ਗੱਲਬਾਤ-ਜੀਵਨ ਸਲੀਕਾ

ਡਾæ ਗੁਰਬਖਸ਼ ਸਿੰਘ ਭੰਡਾਲ
ਗੱਲਬਾਤ, ਜੀਵਨ-ਸਲੀਕਾ, ਜ਼ਿੰਦਗੀ ਦਾ ਸੁੱਚਮ, ਕਰਮ ਸ਼ੈਲੀ ਦੀ ਉਚਮਤਾ ਅਤੇ ਮਨੁੱਖੀ ਦਿੱਖ ਦੀ ਸੁੱਚਮਤਾ। ਗੱਲਬਾਤ, ਵਿਚਾਰ-ਪ੍ਰਵਾਜ਼, ਅੰਤਰੀਵ ਦੀ ਆਵਾਜ਼, ਜੀਵਨ ਦਾ ਸੁਰ-ਸਾਜ ਅਤੇ ਜਿਉਣ-ਅੰਦਾਜ਼।

ਗੱਲਬਾਤ, ਬੋਲਾਂ ਦੀ ਸੁਰਮਈ ਉਡਾਣ, ਭਾਵਾਂ ਦੀ ਜ਼ੁਬਾਨ, ਅੰਦਰਲਾ ਇਨਸਾਨ ਜਾਂ ਅੰਦਰ ਜਾਗਦਾ ਹੈਵਾਨ।
ਗੱਲਬਾਤ, ਚੌਗਿਰਦੇ ਵਿਚ ਖੁਸ਼ਬੂ ਫੈਲਾਉਣ ਦਾ ਕਰਮ, ਕਿਸੇ ਦਰਦੀ ਦੇ ਜ਼ਖਮਾਂ ‘ਤੇ ਸੁੱਚੇ ਬੋਲਾਂ ਦੀ ਮਰਹਮ ਅਤੇ ਕਿਸੇ ਨੂੰ ਸਹਿਲਾਉਣ ਦਾ ਧਰਮ।
ਗੱਲਬਾਤ, ਸਮਾਂ, ਸਥਾਨ, ਸਥਿਤੀ, ਸੋਚ ਅਤੇ ਸਲੀਕੇ ਦਾ ਸੱਗਵਾਂ ਸੰਤੁਲਨ, ਮਨੁੱਖ ਦਾ ਸੂਖਮਭਾਵੀ ਗੁਣ ਅਤੇ ਇਸ ‘ਤੇ ਉਸਰੀ ਸ਼ਖਸੀਅਤ ਸਰਗੁਣ।
ਗੱਲਬਾਤ, ਵਗਦੇ ਦਰਿਆ ਦੀ ਰਵਾਨਗੀ, ਲਹਿਰਾਂ ਦੀ ਸੁਰ-ਬੱਧ ਲੈਅ ਅਤੇ ਪੌਣਾਂ ਦੀ ਸੰਗੀਤਕ ਸੁਰ। ਗੱਲਬਾਤ, ਸੰਵੇਦਨਾ ਦੀ ਧੁਨੀ, ਮਨ ‘ਚ ਪਨਪਦੇ ਖਿਆਲਾਂ ਦਾ ਵਹਾਅ ਅਤੇ ਮਸਤਕ ਵਿਚ ਮੌਲਦੀ ਕਰਮਯੋਗਤਾ ਦਾ ਆਬਸ਼ਾਰ। ਗੱਲਬਾਤ, ਜਿਊਣ-ਪ੍ਰਮਾਣ, ਮਨ ਨੂੰ ਟੁੰਬਦੇ ਸਰੋਕਾਰਾਂ ਦਾ ਸਨਮਾਨ, ਸ਼ੁਭ-ਕਰਮਨ ਨੂੰ ਬੋਲਾਂ ਦਾ ਪਹਿਰਾਵਾ ਅਤੇ ਬੋਲਾਂ ਤੇ ਬੋਲ-ਰਸ ਦਾ ਸ਼ਬਦ-ਮਿਲਾਵਾ।
ਗੱਲਬਾਤ ਵਿਚੋਂ ਝਰਦੀਆਂ ਜੀਵਨ ਦੀਆਂ ਸਰਬ-ਰੰਗੀ ਕਿਰਨਾਂ, ਇਨ੍ਹਾਂ ਦਾ ਤਪ-ਤੇਜ ਅਤੇ ਪ੍ਰਤਾਪ। ਜੀਵਨ ਦੀ ਸੁੱਚੀ ਅਰਾਧਨਾ ਭਰਪੂਰ ਕਿਰਨਾਂ, ਮਾਨਸਿਕ ਕਲਾ-ਨਕਾਸ਼ੀ ਰਾਹੀਂ ਗੱਲਬਾਤ ਨਿਰਧਾਰਤ ਕਰਦੀਆਂ। ਗੱਲਬਾਤ ਹੀ ਕਿਸੇ ਸਮੱਸਿਆ ਦਾ ਹੱਲ, ਮੁਸ਼ਕਲ ਦਾ ਨਿਬੇੜਾ, ਆਪਸੀ ਦੁਸ਼ਮਣੀਆਂ ਦਾ ਸਮਾਧਾਨ। ਜੰਗਾਂ ਵਿਚ ਅਥਾਹ ਨੁਕਸਾਨ, ਸ਼ਰੀਕਾਂ ਦੇ ਕਤਲ ਅਤੇ ਆਪਣਿਆਂ ਦਾ ਸਿਵਾ ਸੇਕਣ ਤੋਂ ਬਾਅਦ ਗੱਲ ਸਿਰਫ ਆਪਸੀ ਗੱਲਬਾਤ ਰਾਹੀਂ ਹੀ ਨਿਬੜਦੀ।
ਗੱਲਬਾਤ, ਸਾਡੇ ਸੁਖਨ ਦੀ ਵਾਰਸ, ਔਲਾਦ ਲਈ ਸ਼ੁਭ-ਸੰਦੇਸ਼ ਅਤੇ ਸਾਡੀਆਂ ਮਨੋ-ਕਾਮਨਾਵਾਂ ਲਈ ਅਮੁੱਲਾ ਆਦੇਸ਼। ਗੱਲਬਾਤ ਮਿਲਿਆਂ ਨੂੰ ਵਿਛੋੜੇ ਅਤੇ ਵਿਛੜਿਆਂ ਨੂੰ ਮੇਲੇ। ਕਦੇ ਗਲ ਨਾਲ ਲਾਵੇ ਜਾਂ ਕਦੇ ਮਨਾਂ ਵਿਚ ਨਫਰਤ ਉਪਜਾਵੇ। ਕੁਝ ਲੋਕ ਗੱਲਾਂ ਵਿਚ ਹੀ ਕਿਸੇ ਦਾ ਮਨ ਲੁੱਟ ਲੈਂਦੇ ਅਤੇ ਕਿਸੇ ਦੇ ਮਨ ਵਿਚ ਸਦੀਵੀ ਪੀਹੜਾ ਪਾ ਬਹਿੰਦੇ। ਸੋਚ ਵਿਚਲੇ ਨਕਸ਼ਾਂ ਨੂੰ ਮਨ-ਮੰਮਟੀ ‘ਤੇ ਸਦੀਵੀ ਉਕਰਨ ਵਾਲੇ ਲੋਕ, ਮਿਕਨਾਤੀਸੀ ਸ਼ਖਸੀਅਤ ਦਾ ਬਿੰਬ ਅਤੇ ਧੜਕਦੇ ਅਹਿਸਾਸਾਂ ਦਾ ਕੀਰਤੀਮਾਨ।
ਗੱਲਬਾਤ, ਸਾਡੇ ਸੁਪਨਿਆਂ ਲਈ ਖੰਭ, ਅਸਗਾਹ ਅੰਬਰਾਂ ਨੂੰ ਗਾਹੁਣ ਲਈ ਉਭਾਰ ਅਤੇ ਜੀਵਨ ਅਨੰਤਤਾ ਨੂੰ ਪਾਉਣ ਦੀ ਪੁਕਾਰ। ਗੱਲਬਾਤ, ਸਾਡੇ ਅੰਦਰਲਾ ਕੂੜ-ਕਬਾੜ, ਮਨ ਵਿਚਲਾ ਸਾੜਾ, ਕਥਨੀ ਤੇ ਕਰਨੀ ਵਿਚਲਾ ਪਾੜਾ ਅਤੇ ਮਸਨੂਈ ਸੂਖਮਤਾ ਦਾ ਕੰਡਿਆਲਾ ਵਾੜਾ। ਗੱਲਬਾਤ, ਸਰਘੀ ਵੇਲੇ ਪਰਿੰਦੇ ਦਾ ਗੀਤ, ਕੁਦਰਤ ਨਾਲ ਜੁੜਨ ਦੀ ਰੀਤ ਅਤੇ ਇਸ ‘ਚੋਂ ਉਗਮਦੀ ਸਦੀਵੀ ਪ੍ਰੀਤ।
ਗੱਲਬਾਤ, ਸਮੇਂ ਦਾ ਸਦ-ਉਪਯੋਗ, ਮਨ ਦਾ ਮਿਟਦਾ ਰੋਗ ਅਤੇ ਗੱਲਾਂ ਹੀ ਗੱਲਾਂ ‘ਚ ਕਮਾਇਆ ਜੋਗ। ਗੱਲਬਾਤ, ਵਿਚਾਰਾਂ ਦੀ ਸਾਂਝ, ਸਰੋਕਾਰਾਂ ਦੀ ਨੇੜਤਾ, ਸੰਭਾਵਨਾਵਾਂ ਦੀ ਸੁੱਚਜਤਾ ਅਤੇ ਸਾਂਝੇ ਸੁਪਨਿਆਂ ਦੀ ਅਪਣੱਤ। ਗੱਲਬਾਤ, ਬੋਲਾਂ ਦੀ ਕਰਮਯੋਗਤਾ, ਹਰਫਾਂ ਦੀ ਮੁਲਾਇਮਤਾ ਅਤੇ ਅਰਥਾਂ ਦੀ ਸੁਹਿਰਦਤਾ।
ਗੱਲਬਾਤ, ਬਾਪ ਦੀਆਂ ਨਸੀਹਤਾਂ ਦਾ ਭੰਡਾਰ, ਮਾਂ ਦੀਆਂ ਅਸੀਸਾਂ ਦੀ ਪੋਟਲੀ, ਭੈਣ-ਭਰਾਵਾਂ ਵਿਚਲੀ ਨਿਰਛਲਤਾ ਦਾ ਪ੍ਰਗਟਾਵਾ, ਬੱਚਿਆਂ ਦੇ ਤੋਤਲੇਪਣ ਵਿਚ ਸਮੋਇਆ ਭੋਲਾਪਣ, ਪਤਨੀ ਦੀ ਗੁਫਤਗੂ ਵਿਚ ਗੁੰਨਿਆ ਪ੍ਰੇਮ-ਰਸ ਅਤੇ ਬੇਟੀ ਦੇ ਮੋਹ ਵਿਚ ਲਰਜ਼ਦਾ ਮਾਪਿਆਂ ਦੀਆਂ ਖੈਰਾਂ ਦਾ ਸੰਵਾਦ।
ਗੱਲਬਾਤ, ਬੀਤੇ ਕੱਲ ਦਾ ਦਸਤਾਵੇਜ਼, ਬੀਤ ਰਹੇ ਅੱਜ ਦਾ ਸੁਹਾਵਣਾ ਸਫਰ ਅਤੇ ਆਉਣ ਵਾਲੇ ਕੱਲ ਦਾ ਦੂਰਦਰਸ਼ੀ-ਮੁਹਾਂਦਰਾ। ਗੱਲਬਾਤ, ਸਮਿਆਂ ਦਾ ਸੱਚ, ਵਰਕਿਆਂ ‘ਤੇ ਫੈਲੀ ਤਵਾਰੀਖ, ‘ਵਾਵਾਂ ਵਿਚ ਤਰਦੀਆਂ ਕੰਨਸੋਆਂ ਅਤੇ ਬਜ਼ੁਰਗੀ ਬੋਲਾਂ ਵਿਚ ਸਮਾਏ ਜੀਵਨ-ਸੱਚ ਦਾ ਬਿਰਤਾਂਤ।
ਗੱਲਬਾਤ, ਵਿਹੜਿਆਂ ਵਿਚ ਪਸਰੀ ਬੋਲਚਾਲ, ਚੌਂਕਿਆਂ ‘ਚ ਚੁਗਲੀਆਂ ਕਰਦੀ ਚੁੱਲ੍ਹੇ ਦੀ ਅੱਗ, ਕਮਰਿਆਂ ਵਿਚ ਸੰਗੀਤਕ ਸੁਰਾਂ ਦਾ ਸੁਮੇਲ ਅਤੇ ਘਰ ‘ਚ ਲਡਾਏ ਜਾਂਦੇ ਸਾਂਝੇ ਬੋਲਾਂ ਦਾ ਸਦੀਵੀ ਰਾਗ। ਗੱਲਬਾਤ, ਕਰਮੀਆਂ ਤੇ ਧਰਮੀਆਂ ਦੇ ਮਿਲ ਬੈਠਣ ਦਾ ਸਬੱਬ, ਮਨੁੱਖ ਨਾਲ ਗੱਲੀਂ ਰੁੱਝਿਆ ਰੱਬ, ਪੀਰ ਦੀ ਦਰਗਾਹ ‘ਤੇ ਸੂਫੀ ਰੰਗਣ ਵਿਚ ਗਾਉਂਦਾ ਦਰਵੇਸ਼ ਅਤੇ ਸਾਹਾਂ ਵਿਚ ਕਿਸੇ ਨੂੰ ਮਿਲਣ ਦਾ ਆਵੇਸ਼।
ਗੱਲਬਾਤ, ਕਦੇ ਆਪੇ ਨਾਲ, ਕਦੇ ਬਿਗਾਨੇ ਨਾਲ, ਕਦੇ ਸੋਚਾਂ ਵਿਚ ਵੱਸਦੇ ਯਾਰ ਨਾਲ, ਕਦੇ ਸਾਹਾਂ ‘ਚ ਸਿੰਮਟੇ ਪਿਆਰ ਨਾਲ ਅਤੇ ਕਦੇ ਰੁੱਸੇ ਦਿਲਦਾਰ ਨਾਲ। ਗੱਲਬਾਤ, ਕਦੇ ਪੱਤਰ ਉਡੀਕਦੀ ਆਸ, ਕਦੇ ਬੁੱਲਾਂ ‘ਤੇ ਤਿੜਕੀ ਪਿਆਸ, ਕਦੇ ਜ਼ਰਜ਼ਰ ਹੋਇਆ ਵਿਸ਼ਵਾਸ ਅਤੇ ਕਦੇ ਅੰਤਲੇ ਸਾਹਾਂ ‘ਤੇ ਬੇਆਸ।
ਗੱਲਬਾਤ, ਸੰਵੇਦਨਾ ਨੂੰ ਬੋਲਾਂ ਵਿਚ ਉਤਾਰਨਾ, ਸੂਖਮਤਾ ਨੂੰ ਬੁੱਲਾਂ ‘ਤੇ ਲਿਆਉਣਾ, ਸਹਿਜ ਨੂੰ ਜੀਵਨ-ਜੋਗੇ ਬੋਲਾਂ ਦੇ ਨਾਮ ਕਰਨਾ ਅਤੇ ਸਮੁੱਚ ਨੂੰ ਅੰਤਰੀਵ ਵਿਚ ਜ਼ੀਰਨਾ। ਗੱਲਬਾਤ, ਸੋਚ ਦੇ ਦਾਇਰੇ, ਦਿਸਹੱਦਿਆਂ ਦੀ ਨਿਸ਼ਾਨਦੇਹੀ, ਸਫਲਤਾਵਾਂ/ਅਸਫਲਤਾਵਾਂ ਦੀ ਅਕੱਥ ਕਹਾਣੀ, ਜਿਹੜੀ ਸਾਡੇ ਨਾਲ ਹੀ ਧਰਤ ‘ਚ ਸਮਾਣੀ ਅਤੇ ਚੁੱਪ-ਬੋਲਾਂ ਵਿਚ ਮਰ ਜਾਣੀ।
ਆਮੀਨ।