ਸਰਬੱਤ ਖਾਲਸਾ: ਪੰਥਕ ਜਥੇਬੰਦੀਆਂ ਨੇ ਬਾਦਲਾਂ ਨੂੰ ਪੰਥ ‘ਚੋਂ ਛੇਕਿਆ

ਤਲਵੰਡੀ ਸਾਬੋ: ਸਰਕਾਰੀ ਰੋਕਾਂ ਦੇ ਬਾਵਜੂਦ ਪੰਥਕ ਜਥੇਬੰਦੀਆਂ ਨੇ ‘ਸਰਬੱਤ ਖਾਲਸਾ’ ਨੂੰ ਸਿਰੇ ਚਾੜ੍ਹ ਲਿਆ। ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਸੰਗਤ ਦੀ ਹਾਜ਼ਰੀ ਵਿਚ ਕੁਝ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਛੇਕਿਆ ਗਿਆ।

ਇਕ ਹੋਰ ਮਤੇ ਵਿਚ ਆਜ਼ਾਦ ਸਿੱਖ ਰਾਜ ਬਫਰ ਸਟੇਟ ਖਾਲਿਸਤਾਨ ਦੀ ਪ੍ਰਾਪਤੀ ਤੱਕ ਲੋਕਤੰਤਰੀ ਢੰਗ ਨਾਲ ਜੂਝਦੇ ਰਹਿਣ ਦਾ ਪ੍ਰਣ ਕੀਤਾ ਗਿਆ। ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਨੇ ਸਰਬੱਤ ਖਾਲਸਾ ਨੂੰ ਰੋਕਣ ਲਈ ਪੂਰੀ ਤਾਕਤ ਲਾ ਦਿੱਤੀ ਸੀ।
ਸਰਬੱਤ ਖਾਲਸਾ ਦੇ ਪ੍ਰਬੰਧਕਾਂ ਤੇ ਪੰਥਕ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਗਤਾਂ ਨੂੰ ਰੋਕਣ ਲਈ ਚੱਪੇ-ਚੱਪੇ ਉਤੇ ਪੁਲਿਸ ਤੇ ਖੁਫੀਆ ਤੰਤਰ ਤਾਇਨਾਤ ਸੀ। ਇਸ ਦੇ ਬਾਵਜੂਦ ਸੰਗਤਾਂ ਕੱਚੇ ਰਾਹਾਂ ਤੇ ਖੇਤਾਂ ਵਿਚੋਂ ਸਮਾਗਮ ਵਾਲੀ ਥਾਂ ‘ਤੇ ਪਹੁੰਚ ਗਈ। ਤਲਵੰਡੀ ਸਾਬੋ ਨੇੜੇ ਨੱਤ ਰੋਡ ‘ਤੇ ਕਰਵਾਏ ਸਰਬੱਤ ਖਾਲਸਾ ਵਿਚ ਦੋ ਅਹਿਮ ਮਤੇ ਪਾਸ ਕਰਦਿਆਂ ਬਾਦਲ ਪਰਿਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਕਰਾਰ ਦਿੱਤਾ ਗਿਆ।
ਬੁਲਾਰਿਆਂ ਨੇ ਬਾਦਲਾਂ ਦੇ ਰਾਜ ਦੀ ਨਾਦਰਸ਼ਾਹੀ ਤੇ ਜ਼ਕਰੀਆ ਖਾਨ ਨਾਲ ਤੁਲਨਾ ਕਰਦਿਆਂ ਖਾਲਿਸਤਾਨ ਦੀ ਪ੍ਰਾਪਤੀ ਲਈ ਨਾਅਰਾ ਮਾਰਿਆ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ ਅਨੁਸਾਰ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਸੰਗਤ ਤੋਂ ਪ੍ਰਵਾਨਗੀ ਲਈ। ਉਨ੍ਹਾਂ ਦੱਸਿਆ ਕਿ ਚੀਨ, ਭਾਰਤ ਤੇ ਪਾਕਿਸਤਾਨ ਦਰਮਿਆਨ ਖਾਲਿਸਤਾਨ ਇਕ ਬਫਰ ਸਟੇਟ ਦੇ ਰੂਪ ਵਿਚ ਇਸ ਖਿੱਤੇ ਵਿਚ ਮੁਕੰਮਲ ਸ਼ਾਂਤੀ ਬਹਾਲ ਕਰਨ ਲਈ ਸਹਾਈ ਹੋਵੇਗੀ। ਦੂਸਰੇ ਮਤੇ ਦੀ ਪ੍ਰਵਾਨਗੀ ਲੈਂਦਿਆਂ ਭਾਈ ਕਾਹਨ ਸਿੰਘ ਵਾਲਾ ਨੇ ਐਲਾਨ ਕੀਤਾ ਕਿ ਅੱਜ ਦਾ ਸਰਬੱਤ ਖਾਲਸਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਖਾਰਜ ਕਰਦਾ ਹੈ। ਦੋਵੇਂ ਮਤਿਆਂ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਇਸ ਤੋਂ ਪਹਿਲਾਂ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ, ਸਿਮਰਨਜੀਤ ਸਿੰਘ ਮਾਨ ਤੇ ਦੋ ਦਰਜਨ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
________________________________________
ਮਾਨ ਵਲੋਂ ਸਰਬੱਤ ਖਾਲਸਾ ਸਫਲ ਕਰਾਰ
ਬਠਿੰਡਾ: ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ‘ਸਰਬੱਤ ਖਾਲਸਾ’ ਪੂਰੀ ਤਰ੍ਹਾਂ ਕਾਮਯਾਬ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਸਰਬੱਤ ਖਾਲਸਾ’ ਵਿਚ ਸ਼ਾਮਲ ਹੋਣ ਲਈ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ ਤੇ ਸ੍ਰੀਨਗਰ ਤੋਂ ਸੰਗਤ ਪਹੁੰਚੀ ਸੀ। ਮਾਨ ਨੇ ਕਿਹਾ ਕਿ ਸਰਕਾਰ ਨੇ ‘ਸਰਬੱਤ ਖਾਲਸਾ’ ਨੂੰ ਫੇਲ੍ਹ ਕਰਨ ਲਈ ਗੈਰ-ਕਾਨੂੰਨੀ ਕਾਰਵਾਈ ਕੀਤੀ ਹੈ। ਲੀਡਰਾਂ ਦੇ ਘਰਾਂ ‘ਤੇ ਛਾਪੇ ਮਾਰੇ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਬਿਨਾਂ ਸਰਚ ਵਾਰੰਟ ਕਿਸੇ ਦੇ ਘਰ ਵਿਚ ਦਾਖਲ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਬਿਨਾਂ ਗ੍ਰਿਫਤਾਰੀ ਵਾਰੰਟ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਪਰ ਪੁਲਿਸ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕਾਰਵਾਈ ਕੀਤੀ ਹੈ।