ਦਲ-ਬਦਲੀ ਦੇ ਗੇੜੇ

ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿਉਂ-ਜਿਉਂ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਹੋਈ ਜਾਂਦੇ ਹਨ, ਦਲ-ਬਦਲੀ ਦੀਆਂ ਖਬਰਾਂ ਵੀ ਜ਼ੋਰ ਫੜ ਰਹੀਆਂ ਹਨ। ਕੋਈ ਵੀ ਪਾਰਟੀ ਅਜਿਹੀ ਨਹੀਂ ਹੈ ਜਿਸ ਨੂੰ ਅੱਜ ਕੱਲ੍ਹ ਦਲ-ਬਦਲੀ ਨਾਲ ਜੂਝਣਾ ਨਾ ਪੈ ਰਿਹਾ ਹੋਵੇ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ ਇਕ ਦਹਾਕੇ ਤੋਂ ਸੂਬੇ ਵਿਚ ਰਾਜ-ਭਾਗ ਚਲਾ ਰਿਹਾ ਹੈ, ਤੋਂ ਲੈ ਕੇ ਨਿੱਤ ਦਿਨ ਬਣ-ਵਿਗਸ ਰਹੇ ਚੋਣ ਫਰੰਟਾਂ ਤੱਕ, ਸਭ ਇਸ ਗੇੜ ਵਿਚ ਗਿੜ ਰਹੇ ਹਨ।

ਅਕਾਲੀ ਦਲ ਤਾਂ ਆਪਣੇ ਦਲ-ਬਦਲੂਆਂ ਨੂੰ ਰੋਕਣ ਲਈ ਸੱਤਾ ਦੇ ਜ਼ੋਰ ਬਾਂਹ ਮਰੋੜਨ ਦੇ ਰਾਹ ਵੀ ਪੈ ਗਿਆ ਹੈ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵਾਲੀ ਮਿਸਾਲ ਇਸ ਦੀ ਮੁੱਖ ਮਿਸਾਲ ਹੈ। ਉਸ ਦੇ ਪੁੱਤਰ (ਜੋ ਅਕਾਲੀ ਦਲ ਦੀ ਟਿਕਟ ਉਤੇ ਦਾਅਵਾ ਕਰ ਰਿਹਾ ਸੀ) ਨੂੰ ਕਾਂਗਰਸ ਵਿਚ ਜਾਣ ਤੋਂ ਐਨ ਮੌਕੇ ‘ਤੇ ਰੋਕ ਲਿਆ ਗਿਆ। ਸਰਕਾਰ ਨੇ ਇਸ ਪਰਿਵਾਰ ਵੱਲੋਂ ਚਲਾਏ ਜਾ ਰਹੇ ਕਾਲਜ ਉਤੇ ਰਾਤੋ-ਰਾਤ ਵਿਜੀਲੈਂਸ ਦਾ ਛਾਪਾ ਮਰਵਾ ਕੇ ਸਾਫ ਸੁਨੇਹਾ ਦੇ ਦਿੱਤਾ। ਉਂਜ, ਇਸ ਮਾਮਲੇ ‘ਤੇ ਸਭ ਤੋਂ ਉਮਦਾ ਮਿਸਾਲ Ḕਰਾਜ ਗਾਇਕḔ ਵਜੋਂ ਸਨਮਾਨਿਤ ਹੰਸ ਰਾਜ ਹੰਸ ਦੀ ਹੈ। ਹੰਸ ਨੂੰ ਰਾਜ ਗਾਇਕ ਦਾ ਸਨਮਾਨ ਅਕਾਲੀ ਸਰਕਾਰ ਨੇ ਦਿੱਤਾ ਸੀ, ਉਹ ਸਪਸ਼ਟ ਰੂਪ ਵਿਚ ਇਸ ਦਲ ਨਾਲ ਹੀ ਜੁੜ ਗਏ ਸਨ, ਪਰ ਲੀਡਰਸ਼ਿਪ ਨਾਲ ਨਾਰਾਜ਼ਗੀ ਕਾਰਨ ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਲੜ ਫੜ ਕੇ ਕਾਂਗਰਸ ਨਾਲ ਰਲ ਗਏ ਸਨ। ਵਿਚਾਰਨ ਵਾਲਾ ਮਸਲਾ ਇਹ ਹੈ ਕਿ ਉਹ ਸ਼ਰਤਾਂ ਸਹਿਤ ਹੀ ਕਾਂਗਰਸ ਅੰਦਰ ਗਏ ਸਨ, ਪਰ ਕਾਂਗਰਸ ਵਾਲੇ ਰਾਹ ਤੁਰ ਕੇ, ਜਦੋਂ ਉਹ ਕੁਝ ਕਾਰਨਾਂ ਕਰ ਕੇ, ਰਾਜ ਸਭਾ ਦੀ ਦਹਿਲੀਜ਼ ਟੱਪਣ ਵਿਚ ਨਾਕਾਮ ਰਹੇ ਤਾਂ ਹੁਣ ਉਨ੍ਹਾਂ ਭਾਰਤੀ ਜਨਤਾ ਪਾਰਟੀ ਵੱਲ ਚਾਲੇ ਪਾ ਲਏ। ਪਾਰਟੀਆਂ ਬਦਲਣ ਵਿਚ ਉਨ੍ਹਾਂ ਸਿਆਸੀ ਆਗੂਆਂ ਨੂੰ ਵੀ ਪਛਾੜ ਛੱਡਿਆ ਹੈ, ਹਾਲਾਂਕਿ ਉਨ੍ਹਾਂ ਦਾ ਕਿਤੇ ਕੋਈ ਸਿਆਸੀ ਆਧਾਰ ਵੀ ਨਹੀਂ ਹੈ ਅਤੇ ਉਹ ਸਿਰਫ ਦਲਿਤ ਪਰਿਵਾਰ ਵਿਚ ਜੰਮੇ ਹੋਣ ਦਾ ਲਾਹਾ ਲੈ ਕੇ ਸਿਆਸਤ ਵਿਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੇ ਹਨ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦਾ ਅਸਲੀ ਮੁਕਾਮ ਤਾਂ ਗਾਇਨ ਸੀ, ਗਾਇਨ ਵਿਚੋਂ ਵੀ ਸੂਫੀ ਕਲਾਮ ਦਾ ਗਾਇਨ, ਪਰ ਸਿਰ ਦੇ ਵਾਲ ਵਧਾ ਕੇ ਸੂਫੀ ਬਣਨਾ ਹੋਰ ਗੱਲ ਹੈ, ਸਮੁੱਚੇ ਜੀਵਨ ਨੂੰ ਸੂਫੀ ਪੈਂਡਿਆਂ ਦਾ ਰਾਹੀ ਬਣਾਉਣਾ ਹੋਰ।
ਖੈਰ! ਦਲ-ਬਦਲੀ ਦੀਆਂ ਖਬਰਾਂ ਨੇ ਦਰਸਾ ਦਿੱਤਾ ਕਿ ਅੱਜ ਦੇ ਸਿਆਸੀ ਆਗੂ ਸਿਆਸਤ ਦੇ ਪਿੜ ਅੰਦਰ ਕਿੰਨੇ ਕੁ ਸੁੱਚੇ ਤੇ ਸੱਚੇ ਤੁਲਦੇ ਹਨ ਅਤੇ ਇਨ੍ਹਾਂ ਲੋਕਾਂ ਦੇ ਲੋਕ-ਮੁੱਦਿਆਂ ਅਤੇ ਸੂਬੇ ਦੇ ਮਸਲਿਆਂ ਨਾਲ ਕਿੰਨਾ ਕੁ ਸਰੋਕਾਰ ਹੈ!
ਦਰਅਸਲ, ਅੱਜ ਦੀ ਸਿਆਸਤ ਦਾ ਕਿੱਲਾ ਚੋਣਾਂ ਦੀ ਸਿਆਸਤ ਤੱਕ ਮਹਿਦੂਦ ਹੋ ਕੇ ਰਹਿ ਗਿਆ ਹੈ। ਇਸੇ ਕਰ ਕੇ ਚੋਣਾਂ ਦੇ ਦਿਨਾਂ ਦੌਰਾਨ ਦਲ-ਬਦਲੀ ਦੀਆਂ ਸਰਗਰਮੀਆਂ ਵਿਚ ਵਾਧਾ ਅਕਸਰ ਦਿਸਦਾ ਹੈ। ਇਹ ਵੀ ਵਿਚਾਰਨਾ ਬਣਦਾ ਹੈ ਕਿ ਵੱਖ-ਵੱਖ ਪਾਰਟੀਆਂ ਦੀ ਲੀਡਰਸ਼ਿਪ ਕਿਉਂਕਿ ਕੁਝ ਕੁ ਪਰਿਵਾਰਾਂ ਜਾਂ ਲੀਡਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਇਸ ਲਈ ਹੇਠਲੇ ਪੱਧਰ ਦੇ ਆਗੂਆਂ ਜਾਂ ਕਾਰਕੁਨਾਂ ਨੂੰ ਅੱਗੇ ਆਉਣ ਦੇ ਮੌਕੇ ਬਹੁਤ ਘੱਟ ਮਿਲ ਰਹੇ ਹਨ। ਜਿਹੜਾ ਆਗੂ ਇਕ ਵਾਰ ਸਥਾਪਿਤ ਹੋ ਗਿਆ, ਫਿਰ ਉਸ ਦਾ ਪਰਿਵਾਰ ਹੀ ਸਮੁੱਚੇ ਇਲਾਕੇ ਦਾ ਸਰਬਰਾਹ ਹੋਣ ਦਾ ਦਾਅਵਾ ਕਰਨ ਲੱਗਦਾ ਹੈ। ਅਜਿਹਾ ਰੁਝਾਨ ਵੱਖ-ਵੱਖ ਪਾਰਟੀਆਂ ਅੰਦਰ ਜਮਹੂਰੀਅਤ ਦਾ ਸਾਹ ਘੁੱਟ ਦੇਣ ਕਾਰਨ ਬਣਿਆ ਹੈ। ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਭਾਵੇਂ ਜੋ ਮਰਜ਼ੀ ਦਾਅਵੇ ਕਰਨ, ਇਨ੍ਹਾਂ ਅਤੇ ਹੋਰ ਪਾਰਟੀਆਂ ਅੰਦਰ ਜਮਹੂਰੀਅਤ ਦੀ ਸੱਚਮੁੱਚ ਸੰਘੀ ਘੁੱਟ ਦਿੱਤੀ ਗਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਭਰੀ ਨਵੀਂ ਸਿਆਸੀ ਧਿਰ-ਆਮ ਆਦਮੀ ਪਾਰਟੀ, ਤੋਂ ਇਸ ਗੰਧਲੇ ਸਿਆਸੀ ਮਾਹੌਲ ਅੰਦਰ ਕੁਝ ਨਵੀਆਂ ਲੀਹਾਂ ਪਾਉਣ ਦੀ ਆਸ ਬੱਝੀ ਸੀ, ਪਰ ਇਸ ਪਾਰਟੀ ਦੀ ਮੁੱਖ ਲੀਡਰਸ਼ਿਪ ਨੇ ਜਿਸ ਤਰ੍ਹਾਂ ਦਾ ਵਿਹਾਰ ਵਿਰੋਧੀ ਵਿਚਾਰ ਰੱਖਣ ਵਾਲੇ ਆਪਣੇ ਲੀਡਰਾਂ ਜਾਂ ਕਾਰਕੁਨਾਂ ਦਾ ਕੀਤਾ ਹੈ, ਉਸ ਤੋਂ ਸਾਫ ਲੱਗ ਰਿਹਾ ਸੀ ਕਿ ਪਰਨਾਲਾ ਸ਼ਾਇਦ ਉਥੇ ਦਾ ਉਥੇ ਹੀ ਰਹਿ ਜਾਣਾ ਹੈ। ਹੁਣ ਦੋ ਸਾਲਾਂ ਦੀ ਸਿਆਸਤ ਤੋਂ ਬਾਅਦ ਅਜਿਹੇ ਨਤੀਜੇ ਵੀ ਸਾਹਮਣੇ ਆ ਗਏ ਹਨ ਜਿਨ੍ਹਾਂ ਤੋਂ ਜਾਪ ਰਿਹਾ ਹੈ ਕਿ ਕੁਝ ਕੁ ਪੱਖਾਂ ਨੂੰ ਛੱਡ ਕੇ ਇਹ ਪਾਰਟੀ ਵੀ ਰਵਾਇਤੀ ਪਾਰਟੀਆਂ ਵਾਲੇ ਨਕਸ਼-ਏ-ਕਦਮ ਉਤੇ ਨਿਕਲ ਪਈ ਹੈ। ਉਂਜ ਜਿਸ ਤਰ੍ਹਾਂ ਦਾ ਹੁੰਗਾਰਾ ਇਸ ਪਾਰਟੀ ਨੂੰ ਮਿਲਿਆ ਜਾਂ ਅੱਜ ਵੀ ਮਿਲ ਰਿਹਾ ਹੈ, ਉਹ ਬੇਮਿਸਾਲ ਹੈ। ਜੇ ਕਿਤੇ ਪਾਰਟੀਆਂ ਦੇ ਕਾਰਕੁਨਾਂ ਕੋਲ ਪਾਰਟੀ ਦੀ ਲੀਡਰਸ਼ਿਪ ਨੂੰ ਸਵਾਲ ਕਰਨ ਦਾ ਕੋਈ ਢਾਂਚਾ ਵਿਕਸਿਤ ਕਰ ਲਿਆ ਜਾਵੇ ਤਾਂ ਜਾਪਦਾ ਹੈ ਕਿ ਲੋਕਾਂ ਦਾ ਭਰਪੂਰ ਹੁੰਗਾਰਾ ਪ੍ਰਾਪਤ ਕਰਨ ਵਾਲੀਆਂ ਅਜਿਹੀਆਂ ਧਿਰਾਂ ਰਵਾਇਤੀ ਸਿਆਸਤ ਨੂੰ ਕੁਝ ਕੁ ਮੋੜਾ ਤਾਂ ਪਾ ਹੀ ਸਕਦੀਆਂ ਹਨ। ਇਸ ਮਾਮਲੇ ਵਿਚ ਪਹਿਲ ‘ਆਪ’ ਨੇ ਹੀ ਕੀਤੀ ਸੀ ਜੋ ਮਗਰੋਂ ਤੱਜ ਦਿੱਤੀ ਗਈ। ਹੁਣ ਸ਼ੁਰੂਆਤ ਕਿਸ ਪਾਸਿਓਂ ਅਤੇ ਕਿਸ ਤਰ੍ਹਾਂ ਹੋਵੇਗੀ, ਇਹ ਕਹਿਣਾ ਫਿਲਹਾਲ ਕਿਆਸ-ਆਰਾਈ ਹੀ ਹੈ; ਪਰ ਇਕ ਗੱਲ ਸਾਫ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੂੰ ਪਿਛੇ ਕਰ ਕੇ ‘ਆਪ’ ਵਰਗੀ ਪਾਰਟੀ ਨੂੰ ਹੁਲਾਰਾ ਦਿੱਤਾ ਸੀ, ਕਿਸੇ ਦਿਨ ਇਹੀ ਲੋਕ ਲੀਡਰਸ਼ਿਪ ਨੂੰ ਮੈਦਾਨ ਵਿਚ ਖਲਿਆਰ ਕੇ ਆਪਣੇ ਨਾਲ ਜੁੜੇ ਸਵਾਲ ਕਰਨ ਦੇ ਸਮਰੱਥ ਹੋ ਜਾਣਗੇ। ਉਸ ਹਾਲਾਤ ਵਿਚ ਫਿਰ ਲੀਡਰਸ਼ਿਪ ਨੂੰ ਕਮਰਿਆਂ ਵਿਚ ਬੈਠ ਕੇ ਫੈਸਲੇ ਕਰਨ ਦੀ ਥਾਂ ਲੋਕਾਂ ਦੀ ਗੱਲ ਸੁਣਨੀ ਪਵੇਗੀ। ਅਜਿਹੀ ਸੂਰਤ ਵਿਚ ਕਮਾਨ ਸੱਚਮੁੱਚ ਜਮਹੂਰੀ ਰੁਖ ਅਖਤਿਆਰ ਕਰੇਗੀ। ਇਹ ਤੱਥ ਭਾਵੇਂ ਹਾਲ ਦੀ ਘੜੀ ‘ਦਿੱਲੀ ਅਜੇ ਦੂਰ’ ਵਾਲੀ ਗੱਲ ਹੀ ਜਾਪਦਾ ਹੈ, ਪਰ ਪੰਜਾਬ ਦੇ ਲੋਕ ਇਸ ਮਾਮਲੇ ‘ਤੇ ਵੀ ਪਿਛੇ ਨਹੀਂ ਰਹਿਣ ਲੱਗੇ। ਸੰਭਵ ਹੈ ਕਿ ਅਸਲ ਜਮਹੂਰੀ ਨਿਜ਼ਾਮ ਵਾਲਾ ਰਾਹ ਪੰਜਾਬ ਵਿਚੋਂ ਹੋ ਕੇ ਲੰਘੇ।