ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਪ੍ਰੋæ ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਪਹਿਲੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕੁਝ ਫੈਸਲਿਆਂ ਨੂੰ ਪਲਟਣ ਪਿੱਛੋਂ ਭਵਿੱਖ ਵਿਚ ਇਸ ਸਿਰਮੌਰ ਧਾਰਮਿਕ ਸੰਸਥਾ ਦੇ ਕੰਮਕਾਜ ਬਾਰੇ ਨਵੀਂ ਚਰਚਾ ਛਿੜ ਗਈ ਹੈ।
ਨਵੇਂ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਬਰਖਾਸਤ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਬਹਾਲ ਕਰ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਧਾਰਮਿਕ ਸੰਸਥਾ ਸਿਆਸੀ ਪ੍ਰਭਾਵ ਹੇਠ ਕੰਮ ਨਹੀਂ ਕਰ ਰਹੀ। ਭਾਈ ਬਲਬੀਰ ਸਿੰਘ ਨੇ ਨਾ ਤਾਂ ਕਮੇਟੀ ਅੱਗੇ ਬਹਾਲੀ ਦੀ ਅਪੀਲ ਕੀਤੀ ਸੀ ਅਤੇ ਨਾ ਹੀ ਕਿਸੇ ਜਾਂਚ ਵਿਚ ‘ਨਿਰਦੋਸ਼’ ਪਾਏ ਜਾਣ ਪਿੱਛੋਂ ਇਹ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਚੁੱਪ-ਚੁਪੀਤੇ ਹੀ ਕੀਤਾ ਗਿਆ ਅਤੇ ਪ੍ਰੋæ ਬਡੂੰਗਰ ਨੇ ਇਸ ਬਾਰੇ ਇੰਨਾ ਹੀ ਕਿਹਾ ਕਿ ਉਹ ਸਮੇਂ ਦੇ ਹਾਲਾਤ ਅਨੁਸਾਰ ਪ੍ਰਬੰਧਕਾਂ ਵੱਲੋਂ ਕੀਤੇ ਫੈਸਲੇ ‘ਤੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ।
ਯਾਦ ਰਹੇ ਕਿ ਭਾਈ ਬਲਬੀਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਉਨ੍ਹਾਂ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਭਾਈ ਬਲਬੀਰ ਸਿੰਘ ਦਾ ਤਬਾਦਲਾ ਮਾਛੀਵਾੜਾ ਗੁਰਦੁਆਰੇ ਵਿਚ ਕਰ ਦਿੱਤਾ ਸੀ, ਪਰ ਉਹ ਡਿਊਟੀ ‘ਤੇ ਹਾਜ਼ਰ ਨਹੀਂ ਹੋਏ। ਇਸ ਦੇ ਸਿੱਟੇ ਵਜੋਂ ਕਮੇਟੀ ਨੇ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ। ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਉਸ ਸਮੇਂ ਵੱਡੇ ਪੱਧਰ ਉਤੇ ਅਲੋਚਨਾ ਹੋਈ ਸੀ, ਜਦੋਂ ਸ਼ ਬਾਦਲ ਨੇ ਆਖ ਦਿੱਤਾ ਸੀ ਕਿ ਉਸ ਨੂੰ ਕਿਸੇ ਨੇ ਸਿਰੋਪਾਓ ਦੇਣ ਤੋਂ ਨਾਂਹ ਨਹੀਂ ਕੀਤੀ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਇਸ ਕਾਰਵਾਈ ਉਤੇ ਸਵਾਲ ਉਠੇ ਸਨ ਕਿ ਜਦ ਇਸ ਗ੍ਰੰਥੀ ਸਿੰਘ ਨੇ ਗਲਤੀ ਕੀਤੀ ਹੀ ਨਹੀਂ ਤਾਂ ਸਜ਼ਾ ਕਿਉਂ ਦਿੱਤੀ ਗਈ।
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਨੇ ਨਰੇਂਦਰ ਮੋਦੀ ਵੱਲੋਂ ਟੋਪੀ ਪਾ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਬਾਰੇ ਵਿਵਾਦ ਨੂੰ ਵੀ ਬੇਲੋੜਾ ਦੱਸਿਆ। ਉਨ੍ਹਾਂ ਤਰਕ ਦਿੱਤਾ ਕਿ ਕੋਈ ਵੀ ਬੰਦਾ ਆਪਣੇ ਧਰਮ ਵਿਚ ਰਹਿ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦਾ ਹੈ। ਅਸਲ ਵਿਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਪਿੱਛੋਂ ਪ੍ਰੋæ ਬਡੂੰਗਰ ਦੇ ਕੁਝ ਫੈਸਲੇ ਚਰਚਾ ਵਿਚ ਹਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸਾਂਭਣ ਦੇ ਅਗਲੇ ਦਿਨ ਹੀ ਪ੍ਰੋæ ਬਡੂੰਗਰ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਬਾਰੇ ਭੁੱਖ ਹੜਤਾਲ ਉਤੇ ਬੈਠੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਚਲੇ ਗਏ ਸਨ ਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਮੰਗ ਮਨਵਾਉਣ ਦਾ ਭਰੋਸਾ ਦੇ ਕੇ ਭੁੱਖ ਹੜਤਾਲ ਖਤਮ ਕਰਵਾਈ ਸੀ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਦੋ ਵਾਰ ਕੇਂਦਰ ਸਰਕਾਰ ਤੱਕ ਪਹੁੰਚ ਕਰ ਕੇ ਰਾਜੋਆਣਾ ਦੀ ਮੰਗ ਉਤੇ ਗੌਰ ਕਰਨ ਲਈ ਆਖਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਪ੍ਰੋæ ਬਡੂੰਗਰ ਦੀ ਨਿਯੁਕਤੀ ਭਾਵੇਂ ਉਪ ਮੁੱਖੀ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਥਾਪੜੇ ਨਾਲ ਹੀ ਹੋਈ ਹੈ, ਪਰ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿਚ ਹਨ ਕਿ ਸੰਸਥਾ ਦੇ ਕੰਮਕਾਜ ਵਿਚ ਕਿਸੇ ਸਿਆਸੀ ਧਿਰ ਦੀ ਦਖਲ-ਅੰਦਾਜ਼ੀ ਨਹੀਂ ਚੱਲਦੀ। ਦੱਸਣਯੋਗ ਹੈ ਕਿ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੋਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਉਤੇ ਸਰਕਾਰ ਦੀ ਬੋਲੀ ਬੋਲਣ ਦੇ ਦੋਸ਼ ਲੱਗੇ ਸਨ। ਇਸ ਕਾਰਨ ਹਾਕਮ ਧਿਰ ਦੀ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿਚ ਦਖਲ-ਅੰਦਾਜ਼ੀ ਉਤੇ ਸਵਾਲ ਉਠੇ ਸਨ। ਵੱਡੀ ਗਿਣਤੀ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿਚ ਬੇਲੋੜੀ ਦਖਲ-ਅੰਦਾਜ਼ੀ ਵਿਰੁੱਧ ਰੋਸ ਪ੍ਰਗਟਾਇਆ ਸੀ ਜਿਸ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡੇ ਪੱਧਰ ਉਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਮੁਲਾਜ਼ਮਾਂ ਨੇ ਇਸ ਸੰਸਥਾ ਵਿਰੁੱਧ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਸੀ। ਹਾਕਮ ਧਿਰ ਨੇ ਅਵਤਾਰ ਸਿੰਘ ਮੱਕੜ ਦੀ ਥਾਂ ਪ੍ਰੋæ ਬਡੂੰਗਰ ਨੂੰ ਨਿਯੁਕਤ ਕਰ ਕੇ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਨ੍ਹਾਂ ਦੀ ਇਸ ਸਿਰਮੌਰ ਸਿੱਖ ਸੰਸਥਾ ਦੇ ਕੰਮਕਾਜ ਵਿਚ ਕੋਈ ਦਖਲ-ਅੰਦਾਜ਼ੀ ਨਹੀਂ ਹੈ। ਪ੍ਰੋæ ਬਡੂੰਗਰ ਦੀ ਨਿਯੁਕਤੀ ਨੂੰ ਤਕਰੀਬਨ ਸਾਰੀਆਂ ਜਥੇਬੰਦੀਆਂ ਨੇ ਕਬੂਲ ਕੀਤਾ ਸੀ।