ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਆਪਣੇ ਲਈ ਵੱਡੀ ਚੁਣੌਤੀ ਮੰਨ ਰਿਹਾ ਹੈ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਡਾæ ਨਜ਼ੀਮ ਜ਼ੈਦੀ ਦਾ ਕਹਿਣਾ ਹੈ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਲੰਬੀ ਸਰਹੱਦ ਸੂਬੇ ਵਿਚ ਅਤਿਵਾਦੀ ਕਾਰਵਾਈਆਂ ਅਤੇ ਫਿਰਕੂ ਤੇ ਸਮਾਜਿਕ ਤਣਾਅ ਦਾ ਇਤਿਹਾਸ, ਚੋਣਾਂ ਵਿਚ ਪੈਸੇ ਤੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਂਗਸਟਰਾਂ ਤੇ ਗਰਮਦਲੀਆਂ ਦੀਆਂ ਸਰਗਰਮੀਆਂ ਸਬੰਧੀ
ਤਾਜ਼ਾ ਰਿਪੋਰਟਾਂ ਕਾਰਨ ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਨੂੰ ਅਤਿ ਗੰਭੀਰਤਾ ਨਾਲ ਲੈਂਦਿਆਂ ਵਿਆਪਕ ਪੱਧਰ ‘ਤੇ ਵਿਊਂਤਬੰਦੀ ਅਤੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2012 ਦੀਆਂ ਵਿਧਾਨ ਸਭਾ ਤੇ 2014 ਦੀਆਂ ਸੰਸਦੀ ਚੋਣਾਂ ਦੇ ਤਜਰਬਿਆਂ ਅਤੇ ਸਬਕਾਂ ਤੋਂ ਅਸੀਂ ਕਾਫੀ ਕੁਝ ਸਿੱਖਿਆ ਹੈ।
ਸੂਬੇ ਵਿਚਲੇ ਕੋਈ 20,000 ਇਸ਼ਤਿਹਾਰੀ ਮੁਜਰਮਾਂ ਦੀ ਧਰ ਪਕੜ ਤੇ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਲਈ ਅਫਸਰਸ਼ਾਹੀ ਵਿਚਲੇ ਸੰਤੁਲਨ ਦੀਆਂ ਸ਼ਿਕਾਇਤਾਂ ਨੂੰ ਠੀਕ ਕਰਨ ਅਤੇ ਪੇਡ ਨਿਊਜ਼ ਦੀਆਂ ਸ਼ਿਕਾਇਤਾਂ ਨਾਲ ਨਿਪਟਣ ਲਈ ਇਸ ਵਾਰ ਕਾਫੀ ਅਸਰਦਾਰ ਤੇ ਪੁਖਤਾ ਰਣਨੀਤੀ ਅਪਣਾਈ ਜਾ ਰਹੀ ਹੈ ਅਤੇ ਟੀæਵੀæ ਚੈਨਲਾਂ ਦੇ ਮਾਲਕਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਉਕਤ ਉਮੀਦਵਾਰਾਂ ਦੇ ਖਰਚਿਆਂ ਵਿਚ ਜੋੜਨ ਦਾ ਵੀ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚੋਣਾਂ ਲਈ ਮਗਰਲੇ ਸਮੇਂ ਤੋਂ ਵੱਖ-ਵੱਖ ਪਹਿਲੂਆਂ ਦੀ ਕਾਫੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਕਮਿਸ਼ਨ ਦੀ ਟੀਮ ਨਾਲ ਉਹ ਕੁਝ ਸਮਾਂ ਪਹਿਲਾਂ ਪੰਜਾਬ ਦੇ ਦੌਰੇ ਉਤੇ ਗਏ ਸਨ ਅਤੇ ਹੁਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਰਾਜ ਦਾ ਦੌਰਾ ਕਰ ਕੇ ਵਾਪਸ ਪਰਤੇ ਹਨ। ਰਾਜ ਦੀ ਪਾਕਿਸਤਾਨ ਨਾਲ ਲੱਗਦੀ ਲੰਬੀ ਸਰਹੱਦ ਪੰਜਾਬ ਦੀ ਅੰਦਰੂਨੀ ਸੁਰੱਖਿਆ ਦੀ ਦਸ਼ਾ ਅਤੇ ਰਾਜ ਵਿਚ ਅਤਿਵਾਦੀ ਕਾਰਵਾਈਆਂ, ਫਿਰਕੂ ਤੇ ਸਮਾਜਿਕ ਤਣਾਅ ਦਾ ਇਤਿਹਾਸ ਮਗਰਲੀਆਂ ਚੋਣਾਂ ਦੌਰਾਨ ਪੈਸੇ ਤੇ ਨਸ਼ਿਆਂ ਦੀ ਦੁਰਵਰਤੋਂ ਅਤੇ ਹੁਣ ਗਰਮ ਖਿਆਲੀਆਂ ਦੀਆਂ ਸਰਗਰਮੀਆਂ, ਸਰਹੱਦ ਪਾਰ ਦੇ ਸੰਗਠਨਾਂ ਦੇ ਦਖਲ ਅਤੇ ਰਾਜ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਨੇ ਇਨ੍ਹਾਂ ਚੋਣਾਂ ਨੂੰ ਕਮਿਸ਼ਨ ਲਈ ਵੱਡੀ ਚੁਣੌਤੀ ਬਣਾ ਦਿੱਤਾ ਹੈ। ਪੈਸਾ, ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਕਮਿਸ਼ਨ ਕੋਲ ਕੀ ਨਵੀਂ ਰਣਨੀਤੀ ਹੈ?
__________________________________________
ਸਿਆਸੀ ਧਿਰਾਂ ਵੱਲੋਂ ਮਹਿਲਾਵਾਂ ਨੂੰ ਨੁਮਾਇੰਦਗੀ ਦੇਣ ਪੱਖੋਂ ਕੰਜੂਸੀ
ਚੰਡੀਗੜ੍ਹ: ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦਾ ਬਿੱਲ ਸਾਲਾਂ ਤੋਂ ਲਟਕ ਰਿਹਾ ਹੈ। ਚੋਣਾਂ ਦੌਰਾਨ ਪਾਰਟੀਆਂ ਦਰਮਿਆਨ ਔਰਤਾਂ ਦੀ ਨੁਮਾਇੰਦਗੀ ਨੂੰ ਸੀਮਤ ਰੱਖਣ ਦੀ ਅਣਲਿਖਤ ਸਹਿਮਤੀ ਜਿਹੀ ਬਣੀ ਦਿਖਾਈ ਦਿੰੰਦੀ ਹੈ। ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਸੱਤਾ ਦੀਆਂ ਪ੍ਰਮੁੱਖ ਦਾਅਵੇਦਾਰ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀਆਂ ਸੂਚੀਆਂ ਸੰਕੇਤ ਦੇ ਰਹੀਆਂ ਹਨ ਕਿ ਇਸ ਵਾਰ ਵਿਧਾਨ ਸਭਾ ਵਿਚ 2012 ਦੀ ਵਿਧਾਨ ਸਭਾ ਜਿੰਨੀਆਂ ਔਰਤਾਂ ਮੁਸ਼ਕਲ ਨਾਲ ਪਹੁੰਚ ਪਾਉਣਗੀਆਂ।
ਪੜ੍ਹਾਈ, ਖੇਡਾਂ ਅਤੇ ਹੋਰ ਖੇਤਰਾਂ ਵਿਚ ਬੇਸ਼ੱਕ ਔਰਤਾਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ, ਪਰ ਸਿਆਸੀ ਖੇਤਰ ਵਿਚ ਨੁਮਾਇੰਦਗੀ ਵਧਾਉਣ ਦੀ ਮੰਜ਼ਿਲ ਅਜੇ ਦੂਰ ਨਜ਼ਰ ਆ ਰਹੀ ਹੈ। ਬਹੁਤ ਸਾਰੀਆਂ ਔਰਤਾਂ ਨੂੰ ਟਿਕਟ ਸਿਆਸੀ ਪਰਿਵਾਰਾਂ ਦੀ ਕਿਸੇ ਮਜਬੂਰੀ ਵਿਚੋਂ ਮਿਲਦੀ ਹੈ। ਇਕ ਪਰਿਵਾਰ ਵਿਚੋਂ ਇਕ ਨੂੰ ਟਿਕਟ ਦੇ ਕਾਂਗਰਸੀ ਫਾਰਮੂਲੇ ਦੀ ਗਾਜ ਵੀ ਜ਼ਿਆਦਾਤਰ ਔਰਤਾਂ ਉਤੇ ਹੀ ਡਿੱਗੀ ਹੈ। ਪ੍ਰਤਾਪ ਸਿੰਘ ਬਾਜਵਾ ਦੇ ਲੋਕ ਸਭਾ ਵਿਚ ਜਾਣ ਕਾਰਨ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ਵਿਧਾਨ ਸਭਾ ਵਿਚ ਪਹੁੰਚ ਗਈ ਸੀ। ਇਸ ਵਾਰ ਨਵੇਂ ਫਾਰਮੂਲੇ ਨੇ ਉਨ੍ਹਾਂ ਦੀ ਟਿਕਟ ਦੀ ਕੁਰਬਾਨੀ ਬਾਜਵਾ ਦੇ ਛੋਟੇ ਭਾਈ ਫਤਹਿ ਜੰਗ ਸਿੰਘ ਬਾਜਵਾ ਲਈ ਲੈ ਲਈ ਗਈ।
ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਵਿਚ ਗਏ ਤਾਂ ਪਰਨੀਤ ਕੌਰ ਵਿਧਾਨ ਸਭਾ ਪਹੁੰਚ ਗਈ, ਇਸ ਵਾਰ ਪਰਨੀਤ ਕੌਰ ਨੇ ਪਤੀ ਲਈ ਸੀਟ ਖਾਲੀ ਕਰ ਦਿੱਤੀ। ਨਵਾਂ ਸ਼ਹਿਰ ਤੋਂ ਪ੍ਰਕਾਸ਼ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਉਮਰ ਛੋਟੀ ਹੋਣ ਕਾਰਨ ਪਤਨੀ ਗੁਰਇਕਬਾਲ ਕੌਰ ਬਬਲੀ ਦਾ ਵਿਧਾਇਕ ਬਣਨ ਦਾ ਨੰਬਰ ਲੱਗ ਗਿਆ। ਬੇਟਾ 25 ਸਾਲਾਂ ਦਾ ਹੋਇਆ ਤਾਂ ਮਾਤਾ ਦੀ ਸੀਟ ਹਾਸਲ ਹੋ ਗਈ। ਕਾਂਗਰਸ ਦੀ 61 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਛੇ ਔਰਤਾਂ ਟਿਕਟ ਹਾਸਲ ਕਰਨ ਵਿਚ ਸਫਲ ਰਹੀਆਂ ਹਨ।
ਰਾਜਿੰਦਰ ਕੌਰ ਭੱਠਲ, ਅਰੁਣਾ ਚੌਧਰੀ, ਹਰਚੰਦ ਕੌਰ, ਰਜ਼ੀਆ ਸੁਲਤਾਨਾ, ਸਤਕਾਰ ਕੌਰ ਪਿਛਲੀਆਂ ਚੋਣਾਂ ਵਿਚ ਵੀ ਉਮੀਦਵਾਰ ਸਨ, ਰਣਜੀਤ ਕੌਰ ਭੱਟੀ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੀæਪੀæਪੀæ ਦੀ ਉਮੀਦਵਾਰ ਵਜੋਂ ਮੈਦਾਨ ਵਿਚ ਸੀ। ਸੀਟਾਂ ਦੇ ਹਿਸਾਬ ਨਾਲ ਔਰਤ ਉਮੀਦਵਾਰਾਂ ਦਾ ਹਿੱਸਾ ਲਗਭਗ 10 ਫੀਸਦੀ ਹਿੱਸਾ ਹੈ। ਔਰਤਾਂ ਨੇ ਵਿਧਾਨ ਸਭਾ ਚੋਣਾਂ 2012 ਵਿਚ 14 ਸੀਟਾਂ ਜਿੱਤ ਕੇ ਵਿਧਾਨ ਸਭਾ ਵਿਚ 15 ਫੀਸਦੀ ਦੇ ਲਗਭਗ ਹਿੱੱਸੇਦਾਰੀ ਬਣਾ ਲਈ ਸੀ। ਇਹ 2007 ਦੀਆਂ ਸੱਤ ਸੀਟਾਂ ਦੇ ਮੁਕਾਬਲੇ ਦੁੱਗਣੀ ਸੀ। ਅਕਾਲੀ-ਭਾਜਪਾ ਗੱਠਜੋੜ ਦੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 94 ਵਿਚੋਂ 82 ਸੀਟਾਂ ਵਿਚੋਂ ਸਿਰਫ ਪੰਜ ਔਰਤਾਂ ਦੇ ਹਿੱਸੇ ਆਈਆਂ ਹਨ। ਇਹ ਸਾਰੀਆਂ ਸੀਟਾਂ ਦਾ ਛੇ ਫੀਸਦੀ ਹਿੱਸਾ ਬਣਦਾ ਹੈ। ਸਾਬਕਾ ਮੰਤਰੀ ਡਾæ ਉਪਿੰਦਰਜੀਤ ਕੌਰ, ਹਰਪ੍ਰੀਤ ਕੌਰ, ਵਨਿੰਦਰ ਕੌਰ ਲੂੰਬਾ ਅਤੇ ਮੋਹਿੰਦਰ ਕੌਰ ਜੋਸ਼ ਪਿਛਲੀ ਵਿਧਾਨ ਸਭਾ ਵਿਚ ਵੀ ਉਮੀਦਵਾਰ ਸਨ।
ਅਮਰਜੀਤ ਕੌਰ ਸਾਹੋਕੇ ਨੂੰ ਨਵੀਂ ਉਮੀਦਵਾਰੀ ਦਿੱਤੀ ਹੈ। ਸੁਖਵਿੰਦਰ ਕੌਰ ਭਾਗੀਕੇ ਅਤੇ ਮਾਲੇਰਕੋਟਲਾ ਤੋਂ ਨਸਾਰਾ ਖਾਤੂਨ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ। ਪਟਿਆਲਾ (ਦਿਹਾਤੀ) ਤੋਂ 2012 ਦੀ ਚੋਣ ਲੜਨ ਵਾਲੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਕੁਲਦੀਪ ਕੌਰ ਨਜ਼ਰਅੰਦਾਜ਼ ਹੋਣ ਕਰ ਕੇ ਆਮ ਆਦਮੀ ਪਾਰਟੀ ਵਿਚ ਚਲੀ ਗਈ। ਉਸ ਦੀ ਜਗ੍ਹਾ ਟਿਕਟ ਸਤਵੀਰ ਸਿੰਘ ਖਟੜਾ ਨੂੰ ਦੇ ਦਿੱਤੀ ਗਈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਦਾ ਨਾਮ ਅਜੇ ਐਲਾਨਿਆ ਨਹੀਂ ਗਿਆ।
ਵਿਵਸਥਾ ਪਰਿਵਰਤਨ ਦੇ ਨਾਅਰੇ ਨਾਲ ਮੈਦਾਨ ਵਿਚ ਮਜ਼ਬੂਤ ਧਿਰ ਬਣ ਕੇ ਸਾਹਮਣੇ ਆਈ ਆਮ ਆਦਮੀ ਪਾਰਟੀ ਨੇ ਵੀ ਲਿੰਗਕ ਬਰਾਬਰੀ ਵੱਲ ਵਧਣ ਦਾ ਕੋਈ ਖਾਸ ਸੰਕੇਤ ਨਹੀਂ ਦਿੱਤਾ। ਪਾਰਟੀ ਨੇ ਲੋਕ ਇਨਸਾਫ ਪਾਰਟੀ ਨਾਲ ਸਮਝੌਤੇ ਤਹਿਤ 5 ਸੀਟਾਂ ਛੱਡੀਆਂ ਹਨ। ਇੰਜ ਆਪਣੇ ਹਿੱਸੇ ਦੀਆਂ 112 ਸੀਟਾਂ ਵਿਚੋਂ 102 ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਹੁਣ ਤੱਕ 9 ਔਰਤ ਉਮੀਦਵਾਰਾਂ ਰੁਪਿੰਦਰ ਕੌਰ, ਅਨੂ ਰੰਧਾਵਾ, ਪ੍ਰੋæ ਬਲਜਿੰਦਰ ਕੌਰ, ਸਰਵਜੀਤ ਕੌਰ ਮਾਣੂਕੇ, ਹਰਜੋਤ ਕੌਰ, ਬਲਬੀਰ ਕੌਰ ਫੁੱਲ, ਸਰਬਜੀਤ ਕੌਰ, ਪਲਵਿੰਦਰ ਕੌਰ ਅਤੇ ਕੁਲਦੀਪ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ ਜੋ ਹੁਣ ਤੱਕ ਐਲਾਨੀਆਂ ਸੀਟਾਂ ਦਾ ਲਗਭਗ 10% ਹਿੱਸਾ ਬਣਦਾ ਹੈ।
ਭਾਰਤੀ ਜਨਤਾ ਪਾਰਟੀ ਨੇ ਅਜੇ ਆਪਣੇ ਹਿੱਸੇ ਦੀਆਂ ਸਾਰੀਆਂ ਹੀ 23 ਸੀਟਾਂ ਵਿਚੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ 3 ਔਰਤਾਂ ਨੂੰ ਮੈਦਾਨ ਵਿਚ ਉਤਾਰਿਆ ਸੀ ਅਤੇ ਦੋ ਜਿੱਤਣ ਵਿਚ ਸਫਲ ਹੋ ਗਈਆਂ ਸਨ। ਇਨ੍ਹਾਂ ਵਿਚੋਂ ਡਾæ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਅਤੇ ਟਿਕਟ ਦੀ ਉਡੀਕ ਵਿਚ ਹੈ।