ਵਿਚ ਕਈ ਹੋਰ ਧਮਾਕੇ ਵੀ ਹੋ ਸਕਦੇ ਹਨ। ਸ੍ਰੀ ਛੋਟੇਪੁਰ ਨੂੰ ਕੱਢਣ ਤੋਂ ਬਾਅਦ ਪਾਰਟੀ ਵੱਲੋਂ ਸੀਨੀਅਰ ਆਗੂ ਐਚæਐਸ਼ ਫੂਲਕਾ ਨੂੰ ਅੱਖੋ-ਪਰੋਖੇ ਕਰ ਕੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਬਣਾਉਣ ਵੇਲੇ ਵੀ ਆਪ ਵਿਚ ਭੂਚਾਲ ਆਉਂਦਾ-ਆਉਂਦਾ ਬਚਿਆ ਸੀ ਕਿਉਂਕਿ ਉਸ ਵੇਲੇ ਸ਼ ਫੂਲਕਾ ਨਰਾਜ਼ ਹੋ ਗਏ ਸਨ। ਸੂਤਰ ਦੱਸਦੇ ਹਨ ਕਿ ਉਸ ਵੇਲੇ ਖੁਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਖਲ ਦੇ ਕੇ ਸ਼ ਫੂਲਕਾ ਨੂੰ ਸ਼ਾਂਤ ਕੀਤਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੌਮਾਂਤਰੀ ਹਾਕੀ ਸਟਾਰ ਰਾਜਬੀਰ ਕੌਰ ਤੇ ਸੁਰਿੰਦਰ ਸੋਢੀ ਵੀ ਪਾਰਟੀ ਤੋਂ ਤੌਬਾ ਕਰ ਚੁੱਕੇ ਹਨ। ਪਿਛਲੇ ਸਮੇਂ ਤੋਂ ਪਾਰਟੀ ਨਾਲ ਜੁੜੇ ਕੁਝ ਵੱਡੇ ਨਾਮ ਵੀ ਭੇਤਭਰੇ ਢੰਗ ਨਾਲ ਚੁੱਪ ਧਾਰੀ ਬੈਠੇ ਹਨ। ਬੁੱਧੀਜੀਵੀ ਸੈੱਲ ਦੇ ਮੁਖੀ ਤੇ ਸਾਬਕਾ ਆਈæਏæਐਸ਼ ਅਧਿਕਾਰੀ ਆਰæਆਰæ ਭਾਰਦਵਾਜ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।
ਇਨ੍ਹਾਂ ਤੋਂ ਇਲਾਵਾ ਮੁਢਲੇ ਦੌਰ ਵਿਚ ਹੀ ਪਾਰਟੀ ਦੇ ਦੋ ਸੀਨੀਅਰ ਸੰਸਦ ਮੈਂਬਰਾਂ ਹਰਿੰਦਰ ਸਿੰਘ ਖਾਲਸਾ ਤੇ ਡਾæ ਧਰਮਵੀਰ ਗਾਂਧੀ ਸਮੇਤ ਅਨੁਸ਼ਾਸਨੀ ਕਮੇਟੀ ਦੇ ਮੁਖੀ ਡਾæ ਦਲਜੀਤ ਸਿੰਘ ਅੰਮ੍ਰਿਤਸਰ ਨੂੰ ਪਹਿਲਾਂ ਹੀ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ।
ਇਸੇ ਦੌਰਾਨ ਹੁਣ ਪੰਜਾਬ ਫਰੰਟ ਦੇ ਬੈਨਰ ਹੇਠ ਅਤੇ ਡਾæ ਗਾਂਧੀ ਦੀ ਛਤਰ ਛਾਇਆ ਵਿਚ ਡੈਮੋਕ੍ਰੇਟਿਕ ਸਵਰਾਜ ਪਾਰਟੀ, ਵਾਲੰਟੀਅਰ ਫਰੰਟ ਅਤੇ ਆਪ ਨੂੰ 59 ਉਮੀਦਵਾਰਾਂ ਨੂੰ ਬਦਲਣ ਦੀ ਚਿਤਾਵਨੀ ਦੇ ਚੁੱਕੇ ਕਈ ਜ਼ਿਲ੍ਹਿਆਂ ਦੇ ਵਾਲੰਟੀਅਰਜ਼ ਅਤੇ ਆਗੂਆਂ ਵੱਲੋਂ ਚੋਣਾਂ ਵਿਚ ਪੰਜਾਬ ਫਰੰਟ ਦੇ ਬੈਨਰ ਹੇਠ ਨਿੱਤਰਨ ਦੇ ਕੀਤੇ ਐਲਾਨ ਨਾਲ ਪਾਰਟੀ ਨੂੰ ਚੁਫੇਰਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਓਲੰਪੀਅਨ ਪਰਗਟ ਸਿੰਘ ਨਾਲ ਸਾਂਝ ਪਾਉਣ ਤੋਂ ਝਿਜਕਣ ਅਤੇ ਵਲੰਟੀਅਰਾਂ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਅਤੇ ਅਕਾਲੀਆਂ ਦੇ ਦਲ ਬਦਲੂ ਆਗੂਆਂ ਨੂੰ ਟਿਕਟਾਂ ਦੇਣ ਕਾਰਨ ਲੀਡਰਸ਼ਿਪ ਉਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਜਗਮੀਤ ਸਿੰਘ ਬਰਾੜ ਦੇ ਧੜੇ ਨਾਲ ਸਿਆਸੀ ਗਠਜੋੜ ਨਾ ਕਰਨ ਦੀ ਸੰਵਿਧਾਨਕ ਬੰਦਿਸ਼ ਦਾ ਬਹਾਨਾ ਲਾਉਣਾ ਅਤੇ ਕੁਝ ਦਿਨਾਂ ਬਾਅਦ ਹੀ ਬੈਂਸ ਭਰਾਵਾਂ ਨਾਲ ਚੋਣ ਗਠਜੋੜ ਕਰਨ ਕਰ ਕੇ ਪਾਰਟੀ ਹੋਰ ਵਿਵਾਦਾਂ ਵਿਚ ਘਿਰ ਗਈ ਹੈ ਕਿਉਂਕਿ ਬੈਂਸ ਭਰਾਵਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਪਾਰਟੀ ਦਾ ਪੰਜਾਬ ਵਿਚਲਾ ਮਜ਼ਬੂਤ ਲੁਧਿਆਣਾ ਯੂਨਿਟ ਵੀ ਖਿੰਡ-ਪੁੰਡ ਗਿਆ ਹੈ। ਇਸ ਸਾਰੀ ਸਥਿਤੀ ਵਿਚ ਪਾਰਟੀ ਵਿਚ ਭਾਰੀ ਖਲਾਅ ਦਾ ਮਾਹੌਲ ਹੈ ਅਤੇ ਦੋ ਕੌਮੀ ਲੀਡਰ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਤੋਂ ਇਲਾਵਾ ਪੰਜਾਬ ਦੇ ਸਿਰਫ ਦੋ ਆਗੂ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਹੀ ਸਮੁੱਚੀ ਪਾਰਟੀ ਦੀ ਕਮਾਂਡ ਸਾਂਭ ਰਹੇ ਹਨ।
________________________________
ਮਜੀਠੀਆ ਖਿਲਾਫ਼ ਹਿੰਮਤ ਸ਼ੇਰਗਿੱਲ ਮੈਦਾਨ ਵਿਚ
ਮਜੀਠਾ: ਆਮ ਆਦਮੀ ਪਾਰਟੀ (ਆਪ) ਨੇ ਮਜੀਠਾ ਰੈਲੀ ਦੌਰਾਨ ਹਾਕਮ ਧਿਰ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ‘ਆਪ’ ਵੱਲੋਂ ਮਜੀਠਾ ਦੀ ਦਾਣਾ ਮੰਡੀ ਵਿਚ ਕੀਤੀ ਰੈਲੀ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ।