ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨੀਂ ਦਮਨ ਸਿੰਘ ਦੀ ਆਪਣੇ ਮਾਪਿਆਂ ਬਾਰੇ ਲਿਖੀ ਜੀਵਨੀ (ਸਟਰਿਕਟਲੀ ਪਰਸਨਲ: ਮਨਮੋਹਨ ਤੇ ਗੁਰਸ਼ਰਨ, ਹਾਰਪਰ ਕਾਲਿਨਜ਼) ਪੜ੍ਹਨ ਉਪਰੰਤ ਲੇਖਿਕਾ ਦੀ ਸ਼ੈਲੀ ਤੇ ਬਿਰਤਾਂਤ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਅਸੀਂ ਚੰਡੀਗੜ੍ਹ ਸਾਹਿਤ ਅਕਾਡਮੀ ਵਲੋਂ ਉਹਦੇ ਨਾਲ ਰੂ-ਬ-ਰੂ ਕਰਵਾਏ ਬਿਨਾ ਨਾ ਰਹਿ ਸਕੇ। ਇਹ ਜੀਵਨੀ ਕੇਵਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸੰਕੋਚਵੀਂ ਬੋਲ-ਬਾਣੀ ਹੀ ਨਹੀਂ ਉਘਾੜਦੀ ਸਗੋਂ
ਉਸ ਦੀ ਬੇਬਾਕ ਜੀਵਨ ਸਾਥਣ ਗੁਰਸ਼ਰਨ ਕੌਰ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਤੇ ਅਪਣੀਆਂ ਤਿੰਨਾਂ ਧੀਆਂ ਦੇ ਪਾਲਣ ਪੋਸਣ ਵਿਚ ਨਿਭਾਈ ਜ਼ਿੰਮੇਵਾਰੀ ਉਤੇ ਵੀ ਚਾਨਣਾ ਪਾਉਂਦੀ ਹੈ। 2009 ਤੋਂ 2014 ਤੱਕ ਪੰਜ ਸਾਲ ਲਾ ਕੇ ਲਿਖੀ ਇਸ ਜੀਵਨੀ ਵਿਚ ਲੇਖਿਕਾ ਨੇ ਪਿਤਾ ਵਲੋਂ ਖਿੱਚੀ ਲਕਸ਼ਮਣ ਰੇਖਾ ਵਿਚ ਸੀਮਤ ਰਹਿੰਦਿਆਂ ਆਪਣੇ ਮਾਪਿਆਂ ਦੀ ਸਿੱਧ ਫੁੱਟ ਨੂੰ ਕਲਾਮਈ ਢੰਗ ਨਾਲ ਚਿਤਰਿਆ ਹੈ। ਸਾਰੀ ਜਾਣਕਾਰੀ ਮਾਤਾ-ਪਿਤਾ ਨੂੰ ਖਾਂਦੇ-ਪੀਂਦੇ, ਬਹਿੰਦੇ-ਉਠਦੇ ਤੇ ਸਾਕਾਂ-ਸਬੰਧੀਆਂ ਨਾਲ ਵਿਚਰਦੇ ਪਲਾਂ ਸਮੇਂ ਕੀਤੇ ਪ੍ਰਸ਼ਨਾਂ ਦੇ ਉਤਰਾਂ ਉਤੇ ਆਧਾਰਤ ਹੈ। ਲੇਖਿਕਾ ਨੇ ਇਸ ਨੂੰ ਅਤਿਅੰਤ ਪੜ੍ਹਨਯੋਗ ਤੇ ਮਾਨਣਯੋਗ ਸ਼ੈਲੀ ਵਿਚ ਪੇਸ਼ ਕੀਤਾ ਹੈ। ਉਸ ਵਿਚ ਲੇਖਿਕਾ ਦਾ ਆਪਣਾ ਬਚਪਨ, ਸਿੱਖਿਆ, ਪ੍ਰੇਰਨਾ ਸ੍ਰੋਤ, ਅਨੁਭਵ ਤੇ ਲੇਖਣੀ ਰਲਗਡ ਹੋਣ ਕਾਰਨ ਇਹ ਮਨਮੋਹਨ, ਗੁਰਸ਼ਰਨ ਤੇ ਦਮਨ ਦੀ ਸਾਂਝੀ ਜੀਵਨੀ ਹੋ ਨਿਬੜਦੀ ਹੈ।
ਚੰਡੀਗੜ੍ਹ ਵਿਚ ਜਨਮੀ, ਨਿਊ ਯਾਰਕ ਵਿਚ ਪਲੀ, ਦਿੱਲੀ ਵਿਚ ਪੜ੍ਹੀ ਤੇ ਆਨੰਦ ਗੁਜਰਾਤ ਦੀ ਗ੍ਰਾਮੀਣ ਵਿਕਾਸ ਸੰਸਥਾ ਵਿਚ ਵਿਚਰੀ ਲੇਖਿਕਾ ਨੇ ਹਥਲੀ ਪੁਸਤਕ ਲਿਖਣ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਵਿਚ Ḕਦਾ ਸੇਕਰਡ ਗਰੂਵ’ ਅਤੇ Ḕਨਾਈਟ ਬਾਈ ਨਾਈਟ’ ਦੋ ਨਾਵਲ ਵੀ ਲਿਖੇ। ਪਰ ਮਾਤਾ-ਪਿਤਾ ਦੀ ਜੀਵਨੀ ਲਿਖਦਿਆਂ ਨਿਰੋਲ ਸੱਚ ਉਤੇ ਪਹਿਰਾ ਦਿੱਤਾ ਹੈ। ਰੂ-ਬ-ਰੂ ਸਮੇਂ ਦੇਸ਼ ਦੇ ਉਦਯੋਗ ਤੇ ਗ੍ਰਾਮੀਣ ਵਿਕਾਸ ਨਾਲ ਜੁੜੇ ਰਸ਼ਪਾਲ ਮਲਹੋਤਰਾ ਦੀਆਂ ਟਿੱਪਣੀਆਂ ਅਤੇ ਪ੍ਰੋæ ਰਾਣਾ ਨਈਅਰ ਤੇ ਡਾæ ਜਸਪਾਲ ਸਿੰਘ ਦੇ ਪ੍ਰਸ਼ਨਾਂ ਨੇ ਸਮੁੱਚੇ ਪ੍ਰੋਗਰਾਮ ਨੂੰ ਅਰੰਭ ਤੋਂ ਅੰਤ ਤੱਕ ਮਘਾਈ ਰਖਿਆ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ ਤੇ ਪ੍ਰਾਪਤੀਆਂ ਉਤੇ ਆਧਾਰਤ ਇਸ ਜੀਵਨੀ ਨੇ ਮੈਨੂੰ ਮੇਰੇ ਫਿਲਮ ਸੰਸਾਰ ਦੇ ਮਿੱਤਰ ਅਮਰੀਕ ਗਿੱਲ ਦੀ ਇਕ ਦਹਾਕਾ ਪਹਿਲਾਂ ਦੱਸੀ ਗੱਲ ਚੇਤੇ ਕਰਵਾ ਦਿੱਤੀ, ਜਿਹੜੀ ਇਸ ਪੁਸਤਕ ਵਿਚ ਦਰਜ ਨਹੀਂ।
ਅਮਰੀਕ ਗਿੱਲ ਨੇ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੇ ਪ੍ਰਸੰਗ ਵਿਚ ਇੱਕ ਲਾਈਟ ਐਂਡ ਸਾਊਂਡ ਨਾਟਕ ਤਿਆਰ ਕੀਤਾ ਸੀ, ਜੋ ਦਿੱਲੀ ਦੀ ਫਿਰੋਜ਼ਸ਼ਾਹ ਕੋਟਲਾ ਗਰਾਊਂਡ ਵਿਚ ਖੇਡਿਆ ਗਿਆ। ਉਹ ਪ੍ਰੋਗਰਾਮ ਸੋਨੀਆ ਗਾਂਧੀ ਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਵੇਖਿਆ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ ਨੇ ਅਮਰੀਕ ਗਿੱਲ ਨੂੰ ਚਾਹ ਦੇ ਕੱਪ ਦਾ ਸੱਦਾ ਦਿੱਤਾ। ਚਾਹ ਪੀਂਦਿਆਂ ਮਨਮੋਹਨ ਸਿੰਘ ਨੇ ਆਪਣੀ ਜਵਾਨੀ ਦੀ ਜਿਹੜੀ ਘਟਨਾ ਅਮਰੀਕ ਨਾਲ ਸਾਂਝੀ ਕੀਤੀ, ਉਸ ਵਿਚ ਹਥਲੀ ਜੀਵਨੀ ਵਾਲਾ ਰਸ ਹੈ। ਇਥੇ ਮੈਂ ਉਹ ਘਟਨਾ ਵਿਸਥਾਰ ਵਿਚ ਦੱਸਣ ਦੀ ਖੁਸ਼ੀ ਲੈ ਰਿਹਾ ਹਾਂ:
ਉਨ੍ਹਾਂ ਦਿਨਾਂ ਵਿਚ ਜਦੋਂ ਦੇਸ਼ ਵੰਡ ਤੋਂ ਪਿੱਛੋਂ ਪਾਕਿਸਤਾਨ ਤੋਂ ਉਜੜ ਕੇ ਆਏ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਤਾਂ ਅੰਮ੍ਰਿਤਸਰ ਵਿਚ ਹੀ ਕਾਰੋਬਾਰ ਕਰਨ ਲੱਗ ਪਏ, ਮਨਮੋਹਨ ਸਿੰਘ ਦੇ ਪਿਤਾ ਆਪਣੇ ਪੈਰ ਨਹੀਂ ਜਮਾ ਸਕੇ। ਉਨ੍ਹਾਂ ਦਾ ਇੱਕ ਜ਼ਿਮੀਦਾਰ ਮਿੱਤਰ ਉਨ੍ਹਾਂ ਨੂੰ ਆਪਣੇ ਪਿੰਡ ਸ਼ਾਮ ਚੁਰਾਸੀ ਲੈ ਆਇਆ, ਜਿੱਥੇ ਉਸ ਨੇ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਖੁਲ੍ਹਵਾ ਦਿੱਤੀ। ਨਤੀਜੇ ਵਜੋਂ ਮਨਮੋਹਨ ਸਿੰਘ ਹੁਸ਼ਿਆਰਪੁਰ ਦੇ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਦਾਖਲ ਹੋਇਆ।
ਮਨਮੋਹਨ ਸਿੰਘ ਸ਼ਾਮ ਚੁਰਾਸੀ ਤੋਂ ਹੁਸ਼ਿਆਰਪੁਰ ਪੜ੍ਹਨ ਜਾਂਦਾ ਸੀ। ਬਹੁਤੇ ਵਿਦਿਆਰਥੀ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੀ ਰੇਲ ਗੱਡੀ ਵਿਚ ਸਫਰ ਕਰਦੇ ਸਨ। ਉਹ ਵੀ ਉਨ੍ਹਾਂ ਵਿਚੋਂ ਇਕ ਸੀ।
ਰੇਲ ਦੀ ਟਿਕਟ ਲੈਣ ਵਾਸਤੇ ਕਿਰਾਇਆ ਰੋਜ਼ ਦੀ ਰੋਜ਼ ਮਿਲਦਾ ਸੀ। ਇੱਕ ਦਿਨ ਰੇਲਵੇ ਸਟੇਸ਼ਨ ਪਹੁੰਚ ਕੇ ਉਸ ਨੇ ਵੇਖਿਆ ਕਿ ਉਹ ਕਿਰਾਇਆ ਲਿਆਉਣਾ ਭੁੱਲ ਗਿਆ ਹੈ। ਸੋਚਿਆ ਉਨ੍ਹਾਂ ਵਿਦਿਆਰਥੀਆਂ ਤੋਂ ਮੰਗ ਲਵੇਗਾ ਜਿਹੜੇ ਹਰ ਰੋਜ਼ ਉਸ ਨਾਲ ਸਫਰ ਕਰਦੇ ਹਨ।
ਖਾਲੀ ਬੋਝੇ ਵਾਲੇ ਮਨਮੋਹਨ ਸਿੰਘ ਨੇ ਇਨ੍ਹਾਂ ਮੁੰਡਿਆਂ ਨਾਲ ਗੱਲ ਕੀਤੀ ਤਾਂ ਉਹ ਸੁਣਦੇ ਸਾਰ ਹੱਸ ਪਏ। ਕਹਿਣ ਲੱਗੇ ਕਿ ਉਹ ਤਾਂ ਟਿੱਕਟ ਲੈਂਦੇ ਹੀ ਨਹੀਂ। ਮਨਮੋਹਨ ਸਿੰਘ ਸੋਚੀਂ ਪੈ ਗਿਆ। ਇੱਕ ਦਿਨ ਦੀ ਪੜ੍ਹਾਈ ਛੱਡੇ ਜਾਂ ਬਿਨਾ ਟਿਕਟ ਸਫਰ ਕਰੇ।
ਗੱਡੀ ਆਈ ਤਾਂ ਉਨ੍ਹਾਂ ਮੁੰਡਿਆਂ ਨੇ ਜੱਕੋ-ਤੱਕੀ ਵਿਚ ਪਏ ਮਨਮੋਹਨ ਸਿੰਘ ਨੂੰ ਆਪਣੇ ਨਾਲ ਚੜ੍ਹਨ ਲਈ ਪ੍ਰੇਰ ਲਿਆ। ਜਿਸ ਡੱਬੇ ਵਿਚ ਉਹ ਚੜ੍ਹੇ ਉਸੇ ਵਿਚ ਟਿਕਟ ਚੈਕਰ ਆ ਗਿਆ। ਸਾਰੇ ਮੁੰਡੇ ਅੱਖ ਦੇ ਫੇਰ ਵਿਚ ਛਾਲਾਂ ਮਾਰ ਕੇ ਪਲੇਟਫਾਰਮ Ḕਤੇ ਉਤਰ ਗਏ ਤੇ ਫਟਾ ਫਟ ਕਿਸੇ ਪਿਛਲੇ ਡੱਬੇ ਵਿਚ ਚੜ੍ਹ ਗਏ। ਮਨਮੋਹਨ ਸਿੰਘ ਥੱਲੇ ਉਤਰ ਕੇ ਪਲੇਟਫਾਰਮ ਉਤੇ ਹੀ ਖੜ੍ਹਾ ਸੀ ਕਿ ਵਿਸਲ ਹੋਣ ਨਾਲ ਗੱਡੀ ਤੁਰ ਪਈ। ਜਦੋਂ ਮੁੰਡਿਆਂ ਨੇ ਘਬਰਾਏ ਹੋਏ ਮਨਮੋਹਨ ਸਿੰਘ ਨੂੰ ਗੱਡੀ ਦੇ ਨਾਲ ਨਾਲ ਭੱਜਦੇ ਵੇਖਿਆ ਤਾਂ ਦੋਵਾਂ ਬਾਹਾਂ ਤੋਂ ਫੜ ਕੇ ਉਸ ਨੂੰ ਥੈਲੇ ਵਾਂਗ ਚੁੱਕਿਆ ਤੇ ਡੱਬੇ ਦੇ ਅੰਦਰ ਸੁੱਟ ਲਿਆ।
ਚੈਕਰ ਤਾਂ ਪਤਾ ਨਹੀਂ ਕਿਹੜੇ ਡੱਬੇ ਵਿਚ ਜਾ ਵੜਿਆ ਪਰ ਇਹ ਮੁੰਡੇ ਸਾਰਾ ਸਫਰ ਮਨਮੋਹਨ ਸਿੰਘ ਦਾ Ḕਭਾਪਾ’ ਕਹਿ ਕੇ ਮਜ਼ਾਕ ਉਡਾਉਂਦੇ ਰਹੇ। ਹੁਸ਼ਿਆਰਪੁਰ ਦੇ ਸਟੇਸ਼ਨ ‘ਤੇ ਉਤਰ ਕੇ ਬਿਨ ਟਿਕਟੇ ਮੁੰਡਿਆਂ ਦਾ ਬਾਹਰ ਜਾਣ ਦਾ ਰਸਤਾ ਵੀ ਆਪਣਾ ਹੀ ਸੀ। ਇਹੀਓ ਰਾਹ ਮਨਮੋਹਨ ਸਿੰਘ ਨੂੰ ਅਪਨਾਉਣਾ ਪਿਆ ਤੇ ਬਚ ਕੇ ਨਿਕਲ ਗਏ।
ਵਾਪਸੀ ਦੇ ਸਫਰ ਲਈ ਉਧਾਰ ਮਿਲਣਾ ਤਾਂ ਔਖਾ ਨਹੀਂ ਸੀ ਪਰ ਟਿਕਟ ਲੈ ਕੇ ਮਨਮੋਹਨ ਸਿੰਘ ਸਵੇਰ ਵਾਲੇ ਮੁੰਡਿਆਂ ਦੇ ਮਖੌਲਾਂ ਤੋਂ ਸੰਗਦਾ ਉਨ੍ਹਾਂ ਵਾਲੇ ਡੱਬੇ ਵਿਚ ਨਹੀਂ ਚੜ੍ਹਿਆ। ਘਰ ਪਹੁੰਚ ਕੇ ਉਸ ਨੇ ਇਹ ਗੱਲ ਆਪਣੇ ਮਾਪਿਆਂ ਨੂੰ ਦੱਸੀ ਤਾਂ ਉਨ੍ਹਾਂ ਵੀ ਹੱਸ ਛੱਡਿਆ।
ਗੱਡੀ ਵਾਲੀ ਘਟਨਾ ਤੋਂ ਪਿੱਛੋਂ ਮਨਮੋਹਨ ਸਿੰਘ ਨੂੰ ਰੇਲ ਦੇ ਸਫਰ ਤੋਂ ਸ਼ਰਮ ਆਉਣ ਲੱਗੀ ਤਾਂ ਉਸ ਦੇ ਪਿਤਾ ਨੂੰ ਇਸ ਪਿੰਡ ਲਿਆਉਣ ਵਾਲਾ ਸ਼ਾਮ ਚੁਰਾਸੀ ਦਾ ਜ਼ਿਮੀਂਦਾਰ ਫੇਰ ਚੇਤੇ ਆ ਗਿਆ। ਮਨਮੋਹਨ ਸਿੰਘ ਨੇ ਗੱਡੀ ਦੀ ਥਾਂ ਸਾਈਕਲ ਉਤੇ ਕਾਲਜ ਜਾਣ ਦਾ ਮਨ ਬਣਾ ਲਿਆ ਸੀ। ਪਿਤਾ ਕੋਲ ਸਾਈਕਲ ਖਰੀਦਣ ਜੋਗੇ ਪੈਸੇ ਨਹੀਂ ਸਨ। ਪਿਤਾ ਦੇ ਜੱਟ ਮਿੱਤਰ ਕੋਲ ਇੱਕ ਸਾਈਕਲ ਸੀ ਜਿਸ ਨੂੰ ਕੋਈ ਨਹੀਂ ਸੀ ਵਰਤਦਾ। ਪਿਤਾ ਨੇ ਜੱਟ ਨਾਲ ਇਹ ਪੁਰਾਣਾ ਸਾਈਕਲ ਖਰੀਦਣ ਦੀ ਗੱਲ ਤੋਰੀ। ਇਸ ਸਾਈਕਲ ਨੇ ਮਨਮੋਹਨ ਸਿੰਘ ਨੂੰ ਸਾਥੀ ਮੁੰਡਿਆਂ ਦੀਆਂ ਟਿੱਚਰਾਂ ਤੋਂ ਬਚਾ ਲਿਆ ਭਾਵੇਂ ਉਸ ਨੂੰ ਹਰ ਰੋਜ਼ 15+15 ਕਿਲੋਮੀਟਰ ਪੈਂਡਾ ਸਾਈਕਲ ਉਤੇ ਤੈਅ ਕਰਨਾ ਪੈਂਦਾ ਸੀ।
ਕੱਲ ਦਾ ਪ੍ਰਧਾਨ ਮੰਤਰੀ ਉਦੋਂ ਤੱਕ ਸਾਈਕਲ ਉਤੇ ਜਾਂਦਾ ਰਿਹਾ ਜਦੋਂ ਤੱਕ ਉਸ ਦੇ ਪਿਤਾ ਨੂੰ (ਪਾਕਿਸਤਾਨ) ਵਿਚ ਰਹਿ ਗਈ ਜਾਇਦਾਦ ਦਾ ਕਲੇਮ ਨਹੀਂ ਮਿਲ ਗਿਆ। ਕਲੇਮ ਮਿਲਣ ਸਦਕਾ ਪਿਤਾ ਵੀ ਆਪਣੇ ਅੰਮ੍ਰਿਤਸਰ ਵਾਲੇ ਭਾਈਚਾਰੇ ਵਿਚ ਰਲਣ ਦੇ ਯੋਗ ਹੋ ਗਿਆ ਤੇ ਬੇਟੇ ਨੂੰ ਵੀ ਹੋਸਟਲ ਵਿਚ ਰਹਿ ਕੇ ਪੜ੍ਹਨ ਦੀ ਪ੍ਰਵਾਨਗੀ ਮਿਲ ਗਈ।
ਮਨਮੋਹਨ ਸਿੰਘ ਦੀਆਂ ਤਿੰਨ ਧੀਆਂ ਹਨ। ਸਭ ਤੋਂ ਵੱਡੀ ਨੇ ਕਸ਼ਮੀਰੀ ਪੰਡਿਤ ਨਾਲ ਵਿਆਹ ਕੀਤਾ, ਦਮਨ ਨੇ ਉੜੀਸਾ ਦੇ ਜੰਮਪਲ ਪੁਲਿਸ ਅਫਸਰ ਨਾਲ ਤੇ ਸਭ ਤੋਂ ਛੋਟੀ ਅਮਰੀਕਨ ਨਾਲ ਵਿਆਹ ਕਰਕੇ ਨਿਊ ਯਾਰਕ ਹੀ ਵਸ ਗਈ। ਦਮਨ ਨੇ ਰੂ-ਬ-ਰੂ ਪ੍ਰੋਗਰਾਮ ਸਮੇਂ ਦੱਸਿਆ ਕਿ ਇੱਕ ਧੀ ਜਿਸ ਦਾ ਮੈਨੂੰ ਦਰਜਾ ਤੇ ਨਾਂ ਚੇਤੇ ਨਹੀਂ ਰਿਹਾ, ਆਪਣੇ ਹੋਣ ਵਾਲੇ ਜੀਵਨ ਸਾਥੀ ਨਾਲ ਮਨਮਹੋਨ ਸਿੰਘ ਨੂੰ ਮਿਲਣ ਗਈ ਤੇ ਉਸ ਨੇ ਪਿਤਾ ਨੂੰ ਕਿਹਾ, Ḕਅਸੀਂ ਵਿਆਹ ਕਰਵਾ ਰਹੇ ਹਾਂ।’ ਪਿਤਾ ਨੇ ਬਣਨ ਵਾਲੇ ਸਾਥੀ ਦਾ ਨਾਂ ਪਤਾ ਤੇ ਕਿੱਤਾ ਪੁੱਛੇ ਬਿਨਾ ਇਕ ਹੀ ਸ਼ਬਦ Ḕਕਦੋਂ’ ਬੋਲ ਕੇ ਧੀ ਦੇ ਪੈਰਾਂ ਥੱਲਿਓ ਜ਼ਮੀਨ ਖਿਸਕਾ ਦਿੱਤੀ। ਮਨਮੋਹਨ ਸਿੰਘ ਦਾ ਜੀਵਨ ਬਿਰਤਾਂਤ ਹੀ ਨਹੀਂ, ਉਸ ਦੀ ਬੇਟੀ ਦਮਨ ਸਿੰਘ ਦੀ ਪੇਸ਼ਕਾਰੀ ਵੀ ਕਮਾਲ ਦੀ ਹੈ।
ਅੰਤਿਕਾ: ਮਹਸ਼ਰ ਬੰਦਾਯੂਨੀ
ਅੱਬ ਹਵਾਏਂ ਹੀ ਕਰੇਂਗੀ ਰੌਸ਼ਨੀ ਕਾ ਫੈਸਲਾ
ਜਿਸ ਦੀਏ ਮੇਂ ਜਾਨ ਹੋਗੀ ਵੁਹ ਦੀਆ ਰਹਿ ਜਾਏਗਾ।