ਹਰਗੁਣਪ੍ਰੀਤ ਸਿੰਘ*
ਫੋਨ: 91-94636-19353
ਮੁਗਲ ਅਤੇ ਪਹਾੜੀ ਰਾਜੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਦਿਨੋ ਦਿਨ ਵੱਧ ਰਹੀ ਸ਼ਕਤੀ ਨੂੰ ਖਤਮ ਕਰਨ ਅਤੇ ਖਾਲਸੇ ਨੂੰ ਜੜ੍ਹੋਂ ਉਖਾੜਨ ਦੀ ਇੱਛਾ ਲੋਚਦੇ ਸਨ ਜਿਸ ਕਰਕੇ 1704 ਈਸਵੀ ਦੀ ਛੇ ਪੋਹ ਦੀ ਕਕਰੀਲੀ ਰਾਤ ਨੂੰ ਉਨ੍ਹਾਂ ਨੇ ਪਵਿੱਤਰ ਕੁਰਾਨ ਅਤੇ ਗਊ-ਮਾਤਾ ਦੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦੇਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਅਜਿਹਾ ਕਰਨ ਉਤੇ
ਕਿਲੇ ਦੁਆਲੇ ਲਗਭਗ 7 ਮਹੀਨਿਆਂ ਤੋਂ ਪਾਇਆ ਘੇਰਾ ਹਟਾ ਦਿੱਤਾ ਜਾਵੇਗਾ ਤੇ ਕਿਸੇ ਵੀ ਸਿੱਖ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰੰਤੂ ਜਿਉਂ ਹੀ ਗੁਰੂ ਸਾਹਿਬ ਅਤੇ ਸਿੱਖ ਕਿਲਾ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਪੁੱਜੇ ਤਾਂ ਕਸਮਾਂ ਖਾਣ ਵਾਲੀ ਦੱਸ ਲੱਖ ਦੇ ਕਰੀਬ ਫੌਜ ਨੇ ਕੇਵਲ ਕੁਝ ਭੁੱਖਣਭਾਣੇ ਸਿੰਘਾਂ ਉਤੇ ਇਕਦਮ ਤਲਵਾਰਾਂ, ਤੀਰਾਂ ਅਤੇ ਬੰਦੂਕਾਂ ਨਾਲ ਹਮਲਾ ਕਰ ਦਿੱਤਾ।
ਸਰਸਾ ਨਦੀ ਦਾ ਵਹਾਓ ਇੰਨਾ ਤੇਜ਼ ਸੀ ਕਿ ਬਹੁਤ ਸਾਰੇ ਸਿੰਘ ਅਤੇ ਅਨਮੋਲ ਹਸਤ ਲਿਖਤ ਗ੍ਰੰਥ ਤੇ ਸਾਹਿਤ ਇਸ ਦੀ ਭੇਟ ਚੜ੍ਹ ਗਏ। ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਨਾਲੋਂ ਵਿਛੜ ਗਏ। ਗੁਰੂ ਸਾਹਿਬ ਵਿਰੋਧੀਆਂ ਦਾ ਮੁਕਾਬਲਾ ਕਰਦੇ ਹੋਏ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਰੋਪੜ ਵਿਚੋਂ ਹੁੰਦੇ ਹੋਏ ਚਮਕੌਰ ਸਾਹਿਬ ਪੁੱਜ ਗਏ ਜਿੱਥੇ ਉਨ੍ਹਾਂ ਨੇ ਇਕ ਉਚੀ ਥਾਂ ਉਤੇ ਸਥਿਤ ਕੱਚੀ ਗੜ੍ਹੀ ਵਿਚ ਮੋਰਚੇ ਸੰਭਾਲ ਲਏ। ਦਸਮ ਪਾਤਸ਼ਾਹ Ḕਜ਼ਫਰਨਾਮਾ’ ਵਿਚ ਫੁਰਮਾਉਂਦੇ ਹਨ,
ਗਰਸਨਹ ਚਿ ਕਾਰਿ ਕੁਨਦ ਚਿਹਲ ਨਰ
ਕਿ ਦਹਲਕ ਬਰਾਯਦ ਬਰੋ ਬੇਖਬਰ॥
ਕਿ ਪੈਮਾ ਸ਼ਿਕਨ ਬੇਦਰੰਗ ਆਮਦੰਦ
ਮਯਾਂ ਤੇਗ ਤੀਰੋ ਤੁਫੰਗ ਆਮਦੰਦ॥
21 ਦਸੰਬਰ 1704 ਨੂੰ ਵਿਰੋਧੀਆਂ ਦੀ ਫੌਜ ਨੇ ਗੜ੍ਹੀ ‘ਤੇ ਜ਼ਬਰਦਸਤ ਹਮਲਾ ਕਰ ਦਿੱਤਾ। ਗੁਰੂ ਜੀ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਭੇਜਦੇ ਰਹੇ ਅਤੇ ਆਪ ਬਾਕੀ ਸਿੰਘਾਂ ਨਾਲ ਗੜ੍ਹੀ ਦੇ ਅੰਦਰੋਂ ਹੀ ਤੀਰਾਂ ਦੀ ਵਾਛੜ ਕਰਕੇ ਵੈਰੀਆਂ ਦੇ ਛੱਕੇ ਛੁਡਾਉਂਦੇ ਰਹੇ। ਭਾਵੇਂ ਇਤਿਹਾਸ ਇਸ ਮੁਕਾਬਲੇ ਨੂੰ ਬਰਾਬਰ ਦੀਆਂ ਧਿਰਾਂ ਦਾ ਮੁਕਾਬਲਾ ਨਹੀਂ ਮੰਨਦਾ ਪਰੰਤੂ ਇਹ ਹਕੀਕਤ ਉਸ ਨੂੰ ਸਵੀਕਾਰ ਕਰਨੀ ਪੈਂਦੀ ਹੈ ਕਿ ਮੁੱਠੀ ਭਰ ਸਿੰਘਾਂ ਨੇ ਲੱਖਾਂ ਨਾਲ ਜ਼ਬਰਦਸਤ ਟੱਕਰ ਲੈ ਕੇ ਗੁਰੂ ਦੇ ਇਨ੍ਹਾਂ ਬੋਲਾਂ ਨੂੰ ਸਾਕਾਰ ਕਰਨ ਉਪਰੰਤ ਹੀ ਸ਼ਹੀਦੀ ਦਾ ਜਾਮ ਪੀਤਾ,
ਭੇੜੋਂ ਕੋ ਮੈਂ ਸ਼ੇਰ ਬਣਾਊਂ
ਚਿੜੀਓਂ ਸੇ ਮੈ ਬਾਜ ਤੁੜਾਊਂ॥
ਸਵਾ ਲਾਖ ਸੇ ਏਕ ਲੜਾਊਂ
ਤਬੈ ਗੋਬਿੰਦ ਸਿੰਘ ਨਾਮ ਕਹਾਊਂ॥
ਮਿਰਜ਼ਾ ਮੁਹੰਮਦ ਅਬਦੁਲ ਗਨੀ ਨੇ Ḕਜੌਹਰ-ਏ-ਤੇਗ’ ਵਿਚ ਫੁਰਮਾਇਆ ਹੈ ਕਿ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਧਰਮ ਅਤੇ ਕੌਮ ਦੀ ਲਾਜ ਰੱਖਣ ਹਿਤ ਜੂਝ ਮਰਨ ਲਈ ਪਿਤਾ ਪਾਸੋਂ ਇੰਜ ਆਗਿਆ ਮੰਗੀ ਸੀ,
ਬੋਲਾ ਬੜਾ ਪਿਸਰ (ਪੁੱਤਰ)
ਕਿ ਪਿਤਾ ਮੇਰੀ ਅਰਜ਼ ਹੈ,
ਮੁਝ ਪਰ ਧਰਮ,
ਲਾਜ ਪੇ ਜਾਂ ਦੇਨੀ ਫਰਜ਼ ਹੈ।
ਮੈਂ ਨਾਮ ਕਾ ਅਜੀਤ ਹੂੰ,
ਜੀਤਾ ਨਾ ਜਾਊਂਗਾ,
ਜੀਤਾ ਤੋ ਖੈਰ,
ਹਾਰ ਕੇ ਜੀਤਾ ਨਾ ਆਊਂਗਾ।
ਪਿਤਾ ਗੁਰੂ ਜੀ ਨੇ ਉਸ ਨੂੰ ਜੰਗ ਲਈ ਆਗਿਆ ਦਿੰਦਿਆਂ ਕਿਹਾ,
ਸੁਨ ਕਰ ਬੇਟੇ ਕੀ ਯੇ ਅਰਜ਼,
ਪਿਤਾ ਨੇ ਯੂੰ ਕਹਾ,
ਐ ਮੇਰੇ ਲਾਲ
ਮੈਂ ਤੋ ਨਹੀਂ ਤੁਝ ਕੋ ਰੋਕਤਾ।
ਗੁਰ ਤੁਮ ਕੋ ਹੁੱਬ-ਏ-ਕੌਮ ਸੇ,
ਯੇ ਜੋਸ਼ ਆ ਗਿਆ,
ਮੈਂ ਤੁਮ ਸੇ ਖੁਸ਼ ਹੂੰ,
ਖੁਸ਼ ਰਹੇ ਤੁਮ ਸੇ ਸਦਾ ਖੁਦਾ।
ਬਾਬਾ ਅਜੀਤ ਸਿੰਘ ਨੇ ਜੰਗ ਦੇ ਮੈਦਾਨ ਵਿਚ ਤਲਵਾਰ ਨਾਲ ਜੋ ਜੌਹਰ ਵਿਖਾਏ, ਉਨ੍ਹਾਂ ਦਾ ਵਰਣਨ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨੇ ਆਪਣੀ ਕ੍ਰਿਤ Ḕਗੰਜ-ਏ-ਸ਼ਹੀਦਾਂ’ ਵਿਚ ਇੰਜ ਕੀਤਾ ਹੈ,
ਤਲਵਾਰ ਸੀ ਤਲਵਾਰ ਥੀ
ਕਿਆ ਜਾਨੀਏ ਕਿਆ ਥੀ,
ਖੂੰਖਾਰ ਥੀ, ਖੁੰਬਾਰ ਥੀ,
ਆਫਤ ਥੀ, ਬਲਾ ਥੀ।
ਥੀ ਆਬ ਯਾ ਫੌਲਾਦ ਪਿ
ਬਿਜਲੀ ਕੀ ਜਲਾ ਥੀ।
ਅੱਲ੍ਹਾ ਯਾਰ ਖਾਂ ਜੋਗੀ ਅੱਗੇ ਲਿਖਦੇ ਹਨ,
ਸ਼ਾਹਜ਼ਾਦਾ ਇ ਜ਼ੀ-ਜਾਹ ਨੇ
ਭਾਗੜ ਥੀ ਮਚਾ ਦੀ,
ਯਿਹ ਫੌਜ ਭਗਾ ਦੀ,
ਕਭੀ ਵੁਹ ਫੌਜ ਭਗਾ ਦੀ।
ਬੜ੍ਹ-ਚੜ੍ਹ ਕੇ ਤਵੱਕੋ ਸੇ ਸ਼ੁਜ਼ਾ
ਅੱਤ ਜੋ ਦਿਖਾ ਦੀ,
ਸਤਿਗੁਰ ਨੇ ਵਹੀ ਕਿਲਾ ਸੇ
ਬੱਚੇ ਕੋ ਨਿਦਾ ਦੀ।
ਸ਼ਾਬਾਸ਼ ਪਿਸਰ
ਖੂਬ ਦਲੇਰੀ ਸੇ ਲੜੇ ਹੋ,
ਹਾਂ ਕਿਉਂ ਨਾ ਹੋ,
ਗੋਬਿੰਦ ਕੇ ਫਰਜ਼ੰਦ ਬੜੇ ਹੋ।
ਕਈਆਂ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ ਜਦੋਂ ਬਾਬਾ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਦਸਮ ਪਿਤਾ ਸ਼ੁਕਰਾਨੇ ਵਜੋਂ ਸੁਭਾਵਿਕ ਹੀ ਬੋਲ ਉਠੇ,
ਮੁਝ ਪਰ ਸੇ ਆਜ ਤੇਰੀ
ਅਮਾਨਤ ਅਦਾ ਹੂਈ,
ਬੇਟੇ ਕੀ ਜਾਨ ਧਰਮ ਕੀ
ਖਾਤਿਰ ਫਿਦਾ ਹੁਈ।
ਵੱਡੇ ਵੀਰ ਦੀ ਸ਼ਹੀਦੀ ਦੇਖ ਕੇ 14 ਸਾਲਾਂ ਦੇ ਬਾਬਾ ਜੁਝਾਰ ਸਿੰਘ ਨੇ ਵੀ ਪਿਤਾ ਤੋਂ ਜੰਗ ਦੇ ਮੈਦਾਨ ਵਿਚ ਕੁੱਦਣ ਦੀ ਆਗਿਆ ਮੰਗੀ,
ਇਸ ਵਕਤ ਕਹਾ ਨੰਨ੍ਹੇ ਸੇ
ਮਾਸੂਮ ਪਿਸਰ ਨੇ,
ਰੁਖਸਤ ਹਮੇਂ ਦਿਲਵਾਓ
ਪਿਤਾ ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ
ਹਮੇਂ ਜੀਨਾ ਨਹੀਂ ਆਤਾ,
ਸੋਨਾ ਨਹੀਂ, ਖਾਨਾ ਨਹੀਂ,
ਪੀਨਾ ਨਹੀਂ ਆਤਾ।
ਪਿਤਾ ਦਸ਼ਮੇਸ਼ ਨੇ ਆਗਿਆ ਬਖਸ਼ਦਿਆਂ ਕਿਹਾ,
ਹਮ ਨੇ ਕਹਾ ਥਾ ਬਾਪ ਕੋ
ਜਾਂ ਦੀਜੇ ਧਰਮ ਪਰ,
ਲੋ ਕਹਤੇ ਹੈ ਅਬ ਆਪ ਕੋ
ਜਾਂ ਦੀਜੇ ਧਰਮ ਪਰ।
ਖਾਹਸ਼ ਹੈ, ਤੁਮੇਂ ਦੇਗ
ਚਲਾਤੇ ਹੂਏ ਦੇਖੇਂ,
ਹਮ ਆਂਖ ਸੇ ਬਰਛੀ
ਤੁਮੇ ਖਾਤੇ ਹੂਏ ਦੇਖੇਂ।
ਬਾਬਾ ਜੁਝਾਰ ਸਿੰਘ ਨੇ ਵੀ ਜੰਗ ਵਿਚ ਬਹਾਦਰੀ ਦੇ ਉਹ ਜੌਹਰ ਦਿਖਾਏ ਕਿ ਦੁਸ਼ਮਣ ਵੀ ਬੋਲ ਉਠੇ,
ਦਸ ਬੀਸ ਕੋ ਜ਼ਖਮੀ ਕੀਆ,
ਦਸ ਬੀਸ ਕੋ ਮਾਰਾ।
ਇਕ ਹਮਲੇ ਮੇਂ ਇਸ ਏਕ ਨੇ
ਇਕੀਸ ਕੋ ਮਾਰਾ।
ਖੱਨਾਸ ਕੋ ਮਾਰਾ
ਕਭੀ ਇਬਨੀਸ ਕੋ ਮਾਰਾ,
ਗੁੱਲ ਮਚ ਗਿਆ, ਇਕ ਤਿਫਲ ਨੇ
ਚਾਲੀਸ ਕੋ ਮਾਰਾ।
ਬਚ ਬਚ ਕੇ ਲੜੋ
ਕਲਗੀਓਂ ਵਾਲੇ ਕੇ ਪਿਸਰ ਸੇ,
ਯਿਹ ਨੀਮਚਾ ਲਾਏ ਹੈਂ
ਗੁਰੂ ਜੀ ਕੀ ਕਮਰ ਸੇ।
ਅੰਤ ਕਈਆਂ ਦਾ ਕੀਰਤਨ ਸੋਹਿਲਾ ਪੜ੍ਹਨ ਉਪਰੰਤ ਬਾਬਾ ਜੁਝਾਰ ਸਿੰਘ ਵੀ ਸ਼ਹੀਦੀ ਪਾ ਗਏ।
ਕੀ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੁੱਲ ਪਾਇਆ ਹੈ? ਕੀ ਵੱਡੇ ਤੇ ਕੀ ਛੋਟੇ, ਬਿਨਾ ਸੋਚੇ ਸਮਝੇ ਗੁਰੂ ਤੋਂ ਬੇਮੁਖ ਹੋ ਕੇ ਪਤਿਤਪੁਣੇ ਦੀ ਦਲਦਲ ਵਿਚ ਧਸਦੇ ਜਾ ਰਹੇ ਹਾਂ। ਜੋ ਸ਼ਾਨ ਸਾਨੂੰ ਦਸਮ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਬਖਸ਼ੀ ਸੀ, ਉਹ ਆਪਣੇ ਹੱਥੀਂ ਖੋ ਰਹੇ ਹਾਂ। ਆਓ! ਅਜੇ ਵੀ ਸੰਭਲ ਜਾਈਏ ਅਤੇ ਆਪਣੀ ਸਰਦਾਰੀ ਸੰਭਾਲ ਲਈਏ, ਨਹੀਂ ਤਾਂ ਮਿਰਜ਼ਾ ਮੁਹੰਮਦ ਅਬਦੁਲ ਗਨੀ ਦੇ ਉਲਾਂਭੇ ਦਾ ਇਹ ਭਾਰ ਹਮੇਸ਼ਾ ਸਿਰ ਚੜ੍ਹਿਆ ਰਹੇਗਾ,
ਅਫ਼ਸੋਸ ਹੈ, ਗੁਰੂ ਨੇ
ਬੇਟੇ ਕੀਏ ਨਿਸਾਰ।
ਤੁਮ ਨੇ ਅਦਾ ਉਨੋਂ ਕਾ ਕੀਆ,
ਹੱਕ ਨਾ ਜੀ ਨਹਾਰ।
ਵੁਹ ਤੋ ਸਵਾਰਨੇ ਕੇ
ਤੁਮਾਰੇ ਤੇ ਖਾਸਤਗਾਰ (ਇੱਛੁਕ),
ਤੁਮ ਵੋਹ ਕਿ ਤੁਮਨੇ ਪਹਿਲੀ ਭੀ
ਖੋ ਦੀ ਹੈ ਸਭ ਵੱਕਾਰ (ਇੱਜ਼ਤ)।
ਉਨੋਂ ਨੇ ਸਵਾਰਾ ਥਾ,
ਪਰ ਤੁਮ ਬਿਗੜ ਗਏ।
ਉਨੋਂ ਨੇ ਥਾ ਬਸਾਯਾ,
ਮਗਰ ਤੁਮ ਉਜੜ ਗਏ।
—
*ਅਸਿਸਟੈਂਟ ਪ੍ਰੋਫੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ।