ਕੀ ਖੋਜ ਸ਼ੋਧ ਹੈ?

ਬਲਜੀਤ ਬਾਸੀ
23 ਨਵੰਬਰ ਦੇ ‘ਪੰਜਾਬ ਟਾਈਮਜ਼’ ਵਿਚ ਡਾæ ਗੁਰਨਾਮ ਕੌਰ ਦਾ ‘ਸੇਵਾ ਸੁਰਤਿ ਗੁਣ ਗਾਵਾ ਗੁਰਮਿਖ ਗਿਆਨੁ ਬੀਚਾਰਾ’ ਲੇਖ ਪੜ੍ਹਿਆ। ਬੇਧਿਆਨੀ ਵਿਚ ‘ਗੁਰਮਖਿ’ ਦੇ ਸ਼ਬਦ-ਜੋੜ ਗੁਰਮਿਖ ਲਿਖੇ ਗਏ ਹਨ।æææ ਲੇਖ ਵਿਚ ਖੋਜ ਅਤੇ ਅਜਿਹੇ ਤਰਕ ਨੂੰ ਅੱਗੇ ਲੈ ਜਾਣ ਵਾਲੇ ਵਿਅਕਤੀ ਦੀ ਮਹਿਮਾ ਕੀਤੀ ਗਈ ਹੈ ਜਿਸ ਨੂੰ ਖੋਜੀ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਖੋਜ ਦਾ ਪ੍ਰਯੋਜਨ ਹਰਿਨਾਮ ਦੀ ਤਲਾਸ਼ ਹੈ।

ਭਗਤ ਪੀਪਾ ਨੇ ਕਿਹਾ ਹੈ, ‘ਜੋ ਖੋਜੈ ਸੋ ਪਾਵੈ।’ ਲੇਖ ਦੇ ਸ਼ੁਰੂਆਤੀ ਸ਼ਬਦ ਹਨ, “ਖੋਜ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ੋਧ ਤੋਂ ਬਣਿਆ ਹੈ ਜਿਸ ਦਾ ਅਰਥ, ਸ਼ੁਧ ਕਰਨਾ, ਸਾਫ ਕਰਨਾ, ਥਾਂ ਸਿਰ ਕਰਨਾ ਅਤੇ ਸ਼ੋਧਕ ਦਾ ਅਰਥ ਸਾਫ ਕਰਨ ਵਾਲਾ, ਠੀਕ ਕਰਨ ਵਾਲਾ, ਸਹੀ ਜਾਂ ਥਾਂ ਸਿਰ ਕਰਨ ਵਾਲਾ। ਸ਼ਬਦ ਸ਼ੋਧਨਾ ਦਾ ਪੰਜਾਬੀ ਰੂਪ ਹੈ, ਖੋਜਨਾ ਜਿਸ ਦਾ ਅਰਥ ਆਮ ਤੌਰ ‘ਤੇ ਨਿਰਮਲ ਕਰਨਾ, ਪੜਤਾਲ ਕਰਨਾ, ਲੱਭਣਾ ਕੀਤਾ ਜਾਂਦਾ ਹੈ।”
ਅੱਗੇ ਜਾ ਕੇ ਲੇਖਿਕਾ ਨੇ ਖੋਜ ਸ਼ਬਦ ਦੇ ਇਨ੍ਹਾਂ ਨਿਰੁਕਤਕ ਅਰਥਾਂ ਨੂੰ ਲਾਗੂ ਕੀਤਾ ਹੈ। ਲੇਖ ਦੇ ਵਿਸ਼ਾ ਵਸਤੂ ਬਾਰੇ ਮੈਂ ਕੁਝ ਨਹੀਂ ਆਖਣਾ। ਮੇਰਾ ਵਿਚਾਰ ਹੈ ਕਿ ਕਿਸੇ ਸੰਕਲਪ ਦੀ ਵਿਆਖਿਆ ਕਰਦਿਆਂ ਇਸ ਦੇ ਨਿਰੁਕਤਕ ਅਰਥਾਂ ਵੱਲ ਤਦ ਹੀ ਜਾਣਾ ਚਾਹੀਦਾ ਹੈ ਜੇ ਇਸ ਬਾਰੇ ਨਿਸ਼ਚਿਤ ਨਾ ਹੋਈਏ। ਜੇ ਤੁਸੀਂ ਗਲਤ ਨਿਰੁਕਤੀ ਫੜ ਲਈ ਤਾਂ ਰਚਨਾ ਦੇ ਅਰਥ ਵੀ ਉਸੇ ਹਿਸਾਬ ਨਾਲ ਹੋਰ ਪਾਸੇ ਤੁਰਦੇ ਜਾਣਗੇ।
ਮੇਰੇ ਗਿਆਨ ਅਨੁਸਾਰ ਖੋਜ ਸ਼ਬਦ ਦਾ ਸੰਸਕ੍ਰਿਤ ਸ਼ੋਧ ਨਾਲ ਕੋਈ ਸੁਜਾਤੀ ਸਬੰਧ ਨਹੀਂ। ਗੁਰੂ ਅਰਜਨ ਦੇਵ ਦੇ ਇਸ ਵਾਕ ਤੋਂ ਗੱਲ ਸ਼ੁਰੂ ਕਰਦੇ ਹਾਂ, ‘ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ॥’ ਅਰਥਾਤ (ਸਾਹਿਬ ਸਿੰਘ ਅਨੁਸਾਰ) ‘(ਸੰਸਾਰ) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁਭਦਾ ਕਿAੁਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ।’ ਸਪੱਸ਼ਟ ਹੈ ਕਿ ਇਥੇ ਖੋਜ ਦਾ ਅਰਥ ‘ਪੈਰ’ ਹੈ।
‘ਮਹਾਨ ਕੋਸ਼’ ਨੇ ਵੀ ਭਾਵੇਂ ਖੋਜ ਸ਼ਬਦ ਦੀ ਵਿਉਤਪਤੀ ਵੱਲ ਸੰਕੇਤ ਨਹੀਂ ਕੀਤਾ ਪਰ ਅਰਥ ਕੀਤੇ ਹਨ, ‘ਪੈਰ ਦਾ ਜ਼ਮੀਨ ਪੁਰ ਚਿੰਨ੍ਹ ਅਤੇ ਮਾਰਗ, ਰਾਸਤਾ।’ ਅਸਲ ਵਿਚ ਖੋਜ ਦਾ ਤਲਾਸ਼ ਵਾਲਾ ਅਰਥ ਇਸ ਦੇ ‘ਪੈਰ ਦਾ ਨਿਸ਼ਾਨ, ਪੈੜ’ ਆਦਿ ਦੇ ਅਰਥਾਂ ਤੋਂ ਹੀ ਵਿਕਸਿਤ ਹੁੰਦਾ ਹੈ, ਭਾਵੇਂ ਮੁਢਲਾ ਅਰਥ ਪੈਰ ਹੀ ਹੈ। ‘ਪੈਰ ਦਾ ਪੈਂਡਾ’ ਲੇਖ ਵਿਚ ਦਰਸਾਇਆ ਗਿਆ ਸੀ ਕਿ ਪੈਰ ਤੋਂ ਹੀ ਪੈੜ ਸ਼ਬਦ ਬਣਿਆ। ਪੈੜ ਨੱਪਣੀ ਦਾ ਅਰਥ ਵੀ ਖੋਜ ਕਰਨਾ ਹੀ ਹੈ। ਹੋਰ ਤਾਂ ਹੋਰ ਖੁਰ ਦਾ ਅਰਥ ਵੀ ਪੈਰ ਹੁੰਦਾ ਹੈ, ਕੀ ਹੋਇਆ ਜੇ ਇਹ ਪਸ਼ੂ ਦਾ ਹੈ ਤੇ ਖੁਰਾ ਦਾ ਅਰਥ ਹੈ, ਪੈਰ ਦਾ ਨਿਸ਼ਾਨ, ਖੋਜ। ਅਜੇ ਕੁਝ ਅਰਸਾ ਪਹਿਲਾਂ ਤੱਕ, ਤੇ ਕਈ ਥਾਂਵਾਂ ‘ਤੇ ਅੱਜ ਕਲ੍ਹ ਵੀ, ਚੁਰਾਏ ਜਾਂ ਗੁਆਚੇ ਪਸ਼ੂ ਲੱਭਣੇ ਇਕ ਭਾਰੀ ਚਿੰਤਾ ਹੁੰਦੀ ਸੀ, ਪਸ਼ੂਧਨ ਜੁ ਹੁੰਦਾ ਹੈ ਜਿਸ ‘ਤੇ ਉਪਜੀਵਿਕਾ ਨਿਰਭਰ ਕਰਦੀ ਸੀ। ਖੁਰਾ-ਖੋਜ ਸ਼ਬਦ ਜੁੱਟ ਤੋਂ ਪੈਰ ਅਤੇ ਤਲਾਸ਼ ਦੇ ਭਾਵਾਂ ਦੀ ਸਾਂਝ ਹੋਰ ਭਲੀ ਭਾਂਤ ਉਜਾਗਰ ਹੁੰਦੀ ਹੈ। ਖੁਰਾ ਕੱਢਣਾ, ਖੁਰਾ-ਖੋਜ ਨਾ ਲੱਭਣਾ, ਖੁਰਾ-ਖੋਜ ਮਿਟਾ ਦੇਣਾ-ਮੁਹਾਵਰਿਆਂ ਤੋਂ ਵੀ ਇਹੀ ਗੱਲ ਸਹੀ ਹੁੰਦੀ ਹੈ।
ਮੱਧ ਭਾਰਤ ਦੇ ਕਈ ਇਲਾਕਿਆਂ ਵਿਚ ਖੋਜੀ ਨੂੰ ਪੱਗੀ ਵੀ ਕਹਿੰਦੇ ਹਨ। ਪੱਗੀ ਸ਼ਬਦ ਪੱਗ ਤੋਂ ਬਣਿਆ ਹੈ ਜਿਸ ਦਾ ਅਰਥ ਵੀ ਪੈਰ ਹੀ ਹੁੰਦਾ ਹੈ। ਫਾਰਸੀ ਵਲੋਂ ਸੁਰਾਗ ਦਾ ਅਰਥ ਵੀ ਪੈੜ ਹੀ ਹੁੰਦਾ ਹੈ ਅਤੇ ਅੰਗਰੇਜ਼ੀ ਟਰੈਕ ਤੇ ਟਰੈਕਰ ਵਿਚ ਵੀ ਕਿਸੇ ਵੇਲੇ ਇਹੀ ਭਾਵ ਸਨ। ਇਥੋਂ ਤੱਕ ਕਿ ਪੱਥ ਜਿਸ ਤੋਂ ਬਣਿਆ ਪੰਜਾਬੀ ਪਹਿਆ ਅਤੇ ਅੰਗਰੇਜ਼ੀ ਪਾਥ ਦੇ ਪਿਛੇ ਵੀ ਪੈਰ ਹੀ ਹੈ। ਮਾਰਗ ਸ਼ਬਦ ਵੀ ਅਸਲ ਵਿਚ ਮਿਰਗ ਦਾ ਰਾਹ ਹੀ ਹੈ ਕਿਉਂਕਿ ਕਿਸੇ ਜ਼ਮਾਨੇ ਮਿਰਗ ਪਸ਼ੂ ਲਈ ਇਕ ਆਮ ਸ਼ਬਦ ਸੀ।
ਸੋ ‘ਖੋਜ’ ਕਾਰਜ ਦਾ ਮੁੱਖ ਮਕਸਦ ਗੁਆਚੇ ਜਾਂ ਚੁਰਾਏ ਪਸ਼ੂਆਂ ਦੀ ਪੈੜ ਨੱਪ ਕੇ ਉਨ੍ਹਾਂ ਨੂੰ ਲੱਭਣ ਦਾ ਹੈ। ਗੁਰਬਾਣੀ ਵੀ ਇਕ ਤਰ੍ਹਾਂ ਪਰੋਖ ਰੂਪ ਵਿਚ ਇਸ ਗੱਲ ਦੀ ਪੁਸ਼ਟੀ ਕਰਦੀ ਹੈ, ‘ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ॥ ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ॥’ (ਗੁਰੂ ਰਾਮ ਦਾਸ) ਗੁਆਚੇ ਪਸ਼ੂਆਂ ਨੂੰ ਉਨ੍ਹਾਂ ਦੇ ਖੁਰਾਂ ਦੇ ਨਿਸ਼ਾਨਾਂ ਤੋਂ ਲੱਭਣ ਵਾਲੇ ਨੂੰ ਖੋਜੀ ਕਿਹਾ ਜਾਂਦਾ ਹੈ। ਇਹ ਖੋਜੀ ਆਪਣੇ ਕਸਬ ਵਿਚ ਬਹੁਤ ਕੁਸ਼ਲ ਹੁੰਦੇ ਹਨ। ਉਹ ਘਾਹ ਦੀ ਤਿੜ ‘ਤੇ ਪਏ ਖੁਰ ਦੇ ਨਿਸ਼ਾਨ ਤੋਂ ਵੀ ਅੰਦਾਜ਼ਾ ਲਾ ਸਕਦੇ ਹਨ ਕਿ ਪਸ਼ੂ ਨੇ ਕਿੰਨਾ ਭਾਰ ਚੁੱਕਿਆ ਹੈ, ਉਹ ਕਿੰਨਾ ਤੇਜ਼ ਤੁਰਿਆ ਹੋਵੇਗਾ ਆਦਿ। ਉਹ ਚੋਰ ਵਲੋਂ ਸੈਂਕੜੇ ਮੀਲਾਂ ਤੱਕ ਲੈ ਗਏ ਪਸ਼ੂ ਦੀ ਪੈੜ ਤੋਂ ਅਗਵਾਈ ਲੈ ਕੇ ਉਸ ਨੂੰ ਜਾ ਫੜ੍ਹਦੇ ਹਨ ਭਾਵੇਂ ਰਾਸਤੇ ਵਿਚ ਦਰਿਆ ਜਾਂ ਹੋਰ ਕੁਦਰਤੀ ਰੁਕਾਵਟਾਂ ਕਿਉਂ ਨਾ ਹੋਣ। ਚੋਰ ਪਸ਼ੂ ਦਾ ਖੁਰਾਖੋਜ ਮਿਟਾਉਣ ਲਈ ਪਸ਼ੂ ਨੂੰ ਦਰਿਆਵਾਂ, ਚੋਆਂ ਆਦਿ ਰਾਹੀਂ ਲੰਘਾਉਂਦੇ ਹਨ ਪਰ ਤਜਰਬੇਕਾਰ ਖੋਜੀ ਪਾਣੀ ਦੇ ਵਹਿਣ ਦੀ ਰਫਤਾਰ ਤੋਂ ਇਹ ਅੰਦਾਜ਼ਾ ਵੀ ਲਾ ਲੈਂਦੇ ਹਨ ਕਿ ਦੂਸਰੀ ਤਰਫ ਚੋਰ ਕਿਥੋਂ ਨਿਕਲਿਆ ਹੋਵੇਗਾ ਤੇ ਉਥੋਂ ਫਿਰ ਜਾ ਖੁਰਾ ਨੱਪ ਲੈਂਦੇ ਹਨ। ਅੱਜ ਕਲ੍ਹ ਭਾਰਤੀ ਫੌਜ ਸਰਹੱਦ ਪਾਰੋਂ ਆਏ ਸਮਗਲਰਾਂ ਅਤੇ ਦਹਿਸ਼ਤਗਰਦ ਘੁਸਪੈਠੀਆਂ ਦਾ ਟਿਕਾਣਾ ਲੱਭਣ ਲਈ ਖੋਜੀਆਂ ਦੀ ਸਹਾਇਤਾ ਲੈਂਦੀ ਹੈ।
ਬਹੁਤ ਸਾਰੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿਚ ਖੋਜ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਮੌਜੂਦ ਹੈ। ਪ੍ਰਾਕ੍ਰਿਤ ਵਿਚ ਵੀ ਇਸ ਦਾ ਰੂਪ ਖੋਜ ਜਿਹਾ ਹੀ ਹੈ। ਕੁਝ ਸਰੋਤਾਂ ਨੇ ਇਸ ਨੂੰ ਸੰਸਕ੍ਰਿਤ ‘ਖੁਜ’ ਨਾਲ ਜੋੜਿਆ ਹੈ ਪਰ ਖੁਜ ਦਾ ਸੰਸਕ੍ਰਿਤ ਵਿਚ ਅਰਥ ‘ਚੁਰਾਉਣਾ, ਲੁੱਟਣਾ’ ਹੈ ਜਦ ਕਿ ਖੋਜ ਵਿਚ ਇਸ ਤੋਂ ਉਲਟ ਯਾਨਿ ਚੋਰ ਨੂੰ ਫੜ੍ਹਨ ਦਾ ਭਾਵ ਹੈ। ‘ਖੋਜ’ ਸ਼ਬਦ ਦੀ ਮੁਢੀ ਕੱਢਣ ਲਈ ਹੋਰ ਖੋਜ ਦੀ ਲੋੜ ਹੈ ਪਰ ਏਨਾ ਨਿਸ਼ਚਿਤ ਹੈ ਕਿ ‘ਸ਼ੋਧ’ ਨਾਲ ਇਸ ਦਾ ਕੋਈ ਸੁਜਾਤੀ ਸਬੰਧ ਨਹੀਂ ਹੈ।
ਗੁਰਬਾਣੀ ਵਿਚ ਸ਼ੋਧ ਦਾ ਪੰਜਾਬੀ ਰੁਪਾਂਤਰ ਸੋਧ ਸ਼ਬਦ ਵੀ ਮਿਲਦਾ ਹੈ, ‘ਰਾਮ ਨਾਮ ਆਤਮ ਮਹਿ ਸੋਧੈ॥’ (ਗੁਰੂ ਅਰਜਨ ਦੇਵ) ‘ਸ਼ੋਧ’ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਇੱਕ ਅਰਥ ਵੀ ਖੋਜ ਹੀ ਹੈ ਪਰ ਪੰਜਾਬੀ ਵਿਚ ਇਹ ਘੱਟ ਹੀ ਵਰਤਿਆ ਜਾਂਦਾ ਹੈ। ਹਾਂ, ਹਿੰਦੀ ਵਾਂਗ ਇਸ ਨੂੰ ਯੂਨੀਵਰਸਿਟੀਆਂ ਆਦਿ ਵਿਚ ਹੁੰਦੀ ਖੋਜ ਲਈ ਤਕਨੀਕੀ ਪਦ ਵਜੋਂ ਜ਼ਰੂਰ ਵਰਤ ਲਿਆ ਜਾਂਦਾ ਹੈ। ਕਿਸੇ ਵਿਸ਼ੇ ‘ਤੇ ਖੋਜ ਕਰਕੇ ਤਿਆਰ ਕੀਤੇ ਪੱਤਰ ਜਾਂ ਗ੍ਰੰਥ ਨੂੰ ਸ਼ੋਧ-ਪੱਤਰ ਕਿਹਾ ਜਾਂਦਾ ਹੈ। ਸ਼ੋਧ ਸ਼ਬਦ ਦੇ ਮੁਢਲੇ ਅਰਥ ਓਹੀ ਹਨ ਜੋ ਡਾæ ਗੁਰਨਾਮ ਕੌਰ ਨੇ ਦੱਸੇ ਹਨ ਅਰਥਾਤ ਸਫਾਈ, ਦਰੁਸਤੀ, ਸ਼ੁਧੀ।
ਸ਼ੁਧ/ਸ਼ੁੰਧ ਧਾਤੂ ਵਿਚ ਖਾਲਸ, ਨਿਰਮਲ, ਸਾਫ ਹੋਣ ਦੇ ਭਾਵ ਹਨ। ਸੰਸਕ੍ਰਿਤ ਸ਼ੁੱਧ ਸ਼ਬਦ ਮਨ ਵਿਚ ਕਿਸੇ ਦੁਬਿਧਾ ਦਾ ਨਾ ਹੋਣ, ਕਿਸੇ ਨੂੰ ਦੋਸ਼ਾਂ ਤੋਂ ਬਰੀ ਕਰਨ ਦੇ ਭਾਵਾਂ ਦਾ ਵੀ ਬੋਧਕ ਹੈ। ਇਸ ਤੋਂ ਅੱਗੇ ਇਸ ਦੇ ਅਰਥ ਵਿਕਸਿਤ ਹੋਣ ਨਾਲ ਇਹ ਦਰੁਸਤ ਕਰਨ, ਸੁਧਾਰਨ ਦੇ ਭਾਵ ਦੇਣ ਲਗਦਾ ਹੈ ਤੇ ਹੋਰ ਅੱਗੇ ਪਰਖਣ, ਪੜਤਾਲਣ, ਅਜ਼ਮਾਉਣ ਦੇ ਭਾਵ ਆਏ ਅਰਥਾਤ ਕਿਸੇ ਚੀਜ਼ ਆਦਿ ਦੀ ਸ਼ੁਧੀ ਪਰਖਣਾ। ਭਾਵੇਂ ਪੰਜਾਬੀ ਵਿਚ ਵੀ ਅੱਜ ਕਲ੍ਹ ਸ਼ੁਧ ਸ਼ਬਦ ਵਰਤਿਆ ਜਾਂਦਾ ਹੈ ਪਰ ਅਸਲ ਵਿਚ ਪਹਿਲੀਆਂ ਵਿਚ ‘ਸ਼’ ਧੁਨੀ ਪੰਜਾਬੀ ਵਿਚ ‘ਸ’ ਵਿਚ ਬਦਲ ਜਾਂਦੀ ਰਹੀ ਹੈ। ਇਸ ਲਈ ਇਸ ਸ਼ਬਦ ਤੋਂ ਬਣੇ ਬਹੁਤੇ ਸ਼ਬਦਾਂ ਵਿਚ ‘ਸ’ ਧੁਨੀ ਹੀ ਆਉਂਦੀ ਹੈ। ਸ਼ੁੱਧ ਦੇ ਅਰਥਾਂ ਵਿਚ ਸੁਧ ਸ਼ਬਦ ਦੇਖੋ, ‘ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥’ (ਗੁਰੂ ਅਮਰ ਦਾਸ) ਇਸ ਦੇ ਉਲਟ ਕੁਸੁਧਾ ਸ਼ਬਦ ਆਉਂਦਾ ਹੈ। ਪੰਜਾਬੀ ‘ਸੁਧਾ’ ਸ਼ਬਦ ਦਾ ਅਰਥ ਸ਼ੁਧ, ਸਾਰੇ ਦਾ ਸਾਰਾ, ਜਿਸ ਵਿਚ ਕੋਈ ਖੋਟ ਨਹੀਂ ਰਲੀ, ਖਰਾ ਹੈ ਜਿਵੇਂ ਸੁਧਾ ਸੋਨਾ, ਸੁਧਾ ਝੂਠ ਆਦਿ। ਸੋਧ ਸ਼ਬਦ ਵਿਚ ਠੀਕ ਕਰਨ, ਨਿਰਮਲ ਕਰਨ, ਸਾਫ ਕਰਨ ਦੇ ਭਾਵ ਹਨ। ਗੁਰਬਾਣੀ ਵਿਚ ਇਹ ਪੜਤਾਲ ਦੇ ਅਰਥਾਂ ਵਿਚ ਵੀ ਮਿਲਦਾ ਹੈ ਜਿਵੇਂ, ‘ਸਾਸਤ ਸਿੰਮ੍ਰਿਤ ਸੋਧਿ ਦੇਖਹੁ ਕੋਇ॥’ (ਗੁਰੂ ਅਮਰ ਦਾਸ) ਅਤੇ ਖੋਜ ਦੇ ਅਰਥਾਂ ਵਿਚ ਵੀ, ‘ਰਾਮ ਨਾਮ ਆਤਮ ਮਹਿ ਸੋਧੈ॥’ (ਗੁਰੂ ਅਰਜਨ ਦੇਵ) ਖੋਜ ਦੇ ਇਸ ਅਰਥ ਵਿਚ ਸ਼ੱਕ, ਭਰਮ ਆਦਿ ਦੀ ਖੋਟ ਤੋਂ ਰਹਿਤ ਹੋਣ ਦਾ ਭਾਵ ਹੈ। ਦਰਅਸਲ ਪੜਤਾਲ ਅਤੇ ਖੋਜ ਦੇ ਅਰਥ ਇੱਕਮਿੱਕ ਹੋ ਜਾਂਦੇ ਹਨ।
‘ਸੋਧਣਾ’ ਦਾ ਮਤਲਬ ਕਿਸੇ ਚੀਜ਼ ਨੂੰ ਦਰੁਸਤ ਕਰਨਾ, ਨਿਰਮਲ ਕਰਨਾ ਹੈ। ਧਾਰਮਕ ਪ੍ਰਸੰਗ ਵਿਚ ਸੋਧਣ ਦਾ ਅਰਥ ਕਿਸੇ ਪਾਪ ਤੋਂ ਮੁਕਤ ਕਰਨ ਦਾ ਸੰਸਕਾਰ ਕਰਨਾ ਹੈ। ਹਿੰਦੂ ਧਰਮ ਵਿਚ ਸ਼ੁਧੀਕਰਣ ਵੀ ਅਜਿਹਾ ਸੰਸਕਾਰ ਹੈ। ਇਸ ਵਿਚ ਦੰਡ ਜਾਂ ਸਜ਼ਾ ਵੀ ਆ ਜਾਂਦੀ ਹੈ। ਸੌ ਕੁ ਸਾਲ ਪਹਿਲਾਂ ਹਿੰਦੂ ਧਰਮ ਨੂੰ ਛੱਡ ਕੇ ਹੋਰ ਧਰਮ ਅਪਨਾ ਚੁੱਕੇ ਲੋਕਾਂ ਦੀ ‘ਘਰ ਵਾਪਸੀ’ ਲਈ ਆਰੀਆ ਸਮਾਜ ਵਲੋਂ ਇਕ ਸ਼ੁਧੀ ਲਹਿਰ ਚਲਾਈ ਗਈ ਸੀ। ਮੋਦੀ ਅੱਜ ਕਲ੍ਹ ਧਨ ਸੋਧ ਕੇ ਸਫੈਦ ਵਿਚੋਂ ਕਾਲਾ ਕਾਲਾ ਕੱਢਣ ਦੇ ਜਤਨ ਵਿਚ ਹੈ ਪਰ ਅਸਲ ਵਿਚ ਉਹ ਜਨਤਾ ਨੂੰ ਹੀ ਸੋਧ ਰਿਹਾ ਹੈ।
ਸੋਧਣ ਦੇ ਜਨੂਨ ਵਿਚ ਕਿਸੇ ਦੁਸ਼ਟ ਨੂੰ ਮਾਰ ਮੁਕਾ ਕੇ ਵੀ ਸੋਧ ਦਿੱਤਾ ਜਾਂਦਾ ਹੈ। ਕਿਸੇ ਸਿੱਖ ਦੇ ਮਰਨ ਪਿਛੋਂ ਉਸ ਦੇ ਅੰਤਮ ਸੰਸਕਾਰ ਵੇਲੇ ਅਰਦਾਸ ਕੀਤੀ ਜਾਂਦੀ ਹੈ। ਇਸ ਸੰਸਕਾਰ ਤੋਂ ਉਤਪੰਨ ਹੋਇਆ ਹੈ, ਨਿਹੰਗ ਸਿੰਘਾਂ ਦਾ ਬੋਲਾ ‘ਅਰਦਾਸਾ ਸੋਧਣਾ’ ਜਿਸ ਦਾ ਮਤਲਬ ਮਾਰ ਦੇਣਾ, ਖਤਮ ਕਰ ਦੇਣਾ ਹੈ। ਸੋਧ ਤੋਂ ਵਿਸ਼ੇਸ਼ਣ ਬਣਿਆ ਹੈ, ਸੋਧਕ ਜਿਵੇਂ ‘ਤੇਲ ਸੋਧਕ ਕਾਰਖਾਨਾ।’ ਸੋਧ ਤੋਂ ਇਕ ਸ਼ਬਦ ਬਣਿਆ ਹੈ, ਸੋਧਵਾਦ (ਹਿੰਦੀ ਸੰਸ਼ੋਧਨਵਾਦ)। ਕਮਿਉਨਿਸਟ ਸਮਝ ਅਨੁਸਾਰ ਮਾਰਕਸਵਾਦ ਦੀਆਂ ਮੌਲਿਕ ਧਾਰਨਾਵਾਂ ਨੂੰ ਬਦਲਣਾ ਸੋਧਵਾਦ ਹੈ। ਹਾਲਾਂਕਿ ਸੋਧ ਸ਼ਬਦ ਸਾਕਾਰਾਤਮਕ ਹੈ ਪਰ ਸਿੱਕੇਬੰਦ ਕਮਿਉਨਿਸਟ ਸਮਝ ਅਨੁਸਾਰ ਸੋਧ ਦਾ ਅਰਥ ‘ਖੋਟ ਕੱਢਣਾ’ ਨਹੀਂ ਸਗੋਂ ਮਾਰਕਸਵਾਦ ਦੇ ਮੌਲਿਕ ਵਿਚਾਰਾਂ ਵਿਚ ਸੋਧ ਕਰਕੇ ਖੋਟ ਮਿਲਾਉਣਾ ਹੈ! ਸੋਧ ਖੋਟ ਦੇ ਅਰਥ ਦੇਣ ਲੱਗ ਪਿਆ, ਇਹ ਸ਼ਬਦਾਂ ਦੀ ਕਲਾਬਾਜ਼ੀ ਹੈ। ਮਨੁੱਖ ਦਾ ਮਨ ਜੇ ਉਲਝਣ, ਸੰਦੇਹ ਜਿਹੀ ਖੋਟ ਤੋਂ ਰਹਿਤ ਹੋ ਜਾਵੇ ਤਾਂ ਉਹ ਖਬਰਦਾਰ ਹੋ ਜਾਂਦਾ ਹੈ। ਇਹ ਅਵਸਥਾ ਸੁਧ ਜਾਂ ਸੁਧ ਬੁਧ ਹੈ, ‘ਸੁਧ ਜਬ ਤੇ ਹਮ ਧਰੀ’ (ਚਰਿਤ੍ਰ 22)।
ਸੁਧ ਦੇ ਅਜਿਹੇ ਅਰਥਾਂ ਤੋਂ ਹੀ ਸੂਝ, ਸੋਝੀ ਅਤੇ ਸੂਹ ਸ਼ਬਦ ਪ੍ਰਗਟ ਹੋ ਗਏ। ਗੱਲ ਕਿੱਥੋਂ ਕਿੱਥੇ ਪਹੁੰਚ ਗਈ।
ਖੋਜ ਅਤੇ ਸੋਧ ਦੇ ਇਹ ਰੰਗ ਵੀ ਦੇਖੋ,
ਰੱਬ ਇੱਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ-ਧੰਦਾ।
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫਰ ਹੋ ਜਾਏ ਬੰਦਾ।
ਕਾਫਰ ਹੋਣੋਂ ਡਰ ਕੇ ਜੀਵੇ
ਖੋਜੋਂ ਮੂਲ ਨਾ ਖੁੰਝੀ,
ਲਾਈਲੱਗ ਮੋਮਨ ਦੇ ਕੋਲੋਂ
ਖੋਜੀ ਕਾਫਰ ਚੰਗਾ। -ਮੋਹਨ ਸਿੰਘ

ਅਬ ਹਮ ਗੁੰਮ ਹੂਏ,
ਪ੍ਰੇਮ ਨਗਰ ਕੇ ਸ਼ਹਿਰ।
ਆਪਣੇ ਆਪ ਨੂੰ ਸੋਧ ਰਿਹਾ ਹੂੰ,
ਨਾ ਸਿਰ ਹਾਥ ਨਾ ਪੈਰ।
ਖੁਦੀ ਖੋਈ ਅਪਨਾ ਪਦ ਚੀਤਾ,
ਤਬ ਹੋਈ ਗੱਲ ਖੈਰ।
ਲੱਥੇ ਪਗੜੇ ਪਹਿਲੇ ਘਰ ਥੀਂ,
ਕੌਣ ਕਰੇ ਨਿਰਵੈਰ?
ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ,
ਕੋਈ ਨਾ ਦਿਸਦਾ ਗੈਰ।