ਗਾਰਗੀ ਦੀਆਂ ਮਨਮਰਜ਼ੀਆਂ

ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ-3
ਪੰਜਾਬੀ ਵਿਚ ਠੁੱਕਦਾਰ ਰਚਨਾਵਾਂ ਦੇਣ ਵਾਲੇ ਲਿਖਾਰੀ ਬਲਵੰਤ ਗਾਰਗੀ (4 ਦਸੰਬਰ 1916-22 ਅਪਰੈਲ 2003) ਦਾ ਰੰਗ ਸੱਚਮੁੱਚ ਨਿਵੇਕਲਾ ਸੀ। ਉਸ ਦੀ ਮੁੱਖ ਪਛਾਣ ਭਾਵੇਂ ਨਾਟਕਕਾਰ ਵਜੋਂ ਬਣੀ, ਪਰ ਕਹਾਣੀ, ਵਾਰਤਕ ਆਦਿ ਲਿਖਣ ਵਿਚ ਵੀ ਉਹ ਚੋਟੀ ਦੇ ਲੇਖਕਾਂ ਦੇ ਬਰਾਬਰ ਤੁਲਦਾ ਸੀ। ਮੰਨਿਆ ਜਾਂਦਾ ਹੈ ਕਿ ਪੰਜਾਬੀ ਵਿਚ ਉਸ ਵਰਗਾ ਕੋਈ ਹੋਰ ਨਾਟਕਕਾਰ ਨਹੀਂ। ਪੰਜਾਬੀ ਵਿਚ ਰੇਖਾ ਚਿੱਤਰ ਉਸ ਦੀ ਬਦੌਲਤ ਹੀ ਪ੍ਰਵਾਨ ਚੜ੍ਹੇ।

ਇਨ੍ਹਾਂ ਰਚਨਾਵਾਂ ਲਈ ਭਾਵੇਂ ਉਸ ਨੇ ਮਹਾਨ ਉਰਦੂ ਲਿਖਾਰੀ ਸਆਦਤ ਹਸਨ ਮੰਟੋ ਤੋਂ ਪ੍ਰੇਰਣਾ ਲਈ, ਪਰ ਉਸ ਦੇ ਲਿਖੇ ਰੇਖਾ ਚਿੱਤਰਾਂ ਵਿਚ ਬਹੁਤ ਕੁਝ ਉਸ ਦਾ ਆਪਣਾ ਸੀ ਜਿਸ ਕਾਰਨ ਤੁਰੰਤ ਉਸ ਦੀ ਪੈਂਠ ਬਣ ਗਈ। ਇਹ ਵੱਖਰੀ ਗੱਲ ਹੈ ਕਿ ਉਸ ਦੇ ਰੇਖਾ ਚਿੱਤਰਾਂ ਨੇ ਵਿਵਾਦ ਵੀ ਬਥੇਰੇ ਪੈਦਾ ਕੀਤੇ। ਜਿਵੇਂ ਉਸ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਰੇਖਾ ਚਿਤਰ ਲਿਖੇ, ਇਵੇਂ ਹੋਰ ਲਿਖਾਰੀਆਂ ਨੇ ਵੀ ਉਸ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਨੂੰ ਉਭਾਰਦੇ ਰੇਖਾ ਚਿੱਤਰ ਲਿਖੇ। ਗਾਰਗੀ ਦਾ 1962 ਵਿਚ ਸਾਹਿਤ ਅਕਾਦਮੀ ਪੁਰਸਕਾਰ ਅਤੇ 1972 ਵਿਚ ਪਦਮਸ੍ਰੀ ਅਵਾਰਡ ਨਾਲ ਸਨਮਾਨ ਕੀਤਾ ਗਿਆ। ਗਾਰਗੀ ਦੀ ਜਨਮ ਸ਼ਤਾਬਦੀ ਮੌਕੇ ਉਘੇ ਲਿਖਾਰੀ ਪ੍ਰਿੰæ ਸਰਵਣ ਸਿੰਘ ਨੇ ਗਾਰਗੀ ਬਾਰੇ ਲੰਮਾ ਲੇਖ ‘ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ’ ਪੰਜਾਬ ਟਾਈਮਜ਼ ਲਈ ਭੇਜਿਆ ਹੈ। ਐਤਕੀਂ ਇਸ ਲੇਖ ਦੀ ਤੀਜੀ ਕਿਸ਼ਤ ਵਿਚ ਗਾਰਗੀ ਵੱਲੋਂ ਹੋਰ ਲਿਖਾਰੀਆਂ/ਸ਼ਖਸੀਅਤਾਂ ਬਾਰੇ ਲਿਖੇ ਰੇਖਾ ਚਿੱਤਰਾਂ ਦਾ ਲੇਖਾ-ਜੋਖਾ ਕੀਤਾ ਗਿਆ ਹੈ। ਨਫਾਸਤ ਨੂੰ ਮੁੱਖ ਰੱਖਦਿਆਂ ਕਿਤੇ ਕਿਤੇ ਲੇਖ ਦੀ ਕਾਂਟ-ਛਾਂਟ ਵੀ ਕੀਤੀ ਗਈ ਹੈ। -ਸੰਪਾਦਕ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਮੈਂ ਗਾਰਗੀ ਨੂੰ ਮਿਲਿਆ ਤਾਂ ਬਹੁਤ ਵਾਰ ਸਾਂ, ਪਰ ਕਦੇ ਉਸ ਦੀ ਹੱਥਲਿਖਤ ਨਹੀਂ ਸੀ ਵੇਖੀ। ਉਹਦੀ ਹੱਥਲਿਖਤ ਪਹਿਲੀ ਵਾਰ ਟੋਰਾਂਟੋ ਆ ਕੇ ਵੇਖੀ ਜਦੋਂ ਉਹਦੀ ਯਾਦ ਵਿਚ ਸੋਗ ਸਭਾ ਹੋਈ। ਉਹਦੀ ਲਿਖਾਈ ਬਹੁਤੀ ਰਵਾਂ ਨਹੀਂ ਸੀ, ਪਰ ਸ਼ਬਦ ਜੋੜਾਂ ਪੱਖੋਂ ਸਹੀ ਸੀ। ਕੁਝ ਇਕਨਾਂ ਵੱਲੋਂ ਪੈਦਾ ਕੀਤਾ ਇਹ ਭੁਲੇਖਾ ਦੂਰ ਹੋਇਆ ਕਿ ਗਾਰਗੀ ਕੇਵਲ ਡਿਕਟੇਸ਼ਨ ਦਿੰਦਾ ਸੀ, ਯਾਨੀ ਹੋਰਨਾਂ ਤੋਂ ਗੁਰਮੁਖੀ ਲਿਖਾਉਂਦਾ ਸੀ। ਉਸ ਨੇ ਆਪਣੇ ਰੇਖਾ ਚਿੱਤਰ ‘ਬਲਵੰਤ ਗਾਰਗੀ’ ਵਿਚ ਲਿਖਿਆ ਸੀ, “ਉਹ ਕਲਮ ਨਾਲ ਨਹੀਂ, ਡਾਂਗ ਨਾਲ ਲਿਖਦਾ ਹੈ। ਕਾਗਜ਼ਾਂ ਦਾ ਵੈਰੀ ਹੈ। ਕਈ ਵਾਰ ਇਕ ਸਤਰ ਵਿਚ ਸਿਰਫ਼ ਚਾਰ ਅੱਖਰ ਹੁੰਦੇ ਹਨ ਤੇ ਇਕ ਸਫ਼ੇ ਵਿਚ ਮਸਾਂ ਛੇ ਸਤਰਾਂ।”
ਗਾਰਗੀ ਨੇ ਆਪਣੇ ਬਾਰੇ ਬਹੁਤ ਸਾਰੇ ਭੁਲੇਖੇ ਆਪ ਹੀ ਸਿਰਜੇ ਹੋਏ ਸਨ। ਨਾ ਉਹ ਡਾਂਗ ਨਾਲ ਲਿਖਦਾ ਸੀ ਤੇ ਨਾ ਹੀ ਬੇਲੋੜਾ ਖੁੱਲ੍ਹਾ ਲਿਖਦਾ ਸੀ। ਉਸ ਦੀਆਂ ਲਿਖੀਆਂ ਜਿਹੜੀਆਂ ਚਿੱਠੀਆਂ ਮੈਂ ਵੇਖੀਆਂ, ਉਹ ਉਹਦੇ ਕਥਨ ਨਾਲ ਮੇਲ ਨਹੀਂ ਸਨ ਖਾਂਦੀਆਂ। ਉਸ ਨੇ ਲਿਖਿਆ ਸੀ, “ਉਹ ਬਹੁਤੇ ਨਾਟਕ ਤੇ ਕਹਾਣੀਆਂ ਉਦੋਂ ਲਿਖਦਾ ਹੈ ਜਦੋਂ ਕਿਸੇ ਦੀ ਉਡੀਕ ਵਿਚ ਬੈਠਾ ਹੋਵੇ। ‘ਕੁਆਰੀ ਟੀਸੀ’ ਕੁੱਲੂ ਦੀ ਵਾਦੀ ਵਿਚ ਕਿਸੇ ਦੀ ਉਡੀਕ ਵਿਚ ਬੈਠਿਆਂ ਲਿਖਿਆ ਸੀ। ‘ਲੋਹਾ ਕੁੱਟ’ ਦਾ ਪਹਿਲਾ ਐਕਟ ਮੁਰਾਦਾਬਾਦ ਸਟੇਸ਼ਨ ਦੇ ਪਲੇਟ ਫਾਰਮ ਉਤੇ ਗੱਡੀ ਉਡੀਕਦਿਆਂ ਲਿਖਿਆ ਸੀ। ਇਸੇ ਤਰ੍ਹਾਂ ‘ਪੱਤਣ ਦੀ ਬੇੜੀ’ ਕਾਹਵਾ ਖ਼ਾਨੇ ਵਿਚ ਬੈਠਿਆਂ ਲਿਖਿਆ ਗਿਆ।” ਅਸਲ ਵਿਚ ਉਹ ਹਰ ਗੱਲ ਵਧਾ ਚੜ੍ਹਾ ਕੇ ਪੇਸ਼ ਕਰਦਾ ਸੀ ਤੇ ਗੱਪ-ਸੱਚ ਦਾ ਸੁਮੇਲ ਕਰ ਦਿੰਦਾ ਸੀ। ਮਸਾਲਾ ਲਾਉਣਾ ਉਸ ਦੀ ਸ਼ੈਲੀ ਦਾ ਕਮਾਲ ਸੀ। ਉਹ ਸਾਧਾਰਨ ਨੂੰ ਅਸਾਧਾਰਨ ਬਣਾ ਕੇ ਪੇਸ਼ ਕਰ ਸਕਦਾ ਸੀ ਤੇ ਗੱਲਬਾਤ ਨੂੰ ਤੜਕਾ ਲਾ ਕੇ ਸੁਆਦੀ ਬਣਾ ਦਿੰਦਾ ਸੀ।
ਗਾਰਗੀ ਨੇ ਲਿਖਿਆ, “ਮੇਰਾ ਹੈਂਡਰਾਈਟਿੰਗ ਬਹੁਤ ਟੇਢਾ-ਮੇਢਾ ਐ ਤੇ ਸਪੀਡ ਵੀ ਬਹੁਤ ਹੌਲੀ। ਊੜਾ ਲਿਖਦਾ ਹਾਂ ਤਾਂ ਅੱਧਾ ਸਫ਼ਾ ਮੁੱਕ ਜਾਂਦਾ ਹੈ ਜਿਵੇਂ ਕੋਈ ਡਾਂਗ ਫੜ ਕੇ ਰੇਤੇ ‘ਤੇ ਲਿਖਣ ਲੱਗੇæææ ਮੈਥੋਂ ਆਪਣਾ ਲਿਖਿਆ ਵੀ ਨਹੀਂ ਪੜ੍ਹਿਆ ਜਾਂਦਾ। ਮੇਰੇ ਖਿਆਲਾਤ ਬਹੁਤ ਤੇਜ਼ ਦੌੜਦੇ ਨੇ ਤੇ ਮੈਨੂੰ ਕਿਸੇ ਤੇਜ਼ ਰਫ਼ਤਾਰ ਟਾਈਪ ਕਰਨ ਵਾਲੇ ਦੀ ਲੋੜ ਹੈ ਜੋ ਮੇਰੇ ਬੋਲਾਂ ਨੂੰ ਫੜ ਸਕੇ।”
ਵਧਾ ਚੜ੍ਹਾ ਕੇ ਗੱਲ ਕਰਨ ਵਾਲਾ ਤੇ ਗੱਪ-ਸ਼ੱਪ ਰਲਾਉਣ ਵਾਲਾ ਗਾਰਗੀ ਆਪਣੇ ਆਪ ਨੂੰ ਗੋਪੀਆਂ ‘ਚ ਕਾਨ੍ਹ ਵਾਂਗ ਪੇਸ਼ ਕਰਦਾ ਸੀ, ਪਰ ਉਹਦੀ ਠੁੱਲ੍ਹੀ ਪੋਪਲੀ ਸ਼ਕਲ ਤੋਂ ਸੱਚ ਨਹੀਂ ਸੀ ਆਉਂਦਾ ਕਿ ਕੋਈ ਚੱਜ ਹਾਲ ਦੀ ਕੁੜੀ ਉਹਦੇ ‘ਤੇ ਮਰਦੀ ਹੋਵੇ। ਉਂਜ ਸੀ ਇਹ ਸੱਚ। ਜੀਨੀ ਵਿਆਹ ਲਿਆਉਣੀ ਉਹਦਾ ਸਬੂਤ ਸੀ। ਗਾਰਗੀ ਦੇ ਨੈਣ ਨਕਸ਼ ਭਾਵੇਂ ਸਾਧਾਰਨ ਸਨ, ਪਰ ਕਪੜੇ ਸ਼ੋਖ਼ ਤੇ ਭੜਕੀਲੇ ਪਾ ਕੇ ਪੂਰਾ ਜਚ ਜਾਂਦਾ ਸੀ। ਉਹਦੇ ਬੁੱਲ੍ਹ ਮੋਟੇ, ਢਾਲੂ, ਕੰਨ ਵੱਡੇ, ਮੱਥਾ ਚੌੜਾ, ਵਾਲ ਪਿੱਛੇ ਹਟਾਏ ਹੋਏ ਤੇ ਹੱਥ ਹੱਡਲ ਸਨ, ਪਰ ਮੁਸਕਰਾਹਟ ਖਚਰੀ ਸੀ। ਅੱਖਾਂ ਸ਼ਰਾਰਤੀ ਸਨ। ਗੱਲ ਲਮਕਾ ਕੇ ਕਰਦਾ ਸੀ ਮਾਲ ਗੱਡੀ ਵਾਂਗ। ਪਤੰਦਰ ਕੋਲ ਪਤਾ ਨਹੀਂ ਕਿਹੜੀ ਗਿੱਦੜਸਿੰਗੀ ਸੀ ਕਿ ਸੋਹਣੀਆਂ ਤੋਂ ਸੋਹਣੀਆਂ ਜ਼ਨਾਨੀਆਂ ਫੱਟ ਮੋਹ ਲੈਂਦਾ। ਅਸਲ ਵਿਚ ਉਹ ਔਰਤਾਂ ਅੱਗੇ ਪੂਰਾ ਹੀ ਵਿਛ ਜਾਂਦਾ ਸੀ ਤੇ ਰੱਜ ਕੇ ਉਨ੍ਹਾਂ ਦੀ ਚਾਪਲੂਸੀ ਕਰਦਾ ਸੀ। ਉਨ੍ਹਾਂ ਨੂੰ ਖੁਆਣ ਪਿਆਣ ਲਈ ਉਧਾਰ ‘ਤੇ ਉਧਾਰ ਫੜੀ ਜਾਂਦਾ ਸੀ। ਜਦੋਂ ਪੰਜਾਬੀ ਦੇ ਆਮ ਲੇਖਕਾਂ ਕੋਲ ਸਾਈਕਲ ਵੀ ਨਹੀਂ ਸਨ ਹੁੰਦੇ, ਉਹਦੇ ਕੋਲ ਛਕੜਾ ਕਾਰ ਹੁੰਦੀ ਸੀ। ਛਕੜਾ ਕਾਰ ਤੇ ਸ਼ਿੰਗਾਰੇ ਹੋਏ ਕੁਆਟਰ ‘ਤੇ ਹੀ ਕੁੜੀਆਂ ਮਰ ਜਾਂਦੀਆਂ ਅਤੇ ਉਹ ਉਨ੍ਹਾਂ ਬਾਰੇ ਚਸਕੇਦਾਰ ਲਿਖ ਕੇ ਖ਼ੁਦ ਵੀ ਸੁਆਦ ਲੈਂਦਾ ਤੇ ਪਾਠਕਾਂ ਨੂੰ ਵੀ ਸੁਆਦ ਦਿੰਦਾ।
ਉਹਦੇ ਲਿਖਤੀ ਟੋਟੇ ਵੇਖੋ, “ਲੇਖਕ ਜੋ ਕੁਝ ਵੀ ਲਿਖੇ, ਰੌਚਕ ਲਿਖੇ। ਸੁਆਦਲਾ ਲਿਖੇ। ਜ਼ਰੂਰੀ ਨਹੀਂ, ਉਹ ਸੱਚ ਹੋਵੇ। ਹਕੀਕਤ ਉਹ ਥਮ੍ਹਲਾ ਹੈ ਜੋ ਹਨ੍ਹੇਰੇ ਤੇ ਚਾਨਣ ਦੀ ਲੁਕਣ ਮੀਟੀ ਖੇਡ ਰਿਹਾ ਹੈ। ਪਿਕਾਸੋ ਨੇ ਜਿਹੜੀ ‘ਅਮਨ ਦੀ ਘੁੱਗੀ’ ਵਾਹੀ ਸੀ, ਉਹ ਅਸਲ ਵਿਚ ਕਬੂਤਰ ਸੀ; ਪਰ ਲੋਕ ਫੇਰ ਵੀ ਉਹਨੂੰ ਘੁੱਗੀ ਹੀ ਮੰਨਦੇ ਹਨ। ਏਸ ਕਰ ਕੇ ਕਿ ਪਿਕਾਸੋ ਨੇ ਕਬੂਤਰ ਨੂੰ ਘੁੱਗੀ ਕਹਿ ਦਿੱਤਾ ਸੀ।”
“ਮੈਂ ਸਤੀ ਸਵਿੱਤਰੀ ਇਸਤਰੀ ਨਾਲ ਇਸ਼ਕ ਨਹੀਂ ਕਰ ਸਕਦਾ। ਮੇਰੀ ਮਹਿਬੂਬਾ ਵਿਚ ਥੋੜ੍ਹਾ ਜਿਹਾ ਔਗੁਣ ਹੋਣਾ ਚਾਹੀਦਾ ਐ। ਜਿਵੇਂ ਸੋਨੇ ਵਿਚ ਖੋਟ। ਇਕ ਅਜਿਹੀ ਔਰਤ ਜੋ ਉਲਝੀ ਹੋਈ ਲਿਟ ਹੋਵੇ ਜਿਸ ਨੂੰ ਮੈਂ ਸਾਰੀ ਉਮਰ ਸੁਲਝਾਉਂਦਾ ਰਹਾਂ।”
“ਮੇਰੀ ਹਰ ਰਚਨਾ ਵਿਚ ਜ਼ਾਤੀ ਤਜਰਬਾ ਸ਼ਾਮਲ ਐ। ‘ਲੋਹਾ ਕੁੱਟ’ ਦੀ ਸੰਤੀ ਮੈਂ ਹਾਂ ਤੇ ਆਪਣੇ ਆਸ਼ਕ ਨਾਲ ਦੌੜੀ ਹੋਈ ਬੈਣੋ ਵੀ ਮੈਂ। ‘ਪੱਤਣ ਦੀ ਬੇੜੀ’ ਦੀ ਦੀਪੋ ਤੇ ‘ਧੂਣੀ ਦੀ ਅੱਗ’ ਦਾ ਅਜੀਤ ਵੀ ਮੈਂ। ‘ਅਭਿਸਾਰਿਕਾ’ ਦੇ ਚਾਰੇ ਪਾਤਰਾਂ ‘ਚ ਮੈਂ ਹਾਂ।”
“ਲਿਖਣ ਲੱਗਿਆਂ ਮੈਂ ਰਚਨਾਤਮਿਕ ਨਸ਼ੇ ਵਿਚ ਗੁੱਟ ਹੁੰਦਾ ਹਾਂæææ ਚਾਹੇ ਲੁਹਾਰ ਦੀ ਭੱਠੀ ਦੇ ਸੇਕ ‘ਚ ਜਾਂ ਦਾਤਰੀ ਨੂੰ ਬਿਆਨ ਕਰ ਰਿਹਾ ਹੋਵਾਂæææ ਮੈਂ ਚਟਖਾਰੇ ਲੈ ਕੇ ਉਸ ਫ਼ਿਜ਼ਾ ਨੂੰ ਬਿਆਨ ਕਰਦਾ ਹਾਂ। ਮੇਰੇ ਪਾਠਕ ਖ਼ੁਦ ਵੀ ਅਨੰਦ ਮਾਣਦੇ ਹਨ। ਚਾਹੇ ਉਹ ਕਿਸੇ ਹੁਸੀਨ ਔਰਤ ਦੇ ਪੱਟ ਹੋਣ, ਚਾਹੇ ਉਸ ਦੀ ਲੰਮੀ ਗੁੱਤ, ਚਾਹੇ ਧੌਂਕਣੀ ਦੀ ਖੱਲ ਜਾਂ ਬੈਣੋ ਦਾ ਹੁਸਨ, ਸਭ ਪੂਜਣਯੋਗ ਹਨ।”
“ਜਦੋਂ ਉਸ ਨੇ ਨਾਟਕ ਲਿਖਣੇ ਸ਼ੁਰੂ ਕੀਤੇ ਤਾਂ ਉਸ ਸਮੇਂ ਪੰਜਾਬੀ ਸਾਹਿਤ ਵਿਚ ਕਈ ਬਲਵੰਤ ਸਨ- ਬਾਵਾ ਬਲਵੰਤ, ਬਲਵੰਤ ਸਿੰਘ ਚਤਰਥ, ਬਲਵੰਤ ਸਿੰਘ ਜੱਗਾ। ਉਸ ਆਖਿਆ, ਮੈਂ ਕੋਈ ਨਿਵੇਕਲੀ ਚੀਜ਼ ਲਿਖਾਂਗਾ, ਇਸ ਲਈ ਮੇਰਾ ਨਾਂ ਵੀ ਨਿਵੇਕਲਾ ਹੋਵੇ। ਮੇਰਾ ਨਾਂ ਭਾਵੇਂ ਤੋਤਾ ਰਾਮ ਹੋਵੇ, ਭਾਵੇਂ ਲੱਖੂ ਸ਼ਾਹæææ ਬਸ ਕੋਈ ਇਹੋ ਜਿਹਾ ਨਾਂ ਜਿਹੜਾ ਬਲਵੰਤ ਤੋਂ ਕਈ ਸੌ ਮੀਲ ਦੂਰ ਹੋਵੇ। ਤੇ ਉਸ ਨੇ ਕੁੜੀਆਂ ਵਾਲਾ ਨਾਂ ਰੱਖ ਲਿਆ-ਮਿਸਟਰ ਗਾਰਗੀ। ਇਹ ਨਾਂ ਪਹਿਲੇ ਬਹੁਤ ਹਾਸੋ-ਹੀਣਾ ਲੱਗਿਆ। ਇਹ ਇਸੇ ਤਰ੍ਹਾਂ ਸੀ ਜਿਵੇਂ ਕੋਈ ਆਖੇ ਮਾਸੀ ਚੂਨੀ ਲਾਲ ਜਾਂ ਮਿਸਟਰ ਸੁਰਿੰਦਰ ਕੌਰ।”
ਗਾਰਗੀ ਦੀ ਮੌਤ ਤੋਂ ਬਾਅਦ ਉਹ ਕੁਝ ਨਹੀਂ ਹੋਇਆ ਜੋ ਉਸ ਨੇ ਸੁਫ਼ਨੇ ‘ਚ ਹੋਈ ਆਪਣੀ ਮੌਤ ਬਾਰੇ ਲਿਖਿਆ ਸੀ, “ਉਸ ਨੇ ਦੇਖਿਆ ਕਿ ਉਸ ਦੀ ਅਰਥੀ ਜਾ ਰਹੀ ਹੈ। ਨਾਲ ਪੰਜ ਸੱਤ ਦੋਸਤ ਹਨ- ਦੇਵਿੰਦਰ ਸਤਿਆਰਥੀ, ਕਰਤਾਰ ਸਿੰਘ ਦੁੱਗਲ, ਭਾਪਾ ਪ੍ਰੀਤਮ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਤਾਰਾ ਸਿੰਘ। ਰਸਤੇ ਵਿਚ ਉਹ ਗੱਲਾਂ ਕਰਦੇ ਜਾ ਰਹੇ ਹਨ- ‘ਸਭ ਨੇ ਮਰ ਜਾਣਾ ਹੈæææ ਸਭ ਨੇæææਬੱਸ ਪਿੱਛੇæææਕੀ ਰਹਿ ਜਾਂਦੈ? ਮਿੱਟੀæææ ਤੇ ਕੁਝ ਕਿਤਾਬਾਂ। ਕਿਤਾਬਾਂ ਵੀ ਮਿੱਟੀ ਹੀ ਹਨæææਇਹ ਇਨਾਮ ਤੇ ਰੁਪਏ ਸਭ ਮਿੱਟੀ ਹਨæææ ਭਗਤ ਕਬੀਰ ਨੇ ਆਖਿਆ ਹੈ ਕਿ ਹੇ ਮਾਨੁਸ਼! æææਸਾਹਿਤ ਅਕਾਡਮੀ ਨੇ ਕਬੀਰ ਦੀਆਂ ਕਵਿਤਾਵਾਂ ਹਾਲੇ ਤੀਕ ਤਰਜਮਾ ਕਰ ਕੇ ਨਹੀਂ ਛਾਪੀਆਂæææ ਭਾਈ ਜੋਧ ਸਿੰਘ ਦਾ ਕੀ ਖ਼ਿਆਲ ਹੈ ਕਿæææ।”
“ਦਾਹ ਸਸਕਾਰ ਤੋਂ ਮੁੜ ਕੇ ਦੇਵਿੰਦਰ ਸਤਿਆਰਥੀ ਨੇ ਕਹਾਣੀ ਲਿਖੀ- ‘ਸ਼ਮਸ਼ਾਨ ਦਾ ਦੇਵਤਾ’। ਕਰਤਾਰ ਸਿੰਘ ਦੁੱਗਲ ਨੇ ਇਸ਼ਨਾਨ ਕੀਤਾ ਤੇ ਮੰਜੀ ਉਤੇ ਬੈਠ ਕੇ ਪਾਠ ਕਰਨ ਲੱਗਾ। ਭਾਪਾ ਪ੍ਰੀਤਮ ਸਿੰਘ ‘ਆਰਸੀ’ ਦੇ ਅਗਲੇ ਨੰਬਰ ਵਿਚ ਗਾਰਗੀ ਉਤੇ ਲੇਖ ਬਾਰੇ ਸੋਚਣ ਲੱਗਾ। ਅੰਮ੍ਰਿਤਾ ਪ੍ਰੀਤਮ ਨੇ ਕਵਿਤਾ ਲਿਖੀ- ਨਿੰਮ ਦੀ ਟਹਿਣੀ ਤੋਂ ਪੱਤਾ ਛਿਜਿਆ। ਤਾਰਾ ਸਿੰਘ ਨੇ ਟੀ ਹਾਊਸ ਆ ਕੇ ਆਪਣੇ ਸਾਥੀਆਂ ਗੁਲਜ਼ਾਰ ਸਿੰਘ ਸੰਧੂ ਤੇ ਰਾਜ ਗਿੱਲ ਨੂੰ ਪੋਲਾ ਜਿਹਾ ਮੂੰਹ ਬਣਾ ਕੇ ਆਖਿਆ- ਬਈ ਅੱਜ ਗਾਰਗੀ ਚਲਾਣਾ ਕਰ ਗਿਆ ਹੈ। ਅੱਜ ਹੱਸਣਾ ਨਹੀਂ। ਇਹ ਆਖ ਕੇ ਉਹ ਉੱਚੀ ਉੱਚੀ ਹੱਸਣ ਲੱਗੇ।”
ਗਾਰਗੀ ਨੇ ਲੇਖਕਾਂ ਦੇ ਰੇਖਾ ਚਿੱਤਰਾਂ ਦੇ ਨਾਂ ਬੜੇ ਖਿੱਚਪਾਊ ਰੱਖੇ। ਕਿਸੇ ਦਾ ਦੁੱਧ ਵਿਚ ਬਰਾਂਡੀ, ਕਿਸੇ ਦਾ ਸੁਰਮੇ ਵਾਲੀ ਅੱਖ, ਕਿਸੇ ਦਾ ਕੌਡੀਆਂ ਵਾਲਾ ਸੱਪ, ਜ਼ਹਿਰ ਦਾ ਪੁਜਾਰੀ, ਨਾਨਕ ਸ਼ਾਹੀ ਇੱਟ, ਨਾਟਕ ਦੀ ਨਕੜਦਾਦੀ, ਭ੍ਰਿਗੂ ਰਿਸ਼ੀ, ਜਵਾਨੀ ਦਾ ਸ਼ਾਇਰ ਤੇ ਕਿਸੇ ਦਾ ਕਾੜ੍ਹਨੀ। ਕਾੜ੍ਹਨੀ ਅਜੀਤ ਕੌਰ ਦੇ ਰੇਖਾ ਚਿੱਤਰ ਦਾ ਨਾਂ ਹੈ। ਅਜੀਤ ਕੌਰ ਦੇ ਮੂੰਹੋਂ ਬੁਲਵਾਇਐ, “ਮੇਰੀਆਂ ਹੱਡੀਆਂ ਬਲ ਗਈਆਂ। ਧੂੰਆਂ ਉਠ ਰਿਹੈ। ਉੱਬਲ ਰਹੀ ਆਂæææ ਕਾੜ੍ਹਨੀ ਵਾਂਗ਼ææ ਕਦੇ ਕਾੜ੍ਹਨੀ ਦਾ ਦੁੱਧ ਪੀਤੈ? ਕੜ੍ਹ ਕੜ੍ਹ ਕੇ ਲਾਲ ਗੇਰੂ ਹੋ ਜਾਂਦੈ।”
ਗਾਰਗੀ ਦੇ ਰਚੇ ਰੇਖਾ ਚਿੱਤਰ ਪੰਜਾਬੀ ਦੇ ਵਰਤਮਾਨ ਸਾਹਿਤ ਦਾ ਇਤਿਹਾਸ ਹਨ। ਕਵੀਆਂ, ਲੇਖਕਾਂ ਤੇ ਕਲਾਕਾਰਾਂ ਵਿਚ ਟੂਣੇਹਾਰੀ ਖਿੱਚ ਹੁੰਦੀ ਹੈ। ਉਨ੍ਹਾਂ ਦੀ ਹਰ ਚੀਜ਼ ਵਿਚ ਪਾਠਕਾਂ ਤੇ ਸਰੋਤਿਆਂ ਨੂੰ ਦਿਲਚਸਪੀ ਹੁੰਦੀ ਹੈ। ਉਹ ਕਿਸ ਤਰ੍ਹਾਂ ਰਚਨਾ ਕਰਦੇ ਹਨ, ਕੀ ਪਹਿਨਦੇ ਹਨ, ਕਿਸ ਕੈਫ਼ੇ ਵਿਚ ਬੈਠ ਕੇ ਬਹਿਰੇ ਨੂੰ ਕੀ ਆਰਡਰ ਦਿੰਦੇ ਹਨ, ਕਿਸ ਤਰ੍ਹਾਂ ਝਗੜਾ ਤੇ ਪਿਆਰ ਕਰਦੇ ਹਨ, ਇਹ ਸਾਰੀਆਂ ਗੱਲਾਂ ਇਤਿਹਾਸ ਬਣ ਜਾਂਦੀਆਂ ਹਨ। ਗਾਰਗੀ ਲਿਖਦਾ ਹੈ, “ਮੈਂ ਪ੍ਰੰਪਰਾਗਤ ਸਮਾਜ ਦਾ ਆਲੋਚਕ ਹਾਂ, ਰਵਾਇਤੀ ਕਦਰਾਂ ਤੇ ਰਵਾਇਤੀ ਇਖ਼ਲਾਕ ਦਾ ਵਿਰੋਧੀ। ਆਪਣਾ ਸੱਚ ਬੰਦਾ ਖ਼ੁਦ ਢੂੰਡਦਾ ਹੈ। ਕਈ ਵਾਰ ਖ਼ੁਦ ਨੂੰ ਵੀ ਆਪਣੇ ਸੱਚ ਦਾ ਪਤਾ ਨਹੀਂ ਹੁੰਦਾ ਜੋ ਕਈ ਵਾਰ ਰਚਨ ਸਮੇਂ ਹੀ ਉਘੜਦਾ ਹੈ। ਸਾਹਿਤਕ ਇਮਾਨਦਾਰੀ ਦਾ ਪ੍ਰਮਾਣ ਉਚੇ ਭਾਸ਼ਨ ਵਿਚ ਨਹੀਂ। ਜਿਨ੍ਹਾਂ ਬਾਰੇ ਲਿਖਿਆ ਹੈ, ਉਹਨਾਂ ਦੀ ਗਵਾਹੀ ਵਿਚ ਵੀ ਨਹੀਂ, ਸਗੋਂ ਰਚਨਾ ਅੰਦਰ ਖ਼ੁਦ ਹੀ ਸੱਚ ਦੀ ਲੋਅ ਹੁੰਦੀ ਹੈ।”
ਉਸ ਨੇ ਲੋਹਾ ਕੁੱਟ, ਸੈਲ ਪੱਥਰ, ਨਵਾਂ ਮੁੱਢ, ਕੇਸਰੋ, ਕਣਕ ਦੀ ਬੱਲੀ, ਸੋਹਣੀ ਮਹੀਂਵਾਲ, ਧੂਣੀ ਦੀ ਅੱਗ, ਗਗਨ ਮੈ ਥਾਲ, ਸੁਲਤਾਨ ਰਜ਼ੀਆ, ਸੌਂਕਣ, ਮਿਰਜ਼ਾ ਸਾਹਿਬਾਂ ਤੇ ਅਭਿਸਾਰਿਕਾ ਪੂਰੇ ਨਾਟਕ ਲਿਖੇ। ਕੁਆਰੀ ਟੀਸੀ, ਪੱਤਣ ਦੀ ਬੇੜੀ, ਚਾਕੂ ਤੇ ਪੈਂਤੜੇਬਾਜ਼ ਇਕਾਂਗੀ ਨਾਟਕ ਹਨ। ਕੱਕਾ ਰੇਤਾ ਨਾਵਲ ਹੈ ਅਤੇ ਮਿਰਚਾਂ ਵਾਲਾ ਸਾਧ, ਡੁੱਲ੍ਹੇ ਬੇਰ ਤੇ ਕਾਲਾ ਅੰਬ ਕਹਾਣੀ ਸੰਗ੍ਰਹਿ ਹਨ। ਰੰਗਮੰਚ ਤੇ ਲੋਕ ਨਾਟਕ ਖੋਜ ਪੁਸਤਕਾਂ ਅਤੇ ਨੰਗੀ ਧੁੱਪ ਸਵੈਜੀਵਨਕ ਨਾਵਲ ਹੈ। ਪਤਾਲ ਦੀ ਧਰਤੀ ਅਮਰੀਕਾ ਦਾ ਸਫ਼ਰਨਾਮਾ ਹੈ। ਅਖੇ, ਮਾਸਟਰ ਨੇ ਰੇਤੇ ਵਿਚ ਖੂੰਡੀ ਗੱਡ ਕੇ ਵਿਦਿਆਰਥੀਆਂ ਨੂੰ ਕਿਹਾ, “ਜੇ ਇਹ ਖੂੰਡੀ ਹੇਠਾਂ ਹੀ ਹੇਠਾਂ ਧਸਦੀ ਜਾਵੇ ਤਾਂ ਪਤਾਲ ਵਿਚ ਜਾ ਨਿਕਲੇਗੀ, ਉਥੇ ਅਮਰੀਕਾ ਹੈ।”
ਉਸ ਦੇ ਰੇਖਾ ਚਿੱਤਰਾਂ ਦੀਆਂ ਬਹੁ-ਚਰਚਿਤ ਪੁਸਤਕਾਂ ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਹੁਸੀਨ ਚਿਹਰੇ ਤੇ ਸ਼ਰਬਤ ਦੀਆਂ ਘੁੱਟਾਂ ਹਨ। ਉਹਦੇ ਰੇਖਾ ਚਿੱਤਰਾਂ ਦਾ ਆਰੰਭ ਹੀ ਚਕਾਚੌਂਧ ਕਰਨ ਵਾਲਾ ਹੁੰਦੈ। ਰਾਜਿੰਦਰ ਸਿੰਘ ਬੇਦੀ ਬਾਰੇ ਲਿਖਿਐ, “ਕਈ ਲੋਕ ਮੂੰਹ ਮੀਚ ਕੇ ਹੱਸਦੇ ਹਨ। ਕਈਆਂ ਦੀਆਂ ਸਿਰਫ਼ ਅੱਖਾਂ ਤੇ ਬੁੱਲ੍ਹ ਹੱਸਦੇ ਹਨ। ਕਈਆਂ ਦਾ ਮੂੰਹ, ਮੋਢੇ ਤੇ ਢਿੱਡ ਹੱਸਦਾ ਹੈ, ਪਰ ਬੇਦੀ ਦਾ ਸਾਰਾ ਵਜੂਦ ਹੱਸਦਾ ਹੈ- ਸਾਫ਼ਾ, ਦਾੜ੍ਹੀ, ਮੂੰਹ ਤੇ ਗਿੱਟੇ ਵੀ।”
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਖਾਕਾ ਇਕੋ ਵਾਕ ਵਿਚ ਖਿੱਚ ਦਿੱਤੈ- ਚਿੱਟੀ ਗੋਲ ਪੱਗ, ਬੱਤਖ਼ ਦੇ ਪਰਾਂ ਵਰਗੀ ਚਿੱਟੀ ਦਾੜ੍ਹੀ, ਚਿੱਟਾ ਚੂੜੀਦਾਰ ਪਜਾਮਾ ਤੇ ਚਿੱਟੀ ਅਚਕਨ। ਬਾਵਾ ਬਲਵੰਤ ਬਾਰੇ ਲਿਖਿਆ- ਬਾਵਾ ਬਲਵੰਤ ਦੇ ਨਾਂ ਤੋਂ ਇਓਂ ਜਾਪਦਾ ਹੈ ਜਿਵੇਂ ਡਾਕੂ ਬੰਤਾ ਸਿੰਘ ਕਈ ਸਾਲ ਡਾਕੇ ਮਾਰ ਕੇ ਸਾਧ ਹੋ ਗਿਆ ਹੋਵੇ। ਕਵੀ ਤਾਰਾ ਸਿੰਘ ਬਾਰੇ ਲਿਖਦੈ- ਉਹ ਸ਼ਕਲ ਤੋਂ ਤਰਖਾਣ ਲੱਗਦਾ ਹੈ, ਤੇ ਹੈ ਵੀ। ਹਰਿਭਜਨ ਸਿੰਘ ਦੇ ਰੇਖਾ ਚਿੱਤਰ ਦੀ ਸ਼ੁਰੂਆਤ ਇੰਜ ਹੈ: ਹਰਿ ਭਜਨ ਸਿੰਘ ਖੁੱਲ੍ਹੀ ਦਾੜ੍ਹੀ ਵਾਲਾ ਅਜਿਹਾ ਦਿਓ ਹੈ ਜੋ ਨਿੱਕੇ ਮੋਟੇ ਸਾਹਿਤਕਾਰ ਨੂੰ ਤੁਰਤ ਹੀ ਭਕਸ਼ ਕਰ ਜਾਂਦਾ ਹੈ।
ਹੋਰ ਪੜ੍ਹੋæææ ਅੰਮ੍ਰਿਤਾ ਪ੍ਰੀਤਮ ਨੇ ਸਿਗਰਟ ਸੁਲਗਾਈ ਤੇ ਬੋਲੀ: ਮੈਂ ਜੋ ਹਾਂ, ਸੋ ਹਾਂ। ਇਹ ‘ਮੈਂ’ ਹੀ ਅੰਮ੍ਰਿਤਾ ਪ੍ਰੀਤਮ ਹੈ। ਦੁੱਗਲ ਭੈੜਾ ਕਵੀ ਹੈ ਤੇ ਚੰਗਾ ਕਹਾਣੀ ਲੇਖਕ। ਮੋਹਣ ਸਿੰਘ ਚਾਹ, ਸ਼ਤਰੰਜ ਤੇ ਝੂਠ ਮਾਰਨ ਦਾ ਬਹੁਤ ਸ਼ੁਕੀਨ ਹੈ। ਗਾਰਗੀ ਨੂੰ ਕੱਦੂ ਤੋਂ ਸਖ਼ਤ ਨਫ਼ਰਤ ਹੈ। ਉਹ ਕਲਾਸਿਕੀ ਸੰਗੀਤ ਦਾ ਆਸ਼ਕ ਹੈ। ਉਸ ਦਾ ਪਹਿਲਾ ਇਸ਼ਕ ‘ਸੰਗੀਤ’ ਸੀ। ਨੰਦਾ ਨਾਟਕ ਦਾ ਰਸੀਆ ਸੀ। ਉਸ ਨੇ ਰੰਗ ਮੰਚ ਨੂੰ ਰੱਜ ਕੇ ਪਿਆਰ ਕੀਤਾ। ਤੇਜਾ ਸਿੰਘ ਰਸੀਆ ਸਨ ਸੰਗੀਤ ਦੇ, ਚਿਤਰਕਾਰੀ ਦੇ, ਅੱਛੇ ਸ਼ਬਦਾਂ ਦੇ, ਸੋਹਣੀ ਕੁੜੀ ਦੇ, ਸੋਹਣੀ ਕਵਿਤਾ ਦੇ, ਚੰਗੇ ਲੇਖ ਦੇ। ਉਹਨਾਂ ਨੇ ਸਾਹਿਤਕਾਰਾਂ ਤੇ ਲੇਖਕਾਂ ਨੂੰ ਪਿਆਰ ਦਿੱਤਾ, ਪਰ ਸਾਹਿਤ ਬਾਰੇ ਤੇਜਾ ਸਿੰਘ ਦੀ ਪਰਖ ਜੌਹਰੀ ਦੀ ਪਰਖ ਨਹੀਂ ਸੀ। ਨਾਨਕ ਸਿੰਘ ਨੇ ‘ਸਤਿਗੁਰੂ ਮਹਿਮਾ’ ਗੁਟਕੇ ਦੀ ਖੱਟੀ ਤੋਂ ਮਕਾਨ ਬਣਾਇਆ, ਸ਼ਾਦੀ ਕੀਤੀ, ਹੋਰ ਕਿਤਾਬਾਂ ਛਾਪੀਆਂ ਤੇ ਕੁਝ ਰੁਪਿਆ ਪੋਟਲੀਆਂ ‘ਚ ਬੰਨ੍ਹ ਕੇ ਸੰਦੂਕ ਵਿਚ ਵੀ ਰੱਖੀ ਰੱਖਿਆ। ਗੁਟਕੇ ਦੀਆਂ 36 ਐਡੀਸ਼ਨਾਂ ਛਪੀਆਂ ਤੇ ਇਕ ਰੁਪਏ ਦੀ ਕੀਮਤ ਵਾਲੀਆਂ 34 ਲੱਖ ਤੋਂ ਉਤੇ ਕਾਪੀਆਂ ਵਿਕੀਆਂ। ਏਨਾ ਸ਼ੁਕਰ ਕਿ ਗਾਰਗੀ ਨੇ 34 ਕਰੋੜ ਨਹੀਂ ਲਿਖਿਆ!
ਸ਼ਿਵ ਕੁਮਾਰ ਬਟਾਲਵੀ ਨਾਲ ਉਹਦਾ ਠੇਕਾ ਸੀ। ਜਦੋਂ ਉਹ ਚੰਡੀਗੜ੍ਹ ਤੋਂ ਦਿੱਲੀ ਜਾਂਦਾ ਤਾਂ ਸ਼ਿਵ ਨੂੰ ਆਪਣੇ ਨਾਲ ਲਿਜਾਂਦਾ। ਠੇਕਾ ਸੀ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦ। ਹਰਨਾਮ ਸਿੰਘ ਸ਼ਾਨ ਨੇ ਬਰਾਂਡੀ ਦਾ ਪੋਲਾ ਜਿਹਾ ਘੁੱਟ ਭਰਿਆ ਤੇ ਆਖਿਆ, “ਮੈਂ ਸ਼ਰਾਬ ਕਦੇ ਨਹੀਂ ਪੀਤੀ, ਪਰ ਸ਼ਿਮਲੇ ਵਿਚ ਜ਼ੁਕਾਮ ਦੂਰ ਕਰਨ ਲਈ ਕਦੀ ਕਦੀ ਦੁੱਧ ਵਿਚ ਬਰਾਂਡੀ ਪਾ ਕੇ ਪੀ ਲੈਂਦਾ ਸਾਂ। ਈਸ਼ਵਰ ਚਿਤਰਕਾਰ ਵਿਚ ਨਿਮਾਣੀ ਸ਼ਾਨ ਹੈ, ਹੌਸਲੇ ਭਰੀ ਯਤੀਮੀ ਜੋ ਤੁਹਾਨੂੰ ਟੁੰਬਦੀ ਹੈ ਤੇ ਤਰਸ ਲਈ ਪ੍ਰੇਰਦੀ ਹੈ। ਨਵਤੇਜ ਸਿੰਘ ਨੂੰ ਦੇਖੋ ਤਾਂ ਭੱਠੇ ਦਾ ਠੇਕੇਦਾਰ ਲੱਗਦਾ ਹੈ ਜਿਵੇਂ ਹੁਣੇ ਇੱਟਾਂ ਦਾ ਟਰੱਕ ਲਦਵਾ ਕੇ ਆਇਆ ਹੋਵੇ। ਪ੍ਰੀਤਮ ਸਿੰਘ ਸੋਫ਼ੀ ਹੈ, ਨਾ ਉਹ ਸ਼ਰਾਬ ਪੀਂਦਾ ਹੈ, ਨਾ ਇਸ਼ਕ ਕਰਦਾ ਹੈ। ਸ਼ਰਾਬ ਦੋਸਤ ਪੀਂਦੇ ਹਨ, ਚੜ੍ਹਦੀ ਪ੍ਰੀਤਮ ਸਿੰਘ ਨੂੰ ਹੈ। ਉਹ ਪਰਲੇ ਦਰਜੇ ਦਾ ਕਮੇਟੀਬਾਜ਼ ਹੈ। ਸੰਤ ਸਿੰਘ ਸੇਖੋਂ ਰੋਟੀ ਖਾਂਦਾ ਹੋਵੇ ਤਾਂ ਤੁਸੀਂ ਉਸ ਨੂੰ ਦੂਜੇ ਕਮਰੇ ਵਿਚ ਸੁਣ ਸਕਦੇ ਹੋ- ਪਚਾਕੇ ਮਾਰਦਾ, ਉਂਗਲਾਂ ਚੱਟਦਾ। ਮੋਹਣ ਸਿੰਘ ਨੇ ਦੋ ਸਾਲਾਂ ਵਿਚ ‘ਨਾਨਕਾਇਣ’ ਰਚੀ। ਰੁਪਏ ਬਹੁਤ ਥੋੜ੍ਹੇ ਮਿਲੇ, ਪ੍ਰਸੰਸਾ ਵੀ ਬਹੁਤ ਥੋੜ੍ਹੀ ਹੋਈ, ਪਰ ਮੋਹਣ ਸਿੰਘ ਦੀ ਕਾਵਿ ਕਲਾ ਦੀ ਬਦਨਾਮੀ ਬਹੁਤ ਹੋਈ!
ਗਾਰਗੀ: ਇਕ ਵਾਰ ਮੈਂ ਲੰਡਨ ਦੀ ਮੇਮ ਨੂੰ ਦੰਦਾਸਾ ਭੇਜਿਆ ਸੀ। ਇਹ ਕਹਿ ਕੇ ਕਿ ਸਾਡੇ ਪਿੰਡ ਦੀ ਲਿਪਸਟਿਕ ਏ। ਇਸ ਨੂੰ ਮਲ ਕੇ ਭਾਵੇਂ ਰੋਟੀ ਖਾਉ, ਚਾਹੇ ਸ਼ਰਾਬ ਪੀਉ, ਚਾਹੇ ਚੁੰਮੀਆਂ ਲਉ, ਇਹ ਦੰਦਾਸਾ ਨਹੀਂ ਲਹਿੰਦਾ, ਸਗੋਂ ਹੋਰ ਨਿਖਰਦਾ ਏ।
ਸ਼ਿਵ ਕੁਮਾਰ: ਚੁੰਮੀਆਂ ਲਉ ਨਹੀਂ, ਚੁੰਮੀਆਂ ਦਿਉ।
ਗਾਰਗੀ: ਮੇਮਾਂ ਚੁੰਮੀਆਂ ਦੇਂਦੀਆਂ ਨਹੀਂ, ਲੈਂਦੀਆਂ ਨੇ।
ਮੰਟੋ ਹਿੰਦੁਸਤਾਨੀ ਸਾਹਿਤ ਦਾ ਉਚਾ ਮੀਨਾਰ ਸੀ। ਅਨੋਖਾ ਸਾਹਿਤਕ ਚਮਤਕਾਰ। ਮੰਟੋ ਕੋਲ ਕਲਮ ਨਹੀਂ, ਤੇਜ਼ ਨਸ਼ਤਰ ਸੀ ਜਿਸ ਨਾਲ ਉਹ ਸਮਾਜ ਦੀਆਂ ਨਾੜੀਆਂ ਵਿਚੋਂ ਗੰਦਾ ਖੂਨ ਕੱਢਦਾ ਸੀ। ਉਹ ਹਕੀਮ ਨਹੀਂ ਸੀ, ਸਰਜਨ ਸੀ। ਰੇਸ਼ਮਾ ਦਾ ਸਰੀਰ ਭਰਵਾਂ, ਨੈਣ ਨਕਸ਼ ਤਿੱਖੇ, ਅੱਖਾਂ ਕਰੰਜੀ ਜੋ ਰੇਗਿਸਤਾਨ ਵਿਚ ਰਹਿਣ ਵਾਲੇ ਦੀਆਂ ਹੁੰਦੀਆਂ ਹਨ। ਉਸ ਦੇ ਬੁੱਲ੍ਹਾਂ ਉਤੇ ਟੱਪਰੀਵਾਸਣਾਂ ਦਾ ਖੁੱਲ੍ਹਾ ਅੰਦਾਜ਼ ਸੀ। ਸਤਿਆਰਥੀ: ਪੰਜਾਬ ਵਿਚ ਜਵਾਨ ਤੀਵੀਆਂ ਕੋਠਿਆਂ ਦੀਆਂ ਛੱਤਾਂ ‘ਤੇ ਸੌਂਦੀਆਂ ਹਨ। ਉਪਰ ਅਸਮਾਨ, ਤਾਰੇ। ਇਸ ਖੁੱਲ੍ਹੇ ਵਾਯੂਮੰਡਲ ਵਿਚ ਉਹਨਾਂ ਨੂੰ ਘੱਗਰੇ ਤੇ ਕੁੜਤੀ ਦੀ ਹੋਸ਼ ਨਹੀਂ ਰਹਿੰਦੀ। ਚੰਦ ਚਮਕ ਰਿਹਾ ਹੈ ਤੇ ਔਰਤ ਦੇ ਨੰਗੇ ਹੁਸਨ ਨੂੰ ਦੇਖ ਰਿਹਾ ਹੈ। ਲੋਕ ਕਵੀ ਆਖਦਾ ਹੈ:
ਸੂਰਜ ਤਪ ਕਰਦਾ,
ਚੰਨ ਗੋਰੀਆਂ ਰੰਨਾਂ ਦੇ ਪੱਟ ਦੇਖੇ।
ਸਾਹਿਰ ਨੂੰ ਕਿਸੇ ਨਾਲ ਵੀ ਇਸ਼ਕ ਨਹੀਂ ਸੀ। ਉਹ ਇਸ਼ਕ ਦੇ ਗੀਤ ਰਚਦਾ ਸੀ, ਪਰ ਜ਼ਰੂਰੀ ਨਹੀਂ ਸੀ ਕਿ ਉਹ ਖ਼ੁਦ ਵੀ ਇਸ਼ਕ ਵਿਚ ਰੋਂਦਾ ਫਿਰੇ। ਫ਼ਿਕਰ ਤੌਂਸਵੀ ਦੀਆਂ ਊਲ-ਜਲੂਲ ਗੱਲਾਂ ਵਿਚ ਬੇਹੱਦ ਚੋਟ ਤੇ ਸਿਆਸੀ ਸੂਝ ਸੀ। ਮਹਿੰਦਰ ਸਿੰਘ ਰੰਧਾਵਾ ਪੰਜਾਬੀ ਕਲਚਰ ਦਾ ਸ਼ਾਹ ਜਹਾਨ ਸੀ। ਦਰਿਆ-ਦਿਲ। ਭਾਪਾ ਪ੍ਰੀਤਮ ਸਿੰਘ ਗੱਪ-ਸ਼ੱਪ ਸੁਣ ਕੇ ਖ਼ੁਸ਼ ਹੁੰਦੇ ਹਨ। ਉਹ ਚੁਗਲੀ ਕਰਦੇ ਨਹੀਂ, ਚੁਗਲੀ ਸੁਣਦੇ ਹਨ। ਹਰ ਲੇਖਕ ਦਿਲ ਦੀ ਭੜਾਸ ਕੱਢ ਕੇ ਤੁਰ ਜਾਂਦਾ ਤੇ ਭਾਪਾ ਜੀ ਹੌਲਾ ਹੌਲਾ ਮਹਿਸੂਸ ਕਰਦੇ।
ਇਕ ਦਮ ਛਣ ਛਣ ਕਰਦੀ ਯਾਮਿਨੀ ਬੜੀ ਤੇਜ਼ੀ ਨਾਲ ਪਰਵੇਸ਼ ਹੋਈ। ਦਰਸ਼ਕਾਂ ਨੂੰ ਨਮਸਕਾਰਿਆ ਤੇ ਅੱਡੀ ਮਾਰ ਕੇ ਘੁੰਗਰੂਆਂ ਦੀ ਛਣਕਾਰ ਨਾਲ ਨੱਚਣ ਲੱਗੀ। ਲੰਮੀਆਂ ਲਚਕੀਲੀਆਂ ਬਾਹਵਾਂ ਤੇ ਉਂਗਲਾਂ, ਮ੍ਰਿਗ ਵਰਗੀਆਂ ਸਿਆਹ ਅੱਖਾਂ ਤੇ ਸੁਡੌਲ ਖ਼ੂਬਸੂਰਤ ਜਿਸਮ। ਉਸ ਦੇ ਨੱਚਣ ਨਾਲ ਸਾਜ਼ਾਂ ਵਿਚ ਜਾਨ ਪੈ ਗਈ। ਮਰਦੰਗ ਦੇ ਤੜਪਦੇ ਹੋਏ ਲੈਆਤਮਕ ਬੋਲ ਸਭ ਨੂੰ ਸਮਝ ਆਉਣ ਲੱਗ ਪਏ। ਨਰਤਕੀ ਨੇ ਸੁਰਾਂ ਤੇ ਲੈਆਤਮਕ ਟੁਕੜਿਆਂ ਨੂੰ ਸਾਕਾਰ ਰੂਪ ਬਖ਼ਸ਼ ਦਿੱਤਾ। ਸੈਂਕੜੇ ਮੂਰਤੀਆਂ ਜਾਗ ਉਠੀਆਂ ਉਸ ਜਾਮਣੀ ਸਰੀਰ ਵਿਚੋਂ ਜੋ ਚੰਦਨ ਵਾਂਗ ਚਮਕ ਰਿਹਾ ਸੀ।
ਗਾਰਗੀ ਦੀ ਰਚਨਾ ਮੰਡੂਏ ਦੀਆਂ ਵਿਰਲਾਂ ‘ਚੋਂ ਵੇਖੇ ਨਾਚੀਆਂ ਦੇ ਜ਼ਿੰਦਾ ਡਾਂਸ ਵਰਗੀ ਸੀ। ਕਿਸੇ ਦਾ ਲਚਕਾਰੇ ਖਾਂਦਾ ਲੱਕ ਦਿਸ ਜਾਂਦਾ, ਕਿਸੇ ਦਾ ਘੁੰਮਦਾ ਪਰਾਂਦਾ, ਕਿਸੇ ਦੀ ਗੋਰੀ ਲੱਤ, ਕਿਸੇ ਦੀ ਬਾਂਹ। ਕਿਸੇ ਦੀ ਲੰਮੀ ਧੌਣ। ਕਿਸੇ ਦੇ ਚਿੱਟੇ ਦੰਦ ਤੇ ਕਿਸੇ ਦਾ ਦੰਦਾਸਾ। ਉਹਦੀਆਂ ਲਿਖਤਾਂ ਵਿਚ ਕਸ਼ਿਸ਼ ਹੈ, ਟਕੋਰਾਂ ਹਨ, ਨੰਗੇਜ ਹੈ ਤੇ ਨਖਰਾ ਹੈ। ਉਸ ਨੂੰ ਪਰਦੇ ਦੀਆਂ ਗੱਲਾਂ ਨਸ਼ਰ ਕਰਨ ਵਾਲਾ ਪੰਜਾਬੀ ਦਾ ਅੱਵਲ ਨੰਬਰ ਲੇਖਕ ਕਿਹਾ ਜਾ ਸਕਦੈ। ਉਹਦੇ ਕਹਿਣ ਮੂਜਬ ਉਹਦੇ ‘ਚ ਜੁਰਅਤ ਸੀ ਕਿ ਉਹ ਕਹਿੰਦੇ ਕਹਾਉਂਦਿਆਂ ਦੇ ਪਰਦੇ ਫਰੋਲ ਦਿੰਦਾ ਸੀ ਤੇ ਢਕੇ ਆਪਣੇ ਵੀ ਨਹੀਂ ਸੀ ਰਹਿਣ ਦਿੰਦਾ। ‘ਨੰਗੀ ਧੁੱਪ’ ਵਿਚ ਉਸ ਨੇ ਖ਼ੁਦ ਨੂੰ ਨੰਗਾ ਕਰਨ ਤੋਂ ਕੋਈ ਸੰਕੋਚ ਨਹੀਂ ਕੀਤਾ। ਉਹ ਆਪ ਕਿਸੇ ਹੋਰ ਨਾਲ ਰਲਿਆ ਤੇ ਆਪਣੀ ਜ਼ਨਾਨੀ ਕਿਸੇ ਹੋਰ ਨਾਲ ਰਲਦੀ ਵਿਖਾਈ। ਨੇਕਡ ਟਰਾਇਐਂਗਲ!

ਗਾਰਗੀ ਨੂੰ ਮਿਲਣ ਗਿਲਣ ਦੇ ਮੌਕੇ ਤਾਂ ਮੈਨੂੰ ਕਈ ਮਿਲੇ, ਪਰ ਕਦੇ ਦਿਲ ਦੀਆਂ ਗੱਲਾਂ ਨਾ ਹੋਈਆਂ। ਨਾ ਉਹਦੀ ਲਿਖਤ ਬਾਰੇ, ਨਾ ਆਪਣੀ ਲਿਖਤ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। 1967 ਵਿਚ ਜਦੋਂ ਮੈਂ ਦਿੱਲੀ ਦਾ ਖਾਲਸਾ ਕਾਲਜ ਛੱਡ ਕੇ ਢੁੱਡੀਕੇ ਦੇ ਕਾਲਜ ਵਿਚ ਆਉਣਾ ਸੀ ਤਾਂ ਮਨ ‘ਚ ਆਈ ਕਿ ਗਾਰਗੀ ਨੂੰ ਮਿਲਦਾ ਜਾਵਾਂ ਅਤੇ ਆਪਣੀ ਨਵੀਂ ਕਹਾਣੀ ਬਾਰੇ ਉਹਦੀ ਸਲਾਹ ਲਵਾਂ। ਮੇਰੇ ਖਿਡਾਰੀਆਂ ਦੇ ਰੇਖਾ ਚਿੱਤਰ ਉਸ ਨੇ ਪੜ੍ਹੇ ਸਨ। ਮੈਂ ਫੋਨ ਕੀਤਾ ਕਿ ਮਿਲਣ ਨੂੰ ਦਿਲ ਕਰਦੈ। ਉਸ ਨੇ ਮੈਨੂੰ ਇੰਡੀਅਨ ਕਾਫੀ ਹਾਊਸ ਸੱਦ ਲਿਆ।
ਮੈਂ ਉਹਨੂੰ ਨਵੀਂ ਲਿਖੀ ਕਹਾਣੀ ‘ਉਡਦੀ ਧੂੜ ਦਿਸੇ’ ਸੁਣਾਉਣੀ ਸ਼ੁਰੂ ਕੀਤੀ ਜਿਸ ਵਿਚ ਦੁੱਲੇ ਵਾਗੀ ਤੇ ਗੱਡੀਆਂ ਵਾਲੀ ਦੇ ਇਸ਼ਕ ਦੀ ਦਾਸਤਾਨ ਸੀ। ਉਹ ਰੇਤਲੇ ਟਿੱਬੇ ‘ਤੇ ਢਾਲੂ ਕਿੱਕਰ ਹੇਠਾਂ ਮਿਲੇ ਸਨ। ਉਨ੍ਹਾਂ ਦਾ ਪਹਿਲੀ ਨਜ਼ਰੇ ਇਸ਼ਕ ਹੋ ਗਿਆ ਸੀ। ਗੱਡੀਆਂ ਵਾਲੀ ਗੱਡੀ ਨਾਲ ਬੱਝੀ ਹੋਈ ਸੀ ਤੇ ਵਾਗੀ ਵੱਗ ਨਾਲ। ਵਿਛੋੜਾ ਪੈਣਾ ਹੀ ਸੀ। ਉਤੋਂ ਕਾਲੀ ਬੋਲੀ ਹਨ੍ਹੇਰੀ ਆ ਗਈ। ਹਨ੍ਹੇਰੀ ਵਿਚ ਕੱਖ ਕਾਣ ਹੀ ਨਹੀਂ ਉਡਿਆ, ਉਨ੍ਹਾਂ ਦਾ ਇਸ਼ਕ ਵੀ ਉਡ ਗਿਆ। ਗੱਡੀਆਂ ਵਾਲੀ ਕਿਤੇ, ਦੁੱਲਾ ਕਿਤੇ। ਐਵੇਂ ਜਜ਼ਬਾਤੀ ਜਿਹੀ ਕਹਾਣੀ ਸੀ। ਬਿਨਾ ਸ਼ੱਕ ਉਹ ਮੇਰੀ ਕੱਚੀ ਪਿੱਲੀ ਲਿਖਤ ਸੀ, ਪਰ ਗਾਰਗੀ ਕਹਿੰਦਾ ਸੁਆਦ ਆ ਗਿਆ ਸੁਣ ਕੇ। ਨਾਲ ਹੀ ਉਹਨੇ ਸੁਝਾਅ ਦਿੱਤਾ, “ਹੋਰ ਵੀ ਸੁਆਦ ਆਉਂਦਾ ਜੇ ਵਾਗੀ ਤੇ ਗੱਡੀਆਂ ਵਾਲੀ ਭੋਗ ਵਿਲਾਸ ਕਰਦੇ। ਰੇਤਲੇ ਟਿੱਬੇ ‘ਤੇ ਭੋਗ ਵਿਲਾਸ! ਤਪਦੇ ਰੇਤੇ ‘ਤੇ। ਦੇਖਦਾ ਫੇਰ ਪਾਠਕ ਕਿੰਨੇ ਸੁਆਦ ਨਾਲ ਪੜ੍ਹਦੇ। ਤੇਰੀ ਏਸ ਕਹਾਣੀ ‘ਚ ਤਾਂ ਉਹ ਪ੍ਰੀਤਲੜੀ ਦੇ ਪਿਆਰ ਵਿਚ ਈ ਪਏ ਰਹੇ ਤੇ ਬਿਨਾ ਕੁਛ ਕਰੇ ਨਿੱਖੜ ਗਏ। ਜੇ ਕਹਾਣੀ ਬਣਾਉਣੀ ਐਂ ਤਾਂ ਇਹਨਾਂ ਤੋਂ ਕਰਵਾ ਕੁਛ ਨਾ ਕੁਛ। ਨਹੀਂ ਤਾਂ ਤੇਰੇ ਪਾਤਰ ਖੁਸਰੇ ਲੱਗਣਗੇ।”
ਉਦੋਂ ਤਾਂ ਮੈਨੂੰ ਏਨੀ ਸਮਝ ਨਹੀਂ ਸੀ, ਪਰ ਹੁਣ ਸਮਝਦਾਂ ਕਿ ਉਹ ਮੈਨੂੰ ਭੋਗ ਵਿਲਾਸੀ ਲੇਖਕ ਬਣਨ ਦਾ ਗੁਰ ਦੱਸ ਰਿਹਾ ਸੀ। ਉਹਦੀਆਂ ਆਪਣੀਆਂ ਲਿਖਤਾਂ ਵੀ ਭੋਗ ਵਿਲਾਸ ਦੇ ਕਾਰਿਆਂ ਨਾਲ ਲਬਰੇਜ਼ ਹਨ। ‘ਨੰਗੀ ਧੁੱਪ’ ਤੇ ‘ਕਾਸ਼ਨੀ ਵਿਹੜਾ’ ਕਾਮੁਕ ਦ੍ਰਿਸ਼ਾਂ ਨਾਲ ਭਰਪੂਰ ਹਨ। ਪਾਠਕ ਸੁਆਦ ਸੁਆਦ ਵਿਚ ਪੜ੍ਹੀ ਜਾਂਦੈ। ਆਪਣੇ ਜਾਣੇ ਉਹ ਸਮਾਜ ਦਾ ਸੱਚ ਪੇਸ਼ ਕਰ ਰਿਹੈ। ਉਹ ਲਿਖਦਾ ਹੈ, “ਅਸਲੀਅਤ ਕੀ ਹੈ? ਸੱਚ ਕੀ ਹੈ? ਇਹ ਹਮੇਸ਼ਾ ਸਾਪੇਖਕ ਹੁੰਦਾ ਹੈ। ਇਕੋ ਵੇਲੇ ਔਰਤ ਜਾਂ ਮਰਦ ਬਾਰੇ ਤਿੰਨ ਹਜ਼ਾਰ ਜਾਂ ਤਿੰਨ ਲੱਖ ਪ੍ਰਤੀਵਿਰੋਧੀ ਗੱਲਾਂ ਸੱਚ ਹੋ ਸਕਦੀਆਂ ਹਨ। ਸੱਚ ਕਈ ਵਾਰ ਨੰਗਾ ਹੁੰਦਾ ਹੈ, ਕਈ ਵਾਰ ਲੁਕਿਆ ਹੋਇਆ। ਕਈ ਵਾਰ ਸਾਧ, ਕਈ ਵਾਰ ਚੋਰ। ਮੈਂ ਸਾਧ ਤੇ ਚੋਰ ਦੋਹਾਂ ਨੂੰ ਫੜ ਕੇ ਪਾਠਕ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ।”
ਗਾਰਗੀ ਭਾਵੇਂ ਨਾਟਕ ਲਿਖ ਰਿਹਾ ਹੁੰਦਾ, ਭਾਵੇਂ ਕਹਾਣੀਆਂ, ਭਾਵੇਂ ਨਾਵਲ ਤੇ ਭਾਵੇਂ ਰੇਖਾ ਚਿਤਰ, ਮੱਲੋਜ਼ੋਰੀ ਪਾਠਕਾਂ ਨੂੰ ਔਰਤ ਦੇ ਅੰਗਾਂ ਵੱਲ ਲੈ ਜਾਂਦਾ। ਤਾਰਾ ਸਿੰਘ ਕਾਮਲ ਦੇ ਰੇਖਾ ਚਿੱਤਰ ਦਾ ਲਮਕਾਇਆ ਅੰਤ ਵੇਖੋ:
ਤਾਰਾ ਸਿੰਘ ਨੇ ਉਤਰ ਦਿੱਤਾ, “ਤਿੰਨ ਮਹੀਨੇ ਹੋਏ ਮੈਂ ਇਕ ਕਵਿਤਾ ਸ਼ੁਰੂ ਕੀਤੀ ਸੀ, ਹਾਲੇ ਤੀਕ ਮੁਕੰਮਲ ਨਹੀਂ ਹੋਈ। ਉਹਨੀਂ ਦਿਨੀਂ ਅਜਿਹਾ ਵਾਕਿਆ ਹੋਇਆ ਜਿਸ ਨੇ ਮੈਨੂੰ ਕਵਿਤਾ ਲਿਖਣ ਲਈ ਪ੍ਰੇਰਿਆ। ਸਾਡੀ ਗਲੀ ਵਿਚ ਇਕ ਕੁੜੀ ਜਵਾਨ ਹੋ ਰਹੀ ਸੀ। ਮਹੱਲੇ ਦੇ ਸਾਰੇ ਮੁੰਡੇ ਉਸ ਨੂੰ ਤੱਕਦੇ ਤੇ ਅੱਖਾਂ ਸੇਕਦੇ। ਕੁੜੀ ਵੀ ਕੋਠੇ ‘ਤੇ ਚੜ੍ਹ ਕੇ ਵਾਲ ਸੁਕਾਉਂਦੀ ਹੋਈ ਮੁੰਡਿਆਂ ਨੂੰ ਤੱਕਦੀ। ਇਸ ਕੁੜੀ ਵਿਚ ਸ਼ਬਾਬ ਅੰਗੜਾਈ ਲੈਣ ਲੱਗਾ ਸੀ। ਮੈਨੂੰ ਖ਼ਿਆਲ ਫੁਰਿਆ ਕਿ ਇਸ ਕੁੜੀ ਦੇ ਅੰਗਾਂ ਵਿਚ ਸੇਕ ਮਘ ਰਿਹਾ ਹੈ ਤੇ ਕੁੜੀ ਦੇ ਨਿਤੰਬਾਂ ਵਿਚ ਗੁਲਾਈਆਂ ਭਰ ਰਹੀਆਂ ਹਨæææ।”
“ਨਿਤੰਬਾਂ ਕੀ?” ਮੈਂ ਪੁੱਛਿਆ।
“ਸੰਸਕ੍ਰਿਤ ਵਿਚ ਔਰਤ ਦੇ ਇਸ ਅੰਗ ਨੂੰ ਨਿਤੰਬਾਂ ਹੀ ਆਖਦੇ ਹਨ।”
“ਨਿਤੰਬਾਂ ਦੇ ਕੀ ਅਰਥ ਹਨ?” ਮੈਂ ਫੇਰ ਪੁੱਛਿਆ।
“ਨਿਤੰਬ ਨਹੀਂ ਜਾਣਦੇ ਤੁਸੀਂ? ਇਹ ਤਾਂ ਸ਼ਬਦ ਈ ਇਹੋ ਜਿਹਾæææ ਇਸ ਦੇ ਅਰਥ ਸਪਸ਼ਟ ਹਨ। ਸ਼ਬਦਾਂ ਦੀ ਧੁਨੀ ਤੋਂ ਹੀ ਕਈ ਵਾਰ ਅਰਥਾਂ ਦਾ ਪਤਾ ਲੱਗ ਜਾਂਦਾ ਜਿਵੇਂ ਕੌੜਤੂੰਬਾ, ਭੁੱਚਰ, ਭਵੋਲਾ; ਇਸੇ ਤਰ੍ਹਾਂ ਇਹ ਸ਼ਬਦ ਹੈ: ਨਿਤੰਬ।”
“ਮੈਂ ਨਹੀਂ ਸਮਝਿਆ।”
ਉਹ ਬੋਲਿਆ, “ਕਾਲੀਦਾਸ ਨੇ ਔਰਤ ਦੀ ਸੁੰਦਰਤਾ ਬਿਆਨ ਕਰਦਿਆਂ ਉਸ ਦੇ ਜਿਸਮ ਦੇ ਅੰਗਾਂ ਨੂੰ ਰੂਪਮਾਨ ਕੀਤਾ ਹੈ। ਉਹ ਹਮੇਸ਼ਾ ਉਸ ਸੁੰਦਰੀ ਦੀ ਸਿਫ਼ਤ ਕਰਦਾ ਹੈ ਜੋ ਹਾਥੀ ਵਾਂਗ ਝੂਲਦੀ ਹੋਈ ਤੁਰਦੀ ਹੈ ਅਤੇ ਜਿਸ ਦੇ ਨਿਤੰਬਾਂ ਵਿਚæææ।”
ਮੈਂ ਆਖਿਆ, “ਤੂੰ ਦਸ ਵਾਰ ਨਿਤੰਬਾਂ ਨਿਤੰਬਾਂ ਕਿਹੈ। ਬੜਾ ਮੁਸ਼ਕਿਲ ਹੈ ਸੰਸਕ੍ਰਿਤ ਦਾ ਇਹ ਸ਼ਬਦ। ਪੰਜਾਬੀ ਵਿਚ ਇਸ ਨੂੰ ਕੀ ਆਖਦੇ ਹਨ?”
ਉਸ ਆਖਿਆ, “ਜਦੋਂ ਕੁੜੀ ਜਵਾਨ ਹੁੰਦੀ ਹੈ ਤਾਂ ਉਸ ਦੇ ਅੰਗਾਂ ਵਿਚ ਗੁਲਾਈਆਂ ਆ ਜਾਂਦੀਆਂ ਹਨæææ।”
“ਪੱਟਾਂ ਉਤੇ?”
“ਨਹੀਂ ਗਾਰਗੀ ਸਾਹਿਬ, ਪੱਟਾਂ ਉਤੇ ਨਹੀਂ।”
“ਛਾਤੀਆਂ ਉਤੇ?”
“ਨਹੀਂ ਜੀ, ਛਾਤੀਆਂ ਦੀ ਗੁਲਾਈ ਦੀ ਗੱਲ ਨਹੀਂ।”
ਮੈਂ ਹੈਰਾਨ ਹੋ ਕੇ ਪੁੱਛਿਆ, “ਫੇਰ ਢਾਕਾਂ ਉਤੇ?”
“ਬੱਸ਼ææ ਤੁਸੀਂ ਕੁਝ ਨੇੜੇ ਪਹੁੰਚ ਗਏ ਹੋ। ਉਰਦੂ ਵਿਚ ਇਸ ਨੂੰ ਕੂਲ੍ਹੇ ਆਖਦੇ ਹਨ।”
“ਤੂੰ ਇਸ ਦਾ ਨਾਂ ਕਿਉਂ ਨਹੀਂ ਲੈਂਦਾ? ਇਸ ਨੂੰ ਸੰਸਕ੍ਰਿਤ ਵਿਚ ਕਿਉਂ ਆਖਦਾ ਸੈਂ?”
ਤਾਰਾ ਸਿੰਘ ਜੋ ਯਾਰਾਂ ਦੋਸਤਾਂ ਵਿਚ ਅਸ਼ਲੀਲ ਟਿੱਚਰਾਂ ਦਾ ਬਾਦਸ਼ਾਹ ਹੈ ਤੇ ਮਜ਼ੇ ਨਾਲ ਟੱਲ ਵਰਗੀ ਗਾਲ੍ਹ ਕੱਢ ਸਕਦਾ ਹੈ, ਇਸ ਸਮੇਂ ਸ਼ਰਮਾ ਰਿਹਾ ਸੀ। ਉਸ ਦੇ ਤੇਲੀਆ ਚਿਹਰੇ ਉਤੇ ਸੁਰਮਈ ਸੁਰਖ਼ੀ ਦੌੜ ਗਈæææ।
ਇਹ ਕਵੀ ਤਾਰਾ ਸਿੰਘ ਦੇ ਰੇਖਾ ਚਿੱਤਰ ਦਾ ਅੰਤ ਹੈ। ਪਾਠਕ ਸੋਚ ਸਕਦੇ ਹਨ ਕਿ ਅੰਤ ਨੂੰ ਏਨਾ ਲਮਕਾਉਣ ਦਾ ਕੀ ਮਤਲਬ ਸੀ? ਮਤਲਬ ਗਾਰਗੀ ਦਾ ਲੁੱਚ-ਪਹੁ ਸੀ!
‘ਨੰਗੀ ਧੁੱਪ’ ਵਿਚ ਤਾਂ ਉਸ ਨੇ ਗੱਲ ਸਿਰੇ ਹੀ ਲਾ ਦਿੱਤੀ। ‘ਨੰਗੀ ਧੁੱਪ’ ਵਿਚ ਹੀ ਗਾਰਗੀ ਨੇ ਗਰਾਜ ‘ਚ ਭੋਗ ਵਿਲਾਸ ਦਾ ਜੋ ਨਜ਼ਾਰਾ ਪੇਸ਼ ਕੀਤਾ, ਉਹਦੀ ਤਾਂ ਇਥੇ ਮਿਸਾਲ ਦੇਣੀ ਵੀ ਵਾਜਬ ਨਹੀਂ। ਉਹ ਤਾਂ ਕੋਕ ਸ਼ਾਸਤਰ ਦੇ ਆਸਣਾਂ ਨੂੰ ਵੀ ਮਾਤ ਪਾਉਣ ਵਾਲਾ ਹੈ। ਪੰਜਾਬੀ ਵਿਚ ਅਜਿਹਾ ਗੰਦ ਗਾਰਗੀ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਲੇਖਕ ਨੇ ਪਾਇਆ ਹੋਵੇ। ਕੀ ਹੈ ਅਜਿਹੇ ਸਾਹਿਤ ਦਾ ਲਕਸ਼?
ਸੰਤੋਖ ਸਿੰਘ ਧੀਰ ਦਾ ਰੇਖਾ ਚਿਤਰ ਉਹ ਇੰਜ ਸ਼ੁਰੂ ਕਰਦਾ ਹੈ, “ਨਿਹੰਗਾਂ ਦੇ ਡੇਰੇ ਸਵੇਰੇ ਸਵੇਰੇ ਘੋਟਣਾ ਖੜਕਦਾ ਹੈ, ਪੁਜਾਰੀ ਦੇ ਮੰਦਰ ਵਿਚ ਟੱਲ ਤੇ ਜਿਸ ਘਰ ਧੀਰ ਠਹਿਰਿਆ ਹੋਵੇ, ਉਥੇ ਸਵੇਰੇ ਸਵੇਰੇ ਸੁਰਮਚੂ ਖੜਕਦਾ ਹੈ।æææ ਧੀਰ ਆਖਦਾ ਹੈ, ਜਦ ਤਕ ਮੈਂ ਸੁਰਮਾ ਨਾ ਪਾਵਾਂ, ਮੈਨੂੰ ਸਾਫ਼ ਨਹੀਂ ਦਿਸਦਾ। ਸੁਰਮੇ ਨੂੰ ਉਹ ਕਛਹਿਰੇ ਤੇ ਝੱਗੇ ਵਾਂਗ ਪਾਉਂਦਾ ਹੈ।” ਅਜਿਹੀ ਸ਼ੁਰੂਆਤ ਨਾਲ ਉਹ ਪਾਠਕਾਂ ਨੂੰ ਹੋਰ ਅੱਗੇ ਪੜ੍ਹਨ ਲਈ ਉਤੇਜਿਤ ਕਰਦਾ ਹੈ, ਉਹੀ ‘ਨਿਤੰਬਾਂ’ ਵਰਗੀ ਕਲਾ ਵਰਤਾਉਣ ਲੱਗਦਾ ਹੈ।
ਅਸਲ ਵਿਚ ਗਾਰਗੀ ਨੂੰ ਆਪੂੰ ਸਿਰਜੇ ਸੰਵਾਦ ਕਿਸੇ ਹੋਰ ਦੇ ਮੂੰਹ ਵਿਚ ਪਾਉਣ ਦੀ ਆਦਤ ਸੀ। ਅਜੀਤ ਕੌਰ ਕਹਿੰਦੀ ਹੈ, “ਬਗਾਨੇ ਸ਼ਹਿਰ ਵਿਚ ਦੋਸਤ ਅਚਾਰ ਵਾਂਗ ਹਨ, ਰੋਟੀ ਵਾਂਗ ਨਹੀਂ। ਇਕ ਵਾਰ ਮੈਂ ਬੰਬਈ ਗਈ ਤਾਂ ਇਕ ਸ਼ਾਮ ਤਰਕਾਲਾਂ ਵੇਲੇ ਮੈਰਿਨ ਡਰਾਈਵ ਉਤੇ ਸਮੁੰਦਰ ਦੇ ਕੰਢੇ ਕੰਢੇ ਤੁਰਦੀ ਗਈ। ਰਾਤ ਹੋ ਗਈ। ਕੋਲੋਂ ਲੰਘਦੇ ਲੋਕ ਆਖਦੇ ‘ਹੈਲੋ ਸਵੀਟ ਹਰਟ!’ ਤੇ ‘ਹਊ ਮੱਚ ਫ਼ਾਰ ਦੀ ਨਾਈਟ?’ ਉਹਨਾਂ ਦੇ ਫ਼ਿਕਰੇ ਜਿਵੇਂ ਕੋਈ ਗਿਜਗਿਜੀ ਚੀਜ਼ ਨੰਗੀ ਪਿੱਠ ਉਤੇ ਰੀਂਗਦੀ ਹੋਵੇ। ਰਾਤੀਂ ਥੱਕ ਹਾਰ ਕੇ ਵਾਪਸ ਮੁੜੀ। ਸਮੁੰਦਰ ਦਾ ਕੰਢਾ ਮੈਨੂੰ ਉਦਾਸ ਕਰਦਾ ਹੈ। ਕਿਹੋ ਜਿਹੀ ਮਜਬੂਰੀ ਹੈ? ਭੁੱਖ ਲੱਗਣੀ, ਰੋਟੀ ਖਾਣੀ, ਨੀਂਦਰ ਆਉਣੀ, ਪਸੀਨਾ ਆਉਣਾ, ਨਹਾਉਣਾ, ਨਹੁੰ ਕੱਟਣੇ ਤੇ ਕਿਸੇ ਦੀ ਛਾਤੀ ਉਤੇ ਸਿਰ ਰੱਖਣ ਲਈ ਵਿਲਕਣਾ। ਕੀ ਇਹ ਸਾਰੀਆਂ ਮਜਬੂਰੀਆਂ ਇਕੋ ਪੱਧਰ ਦੀਆਂ ਹਨ? ਸਮਝ ਨਹੀਂ ਆਉਂਦੀæææ ਸਮੁੰਦਰ ਮੈਨੂੰ ਉਦਾਸ ਕਰਦਾ ਹੈ। ਵੀਰਾਨ ਪਹਾੜ ਵੀ ਤੇ ਦੂਰ ਦੂਰ ਤਕ ਫੈਲਿਆ ਰੇਗਿਸਤਾਨ ਵੀ। ਕੋਈ ਚੱਟਾਨ, ਕੋਈ ਟਿੱਬਾ, ਕੋਈ ਸੁੰਨਾ ਵਾਵਰੋਲਾæææ ਹਵਾ ਦਾ ਬੁਰਜ, ਘੁੰਮਦਾ ਹੋਇਆ ਖੋਖਲਾ ਕੁਤਬ ਮੀਨਾਰ।” ਕੀ ਇਹ ਸੱਚਮੁੱਚ ਅਜੀਤ ਕੌਰ ਦੇ ਸੰਵਾਦ ਸਨ? ਮੈਨੂੰ ਤਾਂ ਸਿਰਫ਼ ਸੁਆਦ ਲੈਣ ਲਈ ਲਿਖੇ ਗਏ ਲੱਗਦੇ ਹਨ।
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਤੋਂ ਬੁਲਵਾਇਆ ਹੈ, “ਨੰਗਾ ਜਿਸਮ ਬਹੁਤ ਹੁਸੀਨ ਚੀਜ਼ ਹੈ, ਪਰ ਇਸ ਤੋਂ ਬਦਸੂਰਤ ਸ਼ੈਅ ਵੀ ਕੋਈ ਨਹੀਂ। ਕਪੜਿਆਂ ਦਾ ਤੇ ਮਨੁੱਖ ਦੀ ਸੋਚ ਦਾ ਬੜਾ ਤੁਅੱਲਕ ਹੈ। ਜਿਹੜੇ ਲੋਕ ਪੋਚ ਪੋਚ ਕੇ ਪਗੜੀ ਬੰਨ੍ਹਦੇ ਹਨ ਤੇ ਹਰ ਵੇਲੇ ਘੁੱਟਵਾਂ ਪਜਾਮਾ ਪਾਈ ਰੱਖਦੇ ਹਨ, ਉਨ੍ਹਾਂ ਦੇ ਖ਼ਿਆਲ ਵੀ ਘੁੱਟਵੇਂ ਪਜਾਮਿਆਂ ਵਰਗੇ ਹੁੰਦੇ ਹਨ। ਸਮੁੰਦਰ ਦੇ ਰੇਤਲੇ ਕੰਢੇ ਉਤੇ ਲੇਟ ਕੇ ਆਦਮੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤੇ ਅਚਕਨ ਪਾ ਕੇ ਹੋਰ ਤਰ੍ਹਾਂ ਦੀਆਂ।”
ਸੇਖੋਂ ਦਾ ਇਕ ਹੋਰ ਗਾਰਗੀਨੁਮਾ ਸੰਵਾਦ ਸੁਣੋ, “ਮੈਂ ਪੰਜਾਬੀ ਵਿਚ ਲਿਖ ਲਿਖ ਤੇ ਦੇਸੀ ਵਿਸਕੀ ਪੀ ਪੀ ਅੱਕ ਗਿਆ ਹਾਂ। ਜੀ ਚਾਹੁੰਦਾ ਹੈ ਸ਼ੈਮਪੇਨ ਹੋਵੇæææ ਵਾਈਨ, ਅੰਗੂਰਾਂ ਦਾ ਨਸ਼ੀਲਾ ਰਸ। ਇਥੇ ਕੀ ਪੀਈਏ? ਬਿਹਤਰ ਹੈ ਯੂਰਪ ਜਾਵਾਂ ਤੇ ਉਥੇ ਦਸ ਸਾਲ ਰਹਾਂ ਤੇ ਇਸ ਜਨਮ ਨੂੰ ਸਫਲਾ ਕਰਾਂ।” ਸੇਖੋਂ ਨੇ ਇਹ ਹਰਗਿਜ਼ ਨਹੀਂ ਕਿਹਾ ਹੋਣਾ। ਬਲਵੰਤ ਗਾਰਗੀ ਜੀਂਦਾ ਹੁੰਦਾ ਤਾਂ ਜਵਾਬ ਦਿੰਦਾ, “ਮੈਂ ਲੇਖਕਾਂ ਦੇ ਮੂੰਹੋਂ ਜੋ ਕੁਝ ਬੁਲਵਾਇਆ, ਜੇ ਉਨ੍ਹਾਂ ਦੇ ਮੂੰਹ ‘ਤੇ ਨਹੀਂ ਤਾਂ ਦਿਲ ਵਿਚ ਤਾਂ ਜ਼ਰੂਰ ਸੀ! ਸੇਖੋਂ ਦਿਲੋਂ ਚਾਹੁੰਦਾ ਸੀ, ਬਈ ਮੈਂ ਐਸ਼ ਕਰਾਂ। ਮੈਂ ਕੋਈ ਝੂਠ ਬੋਲਿਆ?”
ਗਾਰਗੀ: ਲੋਕ ਨੰਗੇਜ ਨੰਗੇਜ ਦਾ ਰੌਲਾ ਪਾਉਂਦੇ ਨੇ। ਤੇਰਾ ਇਸ ਬਾਰੇ ਕੀ ਵਿਚਾਰ ਹੈ?
ਸੇਖੋਂ: ਮੈਂ ਨੰਗੇਜ ਦਾ ਹਾਮੀ ਹਾਂ। ਲੋਕਾਂ ਨੂੰ ਇਹ ਨਹੀਂ ਪਤਾ ਕਿ ਮੁਹੱਬਤ, ਕਵਿਤਾ, ਚਿੱਤਰਕਾਰੀ ਵਿਚ ਨੰਗੇਜ ਜ਼ਰੂਰੀ ਹੈ। ਕੱਲ੍ਹ ਨੂੰ ਤੁਸੀਂ ਕਹੋਗੇ ਕਿ ਆਪਣੀਆਂ ਵਹੁਟੀਆਂ ਨਾਲ ਪਿਆਰ ਕਰੋ, ਬੱਚੇ ਪੈਦਾ ਕਰੋ, ਪਰ ਨੰਗੇ ਨਾ ਹੋਵੋ। ਇਹ ਬਹੁਤ ਵੱਡਾ ਝੂਠ ਹੈ। ਪਹਿਲਵਾਨਾਂ ਨੂੰ ਦੇਖੋ, ਨੰਗੇ ਕੁਸ਼ਤੀ ਲੜਦੇ ਕਿੰਨੇ ਸੁਹਣੇ ਲਗਦੇ ਨੇæææ।
ਸਾਫ਼ ਪਤਾ ਲੱਗਦੈ ਕਿ ਗਾਰਗੀ ਮੱਲੋਮੱਲੀ ਸੇਖੋਂ ਨੂੰ ਨੰਗੇਜ ਦੇ ਹੱਕ ਵਿਚ ਭੁਗਤਾ ਰਿਹੈ। ਕਿਥੇ ਕੰਜਰੀ ਦਾ ਨੰਗੇਜ ਤੇ ਕਿਥੇ ਕੁਸ਼ਤੀ ਲੜਦੇ ਭਲਵਾਨ ਦਾ?
ਗਾਰਗੀ ਖ਼ੁਸ਼ਵੰਤ ਸਿੰਘ ਬਾਰੇ ਲਿਖਦਾ ਹੈ, “ਉਸ ਨੂੰ ਲੋਕਾਂ ਦੇ ਲੁਕੇ ਰਾਜ਼, ਕਮੀਨਗੀ, ਦਰਿਆਦਿਲੀ ਤੇ ਬੇਵਕੂਫ਼ੀ ਬਾਰੇ ਬੇਸ਼ੁਮਾਰ ਕਿੱਸੇ ਯਾਦ ਹਨ। ਉਹ ਤੀਵੀਆਂ ਨਾਲ ਭੋਗ ਵਿਲਾਸ ਕਰਨ, ਉਹਨਾਂ ਦੇ ਠੰਢੇ ਤੇ ਗਰਮ ਸੁਭਾਅ ਬਾਰੇ, ਉਹਨਾਂ ਦੀਆਂ ਛਾਤੀਆਂ ਤੇ ਪੱਟਾਂ ਬਾਰੇ ਤੇ ਤੁਰਤ ਇਸ਼ਕਾਂ ਬਾਰੇ ਮਸਾਲੇਦਾਰ ਗੱਲਾਂ ਕਰਦਾ ਹੈ। ਕਾਫ਼ੀ ਪੀਂਦਾ ਜਾਂ ਪਾਨ ਚੱਬਦਾ ਉਹ ਹੱਸ ਹੱਸ ਦੂਜਿਆਂ ਦੀ ਖੱਲ ਲਾਹੁੰਦਾ ਹੈ। ਉਸ ਦੀ ਨਜ਼ਰ ਪਖੰਡ ਨੂੰ, ਸਾਹਿਤਕਾਰਾਂ ਦੀਆਂ ਫੜ੍ਹਾਂ ਨੂੰ, ਪੁੱਠੀਆਂ ਕੀਮਤਾਂ ਨੂੰ, ਵਸਤਰਾਂ ਦੇ ਅੰਦਰਲੇ ਅਸਤਰ ਨੂੰ, ਅੰਗੀਆਂ ਵਿਚ ਲੁਕੇ ਜਿਨਸੀ ਰੂਪ ਨੂੰ ਝੱਟ ਤਾੜ ਜਾਂਦੀ ਹੈ।” ਇਹਦੇ ਵਿਚ ਗਾਰਗੀ ਵੱਲੋਂ ਇਹੋ ਲਿਖਣਾ ਰਹਿ ਗਿਐ ਕਿ ਉਹ ਆਪ ਵੀ ਤਾਂ ਇਹੋ ਕੁਝ ਕਰਦਾ ਹੈ!
ਖੁਸ਼ਵੰਤ ਸਿੰਘ ਬੋਲਿਆ, “ਪੱਛਮੀ ਤਰੀਕੇ ਨਾਲ ਪੁਰਸ਼ ਔਰਤ ਨੂੰ ਪਹਿਲਾਂ ਗੱਲਬਾਤ ਕਰ ਕੇ, ਕੋਈ ਕਵਿਤਾ ਦੀ ਟੂਕ ਜਾਂ ਹੁਸੀਨ ਖ਼ਿਆਲ ਜਾਂ ਤਾਰੀਫ਼ੀ ਫਿਕਰਾ ਕਹਿ ਕੇ ਗਰਮਾਉਂਦੇ ਹਨ, ਉਸ ਨੂੰ ਪਿਘਲਾਉਂਦੇ ਹਨ, ਨਰਮ ਕਰਦੇ ਹਨ। ਉਥੇ ਕੋਰਟਸ਼ਿਪ ਦਾ ਰਿਵਾਜ਼ ਹੈ। ਕੋਰਟਸ਼ਿਪ ਵਰਗਾ ਲਫ਼ਜ਼ ਪੰਜਾਬੀ ਵਿਚ ਨਹੀਂ। ਭਲਾ ਦੱਸ, ਤੀਵੀਂ ਨੂੰ ਵਾਰਮ-ਅੱਪ ਕਰਨ ਨੂੰ ਕੀ ਆਖਦੇ ਹਨ?”
ਗਾਰਗੀ ਨੇ ਸੋਚ ਕੇ ਆਖਿਆ, “ਪਸਮਾਉਣਾ।”
“ਪਸਮਾਉਣਾ? ਇਹ ਲਫ਼ਜ਼ ਤਾਂ ਮੱਝਾਂ ਗਾਈਆਂ ਲਈ ਵਰਤਿਆ ਜਾਂਦਾ ਹੈ। ਦੁੱਧ ਚੋਣ ਤੋਂ ਪਹਿਲਾਂ ਗਾਂ ਦੇ ਥਣਾਂ ਨੂੰ ਛਿੱਟੇ ਮਾਰ ਕੇ ਪਸਮਾਉਂਦੇ ਹਨ। ਬਹੁਤੇ ਪੰਜਾਬੀ ਤੀਵੀਂ ਨੂੰ ਵੀ ਗਾਂ-ਮੱਝ ਹੀ ਸਮਝਦੇ ਹਨ।”
ਗਾਰਗੀ ਵੱਲੋਂ ਅਜਿਹੇ ਸੰਵਾਦ ਖੁਸ਼ਵੰਤ ਸਿੰਘ ਦੇ ਮੂੰਹੋਂ ਬੁਲਵਾਉਣਾ ਪਾਠਕਾਂ ਨੂੰ ਪਸਮਾਉਣਾ ਹੀ ਕਿਹਾ ਜਾ ਸਕਦੈ!
(ਚਲਦਾ)