ਡਾæ ਗੁਰਨਾਮ ਕੌਰ, ਕੈਨੇਡਾ
ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਵਿਚ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਉਹ ਮਹੀਨਾ ਹੈ ਜਦੋਂ ਪੋਹ ਦੀਆਂ ਠੰਢੀਆਂ ਰਾਤਾਂ ਵਿਚ ਦਸਮ ਪਾਤਿਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਆਪਣੇ ਖਾਲਸੇ, ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਸਮੇਤ ਅਨੰਦਪੁਰ ਦਾ ਕਿਲਾ, ਔਰੰਗਜ਼ੇਬ ਦੀਆਂ ਕੁਰਾਨ ਦੀਆਂ ਝੂਠੀਆਂ ਕਸਮਾਂ ‘ਤੇ ਭਰੋਸਾ ਕਰਕੇ 20 ਦਸੰਬਰ ਦੀ ਰਾਤ ਨੂੰ ਛੱਡ ਕੇ ਕੂਚ ਕਰਦੇ ਹਨ। ਕਿਲਾ ਛੱਡਣ ‘ਤੇ ਮੁਗਲੀਆ ਫੌਜ਼ਾਂ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਦਾ ਪਿੱਛਾ ਕੀਤਾ। ਇੱਕ ਠੰਢੀ ਕਾਲੀ ਬੋਲੀ ਰਾਤ, ਉਤੋਂ ਬਾਰਸ਼ ਤੇ ਸਰਸਾ ਨਦੀ ਦਾ ਹੜ੍ਹ, ਨਦੀ ਪਾਰ ਕਰਦਿਆਂ ਪਰਿਵਾਰ ਵਿਛੜ ਗਿਆ।
ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਲੀ ਸਿੰਘਾਂ ਅਤੇ ਦੋ ਵੱਡੇ ਪੁੱਤਰਾਂ ਸਮੇਤ ਇੱਥੋਂ ਵਿਛੜ ਕੇ ਚਮਕੌਰ (ਚਮਕੌਰ ਸਾਹਿਬ) ਦਾ ਰੁਖ ਕੀਤਾ ਅਤੇ ਮਾਤਾ ਗੁਜਰੀ ਦੋ ਨਿੱਕੇ ਪੋਤਿਆਂ ਸਮੇਤ ਗੁਰੂ ਗੋਬਿੰਦ ਸਿੰਘ ਅਤੇ ਖਾਲਸੇ ਤੋਂ ਇਸ ਅਫਰਾ-ਤਫਰੀ ਤੇ ਰਾਤ ਦੇ ਹਨੇਰੇ ਵਿਚ ਵਿਛੜ ਗਏ। ਵੱਡੇ ਸਾਹਿਬਜ਼ਾਦੇ-ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਜਿਨ੍ਹਾਂ ਦੀ ਉਮਰ ਉਸ ਵੇਲੇ ਕ੍ਰਮਵਾਰ ਤਕਰੀਬਨ 17 ਸਾਲ ਅਤੇ 15 ਸਾਲ ਸੀ, ਚਮਕੌਰ ਦੇ ਯੁੱਧ ਕੱਚੀ ਗੜ੍ਹੀ ਵਿਚੋਂ ਦੁਸ਼ਮਣਾਂ ਨਾਲ ਦੋ ਦੋ ਹੱਥ ਕਰਦੇ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਜਿਨ੍ਹਾਂ ਦੀ ਉਮਰ ਉਸ ਵੇਲੇ ਕ੍ਰਮਵਾਰ 8 ਸਾਲ ਅਤੇ 5 ਸਾਲ ਦਸ ਮਹੀਨੇ ਸੀ, ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਉਸ ਦੀ ਈਨ ਨਾ ਮੰਨਣ ਅਤੇ ਇਸਲਾਮ ਨਾ ਕਬੂਲ ਕਰਨ ‘ਤੇ ਜਿਉਂਦੇ ਕੰਧਾਂ ਵਿਚ ਚਿਣਾ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੁਜਰੀ ਜੀ ਨੇ ਵੀ ਬੱਚਿਆਂ ਦਾ ਸ਼ਹੀਦ ਹੋਣਾ ਸੁਣ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ।
ਸਿੱਖ ਇਤਿਹਾਸ ਵਿਚ ਪਹਿਲੀ ਸ਼ਹੀਦੀ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਨੇ ਦਿੱਤੀ ਅਤੇ ਸ਼ਹਾਦਤ ਦੀ ਪਰੰਪਰਾ ਦੀ ਨੀਂਹ ਰੱਖੀ। 1704 ਈਸਵੀ ਦੇ ਦਸੰਬਰ ਦੇ ਮਹੀਨੇ ਅਤੇ ਸਿੱਖ ਧਰਮ ਦੇ ਛੋਟੀ ਉਮਰ ਦੇ ਵੱਡੇ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਇਹ ਲੇਖ ਹਾਜ਼ਰ ਹੈ।
ਗੁਰੂ ਅਰਜਨ ਦੇਵ ਜੀ ਰਚਿਤ ਇਹ ਸ਼ਬਦ ਸਿਰੀ ਰਾਗ ਦੇ ਪੰਨਾ 73 ਉਤੇ ਦਰਜ ਹੈ। ਇਸ ਸ਼ਬਦ ਤੋਂ ਇਸ ਸੰਸਾਰ ਵਿਚ ਰਹਿ ਕੇ ਇੱਕ ਮਨੁੱਖ ਨੂੰ, ਖਾਸ ਕਰਕੇ ਸਿੱਖ ਨੂੰ ਕਿਸ ਕਿਸਮ ਦੀਆਂ ਬੁਰਾਈਆਂ ਨਾਲ ਲੜਨਾ ਚਾਹੀਦਾ ਹੈ ਅਤੇ ਕਿਸ ਕਿਸਮ ਦਾ ਨਿਜ਼ਾਮ ਰਚਣ, ਵਾਤਾਵਰਣ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹਿੱਸਾ ਪਾਉਣਾ ਚਾਹੀਦਾ ਹੈ ਤੇ ਉਸ ਦਾ ਸੰਸਾਰ ਪ੍ਰਤੀ ਨਜ਼ਰੀਆ ਕਿਹੋ ਜਿਹਾ ਹੋਵੇ? ਇਸ ਸਭ ਪ੍ਰਤੀ ਬਹੁਤ ਕੁਝ ਦ੍ਰਿਸ਼ਟੀਗੋਚਰ ਹੁੰਦਾ ਹੈ। ਸਭ ਤੋਂ ਪਹਿਲੀ ਅਤੇ ਅਹਿਮ ਗੱਲ ਹੈ, ਉਸ ਅਕਾਲ ਪੁਰਖ ਨਾਲ ਨੇੜਤਾ ਪ੍ਰਾਪਤ ਕਰਨੀ, ਉਸ ਦਾ ਪ੍ਰੇਮ ਪਾਉਣਾ, ਉਸ ਨੂੰ ਖੁਸ਼ ਕਰਨਾ। ਉਸ ਨੂੰ ਖੁਸ਼ ਕਰਨ ਲਈ ਸਪੱਸ਼ਟ ਹੈ ਕਿ ਮਨੁੱਖ ਨੂੰ ਉਹੋ ਜਿਹੇ ਕਾਰਜ ਕਰਨੇ ਪੈਣਗੇ ਅਤੇ ਕਰਨੇ ਚਾਹੀਦੇ ਹਨ ਜੋ ਉਸ ਅਕਾਲ ਪੁਰਖ ਨੂੰ ਚੰਗੇ ਲੱਗਣ ਅਤੇ ਉਸ ਦੀ ਰਜ਼ਾ ਦੇ ਅਨੁਸਾਰੀ ਹੋਣ। ਅਜਿਹੇ ਕਾਰਜ ਕਰਨ ਲਈ ਰਾਹਨੁਮਾਈ ਦੀ ਜ਼ਰੂਰਤ ਪੈਂਦੀ ਹੈ ਅਤੇ ਇਹ ਜ਼ਰੂਰਤ ਗੁਰੂ ਕੋਲੋਂ ਪੂਰੀ ਹੁੰਦੀ ਹੈ। ਗੁਰੂ ਪਾਸੋਂ ਹੀ ਉਸ ਪਰਮਹਸਤੀ ਬਾਰੇ ਗਿਆਨ ਅਤੇ ਉਸ ਵੱਲ ਜਾਣ ਵਾਲੇ ਰਾਸਤੇ ਦਾ ਪਤਾ ਲੱਗਦਾ ਹੈ। ਉਸ ਦੇ ਪ੍ਰੇਮ ਨੂੰ ਪਾ ਕੇ ਹੀ ਪਤਾ ਲੱਗਦਾ ਹੈ ਕਿ ਉਹ ਸਾਰੇ ਸਾਕ-ਅੰਗਾਂ, ਭੈਣ-ਭਰਾਵਾਂ ਤੋਂ ਪਿਆਰਾ ਹੈ, ਉਸ ਦਾ ਰਿਸ਼ਤਾ ਦੁਨੀਆਂ ਭਰ ਦੇ ਤਮਾਮ ਮਿੱਠੇ ਪਦਾਰਥਾਂ ਤੋਂ ਵੀ ਮਿੱਠਾ ਹੈ। ਉਸ ਦੇ ਬਰਾਬਰ ਹੋਰ ਕੋਈ ਨਹੀਂ ਹੈ। ਜਿਸ ਗੁਰੂ ਤੋਂ ਉਸ ਦਾ ਰਾਸਤਾ ਪਤਾ ਲੱਗਣਾ ਹੈ, ਉਸ ਨੂੰ ਮਨਾਉਣਾ ਹੈ, ਉਸ ਗੁਰੂ ਨਾਲ ਮਿਲਾਪ ਵੀ ਉਸੇ ਅਕਾਲ ਪੁਰਖ ਦੀ ਮਿਹਰ ਨਾਲ ਹੋਣਾ ਹੈ। ਜਦੋਂ ਗੁਰੂ ਨਾਲ ਇਹ ਮਿਲਾਪ ਹੋ ਜਾਂਦਾ ਹੈ, ਫਿਰ ਉਸ ਦੀ ਅਗਵਾਈ ਵਿਚ ਹੀ ਆਚਰਣ ਦੀ ਉਸਾਰੀ ਸ਼ੁਰੂ ਹੋ ਜਾਂਦੀ ਹੈ। ਇਸ ਆਚਰਣ-ਉਸਾਰੀ ਲਈ ਗੁਰੂ ਅਰਜਨ ਦੇਵ ਨੇ ਦ੍ਰਿਸ਼ਟਾਂਤ ਜ਼ਮੀਨ, ਹਲ ਅਤੇ ਬੀਜ ਦਾ ਲਿਆ ਹੈ। ਆਪਣੇ ਸਵੈ ਅੰਦਰ ਨਾਮ ਦਾ ਬੀਜ ਬੀਜਣ ਲਈ ਹਲ ਸੱਚ ਦਾ ਬਣਾਉਣਾ ਪੈਣਾ ਹੈ ਜਿਸ ਨਾਲ ਅੰਦਰ ਵਾਹਿਗੁਰੂ ਦਾ ਨਾਮ ਬੀਜਿਆ ਜਾਣਾ ਹੈ।
ਮਨੁੱਖ ਧਰਤੀ ਨੂੰ ਵਾਹ-ਸੁਆਰ ਕੇ ਇਸ ਆਸ ਨਾਲ ਬੀਜ ਬੀਜਦਾ ਹੈ ਕਿ ਇਸ ਵਿਚ ਭਰਪੂਰ ਫਸਲ ਹੋਵੇਗੀ ਅਤੇ ਉਪਜ ਦੇ ਬੋਹਲ ਲੱਗਣਗੇ। ਗੁਰੂ ਅਰਜਨ ਦੇਵ ਕਹਿੰਦੇ ਹਨ ਕਿ ਉਨ੍ਹਾਂ ਨੇ ਵੀ ਸੱਚ ਦੇ ਹਲ ਨਾਲ ਆਪਣੇ ਮਨ-ਹਿਰਦੇ ਨੂੰ ਵਾਹ ਕੇ ਨਾਮ ਦਾ ਬੀਜ ਬੀਜਿਆ ਹੈ ਕਿ ਅਕਾਲ ਪੁਰਖ ਦੀ ਮਿਹਰ ਨਾਲ ਨਾਮ ਦੀ ਫਸਲ ਭਰਪੂਰ ਉਗੇਗੀ ਅਤੇ ਖੂਬ ਬੋਹਲ ਲੱਗਣਗੇ। ਗੁਰੂ ਦੇ ਰਾਹੀਂ ਉਸ ਇੱਕ ਨਾਲ ਸਾਂਝ ਬਣਾਈ ਹੈ, ਉਸ ਦੀ ਸਾਂਝ ਵਿਚੋਂ ਇੱਕੋ ਕਾਰਜ ਸਿੱਖਿਆ ਹੈ। ਉਸ ਦੇ ਨਾਮ ਦਾ ਸਿਮਰਨ ਕਰਨਾ ਅਤੇ ਉਸ ਦੀ ਰਜ਼ਾ ਵਿਚ ਜਿਉਣਾ ਸਿੱਖਣਾ ਹੈ। ਜਦੋਂ ਇਹ ਕਾਰ ਚੁਣ ਲਈ ਹੁਣ ਉਸ ਦੀ ਰਜ਼ਾ ਹੈ ਕਿ ਉਹ ਅਕਾਲ ਪੁਰਖ ਇਸ ਕਾਰ ਨੂੰ ਸਿਰੇ ਚੜ੍ਹਾਵੇ। ਇਸ ਤਰ੍ਹਾਂ ਪਹਿਲੀਆਂ ਜ਼ਰੂਰੀ ਅਪਨਾਉਣ ਵਾਲੀਆਂ ਗੱਲਾਂ ਹਨ, ਸੱਚ, ਨਾਮ ਸਿਮਰਨ ਅਤੇ ਰਜ਼ਾ ਵਿਚ ਚੱਲਣਾ,
ਤੇਰੈ ਹੁਕਮੇ ਸਾਵਣੁ ਆਇਆ॥
ਮੈ ਸਤ ਕਾ ਹਲੁ ਜੋਆਇਆ॥
ਨਾਉ ਬੀਜਣੁ ਲਗਾ ਆਸ ਕਰਿ
ਹਰਿ ਬੋਹਲ ਬਖਸ ਜਮਾਇ ਜੀਉ॥੨॥
ਫਿਰ ਅਗਲੀ ਜਦੋ-ਜਹਿਦ ਸ਼ੁਰੂ ਹੁੰਦੀ ਹੈ। ਇਹ ਜਦੋ-ਜਹਿਦ ਹੈ ਬੁਰਾਈ ਨਾਲ ਜੂਝਣਾ ਅਤੇ ਉਸ ‘ਤੇ ਫਤਿਹ ਪਾਉਣੀ। ਫਤਿਹ ਪ੍ਰਾਪਤ ਕਰਕੇ ਹੀ ਉਨ੍ਹਾਂ ਬੁਰੀਆਂ ਬਿਰਤੀਆਂ ਨੂੰ ਆਪਣੇ ਕਾਬੂ ਵਿਚ ਰੱਖਿਆ ਜਾ ਸਕਦਾ ਹੈ ਅਤੇ ਆਪਣੀ ਮਰਜ਼ੀ ਨਾਲ ਚੰਗੇ ਕਾਰਜ ਕਰ ਸਕੀਦੇ ਹਨ। ਗੁਰੂ ਅਰਜਨ ਦੇਵ ਦਾ ਫੁਰਮਾਨ ਹੈ ਕਿ ਉਨ੍ਹਾਂ ਨੂੰ ਅਕਾਲ ਪੁਰਖ ਦੀ ਦਰਗਾਹ ਵਿਚੋਂ ਸਿਰੋਪਾਉ ਮਿਲ ਗਿਆ ਹੈ (ਸਿਰੋਪਾਉ ਕੋਈ ਚੰਗਾ ਕਾਰਜ ਸਿਰੇ ਚੜ੍ਹ ਲੈਣ ‘ਤੇ ਹੀ ਵਡਿਆਈ ਵਜੋਂ ਮਿਲਦਾ ਹੈ, ਇਹ ਸਤਿਕਾਰ ਦਾ ਪ੍ਰਤੀਕ ਹੈ) ਅਤੇ ਉਹ ਆਪਣੇ ਪਿੰਡ ਰੂਪੀ ਸਰੀਰ ਦੇ ਪੂਰੇ ਮਾਲਕ/ਚੌਧਰੀ ਹੋ ਗਏ ਹਨ ਕਿਉਂਕਿ ਉਨ੍ਹਾਂ ਨੇ ਪੰਜ ਵਿਰੋਧੀਆਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਬੰਨ੍ਹ ਲਿਆਂਦਾ ਹੈ, ਬੁਰਾਈ ‘ਤੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਲਈ ਹੁਣ ਸਤਿਸੰਗੀਆਂ ਨੂੰ ਕਿਹਾ ਹੈ ਕਿ ਉਹ ਅਕਾਲ ਪੁਰਖ ਦਾ ਨਾਮ ਜਪਣ, ਸੁਤੰਤਰ ਹੋ ਕੇ ਰਹਿਣ।
ਗੁਰੂ ਦੇ ਫੁਰਮਾਨ ਤੋਂ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਨੇ ਦੂਸਰਿਆਂ ਦਾ ਰਾਸਤਾ ਵੀ ਸਾਫ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਸਤੇ ‘ਤੇ ਵੀ ਪਾਉਣਾ ਹੈ, ਉਨ੍ਹਾਂ ਲਈ ਸਹੀ ਰਾਸਤੇ ‘ਤੇ ਚੱਲ ਸਕਣ ਲਈ ਹਾਲਾਤ ਵੀ ਪੈਦਾ ਕਰਨੇ ਹਨ,
ਤੁਸੀ ਭੋਗਿਹੁ ਭੁੰਚਹੁ ਭਾਈਹੋ॥
ਗੁਰਿ ਦੀਬਾਣਿ ਕਵਾਇ ਪੈਨਾਈਓ॥
ਹਉ ਹੋਆ ਮਾਹਰੁ ਪਿੰਡ ਦਾ
ਬੰਨਿ ਆਦੇ ਪੰਜਿ ਸਰੀਕ ਜੀਉ॥੪॥
ਅਕਾਲ ਪੁਰਖ ਦੇ ਓਟ ਆਸਰੇ ਨਾਲ ਪੰਜੇ ਗਿਆਨ ਇੰਦਰੀਆਂ ਵੀ ਵੱਸ ਵਿਚ ਹੋ ਗਈਆਂ ਹਨ ਅਤੇ ਆਗਿਆ ਵਿਚ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਇੱਥੇ ਕਿਸਾਨ ਕਿਹਾ ਹੈ ਜੋ ਮੁਜ਼ਾਰੇ ਬਣ ਕੇ ਗਿਆਨ ਦੀ ਖੇਤੀ ਕਰ ਰਹੀਆਂ ਹਨ। ਹੁਣ ਕੋਈ ਵੀ ਸਿਰ ਨਹੀਂ ਚੁੱਕ ਸਕਦਾ ਅਤੇ ਉਨ੍ਹਾਂ ਦਾ ਪਿੰਡ/ਸ਼ਹਿਰ ਹੁਣ ਪੂਰੀ ਤਰ੍ਹਾਂ ਘੁਗ ਵਸ ਗਿਆ ਹੈ। ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ ਜਿਸ ਦੀ ਮਿਹਰ ਨਾਲ ਇਹ ਉਜਾੜ ਥੇਹ ਆਬਾਦ ਹੋ ਗਿਆ ਹੈ। ਉਸ ਨੇ ਆਪਣੀ ਮਿਹਰ ਨਾਲ ਸਾਰੇ ਕਾਰਜ ਸਵਾਰ ਦਿੱਤੇ ਹਨ ਅਤੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ ਹਨ। ਗੁਰੂ ਸਾਹਿਬ ਅਨੁਸਾਰ ਇਹ ਸਾਰੀ ਮਿਹਰ ਗੁਰੂ ਦਾ ਸ਼ਬਦ ਅੰਤਰ ਮਨ ਵਿਚ ਵਸਾਉਣ ਨਾਲ ਹੋਇਆ ਹੈ, ਸਭ ਸ਼ਬਦ ਦੀ ਬਰਕਤ ਹੈ। ਸਤਿਗੁਰੁ ਪੁਰਖ ਨੇ ਮੱਥੇ ‘ਤੇ ਹੱਥ ਧਰ ਕੇ ਸਭ ਕੁਝ ਦ੍ਰਿਸ਼ਟ ਕਰਵਾ ਦਿੱਤਾ ਹੈ।
ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਨੂੰ ਅਕਾਲ ਪੁਰਖ ਵੱਲੋਂ ਧਰਮ ਕਮਾਉਣ ਦਾ ਸਥਾਨ ਕਰਕੇ ਥਾਪੇ ਹੋਣ ਦੀ ਗੱਲ ਕੀਤੀ ਹੈ। ਗੁਰੂ ਅਰਜਨ ਦੇਵ ਨੇ ਫੁਰਮਾਇਆ ਹੈ ਕਿ ਉਨ੍ਹਾਂ ਨੇ ਅਕਾਲ ਪੁਰਖ ਦੀ ਮਿਹਰ ਨਾਲ ਸੱਚ ਕਮਾਉਣ ਦੀ ਥਾਂ ਪੈਦਾ ਕੀਤੀ ਹੈ ਅਤੇ ਗੁਰਸਿੱਖਾਂ ਨੂੰ ਲੱਭ ਕੇ ਲਿਆਉਂਦੇ ਹਨ ਤਾਂ ਕਿ ਉਨ੍ਹਾਂ ਦੀ ਸੇਵਾ ਕਰ ਸਕਣ ਤੇ ਉਨ੍ਹਾਂ ਦੀ ਸੰਗਤ ਵਿਚ ਬੈਠ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ ਸਕਣ ਅਤੇ ਉਸ ਨੂੰ ਯਾਦ ਕਰ ਸਕਣ। ਜਿਹੜਾ ਵੀ ਮਨੁੱਖ ਗੁਰੂ ਦੀ ਮਿਹਰ ਸਦਕਾ ਸਿਮਰਨ ਕਰਦਾ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ। ਇਸ ਲਈ ਆਪ ਸਿਮਰਨ ਕਰਨਾ ਅਤੇ ਹੋਰਾਂ ਨੂੰ ਇਸ ਸਿਮਰਨ ਵੱਲ ਪ੍ਰੇਰਨਾ ਹੀ ਸਹੀ ਜੀਵਨ-ਰਾਹ ਹੈ। ਗੁਰਸਿੱਖ ਦਾ ਕਾਰਜ ਹੈ, ਆਪ ਮੁਕਤ ਹੋਣਾ ਅਤੇ ਸੰਸਾਰ ਨੂੰ ਮੁਕਤ ਕਰਨਾ। ਕੁਝ ਵੀ ਵਿਅਕਤੀਗਤ ਨਹੀਂ ਹੈ; ਨਾਮ ਸਿਮਰਨ ਤੋਂ ਲੈ ਕੇ ਸੰਸਾਰ ਦੇ ਕਲਿਆਣ ਤੱਕ ਸਭ ਕੁਝ ਸੰਗਤੀ ਅਤੇ ਸਮਾਜਿਕ ਹੈ, ਜਿਸ ਵਿਚ ਕੋਈ ਮੇਰ-ਤੇਰ ਨਹੀਂ ਹੈ,
ਸੁਣਿ ਗਲਾ ਗੁਰ ਪਹਿ ਆਇਆ॥
ਨਾਮੁ ਦਾਨੁ ਇਸਨਾਨੁ ਦਿੜਾਇਆ॥
ਸਭੁ ਮੁਕਤੁ ਹੋਆ ਸੈਸਾਰੜਾ
ਨਾਨਕ ਸਚੀ ਬੇੜੀ ਚਾੜਿ ਜੀਉ॥੧੧॥
ਸਾਰੀ ਸ੍ਰਿਸ਼ਟੀ ਦਿਨ-ਰਾਤ ਅਕਾਲ ਪੁਰਖ ਦਾ ਧਿਆਨ ਧਰਦੀ ਹੈ ਅਤੇ ਉਹ ਹਰ ਇੱਕ ਦੀ ਅਰਦਾਸ ਸੁਣਦਾ ਹੈ ਤੇ ਸਭ ਨੂੰ ਆਪ ਹੀ ਵਿਕਾਰਾਂ ਤੋਂ ਮੁਕਤ ਕਰਦਾ ਹੈ। ਮੁਖ ਮਕਸਦ ਸੰਸਾਰ ਉਤੇ Ḕਹਲੇਮੀ ਰਾਜḔ ਕਾਇਮ ਹੋਣ ਦਾ ਹੈ ਤਾਂ ਕਿ ਸਾਰੀ ਲੋਕਾਈ ਸਹਿਜਮਈ ਅਨੰਦ ਵਾਲਾ ਜੀਵਨ ਬਸਰ ਕਰ ਸਕੇ। ਇਹ ਹਲੇਮੀ ਰਾਜ ਉਦੋਂ ਕਾਇਮ ਹੁੰਦਾ ਹੈ ਜਦੋਂ ਅਕਾਲ ਪੁਰਖ ਦੀ ਮਿਹਰ ਨਾਲ ਬੁਰਾਈ ਖਤਮ ਹੋ ਜਾਂਦੀ ਹੈ। ਇਸ ਦਾ ਅਧਿਆਤਮਕ ਸੰਦਰਭ ਵੀ ਹੈ ਅਤੇ ਸੰਸਾਰਕ ਵੀ। ਅਧਿਆਤਮਕ ਸੰਦਰਭ ਵਿਚ ਸਤਿਸੰਗਤਿ ਦੇ ਰੂਪ ਵਿਚ ਇਕੱਤਰ ਹੋ ਕੇ ਨਾਮ ਸਿਮਰਨ ਰਾਹੀਂ ਵਿਕਾਰਾਂ ‘ਤੇ ਕਾਬੂ ਪਾਉਣਾ ਹੈ ਅਤੇ ਆਪਣੇ ਸਰੀਰ ਅੰਦਰ ਸਤਿ ਦੀ ਖੇਤੀ ਕਰਕੇ ਸਰੀਰ ਨੂੰ ḔਧਰਮਸਾਲḔ ਬਣਾਉਣਾ ਹੈ। ਸੰਸਾਰਕ ਪੱਧਰ ‘ਤੇ ਮਿਲ ਕੇ ਬੁਰਾਈ ਅਤੇ ਬੁਰੀਆਂ ਸ਼ਕਤੀਆਂ ‘ਤੇ ਜਿੱਤ ਪਾਉਣੀ ਹੈ। ਇਸ ਸੰਸਾਰ ਨੂੰ ḔਧਰਮਸਾਲḔ ਬਣਾਉਣਾ ਹੈ ਜਿੱਥੇ ਬੁਰਾਈ ਨੂੰ ਖਤਮ ਕਰਕੇ Ḕਹਲੇਮੀ ਰਾਜḔ ਕਾਇਮ ਕਰਨਾ ਹੈ ਤਾਂ ਕਿ ਸਾਰੀ ਮਨੁੱਖਤਾ ਸਹਿਜ ਸੁਭਾਇ ਅਨੰਦਮਈ ਜੀਵਨ ਗੁਜ਼ਾਰ ਸਕੇ, ਕੋਈ ਕਿਸੇ ਨੂੰ ਦੁਖੀ ਨਾ ਕਰ ਸਕੇ,
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ
ਇਹੁ ਹੋਆ ਹਲੇਮੀ ਰਾਜੁ ਜੀਉ॥੧੩॥
ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਨਾਮ-ਬਾਣੀ ਦਾ ਅੰਮ੍ਰਿਤ ਮੇਰੇ ਅੰਦਰ ਵਰ ਰਿਹਾ ਹੈ ਅਤੇ ਨਾਮ ਦੀ ਇਸ ਇਕਸੁਰਤਾ ਵਿਚ ਮੈਂ ਜੋ ਕੁਝ ਵੀ ਕਹਿ ਰਿਹਾ ਹਾਂ, ਉਹ ਉਸ ਅਕਾਲ ਪੁਰਖ ਦੇ ਹੁਕਮ ਦੀ ਪ੍ਰੇਰਨਾ ਵਿਚੋਂ ਬੋਲ ਰਿਹਾ ਹਾਂ, ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ। ਇਹ ਅਵਸਥਾ ਉਦੋਂ ਆਉਂਦੀ ਹੈ ਜਦੋਂ ਅਕਾਲ ਪੁਰਖ ਦੀ ਮਿਹਰ ਸਦਕਾ ਘਾਲ-ਕਮਾਈ ਥਾਂ ਸਿਰ ਪੈਂਦੀ ਹੈ, ਮਨੁੱਖ ਉਸ ਦੇ ਦਰ ‘ਤੇ ਕਬੂਲ ਹੁੰਦਾ ਹੈ। ਅਕਾਲ ਪੁਰਖ ਦਾ ਭਗਤ ਸਦਾ ਹੀ ਉਸ ਦੇ ਦਰਸ਼ਨ ਦੀ ਭੁੱਖ ਆਪਣੇ ਮਨ ਵਿਚ ਰੱਖਦਾ ਹੈ ਅਤੇ ਉਹ ਪਰਵਰਦਗਾਰ ਆਪਣੇ ਭਗਤ ਦੀ ਇੱਛਾ ਆਪਣੀ ਮਿਹਰ ਸਦਕਾ ਆਪ ਹੀ ਪੂਰੀ ਕਰਦਾ ਹੈ। ਉਹ ਅਕਾਲ ਪੁਰਖ ਸਰਬਸ਼ਕਤੀਮਾਨ ਤੇ ਸਭ ਤੋਂ ਉਪਰ ਹੈ ਅਤੇ ਹਰ ਥਾਂ ਵਿਆਪਕ ਹੈ। ਇਸ ਲਈ ਉਸ ਦੇ ਭਗਤਾਂ ਨੂੰ ਸਿਰਫ ਤੇ ਸਿਰਫ ਉਸ ਇੱਕ ਦਾ ਹੀ ਓਟ-ਆਸਰਾ ਤੱਕਣ ਦੀ ਜ਼ਰੂਰਤ ਹੈ ਅਤੇ ਉਸ ਦੇ ਆਸਰੇ ਸੱਚ ਦੇ ਮਾਰਗ ‘ਤੇ ਚੱਲਦੇ ਰਹਿਣਾ ਚਾਹੀਦਾ ਹੈ।
ਗੁਰੂ ਅਰਜਨ ਦੇਵ ਨੇ ਅੱਗੇ ਇਸ ਸੰਸਾਰ ਨੂੰ ਅਖਾੜਾ ਕਿਹਾ ਹੈ ਜਿੱਥੇ ਚੰਗਿਆਈ ਅਤੇ ਬੁਰਾਈ ਵਿਚ ਘੋਲ ਹੁੰਦਾ ਹੈ, ਜਦੋਜਹਿਦ ਹੁੰਦੀ ਹੈ ਜਿਸ ਲਈ ḔਛਿੰਝḔ ਵਿਚ ਪਹਿਲਵਾਨਾਂ ਦੇ ਘੋਲ ਦਾ ਦ੍ਰਿਸ਼ਟਾਂਤ ਦਿੱਤਾ ਹੈ। ਸਰੀਰ ਅੰਦਰ ਬੁਰੀਆਂ ਬਿਰਤੀਆਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਮਨ ਵਿਚੋਂ ਕੱਢਣ ਲਈ ਕਿਸਾਨ ਦਾ ਦ੍ਰਿਸ਼ਟਾਂਤ ਵਰਤਿਆ ਸੀ ਜੋ ਸਤਿ ਦੇ ਹਲ ਨਾਲ ਮਨ ਰੂਪੀ ਜ਼ਮੀਨ ਨੂੰ ਵਾਹ ਕੇ ਵਿਚ ਨਾਮ ਦਾ ਬੀਜ ਬੀਜਦਾ ਹੈ। ਸੰਸਾਰਕ ਬੁਰਾਈਆਂ ਉਤੇ ਜਿੱਤ ਪ੍ਰਾਪਤ ਕਰਨ ਲਈ ਇਸ ਸੰਸਾਰ ਨੂੰ ਅਖਾੜਾ, ਇਸ ਜਦੋਜਹਿਦ ਨੂੰ ਘੋਲ ਅਤੇ ਅਛਾਈ ਤੇ ਬੁਰਾਈ ਨੂੰ ਦੋ ਪਹਿਲਵਾਨ ਕਿਹਾ ਹੈ। ਨੇਕੀ ਦਾ ਪ੍ਰਤੀਕ ਰੱਬ ਦੀ ਰਜ਼ਾ ਵਿਚ ਚੱਲਣ ਵਾਲਾ ਇਨਸਾਨ ਹੈ ਜੋ ਨੇਕੀ ਦੀ ਫਤਿਹ ਅਤੇ ਸਥਾਪਤੀ ਲਈ ਘੋਲ ਕਰਦਾ ਹੈ।
ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਜਗਤ ਅਖਾੜੇ ਵਿਚ ਸਾਰੇ ਇਕੱਠੇ ਹੋਏ ਹਨ ਅਤੇ ਉਨ੍ਹਾਂ ਦੀ ਪਿੱਠ ‘ਤੇ ਉਨ੍ਹਾਂ ਦੇ ਗੁਰੂ ਦਾ ਥਾਪੜਾ ਹੈ। ਉਹ ਇੱਕ ਅੰਞਾਣ ਪਹਿਲਵਾਨ ਦੀ ਤਰ੍ਹਾਂ ਅਖਾੜੇ ਵਿਚ ਉਤਰੇ ਹਨ ਪਰ ਉਸ ਅਕਾਲ ਪੁਰਖ ਦੀ ਮਿਹਰ ਨਾਲ ਬੁਰਾਈ ‘ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੂੰ ਅਕਾਲ ਪੁਰਖ ਵੱਲੋਂ ਜਿੱਤ ਦੀ ਨਿਸ਼ਾਨੀ ਉਚੇ ਦਮਾਲੇ ਨਾਲ ਨਿਵਾਜਿਆ ਗਿਆ ਹੈ। ਸਾਰੇ ਮਨੁੱਖ ਇਸ ਸੰਸਾਰ ‘ਤੇ ਪੈਦਾ ਹੁੰਦੇ ਹਨ ਪਰ ਇਸ ਜਨਮ ਨੂੰ ਸਵਾਰਨ ਦਾ ਇਹ ਇੱਕ ਮੌਕਾ ਹੈ ਜਿਸ ਦੀ ਸੰਭਾਲ ਮਨੁੱਖ ਨੇ ਕਰਨੀ ਹੈ ਅਤੇ ਅਜਿਹੇ ਕਰਮ ਕਰਨੇ ਚਾਹੀਦੇ ਹਨ ਕਿ ਵਾਰ ਵਾਰ ਇਸ ਸੰਸਾਰ ‘ਤੇ ਨਾ ਆਉਣਾ ਪਵੇ। ਗੁਰੂ ਦੇ ਦੱਸੇ ਰਾਸਤੇ ‘ਤੇ ਚੱਲਣ ਵਾਲੇ ਮਨੁੱਖ ਇਸ ਜਨਮ ਦਾ ਲਾਹਾ ਲੈ ਜਾਂਦੇ ਹਨ ਅਤੇ ਮਨਮੁਖ ਆਪਣਾ ਮੂਲ ਵੀ ਗੁਆ ਲੈਂਦੇ ਹਨ, ਲਾਹਾ ਲੈਣਾ ਤਾਂ ਇੱਕ ਪਾਸੇ। ਉਹ ਅਕਾਲ ਪੁਰਖ ਰੰਗਾਂ ਅਤੇ ਚਿੰਨ੍ਹਾਂ ਤੋਂ ਬਾਹਰ ਹੈ, ਇਸ ਲਈ ਨਜ਼ਰ ਨਹੀਂ ਆਉਂਦਾ ਪਰ ਉਹ ਜ਼ਾਹਰਾ-ਜ਼ਹੂਰ ਅਤੇ ਹਰ ਥਾਂ ਵਿਆਪਕ ਹੈ, ਉਸ ਦੀ ਵਿਆਪਕਤਾ ਦੇ ਅਹਿਸਾਸ ਨੂੰ ਮਹਿਸੂਸ ਕਰਕੇ ਜੀਵਿਆ ਜੀਵਨ ਹੀ ਸਫਲ ਜੀਵਨ ਹੈ,
ਹਉ ਗੋਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ
ਦਯੁ ਬੈਠਾ ਵੇਖੈ ਆਪਿ ਜੀਉ॥੧੭॥
ਸਭ ਇਕਠੇ ਹੋਇ ਆਇਆ॥
ਘਰਿ ਜਾਸਨਿ ਵਾਟ ਵਟਾਇਆ॥
ਗੁਰਮੁਖਿ ਲਾਹਾ ਲੈ ਗਏ
ਮਨਮੁਖ ਚਲੇ ਮੂਲੁ ਗਵਾਇ ਜੀਉ॥੧੯॥
ਇਹ ਸਤਿ ਦੀ ਖੇਤੀ ਹੈ, ਇਹ ਆਦਰਸ਼ ਹੈ ਜਿਸ ਲਈ ਗੁਰੂ ਅਰਜਨ ਦੇਵ ਨੇ ਸ਼ਹਾਦਤ ਦਿੱਤੀ ਅਤੇ ਇਸ ਆਦਰਸ਼ ਦੀ ਸਥਾਪਤੀ ਗੁਰੂ ਨਾਨਕ ਸਾਹਿਬ ਨੇ ਉਦੋਂ ਕਰ ਦਿੱਤੀ ਸੀ ਜਦੋਂ ਉਨ੍ਹਾਂ ਬਾਬਰ ਨੂੰ Ḕਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋḔ ਕਿਹਾ ਸੀ। ਇਸੇ ਆਦਰਸ਼ ਦੀ ਪੂਰਤੀ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ। ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਥਾਪਨਾ ਬੁਰਾਈ ਨਾਲ ਟੱਕਰ ਲੈਣ ਲਈ ਕੀਤੀ। ਉਨ੍ਹਾਂ ਦਾ ਕਿਸੇ ਧਰਮ ਜਾਂ ਫਿਰਕੇ ਨਾਲ ਵੈਰ ਨਹੀਂ ਸੀ, ਜ਼ੁਲਮ ਨਾਲ ਵੈਰ ਸੀ। ਉਨ੍ਹਾਂ ਨੇ ਯੁੱਧ ਜ਼ੁਲਮ ਨੂੰ ਟੱਕਰ ਦੇਣ ਲਈ ਕੀਤੇ ਅਤੇ ਜ਼ੁਲਮ ਦੇ ਨਾਸ ਲਈ ਆਪਣਾ ਸਭ ਕੁਝ ਵਾਰ ਦਿੱਤਾ।
ਮਾਤਾ ਗੁਜਰੀ ਜਦੋਂ ਛੋਟੇ ਛੋਟੇ ਬੱਚਿਆਂ ਨਾਲ ਠੰਢੇ ਬੁਰਜ ਵਿਚ ਪੋਹ ਦੀ ਰਾਤ ਗੁਜ਼ਾਰ ਰਹੇ ਸਨ ਉਦੋਂ ਆਪਣੇ ਪਿਆਰੇ ਪੋਤਿਆਂ ਨੂੰ ਇਸੇ Ḕਪੀਊ ਦਾਦੇ ਕਾ ਖੋਲਿ ਡਿਠਾ ਖਜਾਨਾḔ ਦੀ ਵਿਰਾਸਤ ਦਾ ਰਸਤਾ ਸਮਝਾ ਰਹੇ ਸਨ ਜਿਸ ਨੂੰ ਉਨ੍ਹਾਂ ਨਿੱਕੀਆਂ ਜਿੰਦਾਂ ਨੇ ਆਪਣੇ ਕੇਸਾਂ ਅਤੇ ਸਵਾਸਾਂ ਸੰਗ ਨਿਭਾਇਆ।