ਨੋਟਬੰਦੀ: ਕਾਲੇ ਧਨ ਲਈ ਮੋਦੀ ਦੀਆਂ ਹਨੇਰੇ ਵਿਚ ਟੱਕਰਾਂ

ਨਵੀਂ ਦਿੱਲੀ: ਨਰੇਂਦਰ ਮੋਦੀ ਸਰਕਾਰ ਨੇ ਅੱਠ ਨਵੰਬਰ ਨੂੰ ਨੋਟਬੰਦੀ ਦੇਸ਼ ਵਿਚੋਂ ਕਾਲਾ ਧਨ ਖਤਮ ਕਰਨ ਦੇ ਮਕਸਦ ਨਾਲ ਲਾਗੂ ਕੀਤੀ ਸੀ। ਲੋਕਾਂ ਨੇ ਪੈਸੇ ਬੈਂਕਾਂ ਵਿਚ ਜਮ੍ਹਾਂ ਵੀ ਕਰਵਾਏ, ਪਰ ਨੋਟਬੰਦੀ ਦਾ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਾਲਾ ਧਨ ਹੈ ਕਿਥੇ। ਉਲਟਾ ਲੋਕ ਹੁਣ ਵੀ ਲਾਈਨਾਂ ਵਿਚ ਲੱਗੇ ਹੋਏ ਹਨ।

ਸਰਕਾਰ ਦੇ ਐਲਾਨ ਤੋਂ ਬਾਅਦ 500 ਤੇ 1000 ਦੀ 15 ਲੱਖ 44 ਹਜ਼ਾਰ ਕਰੋੜ ਦੀ ਕਰੰਸੀ ਇਕ ਝਟਕੇ ਨਾਲ ਹੀ ਬਾਜ਼ਾਰ ਵਿਚੋਂ ਗਾਇਬ ਹੋ ਗਈ। ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ 12 ਲੱਖ ਕਰੋੜ ਰੁਪਏ ਜਮ੍ਹਾਂ ਹੋ ਗਏ। ਇਸ ਦਾ ਮਤਲਬ ਇਹ ਹੈ ਕਿ ਪੁਰਾਣੀ ਕਰੰਸੀ ਹੁਣ ਸਿਰਫ ਤਿੰਨ ਲੱਖ ਕਰੋੜ ਰੁਪਏ ਦੀ ਹੈ ਜੋ ਬੈਂਕਾਂ ਵਿਚ ਜਮ੍ਹਾਂ ਹੋਣੀ ਹੈ।
ਇਸ ਦੀ ਮਿਆਦ 30 ਦਸੰਬਰ ਹੈ। ਸਰਕਾਰ ਦੀ ਉਮੀਦ ਹੈ ਕਿ ਕਰੀਬ ਤਿੰਨ ਤੋਂ ਚਾਰ ਲੱਖ ਕਰੋੜ ਰੁਪਏ ਬੈਂਕਿੰਗ ਸਿਸਟਮ ਵਿਚ ਨਹੀਂ ਵਾਪਸ ਆਵੇਗਾ ਤੇ ਇਸ ਨੂੰ ਕਾਲਾ ਧਨ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੀ ਦਲੀਲ ਹੈ ਕਿ ਸਾਰਾ ਪੈਸਾ ਬੈਂਕਾਂ ਵਿਚ ਵਾਪਸ ਆਉਣ ਤੋਂ ਬਾਅਦ ਇਸ ਗੱਲ ਦਾ ਐਲਾਨ ਕੀਤਾ ਜਾਵੇਗਾ ਕਿ ਇਨ੍ਹਾਂ ਵਿਚੋਂ ਕਾਲਾ ਧਨ ਕਿੰਨਾ ਹੈ। ਦੂਜੇ ਪਾਸੇ ਜਾਣਕਾਰ ਵੀ ਸਰਕਾਰ ਦੀ ਨੋਟਬੰਦੀ ਉਤੇ ਸਵਾਲ ਚੁੱਕ ਰਹੇ ਹਨ।
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਦਾ ਕਹਿਣਾ ਹੈ ਕਿ ਰੀਅਲ ਅਸਟੇਟ, ਗੋਲਡ ਵਿਦੇਸ਼ੀ ਕਰੰਸੀ ਦੀ ਸ਼ਕਲ ਵਿਚ ਕਾਲਾ ਧਨ ਬਣ ਚੁੱਕਾ ਹੈ। ਅਜਿਹੇ ਵਿਚ ਕਾਲਾ ਧਨ ਕੈਸ਼ ਦੀ ਸ਼ਕਲ ਵਿਚ ਹੁਣ ਹੈ ਹੀ ਨਹੀਂ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕਾਲਾ ਧਨ ਦਾ ਕੁਝ ਪਤਾ ਹੀ ਨਹੀਂ ਹੈ ਤਾਂ ਦੇਸ਼ ਦੇ ਲੋਕ ਲਾਈਨਾਂ ਵਿਚ ਕਿਉਂ ਖੜ੍ਹੇ ਹਨ।
ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਨੇ ਸੰਸਦ ਭਵਨ ਵਿਚ ਨੋਟਬੰਦੀ ਕਾਰਨ ਮਾਰੇ ਗਏ 90 ਲੋਕਾਂ ਦੀ ਸੂਚੀ ਵਾਲਾ ਬੈਨਰ ਲਿਆਂਦਾ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੋਟਬੰਦੀ ਕਾਰਨ ਮਾਰੇ ਗਏ ਦੋ ਵਿਅਕਤੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਵੇਗੀ। ਰਾਜ ਸਭਾ ਮੈਂਬਰ ਡੀæਓæ ਬ੍ਰਾਇਨ ਨੇ ਕਿਹਾ ਕਿ ਸੰਸਦ ਭਵਨ ਵਿਚ ਲਿਆਂਦੀ ਸੂਚੀ ਵਿਚ ਨੋਟਬੰਦੀ ਕਾਰਨ ਮਾਰੇ ਗਏ ਲੋਕਾਂ ਦੇ ਵੇਰਵੇ ਦਰਜ ਹਨ, ਜਿਵੇਂ ਕਿ ਮਰਨ ਵਾਲਿਆਂ ਦੇ ਨਾਮ ਅਤੇ ਉਨ੍ਹਾਂ ਦੀ ਮੌਤ ਦੀ ਥਾਂ। ਉਨ੍ਹਾਂ ਆਖਿਆ ਕਿ ਇਹ ਸੂਚੀ ਬਿਲਕੁਲ ਦਰੁਸਤ ਹੈ ਅਤੇ ਹੁਣ ਤੱਕ 90 ਲੋਕਾਂ ਦੀ ਮੌਤ ਹੋ ਗਈ ਸੀ। ਸਭ ਤੋਂ ਵੱਧ ਨਮੋਸ਼ੀ ਵੱਡੀ ਗਿਣਤੀ ਜਾਅਲੀ ਨੋਟ ਬਣ ਰਹੇ ਹਨ। ਜਿਸ ਤੋਂ ਦੁਖੀ ਹੋਈ ਮੋਦੀ ਸਰਕਾਰ ਨੇ ਹੁਣ ਪਲਾਸਟਿਕ ਕਰੰਸੀ ਛਾਪਣ ਦਾ ਫੈਸਲਾ ਕਰ ਲਿਆ ਹੈ ਤੇ ਇਸ ਲਈ ਲੋੜੀਂਦੀ ਸਮੱਗਰੀ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰæਬੀæਆਈæ) ਦੀ ਤਜਵੀਜ਼ ‘ਤੇ ਸਰਕਾਰ ਨੇ ਪਲਾਸਟਿਕ ਦੇ ਨੋਟ ਛਾਪਣ ਦਾ ਫੈਸਲਾ ਕੀਤਾ ਹੈ। ਯਾਦ ਰਹੇ ਕਿ ਆਰæਬੀæਆਈæ ਫੀਲਡ ਟਰਾਇਲਾਂ ਮਗਰੋਂ ਲੰਮੇ ਸਮੇਂ ਤੋਂ ਪਲਾਸਟਿਕ ਦੇ ਨੋਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
_________________________________________
ਨੋਟਬੰਦੀ ਨੇ ਮੂਧੇ ਮੂੰਹ ਸੁੱਟੀ ਵਿਕਾਸ ਦਰ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰæਬੀæਆਈæ) ਨੇ ਵਿਆਜ ਦਰਾਂ ‘ਚ ਕੋਈ ਬਦਲਾਅ ਨਾ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦਕਿ ਆਰਥਿਕ ਵਿਕਾਸ ਦਰ ਦਾ ਅਨੁਮਾਨ 7æ6 ਫੀਸਦੀ ਤੋਂ ਘਟਾ ਕੇ 7æ1 ਫੀਸਦੀ ਕਰ ਦਿੱਤਾ ਹੈ। ਮੌਜੂਦਾ ਵਿੱਤੀ ਵਰ੍ਹੇ ਦੀ ਪੰਜਵੀਂ ਮੁਦਰਾ ਨੀਤੀ ਦੀ ਸਮੀਖਿਆ ਦੌਰਾਨ ਆਰæਬੀæਆਈæ ਦੇ ਗਵਰਨਰ ਊਰਜਿਤ ਪਟੇਲ ਨੇ ਕਿਹਾ ਕਿ ਨੋਟਬੰਦੀ ਕਾਰਨ ਵਿਕਾਸ ਦਰ ਹੇਠਾਂ ਜਾਣ ਦਾ ਅੰਦੇਸ਼ਾ ਹੈ ਅਤੇ ਇਸ ਨਾਲ ਥੋੜ੍ਹੇ ਸਮੇਂ ਲਈ ਆਰਥਿਕ ਸਰਗਰਮੀਆਂ ਪ੍ਰਭਾਵਿਤ ਹੋਣਗੀਆਂ ਤੇ ਮੰਗ ਘਟੇਗੀ। ਰਿਜ਼ਰਵ ਬੈਂਕ ਨੇ ਕਿਹਾ ਕਿ ਨੇੜ ਭਵਿੱਖ ‘ਚ ਇਨ੍ਹਾਂ ਜੋਖ਼ਮਾਂ ਕਰ ਕੇ ਨਕਦੀ ਆਧਾਰਤ ਖੇਤਰਾਂ ਜਿਨ੍ਹਾਂ ‘ਚ ਪਰਚੂਨ ਵਪਾਰ, ਹੋਟਲ, ਰੈਸਤਰਾਂ ਅਤੇ ਟਰਾਂਸਪੋਰਟ ਸ਼ਾਮਲ ਹਨ, ਉਤੇ ਵੀ ਅਸਰ ਪਵੇਗਾ। ਨੋਟਬੰਦੀ ਨਾਲ ਅਸੰਗਠਿਤ ਖੇਤਰ ‘ਤੇ ਵੀ ਅਸਰ ਪਏਗਾ। ਮੌਜੂਦਾ ਮਾਲੀ ਵਰ੍ਹੇ ਦੀ ਪਹਿਲੀ ਅਤੇ ਦੂਜੀ ਤਿਮਾਹੀ ਉਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 7æ1 ਫੀਸਦੀ ਤੇ 7æ3 ਫੀਸਦੀ ਦਰਜ ਕੀਤੀ ਗਈ ਸੀ। ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਸਮੀਖਿਆ ਦੌਰਾਨ ਰੈਪੋ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਅਤੇ ਇਹ 6æ25 ਫੀਸਦੀ ਹੀ ਰੱਖੀਆਂ ਗਈਆਂ ਹਨ। ਆਰæਬੀæਆਈæ ਦੇ ਫੈਸਲੇ ਤੋਂ ਸੰਤੁਸ਼ਟ ਵਿੱਤ ਮੰਤਰਾਲੇ ਨੇ ਇਸ ਨੂੰ ‘ਸਖਤ ਅਤੇ ਧੜੱਲੇਦਾਰ’ ਫੈਸਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਅਸਥਿਰ ਆਲਮੀ ਮਾਹੌਲ ‘ਚ ਵਿਦੇਸ਼ੀ ਨਿਵੇਸ਼ਕਾਰ ਭਾਵੇਂ ਆਪਣਾ ਪੈਸਾ ਕਢਵਾਉਣ ‘ਤੇ ਜ਼ੋਰ ਦੇਣਗੇ, ਪਰ ਇਹ ਲੋਕਾਂ ਦੀ ਆਸ ਉਮੀਦ ਮੁਤਾਬਕ ਹੈ। ਜ਼ਿਕਰਯੋਗ ਹੈ ਕਿ ਸ੍ਰੀ ਪਟੇਲ ਦੀ ਪਹਿਲੀ ਅਤੇ ਪਿਛਲੀ ਮੁਦਰਾ ਨੀਤੀ ਸਮੀਖਿਆ ਸਮੇਂ ਮੁਦਰਾ ਨੀਤੀ ਕਮੇਟੀ ਨੇ ਵਿਆਜ ਦਰਾਂ ‘ਚ 0æ25 ਫ਼ੀਸਦੀ ਦੀ ਕਟੌਤੀ ਕੀਤੀ ਸੀ। ਰਿਜ਼ਰਵ ਬੈਂਕ ਨੇ ਚੌਥੀ ਤਿਮਾਹੀ ‘ਚ ਮਹਿੰਗਾਈ ਦਰ 5 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਉਂਜ ਇਸ ‘ਚ ਵਾਧੇ ਦਾ ਜੋਖ਼ਮ ਵੀ ਦੱਸਿਆ ਗਿਆ ਹੈ ਪਰ ਇਹ ਅਕਤੂਬਰ ਦੀ ਮੁਦਰਾ ਨੀਤੀ ਸਮੀਖਿਆ ਤੋਂ ਘੱਟ ਰਹੇਗੀ।
_________________________________________
ਡਾæ ਮਨਮੋਹਨ ਸਿੰਘ ਨੇ ਖੋਲ੍ਹੀ ਨੋਟਬੰਦੀ ਦੀ ਪੋਲ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲਾਗੂ ਕੀਤੀ ਨੋਟਬੰਦੀ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਉਘੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ‘ਦ ਹਿੰਦੂ’ ਅਖਬਾਰ ਵਿਚ ਲਿਖੇ ਆਪਣੇ ਲੇਖ ਵਿਚ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਕਿ ਮੋਦੀ ਦੀ ਨੋਟਬੰਦੀ ਕਾਰਨ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਆਮ ਲੋਕਾਂ ਨੂੰ ਹੋਰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨ ਪਵੇਗਾ। ਉਨ੍ਹਾਂ ਆਖਿਆ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਮੌਲਿਕ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਇਕ ਅਰਬ ਭਾਰਤੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ। ਨੋਟਬੰਦੀ ਕਾਰਨ ਭਵਿੱਖ ਵਿਚ ਜੀæਡੀæਪੀæ ਤੇ ਨੌਕਰੀਆਂ ਉਤੇ ਕਾਫੀ ਬੁਰਾ ਪ੍ਰਭਾਵ ਪਵੇਗਾ। ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਨੋਟਬੰਦੀ ਕਾਰਨ ਇਮਾਨਦਾਰ ਹਿੰਦੁਸਤਾਨੀਆਂ ਨੂੰ ਭਾਰੀ ਨੁਕਸਾਨ ਹੋਵੇਗਾ ਜਦੋਂਕਿ ਬੇਈਮਾਨ ਤੇ ਕਾਲਾ ਧੰਨ ਜਮ੍ਹਾਂ ਕਰਨ ਵਾਲੇ ਇਸ ਦੇ ਬਾਵਜੂਦ ਬਚ ਨਿਕਲਣਗੇ। ਡਾਕਟਰ ਮਨਮੋਹਨ ਸਿੰਘ ਅਨੁਸਾਰ ਜ਼ਿਆਦਾਤਰ ਭਾਰਤੀਆਂ ਦੀ ਇਮਾਨਦਾਰੀ ਦੀ ਕਮਾਈ ਨੂੰ ਪਹਿਲਾਂ ਰਾਤੋ-ਰਾਤ ਖਤਮ ਕਰ ਦਿੱਤਾ ਤੇ ਫਿਰ ਉਨ੍ਹਾਂ ਨੂੰ ਕੈਸ਼ ਲਈ ਬੈਂਕਾਂ ਦੀ ਲਾਈਨ ਵਿਚ ਖੜ੍ਹਾ ਕਰ ਦਿੱਤਾ। ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ਦੀ ਉਸ ਸੋਚ ਨੂੰ ਗਲਤ ਕਰਾਰ ਦਿੱਤਾ ਕਿ ਸਾਰੀ ਨਕਦੀ ਕਾਲਾ ਧਨ ਹੈ ਤੇ ਕਾਲਾ ਧਨ ਨਕਦੀ ਦੇ ਰੂਪ ਵਿਚ ਹੀ ਹੋ ਸਕਦਾ ਹੈ। ਡਾਕਟਰ ਮਨਮੋਹਨ ਸਿੰਘ ਅਨੁਸਾਰ 90 ਫੀਸਦੀ ਤੋਂ ਜ਼ਿਆਦਾ ਭਾਰਤੀ ਕਾਮਿਆਂ ਨੂੰ ਅੱਜ ਵੀ ਤਨਖਾਹ ਨਕਦੀ ਦੇ ਰੂਪ ਵਿਚ ਮਿਲਦੀ ਹੈ। ਉਨ੍ਹਾਂ ਆਖਿਆ ਕਿ ਇਸ ਨੂੰ ਕਾਲਾ ਧਨ ਦੇ ਨਾਮ ਨਾਲ ਬਦਨਾਮ ਕਰਨਾ ਤੇ ਕਰੋੜਾਂ ਭਾਰਤੀਆਂ ਦੀ ਜ਼ਿੰਦਗੀ ਨੂੰ ਬੁਰੇ ਦੌਰ ਵਿਚ ਧੱਕ ਦੇਣਾ ਵਿਸ਼ਾਲ ਤ੍ਰਾਸਦੀ ਹੈ।