ਅੰਮ੍ਰਿਤਸਰ: ਕੱਟੜ ਹਿੰਦੂ ਜਥੇਬੰਦੀਆਂ ਦੀ ‘ਦੇਸ਼ ਭਗਤੀ’ ਇਕ ਵਾਰ ਮੁੜ ਮੁਲਕ ਲਈ ਨਮੋਸ਼ੀ ਬਣੀ ਹੈ। ਗੁਰੂ ਕੀ ਨਗਰੀ ਵਿਚ ‘ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2016’ ਉਤੇ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਧਾਵਾ ਬੋਲ ਦਿੱਤਾ ਗਿਆ। ਫੂਡ ਕੋਰਟ ਵਿਚ ‘ਜ਼ਾਇਕਾ’ ਨਾਂ ਦੇ ਪਾਕਿਸਤਾਨੀ ਖਾਣਿਆਂ ਦੇ ਸਟਾਲ ਨੂੰ ਨਿਸ਼ਾਨਾ ਬਣਾਇਆ ਅਤੇ ਉਥੇ ਲੱਗੇ ਪਾਕਿਸਤਾਨੀ ਕੌਮੀ ਝੰਡੇ ਦੇ ਚਿੰਨ੍ਹ ਵਾਲੇ ਬੋਰਡ ਪਾੜ ਸੁੱਟੇ।
ਘਟਨਾ ਸਮੇਂ ਪੁਲਿਸ ਅਧਿਕਾਰੀ ਮੂਕ ਦਰਸ਼ਕ ਬਣੇ ਰਹੇ। ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਹਿੰਦੂ ਸੁਰੱਖਿਆ ਸਮਿਤੀ ਤੇ ਸ਼ਿਵ ਸੈਨਾ ਪੰਜਾਬ ਦੇ ਆਗੂ ਤੇ ਕਾਰਕੁਨ ਵਪਾਰ ਮੇਲੇ ਵਿਚ ਨਾਅਰੇ ਮਾਰਦੇ ਪੁੱਜੇ ਅਤੇ ਲਾਹੌਰ, ਕਰਾਚੀ ਤੇ ਅਫਗਾਨਿਸਤਾਨ ਦੇ ਖਾਣਿਆਂ ਦੇ ਸਟਾਲ ਜ਼ਾਇਕਾ ਦੀ ਤੋੜ ਭੰਨ ਸ਼ੁਰੂ ਕਰ ਦਿੱਤੀ। ਇਨ੍ਹਾਂ ਹਿੰਦੂ ਸੰਸਥਾਵਾਂ ਨੇ ਤਰਕ ਦਿੱਤਾ ਕਿ ਇਕ ਪਾਸੇ ਪਾਕਿਸਤਾਨ ਸਾਡੇ ਦੇਸ਼ ਦੇ ਜਵਾਨਾਂ ਨੂੰ ਸ਼ਹੀਦ ਕਰ ਰਿਹਾ ਹੈ, ਦੂਜੇ ਪਾਸੇ ਇਹ ਲੋਕ ਭਾਰਤ ਆ ਕੇ ਸ਼ਰੇਆਮ ਆਪਣੇ ਕੌਮੀ ਝੰਡੇ ਲਗਾ ਕੇ ਵਪਾਰ ਤੇ ਪ੍ਰਚਾਰ ਕਰ ਰਹੇ ਹਨ। ਇਸ ਤੋਂ ਵੀ ਵੱਧ ਨਮੋਸ਼ੀ ਵਾਲੀ ਗੱਲ ਇਹ ਸੀ ਕਿ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਰਿਪੋਰਟ ਦਰਜ ਨਹੀਂ ਕੀਤੀ। ਪਾਕਿਸਤਾਨੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਕੋਲ ਬਕਾਇਦਾ ਇਸ ਦੀ ਸ਼ਿਕਾਇਤ ਕੀਤੀ ਸੀ।
ਯਾਦ ਰਹੇ ਕਿ ਹਿੰਦੂ ਜਥੇਬੰਦੀਆਂ ਵੱਲੋਂ ਦੇਸ਼ ਭਗਤੀ ਦੇ ਨਾਂ ਹੇਠ ਇਸ ਤਰ੍ਹਾਂ ਦੀ ਹੋਛੀ ਹਰਕਤ ਕੋਈ ਪਹਿਲੀ ਵਾਰ ਨਹੀਂ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨੀ ਕਲਾਕਾਰਾਂ ਉਤੇ ਹਮਲੇ ਕਰ ਕੇ ਉਨ੍ਹਾਂ ਨੂੰ ਭਾਰਤ ਵਿਚ ਪੈਰ ਨਾ ਧਰਨ ਦੀਆਂ ਧਮਕੀਆਂ ਦਿੱਤੀਆਂ ਸਨ ਜਿਸ ਕਾਰਨ ਗ਼ਜ਼ਲ ਗਾਇਕ ਗੁਲਾਮ ਅਲੀ ਸਮੇਤ ਕਈ ਕਲਾਕਾਰਾਂ ਨੂੰ ਆਪਣੇ ਪ੍ਰੋਗਰਾਮ ਰੱਦ ਕਰਨੇ ਪਏ ਸਨ। ਇਥੋਂ ਤੱਕ ਕਿ ਭਾਰਤੀ ਫਿਲਮਾਂ ਵਿਚ ਪਾਕਿਸਤਾਨੀ ਕਲਾਕਾਰ ਲੈਣ ਦਾ ਵਿਰੋਧ ਕੀਤਾ ਗਿਆ। ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੇ ਰਿਲੀਜ਼ ਹੋਣ ਦੇ ਰਾਹ ਵਿਚ ਇਸ ਲਈ ਅੜਿੱਕੇ ਡਾਹੇ ਗਏ, ਕਿਉਂਕਿ ਇਸ ਵਿਚ ਪਾਕਿਸਤਾਨੀ ਅਦਾਕਾਰਾਂ ਨੇ ਭੂਮਿਕਾ ਨਿਭਾਈ ਸੀ। ਕੱਟੜ ਹਿੰਦੂ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਕੇਂਦਰ ਸਮੇਤ ਸੂਬਾ ਸਰਕਾਰ (ਮਹਾਰਾਸ਼ਟਰ) ਵੀ ਇਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣ ਲਈ ਤਿਆਰ ਹੋ ਗਈ।
ਅਸਲ ਵਿਚ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਉਣ ਪਿੱਛੋਂ ਕੱਟੜ ਹਿੰਦੂ ਜਥੇਬੰਦੀਆਂ ਇਸ ਤਰ੍ਹਾਂ ਦੇ ਕਾਰੇ ਨਿੱਤ ਕਰ ਰਹੀਆਂ ਹਨ। ਦੇਸ਼ ਵਿਚ ਘੱਟ-ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗਊ ਰੱਖਿਆ ਦੇ ਨਾਂ ਉਤੇ ਦਰਜਨ ਤੋਂ ਵੱਧ ਦਲਿਤਾਂ ਦੇ ਕਤਲ ਕਰ ਦਿੱਤੇ ਗਏ। ਦੇਸ਼ ਵਿਚ ਅਸਹਿਣਸ਼ੀਲਤਾ ਦਾ ਮਾਹੌਲ ਬਣਾਉਣ ਲਈ ਇਨ੍ਹਾਂ ਜਥੇਬੰਦੀਆਂ ਨੇ ਹਰ ਕੋਸ਼ਿਸ਼ ਕੀਤੀ। ਇਸ ਸਭ ਤੋਂ ਵੱਧ ਨਮੋਸ਼ੀ ਵਾਲੀ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਬੁਰਛਾਗਰਦੀ ਵਿਰੁੱਧ ਬੋਲਣਾ ਦੀ ਹੀਆ ਨਾ ਕਰ ਸਕੇ।