ਅਕਾਲੀਆਂ ਵੱਲੋਂ ਸਰਕਾਰੀ ਤਾਕਤ ਨਾਲ ਬਾਗੀਆਂ ਦਾ ਟਾਕਰਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਬਾਗੀਆਂ ਨੂੰ ਨੱਪਣ ਲਈ ਸਰਕਾਰੀ ਮਸ਼ੀਨਰੀ ਦੀ ਚਾਬੀ ਮਰੋੜ ਦਿੱਤੀ ਹੈ। ਅਕਾਲੀ ਦਲ ਦੇ ਕਈ ਲੀਡਰ ਪਹਿਲਾਂ ਹੀ ਕਾਂਗਰਸ ਵਿਚ ਜਾ ਚੁੱਕੇ ਹਨ। ਸੀਟਾਂ ਦੀ ਵੰਡ ਮਗਰੋਂ ਬਗਾਵਤ ਹੋਰ ਪ੍ਰਚੰਡ ਹੋ ਰਹੀ ਸੀ। ਇਸ ਨੂੰ ਰੋਕਣ ਲਈ ਅਕਾਲੀ ਦਲ ਨੇ ਸਰਕਾਰੀ ਬਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸੇ ਕਵਾਇਦ ਤਹਿਤ ਵਿਜੀਲੈਂਸ ਬਿਊਰੋ ਨੇ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਦੀ ਮਾਲਕੀ ਵਾਲੇ ਇੰਜੀਨੀਅਰਿੰਗ ਕਾਲਜ ਵਿਚ ਦਲਿਤ ਬੱਚਿਆਂ ਨੂੰ ਦੇਣ ਵਾਲੀ ਵਜ਼ੀਫਾ ਰਾਸ਼ੀ ਵਿਚ ਕਰੋੜਾਂ ਰੁਪਏ ਦਾ ਘਪਲਾ ਹੋਣ ਤੇ ਝੋਨੇ ਦੇ ਖੁਰਦ ਬੁਰਦ ਹੋਣ ਸਮੇਤ ਹੋਰ ਮਾਮਲਿਆਂ ਦੀਆਂ ਫਾਈਲਾਂ ਖੋਲ੍ਹ ਦਿੱਤੀਆਂ ਹਨ। ਵਿਜੀਲੈਂਸ ਦੇ ਅਧਿਕਾਰੀ ਨੇ ਕਾਲਜ ਦਾ ਦੌਰਾ ਕਰ ਕੇ ਦਸਤਾਵੇਜ਼ ਵੀ ਹਾਸਲ ਕੀਤੇ ਹਨ। ਬਿਊਰੋ ਦੇ ਸੀਨੀਅਰ ਅਧਿਕਾਰੀ ਨੇ ਘੁਬਾਇਆ ਪਰਿਵਾਰ ਨਾਲ ਸਬੰਧਤ ਕਾਲਜ ਦੀ ਰਿਪੋਰਟ ਮੰਗੇ ਜਾਣ ਦੀ ਪੁਸ਼ਟੀ ਕੀਤੀ ਹੈ। ਕਾਬਲੇਗੌਰ ਹੈ ਕਿ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਪਤਨੀ ਤੇ ਪੁੱਤਰ ਦਵਿੰਦਰ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਚਰਚੇ ਸਨ। ਦੋਵਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸੀ। ਸੂਤਰਾਂ ਮੁਤਾਬਕ ਵਿਜੀਲੈਂਸ ਦੀ ਹਿਲਜੁਲ ਨਾਲ ਗੁਬਾਇਆ ਪਰਿਵਾਰ ਦਾ ਕਾਂਗਰਸ ਵਿਚ ਸ਼ਮੂਲੀਅਤ ਦਾ ਮਾਮਲਾ ਫਿਲਹਾਲ ਟਲ ਗਿਆ ਹੈ।
ਪੰਜਾਬ ਦੀ ਹਾਕਮ ਪਾਰਟੀ ਵਿਚ ਹੋ ਰਹੀ ਬਗਾਵਤ ਨੂੰ ਠੱਲ੍ਹਣ ਲਈ ਪੁਲਿਸ ਅਤੇ ਵਿਜੀਲੈਂਸ ਬਿਊਰੋ ਵੱਲੋਂ ਅਕਸਰ ਮੋਹਰੀ ਭੂਮਿਕਾ ਨਿਭਾਈ ਜਾਂਦੀ ਹੈ। 2012 ਦੀਆਂ ਚੋਣਾਂ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਸ਼੍ਰੋਮਣੀ ਅਕਾਲੀ ਦਲ ਲਈ ਸਿਰਦਰਦੀ ਬਣਨ ਵਾਲੇ ਵਿਅਕਤੀਆਂ ਦੁਆਲੇ ਕਾਨੂੰਨੀ ਘੇਰਾ ਵਲ ਕੇ ਪਾਰਟੀ ਦੀ ਮੁੱਖ ਧਾਰਾ ਵਿਚ ਲਿਆਂਦਾ ਸੀ ਤੇ ਹੁਣ 2017 ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੀ ਉਸੇ ਤਰ੍ਹਾਂ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਪੁਲਿਸ ਅਤੇ ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀ ਘੁਬਾਇਆ ਦਾ ਮਾਮਲਾ ਫਿਲਹਾਲ ਸ਼ੁਰੂਆਤ ਹੈ ਤੇ ਆਉਂਦੇ ਦਿਨਾਂ ਦੌਰਾਨ ਬਾਗੀ ਸੁਰ ਅਲਾਪਣ ਵਾਲੇ ਹੋਰ ਅਕਾਲੀ ਨੇਤਾਵਾਂ ਨੂੰ ਵੀ ਪੁਲਿਸ ਜਾਂ ਵਿਜੀਲੈਂਸ ਦੀ ਮਦਦ ਨਾਲ ਰੋਕਿਆ ਜਾ ਸਕਦਾ ਹੈ। ਸ੍ਰੀ ਘੁਬਾਇਆ ਦੇ ਮਾਮਲੇ ‘ਤੇ ਉਚ ਅਧਿਕਾਰੀਆਂ ਨੂੰ ਹੇਠਾਂ ਤੋਂ ਆਉਣ ਵਾਲੀ ਰਿਪੋਰਟ ਦੀ ਉਡੀਕ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਵਿਜੀਲੈਂਸ ਅਤੇ ਪੁਲਿਸ ਦੇ ਨਿਸ਼ਾਨੇ ਉਤੇ ਅਕਾਲੀ ਦਲ ਨਾਲ ਸਬੰਧਤ ਅਜਿਹੇ ਕਈ ਵਿਅਕਤੀ ਹਨ ਜੋ ਆਉਣ ਵਾਲੀਆਂ ਚੋਣਾਂ ਦੌਰਾਨ ਬਾਗੀ ਹੋ ਕੇ ਪਾਰਟੀ ਦਾ ਨੁਕਸਾਨ ਕਰ ਸਕਦੇ ਹਨ। ਇਹ ਵਿਅਕਤੀ ਪੁਲਿਸ ਕੇਸਾਂ ਦੇ ਡਰੋਂ ਹੀ ਬਾਗੀ ਹੋਣ ਦੀ ਹਿੰਮਤ ਨਹੀਂ ਕਰ ਪਾ ਰਹੇ। ਸੂਤਰਾਂ ਮੁਤਾਬਕ ਅਜਿਹੇ ਵਿਅਕਤੀਆਂ ਦੇ ਫੋਨ ਵੀ ਟੈਪ ਕੀਤੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਚੋਣ ਜ਼ਾਬਤੇ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਪੁਲਿਸ ਨਿਰਪੱਖ ਭੂਮਿਕਾ ਨਿਭਾਅ ਸਕੇ। ਸ਼ੇਰ ਸਿੰਘ ਘੁਬਾਇਆ ਕਿਉਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਸਮੇਤ ਫਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੇ 5 ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੇ ਸਮੀਕਰਨ ਵਿਗਾੜਨ ਦੀ ਸਮਰੱਥਾ ਰੱਖਦੇ ਹਨ, ਇਸ ਲਈ ਵਿਜੀਲੈਂਸ ਨੇ ਤੁਰਤ ਕਾਰਵਾਈ ਕੀਤੀ ਹੈ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਗਠਨ ਕੀਤਾ ਸੀ ਤਾਂ ਚਰਨਜੀਤ ਸਿੰਘ ਬਰਾੜ ਅਤੇ ਸਤਿੰਦਰਜੀਤ ਸਿੰਘ ਮੰਟਾ ਮਨਪ੍ਰੀਤ ਬਾਦਲ ਦੇ ਸਾਥੀਆਂ ਵਿਚੋਂ ਸਨ। ਮਨਪ੍ਰੀਤ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਲਈ ਪੁਲਿਸ ਅਤੇ ਵਿਜੀਲੈਂਸ ਨੇ ਕਮਾਨ ਸੰਭਾਲਦਿਆਂ ਦੋਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਅਤੇ ਗ੍ਰਿਫਤਾਰੀਆਂ ਵੀ ਕੀਤੀਆਂ। ਪੁਲਿਸ ਅਤੇ ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਦੋਵੇਂ ਜਣਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਤਿ ਕਰੀਬੀਆਂ ਵਿਚੋਂ ਗਿਣੇ ਜਾਣ ਲੱਗੇ। ਇਹ ਦੋਵੇਂ ਜਦੋਂ ਅਕਾਲੀ ਦਲ ਦਾ ਹਿੱਸਾ ਬਣ ਗਏ ਤਾਂ ਪੁਲਿਸ ਤੇ ਵਿਜੀਲੈਂਸ ਨੇ ਕੇਸ ਖਤਮ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
______________________________________________
ਕੇਜਰੀਵਾਲ ਨੇ ਬਾਦਲ ਤੇ ਕੈਪਟਨ ਨੂੰ ਘੇਰਿਆ
ਜਲੰਧਰ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਦੇ ਇਤਿਹਾਸ ਵਿਚ ਦਲਿਤਾਂ ਉਤੇ ਸਭ ਤੋਂ ਵੱਧ ਅੱਤਿਆਚਾਰ ਬਾਦਲ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਉਤੇ ਦਲਿਤਾਂ ‘ਤੇ ਦਰਜ ਕੀਤੇ ਝੂਠੇ ਪਰਚਿਆਂ ਦੀ ਜਾਂਚ ਲਈ ਸਿੱਟ ਦਾ ਗਠਨ ਕੀਤਾ ਜਾਵੇਗਾ ਅਤੇ ਨਾਜਾਇਜ਼ ਪਰਚਿਆਂ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਆਪਣਾ ਵਾਅਦਾ ਦੁਹਰਾਉਂਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਉਤੇ ਦਲਿਤ ਹੀ ਉਪ ਮੁੱਖ ਮੰਤਰੀ ਦੀ ਕੁਰਸੀ ਉਪਰ ਬੈਠੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰਜ਼ ਉਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਖੜ੍ਹਾ ਕੀਤਾ ਜਾਵੇਗਾ ਤਾਂ ਜੋ ਦਲਿਤਾਂ ਦੇ ਬੱਚਿਆਂ ਨੂੰ ਵੀ ਮਿਆਰੀ ਸਿੱਖਿਆ ਪ੍ਰਾਪਤ ਹੋ ਸਕੇ।
ਉਨ੍ਹਾਂ ਕਿਹਾ ਕਿ ਬੀਤੇ 10 ਸਾਲਾਂ ਵਿਚ ਬਾਦਲਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਚੂਸ ਲਿਆ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਚ ਬੈਠਕ ਕਰ ਕੇ ਅਕਾਲੀ ਉਮੀਦਵਾਰ ਤੈਅ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਕਾਂਗਰਸ ਨੂੰ ਜਿਤਾਉਣ ਲਈ ਆਪਣੇ ਮਾੜੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਸ੍ਰੀ ਕੇਜਰੀਵਾਲ ਨੇ ਪਾਰਟੀ ਦੇ ਸਮਰਥਨ ਲਈ ਪਰਵਾਸੀ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਦਾ ਬਹੁਤ ਸਾਥ ਦਿੱਤਾ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਉਹ ਪੰਜਾਬ ਨੂੰ ਦੁਬਾਰਾ ਰਹਿਣ ਯੋਗ ਬਣਾਉਣਗੇ।