ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਦੇਸ਼ ਦੀ ਵੰਡ ਤਕ ਦਾ ਇਤਿਹਾਸ
ਸ੍ਰੀ ਆਨੰਦਪੁਰ: ਵਿਰਾਸਤ-ਏ-ਖਾਲਸਾ ਦਾ ਦੂਸਰਾ ਪੜਾਅ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਤੱਕ ਦੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰੇਗਾ। ਤਕਰੀਬਨ 77 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਰਾਸਤ-ਏ-ਖਾਲਸਾ ਦੇ ਦੂਸਰੇ ਪੜਾਅ ‘ਚ 13 ਗੈਲਰੀਆਂ ਹਨ।
200 ਸਾਲ ਦੇ ਸਿੱਖ ਸਮੇਂ ਨੂੰ ਇਨ੍ਹਾਂ 13 ਗੈਲਰੀਆਂ ‘ਚ ਬਾ-ਕਮਾਲ ਤਰੀਕਿਆਂ ਨਾਲ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਵਿਚ ਹਸਤਕਲਾ, ਅਤਿ ਆਧੁਨਿਕ ਤਕਨਾਲੋਜੀ ਤੋਂ ਇਲਾਵਾ 3-ਡੀ ਤਕਨੀਕ ਸਮੇਤ ਆਲਾ ਦਰਜੇ ਦਾ ਆਡੀਓ ਤੇ ਵੀਡੀਓ ਕਨਟੈਂਟ ਇਥੇ ਪਹੁੰਚਣ ਵਾਲੇ ਲੱਖਾਂ ਸੈਲਾਨੀਆਂ ਲਈ ਵਿਸ਼ੇਸ਼ ਸਹੂਲਤ ਹੀ ਪ੍ਰਦਾਨ ਨਹੀਂ ਕਰੇਗਾ ਬਲਕਿ ਨੌਜਵਾਨ ਪੀੜ੍ਹੀ ਲਈ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋਣ ਲਈ ਦੁਨੀਆਂ ਦਾ ਵਿਲੱਖਣ ਤੇ ਅਨੋਖਾ ਸੋਮਾ ਬਣ ਕੇ ਵੀ ਉਭਰੇਗਾ। ਸਤਾਈਵੀਂ ਗੈਲਰੀ ਵਿਚ ਇਕ ਗੀਤ ਰਾਹੀਂ ਦੱਸਿਆ ਗਿਆ ਹੈ ਕਿ ਪੰਜਾਬ ਜਾਂ ਸਿੱਖ ਪੰਥ ਬਿਪਤਾਵਾਂ, ਔਕੜਾਂ ਤੇ ਜ਼ੁਲਮ ਦਾ ਬਹਾਦਰੀ ਨਾਲ ਟਾਕਰਾ ਕਰ ਕੇ ਜਿਥੇ ਹਮੇਸ਼ਾ ਚੜ੍ਹਦੀਕਲਾ ‘ਚ ਰਹਿੰਦਾ ਹੈ, ਉਥੇ ਹਰ ਵੇਲੇ ਸਰਬੱਤ ਦੇ ਭਲੇ ਦੀ ਕਾਮਨਾ ਹੀ ਕਰਦਾ ਹੈ।
__________________________________________
ਸਿੱਖ ਇਤਿਹਾਸ ਦੀ ਸੰਪੂਰਨ ਤਰਜਮਾਨੀ
ਸ੍ਰੀ ਆਨੰਦਪੁਰ: ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਉਤੇ ਬਣਿਆ ਵਿਰਾਸਤ-ਏ-ਖਾਲਸਾ ਸੈਲਾਨੀਆਂ ਤੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਇਸ ਦਾ ਦੂਜਾ ਪੜਾਅ ਵੀ ਸੰਗਤਾਂ ਲਈ ਖੋਲ੍ਹ ਦਿੱਤਾ ਹੈ। ਪਹਿਲੇ ਪੜਾਅ ਦਾ ਉਦਘਾਟਨ 25 ਨਵੰਬਰ, 2011 ਨੂੰ ਕੀਤਾ ਗਿਆ ਸੀ। ਇਸ ਹੁਣ ਤੱਕ ਤਕਰੀਬਨ 70 ਲੱਖ ਲੋਕ ਵੇਖ ਚੁੱਕੇ ਹਨ ਜਿਨ੍ਹਾਂ ਵਿਚੋਂ ਤਕਰੀਬਨ 14 ਲੱਖ ਵਿਦੇਸ਼ੀ ਸੈਲਾਨੀ ਹਨ।
ਪਹਿਲੇ ਪੜਾਅ ਵਿਚ 14 ਜਦ ਕਿ ਦੂਜੇ ਵਿਚ 13 ਗੈਲਰੀਆਂ ਹਨ। ਕੁੱਲ 27 ਗੈਲਰੀਆਂ ਵਿਚ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਹੈ। ਦੂਜੇ ਪੜਾਅ ਦੀ ਸ਼ੁਰੂਆਤ ਪੰਦ੍ਹਰਵੀਂ ਗੈਲਰੀ ਨਾਲ ਹੁੰਦੀ ਹੈ। ਇਹ ਗੈਲਰੀ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਦੇ ਮਹੱਤਵ ਨੂੰ ਅਨੋਖੇ ਢੰਗ ਨਾਲ ਦਰਸਾਉਂਦੀ ਹੈ। ਇਸ ਗੈਲਰੀ ‘ਚ ਜਦੋਂ ਕੋਈ ਦਾਖਲ ਹੁੰਦਾ ਹੈ ਤਾਂ ਉਹ ਅਧਿਆਤਮਕ ਅਨੰਦ ਮਹਿਸੂਸ ਕਰਦਾ ਹੈ। ਇਸ ਗੈਲਰੀ ਵਿਚ ਜਿਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੱਖ-ਵੱਖ ਗੁਰਦੁਆਰਾ ਸਾਹਿਬਾਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਮਹੱਤਵ ਨੂੰ ਫਿਲਮਾਇਆ ਗਿਆ ਹੈ, ਉਥੇ ਇਸ ਦੇ ਅਗਲੇ ਹਿੱਸੇ ਵਿਚ ‘ਰਿਮ ਝਿਮ ਵਰਸੈ ਅੰਮ੍ਰਿਤਧਾਰਾ’ ਸ਼ਬਦ ਦੀ ਰੋਸ਼ਨੀਆਂ ਦੀ ਪੇਸ਼ਕਾਰੀ ਇਸ ਕਦਰ ਕੀਤੀ ਗਈ ਹੈ ਕਿ ਮੰਨੋ ਬ੍ਰਹਿਮੰਡ ਵਿਚੋਂ ਗੁਰਬਾਣੀ ਵਰਸ ਰਹੀ ਹੋਵੇ।
ਸੋਲ੍ਹਵੀਂ ਗੈਲਰੀ ਵਿਚ ਖਾਲਸਾ ਰਾਜ ਦੇ ਉਸਰੱਈਏ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ, ਖਾਲਸਾ ਰਾਜ ਦਾ ਸਿੱਕਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਦਾ ਦਿਲ ਹਲੂਣਵੇਂ ਤਰੀਕੇ ਨਾਲ ਲੱਕੜ ਉਤੇ ਹਸਤਕਲਾ ਨਾਲ ਸੂਖਮ ਕਾਰੀਗਰੀ ਜ਼ਰੀਏ ਬਿਹਤਰੀਨ ਚਿਤਰਨ ਕੀਤਾ ਗਿਆ ਹੈ।
ਸਤਾਰ੍ਹਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਆਏ ਦੌਰ (1716-1765 ਈਸਵੀ) ਦਾ ਵਰਨਣ ਜੰਗਲਾਂ ਰਾਹੀਂ ਕੀਤਾ ਗਿਆ ਹੈ, ਜਦੋਂ ਸਿੱਖ ਧੜੇਬੰਦੀ ਵਿਚ ਵੰਡੇ ਗਏ ਸਨ। ਇਥੇ ਤਾਂਬੇ ਨਾਲ ਤਿਆਰ ਕੀਤੇ ਗਏ ਜੰਗਲ, ਜਿਨ੍ਹਾਂ ਵਿਚ ਹਸਤਕਲਾ ਨਾਲ ਬਾਰੀਕ ਕਾਰੀਗਰੀ ਦਾ ਅਨੂਠਾ ਨਮੂਨਾ ਵੇਖਣ ਨੂੰ ਮਿਲਦਾ ਹੈ। ਇਸ ਤੋਂ ਅੱਗੇ ਸਿੱਖਾਂ ਨੂੰ ਮੁੜ ਤੋਂ ਜਥੇਬੰਦਕ ਕਰਨ ਵਾਲੇ ਬਿਖੜੇ ਹਾਲਾਤ ਵਿਚੋਂ ਪੈਦਾ ਹੋਈ ਸੰਸਥਾ ਸਰਬੱਤ ਖਾਲਸਾ ਦੇ ਦ੍ਰਿਸ਼ ਪੇਸ਼ ਕੀਤੇ ਗਏ ਹਨ। ਇਥੇ ਡਾਮੀਨੈਂਸ ਵਾਲ ਵੀ ਬਣਵਾਈ ਗਈ ਹੈ, ਜਿਸ ਵਿਚ ਵੱਖ-ਵੱਖ ਲੜਾਈਆਂ ਤੇ ਘੱਲੂਘਾਰਿਆਂ ਦਾ ਜ਼ਿਕਰ ਸੂਖਮ ਚਿੱਤਰਕਾਰੀ ਨਾਲ ਕੀਤਾ ਗਿਆ ਹੈ। ਇਹ ਚਿੱਤਰਕਾਰੀ ਪਦਮ ਸ੍ਰੀ ਜੈਪ੍ਰਕਾਸ਼ ਦੀ ਦੇਖ-ਰੇਖ ਹੇਠ ਕਰਵਾਈ ਗਈ ਹੈ। ਅਗਲੇ ਹਿੱਸੇ ਵਿਚ ਅਠਾਰਵੀਂ ਸਦੀ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਵੱਡਾ ‘ਕਲਾਈਡੀਓਸਕੋਪ’ ਬਣਾਇਆ ਗਿਆ ਹੈ, ਜਿਸ ਵਿਚ ਅਤਿ-ਆਧੁਨਿਕ ਤਕਨੀਕਾਂ ਨਾਲ ਅਦੁੱਤੀ ਸਿੱਖ ਸ਼ਹਾਦਤਾਂ ਨੂੰ ਦਰਸਾਉਂਦਾ ਅਜਿਹਾ ਗੀਤ ਗਾਇਆ ਗਿਆ ਹੈ ਕਿ ਸੁਣਨ ਵਾਲੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਗਲੇ ਹਿੱਸੇ ਵਿਚ ‘ਮਿਸਲ ਕਾਲ’ ਦੇ ਜਰਨੈਲਾਂ ਨੂੰ ਇਸ ਕਦਰ ਵਿਖਾਇਆ ਗਿਆ ਹੈ ਕਿ ਦਰਸ਼ਕ ਇਥੇ ਖੜ੍ਹੇ ਸਿੱਖ ਮਿਸਲਾਂ ਦੇ ਜਰਨੈਲਾਂ ਦੇ ਬੁੱਤਾਂ ਨੂੰ ਵੇਖ ਕੇ ਇਹ ਫੈਸਲਾ ਨਹੀਂ ਕਰ ਸਕਦਾ ਕਿ ਇਹ ਅਸਲ ਮਨੁੱਖ ਹਨ ਜਾਂ ਬੁੱਤ। ਸਿਲੀਕਾਨ ਦੇ ਬਣੇ ਇਹ ਬੁੱਤ ਅਸਲੀ ਵਿਖਾਈ ਦਿੰਦੇ ਹਨ। ਇਸੇ ਗੈਲਰੀ ਦੇ ਅਗਲੇ ਹਿੱਸੇ ਨੂੰ ‘ਹੰਨੇ ਹੰਨੇ ਮੀਰੀ’ ਦਾ ਨਾਂ ਦਿੱਤਾ ਗਿਆ ਹੈ, ਜਿਸ ਵਿਚ ਘੱਲੂਘਾਰਿਆਂ ਪਿਛੋਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਆਗਾਜ਼ ਦੇ ਨਾਲ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਜਾਹੋ-ਜਲਾਲ ਦਾ ਚਿਤਰਨ ਕੀਤਾ ਗਿਆ ਹੈ।
ਵੀਹਵੀਂ ਗੈਲਰੀ ਵਿਚ ਗਦਰ ਲਹਿਰ, ਅਕਾਲੀ ਲਹਿਰ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਆਦਿ ਆਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਵਿਰਾਸਤ-ਏ-ਖਾਲਸਾ ਦੇ ਦੂਸਰੇ ਹਿੱਸੇ ਦਾ ਮੁੱਖ ਆਕਰਸ਼ਣ ਰਹੇਗਾ ਮਾਸਟਰ ਤਾਰਾ ਸਿੰਘ ਦਾ ਐਨੀਮੈਟਰਾਨਿਕਸ। ਉਨ੍ਹਾਂ ਦਾ ਇਹ ਜਿਊਂਦਾ ਜਾਗਦਾ ਬੁੱਤ ਜਿਥੇ ਬੋਲਦਾ ਵੀ ਹੈ ਉਥੇ ਹੱਥ ਹਿਲਾ ਕੇ ਮਾਸਟਰ ਜੀ ਦੇ ਜੀਵਤ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਇਕੀਵੀਂ ਗੈਲਰੀ ‘ਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਵੰਡ ਦਾ ਜ਼ਿਕਰ ਰੈਡਕਲਿੱਫ ਦੇ ਦਫਤਰ ਨੂੰ ਵਿਖਾ ਕੇ ਕੀਤਾ ਗਿਆ ਹੈ। ਬਾਈਵੀਂ ਗੈਲਰੀ ‘ਚ ਭਾਰਤ-ਪਾਕਿਸਤਾਨ ਦੀ ਵੰਡ ਦਾ ਅਹਿਸਾਸ ਪੁਰ ਜਜ਼ਬਾਤੀ ਢੰਗ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇਈਵੀਂ ਗੈਲਰੀ ‘ਚ ਵੰਡ ਦੌਰਾਨ ਹੋਏ ਉਜਾੜੇ ਦਾ ਜ਼ਿਕਰ ਫਿਲਮਾਂਕਣ ਜ਼ਰੀਏ ਕੀਤਾ ਗਿਆ ਹੈ।
ਚੌਵੀਵੀਂ ਗੈਲਰੀ ‘ਚ ਮੁੜ ਤੋਂ ਵਸੇ ਪੰਜਾਬ, ਭਾਖੜਾ ਡੈਮ, ਪੰਜਾਬ ਦੇ ਖੇਤਾਂ ਵਿਚ ਆਈ ਖੁਸ਼ਹਾਲੀ ਨੂੰ ਬਾਖੂਬੀ ਵਿਖਾਇਆ ਗਿਆ ਹੈ। ਜਦਕਿ ਪੰਝੀਵੀਂ ਅਤੇ ਛੱਬੀਵੀਂ ਗੈਲਰੀ ‘ਚ ਆਜ਼ਾਦੀ ਤੋਂ ਬਾਅਦ ਦੇ ਖ਼ੁਸ਼ਹਾਲ ਪੰਜਾਬ ਦਾ ਜ਼ਿਕਰ ਬਾਰਾਮਾਹ ਦੇ ਇਕ ਗਾਇਨ ਅਤੇ ਥ੍ਰੀ-ਡੀ ਐਨਕਾਂ ਰਾਹੀਂ ਵਿਖਾਏ ਜਾਣ ਵਾਲੇ ਵੀਡੀਓ ਰਾਹੀਂ ਕੀਤਾ ਗਿਆ ਹੈ। ਅਖੀਰਲੀ ਸਤਾਈਵੀਂ ਗੈਲਰੀ ਨੂੰ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦਾ ਨਾਂ ਦਿੱਤਾ ਗਿਆ ਹੈ। ਇਸ ਵਿਚ ਗੀਤ ਰਾਹੀਂ ਖਾਲਸੇ ਦੀ ਚੜ੍ਹਦੀਕਲਾ ਬਾਰੇ ਦੱਸਿਆ ਗਿਆ ਹੈ।
_____________________________________________
ਸ਼ੇਰ-ਏ-ਪੰਜਾਬ ਮਹਾਰਾਜਾ ਦੇ ਦਰਬਾਰ ਦਾ ਹੂ-ਬਹੂ ਦ੍ਰਿਸ਼
ਸ੍ਰੀ ਆਨੰਦਪੁਰ: ਅਠਾਰਵੀਂ ਗੈਲਰੀ ਸਮੁੱਚੇ ਰੂਪ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਤ ਹੈ। ਇਸ ਗੈਲਰੀ ‘ਚ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਤੋਂ ਲੈ ਕੇ ਉਨ੍ਹਾਂ ਦੇ ਦਰਬਾਰ ਦਾ ਹੂ-ਬ-ਹੂ ਦ੍ਰਿਸ਼ ਪੇਸ਼ ਕਰ ਕੇ ਨੌਜਵਾਨ ਪੀੜ੍ਹੀ ਨੂੰ ਅਸਲੀਅਤ ਦਾ ਅਹਿਸਾਸ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਥੇ 13 ਮੀਟਰ ਲੰਬੀ ਤੇ ਕਰੀਬ ਸਾਢੇ ਚਾਰ ਮੀਟਰ ਉਚੀ ਸਕਰੀਨ ਤੇ ਵੀਡੀਓ ਕੰਨਟੈਂਟ ਦਰਸ਼ਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਲੈ ਜਾਵੇਗਾ।
ਉਦੋਂ ਦੀ ਫੌਜ ਦੇ ਦ੍ਰਿਸ਼ ਵੀ ਪ੍ਰਾਜੈਕਟਰਾਂ ਰਾਹੀਂ ਵਿਖਾਏ ਜਾਣਗੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਹਿਲੀ ਤੇ ਦੂਸਰੀ ਐਂਗਲੋ ਸਿੱਖ ਜੰਗ ਨੂੰ ਦਿਲਕਸ਼ ਢੰਗ ਨਾਲ ਵਿਖਾਇਆ ਗਿਆ ਹੈ। ਉਨ੍ਹੀਵੀਂ ਗੈਲਰੀ ਤੋਂ ਅੰਗਰੇਜ਼ ਕਾਲ ਦੀ ਸ਼ੁਰੂਆਤ ਹੁੰਦੀ ਹੈ, ਜਿਸ ਵਿਚ ਬਰਤਾਨਵੀ ਸ਼ਾਸਨ, ਪੰਜਾਬ ਅਸੈਂਬਲੀ, ਕਾਲੋਨੀ ਐਕਟ ਤੇ ਕਪੂਰਥਲਾ, ਪਟਿਆਲਾ, ਫਰੀਦਕੋਟ, ਮਲੇਰਕੋਟਲਾ ਤੇ ਨਾਭਾ ਆਦਿ ਰਿਆਸਤਾਂ ਦਾ ਜ਼ਿਕਰ ਕੀਤਾ ਗਿਆ ਹੈ। ਫਿਰ ਵਾਰੀ ਆਉਂਦੀ ਹੈ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੇ ਲਾਸਾਨੀ ਯੋਗਦਾਨ ਦੀ। ਸਾਕਾ ਨਨਕਾਣਾ ਸਾਹਿਬ, ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚਿਆਂ ਨੂੰ ਇਸ ਕਦਰ ਬਾਖੂਬੀ ਪੇਸ਼ ਕੀਤਾ ਹੈ ਕਿ ਆਪਣੇ ਸ਼ਾਨਾਮੱਤੇ ਤੇ ਮਾਣਮੱਤੇ ਇਤਿਹਾਸ ਤੋਂ ਬਿਲਕੁਲ ਅਨਜਾਣ ਨੌਜਵਾਨ ਪੀੜ੍ਹੀ ਨੂੰ ਇਥੇ ਆ ਕੇ ਆਪਣੇ ਵਡੇਰਿਆਂ ਉਤੇ ਮਾਣ ਮਹਿਸੂਸ ਹੁੰਦਾ ਹੈ ।