ਸਿੱਖ ਖਿਡਾਰੀ ਹਾਕੀ ਟੀਮਾਂ ਦੀ ਸ਼ਾਨ

ਪ੍ਰਿੰæ ਸਰਵਣ ਸਿੰਘ
ਭਾਰਤ ਵਿਚ ਸਿੱਖਾਂ ਦੀ ਗਿਣਤੀ ਭਾਵੇਂ 2% ਤੋਂ ਘੱਟ ਹੈ ਪਰ ਭਾਰਤੀ ਹਾਕੀ ਟੀਮ ਵਿਚ ਉਹ 60% ਦੇ ਕਰੀਬ ਹਨ। ਭਾਰਤ ਦੀ ਜਿਸ ਟੀਮ ਨੇ 2016 ਦਾ ਜੂਨੀਅਰ ਵਰਲਡ ਕੱਪ ਜਿੱਤਿਆ ਹੈ, ਉਸ ਵਿਚ ਦਸ ਸਿੱਖ ਖਿਡਾਰੀ-ਹਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸੰਤਾ ਸਿੰਘ ਤੇ ਗੁਰਿੰਦਰ ਸਿੰਘ ਖੇਡੇ।

ਕੈਨੇਡਾ ਵਿਚ ਜਿਥੇ ਸਿੱਖਾਂ ਦੀ ਗਿਣਤੀ 1% ਦੇ ਆਸ-ਪਾਸ ਹੈ, ਉਥੋਂ ਦੀ ਜੂਨੀਅਰ ਵਰਲਡ ਕੱਪ ਖੇਡਣ ਵਾਲੀ ਟੀਮ ਵਿਚ ਵੀ ਦਸ ਖਿਡਾਰੀ-ਅੰਮ੍ਰਿਤ ਸਿੰਘ ਸਿੱਧੂ ਬੀæਸੀæ, ਬਲਰਾਜ ਸਿੰਘ ਪਨੇਸਰ ਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਸਿੰਘ ਬੈਂਸ ਬੀæਸੀæ, ਹਰਵੀਰ ਸਿੰਘ ਸਿੱਧੂ ਵਿਕਟੋਰੀਆ, ਇਕਵਿੰਦਰ ਸਿੰਘ ਗਿੱਲ ਸਰੀ, ਕਬੀਰ ਸਿੰਘ ਔਜਲਾ ਸਰੀ, ਪਰਮੀਤ ਸਿੰਘ ਗਿੱਲ ਬਰੈਂਪਟਨ, ਰਾਜਨ ਸਿੰਘ ਕਾਹਲੋਂ ਵੈਨਕੂਵਰ ਤੇ ਰੋਹਨ ਸਿੰਘ ਚੋਪੜਾ ਓਟਵਾ, ਸਿੱਖ ਸਨ। 4 ਸਟੈਂਡ ਬਾਈ ਖਿਡਾਰੀਆਂ ਵਿਚ ਵੀ 3 ਖਿਡਾਰੀ ਸਤਬੀਰ ਸਿੰਘ ਬਰਾੜ, ਸਾਹਿਬ ਸਿੰਘ ਸੂਰੀ ਤੇ ਟਾਰਜਨ ਸਿੰਘ ਸੰਧੂ ਸਿੱਖ ਸਨ। ਦੂਜੇ ਸ਼ਬਦਾਂ ਵਿਚ, ਹਾਕੀ ਸਿੱਖਾਂ ਦੇ ਲਹੂ ਵਿਚ ਹੈ!
ਮਿਊਨਿਖ ਓਲੰਪਿਕ-1972 ਵਿਚ ਹਾਕੀ ਖੇਡਣ ਵਾਲੇ 30 ਖਿਡਾਰੀ ਸਿੱਖ ਸਨ। 2 ਸਤੰਬਰ 1972 ਨੂੰ ਇਕ ਓਲੰਪਿਕ ਮੈਚ ਵਿਚ 15 ਸਿੱਖ ਖਿਡਾਰੀ ਖੇਡੇ। ਇਓਂ ਲੱਗਦਾ ਸੀ ਜਿਵੇਂ ਮੈਚ ਦੋ ਮੁਲਕਾਂ ਵਿਚਾਲੇ ਨਹੀਂ, ਖਾਲਸਾ ਕਾਲਜਾਂ ਦੀਆਂ ਦੋ ਟੀਮਾਂ ਵਿਚਾਲੇ ਹੋ ਰਿਹਾ ਹੋਵੇ। ਉਂਜ ਉਹ ਮੈਚ ਇੰਡੀਆ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਸੀ। ਮੈਚ ਇੰਡੀਆ ਦੀ ਟੀਮ ਨੇ 3-2 ਗੋਲਾਂ ਨਾਲ ਜਿੱਤਿਆ ਸੀ ਜਿਸ ਦੇ ਪੰਜੇ ਗੋਲ ਸਿੱਖ ਖਿਡਾਰੀਆਂ ਦੀਆਂ ਹਾਕੀਆਂ ਨਾਲ ਹੋਏ ਸਨ। ਦੋ ਗੋਲ ਮੁਖਬੈਨ ਸਿੰਘ ਨੇ ਕੀਤੇ, ਦੋ ਦਵਿੰਦਰ ਸਿੰਘ ਨੇ ਤੇ ਇਕ ਹਰਮੀਕ ਸਿੰਘ ਨੇ। ਉਦੋਂ ਹੁਣ ਵਾਂਗ ਸਿੱਖ ਖਿਡਾਰੀ ਸਿਰ ਨਹੀਂ ਸਨ ਮੁਨਾਉਣ ਲੱਗੇ। ਸਿੱਖ ਖਿਡਾਰੀਆਂ ਦੇ ਸਿਰਾਂ ਉਤੇ ਜੂੜੇ ਤੇ ਰੁਮਾਲ ਸੋਂਹਦੇ ਸਨ।
ਮਿਊਨਿਖ ਵਿਚ ਇੰਡੀਆ, ਕੀਨੀਆ, ਯੂਗਾਂਡਾ ਤੇ ਮਲੇਸ਼ੀਆ ਦੀਆਂ ਟੀਮਾਂ ‘ਚ ਖੇਡਣ ਵਾਲੇ ਸਿੱਖ ਖਿਡਾਰੀਆਂ ਦੀ ਗਿਣਤੀ 30 ਸੀ। ਉਨ੍ਹਾਂ ਨੇ 35 ਗੋਲ ਕੀਤੇ। ਯੂਗਾਂਡਾ ਤੇ ਜਰਮਨੀ ਦਾ ਪੂਲ ਮੈਚ 1-1 ਗੋਲ ਨਾਲ ਬਰਾਬਰ ਰਿਹਾ ਸੀ। ਆਮ ਦਰਸ਼ਕ ਸਮਝ ਰਹੇ ਸਨ ਕਿ ਮੁਕਾਬਲੇ ਦਾ ਇਹ ਮੈਚ ਇੰਡੀਆ ਤੇ ਜਰਮਨੀ ਵਿਚਕਾਰ ਹੈ। ਕਿਸੇ ਅਫਰੀਕੀ ਮੁਲਕ ਦੀ ਟੀਮ ਵਿਚ ਇੰਨੇ ਸਿੱਖ ਖਿਡਾਰੀਆਂ ਦਾ ਹੋਣਾ, ਮੰਨਣ ਵਿਚ ਨਹੀਂ ਸੀ ਆ ਰਿਹਾ। ਰਾਜਿੰਦਰ ਸਿੰਘ ਸੰਧੂ ਦੀ ਕਪਤਾਨੀ ਵਿਚ ਸਿੱਖ ਖਿਡਾਰੀਆਂ ਨਾਲ ਲੈਸ ਯੂਗਾਂਡਾ ਦੀ ਟੀਮ ਨੇ ਜਰਮਨੀ ਦੀ ਉਸ ਟੀਮ ਨਾਲ ਮੈਚ ਬਰਾਬਰ ਰੱਖ ਲਿਆ ਸੀ ਜਿਸ ਨੇ ਮਿਊਨਿਖ ਤੋਂ ਹਾਕੀ ਦਾ ਗੋਲਡ ਮੈਡਲ ਜਿੱਤਿਆ ਸੀ।
ਸਾਰੀਆਂ ਖੇਡਾਂ ਵਿਚੋਂ ਫੀਲਡ ਹਾਕੀ ਦੀ ਖੇਡ ਹੈ ਜਿਸ ਵਿਚ ਸਿੱਖ ਖਿਡਾਰੀਆਂ ਨੇ ਸਭ ਤੋਂ ਵੱਧ ਮੱਲਾਂ ਮਾਰੀਆਂ ਹਨ। 1928 ਤੋਂ 2012 ਤਕ ਦੀਆਂ ਓਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿਚ 137 ਸਿੱਖ ਖਿਡਾਰੀ ਹਾਕੀ ਦਾ ਘੱਟੋਘੱਟ ਇਕ ਮੈਚ ਜ਼ਰੂਰ ਖੇਡੇ ਹਨ। ਉਨ੍ਹਾਂ ਨੇ 254 ਗੋਲ ਕੀਤੇ। ਦੁਨੀਆਂ ਦੇ 9 ਮੁਲਕ, ਇੰਡੀਆ, ਕੀਨੀਆ, ਮਲੇਸ਼ੀਆ, ਸਿੰਗਾਪੁਰ, ਯੂਗਾਂਡਾ, ਕੈਨੇਡਾ, ਗ੍ਰੇਟ ਬਰਤਾਨੀਆ, ਤਨਜ਼ਾਨੀਆ ਤੇ ਹਾਂਗਕਾਂਗ ਹਨ, ਜਿਨ੍ਹਾਂ ਦੀਆਂ ਓਲੰਪਿਕ ਹਾਕੀ ਟੀਮਾਂ ਵਿਚ ਸਿੱਖ ਖਿਡਾਰੀ ਖੇਡ ਚੁੱਕੇ ਹਨ। ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫਿਜ਼ੀ ਆਦਿ ਮੁਲਕਾਂ ਵਿਚ ਵੀ ਹਾਕੀ ਦੇ ਸਿੱਖ ਖਿਡਾਰੀ ਮੌਜੂਦ ਹਨ ਪਰ ਉਹ ਅਜੇ ਉਨ੍ਹਾਂ ਮੁਲਕਾਂ ਦੀਆਂ ਓਲੰਪਿਕ ਟੀਮਾਂ ਵਿਚ ਥਾਂ ਨਹੀਂ ਬਣਾ ਸਕੇ। ਕਿਸੇ ਮੁਲਕ ਦੀ ਹਾਕੀ ਟੀਮ ਲਈ ਓਲੰਪਿਕ ਖੇਡਣ ਵਾਸਤੇ ਕੁਆਲੀਫਾਈ ਕਰਨਾ ਬੜਾ ਔਖਾ ਤੇ ਉਸ ਟੀਮ ਵਿਚ ਚੁਣਿਆ ਜਾਣਾ ਤਾਂ ਹੋਰ ਵੀ ਔਖਾ ਹੈ। ਪਰ ਸਿੱਖਾਂ ਨੂੰ ਬਖਸ਼ਿਸ਼ ਹੀ ਹੈ ਕਿ ਉਨ੍ਹਾਂ ਨੇ ਹਾਕੀ ਦੀ ਖੇਡ ਵਿਚ ਆਪਣੇ ਵਿਤ ਨਾਲੋਂ ਕਿਤੇ ਵੱਧ ਥਾਂ ਬਣਾਈ ਹੈ।
ਹਾਕੀ ਦੀ ਖੇਡ ਵਿਚ ਜੋ ਨਾਂ ਦੁਨੀਆ ਭਰ ‘ਚ ਸਭ ਤੋਂ ਵੱਧ ਮਸ਼ਹੂਰ ਹੋਇਆ, ਉਹ ਹੈ ਬਲਬੀਰ ਸਿੰਘ। ਵੱਡਾ ਬਲਬੀਰ ਉਹ ਹੋਇਆ ਜਿਸ ਨੇ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਵਿਚ ਲਗਾਤਾਰ ਛੇਵੀਂ ਵਾਰ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਕੀਤੀ। ਦੂਜਾ ਬਲਬੀਰ ਉਹ, ਜਿਹੜਾ ਟੋਕੀਓ ਦੀਆਂ ਏਸ਼ਿਆਈ ਖੇਡਾਂ ਵਿਚ ਵੱਡੇ ਬਲਬੀਰ ਨਾਲ ਖੇਡਿਆ। ਤੀਜਾ ਬਲਬੀਰ ਰੇਲਵੇ ਦਾ, ਜਿਸ ਨੇ 1966 ਵਿਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਮੈਚ ‘ਚ ਪਾਕਿਸਤਾਨ ਦੀ ਟੀਮ ਸਿਰ ਗੋਲ ਕਰ ਕੇ ਭਾਰਤ ਲਈ ਗੋਲਡ ਮੈਡਲ ਹਾਸਲ ਕੀਤਾ ਸੀ। ਉਸ ਬਲਬੀਰ ਨਾਲ ਦੋ ਬਲਬੀਰ ਹੋਰ ਖੇਡੇ ਸਨ-ਇਕ ਫੌਜ ਦਾ ਤੇ ਦੂਜਾ ਪੰਜਾਬ ਪੁਲਿਸ ਦਾ। ਇਕੋ ਟੀਮ ਵਿਚ ਗਿਆਰਾਂ ‘ਚੋਂ ਤਿੰਨ ਬਲਬੀਰ! ਉਸੇ ਸਾਲ ਨਹਿਰੂ ਹਾਕੀ ਟੂਰਨਾਮੈਂਟ ਵਿਚ ਨੌਂ ਬਲਬੀਰ ਖੇਡੇ ਸਨ!!
ਹਾਕੀ ਦਾ ਇਕ ਘਾਗ ਖਿਡਾਰੀ ਸੀ, ਊਧਮ ਸਿੰਘ। ਉਹ ਪੰਜ ਓਲੰਪਿਕਸ ਖੇਡਣ ਲਈ ਚੁਣਿਆ ਗਿਆ ਸੀ ਪਰ ਇਕ ਵਾਰ ਸੱਟ ਲੱਗ ਜਾਣ ਕਾਰਨ ਚਾਰ ਓਲੰਪਿਕਸ ਖੇਡ ਸਕਿਆ। ਉਸ ਨੇ ਓਲੰਪਿਕ ਖੇਡਾਂ ‘ਚੋ ਇਕ ਚਾਂਦੀ ਤੇ ਤਿੰਨ ਸੋਨੇ ਦੇ ਤਮਗੇ ਜਿੱਤੇ। ਉਹਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਹੀ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪੋਤਰਿਆਂ ਨੂੰ ਵੀ ਡਾਹੀ ਨਹੀਂ ਸੀ ਦਿੰਦਾ। ਪ੍ਰਿਥੀਪਾਲ ਸਿੰਘ ਨੂੰ ਪੈਨਲਟੀ ਕਾਰਨਰ ਦਾ ਕਿੰਗ ਕਿਹਾ ਜਾਂਦਾ ਸੀ। ਹਰਮੀਕ ਸਿੰਘ ਨੇ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਕੀਤੀ। ਪਰਗਟ ਸਿੰਘ ਇਕੋ ਇਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਿਆ। ਫੁੱਲ ਬੈਕ ਸੁਰਜੀਤ ਸਿੰਘ ਨੂੰ ਚੀਨ ਦੀ ਕੰਧ ਕਿਹਾ ਜਾਂਦਾ ਸੀ।
ਐਮਸਟਰਡਮ-1928 ਵਿਚ ਇੰਡੀਆ ਦੀ ਹਾਕੀ ਟੀਮ ਨੇ ਪਹਿਲੀ ਵਾਰ ਓਲੰਪਿਕ ਖੇਡਾਂ ‘ਚ ਭਾਗ ਲਿਆ ਤੇ ਗੋਲਡ ਮੈਡਲ ਜਿੱਤਿਆ। ਉਦੋਂ ਕਿਹਰ ਸਿੰਘ ਗਿੱਲ ਪਹਿਲਾ ਸਿੱਖ ਖਿਡਾਰੀ ਸੀ ਜੋ ਇੰਡੀਆ ਦੀ ਟੀਮ ਵੱਲੋਂ ਖੇਡਿਆ। ਉਸ ਪਿਛੋਂ ਇਕ ਵੀ ਐਸੀ ਓਲੰਪਿਕਸ ਨਹੀਂ ਜਿਸ ਵਿਚ ਸਿੱਖ ਖਿਡਾਰੀ ਨਾ ਖੇਡੇ ਹੋਣ। ਇੰਡੀਆ ਦੀ ਟੀਮ ਨੇ 1928, 32 ਤੇ 36 ਦੀਆਂ ਓਲੰਪਿਕ ਖੇਡਾਂ ‘ਚ ਲਗਾਤਾਰ ਤਿੰਨ ਗੋਲਡ ਮੈਡਲ ਜਿੱਤੇ। 1940 ਤੇ 44 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟਾ ਚੜ੍ਹ ਗਈਆਂ। ਲੰਡਨ ਓਲੰਪਿਕ-1948 ਵਿਚ ਭਾਰਤ ਦੀ ਟੀਮ ਵੱਲੋਂ ਤਿੰਨ ਸਿੱਖ ਖਿਡਾਰੀ ਬਲਬੀਰ ਸਿੰਘ, ਬਾਵਾ ਤਰਲੋਚਨ ਸਿੰਘ ਤੇ ਗ੍ਰਹਿਨੰਦਨ ਸਿੰਘ ਨੰਦੀ ਖੇਡੇ।
1952 ਵਿਚ ਹੈਲਸਿੰਕੀ ਦੀਆਂ ਓਲੰਪਿਕ ਖੇਡਾਂ ਵਿਚ ਵੀ ਤਿੰਨ ਸਿੱਖ ਖਿਡਾਰੀ ਸਨ-ਬਲਬੀਰ ਸਿੰਘ, ਨੰਦੀ ਸਿੰਘ ਤੇ ਧਰਮ ਸਿੰਘ। ਹੈਲਸਿੰਕੀ ਵਿਚ ਭਾਰਤੀ ਟੀਮ ਦੇ ਕੁਲ 13 ਗੋਲਾਂ ਵਿਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਫਾਈਨਲ ਮੈਚ ਇੰਡੀਆ ਤੇ ਹਾਲੈਂਡ ਵਿਚਕਾਰ ਖੇਡਿਆ ਗਿਆ ਜਿਸ ਵਿਚ ਬਲਬੀਰ ਸਿੰਘ ਨੇ 5 ਗੋਲ ਕੀਤੇ ਜੋ ਅਜੇ ਤਕ ਓਲੰਪਿਕ ਰਿਕਾਰਡ ਹੈ।
1956 ਵਿਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ‘ਚ ਸਿੱਖ ਖਿਡਾਰੀਆਂ ਦੀ ਗੁੱਡੀ ਹੋਰ ਚੜ੍ਹੀ। ਭਾਰਤੀ ਟੀਮ ਦਾ ਕਪਤਾਨ ਪਹਿਲੀ ਵਾਰ ਇਕ ਸਿੱਖ ਖਿਡਾਰੀ ਬਲਬੀਰ ਸਿੰਘ ਨੂੰ ਬਣਾਇਆ ਗਿਆ। ਉਹਦੇ ਨਾਲ ਊਧਮ ਸਿੰਘ, ਬਖਸ਼ੀਸ਼ ਸਿੰਘ, ਗੁਰਦੇਵ ਸਿੰਘ, ਹਰਦਿਆਲ ਸਿੰਘ, ਅਮਿੱਤ ਸਿੰਘ ਬਖਸ਼ੀ ਤੇ ਬਾਲਕ੍ਰਿਸ਼ਨ ਸਿੰਘ ਖੇਡੇ। ਹਰਬੇਲ ਸਿੰਘ ਕੋਚ ਸੀ ਤੇ ਗਿਆਨ ਸਿੰਘ ਇੰਟਰਨੈਸ਼ਨਲ ਅੰਪਾਇਰ। ਮੈਲਬੌਰਨ ਵਿਚ ਊਧਮ ਸਿੰਘ ਨੇ ਸਭ ਤੋਂ ਵੱਧ ਗੋਲ ਕੀਤੇ ਤੇ ਭਾਰਤੀ ਟੀਮ ਨੇ ਲਗਾਤਾਰ ਛੇਵਾਂ ਗੋਲਡ ਮੈਡਲ ਜਿੱਤਿਆ। ਮੈਲਬੌਰਨ ਓਲੰਪਿਕਸ ਵਿਚ ਕੀਨੀਆ ਦੀ ਟੀਮ ਪਹਿਲੀ ਵਾਰ ਸ਼ਾਮਲ ਹੋਈ। ਇਸ ਟੀਮ ਵਿਚ ਅੱਠ ਖਿਡਾਰੀ ਸਿੱਖ ਸਨ, ਜਿਸ ਨੂੰ ਸਿੱਖ ਕੋਚ ਮਹਾਂ ਸਿੰਘ ਨੇ ਤਿਆਰ ਕੀਤਾ ਸੀ। ਟੀਮ ਦਾ ਕਪਤਾਨ ਸੁਰਜੀਤ ਸਿੰਘ ਦਿਓਲ ਸੀ। ਮਲੇਸ਼ੀਆ ਦੀ ਟੀਮ ‘ਚ ਗਿਆਨ ਸਿੰਘ ਨਾਂ ਦਾ ਸਿੱਖ ਖਿਡਾਰੀ ਖੇਡ ਰਿਹਾ ਸੀ ਤੇ ਸਿੰਗਾਪੁਰ ਦੀ ਟੀਮ ਵਿਚ ਅਜੀਤ ਸਿੰਘ ਗਿੱਲ ਸੀ।
ਰੋਮ ਓਲੰਪਿਕ-1960 ‘ਚ ਪ੍ਰਿਥੀਪਾਲ ਸਿੰਘ ਨੇ ਸਭ ਤੋਂ ਵੱਧ ਗੋਲ ਕੀਤੇ। ਕੀਨੀਆ ਦੀ ਟੀਮ ਵਿਚ 8 ਸਿੱਖ ਖਿਡਾਰੀ ਸਨ, ਜਿਨ੍ਹਾਂ ‘ਚ ਅਵਤਾਰ ਸਿੰਘ ਤੇ ਸੁਰਜੀਤ ਸਿੰਘ ਵੀ ਸਨ ਜੋ ਚਾਰ ਚਾਰ ਓਲੰਪਿਕਸ ਖੇਡੇ। ਭਾਰਤੀ ਟੀਮ ਵਿਚ ਪ੍ਰਿਥੀਪਾਲ ਸਿੰਘ, ਊਧਮ ਸਿੰਘ, ਜਸਵੰਤ ਸਿੰਘ, ਜੋਗਿੰਦਰ ਸਿੰਘ ਤੇ ਬਾਲਕ੍ਰਿਸ਼ਨ ਸਿੰਘ ਸ਼ਾਮਲ ਸਨ।
1964 ਵਿਚ ਟੋਕੀਓ ਦੀਆਂ ਓਲੰਪਿਕ ਖੇਡਾਂ ‘ਚ ਹਾਂਗਕਾਂਗ ਦੀ ਟੀਮ ਵੀ ਸ਼ਾਮਲ ਹੋਈ ਜਿਸ ਵਿਚ ਤਿੰਨ ਸਿੱਖ ਖਿਡਾਰੀ-ਸੁਰਿੰਦਰ ਸਿੰਘ ਢਿੱਲੋਂ, ਹਰਨਾਮ ਸਿੰਘ ਗਰੇਵਾਲ ਤੇ ਕੁਲਦੀਪ ਸਿੰਘ ਖੇਡੇ। ਭਾਰਤੀ ਟੀਮ ਵਿਚ ਅੱਧੇ ਖਿਡਾਰੀ ਸਿੱਖ ਸਨ, ਜਿਨ੍ਹਾਂ ‘ਚ ਪ੍ਰਿਥੀਪਾਲ ਸਿੰਘ, ਧਰਮ ਸਿੰਘ, ਗੁਰਬਖ਼ਸ਼ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਊਧਮ ਸਿੰਘ ਤੇ ਬਲਬੀਰ ਸਿੰਘ ਸਨ। ਟੋਕੀਓ ਤੋਂ ਭਾਰਤੀ ਟੀਮ ਨੇ ਸੱਤਵਾਂ ਗੋਲਡ ਮੈਡਲ ਜਿੱਤਿਆ।
1966 ਵਿਚ ਜਕਾਰਤਾ ਦੀਆਂ ਏਸਿਆਈ ਖੇਡਾਂ ‘ਚ ਭਾਰਤੀ ਟੀਮ ਨੇ ਪਹਿਲੀ ਵਾਰ ਸੋਨੇ ਦਾ ਤਮਗਾ ਜਿੱਤਿਆ। ਉਦੋਂ ਪਾਕਿਸਤਾਨ ਵਿਰੁਧ ਫਾਈਨਲ ਮੈਚ ਖੇਡਣ ਵਾਲੇ ਗਿਆਰਾਂ ਖਿਡਾਰੀਆਂ ‘ਚੋਂ ਦਸ ਖਿਡਾਰੀ ਸਿੱਖ ਸਨ ਤੇ ਦਸਾਂ ਦੇ ਹੀ ਜੂੜੇ ਰੱਖੇ ਹੋਏ ਸਨ। 1968 ਵਿਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤੀ ਟੀਮ ਦੇ ਸਿੱਖ ਖਿਡਾਰੀਆਂ ਦੀ ਗਿਣਤੀ 13 ਸੀ। ਕੋਚ ਬਾਲਕ੍ਰਿਸ਼ਨ ਸਿੰਘ ਸੀ। ਕੀਨੀਆ ਦੀ ਟੀਮ ਵਿਚ 9 ਸਿੱਖ ਖਿਡਾਰੀ ਸਨ ਜਿਸ ਦੀ ਕਪਤਾਨੀ ਅਵਤਾਰ ਸਿੰਘ ਤਾਰੀ ਕਰ ਰਿਹਾ ਸੀ ਤੇ ਉਸ ਦਾ ਕੋਚ ਹਰਦਿਆਲ ਸਿੰਘ ਸੀ। ਮਲੇਸ਼ੀਆ ਦੀ ਟੀਮ ਵਿਚ ਹਰਨਾਹਲ ਸਿੰਘ ਖੇਡ ਰਿਹਾ ਸੀ। ਭਾਰਤੀ ਟੀਮ ਦੇ ਦੋ ਕਪਤਾਨ ਸਨ-ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ। ਤਿੰਨ ਖਿਡਾਰੀਆਂ ਦੇ ਨਾਂ ਬਲਬੀਰ ਸਿੰਘ ਸਨ।
1972 ਵਿਚ ਮਿਊਨਿਖ ਦੀਆਂ ਓਲੰਪਿਕ ਖੇਡਾਂ ‘ਚ ਸਿੱਖ ਹਾਕੀ ਖਿਡਾਰੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਹਰਮੀਕ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ, ਅਵਤਾਰ ਸਿੰਘ ਕੀਨੀਆ ਦੀ ਟੀਮ ਦਾ ਤੇ ਰਾਜਿੰਦਰ ਸਿੰਘ ਸੰਧੂ ਯੂਗਾਂਡਾ ਦੀ ਟੀਮ ਦਾ ਕਪਤਾਨ। ਤਿੰਨ ਮੁਲਕਾਂ ਦੇ ਸਿੱਖ ਕਪਤਾਨ! ਉਥੇ ਸਿੱਖ ਖਿਡਾਰੀਆਂ ਨੇ 35 ਗੋਲ ਦਾਗੇ। ਭਾਰਤੀ ਟੀਮ ਵਿਚ ਹਰਮੀਕ ਸਿੰਘ ਦੇ ਨਾਲ ਅਜੀਤਪਾਲ ਸਿੰਘ, ਮੁਖਬੈਨ ਸਿੰਘ, ਵਰਿੰਦਰ ਸਿੰਘ, ਕੁਲਵੰਤ ਸਿੰਘ, ਅਜੀਤ ਸਿੰਘ ਤੇ ਹਰਚਰਨ ਸਿੰਘ ਖੇਡੇ।
1971 ਵਿਚ ਸ਼ੁਰੂ ਹੋਏ ਪਹਿਲੇ ਵਿਸ਼ਵ ਹਾਕੀ ਕੱਪ ਵਿਚ ਭਾਰਤੀ ਟੀਮ ਦੀ ਕਪਤਾਨੀ ਅਜੀਤਪਾਲ ਸਿੰਘ ਨੇ ਕੀਤੀ। ਅਜੀਤਪਾਲ ਸਿੰਘ ਨੇ ਵਿਸ਼ਵ ਕੱਪਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀਆਂ ਸਭ ਤੋਂ ਵੱਧ ਕਪਤਾਨੀਆਂ ਕੀਤੀਆਂ। ਅਵਤਾਰ ਸਿੰਘ ਤਾਰੀ ਓਲੰਪਿਕ ਖੇਡਾਂ ‘ਚ ਤਿੰਨ ਵਾਰ ਕੀਨੀਆ ਦੀ ਟੀਮ ਦਾ ਕਪਤਾਨ ਬਣਿਆ।
1976 ਵਿਚ ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ‘ਚ ਕਪਤਾਨ ਅਜੀਤਪਾਲ ਦੇ ਨਾਲ ਅੱਠ ਸਿੱਖ ਖਿਡਾਰੀ ਸਨ। ਟੀਮ ਦਾ ਕੋਚ ਗੁਰਬਖ਼ਸ਼ ਸਿੰਘ ਸੀ। ਅਜੀਤ ਸਿੰਘ ਪਹਿਲਾ ਖਿਡਾਰੀ ਹੈ ਜਿਸ ਨੇ ਪਹਿਲਾ ਗੋਲ, ਮੈਚ ਦੇ 15ਵੇਂ ਸਕਿੰਟ ਵਿਚ ਕੀਤਾ। ਕੈਨੇਡਾ ਦੀ ਹਾਕੀ ਟੀਮ ਵਿਚ ਤਿੰਨ ਸਿੱਖ ਖਿਡਾਰੀ-ਸਰਬਜੀਤ ਸਿੰਘ ਦੁਸਾਂਝ, ਬੱਬਲੀ ਚੌਹਾਨ ਤੇ ਕੁਲਦੀਪ ਸਿੰਘ ਖੇਡੇ। ਮਾਸਕੋ ਓਲੰਪਿਕ-1980 ਵਿਚ ਭਾਰਤੀ ਟੀਮ ਵਿਚ ਪੰਜ ਸਿੱਖ ਖਿਡਾਰੀ ਸਨ ਤੇ ਕੋਚ ਬਾਲਕ੍ਰਿਸ਼ਨ ਸਿੰਘ ਸੀ। ਮਾਸਕੋ ਵਿਚ ਸੁਰਿੰਦਰ ਸਿੰਘ ਸੋਢੀ ਨੇ ਸਭ ਤੋਂ ਬਹੁਤੇ ਗੋਲ ਕੀਤੇ ਤੇ ਭਾਰਤੀ ਟੀਮ ਨੇ ਅੱਠਵੀਂ ਵਾਰ ਗੋਲਡ ਮੈਡਲ ਜਿੱਤਿਆ। ਉਥੇ ਤਨਜ਼ਾਨੀਆ ਦੀ ਟੀਮ ਵਿਚ ਜਸਬੀਰ ਸਿੰਘ ਤੇ ਜੈਪਾਲ ਸਿੰਘ ਖੇਡੇ।
1984 ਵਿਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ‘ਚੋਂ ਗ੍ਰੇਟ ਬਰਤਾਨੀਆ ਦੀ ਟੀਮ ਨੇ ਤਾਂਬੇ ਦਾ ਤਮਗਾ ਜਿੱਤਿਆ ਜਿਸ ਵਿਚ ਕੁਲਬੀਰ ਸਿੰਘ ਭੌਰਾ ਖੇਡਿਆ। ਗ੍ਰੇਟ ਬਰਤਾਨੀਆ ਨੇ 1988 ਵਿਚ ਸਿਓਲ ਤੋਂ ਸੋਨੇ ਦਾ ਤਮਗਾ ਜਿੱਤਿਆ। ਉਸ ਸਮੇਂ ਕੁਲਬੀਰ ਸਿੰਘ ਸੋਨ ਤਮਗਾ ਜੇਤੂ ਟੀਮ ਦਾ ਮੈਂਬਰ ਸੀ।
1992 ਵਿਚ ਬਾਰਸੀਲੋਨਾ ਤੇ 1996 ਵਿਚ ਐਟਲਾਂਟਾ ਵਿਖੇ ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮਾਂ ਦੀ ਕਪਤਾਨੀ ਕੀਤੀ। ਸਿਡਨੀ ਓਲੰਪਿਕ-2000 ਵਿਚ ਰਮਨਦੀਪ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। ਏਥਨਜ਼ ਵਿਚ ਹੋਈਆਂ 2004 ਦੀਆਂ ਓਲੰਪਿਕ ਖੇਡਾਂ ਵਿਚ ਵੀ ਸਿੱਖ ਖਿਡਾਰੀ ਖੇਡੇ ਜਦ ਕਿ 2008 ਵਿਚ ਬੀਜਿੰਗ ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਕੁਆਲੀਫਾਈ ਹੀ ਨਹੀਂ ਸੀ ਕਰ ਸਕੀ। ਬੀਜਿੰਗ ਲਈ ਕੈਨੇਡਾ ਦੀ ਟੀਮ ਕੁਆਲੀਫਾਈ ਕਰ ਗਈ ਸੀ ਜਿਸ ਵਿਚ ਚਾਰ ਸਿੱਖ ਖਿਡਾਰੀ ਰੰਜੀਵ ਸਿੰਘ ਦਿਓਲ, ਰਵਿੰਦਰ ਸਿੰਘ ਕਾਹਲੋਂ, ਬਿੰਦੀ ਸਿੰਘ ਕੁਲਾਰ ਤੇ ਸੁਖਵਿੰਦਰ ਸਿੰਘ ਗੱਬਰ ਖੇਡੇ। ਉਹ ਪੱਗਾਂ ਬੰਨ੍ਹ ਕੇ ਮਾਰਚ ਪਾਸਟ ਵਿਚ ਸ਼ਾਮਲ ਹੋਏ ਅਤੇ ਭਾਰਤੀ ਹਾਕੀ ਟੀਮ ਦੇ ਓਲੰਪਿਕ ਖੇਡਾਂ ਵਿਚੋਂ ਬਾਹਰ ਹੋ ਜਾਣ ਦੇ ਬਾਵਜੂਦ ਹਾਕੀ ਵਿਚ ਸਿੱਖ ਖਿਡਾਰੀਆਂ ਦੀ ਹਾਜ਼ਰੀ ਲੁਆ ਗਏ।
ਕੈਨੇਡਾ ਦੀ ਹਾਕੀ ਟੀਮ ਨੇ ਛੇ ਵਾਰ ਓਲੰਪਿਕ ਖੇਡਾਂ ਵਿਚ ਭਾਗ ਲਿਆ ਹੈ। 1964 ਵਿਚ ਕੋਈ ਸਿੱਖ ਖਿਡਾਰੀ ਨਹੀਂ ਸੀ ਪਰ ਬਾਅਦ ਵਿਚ ਹਰ ਵਾਰ ਸਿੱਖ ਖਿਡਾਰੀ ਕੈਨੇਡਾ ਦੀਆਂ ਕੌਮੀ ਟੀਮਾਂ ਵਿਚ ਸ਼ਾਮਲ ਹੁੰਦੇ ਰਹੇ। ਕੈਨੇਡਾ, ਬਰਤਾਨੀਆ, ਅਮਰੀਕਾ, ਆਸਟ੍ਰੇਲੀਆ, ਮਲੇਸ਼ੀਆ, ਨਿਊਜ਼ੀਲੈਂਡ, ਕੀਨੀਆ ਤੇ ਕੁਝ ਹੋਰ ਮੁਲਕ ਹਨ, ਜਿਥੇ ਸਿੱਖ ਕਾਫੀ ਗਿਣਤੀ ਵਿਚ ਵਸਦੇ ਹਨ। ਉਥੋਂ ਦੀਆਂ ਸਿੱਖ ਸੰਸਥਾਵਾਂ ਖਿਡਾਰੀਆਂ ਨੂੰ ਕੋਚਿੰਗ ਦੇ ਦੁਆ ਕੇ ਉਨ੍ਹਾਂ ਮੁਲਕਾਂ ਦੀਆਂ ਟੀਮਾਂ ਵਿਚ ਸਿੱਖ ਖਿਡਾਰੀਆਂ ਨੂੰ ਸ਼ਾਮਲ ਕਰਵਾ ਸਕਦੀਆਂ ਹਨ। ਭਾਰਤੀ ਟੀਮ ਵਿਚ ਤਾਂ ਸਿੱਖ ਖਿਡਾਰੀਆਂ ਨੇ ਖੇਡਣਾ ਹੀ ਹੈ। ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਉਹ ਅਨੇਕਾਂ ਮੁਲਕਾਂ ਦੀਆਂ ਹਾਕੀ ਟੀਮਾਂ ਵਿਚ ਖੇਡ ਰਹੇ ਹਨ। ਸਿੱਖ ਸੰਸਥਾਵਾਂ ਨੂੰ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕਰਨਾ ਚਾਹੀਦੈ।