ਚੰਡੀਗੜ੍ਹ: ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ‘ਪਾਣੀ ਬਚਾਓ-ਪੰਜਾਬ ਬਚਾਓ’ ਦੇ ਬੈਨਰ ਹੇਠ ਮੋਗਾ ਵਿਖੇ ਕੀਤੀ ਰੈਲੀ ਵਿਚ ਅਕਾਲੀਆਂ ਨੇ ਇਸ ਗੰਭੀਰ ਮਸਲੇ ਨੂੰ ਲਾਂਭੇ ਹੀ ਰੱਖਿਆ। ਸਮਾਗਮ ਦੀ ਸ਼ੁਰੂਆਤ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ-ਦੋ ਮਿੰਟ ਪਾਣੀਆਂ ਬਾਰੇ ਗੱਲ ਕੀਤੀ ਤੇ ਇਸ ਪਿੱਛੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਕੋਸਣ ਵਿਚ ਜੁਟੇ ਰਹੇ। ਬਾਦਲ ਤੋਂ ਬਿਨਾਂ ਹੋਰ ਅਕਾਲੀ ਆਗੂਆਂ ਨੇ ਵੀ ਸਾਰਾ ਸਮਾਂ ਆਪਣੀਆਂ ਪ੍ਰਾਪਤੀਆਂ ਤੇ ਵਿਰੋਧੀ ਧਿਰ ਦੀ ਬਖਤੋਈ ਰੱਜ ਦੇ ਕੀਤੀ। ਕੁੱਲ ਮਿਲਾ ਕੇ ਪਾਣੀਆਂ ਜਿਹੇ ਗੰਭੀਰ ਮੁੱਦੇ ਉਤੇ ਰੱਖਿਆ ਇਹ ਸਮਾਗਮ ਅਕਾਲੀ-ਭਾਜਪਾ ਗੱਠਜੋੜ ਦੀ ਸਿਆਸੀ ਰੈਲੀ ਹੋ ਨਿੱਬੜਿਆ।
ਸਰਕਾਰੀ ਖਰਚੇ ਉਤੇ ਕੀਤੇ ਇਸ ਵੱਡੇ ਸਿਆਸੀ ਸ਼ੋਅ ਦੀ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪੂਰਾ ਟਿੱਲ ਲਾ ਦਿੱਤਾ। ਸਕੂਲਾਂ ਵਿਚ ਛੁੱਟੀ ਕਰ ਕੇ ਬੱਸਾਂ ਨੂੰ ਰੈਲੀ ਲਈ ਬੰਦੇ ਇਕੱਠੇ ਕਰਨ ਲਾ ਦਿੱਤਾ। ਇਸ ਤੋਂ ਇਲਾਵਾ ਸਰਕਾਰੀ ਬੱਸਾਂ ਵੀ ਰੂਟ ਉਤੇ ਚੱਲਣ ਦੀ ਥਾਂ ਬਾਦਲਾਂ ਦੀ ਸੇਵਾ ਵਿਚ ਹਾਜ਼ਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਸ੍ਰੀ ਦਰਬਾਰ ਸਾਹਿਬ ਤੀਰਥ ਯਾਤਰਾ ‘ਤੇ ਵੀ ਭਾਰੀ ਪੈ ਗਈ। ਤੀਰਥ ਯਾਤਰਾ ਵਾਲੀ ਬੱਸ ਸਰਵਿਸ ਨੂੰ ਮੋਗਾ ਰੈਲੀ ਵਿਚ ਲਾਉਣ ਕਰ ਕੇ ਬਠਿੰਡਾ ਖਿੱਤੇ ਵਿਚ ਸ੍ਰੀ ਦਰਬਾਰ ਸਾਹਿਬ ਲਈ ਤੀਰਥ ਯਾਤਰਾ ਰੱਦ ਕਰ ਦਿੱਤੀ।
ਹਾਲਾਂਕਿ ਸਰਕਾਰ ਨੂੰ ਨਮੋਸ਼ੀ ਵੀ ਸਹਿਣੀ ਪਈ। ਰੈਲੀ ਲਈ ਮਾਲਵਾ ਦੇ ਟਰਾਂਸਪੋਟਰਾਂ ਨੇ ਬੱਸਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 25 ਨਵੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਏਮਜ਼ ਦਾ ਨੀਂਹ ਪੱਥਰ ਰੱਖਣ ਮੌਕੇ ਅਕਾਲੀ-ਭਾਜਪਾ ਗਠਜੋੜ ਵਲੋਂ ਕੀਤੀ ਰੈਲੀ ਲਈ ਵੀ ਟਰਾਂਸਪੋਟਰਾਂ ਨੇ ਬੱਸਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਹਾਲਾਂਕਿ ਉੁਸ ਸਮੇਂ ਸਰਕਾਰ ਨੇ ਟ੍ਰਾਂਸਪੋਟਰਾਂ ਦੇ ਦਬਾਅ ਹੇਠ ਨਾ ਝੁਕਦੇ ਹੋਏ ਮਾਲਵਾ ਖੇਤਰ ਦੇ ਵੱਡੇ ਵਿਦਿਅਕ ਅਦਾਰਿਆਂ ਵਿਚ ਛੁੱਟੀ ਕਰਵਾ ਕੇ ਸਕੂਲੀ ਤੇ ਕਾਲਜਾਂ ਦੀਆਂ ਬੱਸਾਂ ਹਾਸਲ ਕਰ ਲਈਆਂ ਸਨ। ਜ਼ਿਕਰਯੋਗ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਐਨ ਪਹਿਲਾਂ ਆਪਣੀ ਤਾਕਤ ਵਿਖਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿਚ ਵੱਡੀ ਰੈਲੀ ਕੀਤੀ ਗਈ। ਇਸੇ ਦਿਨ ਸਿੱਖ ਜਥੇਬੰਦੀਆਂ ਨੇ ਸਰਬੱਤ ਖਾਲਸਾ ਕਰਨ ਦਾ ਐਲਾਨ ਕਰ ਦਿੱਤਾ ਸੀ। ਜਿਸ ਪਿੱਛੋਂ ਹਾਕਮ ਧਿਰ ਲਈ ਇਕੱਠਾ ਕਰਨਾ ਵੱਡੀ ਚੁਣੌਤੀ ਬਣ ਗਿਆ ਸੀ। ਸਰਕਾਰ ਨੇ ਇਸ ਸਮਾਗਮ ਲਈ ਪੂਰੀ ਵਾਹ ਲਾ ਦਿੱਤੀ। ਸਰਬੱਤ ਖਾਲਸਾ ਨਾਲ ਸਬੰਧਤ ਆਗੂਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ।
__________________________________________
ਮੋਗਾ ਰੈਲੀ ਲਈ ਨਿਯਮਾਂ ਦੀ ਉਲੰਘਣਾ: ਆਪ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਲਈ ਨਿੱਜੀ ਸਕੂਲਾਂ ਨੂੰ ਜਬਰੀ ਬੰਦ ਕਰਵਾਉਣ ਅਤੇ ਸਕੂਲੀ ਬੱਸਾਂ ਮੁਹੱਈਆ ਕਰਵਾਉਣ ਲਈ ਬਣਾਏ ਦਬਾਅ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਹੂਲਤ ਲਈ ਸਕੂਲੀ ਬੱਚਿਆਂ ਨੂੰ ਵੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਿਰਦੇਸ਼ ਉਤੇ ਸਕੂਲ ਪ੍ਰਬੰਧਕਾਂ ਨੂੰ ਚਿੱਠੀ ਲਿਖ ਕੇ ਰੈਲੀ ਵਾਲੇ ਦਿਨ ਸਕੂਲ ਬੰਦ ਰੱਖਣ ਅਤੇ ਲੋਕਾਂ ਨੂੰ ਰੈਲੀ ਵਾਲੀ ਥਾਂ ਉਤੇ ਪਹੁੰਚਾਉਣ ਲਈ ਸਕੂਲੀ ਬੱਸਾਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ।
_____________________________________________
ਸੁਖਬੀਰ ਵੱਲੋਂ ਖਾਲੀ ਕੁਰਸੀਆਂ ਦੇ ਦਰਸ਼ਨ
ਜਲਾਲਾਬਾਦ: ਪੰਜਾਬ ਵਿਧਾਨ ਸਭਾ ਚੋਣਾ ਨੇੜੇ ਹਨ। ਅਜਿਹੇ ਵਿਚ ਸਾਰੀਆਂ ਪਾਰਟੀਆਂ ਵੱਲੋਂ ਜਨਤਾ ਨਾਲ ਰਾਬਤਾ ਬਣਾਉਣ ਲਈ ਰੈਲੀਆਂ ਤੇ ਹੋਰ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਆਪਣੇ ਚੋਣ ਹਲਕੇ ਜਲਾਲਾਬਾਦ ਦੀ ਸੰਗਤ ਨੂੰ ਖੁਸ਼ ਕਰਨ ਲਈ ਸੰਗਤ ਦਰਸ਼ਨ ਕਰਨ ਪਹੁੰਚੇ, ਪਰ ਬਾਦਲ ਸਾਹਬ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਹੀ ਕਾਫੀ ਲੋਕ ਕੁਰਸੀਆਂ ਖਾਲੀ ਕਰ ਵਾਪਸ ਚਲਦੇ ਬਣੇ। ਅਜਿਹੇ ‘ਚ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਸੰਗਤ ਦਰਸ਼ਨ ਨੇ ਸੁਖਬੀਰ ਬਾਦਲ ਨੂੰ ਜਨਤਾ ਦੇ ਸਮਰਥਨ ਦਾ ਸੱਚ ਵਿਖਾ ਦਿੱਤਾ ਹੈ।