ਅਕਾਲੀ ਆਗੂਆਂ ਨੂੰ ਚੜ੍ਹਿਆ ਹਕੂਮਤ ਦਾ ਨਸ਼ਾ

ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਦੇ ਦੋ ਮੁੰਡਿਆਂ ਨੇ ਸਾਰੀਆਂ ਹੱਦਾਂ ਤੋੜਦਿਆਂ ਮਾਮੂਲੀ ਤਕਰਾਰ ਤੋਂ ਬਾਅਦ ਹੌਲਦਾਰ ਮਲਕੀਤ ਸਿੰਘ ਨੂੰ ਨਿਰਵਸਤਰ ਕਰ ਕੇ ਨਾ ਸਿਰਫ ਪਿੰਡ ਵਿਚ ਘੁਮਾਇਆ, ਸਗੋਂ ਉਸ ਨੂੰ ਜੁੱਤੀ ਚੱਟਣ ਲਈ ਵੀ ਮਜਬੂਰ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਰਕ ਕਲਾਂ-ਕੋਟਭਾਈ ਪਿੰਡ ਦੀ ਸੜਕ ‘ਤੇ ਮਲਕੀਤ ਦੀ ਨਿੱਜੀ ਕਾਰ ਨਾਲ ਟਰੈਕਟਰ ਟਰਾਲੀ ਖਹਿ ਗਈ ਜਿਸ ‘ਚ ਲੱਖੇ ਸਮੇਤ ਚਾਰ ਜਣੇ ਸਵਾਰ ਸਨ।

ਜ਼ਿਕਰਯੋਗ ਹੈ ਕਿ ਵਿਰਕ ਕਲਾਂ ਨੇੜੇ ਬਠਿੰਡਾ ਹਵਾਈ ਅੱਡੇ ਦਾ ਉਦਘਾਟਨ ਹੋਣਾ ਸੀ ਜਿਥੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਣਪਤੀ ਰਾਜੂ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਕਈ ਹਸਤੀਆਂ ਨੇ ਹਿੱਸਾ ਲੈਣਾ ਸੀ ਅਤੇ ਮਲਕੀਤ ਤੇ ਇਕ ਹੋਰ ਪੁਲਿਸ ਕਰਮੀ ਦੀ ਵੀæਆਈæਪੀæ ਡਿਊਟੀ ਲੱਗੀ ਹੋਈ ਸੀ। ਹਮਲਾਵਰਾਂ ਉਤੇ ਪਹਿਲਾਂ ਹੀ ਕਈ ਸੰਗੀਨ ਮਾਮਲੇ ਚੱਲ ਰਹੇ ਹਨ ਅਤੇ ਉਨ੍ਹਾਂ ਨਾਲ ਬੈਠਾ ਇਕ ਸੀਰੀ ਟਰੈਕਟਰ ਟਰਾਲੀ ਤੋਂ ਉਤਰ ਕੇ ਕਾਰ ਠੀਕ ਢੰਗ ਨਾਲ ਨਾ ਖੜ੍ਹੀ ਕਰਨ ਨੂੰ ਲੈ ਕੇ ਪੁਲਿਸ ਕਰਮੀਆਂ ਨਾਲ ਤਕਰਾਰ ਕਰਨ ਲੱਗ ਪਿਆ। ਦੋਵੇਂ ਪਾਸਿਆਂ ਤੋਂ ਜਦੋਂ ਤਿੱਖੀ ਤਕਰਾਰ ਸ਼ੁਰੂ ਹੋ ਗਈ ਤਾਂ ਲੱਖੇ ਤੇ ਉਸ ਦੇ ਸਾਥੀਆਂ ਨੇ ਡੰਡੇ ਕੱਢ ਕੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਲਕੀਤ ਦੇ ਨਾਲ ਵਾਲਾ ਪੁਲਿਸ ਕਰਮੀ ਮੌਕਾ ਦੇਖ ਕੇ ਉਥੋਂ ਭੱਜ ਨਿਕਲਿਆ ਜਦਕਿ ਉਨ੍ਹਾਂ ਮਲਕੀਤ ਸਿੰਘ ਨੂੰ ਢਾਹ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਉਸ ਦੀ ਵਰਦੀ ਲੀਰਾਂ ਕਰ ਦਿੱਤੀ ਅਤੇ ਟਰਾਲੀ ‘ਚ ਨਿਰਵਸਤਰ ਕਰ ਕੇ ਮੰਜੇ ਉਤੇ ਬਿਠਾ ਦਿੱਤਾ।
ਪ੍ਰਤੱਖ ਦਰਸ਼ੀ ਮੁਤਾਬਕ ਮੁਲਜ਼ਮਾਂ ਨੇ ਟਰਾਲੀ ਨੂੰ ਫਿਰਨੀ ਉਤੇ ਗੇੜੇ ਦੁਆਏ ਅਤੇ ਫਿਰ ਲੱਖੇ ਨੇ ਉਸ ਨੂੰ ਜੁੱਤੀ ਚੱਟਣ ਲਈ ਆਖਿਆ। ਬਾਅਦ ‘ਚ ਹਮਲਾਵਰ ਉਸ ਨੂੰ ਆਪਣੇ ਘਰ ਲੈ ਗਏ। ਬਚ ਕੇ ਨਿਕਲੇ ਪੁਲਿਸ ਕਰਮੀ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਮਲਕੀਤ ਨੂੰ ਬਚਾਇਆ ਅਤੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਾਇਆ। ਮਲਕੀਤ ਦੇ 9 ਥਾਵਾਂ ਉਤੇ ਸੱਟਾਂ ਲੱਗੀਆਂ ਹਨ ਅਤੇ ਫਰੈਕਚਰ ਹੋਏ ਹਨ। ਹੌਲਦਾਰ ਨੇ ਦੱਸਿਆ ਕਿ ਬਿਨਾਂ ਕਸੂਰ ਦੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਪਰੇਡ ਕਰਾਈ ਗਈ।
ਐਸ਼ਐਸ਼ਪੀæ ਸਵਪਨ ਸ਼ਰਮਾ ਨੇ ਕਿਹਾ ਕਿ ਲਖਵਿੰਦਰ ਲੱਖਾ ਖਿਲਾਫ ਪਹਿਲਾਂ ਤੋਂ ਹੀ ਅਗਵਾ, ਹੱਤਿਆ ਦੀ ਕੋਸ਼ਿਸ਼, ਕੁੱਟਮਾਰ ਤੇ ਹੋਰ ਗੰਭੀਰ ਕੇਸ ਚੱਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ।
___________________________
ਅਕਾਲੀ ਆਗੂ ਦੇ ਭਰਾ ਵੱਲੋਂ ਗ੍ਰੰਥੀ ਦੀ ਕੁੱਟਮਾਰ

ਸੰਗਰੂਰ: ਇਥੋਂ ਦੇ ਇਕ ਅਕਾਲੀ ਆਗੂ ਦੇ ਭਰਾ ਵੱਲੋਂ ਗੁਰਦੁਆਰਾ ਨਾਨਕਪੁਰਾ ਸਾਹਿਬ ਦੇ ਬਜ਼ੁਰਗ ਗ੍ਰੰਥੀ ਦੀ ਕੁੱਟਮਾਰ ਕੀਤੀ। ਕੁੱਟਮਾਰ ਦਾ ਸ਼ਿਕਾਰ ਹੋਏ ਗ੍ਰੰਥੀ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਰੋਹ ਵਿਚ ਆਏ ਗ੍ਰੰਥੀਆਂ ਅਤੇ ਪਰਿਵਾਰਕ ਸਮਰਥਕਾਂ ਵੱਲੋਂ ਸ਼ਹਿਰ ਵਿਚ ਅਕਾਲੀ ਆਗੂ ਦੀ ਦੁਕਾਨ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਗ੍ਰੰਥੀ ਦੇ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਰਸ਼ਨ ਸਿੰਘ (63 ਸਾਲ), ਜੋ ਗੁਰਦੁਆਰਾ ਨਾਨਕਪੁਰਾ ਸਾਹਿਬ ਵਿਚ ਪਿਛਲੇ ਕਈ ਸਾਲਾਂ ਤੋਂ ਬਤੌਰ ਗ੍ਰੰਥੀ ਸੇਵਾ ਨਿਭਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਦਾ ਭਰਾ ਪ੍ਰੇਮਜੀਤ ਸਿੰਘ ਗੁਰਦੁਆਰੇ ਵਿਚ ਪੁੱਜ ਗਿਆ ਅਤੇ ਕਮਰੇ ਵਿਚ ਆ ਕੇ ਉਸ ਦੇ ਪਿਤਾ ਨਾਲ ਝਗੜਾ ਕਰਨ ਲੱਗ ਪਿਆ। ਪ੍ਰੇਮਜੀਤ ਸਿੰਘ ਨੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ।
__________________________
ਸੁਖਬੀਰ ਬਾਦਲ ਦੀ ਮਨਮਾਨੀ ਵਿਰੁਧ ਵਕੀਲਾਂ ਦਾ ਰੋਹ
ਚੰਡੀਗੜ੍ਹ: ਪੁਲਿਸ ਸਟੇਸ਼ਨ ਅਮੀਰ ਖਾਸ ਨੂੰ ਸਬ-ਡਿਵੀਜ਼ਨ ਗੁਰੂ ਹਰਸਹਾਏ ਦੇ ਅਧਿਕਾਰ ਖੇਤਰ ਤੋਂ ਕੱਢ ਕੇ ਜਲਾਲਾਬਾਦ ਸਬ-ਡਿਵੀਜ਼ਨ ‘ਚ ਸ਼ਾਮਲ ਕਰਨ ਦਾ ਵਿਵਾਦਤ ਸਿਆਸੀ ਮਸਲਾ ਬਣ ਗਿਆ ਹੈ। ਇਥੋਂ ਦੇ ਵਕੀਲਾਂ ਦੀ ਸੰਸਥਾ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਦੇ ਨਾਲ ਨਾਲ ਭਾਰਤੀ ਚੋਣ ਕਮਿਸ਼ਨਰ ਨੂੰ ਵੀ ਇਸ ਸਬੰਧੀ ਸ਼ਿਕਾਇਤ ਭੇਜੀ ਹੈ।
ਗੁਰੂ ਹਰਸਹਾਏ ਬਾਰ ਐਸੋਸੀਏਸ਼ਨ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੀ ਸ਼ਕਤੀ ਦੀ ਵਰਤੋਂ ਮਨਮਰਜ਼ੀ ਨਾਲ ਜਨਤਕ ਹਿੱਤਾਂ ਵਿਰੁੱਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੇ ਸੰਭਾਵੀ ਚੋਣ ਹਲਕੇ ਜਲਾਲਾਬਾਦ ਵਿਚ ਵੋਟਰਾਂ ਦੀ ਗਿਣਤੀ ਵਧਾਉਣ ਲਈ ਅਜਿਹਾ ਕਰ ਰਹੇ ਹਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੋਢੀ ਨੇ ਕਿਹਾ ਕਿ ਫਿਰੋਜ਼ਪੁਰ ਦੀ ਸਬ-ਡਿਵੀਜ਼ਨ ਗੁਰੂ ਹਰਸਹਾਏ ਦੇ ਅਧਿਕਾਰ ਖੇਤਰ ‘ਚ ਆਉਂਦੇ ਅਮੀਰ ਖਾਸ ਪੁਲਿਸ ਸਟੇਸ਼ਨ ਅਤੇ ਮਾਲੀਆ ਤੇ ਸਿਵਲ ਅਦਾਲਤਾਂ ਨੂੰ ਫਾਜ਼ਿਲਕਾ ਦੀ ਸਬ-ਡਿਵੀਜ਼ਨ ਜਲਾਲਾਬਾਦ ਦੇ ਅਧਿਕਾਰ ਖੇਤਰ ਵਿਚ ਸ਼ਾਮਲ ਕਰਨ ਨਾਲ ਸਾਰਾ ਸਿਆਸੀ ਦ੍ਰਿਸ਼ ਬਦਲ ਜਾਵੇਗਾ।