ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਨੇੜੇ ਵੇਖ ਪੰਜਾਬ ਸਰਕਾਰ ਵੱਲੋਂ ਅੱਧ-ਅਧੂਰੇ ਪ੍ਰਾਜੈਕਟਾਂ ਦੇ ਧੜਾ ਧੜ ਉਦਘਾਟਨ ਕੀਤੇ ਜਾ ਰਹੇ ਹਨ। ਸੂਬੇ ਵਿਚ ਕਿਸੇ ਵੇਲੇ ਵੀ ਚੋਣ ਜ਼ਾਬਤਾ ਲਾਗੂ ਹੋਣ ਦੇ ਡਰੋਂ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਵਿਚਾਲੇ ਹੀ ਲਟਕ ਰਹੇ ਪ੍ਰਾਜੈਕਟਾਂ ਦੇ ਉਦਘਾਟਨੀ ਪੱਥਰਾਂ ਤੋਂ ਪਰਦੇ ਹਟਾਉਣ ਜਾਂ ਬੱਸਾਂ ਆਦਿ ਨੂੰ ਹਰੀਆਂ ਝੰਡੀਆਂ ਦੇ ਕੇ ਰਵਾਨਾ ਕਰਨ ਵਿਚ ਰੁੱਝੇ ਹੋਏ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਘੰਟਾ ਘਰ ਨੂੰ ਜਾਂਦੀ ਹੈਰੀਟੇਜ ਸਟਰੀਟ, ਜ਼ਮੀਨਦੋਜ਼ ਪਲਾਜ਼ਾ ਤੇ ਸੁੰਦਰੀਕਰਨ ਪ੍ਰਾਜੈਕਟ ਦਾ ਬੀਤੀ 25 ਅਕਤੂਬਰ ਨੂੰ ਰਸਮੀ ਉਦਘਾਟਨ ਤਾਂ ਕਰ ਦਿੱਤਾ ਗਿਆ ਸੀ, ਪਰ ਇਸ ਸਟਰੀਟ ‘ਚ ਲੱਗੀਆਂ ਵੱਡ ਅਕਾਰੀ ਐਲ਼ਈæਡੀæ ਸਕਰੀਨਾਂ ਕੁਝ ਦਿਨਾਂ ਬਾਅਦ ਹੀ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਹਨ।
ਇਥੇ ਰੋਜ਼ ਸ਼ਾਮ ਨੂੰ ਨਿਹੰਗ ਸਿੰਘਾਂ ਵੱਲੋਂ ਕੀਤਾ ਜਾਣ ਵਾਲਾ ਖਾਲਸਾਈ ਸ਼ਸ਼ਤਰ ਕਲਾ ਦਾ ਪ੍ਰਦਰਸ਼ਨ ਸਿਰਫ ਉਦਘਾਟਨੀ ਰਸਮ ਵੇਲੇ ਹੀ ਦੇਖਿਆ ਗਿਆ ਸੀ, ਜੋ ਅਜੇ ਤੱਕ ਵੀ ਬਾਕਾਇਦਾ ਸ਼ੁਰੂ ਨਹੀਂ ਹੋਇਆ। ਇਸੇ ਤਰ੍ਹਾਂ ਘੰਟਾ ਘਰ ਵਿਖੇ ਬਣਾਇਆ ਗਿਆ ਜ਼ਮੀਨਦੋਜ਼ ਪਲਾਜ਼ਾ ਵੀ ਅੱਜ ਤੱਕ ਮੁਕੰਮਲ ਨਾ ਹੋਣ ਕਾਰਨ ਸ਼ਰਧਾਲੂਆਂ ਲਈ ਖੋਲ੍ਹਿਆ ਨਹੀਂ ਜਾ ਸਕਦਾ। ਬੀਤੀ 12 ਦਸੰਬਰ ਨੂੰ ਅੰਮ੍ਰਿਤਸਰ ਦੇ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਦੇ ਪੁਨਰ ਨਿਰਮਾਣ ਕਾਰਜ, ਜੋ ਕਿ ਅਜੇ ਅੱਧੇ ਵੀ ਮੁੰਕਮਲ ਨਹੀਂ ਹੋਏ, ਦੇ ਇਕ ਹਿਸੇ ਦੀ ਘੁੰਡ ਚੁਕਾਈ ਵੀ ਕਾਹਲੀ ਵਿਚ ਹੀ ਕਰ ਦਿੱਤੀ ਗਈ ਹੈ ਜਦਕਿ ਇਸ ਦੇ ਪੂਰੀ ਤਰ੍ਹਾਂ ਮੁਕੰਮਲ ਹੋਣ ਤੇ ਸੈਲਾਨੀਆਂ ਦੇ ਇਸ ਨੂੰ ਦੇਖਣ ਲਈ ਅਜੇ ਕਾਫੀ ਸਮਾਂ ਲੱਗੇਗਾ।
ਇਸੇ ਤਰ੍ਹਾਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਗੁਰੂ ਨਗਰੀ ਦੇ ਬੀæਆਰæਟੀæਐਸ਼ (ਬੱਸ ਰੇਪਿਡ ਟਰਾਂਜਿਟ ਸਿਸਟਮ) ਪ੍ਰਾਜੈਕਟ, ਜਿਸ ਨੇ ਇਸ ਵਰ੍ਹੇ ਦੇ ਅੱਧ ਤੱਕ ਪੂਰਾ ਹੋ ਜਾਣਾ ਸੀ ਤੇ ਇਸ ਨਵੇਂ ਬਣਾਏ ਗਏ 31 ਕਿਲੋਮੀਟਰ ਦੇ ਬੱਸ ਰੂਟਾਂ ਉਤੇ 93 ਵਾਤਾਨਕੂਲਤ ਮੈਟਰੋ ਬੱਸਾਂ ਦੌੜਨੀਆਂ ਸਨ, ਦੇ ਵੀ ਪੂਰੇ ਨਾ ਹੋਣ ਕਾਰਨ ਅਧਵਾਟੇ ਹੀ ਸਿਰਫ 4 ਬੱਸਾਂ ਨੂੰ ਤਿੰਨ ਕੁ ਕਿਲੋਮੀਟਰ ਰੂਟ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਨਰਾਇਣਗੜ੍ਹ ਛੇਹਰਟਾ ਵਿਖੇ 130 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਵਾਰ ਹੀਰੋਜ਼ ਮੈਮੋਰੀਅਲ ਯਾਦਗਾਰ ਦਾ ਨਿਰਮਾਣ ਕਾਰਜ ਵੀ ਹਾਲੇ ਚੱਲ ਰਿਹਾ ਹੈ ਜਦਕਿ ਇਸ ਦਾ ਰਸਮੀ ਉਦਘਾਟਨ 23 ਅਕਤੂਬਰ ਨੂੰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ।
ਇਸੇ ਤਰ੍ਹਾਂ ਬੀਤੀ 12 ਦਸੰਬਰ ਨੂੰ ਹਰੀਕੇ ਪੱਤਣ ਝੀਲ ਵਿਚ ਚਲਾਈ ਗਈ ਪਾਣੀ ਵਾਲੀ ਬੱਸ ਦਾ ਵੀ ਕਾਹਲੀ ਨਾਲ ਉਦਘਾਟਨ ਕਰ ਦਿੱਤਾ ਗਿਆ ਹੈ ਜਦਕਿ ਇਨ੍ਹਾਂ ਬੱਸਾਂ ਦੇ ਪਾਣੀ ‘ਚ ਤੈਰਨ ਲਈ ਅਜੇ ਹਰੀਕੇ ਝੀਲ ਵਿਚ ਇਕ ਮਹੀਨਾ ਪੂਰੀ ਤਰ੍ਹਾਂ ਪਾਣੀ ਭਰਨ ਦੀ ਸੰਭਾਵਨਾ ਹੀ ਨਹੀਂ ਹੈ। ਭਗਵਾਨ ਬਾਲਮੀਕ ਤੀਰਥ (ਰਾਮ ਤੀਰਥ), ਜਿਸ ਦਾ ਕਿ ਰਸਮੀ ਉਦਘਾਟਨ ਚੋਣਾਂ ਕਾਰਨ ਸਰਕਾਰ ਵੱਲੋਂ ਪਹਿਲੀ ਦਸੰਬਰ ਨੂੰ ਕਰ ਦਿੱਤਾ ਗਿਆ ਹੈ, ਜਦਕਿ ਇਥੇ ਬਣਨ ਵਾਲੇ ਪੈਨੋਰਮਾ ਸਮੇਤ ਹੋਰ ਕਈ ਨਿਰਮਾਣ ਕਾਰਜ ਅਜੇ ਵੀ ਅਧੂਰੇ ਹੀ ਹਨ। ਗੁਰੂ ਨਗਰੀ ਦੀਆਂ ਧਾਰਮਿਕ ਤੇ ਵਿਰਾਸਤੀ ਥਾਵਾਂ ਦੀ ਸੈਰ ਕਰਵਾਉਣ ਲਈ ਸ਼ੁਰੂ ਕੀਤੀ ਗਈ ਡਬਲ ਡੈਕਰ ਬੱਸ ਨੂੰ ਤਾਂ ਭਾਵੇਂ ਉਪ-ਮੁੱਖ ਮੰਤਰੀ ਵੱਲੋਂ 12 ਦਸੰਬਰ ਨੂੰ ਹਰੀ ਝੰਡੀ ਦੇ ਕੇ ਰਸਮ ਪੂਰੀ ਕਰ ਦਿੱਤੀ ਗਈ ਹੈ, ਪਰ ਇਹ ਬੱਸ ਅਜੇ ਟਰਾਇਲ ਆਧਾਰ ‘ਤੇ ਚੱਲ ਰਹੀ ਹੈ ਤੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕੀ।
ਗੁਰੂ ਨਗਰੀ ਦੇ ਕੁਝ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਤੇ ਮਾਝਾ ਖੇਤਰ ‘ਚ ਕਰਵਾਏ ਜਾ ਰਹੇ ਵਿਕਾਸ ਕਾਰਜ ਸ਼ਲਾਘਾਯੋਗ ਹਨ, ਪਰ ਸਰਕਾਰ ਵੱਲੋਂ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਸ਼ੁਰੂ ਕਰਵਾ ਕੇ ਸਮੇਂ ਸਿਰ ਮੁਕੰਮਲ ਕਰਾਉਣਾ ਚਾਹੀਦਾ ਸੀ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਚੋਣਾਂ ਦੌਰਾਨ ਇਨ੍ਹਾਂ ਪ੍ਰਾਜੈਕਟਾਂ ਨੂੰ ਕਿਤੇ ਬਰੇਕਾਂ ਨਾ ਲੱਗ ਜਾਣ ਤੇ ਕਿਤੇ ਅੱਧੇ ਅਧੂਰੇ ਉਦਘਾਟਨਾਂ ਵਾਂਗ ਕਿਤੇ ਇਹ ਪ੍ਰਾਜੈਕਟ ਵੀ ਅੱਧ ਵਿਚਾਲੇ ਹੀ ਨਾ ਲਟਕ ਜਾਣ।
______________________________________________
ਪੁਲਿਸ ਮੁਲਾਜ਼ਮਾਂ ਦੀਆਂ ਥੋਕ ਵਿਚ ਤਰੱਕੀਆਂ
ਜਲੰਧਰ: ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਦੂਜੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੁਲਿਸ ਮੁਲਾਜ਼ਮਾਂ ਦੀਆਂ ਥੋਕ ਵਿਚ ਤਰੱਕੀਆਂ ਕੀਤੀਆਂ ਹਨ। ਉਨ੍ਹਾਂ 5624 ਮੁਲਾਜ਼ਮਾਂ ਦੇ ਸਟਾਰ ਤੇ ਫੀਤੀਆਂ ਲਾਈਆਂ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਸੇਵਾ ਕਾਲ ਦੌਰਾਨ ਉਤਸ਼ਾਹੀ ਮਾਹੌਲ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਨਵੇਂ ਸੇਵਾ ਨਿਯਮ ਬਣਾਏ ਜਾ ਰਹੇ ਹਨ, ਜਿਨ੍ਹਾਂ ਤਹਿਤ ਵਿਭਾਗ ਵਿਚ ਭਰਤੀ ਹੋਣ ਵਾਲਾ ਹਰ ਸਿਪਾਹੀ ਘੱਟੋ ਘੱਟ ਸਬ-ਇੰਸਪੈਕਟਰ ਰੈਂਕ ਤੋਂ ਸੇਵਾ ਮੁਕਤ ਹੋਵੇਗਾ। ਪੁਲਿਸ ਮੁਲਾਜ਼ਮਾਂ ਨੂੰ ਦੂਰ-ਦੁਰਾਡੇ ਜ਼ਿਲ੍ਹਿਆਂ ਵਿਚ ਡਿਊਟੀ ਲਈ ਜਾਣ ਵਿਚ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਪਟਿਆਲਾ ਵਿਚ ਪੱਕੀਆਂ ਬੈਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪੁਲਿਸ ਜਵਾਨਾਂ ਵੱਲੋਂ ਕੀਤੀ ਮੰਗ ਅਨੁਸਾਰ ਉਨ੍ਹਾਂ ਮੌਕੇ ਉਤੇ ਹੀ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਹਦਾਇਤ ਕੀਤੀ ਕਿ ਪੁਲਿਸ ਮੁਲਾਜ਼ਮਾਂ ਦੀ ਹਫਤਾਵਰੀ ਛੁੱਟੀ ਤੈਅ ਕਰਨ ਲਈ ਨਿਯਮ ਜਲਦੀ ਬਣਾਏ ਜਾਣ।