‘ਗੁਜਰਾਤ ਫਾਈਲਾਂ’ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਲਿਖਤ ਹੈ ਜਿਸ ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਇਸ ਖੁਲਾਸੇ ਲਈ ਉਹ ਭੇਸ ਬਦਲ ਕੇ ਰਾਣਾ ਅਯੂਬ ਤੋਂ ਫਿਲਮਸਾਜ਼ ਮੈਥਿਲੀ ਤਿਆਗੀ ਬਣੀ ਅਤੇ ਅੱਠ ਮਹੀਨੇ ਲਾ ਕੇ ਕਤਲੇਆਮ ਦਾ ਸੱਚ ਸਾਹਮਣੇ ਲਿਆਂਦਾ। ਉਸ ਵੇਲੇ ਗੁਜਰਾਤ ਦਾ ਮੁੱਖ ਮੰਤਰੀ ਨਰੇਂਦਰ ਮੋਦੀ ਕਿਉਂਕਿ ਪ੍ਰਧਾਨ ਮੰਤਰੀ ਅਹੁਦੇ ਦਾ ਦਆਵੇਦਾਰ ਬਣ ਚੁੱਕਿਆ ਸੀ, ਰਾਣਾ ਅਯੂਬ ਦੇ ਅਦਾਰੇ ‘ਤਹਿਲਕਾ’ ਨੇ ਮੋਦੀ ਦੇ ਬਖੀਏ ਉਧੇੜਦੀ ਇਹ ਲਿਖਤ ਛਾਪਣ ਤੋਂ ਕੋਰੀ ਨਾਂਹ ਕਰ ਦਿੱਤੀ। ਮਗਰੋਂ ਉਸ ਨੇ ਕੁਝ ਪ੍ਰਕਾਸ਼ਕਾਂ ਨਾਲ ਵੀ ਸੰਪਰਕ ਸਾਧਿਆ,
ਪਰ ਕਿਸੇ ਨੇ ਵੀ ਕਿਤਾਬ ਛਾਪਣ ਲਈ ਹਾਮੀ ਨਹੀਂ ਭਰੀ। ਆਖਰਕਾਰ ਉਸ ਨੇ ‘ਗੁਜਰਾਤ ਫਾਈਲਜ਼’ ਕਿਤਾਬ ਆਪੇ ਛਾਪ ਲਈ। ਇਸ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ। ਪਹਿਲੇ ਕਾਂਡ ਵਿਚ ਮੋਦੀ ਨੂੰ ਸਿੱਧੇ ਟੱਕਰਨ ਦਾ ਖੁਲਾਸਾ ਸੀ, ਐਤਕੀਂ ਦੂਜੇ ਕਾਂਡ ਵਿਚ ਰਾਣਾ ਅਯੂਬ ਵੱਲੋਂ ਅਹਿਮਦਾਬਾਦ ਪੁੱਜ ਕੇ ਕੀਤੀ ਚਾਰਾਜੋਈ ਬਾਰੇ ਦੱਸਿਆ ਗਿਆ ਹੈ। -ਸੰਪਾਦਕ
ਆਪਣੇ ਸੀਨੀਅਰਾਂ ਨੂੰ ਵਿਸਤ੍ਰਿਤ ਮੇਲ ਭੇਜਣ ‘ਤੇ ਉਨ੍ਹਾਂ ਵਲੋਂ ਹੋਰ ਡੂੰਘੀ ਛਾਣਬੀਣ ਲਈ ਦਿੱਤੀ ਹੱਲਾਸ਼ੇਰੀ, ਮੇਰੇ ਸੋਚਣਾ ਸ਼ੁਰੂ ਕਰਨ ਲਈ ਕਾਫੀ ਸੀ। ਗੁਜਰਾਤ ਵਿਚ ਤਿੰਨ ਮਹੀਨੇ ਗੁਜ਼ਾਰਨ ਅਤੇ ਜੋ ਜਾਣਕਾਰੀ ਦੇ ਕੇ ਮੇਰੀ ਮਦਦ ਕਰਨ ਦੇ ਖਾਹਸ਼ਮੰਦ ਸਨ, ਉਨ੍ਹਾਂ ਨੂੰ ਮਿਲਣ ਤੋਂ ਮੈਨੂੰ ਇਲਮ ਹੋ ਗਿਆ ਕਿ ਅਗਲਾ ਰਾਹ ਕਿੰਨਾ ਬਿਖੜਾ ਹੋਵੇਗਾ। ਸੱਤਾ ਦੇ ਅਹੁਦਿਆਂ ‘ਤੇ ਬਿਰਾਜਮਾਨ ਬੰਦਿਆਂ, ਜਿਨ੍ਹਾਂ ਨੇ ਸੱਚ ਨੂੰ ਆਪਣੇ ਤਕ ਹੀ ਰੱਖਣ ਦਾ ਰਾਹ ਚੁਣਿਆ ਹੋਇਆ ਸੀ, ਤੋਂ ਸੱਚ ਕੁਰੇਦਣਾ ਸੌਖਾ ਨਹੀਂ ਸੀ। ਮੇਰੇ ਕਿੱਤੇ ਦੇ ਸਾਥੀ ਅਸ਼ੀਸ਼ ਖੇਤਾਨ ਨੇ ਜੋ ਕੱਚਾ ਚਿੱਠਾ ਖੋਲ੍ਹਿਆ ਸੀ, ਉਨ੍ਹਾਂ ਵਿਚ ਕੰਬਣੀ ਛੇੜਨ ਵਾਲੇ ਖੁਲਾਸੇ ਕੀਤੇ ਗਏ ਸਨ। ਇਸ ਵਿਚ ਉਸ ਨੂੰ ਬਾਬੂ ਬਜਰੰਗੀ ਵਰਗਿਆਂ ਤੇ ਹੋਰ ਸਥਾਨਕ ਭਾਜਪਾ ਆਗੂਆਂ ਅਤੇ ਵੀæਐਚæਪੀæ ਦੇ ਆਗੂਆਂ ਨੇ ਜਦੋਂ 2002 ਕਤਲੋਗਾਰਤ ਦੇ ਬੇਰਹਿਮ ਵੇਰਵੇ ਹੁੱਬ-ਹੁੱਬ ਕੇ ਦੱਸੇ ਤਾਂ ਉਸ ਨੇ ਸਟਿੰਗ ਕਰ ਲਏ ਸਨ। ਮੇਰਾ ਵਾਹ ਐਸੇ ਫਸਾਦੀਆਂ ਨਾਲ ਨਹੀਂ ਸੀ ਜਿਨ੍ਹਾਂ ਦੀ ਹਉਮੈ ਨੂੰ ਥੋੜ੍ਹੇ ਜਿਹੇ ਪੱਠੇ ਪਾਉਣ ‘ਤੇ ਹੀ ਉਹ ਆਪਣੀ ਬਹਾਦਰੀ ਦੇ ਕਿੱਸੇ ਸੁਣਾ ਦਿੰਦੇ। ਮੇਰਾ ਵਾਹ ਹੰਢੇ-ਵਰਤੇ, ਸੀਨੀਅਰ ਆਈæਪੀæਐਸ਼ ਅਫਸਰਾਂ ਨਾਲ ਪੈ ਰਿਹਾ ਸੀ ਜਿਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ‘ਰਾਅ’ ਅਤੇ ਆਈæਬੀæ ਵਿਚ ਕਾਮਯਾਬੀ ਨਾਲ ਕੰਮ ਕੀਤਾ ਹੋਇਆ ਸੀ।
ਇਹ ਮੋਟੀ ਖਲ ਵਾਲੇ ਕੂਟਨੀਤਕ ਸਨ, ਇਨ੍ਹਾਂ ਦੀ ਜ਼ੁਬਾਨ ਖੁੱਲ੍ਹਵਾਉਣ ਲਈ ਐਸੇ ਕਾਬਲ ਅਤੇ ਘਾਗ ਖੋਜੀ ਪੱਤਰਕਾਰ ਦੀ ਮੁਹਾਰਤ ਦਰਕਾਰ ਸੀ ਜਿਸ ਕੋਲ ਤਾਕਤ ਵੀ ਹੋਵੇ ਅਤੇ ਅਥਾਰਟੀ ਵੀ। ਮੇਰੇ ਕੋਲ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਸੀ। ਵਿਉਂਤਬੰਦੀ ਦੇ ਨਾਲ-ਨਾਲ ਇਸ ਨੂੰ ਅਮਲ ਵਿਚ ਲਿਆਉਣਾ ਵੀ ਪੂਰੀ ਤਰ੍ਹਾਂ ਮੇਰੇ ‘ਤੇ ਛੱਡ ਦਿੱਤਾ ਗਿਆ ਸੀ। ਮੈਂ ਇਸ ਨੂੰ ਲੈ ਕੇ ਵੀ ਚੁਕੰਨੀ ਸਾਂ ਕਿ ਮੈਂ ਆਪਣੇ ਦਫਤਰੋਂ ਕਿਸੇ ਜੂਨੀਅਰ ਨੂੰ ਵੀ ਆਪਣੇ ਨਾਲ ਨਹੀਂ ਸੀ ਲਿਜਾ ਸਕਦੀ, ਕਿਉਂਕਿ ਇਸ ਦਾ ਭਾਵ ਹੋਣਾ ਸੀ, ਹੋਰ ਵੀ ਜ਼ਿਆਦਾ ਜੋਖਮ।
ਮੈਨੂੰ ਇਹ ਸਾਫ ਦੱਸ ਦਿੱਤਾ ਗਿਆ ਸੀ ਕਿ ਮੇਰੇ ਸੰਪਾਦਕ ਮੇਰੇ ਕੰਮ ਦੀ ਨਿਗਰਾਨੀ ਕਰਦੇ ਰਹਿਣਗੇ, ਪਰ ਹਰ ਚੀਜ਼ ਨੂੰ ਕਰਨਾ ਮੇਰੀ ਜ਼ਿੰਮੇਵਾਰੀ ਹੋਵੇਗੀ। ਜਦੋਂ ਵੀ ਮੈਂ ਕੋਈ ਖਰੜਾ ਭੇਜਦੀ ਤਾਂ ਸ਼ੋਮਾ ਅਤੇ ਤਰੁਣ ਦੋਹਾਂ ਵਲੋਂ ਮੈਨੂੰ ਐਸੇ ਹੱਲਾਸ਼ੇਰੀ ਵਾਲੇ ਲਫਜ਼ ਸੁਣਨ ਨੂੰ ਮਿਲਦੇ; ਮਸਲਨ ‘ਸ਼ਾਨਦਾਰ, ਲੱਗੀ ਰਹਿ’ ਜਾਂ ‘ਹੈਰਾਨੀਜਨਕ ਖੁਲਾਸਾ।’ ਇਸ ਤਰ੍ਹਾਂ ਦੀ ਹੱਲਾਸ਼ੇਰੀ ਮੈਨੂੰ ਹੋਰ ਡੂੰਘੀ ਛਾਣਬੀਣ ਕਰਨ ਲਈ ਉਤਸ਼ਾਹਤ ਜ਼ਰੂਰ ਕਰਦੀ ਰਹੀ, ਪਰ ਮੈਦਾਨ ਵਿਚ ਲੜਨ ਵਾਲੀ ਮੈਂ ਇਕੱਲੀ ਹੀ ਸਾਂ। ਮੈਂ ਆਪਣਾ ਖਿਆਲ ਵੀ ਰੱਖਣਾ ਸੀ ਅਤੇ ਇਹ ਵੀ ਯਕੀਨੀ ਬਣਾਉਣਾ ਸੀ ਕਿ ਛਾਣਬੀਣ ਦੇ ਨਤੀਜੇ ਇਮਾਨਦਾਰ ਅਤੇ ਤੱਥਾਂ ‘ਤੇ ਆਧਾਰਤ ਹੋਣ।
ਐਸੇ ਲੋਕ ਸਨ ਜਿਨ੍ਹਾਂ ਨੂੰ ਸੱਚ ਪਤਾ ਸੀ ਅਤੇ ਜਿਨ੍ਹਾਂ ਨੇ ਇਸ ਭੇਤ ਨੂੰ ਛੁਪਾ ਕੇ ਜਿਉਣ ਦੀ ਧਾਰੀ ਹੋਈ ਸੀ ਜਿਵੇਂ ਇਹ ਕਾਂਡ, ਭਾਵ 2002 ਵਿਚ ਜੋ ਬੇਰਹਿਮ ਸਿਆਸੀ ਕਤਲੋਗਾਰਤ ਕੀਤੀ ਗਈ ਸੀ, ਉਨ੍ਹਾਂ ਦੇ ਜੀਵਨ-ਪੰਧ ਦਾ ਹਿੱਸਾ ਹੀ ਨਾ ਹੋਵੇ। ‘ਤਹਿਲਕਾ’ ਵਰਗੇ ਅਦਾਰੇ ਨਾਲ ਜੁੜੀ ਖੋਜੀ ਪੱਤਰਕਾਰ ਦੇ ਤੌਰ ‘ਤੇ, ਮੈਂ ਜਾਣਦੀ ਸਾਂ ਕਿ ਐਸਾ ਹਰ ਦਰਵਾਜ਼ਾ ਮੇਰੇ ਲਈ ਬੰਦ ਸੀ ਜੋ ਇਸ ਮਾਮਲੇ ਵਿਚ ਕੁਝ ਮਦਦ ਕਰ ਸਕਦਾ ਹੋਵੇ। ਮੇਰੇ ਸਾਹਮਣੇ ਇਕੋ ਇਕ ਰਸਤਾ ਉਹੀ ਸੀ ਜੋ ਸੱਚ ਦੀ ਭਾਲ ਵਿਚ ਜੁਟਿਆ ਹਰ ਪੱਤਰਕਾਰ ਆਖਰੀ ਚਾਰਾਜੋਈ ਵਜੋਂ ਇਸਤੇਮਾਲ ਕਰਦਾ ਹੈ, ਆਪਣੀ ਸ਼ਨਾਖਤ ਛੁਪਾ ਲੈਣਾ। ਉਦੋਂ ਮੈਂ ਸਿਰਫ 26 ਸਾਲ ਦੀ ਮੁਸਲਮਾਨ ਕੁੜੀ ਸੀ। ਮੈਂ ਕਦੇ ਵੀ ਆਪਣੀ ਸ਼ਨਾਖਤ ਬਾਰੇ ਸੁਚੇਤ ਨਹੀਂ ਰਹੀ, ਪਰ ਜਦੋਂ ਇਸ ਅੱਗੇ ਮਜ਼੍ਹਬੀ ਲੀਹਾਂ ‘ਤੇ ਵੰਡੇ ਸੂਬੇ ਵਿਚ ਜਾਣ ਦਾ ਸਵਾਲ ਆਇਆ ਤਾਂ ਇਨ੍ਹਾਂ ਪੱਖਾਂ ਬਾਰੇ ਮੈਨੂੰ ਸੋਚ-ਵਿਚਾਰ ਕਰਨੀ ਪੈ ਗਈ। ਆਪਣੇ ਪਰਿਵਾਰ ਨੂੰ ਇਹ ਦੱਸਣਾ ਹੀ ਪੈਣਾ ਸੀ ਕਿ ਮੈਂ ਕੀ ਬਣਾਂਗੀ? ਕੀ ਮੈਂ ਉਨ੍ਹਾਂ ਦੀ ਮਦਦ ਤੋਂ ਬਿਨਾ ਇਹ ਕਰਨ ਦੇ ਸਮਰੱਥ ਹੁੰਦੀ?
ਮੇਰਾ ਮਾਸ ਕਮਿਊਨੀਕੇਸ਼ਨ ਕੋਰਸ ਕੀਤਾ ਹੋਣਾ ਇਸ ਵਕਤ ਮੇਰੇ ਕੰਮ ਆਇਆ। ਮੇਰੇ ਜਮਾਤੀਆਂ ਵਿਚ ਐਕਟਰ ਬਣਨ ਦੇ ਅਭਿਲਾਸ਼ੀ ਹੁੰਦੇ ਸਨ ਜਿਨ੍ਹਾਂ ਨੇ ਫਿਲਮ ਸਨਅਤ ਵਿਚ ਆਪਣੀ ਥਾਂ ਬਣਾ ਲਈ ਸੀ। ਅਭਿਨੇਤਰੀ ਰਿਚਾ ਚੱਢਾ ਜੋ ਮੇਰੀ ਜਮਾਤਣ ਸੀ ਤੇ ਇਸ ਵਕਤ ਸਭ ਤੋਂ ਜ਼ਹੀਨ ਫਿਲਮੀ ਨਾਇਕਾਵਾਂ ਵਿਚੋਂ ਇਕ ਹੈ, ਨੇ ਪਿੱਛੇ ਜਿਹੇ ਆਪਣੀ ਇਕ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਉਸ ਨੇ ਬਤੌਰ ਪੱਤਰਕਾਰ ਮੇਰੇ ਕੈਰੀਅਰ ਗ੍ਰਾਫ ਅਤੇ ਤਜਰਬਿਆਂ ਨੂੰ ਫਿਲਮ ਤਿਆਰ ਕਰਨ ਲਈ ਚੁਣਿਆ ਜਿਸ ਵਿਚ ਉਸ ਨੇ ਰਿਪੋਰਟਰ ਦੀ ਭੂਮਿਕਾ ਨਿਭਾਉਣੀ ਹੈ। ਇਸੇ ਤਰ੍ਹਾਂ ਹੀ ‘ਲੰਮੇ ਸਮੇਂ ਤੋਂ ਮਿਲੇ ਨਹੀਂ’ ਦੀ ਕਾਲ ਮੈਂ ਇਕ ਹੋਰ ਐਸੀ ਅਭਿਨੇਤਰੀ ਸਹੇਲੀ ਨੂੰ ਕੀਤੀ ਜਿਸ ਨੂੰ ਮੈਂ ਆਪਣੇ ਸਭ ਤੋਂ ਨੇੜੇ ਸਮਝਦੀ ਸੀ। ਆਪਣੀ ਦੋਸਤ ਦੀ ਸਹਾਇਤਾ ਨਾਲ ਮੈਂ ਉਸ ਦੇ ਮੇਕ-ਅੱਪ ਕਰਤਾ ਤੋਂ ਸਮਾਂ ਲੈ ਲਿਆ। ਅਗਲੇ ਦਿਨ ਮੈਂ ਸਬ-ਅਰਬਨ ਮੁੰਬਈ ਦੇ ਇਕ ਸਟੂਡੀਓ ਵਿਚ ਨਕਲੀ ਵਾਲ ਲਗਾਉਣ ਦੀ ਤਕਨੀਕੀ ਮੁਹਾਰਤ ਸਿਖਦੀ ਹੋਈ ਚਾਹ ਦੀਆਂ ਚੁਸਕੀਆਂ ਲੈ ਰਹੀ ਸੀ। ਮੇਕ-ਅੱਪ ਮਾਹਰ ਜੋ ਤਜਰਬੇਕਾਰ ਬੰਦਾ ਸੀ, ਕੋਲ ਜੋ ਸਟਾਕ ਸੀ, ਉਸ ਵਿਚੋਂ ਕੁਝ ਸਮਾਨ ਦੇ ਕੇ ਉਸ ਨੇ ਮੇਰੀ ਮਦਦ ਕੀਤੀ। ਨਕਲੀ ਵਾਲਾਂ ਨਾਲ ਮੈਂ ਵੱਖਰੀ ਤਾਂ ਨਜ਼ਰ ਆਈ, ਪਰ ਮੈਨੂੰ ਕੁਝ ਬਨਾਉਟੀ ਤੇ ਬੇਢੱਬਾ ਵੀ ਮਹਿਸੂਸ ਹੁੰਦਾ ਸੀ। ਇਹ ਹਾਰ-ਸ਼ਿੰਗਾਰ ਕਾਮਯਾਬ ਨਾ ਹੋਇਆ।
ਫਿਰ ਮੈਨੂੰ ਫੁਰਨਾ ਫੁਰਿਆ ਕਿ ਬਿਹਤਰ ਹੋਵੇਗਾ, ਆਪਣੀ ਪੂਰੀ ਸ਼ਨਾਖਤ ਹੀ ਬਦਲ ਲਈ ਜਾਵੇ। ਜਿਵੇਂ ਮੇਰੀ ਕਿਸਮਤ ਨੂੰ ਮਨਜ਼ੂਰ ਸੀ, ਇਕ ਗਰੁਪ ਆਈæਡੀæ ਵਿਚ ਮੈਨੂੰ ਇਕ ਮੇਲ ਮਿਲ ਗਈ ਜਿਸ ਵਿਚ ਮੈਂ ਆਪਣੇ ਇਕ ਕੁਲੀਗ ਦੇ ਸਾਬਕਾ ਜਮਾਤੀਆਂ ਨਾਲ ਸ਼ਾਮਲ ਸੀ ਜੋ ਲਾਸ ਏਂਜਲਸ ਦੀ ਮਸ਼ਹੂਰ ਅਮਰੀਕੀ ਫਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਵਿਚ ਸੰਸਥਾ ਚਲਾ ਗਿਆ ਸੀ। ਇਹ ਮੇਰੇ ਲਈ ‘ਲਾਧੋ ਰੇ, ਲਾਧੋ ਰੇ’ ਵਾਲਾ ਪਲ ਸੀ। ਹੁਣ ਇਹੀ ਮੇਰੀ ਸ਼ਨਾਖਤ ਹੋਣੀ ਸੀ। ਅਮਰੀਕਾ ਤੋਂ ਗੁਜਰਾਤ ਵਿਚ ਫਿਲਮ ਬਣਾਉਣ ਆਈ ਕੋਈ ਫਿਲਮਸਾਜ਼। ਫੁਰਨਾ ਬਹੁਤ ਉਤਸ਼ਾਹ ਵਾਲਾ ਸੀ, ਪਰ ਇਸ ਦੇ ਵਿਹਾਰਕ ਹੋਣ ਦੀ ਸੰਭਾਵਨਾ ਅਜੇ ਸੰਭਾਵਨਾ ਦੇ ਦਾਇਰੇ ਵਿਚ ਹੀ ਸੀ।
ਅਗਲੇ ਕੁਝ ਦਿਨ ਮੈਂ ਕੰਜ਼ਰਵੇਟਰੀ ਦੇ ਕੰਮ, ਇਸ ਦੇ ਵਿਦਿਆਰਥੀਆਂ, ਇਸ ਵਲੋਂ ਬਣਾਈਆਂ ਫਿਲਮਾਂ ਦਾ ਮੁਤਾਲਿਆ ਕਰਦਿਆਂ ਅਤੇ ਗੁਜਰਾਤ ਬਾਰੇ ਬਣੀਆਂ ਫਿਲਮਾਂ ਦੇ ਵਿਸ਼ਾ-ਵਸਤੂ ਬਾਰੇ ਖੋਜ ਕਰਦਿਆਂ ਗੁਜ਼ਾਰੇ। ਆਖਿਰਕਾਰ, ਮੈਂ ਫਿਲਮ ਦਾ ਵਿਸ਼ਾ-ਵਸਤੂ ਇਹ ਸੋਚ ਕੇ ਖੁੱਲ੍ਹਾ ਛੱਡ ਲਿਆ ਕਿ ਜਿਨ੍ਹਾਂ ਕਿਰਦਾਰਾਂ ਨੂੰ ਮੈਂ ਫਿਲਮ ਦੀ ਕਹਾਣੀ ਵਿਚ ਮਿਲਾਂਗੀ, ਇਹ ਉਨ੍ਹਾਂ ਦੇ ਹੁੰਗਾਰੇ ‘ਤੇ ਮੁਨੱਸਰ ਹੋਵੇਗਾ ਜਿਸ ਦੀ ਅਜੇ ਪਟਕਥਾ ਕੋਈ ਨਹੀਂ। ਮੈਨੂੰ ਕੋਈ ਨਾਂ ਤਾਂ ਰੱਖਣਾ ਹੀ ਪੈਣਾ ਸੀ। ਕੋਈ ਐਸਾ ਜੋ ਨਿੱਘ ਵਾਲਾ ਤੇ ਰੂੜ੍ਹੀਵਾਦੀ ਵੀ ਹੋਵੇ ਅਤੇ ਇਹ ਤਕੜਾ ਪੈਗਾਮ ਵੀ ਦਿੰਦਾ ਹੋਵੇ।
ਮੈਂ ਇਹ ਇਕਬਾਲ ਕਰ ਲਵਾਂ ਕਿ ਫਿਲਮਾਂ ਦੇਖਣ ਦੀ ਰੁਚੀ ਇਥੇ ਮੇਰੇ ਬਹੁਤ ਕੰਮ ਆਈ। ਮੈਂ ਹਿੰਦੀ ਫਿਲਮਾਂ ਦੇਖਣ ਦੀ ਸ਼ੁਕੀਨ ਹਾਂ ਅਤੇ ਮੈਨੂੰ ਚੇਤੇ ਹੈ, ਉਦੋਂ ਮੈਂ ਜੋ ਫਿਲਮਾਂ ਦੇਖੀਆਂ, ਉਨ੍ਹਾਂ ਵਿਚੋਂ ਇਕ ਸੀ ਰਾਜਕੁਮਾਰ ਸੰਤੋਸ਼ੀ ਦੀ ‘ਲੱਜਾ’। ਇਹ ਮੈਂ ਦਿੱਲੀ ਤੋਂ ਮੁੰਬਈ ਦੇ ਹਵਾਈ ਸਫਰ ਦੌਰਾਨ ਦੇਖੀ ਸੀ। ਫਿਲਮ ਦੇ ਜ਼ਬਰਦਸਤ ਔਰਤ ਕਿਰਦਾਰ ਇਸ ਦੇ ਮੰਡੀਕਰਨ ਦੀ ਰਣਨੀਤੀ ਵਿਚੋਂ ਲਏ ਗਏ ਸਨ, ਮਾਧੁਰੀ ਦੀਕਸ਼ਤ ਅਤੇ ਮਨੀਸ਼ਾ ਕੋਇਰਾਲਾ ਸਮੇਤ ਇਸ ਦੀਆਂ ਮੁੱਖ ਅਭਿਨੇਤਰੀਆਂ ਦੇ ਕਲਾ ਦੇ ਜੌਹਰ ਇਸ ਪੱਖ ਨੂੰ ਹੋਰ ਮਜ਼ਬੂਤ ਕਰਦੇ ਸਨ। ਫਿਲਮ ਵਿਚ ਕੋਇਰਾਲਾ ਨੇ ਮੈਥਿਲੀ ਨਾਂ ਦਾ ਕਿਰਦਾਰ ਨਿਭਾਇਆ ਜੋ ਹਿੰਦੁਸਤਾਨੀ ਔਰਤਾਂ ਦੀਆਂ ਜ਼ਿੰਦਗੀਆਂ ਅਤੇ ਜਾਤ ਤੇ ਜਿਨਸੀ ਜਬਰ ਨੂੰ ਸਾਹਮਣੇ ਲਿਆਉਂਦਾ ਸੀ। ਮੈਥਿਲੀ ਭਗਵਾਨ ਰਾਮ ਦੀ ਪਤਨੀ ਸੀਤਾ ਦਾ ਨਾਂ ਵੀ ਸੀ। ਨਾਂ ਐਸਾ ਟੁਣਕਵਾਂ ਸੀ ਕਿ ਇਹੀ ਪੱਕਾ ਹੋ ਗਿਆ। ਫਿਰ ਮੈਂ ਐਸੇ ਉਪ ਨਾਂ ਦੀ ਤਲਾਸ਼ ਕਰਨ ਲੱਗੀ ਜੋ ਆਮ ਵੀ ਹੋਵੇ ਅਤੇ ਜੋ ਬ੍ਰਾਹਮਣ ਜਾਂ ਦਲਿਤ ਦਰਜੇ ਨੂੰ ਦਰਸਾਉਂਦੀ ਕਿਸੇ ਤਰ੍ਹਾਂ ਦੀ ਹੈਂਕੜਬਾਜ਼ੀ ਦਾ ਸੰਕੇਤ ਵੀ ਨਾ ਹੋਵੇ, ਉਸ ਵਿਚੋਂ ‘ਮੈਥਿਲੀ ਤਿਆਗੀ’ ਦਾ ਜਨਮ ਹੋਇਆ। ਮੇਰਾ ਵਿਜ਼ਟਿੰਗ ਕਾਰਡ ਇੰਜ ਬਣਿਆ: ਮੈਥਿਲੀ ਤਿਆਗੀ, ਇੰਡੀਪੈਂਡੈਂਟ ਫਿਲਮਮੇਕਰ, ਅਮੈਰਿਕਨ ਫਿਲਮ ਇੰਸਟੀਚਿਊਟ ਕੰਜ਼ਰਵੇਟਰੀ।
ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਗੁਜਰਾਤ ਲਈ ਮੁੜ ਰਵਾਨਾ ਹੁੰਦੀ, ਮੈਨੂੰ ਕਾਬਿਲ ਸਹਿਯੋਗੀ ਦੀ ਲੋੜ ਸੀ ਜੋ ਛੇਤੀ ਹੀ ਮੇਰੇ ਨਾਲ ਆ ਜੁੜਿਆ ਅਤੇ ਜਿਸ ਦੀ ਮੌਜੂਦਗੀ ਦਾ ਮੇਰੀ ਜ਼ਿੰਦਗੀ ਉਪਰ ਡੂੰਘਾ ਅਸਰ ਹੋਵੇਗਾ। ਮਾਈਕ (ਨਾਂ ਬਦਲਿਆ ਹੋਇਆ) ਫਰਾਂਸ ਵਿਚ ਸਾਇੰਸ ਦਾ ਵਿਦਿਆਰਥੀ ਸੀ ਜੋ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਹਿੰਦੁਸਤਾਨ ਆਇਆ ਹੋਇਆ ਸੀ। ਮਾਈਕ ਹਿੰਦੁਸਤਾਨ ਵਿਚ ਰਹਿ ਕੇ ਹਿੰਦੁਸਤਾਨੀ ਪੱਤਰਕਾਰਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਮੈਂ ਆਪਣੇ ਵਲੋਂ ਕੀਤੀ ਜਾਣ ਵਾਲੀ ਛਾਣਬੀਣ ਦੀ ਕੋਈ ਤਫਸੀਲ ਦਿੱਤੇ ਬਗੈਰ, ਪਰ ਸੰਭਵ ਹੱਦ ਤਕ ਇਮਾਨਦਾਰ ਰਹਿਣ ਦੀ ਵਾਹ ਲਾਉਂਦੇ ਹੋਏ ਉਸ ਨੂੰ ਮੇਲ ਕੀਤੀ।
ਮੈਂ ਦੱਸਿਆ ਕਿ ਮੈਨੂੰ ਗੈਰਹਿੰਦੁਸਤਾਨੀ ਸਾਥੀ ਦੀ ਜ਼ਰੂਰਤ ਸੀ ਜੋ ਮੇਰੇ ਨਾਲ ਫਿਲਮ ਉਪਰ ਕੰਮ ਕਰਨ ਦਾ ਵਿਖਾਵਾ ਕਰ ਸਕੇ। ਇਹ ਲੰਮੀ-ਚੌੜੀ, ਬਹੁਤ ਹੀ ਸੰਵੇਦਨਸ਼ੀਲ ਛਾਣਬੀਣ ਦਾ ਹਿੱਸਾ ਹੋਵੇਗਾ। ਮੈਂ ਉਸ ਨੂੰ ਚੇਤਾਵਨੀ ਵੀ ਦੇ ਦਿੱਤੀ ਕਿ ਮਾਈਕ ਜਾਣਕਾਰੀ ਦੀ ਤਫਸੀਲ ਦਾ ਹਮਰਾਜ਼ ਨਹੀਂ ਹੋਵੇਗਾ। ਉਹ ਤਾਂ ਬਸ ਮੇਰੀ ਸ਼ਨਾਖਤ ਨੂੰ ਪ੍ਰਮਾਣਿਕ ਬਣਾਉਣ ਲਈ ‘ਫਿਰੰਗੀ, ਗੋਰਾ’ ਚਿਹਰਾ ਹੋਵੇਗਾ।
ਆਪਣੇ ਨਵੇਂ ਵਿਜ਼ਿਟਿੰਗ ਕਾਰਡਾਂ, ਗੂੜ੍ਹੇ ਸਲੇਟੀ ਲੈਂਜਾਂ ਦੇ ਜੋੜੇ, ਵਾਲ ਸਿੱਧੇ ਕਰਨ ਵਾਲਾ ਚਿਮਟਾ, ਸਿਰ ‘ਤੇ ਬੰਨ੍ਹਣ ਲਈ ਰੰਗ-ਬਰੰਗੇ ਰੁਮਾਲਾਂ ਨਾਲ ਲੈਸ ਹੋ ਕੇ ਮੈਂ ਹਵਾਈ ਉਡਾਣ ਰਾਹੀਂ ਅਹਿਮਦਾਬਾਦ ਆ ਗਈ। ਮਾਈਕ ਨੇ ਦੋ ਦਿਨ ਬਾਅਦ ਆਉਣਾ ਸੀ। ਮੈਂ ਤੁਰੰਤ ਮੈਥਲੀ ਤਿਆਗੀ ਦੇ ਨਾਂ ‘ਤੇ ਨਵਾਂ ਸਿਮ ਕਾਰਡ ਖਰੀਦ ਲਿਆ। ਮੈਂ ਹੈਰਾਨ ਸੀ ਕਿ ਅਹਿਮਦਾਬਾਦ ਵਿਚਲੇ ਆਪਣੇ ਫਰਜ਼ੀ ‘ਸਰਪ੍ਰਸਤ ਪਰਿਵਾਰ’ ਵਲੋਂ ਜੁਟਾਏ ਦਸਤਾਵੇਜ਼ਾਂ ਦੀ ਮਦਦ ਨਾਲ ਮੈਂ ਕਿੰਨੀ ਅਸਾਨੀ ਨਾਲ ਇਹ ਹਾਸਲ ਕਰ ਲਿਆ ਸੀ। ਛਾਣਬੀਣ ਦਾ ਕੰਮ ਲੰਮਾ ਸਮਾਂ ਚਲਣਾ ਸੀ। ਆਲੀਸ਼ਾਨ ਹੋਟਲ ਵਿਚ ਰਹਿਣ ਦਾ ਸ਼ਾਹੀ ਖਰਚਾ ਨਾ ਮੈਂ ਦੇ ਸਕਦੀ ਸੀ ਅਤੇ ਨਾ ਮੇਰੀ ਸੰਸਥਾ। ਮੈਂ ਸੰਘਰਸ਼ਸ਼ੀਲ ਫਿਲਮਸਾਜ਼ ਦਾ ਕਿਰਦਾਰ ਵੀ ਤਾਂ ਨਿਭਾ ਰਹੀ ਸਾਂ ਜਿਸ ਦੇ ਵਿਤੀ ਵਸੀਲੇ ਵੀ ਸੀਮਤ ਸਨ। ਇਸ ਤਰ੍ਹਾਂ ਦੇ ਰੈਣ-ਬਸੇਰੇ ਦਾ ਇੰਤਜ਼ਾਮ ਕੋਈ ਸਥਾਨਕ ਬੰਦਾ ਹੀ ਕਰ ਸਕਦਾ ਸੀ। ਇਸ ਵਕਤ ਮੇਰਾ ਕਲਾਕਾਰ ਮਿੱਤਰ ਕੰਮ ਆਇਆ ਜਿਸ ਦੇ ਅਹਿਮਦਾਬਾਦ ਦੇ ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਨਾਲ ਚੰਗੇ ਸਬੰਧ ਸਨ। ਉਹ ਐਨਾ ਦਿਆਲੂ ਸੁਭਾਅ ਦਾ ਸੀ ਕਿ ਬਹੁਤੇ ਸਵਾਲ ਵੀ ਨਹੀਂ ਸੀ ਪੁੱਛਦਾ। ਇਹ ਤੱਥ ਕਿ ਮੈਂ ਹੀ ਉਹ ਪੱਤਰਕਾਰ ਸੀ ਜਿਸ ਦੀ ਛਾਣਬੀਣ ਨੇ ਗੁਜਰਾਤ ਦੇ ਗ੍ਰਹਿ ਮੰਤਰੀ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰਾਇਆ ਸੀ, ਉਸ ਲਈ ਆਪਣਾ ਰਸੂਖ ਇਸਤੇਮਾਲ ਕਰ ਕੇ ਇਕ ਵਿਦਿਅਕ ਸੰਸਥਾ, ਨਹਿਰੂ ਫਾਊਂਡੇਸ਼ਨ ਵਿਖੇ ਰੈਣ-ਬਸੇਰਾ ਹਾਸਲ ਕਰਨ ‘ਚ ਮੇਰੀ ਮਦਦ ਕਰਨ ਲਈ ਕਾਫੀ ਸੀ।
ਫਾਊਂਡੇਸ਼ਨ ਵਿਚ ਹੋਸਟਲ ਦੀ ਵਾਰਡਨ ਨਾਲ ਮੇਰਾ ਤੁਆਰਫ ਫਿਲਮਸਾਜ਼ ਵਜੋਂ ਕਰਾਇਆ ਗਿਆ ਜਿਸ ਨੇ ਇਕੇਰਾਂ ਮੇਰੇ ‘ਤੇ ਨਜ਼ਰ ਮਾਰੀ ਅਤੇ ਫਿਰ ਮੇਰੀ ਮਦਦ ਕਰਨ ਲਈ ਆਏ ਦੋਸਤ ਨਾਲ ਗੱਲੀਂ ਜੁੱਟ ਗਈ। ਮੈਂ 250 ਰੁਪਏ ਰੋਜ਼ਾਨਾ ਕਿਰਾਏ ਉਪਰ ਆਪਣੇ ਲਈ 250 ਵਰਗ ਫੁੱਟ ਦਾ ਕਮਰਾ ਲੈਣ ਵਿਚ ਕਾਮਯਾਬ ਹੋ ਗਈ ਜਿਸ ਦੇ ਅੰਦਰ ਹੀ ਗੁਸਲਖ਼ਾਨਾ ਬਣਿਆ ਹੋਇਆ ਸੀ। ਜਿਵੇਂ ਵਾਪਰਦਾ ਹੈ, ਹੋਸਟਲ ਵਿਚ ਰਹਿਣ ਵਾਲੇ ਮੇਰੇ ਨਾਲ ਦੇ ਕਿਰਾਏਦਾਰਾਂ ਨੇ ਮੇਰੀ ਛਾਣਬੀਣ ਵਿਚ ਅਹਿਮ ਕਿਰਦਾਰ ਨਿਭਾਏ। ਉਹ ਯੂਰਪ ਦੇ ਵੱਖੋ-ਵੱਖਰੇ ਹਿੱਸਿਆਂ- ਜਰਮਨੀ, ਗ੍ਰੀਨਲੈਂਡ ਅਤੇ ਲੰਡਨ ਤੋਂ ਆਏ ਵਿਦਿਆਰਥੀ ਸਨ।
ਹੋਸਟਲ ਦਾ ਡੀਨ ਜਾਂ ਮੈਨੇਜਰ ਮਾਣਿਕ ਭਾਈ (ਜਾਅਲੀ ਨਾਂ) ਮੇਰਾ ਪਹਿਲਾ ਵਾਕਫਕਾਰ ਸੀ। ਮੇਰਾ ਉਸ ਨਾਲ ਤੁਆਰਫ ਇੰਜ ਕਰਾਇਆ ਗਿਆ, “ਮੈਡਮ ਇਥੇ ਗੁਜਰਾਤ ਬਾਰੇ ਫਿਲਮ ਬਣਾਉਣ ਆਈ ਹੋਈ ਏ।” ਮਾਣਿਕ ਭਾਈ ਬੋਲੇ, “ਬਹੁਤ ਖੂਬ! ਮੇਰੇ ਸ਼ਹਿਰ ਅਤੇ ਸਾਡੇ ਸੀæਐਮæ ਬਾਰੇ ਚੰਗੀਆਂ ਗੱਲਾਂ ਦੱਸਣਾ। ਇਹ ਅਹਿਮਦਾਬਾਦ ਬੜਾ ਖੂਬਸੂਰਤ ਸ਼ਹਿਰ ਹੈ।” ਉਸ ਨੇ ਇਕੋ ਸਾਹ ਮੈਨੂੰ ਪੂਰੇ ਸ਼ਹਿਰ ਦੀ ਝਲਕ ਪੇਸ਼ ਕਰਦਿਆਂ ਦੱਸਿਆ। ਮੇਰੇ ਕਮਰੇ ਵਿਚ ਇਕਹਿਰੇ ਬੈੱਡ, ਲਿਖਣ ਲਈ ਮੇਜ਼ ਅਤੇ ਕਿਤਾਬਾਂ ਰੱਖਣ ਵਾਲੇ ਸਟੈਂਡ ਲਈ ਚੋਖੀ ਜਗ੍ਹਾ ਸੀ, ਪਰ ਹੋਸਟਲ ਦੀ ਲੋਕੇਸ਼ਨ ਥਾਂ ਦੀ ਘਾਟ ਪੂਰੀ ਕਰਦੀ ਸੀ। ਗੁਜਰਾਤ ਦੇ ਸ਼ਾਹੀ ਅਤੇ ਕੇਂਦਰੀ ਇਲਾਕਿਆਂ ਵਿਚ ਸਥਿਤ ਇਹ ਥਾਂ ਅਗਲੇ ਛੇ ਮਹੀਨਿਆਂ ਲਈ ਆਪਣੇ ਘਰ ਤੋਂ ਦੂਰ ਮੇਰਾ ਘਰ ਹੋਵੇਗੀ।
ਅਗਲੀ ਸਵੇਰ ਮਾਈਕ ਆ ਗਿਆ, 19 ਸਾਲ ਦਾ ਉੱਚਾ-ਲੰਮਾ ਉਘੜ-ਦੁਗੜੇ ਵਾਲਾਂ ਵਾਲਾ ਹਸਮੁੱਖ ਫਰਾਂਸੀਸੀ ਮੁੰਡਾ। ਮੈਂ ਉਸ ਨੂੰ ਆਪਣੇ ਦੋਸਤ ਦੇ ਘਰ ਮਿਲੀ ਜਿਥੇ ਮੈਂ ਉਸ ਨੂੰ ਆਪਣੇ ਨਾਲ ਹੋਸਟਲ ਲਿਆਉਣ ਤੋਂ ਪਹਿਲਾਂ ਉਸ ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਸਮਝਾ ਦਿੱਤੀ।
ਮਾਣਿਕ ਭਾਈ ਨੇ ਅਗਲੇ ਇਕ ਮਹੀਨੇ ਲਈ ਮੇਰੇ ਨਾਲ ਵਾਲਾ ਕਮਰਾ ਮਾਈਕ ਨੂੰ ਦੇਣ ਲਈ ਫਰਾਖਦਿਲੀ ਦਿਖਾਈ। ਇਹ ਪ੍ਰਤੱਖ ਸੀ ਕਿ ਮਾਈਕ ਦੇ ‘ਕੇਮ ਛੋ’ ਦੇ ਉਸ ਉਪਰ ਪਾਏ ਪ੍ਰਭਾਵ ਨੇ ਵੀ ਇਸ ਵਿਚ ਆਪਣੀ ਭੂਮਿਕਾ ਨਿਭਾਈ ਸੀ। ਮਾਈਕ ਸਿਖਾਂਦਰੂ ਸੀ, ਹੋਰ ਸੰਸਕ੍ਰਿਤੀਆਂ ਨੂੰ ਘੋਖਣ ਅਤੇ ਸਮਝਣ ਨਾਲ ਉਸ ਨੂੰ ਬਹੁਤ ਮੋਹ ਸੀ, ਪਰ ਖਾਣਾ ਉਸ ਦੀ ਖਾਸ ਪਸੰਦ ਸੀ। ਉਸ ਸ਼ਾਮ ਨੂੰ ਸਾਡਾ ਪਹਿਲਾ ਖਾਣਾ ਅਹਿਮਦਾਬਾਦ ਦੇ ‘ਪਕਵਾਨ’ ਨਾਂ ਦੇ ਮਸ਼ਹੂਰ ਥਾਲੀ ਜਾਇੰਟ ਵਿਖੇ ਸੀ। ਜਿਵੇਂ ਮੈਂ ਤੇ ਮਾਈਕ ਹੁਣ ਵੀ ਚੇਤੇ ਕਰ ਕੇ ਖੁਸ਼ ਹੋ ਲੈਂਦੇ ਹਾਂ, ਉਸ ਰਾਤ ਮਾਈਕ ਘੱਟੋ-ਘੱਟ ਦੋ ਦਰਜਨ ਪੂਰੀਆਂ ਅਤੇ ਛੇ ਕਟੋਰੇ ਹਲਵੇ ਦੇ ਚਟਮ ਕਰ ਗਿਆ ਸੀ ਜੋ ਮੇਰੇ ਲਈ ਬੁਝਾਰਤ ਤੋਂ ਘੱਟ ਨਹੀਂ ਸੀ।
ਜਦੋਂ ਖਾਣ ਖਾਣ ਪਿੱਛੋਂ ਅਸੀਂ ਹੋਸਟਲ ਦੀਆਂ ਪੌੜੀਆਂ ਚੜ੍ਹ ਕੇ ਉਪਰ ਪਹੁੰਚੇ, ਉਸ ਨੇ ਮੈਨੂੰ ਪੁੱਛਿਆ, “ਜਦੋਂ ਅਸੀਂ ਇਕੱਲੇ ਹੀ ਹੋਈਏ, ਕੀ ਉਦੋਂ ਮੈਂ ਤੁਹਾਨੂੰ ਰਾਣਾ ਕਹਿ ਕੇ ਬੁਲਾ ਸਕਦਾ ਹਾਂ?”
“ਨਹੀਂ ਬਿਲਕੁਲ ਨਹੀਂ, ਜਦੋਂ ਤਕ ਤੂੰ ਇਸ ਮੁਲਕ ਤੋਂ ਰੁਖਸਤ ਨਹੀਂ ਹੁੰਦਾ, ਮੈਂ ਤੇਰੇ ਲਈ ਮੈਥਿਲੀ ਹੀ ਹੋਵਾਂਗੀ।” ਮਾਈਕ ਨੇ ਆਪਣਾ ਇਕਰਾਰ ਨਿਭਾਇਆ। ਪੈਰਿਸ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਮੇਰੇ ਲਈ ਜੋ ਅਲਵਿਦਾਈ ਕਾਰਡ ਛੱਡਿਆ, ਉਸ ਉਪਰ ਹਿੰਦੀ ਵਿਚ ਇਹ ਇਬਾਰਤ ਲਿਖੀ ਹੋਈ ਸੀ, ‘ਪਿਆਰੀ ਮੈਥਿਲੀ, ਅਪਨਾ ਖਯਾਲ ਰਖਨਾ -ਮਾਈਕ।’
ਅਸੀਂ ਨਹਿਰੂ ਫਾਊਂਡੇਸ਼ਨ ਵਿਖੇ ਆਪਣੇ ਪਹਿਲੇ ਕੁਝ ਦਿਨ ਆਪਣੀ ਨਵੀਂ ਜ਼ਿੰਦਗੀ ਦੀ ਆਦਤ ਪਾਉਂਦਿਆਂ ਗੁਜ਼ਾਰੇ। ਮਾਈਕ ਆਪਣੇ ਕਮਰੇ ਵਿਚ ਫਰੈਂਚ-ਹਿੰਦੀ ਅਨੁਵਾਦ ਦੀ ਕਿਤਾਬ ਲੈ ਕੇ ਬੈਠ ਜਾਂਦਾ, ਨਾਲੇ ਮੈਨੂੰ ਸਵਾਲ ਪੁੱਛਦਾ ਰਹਿੰਦਾ ਅਤੇ ਨਾਲੇ ਮਾਰਕ ਤੁਲੀ ਦੀ ਕਿਤਾਬ ਪੜ੍ਹਦਾ ਰਹਿੰਦਾ। ਉਸ ਦੀ ਉਮਰ ਲਈ ਮਾਰਕ ਬਹੁਤ ਹੀ ਪੜ੍ਹਿਆ-ਲਿਖਿਆ, ਹੂੜ੍ਹਮਤੀਆ ਸੀ ਜਿਸ ਕੋਲ ਤਿੱਖਾ, ਵਿਸ਼ਲੇਸ਼ਣੀ ਦਿਮਾਗ ਸੀ। ਉਹ ਤੇਜ਼ੀ ਨਾਲ ਹਰ ਤਫਸੀਲ ਆਤਮਸਾਤ ਕਰ ਲੈਂਦਾ ਸੀ। ਫਾਊਂਡੇਸ਼ਨ ਦੀ ਕੈਂਟੀਨ ਤੋਂ 25 ਰੁਪਏ ਵਿਚ ਦੁਪਹਿਰ ਦਾ ਖਾਣਾ ਮਿਲ ਜਾਂਦਾ ਸੀ। ਇਥੇ ਬੈਠਿਆਂ ਨੂੰ ਇਮਾਰਤ ਦੇ ਅੰਦਰ ਤਰਾਸ਼ ਕੇ ਬਣਾਈਆਂ ਪੌੜੀਆਂ ਅਤੇ ਸੰਸਥਾ ਦਾ ਚਬੂਤਰਾ ਨਜ਼ਰ ਆਉਂਦੇ ਸਨ ਜਿਸ ਤੋਂ ਪਾਰ ਦਿਲਕਸ਼ ਜੰਗਲ ਸੀ। ਹਰ ਦੁਪਹਿਰ ਮੈਂ ਤੇ ਮਾਈਕ ਆਪੋ-ਆਪਣੇ ਲੈਪਟਾਪ ਲੈ ਕੇ ਚਬੂਤਰੇ ‘ਤੇ ਜਾ ਬੈਠਦੇ ਅਤੇ ਉਥੇ ਨਾਲੇ ਖਾਣਾ ਖਾਂਦੇ ਤੇ ਨਾਲੇ ਆਪੋ-ਆਪਣਾ ਕੰਮ ਕਰੀ ਜਾਂਦੇ। ਉਹ ਮੈਨੂੰ ਪੁੱਛ ਲੈਂਦਾ, “ਅੱਛਾ ਮੈਥਿਲੀ, ਕੀ ਵਿਉਂਤ ਬਣਾਈ? ਅਸੀਂ ਕਿਸ ਨੂੰ ਮਿਲਣ ਜਾ ਰਹੇ ਹਾਂ?” ਤੇ ਮੈਂ ਆਪਣੀ ਗੱਲ ਦੁਹਰਾ ਦਿੰਦੀ, “ਜਦੋਂ ਸਹੀ ਵਕਤ ਆਇਆ, ਦੱਸ ਦਿਆਂਗੀ।”
ਸ਼ਾਮ ਨੂੰ ਮਾਈਕ ਤੇ ਮੈਂ ਆਪੋ-ਆਪਣੇ ਕੈਮਰੇ ਚੁੱਕ ਲੈਂਦੇ ਅਤੇ ਸ਼ੂਟ ਕਰਨ ਲਈ ਪੁਰਾਣੇ ਸ਼ਹਿਰ ਵਿਚ ਚਲੇ ਜਾਂਦੇ। ਦੋਹਾਂ ਨੂੰ ਫੋਟੋਗ੍ਰਾਫੀ ਦਾ ਸਾਂਝਾ ਸ਼ੌਕ ਸੀ ਅਤੇ ਦੋਹਾਂ ਕੋਲ ਇਕੋ ਜਿਹੇ ਐਸ਼ਐਲ਼ਆਰæ ਕੈਮਰੇ ਸਨ, ਹਾਲਾਂਕਿ ਇਸ ਕਵਾਇਦ ਦਾ ਸਾਡੇ ਫੋਟੋਗ੍ਰਾਫੀ ਦੇ ਲਗਾਓ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਹ ਸਾਡੇ ਆਪਣੇ ਲਈ, ਤੇ ਜਿਹੜਾ ਵੀ ਕੋਈ ਸਾਨੂੰ ਦੇਖ ਰਿਹਾ ਹੁੰਦਾ, ਉਸ ਲਈ ਸਾਡੇ ਕਿਰਦਾਰਾਂ ਦੀ ਪ੍ਰਮਾਣਿਕਤਾ ਬਣਾਉਣ ਦੀ ਕਵਾਇਦ ਸੀ। ਜੇ ਅਸੀਂ ਆਹਲਾ ਦਰਜੇ ਦੇ ਅਧਿਕਾਰੀਆਂ ਤਕ ਪਹੁੰਚ ਕਰਨੀ ਸੀ, ਤਾਂ ਲਾਜ਼ਮੀ ਤੌਰ ‘ਤੇ ਸਾਡੇ ਪਿਛੋਕੜ ਦਾ ਪਤਾ ਲਾਇਆ ਜਾਵੇਗਾ, ਖਾਸ ਕਰ ਕੇ ਉਸ ਥਾਂ ਦਾ ਜਿਥੇ ਅਸੀਂ ਠਹਿਰੇ ਹੋਏ ਸਾਂ। ਅਹਿਮਦਾਬਾਦ ਵਿਚ ਸਾਨੂੰ ਅਜਿਹੇ ਸਮਾਜੀ ਦਾਇਰੇ ਦੀ ਜ਼ਰੂਰਤ ਸੀ ਜੋ ਸਾਡੀਆਂ ਜਾਅਲੀ ਸ਼ਨਾਖਤਾਂ ਦਾ ਜ਼ਾਮਨ ਬਣ ਸਕੇ। ਮਸ਼ਹੂਰ ਚਿਤਰਕਾਰ ਐਮæ ਐਫ਼ ਹੁਸੈਨ ਵਲੋਂ ਬਣਾਇਆ ਇਤਿਹਾਸਕ ਕਲਾ ਅਜਾਇਬਘਰ ‘ਅਮਦਾਵਾਦ ਨੀ ਗੁਫਾ’ ਸਾਡੇ ਲਈ ਵੱਡਾ ਸਹਾਰਾ ਬਣਿਆ। ਅਜਾਇਬਘਰ ਦੇ ਆਲੇ-ਦੁਆਲੇ ਲੰਮਾ-ਚੌੜਾ ਪਾਰਕ ਸੀ ਅਤੇ ਇਕ ਕੈਫੇ ਸੀ ਜਿਥੇ ਨੌਜਵਾਨਾਂ (ਜ਼ਿਆਦਾਤਰ ਕਲਾਕਾਰ ਤੇ ਫੋਟੋਗ੍ਰਾਫਰ) ਨੇ ਡੇਰੇ ਲਾਏ ਹੋਏ ਸਨ। ਕੋਈ ਗਿਟਾਰ ਵਜਾ ਰਿਹਾ ਹੁੰਦਾ, ਕੋਈ ਆਪਣੀ ਕਲਾਕ੍ਰਿਤ ਦੀ ਨੁਮਾਇਸ਼ ਲਾ ਰਿਹਾ ਹੁੰਦਾ। ਬਾਕੀਆਂ ਵਿਚ ਫਿਲਮਸਾਜ਼ ਬਣਨ ਦੇ ਅਭਿਲਾਸ਼ੀ, ਫੋਟੋਗ੍ਰਾਫਰ ਅਤੇ ਥੀਏਟਰ ਕਲਾਕਾਰ ਸ਼ਾਮਲ ਸਨ। ਇਸ ਥਾਂ ਆਪਣੀਆਂ ਸ਼ਾਮਾਂ ਦੌਰਾਨ ਮੈਂ ਬਤੌਰ ਮੈਥਿਲੀ ਜ਼ਿੰਦਗੀ ਨੂੰ ਰੱਜ ਕੇ ਮਾਣਦੀ ਅਤੇ ਇਵੇਂ ਹੀ ਮਾਈਕ ਕਰਦਾ।
ਮਾਈਕ ਨੂੰ ਪੁਰਾਣੇ ਗੁਜਰਾਤ ਦਾ ਲਾਲ ਦਰਵਾਜ਼ਾ ਬਹੁਤ ਪਿਆਰਾ ਲੱਗਦਾ ਸੀ। ਹਰ ਜੁੰਮੇ ਰਾਤ ਉਥੇ ਖੁੱਲ੍ਹੀ ਮੰਡੀ ਲੱਗਦੀ ਸੀ। ਫਿਰ ਪਤੰਗ ਅਤੇ ਬਰਤਨ ਬਣਾਉਣ ਵਾਲੇ ਉਥੇ ਆ ਜੁੜਦੇ। ਉਹ ਕੁਝ ਹੈਰਾਨੀਜਨਕ ਤਸਵੀਰਾਂ ਲੈ ਕੇ ਸ਼ਾਮ ਨੂੰ ਵਾਪਸ ਮੁੜਦਾ ਅਤੇ ਫਿਰ ਆਪਣਾ ਮਨਭਾਉਂਦਾ ਸਵਾਲ ਪਾ ਦਿੰਦਾ, “ਅੱਜ ਰਾਤ ਅਸੀਂ ਖਾਣਾ ਕਿਥੇ ਖਾਵਾਂਗੇ?” ਉਹ ਖਾਣੇ ਦਾ ਸ਼ੁਕੀਨ ਸੀ ਅਤੇ ਗੁਜਰਾਤ ਉਸ ਲਈ ਸਹੀ ਥਾਂ ਸੀ।
ਇਸ ਦੌਰਾਨ ਇਕ ਕਾਰਕੁਨ ਦੋਸਤ ਵਲੋਂ ਭੇਜੀ ਈ-ਮੇਲ ਦੇ ਰੂਪ ਵਿਚ ਮਦਦ ਬਹੁੜ ਪਈ। ਮੈਨੂੰ ਅਫਸਰਾਂ ਨਾਲ ਕਿਸੇ ਤਰ੍ਹਾਂ ਦਾ ਰਾਬਤਾ ਬਣਾਉਣ ਦੀ ਜ਼ਰੂਰਤ ਸੀ ਅਤੇ ਮੇਰੀ ਸੂਚੀ ਵਿਚ ਪਹਿਲਾ ਨਾਂ ਜੀæਐਲ਼ ਸਿੰਘਲ ਦਾ ਸੀ ਜਿਸ ਨੂੰ ਉਦੋਂ ਗੁਜਰਾਤ ਦੇ ਏæਟੀæਐਸ਼ ਦਾ ਮੁਖੀ ਲਾਇਆ ਹੋਇਆ ਸੀ। ਸਿੰਘਲ ਦੀ ਇਸ਼ਰਤ ਜਹਾਂ ‘ਫਰਜ਼ੀ’ ਮੁਕਾਬਲੇ ਦੇ ਮਾਮਲੇ ‘ਚ ਭੂਮਿਕਾ ਨੂੰ ਲੈ ਕੇ ਜਾਂਚ ਚਲ ਰਹੀ ਸੀ। ਆਪਣੇ ਅਫਸਰ ਮਿੱਤਰਾਂ ਅਤੇ ਪੱਤਰਕਾਰਾਂ ਤੋਂ ਮੈਨੂੰ ਜਾਣਕਾਰੀ ਮਿਲੀ ਸੀ ਕਿ ਉਸ ਨੇ ਖੁਦ ਨੂੰ ਅਲੱਗ-ਥਲੱਗ ਕੀਤਾ ਹੋਇਆ ਸੀ। ਉਸ ਦੇ ਮਿੱਤਰ ਬਹੁਤ ਥੋੜ੍ਹੇ ਸਨ ਅਤੇ ਉਹ ਮੀਡੀਆ ਨੂੰ ਉਕਾ ਨਹੀਂ ਸੀ ਮਿਲਦਾ। ਮੈਨੂੰ ਦੱਸਿਆ ਗਿਆ ਸੀ ਕਿ ਉਹ ਤਕਰੀਬਨ ਹਰ ਕਿਸੇ ਨੂੰ ਲੈ ਕੇ ਸ਼ੱਕੀ ਸੀ। ਫਿਰ ਉਸ ਤਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਸੀ?
ਈ-ਮੇਲ ਵਿਚ ਨਰੇਸ਼ ਅਤੇ ਹਿਤੂ ਕਨੌੜੀਆ ਦੇ ਵੇਰਵੇ ਦਿੱਤੇ ਹੋਏ ਸਨ। ਦੋਵੇਂ ਗੁਜਰਾਤੀ ਫਿਲਮ ਸਨਅਤ ਦੇ ਹਰਮਨਪਿਆਰੇ ਕਲਾਕਾਰ ਸਨ। ਨਰੇਸ਼ ਕਨੌੜੀਆ ਗੁਜਰਾਤੀ ਫਿਲਮ ਸਨਅਤ ਦੇ ਅਮਿਤਾਭ ਬਚਨ ਵਜੋਂ ਮਸ਼ਹੂਰ ਸੀ। ਹਿਤੂ ਉਸ ਦਾ ਬੇਟਾ ਸੀ ਜਿਸ ਨੇ ਦੱਖਣੀ ਮੁੰਬਈ ਤੋਂ ਤਾਲੀਮ ਲਈ ਹੋਈ ਸੀ। ਉਸ ਨੇ ਫੈਸਲਾ ਕਰ ਲਿਆ ਹੋਇਆ ਸੀ ਕਿ ਹਿੰਦੀ ਫਿਲਮ ਸਨਅਤ ਵਿਚ ਘੁਸਣ ਦੀ ਇੰਤਜ਼ਾਰ ਕਰਨ ਨਾਲੋਂ ਆਪਣੇ ਬਾਪ ਦੇ ਨਕਸ਼ੇ-ਕਦਮਾਂ ‘ਤੇ ਤੁਰਨਾ ਜ਼ਿਆਦਾ ਸਮਝਦਾਰੀ ਹੋਵੇਗੀ।
ਮੇਲ ਵਿਚ ਮੈਨੂੰ ਦੱਸਿਆ ਗਿਆ ਕਿ ਕਨੌੜੀਏ ਪੱਛੜੇ ਵਰਗ ਵਿਚੋਂ ਸਨ ਅਤੇ ਸਿੰਘਲ (ਜੋ ਦਲਿਤ ਸੀ) ਸਮੇਤ ਉਨ੍ਹਾਂ ਦਾ ਬਹੁਤ ਸਾਰੇ ਅਧਿਕਾਰੀਆਂ ਨਾਲ ਵਧੀਆ ਮੇਲਜੋਲ ਸੀ। ਉਤਸ਼ਾਹੀ ਹੋ ਕੇ ਮੈਂ ਨਰੇਸ਼ ਕਨੌੜੀਆ ਨੂੰ ਫੋਨ ਕੀਤਾ। ਉਸ ਨੇ ਅਗਲੀ ਸਵੇਰ ਅਹਿਮਦਾਬਾਦ ਦੇ ਜਿੰਮਖਾਨੇ ਮਿਲਣ ਲਈ ਕਿਹਾ। ਜਦੋਂ ਮੈਂ ਉਥੇ ਜਾ ਕੇ ਉਸ ਨੂੰ ਮਿਲੀ, ਉਸ ਨੇ ਕੁਝ ਵੀ ਮੇਰੇ ਪੱਲੇ ਨਾ ਪਾਇਆ। ਜਦੋਂ ਮੈਂ ਆਪਣੇ ਅੰਗਰੇਜ਼ੀ ਘੋਟਣ ਦੇ ਮੁਹਾਰਤ ਵਾਲੇ ਅੰਦਾਜ਼ ਵਿਚ ਉਸ ਨਾਲ ਗੱਲ ਕੀਤੀ ਤਾਂ ਉਸ ਦਾ ਚਿਹਰਾ ਉਕਾ ਹੀ ਭਾਵਹੀਣ ਨਜ਼ਰ ਆਇਆ। ਉਹ ਮੂੰਹ ਭੁਆ ਕੇ ਸ਼ੀਸ਼ਾ ਦੇਖਣ ਲੱਗਿਆ, ਆਪਣੇ ਵਾਲਾਂ ਵਿਚ ਕੰਘੀ ਫੇਰੀ ਅਤੇ ਫਿਰ ਬੇਲਾਗਤਾ ਨਾਲ ਬੋਲਿਆ, “ਬੇਨ, ਹਿੰਦੀ ਮੇਂ ਬੋਲੋ ਨਾ, ਔਰ ਥੋੜ੍ਹਾ ਆਹਿਸਤਾ ਬੋਲੋ, ਬਹੁਤ ਫਾਸਟ ਹੋ ਤੁਮ।”
ਜ਼ਾਹਰ ਸੀ, ਮੈਥੋਂ ਚੰਗੀ ਤਰ੍ਹਾਂ ਤਿਆਰੀ ਨਹੀਂ ਸੀ ਕੀਤੀ ਗਈ। ਅਗਲੇ ਕੁਝ ਘੰਟੇ ਮੈਂ ਉਸ ਨੂੰ ਆਪਣੀ ਫਿਲਮ ਦੇ ਵਿਸ਼ਾ-ਵਸਤੂ ਦੀ ਵਿਆਖਿਆ ਕਰਨ ਉਪਰ ਗੁਜ਼ਾਰੇ। ਮੈਂ ਉਸ ਨੂੰ ਦੱਸਿਆ ਕਿ ਮੈਂ ਗੁਜਰਾਤ ਦੇ ਉਨ੍ਹਾਂ ਪਹਿਲੂਆਂ ਬਾਰੇ ਫਿਲਮ ਬਣਾਉਣਾ ਚਾਹੁੰਦੀ ਹਾਂ ਜੋ ਬਹੁਤ ਘੱਟ ਜਾਣੇ ਜਾਂਦੇ ਹਨ; ਮਸਲਨ, ਗੁਜਰਾਤੀ ਫਿਲਮ ਸਨਅਤ ਬਾਰੇ ਅਤੇ ਗੁਜਰਾਤ ਦੇ ਜੋ ਕਲਾਕਾਰ ਪੱਛੜੇ ਵਰਗ ਤੋਂ ਆਏ, ਉਨ੍ਹਾਂ ਨੇ ਕਿਵੇਂ ਤਰੱਕੀ ਕੀਤੀ ਹੈ, ਇਸ ਬਾਰੇ। ਹੁਣ ਮੈਨੂੰ ਉਸ ਦੀਆਂ ਅੱਖਾਂ ਵਿਚ ਚਮਕ ਨਜ਼ਰ ਆਉਣ ਲੱਗੀ। ਇਕ ਐਸੇ ਬੰਦੇ ਲਈ ਜੋ ਖੁਦ ਨੂੰ ‘ਸਟਾਰ’ ਸਮਝਦਾ ਸੀ, ਪਰ ਜਿਸ ਦੀ ਆਪਣੀ ਕਾਮਯਾਬੀ ਉਸ ਦੇ ਆਪਣੇ ਹੀ ਸੂਬੇ ਵਿਚ ਹਿੰਦੀ ਫਿਲਮਾਂ ਦੀ ਮਕਬੂਲੀਅਤ ਨਾਲ ਫਿੱਕੀ ਪੈ ਗਈ ਸੀ, ਕਿਸੇ ‘ਵਲੈਤਣ’ ਫਿਲਮਸਾਜ਼ ਵਲੋਂ ਉਸ ਦੇ ਕੰਮ ਨੂੰ ਪ੍ਰਵਾਨਗੀ ਦਿੱਤੇ ਜਾਣ ਦਾ ਓੜਕ ਉਹ ਪ੍ਰਭਾਵ ਪੈ ਹੀ ਗਿਆ ਜੋ ਮੈਂ ਚਾਹੁੰਦੀ ਸੀ।
ਅਗਲੇ ਦਿਨ, ਮੈਂ ਸੌ ਕਿਲੋਮੀਟਰ ਦਾ ਸਫਰ ਕਰ ਕੇ ਉਸ ਪਿੰਡ ਜਾਣਾ ਸੀ ਜਿਥੇ ਕਨੌੜੀਆ ਚਾਹੁੰਦਾ ਸੀ ਕਿ ਮੈਂ ਉਸ ਦੀ ਇੰਟਰਵਿਊ ਕਰਾਂ ਅਤੇ ਫਿਲਮ ਦੇ ਸੈੱਟ ਉਪਰ ਉਸ ਦੇ ਸਟੰਟ ਦੇਖਾਂ। ਜਦੋਂ ਉਸ ਨੂੰ ਮਿਲਣ ਤੋਂ ਬਾਅਦ ਮੈਂ ਆਪਣੇ ਕਮਰੇ ਵਿਚ ਵਾਪਸ ਮੁੜੀ, ਤਾਂ ਆਪਣੀ ਕਵਾਇਦ ਦੀ ਵਿਅਰਥਤਾ ਨੂੰ ਲੈ ਕੇ ਹੈਰਾਨ-ਪ੍ਰੇਸ਼ਾਨ ਹੋਈ ਬਿਸਤਰੇ ‘ਤੇ ਬੈਠ ਗਈ। ਹੱਥਲੇ ਕੰਮ ਵਿਚ ਜੋਖ਼ਮ ਬਹੁਤ ਜ਼ਿਆਦਾ ਸੀ ਪਰ ਇਕੋ ਇਕ ਰਸਤਾ ਵੀ ਤਾਂ ਇਹੀ ਸੀ। ਆਪਣੇ ਐਸ਼ਐਲ਼ਆਰæ ਕੈਮਰੇ ਅਤੇ ਨੋਟਸ ਲੈ ਕੇ, ਅਗਲੀ ਸਵੇਰ ਜਦੋਂ ਮੈਂ ਕਮਰੇ ਵਿਚੋਂ ਨਿਕਲੀ ਤਾਂ ਮਾਈਕ ਨੇ ਟੋਕਿਆ, “ਤੂੰ ਲੈਂਜ ਨਹੀਂ ਲਗਾਏ।” ਮੈਂ ਅਜੇ ਆਪਣੇ ਨਵੇਂ ਰੂਪ ਦੀ ਆਦਤ ਸਿੱਖ ਰਹੀ ਸੀ।
ਫਿਲਮ ਦਾ ਸੈੱਟ ਸ਼ਹਿਰ ਦੀ ਫਿਰਨੀ ਉਪਰਲੇ ਪਿੰਡ ਵਿਚ ਬਣਾਇਆ ਗਿਆ ਸੀ ਜਿਥੇ ਨਜ਼ਾਰਾ ਦੇਖਣ ਲਈ ਹਜ਼ਾਰਾਂ ਲੋਕ ਜੁੜੇ ਹੋਏ ਸਨ। ਕਨੌੜੀਆ ਦੇ ਬੇਟੇ ਹਿਤੂ ਜੋ ਅਸਲ ਵਿਚ ਬੁੜ੍ਹਕਦਾ ਫਿਰਦਾ ਦੱਖਣੀ ਮੁੰਬਈ ਕਾਲਜੀਏਟ ਸੀ, ਨੇ ਕੈਦੀ ਦੀ ਪੁਸ਼ਾਕ ਪਾਈ ਹੋਈ ਸੀ, ਉਸ ਦਾ ਬਾਪ ਪੁਲਸੀਏ ਦੀ ਭੂਮਿਕਾ ਵਿਚ ਸੀ।
ਮੈਨੂੰ ਬੈਠ ਕੇ ਸ਼ੂਟਿੰਗ ਦੇਖਣ ਲਈ ਕੁਰਸੀ ਦਿੱਤੀ ਗਈ। ਮੈਂ ਨੋਟਸ ਲਿਖਣ ਅਤੇ ਘਟਨਾਕ੍ਰਮ ਦੀਆਂ ਤਸਵੀਰਾਂ ਲੈਣ ਦੇ ਆਹਰ ਵਿਚ ਤਨਦੇਹੀ ਨਾਲ ਜੁਟੀ ਰਹੀ। ਮੈਂ ਉਥੇ ਐਸੀ ਇਕੱਲੀ ਨਹੀਂ ਸੀ। ਮੈਂ ਦੇਖਿਆ 30ਵਿਆਂ ਦੇ ਸ਼ੁਰੂ ਦੀ ਉਮਰ ਦਾ ਇਕ ਨੌਜਵਾਨ ਵੀ ਟਰਾਈਪੌਡ ਅਤੇ ਲੈਂਜ ਚੁੱਕੀ ਉਸ ਸਿਲਸਿਲੇ ਦੇ ਕੁਝ ਮਨਮੋਹਕ ਸ਼ਾਟ ਅਤੇ ਤਸਵੀਰਾਂ ਲੈ ਰਿਹਾ ਸੀ। ਜ਼ਾਹਰ ਸੀ, ਉਹ ਯੂਨਿਟ ਦਾ ਹਿੱਸਾ ਨਹੀਂ ਸੀ। ਜਦੋਂ ਕਨੌੜੀਆ ਨੇ ਮੇਰੇ ਅਤੇ ਮਾਈਕ ਨਾਲ ਡਾਕੂਮੈਂਟਰੀ ਫੋਟੋਗ੍ਰਾਫਰ ਦੇ ਤੌਰ ‘ਤੇ ਉਸ ਦਾ ਤੁਆਰਫ ਕਰਾਇਆ ਤਾਂ ਉਸ ਨੇ ਸਾਡੇ ਵੱਲ ਬੇਪ੍ਰਵਾਹੀ ਨਾਲ ਤੱਕਿਆ ਅਤੇ ਆਪਣੇ ਫਰੇਮਾਂ ਉਪਰ ਕੰਮ ਕਰਨ ਲਈ ਤੁਰ ਗਿਆ। ਇਹ ਫੋਟੋਗ੍ਰਾਫਰ ਅਜੈ ਪੰਜਵਾਨੀ ਸੀ (ਅਸਲ ਨਾਂ ਨਹੀਂ) ਜਿਸ ਨਾਲ ਮੈਂ ਅਜੀਬ ਦੋਸਤੀ ਬਣਾ ਲੈਣੀ ਸੀ; ਅਜਿਹੀ ਦੋਸਤੀ ਜੋ ਮੈਂ ਆਪਣੀ ਅਸਲ ਸ਼ਨਾਖਤ ਨਾਲ ਕਦੇ ਵੀ ਬਣਾ ਨਾ ਪਾਉਂਦੀ; ਅਜਿਹੀ ਦੋਸਤੀ ਜਿਸ ਦੀ ਬੁਨਿਆਦ ਧੋਖਾ ਸੀ, ਪਰ ਮੈਥਿਲੀ ਨੂੰ ਉਸ ਅੱਡੇ ਦੀ ਜ਼ਰੂਰਤ ਸੀ।
ਸਾਡੇ ਅਗਲੇ ਕੁਝ ਦਿਨ ਕਨੌੜੀਆ ਦੇ ਸੈੱਟ ‘ਤੇ ਜਾਂਦਿਆਂ, ਗੱਲਬਾਤ ਵਿਚ ਮਸਰੂਫ ਰਹਿੰਦਿਆਂ, ਫਿਲਮ ਦੀਆਂ ਬਾਰੀਕੀਆਂ ਬਾਰੇ ਚਰਚਾ ਕਰਦਿਆਂ, ਅਤੇ ਨਾਲ ਹੀ ‘ਯੂਨਿਟ ਕੀ ਚਾਏ’ ਦੀਆਂ ਚੁਸਕੀਆਂ ਲੈਂਦਿਆਂ ਗੁਜ਼ਰ ਗਏ।
ਅਜੈ, ਜੋ ਗੁਜਰਾਤੀ ਫਿਲਮਾਂ ਬਾਰੇ ਆਪਣੀ ਦਸਤਾਵੇਜ਼ੀ ਫਿਲਮ ਲਈ ਸੈੱਟ ‘ਤੇ ਬਾਕਾਇਦਗੀ ਨਾਲ ਆਉਂਦਾ ਸੀ, ਓੜਕ ਢੈਲਾ ਪੈ ਗਿਆ ਅਤੇ ਫਿਰ ਉਸ ਨੇ ਲੋੜ ਪੈਣ ‘ਤੇ ਮਦਦ ਦੀ ਪੇਸ਼ਕਸ਼ ਵੀ ਕੀਤੀ। ਫਿਲਮ ਦੇ ਸੈੱਟਾਂ ਉਪਰ ਆਪਣੀ ਇਕ ਫੇਰੀ ਦੌਰਾਨ ਹੀ ਮੈਂ ਗੁਜਰਾਤ ਦੇ ਕਿਸੇ ਜਾਣੇ-ਪਛਾਣੇ ਪੁਲਿਸ ਅਧਿਕਾਰੀ ਨੂੰ ਮਿਲਣ ਦੀ ਆਪਣੀ ਕੰਮ ਦੀ ਗੱਲ ਤੋਰ ਲਈ, ਖਾਸ ਕਰ ਕੇ ਜੋ ਪੱਛੜੀਆਂ ਸ਼੍ਰੇਣੀਆਂ ਵਿਚੋਂ ਹੋਵੇ। ਮੈਂ ਕਨੌੜੀਆ ਨੂੰ ਦੱਸਿਆ ਕਿ ਜੇ ਸਬੰਧਤ ਅਧਿਕਾਰੀ ਅਹਿਮ ਪੁਜ਼ੀਸ਼ਨ ਰੱਖਦਾ ਹੋਵੇ, ਬਹਾਦਰੀ ਵਾਲੇ ਕੰਮਾਂ ਵਿਚ ਸ਼ਾਮਲ ਹੋਵੇ ਅਤੇ ਗੁਜਰਾਤ ਬਨਾਮ ਸੁਰੱਖਿਆ ਨਾਲ ਉਸ ਦਾ ਕੋਈ ਨਾ ਕੋਈ ਲਾਗਾ-ਦੇਗਾ ਹੋਵੇ ਤਾਂ ਇਸ ਦਾ ਫਾਇਦਾ ਹੋਵੇਗਾ।
ਆਖਰੀ ਸਤਰ ਦੇ ਮਨਭਾਉਂਦੇ ਨਤੀਜੇ ਨਿੱਕਲੇ। ‘ਤੁਹਾਨੂੰ ਸਿੰਘਲ ਨੂੰ ਮਿਲਣਾ ਚਾਹੀਦਾ ਹੈ। ਸਾਡੇ ਸਭ ਤੋਂ ਉਮਦਾ ਅਧਿਕਾਰੀ, ਜਿਸ ਨੇ ਬਹੁਤ ਸਾਰੇ ਦਹਿਸ਼ਤਗਰਦ ਮਾਰ ਮੁਕਾਏ।’ ਮੈਂ ਆਪਣਾ ਉਤਸ਼ਾਹ ਲੁਕਾਉਣ ਦੀ ਵਾਹ ਲਾਈ ਅਤੇ ਉਸ ਦਾ ਨਾਂ ਨੋਟ ਕਰ ਲਿਆ, ਜਿਵੇਂ ਕਿਤੇ ਮੈਂ ਉਸ ਦਾ ਨਾਂ ਪਹਿਲੀ ਦਫਾ ਸੁਣ ਰਹੀ ਹੋਵਾਂ।
“ਅੱਛਾ ਸਰ, ਇਹ ਅਧਿਕਾਰੀ ਸਿੰਘਲ ਜੀ ਕੀ ਕਰਦੇ ਹਨ, ਉਹ ਕਿਥੇ ਨੌਕਰੀ ਕਰਦੇ ਹਨ?” ਮੈਂ ਉਸ ਨੂੰ ਭੋਲੇਪਣ ਨਾਲ ਪੁੱਛਿਆ। ਆਪਣੇ ਫਿਲਮੀ ਦੋਸਤਾਂ ਤੋਂ ਮੈਨੂੰ ਇਹੀ ਕੁਝ ਤਾਂ ਚਾਹੀਦਾ ਸੀ- ਇਕ ਪੈਰ-ਧਰਾਵਾ, ਇਕ ਹਵਾਲਾ ਜਿਸ ਨਾਲ ਅਫਸਰਾਂ ਨੂੰ ਸ਼ੱਕ ਨਾ ਹੋਵੇ। ਆਖਰੀ ਬੰਦਾ ਜਿਸ ਨੂੰ ਲੈ ਕੇ ਸਿੰਘਲ ਸ਼ੱਕ ਕਰੇਗਾ, ਉਹ ਫਿਲਮਸਾਜ਼ ਹੋਵੇਗੀ ਜਿਸ ਦੀ ਸਿਫਾਰਸ਼ ਚੋਟੀ ਦੇ ਖੇਤਰੀ ਫਿਲਮਸਾਜ਼ਾਂ ਵਿਚੋਂ ਇਕ ਵਲੋਂ ਕੀਤੀ ਗਈ ਹੋਵੇਗੀ। ਤਕਰੀਬਨ ਇਸੇ ਵਕਤ, ਅਹਿਮਦਾਬਾਦ ਵਿਚਲੇ ਮੇਰੇ ਸਰੋਤ (ਜਿਸ ਨੂੰ ਮੈਂ ਆਪਣੀ ਜ਼ਰੂਰਤ ਦੱਸੀ ਸੀ ਕਿ ਮੈਨੂੰ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ) ਨੇ ਮੈਨੂੰ ਇਕ ਹੋਰ ਈ-ਮੇਲ ਭੇਜੀ। ਇਸ ਵਿਚ ਸ਼ਹਿਰ ਦੇ ਬਹੁਤ ਹਰਮਨਪਿਆਰੇ ਔਰਤ ਰੋਗਾਂ ਦੇ ਮਾਹਿਰ ਦੇ ਵੇਰਵੇ ਦਿੱਤੇ ਗਏ ਸਨ ਜੋ ਬੇਪਛਾਣ ਰਹੇਗਾ।
(ਚਲਦਾ)