ਹਥਿਆਰਾਂ ਪੱਖੋਂ ਪੰਜਾਬ ਪੁਲਿਸ ਤੋਂ ਕਿਤੇ ਤਾਕਤਵਰ ਨੇ ਗੈਂਗਸਟਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ 4æ5 ਲੱਖ ਤੋਂ ਵੱਧ ਨਿੱਜੀ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਉਤੇ ਤਕਰੀਬਨ 11 ਲੱਖ ਹਥਿਆਰ ਦਰਜ ਹਨ ਜਦੋਂ ਕਿ ਸੂਬੇ ਦੀ ਪੁਲਿਸ ਕੋਲ ਸਿਰਫ 80,000 ਹਥਿਆਰ ਹਨ। ਇਸ ਵਰਤਾਰੇ ਕਾਰਨ ਹੀ ਸੂਬੇ ਵਿਚ 500 ਤੋਂ ਵੱਧ ਗੈਂਗਸਟਰਾਂ ਦੇ ਪੰਜ ਦਰਜਨ ਦੇ ਕਰੀਬ ਗਰੋਹ ਸਰਗਰਮ ਹਨ। ਸ਼ਰਾਬ ਦੀ ਵਧ ਰਹੀ ਵਰਤੋਂ ਅਤੇ ਹਥਿਆਰਾਂ ਦੀ ਵੱਡੀ ਗਿਣਤੀ ਵਿਚ ਮੌਜੂਦਗੀ ਨਾ ਸਿਰਫ ਸੂਬੇ ਦੇ ਅਮਨ-ਕਾਨੂੰਨ ਲਈ ਚੁਣੌਤੀ ਬਣ ਚੁੱਕੀ ਹੈ ਬਲਕਿ ਇਹ ਆਮ ਲੋਕਾਂ ਦੀਆਂ ਜ਼ਿੰਦਗੀਆਂ ਉਤੇ ਵੀ ਭਾਰੂ ਪੈ ਰਹੀ ਹੈ।

ਪਿਛਲੇ ਕਈ ਮਹੀਨਿਆਂ ਤੋਂ ਸੂਬੇ ਵਿਚ ਹਰ ਮਹੀਨੇ ਇਕ ਮੌਤ ਕਿਸੇ ਨਾ ਕਿਸੇ ਸਮਾਗਮ ਵਿਚ ਗੋਲੀ ਚੱਲਣ ਨਾਲ ਹੋ ਰਹੀ ਹੈ, ਜਦੋਂ ਕਿ ਸ਼ਰਾਬ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵੀ ਸਾਰੇ ਹੱਦਾਂ ਬੰਨੇ ਟੱਪ ਚੁੱਕੀ ਹੈ। ਲਾਇਸੈਂਸੀ ਹਥਿਆਰਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪੱਖੋਂ ਪੰਜਾਬ 2014 ਵਿਚ ਮੁਲਕ ਭਰ ਦੇ ਸੂਬਿਆ ਵਿਚ ਮੋਹਰੀ ਸੀ ਜਦੋਂ ਕਿ ਹੁਣ ਤਾਂ ਹਾਲਤ ਹੋਰ ਵੀ ਵਿਗੜ ਚੁੱਕੇ ਹਨ।
ਨਾਭਾ ਜੇਲ੍ਹ ਕਾਂਡ ਪੰਜਾਬ ਪੁਲਿਸ ਲਈ ਬਣਿਆ ਨਮੋਸ਼ੀ: ਬੀਤੀ 27 ਨਵੰਬਰ ਨੂੰ ਨਾਭਾ ਜੇਲ੍ਹ ਵਿਚੋਂ ਅੱਠ ਹਮਲਾਵਰ ਤਕਰੀਬਨ 15 ਮਿੰਟਾਂ ਵਿਚ ਦੋ ਖਾੜਕੂਆਂ ਸਮੇਤ ਚਾਰ ਗੈਂਗਸਟਰਾਂ ਨੂੰ ਲੈ ਕੇ ਫਰਾਰ ਹੋ ਗਏ ਸਨ, ਪਰ ਪੰਜਾਬ ਪੁਲਿਸ ਕਿਸੇ ਵੀ ਫਰਾਰ ਕੈਦੀ ਨੂੰ ਨਹੀਂ ਫੜ ਸਕੀ। ਫਰਾਰ ਹੋਏ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਪੁਲਿਸ ਵੱਲੋਂ ਅਤੇ ਪਰਮਿੰਦਰ ਸਿੰਘ ਭਿੰਦਾ ਨੂੰ ਯੂæਪੀæ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਭਾਵੇਂ ਪੰਜਾਬ ਪੁਲਿਸ ਨੇ ਇਨ੍ਹਾਂ 6 ਕੈਦੀਆਂ ਜਾਂ ਹਵਾਲਾਤੀਆਂ ਨੂੰ ਫਰਾਰ ਕਰਵਾਉਣ ਲਈ ਮਦਦ ਕਰਨ ਵਾਲੇ ਤੇ ਇਸ ਵੱਡੀ ਸਾਜ਼ਿਸ਼ ਦਾ ਹਿੱਸਾ ਗੁਰਪ੍ਰੀਤ ਸਿੰਘ ਮਾਂਗੇਵਾਲ ਜ਼ਿਲ੍ਹਾ ਮੋਗਾ ਬੀਕਰ ਸਿੰਘ ਮੁਦਕੀ ਨੂੰ ਗ੍ਰਿਫਤਾਰ ਕੀਤਾ ਅਤੇ ਰਾਜਵਿੰਦਰ ਸਿੰਘ ਨੂੰ ਬਠਿੰਡਾ ਜੇਲ੍ਹ ‘ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ, ਜਦੋਂ ਕਿ 4 ਗੈਂਗਸਟਰਾਂ ਅਤੇ ਇਕ ਖਾੜਕੂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ।
ਪਿਛਲੇ ਲੰਬੇ ਸਮੇਂ ਤੋਂ ਸਖਤ ਸੁਰੱਖਿਆ ਜੇਲ੍ਹ ਵਿਚੋਂ ਮੋਬਾਈਲ ਫੋਨ, ਸਿੰਮ ਕਾਰਡ, ਨਸ਼ੇ ਦਾ ਆਮ ਮਿਲਣਾ ਜਾਰੀ ਸੀ, ਜਿਨ੍ਹਾਂ ਸਬੰਧੀ ਨਾਭਾ ਥਾਣਾ ਤੇ ਕੋਤਵਾਲੀ ਵਿਚ ਕਈ ਮਾਮਲੇ ਵੀ ਦਰਜ ਹਨ। 24 ਅਗਸਤ 2012 ਨੂੰ ਸਖ਼ਤ ਸੁਰੱਖਿਆ ਜੇਲ੍ਹ ਵਿਚੋਂ ਸੁਰੰਗ ਪੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਵੱਡੀ ਘਟਨਾ ਵਾਪਰ ਜਾਣ ਦੇ ਬਾਵਜੂਦ ਵੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ‘ਚੋਂ ਮੋਬਾਈਲ ਬਰਾਮਦ ਹੋਇਆ ਹੈ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਕਿੰਨਾ ਕੁ ਚੌਕਸ ਹੈ।
_________________________________________
ਨਾਭਾ ਜੇਲ੍ਹ ਕਾਂਡ: ਸ਼ੱਕ ਦੇ ਘੇਰੇ ‘ਚ ਮੋਹਰੀ ਨਿਸ਼ਾਨੇਬਾਜ਼
ਪਟਿਆਲਾ: ਨਾਭਾ ਜੇਲ੍ਹ ਕਾਂਡ ਵਿਚ ਜਾਂਚ ਟੀਮ ਦੇ ਸ਼ੱਕ ਦੇ ਘੇਰੇ ਵਿਚ ਭਾਰਤ ਦੇ ਕੁਝ ਮੋਹਰੀ ਨਿਸ਼ਾਨੇਬਾਜ਼ ਵੀ ਹਨ, ਕਿਉਂਕਿ ਇਸ ਮਾਮਲੇ ਵਿਚ ਫੜੇ ਗਏ ਇਕ ਗੈਂਗਸਟਰ ਤੋਂ ਜੋ ਵੱਡੀ ਮਾਤਰਾ ‘ਚ ਰੌਂਦ ਬਰਾਮਦ ਹੋਏ ਸਨ, ਉਨ੍ਹਾਂ ਵਿਚੋਂ ਬਹੁਤੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੌਰਾਨ ਵਰਤੇ ਜਾਂਦੇ ਹਨ। ਕੌਮੀ ਰਾਈਫਲ ਐਸੋਸੀਏਸ਼ਨ (ਐਨæਆਰæਏæਆਈæ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨਿਸ਼ਾਨੇਬਾਜ਼ ਖਿਡਾਰੀ ਦਾ ਨਾਂ ਇਸ ਮਾਮਲੇ ‘ਚ ਸਾਹਮਣੇ ਆਇਆ ਤਾਂ ਉਸ ਉਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਨਾਭਾ ਜੇਲ੍ਹ ਕਾਂਡ ‘ਚ ਉਤਰ ਪ੍ਰਦੇਸ਼ ਪੁਲਿਸ ਵੱਲੋਂ ਫੜੇ ਗਏ ਗੈਂਗਸਟਰ ਤੋਂ 12 ਬੋਰ ਦੇ 250 ਰੌਂਦ ਬਰਾਮਦ ਹੋਏ ਸਨ ਜੋ ਸ਼ੌਟਗੰਨ ਮੁਕਾਬਲੇ ਲਈ ਵਰਤੇ ਜਾਂਦੇ ਹਨ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਸਮੇਂ 200 ਰੌਂਦ ਚਲਾਏ ਗਏ ਸਨ ਤੇ ਵੱਡੀ ਪੱਧਰ ‘ਤੇ ਰੌਂਦ ਸ਼ੌਟਗੰਨ ਤੋਂ ਚੱਲੇ ਸਨ। 27 ਨਵੰਬਰ ਦੀ ਦੇਰ ਸ਼ਾਮ ਨੂੰ ਯੂæਪੀæ ਪੁਲਿਸ ਨੇ ਗੈਂਗਸਟਰ ਪਲਵਿੰਦਰ ਪਿੰਦਾ ਨੂੰ ਕਾਬੂ ਕਰ ਕੇ 12, 32, 38 ਤੇ 312 ਬੋਰ ਦੇ 444 ਰੌਂਦ, ਇਕ ਐਸ਼ਐਲ਼ਆਰæ, ਇਕ ਸਪਰਿੰਗ ਫੀਲਡ ਗੰਨ, ਪਿਸਟਲ ਤੇ ਦੋ ਵਾਕੀ-ਟਾਕੀ ਸੈੱਟ ਬਰਾਮਦ ਕੀਤੇ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ 250 ਰੌਂਦ ਅਜਿਹੇ ਹਨ ਜੋ ਆਮ ਤੌਰ ‘ਤੇ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਜਾਰੀ ਕੀਤੇ ਜਾਂਦੇ ਹਨ।
_________________________________________
ਇਸ ਸਾਲ ਨਸ਼ਾ ਤਸਕਰੀ ਦੇ ਸਾਢੇ ਪੰਜ ਹਜ਼ਾਰ ਮਾਮਲੇ ਦਰਜ
ਚੰਡੀਗੜ੍ਹ: ਪੰਜਾਬ ਵਿਚ ਇਸ ਸਾਲ ਨਸ਼ਾ ਤਸਕਰੀ ਦੇ 5,517 ਮਾਮਲੇ ਦਰਜ ਕੀਤੇ ਗਏ ਹਨ ਤੇ 6,595 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਹ ਜਾਣਕਾਰੀ ਪੰਜਾਬ ਸਰਕਾਰ ਨੇ ਹਲਫਨਾਮਾ ਦਾਇਰ ਕਰ ਕੇ ਦਿੱਤੀ ਹੈ। ਹਲਫਨਾਮੇ ‘ਚ ਦੱਸਿਆ ਗਿਆ ਹੈ ਕਿ ਪਹਿਲੀ ਜਨਵਰੀ ਤੋਂ 30 ਨਵੰਬਰ ਤੱਕ 5517 ਐਫ਼ਆਈæਆਰæ ਦਰਜ ਕੀਤੀਆਂ ਗਈਆਂ ਹਨ ਤੇ 6517 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹਾਈ ਕੋਰਟ ਦੇ ਬੈਂਚ ਨੇ ਇਸ ਨੂੰ ਰਿਕਾਰਡ ‘ਤੇ ਲੈਂਦਿਆਂ, ਇਸ ਮਾਮਲੇ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਪੰਜਾਬ ਦੇ ਸਾਬਕਾ ਡੀæਜੀæਪੀæ ਸ਼ਸ਼ੀਕਾਂਤ ਨੂੰ ਇਹ ਜਾਣਕਾਰੀ ਉਪਲਬਧ ਕਰਵਾਉਣ ਦਾ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਤੇ ਇਸ ਦੇ ਨਾਲ ਹੀ ਸ਼ਸ਼ੀਕਾਂਤ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਰਿਪੋਰਟ ਦਾ ਅਧਿਐਨ ਤੇ ਸਮੀਖਿਆ ਕਰ ਕੇ ਅਦਾਲਤ ਨੂੰ ਦੱਸੇ ਕਿ ਇਸ ਰਿਪੋਰਟ ‘ਚ ਕੀ ਕਮੀਆਂ ਹਨ। ਪੰਜਾਬ ਸਰਕਾਰ ਨੇ ਹਾਈ ਕੋਰਟ ‘ਚ ਦਾਇਰ ਹਲਫਨਾਮੇ ਵਿਚ ਸਾਬਕਾ ਡੀæਜੀæਪੀæ ਸ਼ਸ਼ੀਕਾਂਤ ਦੇ ਦਾਅਵੇ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸਾਡੇ ਕੋਲ ਡਰੱਗ ਰੈਕੇਟ ‘ਚ ਸ਼ਾਮਲ ਰਸੂਖਦਾਰਾਂ ਦੀ ਕੋਈ ਸੂਚੀ ਨਹੀਂ ਹੈ। ਸਰਕਾਰ ਵੱਲੋਂ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਹਲਫਨਾਮਾ ਦਾਇਰ ਕਰ ਕੇ ਅਜਿਹੀ ਕੋਈ ਵੀ ਸੂਚੀ ਵਿਭਾਗ ਕੋਲ ਹੋਣ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ ਨਸ਼ਾ ਤਸਕਰੀ ਮਾਮਲੇ ‘ਚ ਹਾਈ ਕੋਰਟ ਨੂੰ ਸਹਿਯੋਗ ਦੇ ਰਹੇ ਸਾਬਕਾ ਡੀæਜੀæਪੀæ ਸ਼ਸ਼ੀਕਾਂਤ ਦੀ ਸੁਰੱਖਿਆ ਲਈ ਅਦਾਲਤ ਦੇ ਹੁਕਮ ‘ਤੇ ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਨੂੰ ਹਰ ਸਮੇਂ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਪੰਜਾਬ ‘ਚ ਜਾਂ ਹੋਰ ਬਾਹਰ ਕਿਤੇ ਜਾਣ ਸਮੇਂ ਇਕ ਜਿਪਸੀ ਵੀ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਰਹੇਗੀ।