ਸਾਕਾ ਸਰਹਿੰਦ ਅਤੇ ਹਾਅ ਦਾ ਨਾਅਰਾ

ਹਰੰਚਦ ਸਿੰਘ ਸਰਹਿੰਦੀ
ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿਥੇ ਉਨ੍ਹਾਂ ਉਤੇ ਜਬਰ, ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਉਥੇ ਹੀ ਸੰਕਟ ਦੀ ਘੜੀ ਵਿਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਪੁਸ਼ਤਾਂ ਤਕ ਉਨ੍ਹਾਂ ਦੇ ਅਹਿਸਾਨਮੰਦ ਰਹੇ। ਸਿੱਖ ਕੌਮ ‘ਤੇ ਅਜਿਹਾ ਹੀ ਅਹਿਸਾਨ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤਾ ਸੀ

ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਪਿੱਛੋਂ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿਚ ਫਖ਼ਰ ਮਹਿਸੂਸ ਕਰਦਾ ਹੈ।ਇਹ ਇਤਿਹਾਸਕ ਘਟਨਾ 25 ਦਸੰਬਰ 1704 ਨੂੰ ਵਾਪਰੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਕਚਹਿਰੀ ਵਿਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਤੇ ਬਾਬਾ ਫ਼ਤਹਿ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਕਚਹਿਰੀ ਵਿਚ ਮਾਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਹਾਜ਼ਰ ਸੀ। ਸੂਬੇਦਾਰ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ‘ਕਸੂਰ’ ਸਮਝਾਉਂਦਿਆਂ ਉਨ੍ਹਾਂ ਵਿਰੁੱਧ ਸਜ਼ਾ ਦਾ ਫ਼ੈਸਲਾ ਦੇਣ ਲਈ ਕਿਹਾ, ਪਰ ਕਾਜ਼ੀ ਨੇ ਵਿਚਾਰ ਪ੍ਰਗਟ ਕੀਤਾ ਕਿ ਇਸਲਾਮ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ।
ਦੀਵਾਨ ਸੁੱਚਾ ਨੰਦ ਦੇ ਇਸ਼ਾਰੇ ‘ਤੇ ਵਜ਼ੀਰ ਖ਼ਾਂ ਨੇ ਨਵਾਬ ਮਾਲੇਰਕੋਟਲਾ ਨੂੰ ਚੇਤੇ ਕਰਵਾਇਆ ਕਿ ਉਸ ਦਾ ਭਰਾ, ਗੁਰੂ ਗੋਬਿੰਦ ਸਿੰਘ ਹੱਥੋਂ ਲੜਾਈ ਵਿਚ ਮਾਰਿਆ ਗਿਆ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਸ਼ਹੀਦ ਕਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ। ਨਵਾਬ ਮਾਲੇਰਕੋਟਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਸਪਸ਼ਟ ਕੀਤਾ ਕਿ ਬਾਪ ਵੱਲੋਂ ਕੀਤੇ ਦਾ ਬਦਲਾ, ਉਸ ਦੇ ਮਾਸੂਮ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ। ਨਵਾਬ ਦਾ ਠੋਕਵਾਂ ਜਵਾਬ ਸੁਣ ਕੇ ਸੂਬੇਦਾਰ ਤੇ ਸੁੱਚਾ ਨੰਦ ਫਿੱਕੇ ਪੈ ਗਏ। ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਇਨ੍ਹਾਂ ਪਲਾਂ ਨੂੰ ਇੰਜ ਕਲਮਬੰਦ ਕਰਦਾ ਹੈ:
ਝਾੜੂ ਸਾ ਖ਼ਾ ਕੇ ਦੋਵੇਂ ਸ਼ਰਮਸਾਰ ਹੋ ਗਏ।
ਜੱਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ।
(ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖ਼ੂਨੀ ਸਾਕਿਆਂ ਨੂੰ ਦੋ ਲੰਮੀਆਂ ਉਰਦੂ ਨਜ਼ਮਾਂ ਵਿਚ ਲਿਖਣ ਵਾਲੇ ਲਾਸਾਨੀ ਸ਼ਾਇਰ ਹਨ। ਇਨ੍ਹਾਂ ਦੀ 1913 ਵਿਚ ਲਿਖੀ ਉਰਦੂ ਨਜ਼ਮ ‘ਸ਼ਹੀਦਾ ਨਿ ਵਫ਼ਾ’ (ਸਾਕਾ ਸਰਹਿੰਦ) ਨੇ ਪ੍ਰਸਿੱਧੀ ਹਾਸਲ ਕੀਤੀ)।
ਇਸੇ ਜੱਕੋ-ਤੱਕੀ ਦੌਰਾਨ ਚਲਾਕ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਬਾਗ਼ੀ ਸਿੱਧ ਕਰ ਕੇ, ਸੂਬੇਦਾਰ ਤੇ ਕਾਜ਼ੀ ਨੂੰ ਜਚਾ ਦਿੱਤਾ ਕਿ ਮੁਸਲਿਮ ਸ਼ਰ੍ਹਾ ਅਨੁਸਾਰ ਬਾਗ਼ੀਆਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਅੰਤ, ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧ ਵਿਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗਾ ਫ਼ੈਸਲਾ ਕਰ ਲਿਆ ਗਿਆ। ਇਸ ਫ਼ੈਸਲੇ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਇਹ ਫ਼ੈਸਲਾ ਸੂਬੇਦਾਰ ਅਤੇ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ।
ਨਵਾਬ ਮਾਲੇਰਕੋਟਲਾ ਨੇ ਇਸ ਫ਼ੈਸਲੇ ‘ਤੇ ਅਸਹਿਮਤੀ ਪ੍ਰਗਟ ਕਰਦਿਆਂ, ਇਸ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ, ਪਰ ਉਸ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਸਮੇਂ ਨਵਾਬ ਮਾਲੇਰਕੋਟਲਾ ਰੋਸ ਵਜੋਂ ਕਚਹਿਰੀ ਵਿਚੋਂ ਉਠ ਕੇ ਚਲੇ ਗਏ। ਉਨ੍ਹਾਂ ਦੇ ਇਸ ਰੋਸ ਦੇ ਪ੍ਰਗਟਾਵੇ ਨੂੰ ਸਿੱਖ ਜਗਤ ਸ਼ਰਧਾ ਨਾਲ ‘ਹਾਅ ਦਾ ਨਾਅਰਾ’ ਦੇ ਨਾਂ ਨਾਲ ਯਾਦ ਕਰਦਾ ਹੈ ਅਤੇ ਸਿੱਖ ਇਤਿਹਾਸ ਵਿਚ ਇਹ ਘਟਨਾ ਸੁਨਹਿਰੀ ਅੱਖਰਾਂ ਵਿਚ ਦਰਜ ਹੈ (ਰਵਾਇਤੀ ਵਿਚਾਰ ਅਨੁਸਾਰ ਇਹ ਘਟਨਾ, 27 ਦਸੰਬਰ 1704 ਨੂੰ ਵਾਪਰੀ ਦੱਸੀ ਜਾਂਦੀ ਹੈ, ਪਰ ਆਧੁਨਿਕ ਖੋਜ ਤੋਂ ਸਿੱਧ ਹੋ ਚੁੱਕਾ ਹੈ ਕਿ ਕੰਧ ਵਿਚ ਚਿਣਵਾਉਣ ਦੀ ਘਟਨਾ 25 ਦਸੰਬਰ ਨੂੰ ਵਾਪਰੀ। 27 ਦਸੰਬਰ ਨੂੰ ਤਾਂ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਕੇ ਸ਼ਹੀਦੀ ਜਾਮ ਪਿਲਾਏ ਗਏ ਸਨ)।
ਹਾਅ ਦਾ ਨਾਅਰਾ ਬੇਸ਼ੱਕ ਸਾਹਿਬਜ਼ਾਦਿਆਂ ਨੂੰ ਦਿੱਤੇ ਦੰਡ ਦੇ ਫ਼ੈਸਲੇ ਨੂੰ ਅਮਲੀ ਰੂਪ ਵਿਚ ਕੋਈ ਫ਼ਰਕ ਨਹੀਂ ਪਾ ਸਕਿਆ, ਫਿਰ ਵੀ ਨਵਾਬ ਨੇ ਸਿੱਖਾਂ ‘ਤੇ ਇੱਕ ਅਜਿਹਾ ਅਹਿਸਾਨ ਚੜ੍ਹਾ ਦਿੱਤਾ ਜਿਸ ਨੂੰ ਉਤਾਰਨ ਲਈ ਉਹ ਪਿਛਲੇ 300 ਵਰ੍ਹਿਆਂ ਤੋਂ ਯਤਨਸ਼ੀਲ ਹਨ। ਸਿੱਖ ਬੱਚਾ ਜਿੱਥੇ ਹੋਸ਼ ਸੰਭਾਲਦੇ ਹੀ ਸਰਹੰਦ ਦਾ ਸਾਕਾ ਕੰਠ ਕਰ ਲੈਂਦਾ ਹੈ, ਉਥੇ ‘ਹਾਅ ਦਾ ਨਾਅਰਾ’ ਵੀ ਉਸ ਦੇ ਨਰਮ ਮਨ ‘ਤੇ ਡੂੰਘਾ ਉਕਰਿਆ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਸਮੇਤ ਸਮੁੱਚਾ ਸਿੱਖ ਜਗਤ ਇਸ ਜ਼ੁਲਮ ਦਾ ਬਦਲਾ ਲੈਣ ਲਈ ਸਹੀ ਸਮੇਂ ਦੀ ਉਡੀਕ ਕਰਨ ਲੱਗਾ। ਅੰਤ 1710 ਵਿਚ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ, ਸਰਹਿੰਦ ਤੋਂ 12 ਕੋਹ ਦੀ ਵਿੱਥ ‘ਤੇ ਚੱਪੜਚਿੜੀ ਦੇ ਮੈਦਾਨ ਵਿਚ ਫ਼ੈਸਲਾਕੁਨ ਜੰਗ ਲੜੀ। ਇਸ ਜੰਗ ਵਿਚ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਜਰਨੈਲ ਫ਼ਤਹਿ ਸਿੰਘ ਨੇ ਖੰਡੇ ਦੇ ਇੱਕ ਵਾਰ ਨਾਲ ਸੂਬੇਦਾਰ ਵਜ਼ੀਰ ਖ਼ਾਂ ਨੂੰ ਗਰਦਨ ਤੋਂ ਲੈ ਕੇ ਲੱਕ ਤਕ ਦੋ-ਫਾੜ ਕਰ ਦਿੱਤਾ (ਕੁਝ ਇਤਿਹਾਸਕਾਰਾਂ ਅਨੁਸਾਰ ਸੂਬੇਦਾਰ ਦੀ ਮੌਤ ਕਿਸੇ ਸਿੰਘ ਦੇ ਤੀਰ ਨਾਲ ਹੋਈ ਸੀ)।
18ਵੀਂ ਸਦੀ ਸਿੱਖਾਂ ਦੇ ਇਮਤਿਹਾਨ ਦਾ ਸਮਾਂ ਸੀ। ਸਿੱਖਾਂ ਨੂੰ ਕੁਠਾਲੀ ਵਿਚ ਪਾ ਕੇ ਪਰਖਿਆ ਜਾਣ ਲੱਗਾ। ਮੁਗ਼ਲ ਹਕੂਮਤ ਨੇ ਜੀਅ ਭਰ ਕੇ ਜ਼ੁਲਮ ਢਾਹੇ। ਅੰਤ, ਮੁਗ਼ਲ ਰਾਜ ਆਪਣੇ ਹੀ ਪਾਪਾਂ ਦੇ ਭਾਰ ਹੇਠ ਦਬਣ ਲੱਗਾ ਅਤੇ ਸਿੱਖਾਂ ਦੀ ਚੜ੍ਹਤ ਹੋਣ ਲੱਗੀ। ਇਸੇ ਚੜ੍ਹਤ ਦੌਰਾਨ 1783 ਨੂੰ ਸਿੱਖ ਲਾਲ ਕਿਲ੍ਹੇ ਵਿਚ ਦਾਖ਼ਲ ਹੋ ਗਏ ਅਤੇ ਦੀਵਾਨ-ਏ-ਆਮ ਵਿਚ ਸਰਕਾਰ ਜੱਸਾ ਸਿੰਘ ਆਹਲੂਵਾਲੀਆ ਦੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਗਿਆ। ਸਿੱਖ ਪੰਜਾਬ ਦੇ ਮਾਲਕ ਬਣ ਗਏ। ਫਿਰ ਇੱਕ ਸਮਾਂ ਆਇਆ ਜਦੋਂ ਕੈਥਲ/ਕਰਨਾਲ ਤੋਂ ਲੈ ਕੇ ਦੱਰਾ ਖ਼ੈਬਰ ਤਕ ਸਿੱਖਾਂ ਦਾ ਬੋਲ-ਬਾਲਾ ਸੀ (ਰਿਆਸਤ ਕੈਥਲ ਦੇ ਆਖ਼ਰੀ ਰਾਜੇ, ਭਾਈ ਉਦੈ ਸਿੰਘ ਦਾ ਕਿਲ੍ਹਾ ਅੱਜ ਵੀ ਸਿੱਖ ਚੜ੍ਹਤ ਦੀ ਯਾਦ ਨੂੰ ਸਾਂਭੀ ਬੈਠਾ ਹੈ), ਪਰ ਹਾਅ ਦਾ ਨਾਅਰੇ ਦਾ ਸਤਿਕਾਰ ਕਰਦਿਆਂ ਕਿਸੇ ਵੀ ਸਿੱਖ ਸਰਦਾਰ ਜਾਂ ਮਿਸਲਦਾਰ ਨੇ ਨਵਾਬ ਮਾਲੇਰਕੋਟਲਾ ਵੱਲ ‘ਅੱਖ ਭਰ ਕੇ ਦੇਖਣ’ ਦੀ ਹਿੰਮਤ ਨਹੀਂ ਕੀਤੀ, ਸਗੋਂ ਸਦਾ ਉਸ ਨੂੰ ਅਤੇ ਉਸ ਦੇ ਵੰਸ਼ ਨੂੰ ਸਨਮਾਨਿਤ ਕਰਦੇ ਰਹੇ। ਇਸ ਤਰ੍ਹਾਂ ਸਿੱਖ ਰਿਆਸਤਾਂ ਵਿਚ ਘਿਰੀ ਇਹ ਮੁਸਲਮਾਨ ਰਿਆਸਤ 1948 ਤਕ ਕਾਇਮ ਰਹੀ ਅਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਦੀ ਵੰਸ਼ ਧੌਣ ਉਚੀ ਕਰ ਕੇ ਰਾਜ ਕਰਦੀ ਰਹੀ। ਸਿੱਖਾਂ ਨੇ ਨਵਾਬ ਮਾਲੇਰਕੋਟਲਾ ਨੂੰ ਹਾਅ ਦੇ ਨਾਅਰੇ ਬਦਲੇ ਲਗਪਗ ਦੋ ਸਦੀਆਂ ਦਾ ਰਾਜ ਬਖ਼ਸ਼ਿਆ। ਇਹ ਉਸ ਹਾਅ ਦੇ ਨਾਅਰੇ ਦਾ ਹੀ ਚਮਤਕਾਰ ਹੈ ਕਿ ਅੱਜ ਵੀ ਮਾਲੇਰਕੋਟਲਾ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ ਮੁਸਲਮਾਨਾਂ ਦਾ ਗੜ੍ਹ ਹਨ। ਹਾਅ ਦੇ ਨਾਅਰੇ ਦੀ ਦਾਸਤਾਨ ਦਾ ਸਬਕ ਹਰ ਸਿੱਖ, ਅੰਤਰ-ਪ੍ਰੇਰਨਾ ਸਦਕਾ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਦੇਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਕਰ ਕੇ ਸ਼ਾਇਦ ਉਹ ਅਚੇਤ ਹੀ ਇਸ ਅਹਿਸਾਨ ਦੇ ਭਾਰ ਨੂੰ ਬੱਚਿਆਂ ਨਾਲ ਸਾਂਝਾ ਕਰ ਕੇ, ਹੌਲਾ ਕਰਨ ਦਾ ਯਤਨ ਕਰ ਰਿਹਾ ਹੁੰਦਾ ਹੈ। ਸ਼ਹੀਦੀ ਅਸਥਾਨ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦਾ ਚੜ੍ਹਦੀ ਦਿਸ਼ਾ ਵੱਲ ਦਾ ਗੇਟ, ਨਵਾਬ ਸ਼ੇਰ ਮੁਹੰਮਦ ਖ਼ਾਂ ਮਾਲੇਰਕੋਟਲਾ ਦੀ ਯਾਦ ਨੂੰ ਸਮਰਪਿਤ ਹੈ ਜੋ ਸਿੱਖ ਸਮਾਜ ਦੀ ਉਨ੍ਹਾਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ।