ਰਾਜੇ ਸ਼ੀਂਹ ਮੁਕੱਦਮ ਕੁੱਤੇ…

ਜੱਗੀ ਕੁੱਸਾ
1977 ਦੀ ਗੱਲ ਹੈ। ਨਕਸਲੀ ਲਹਿਰ ਜ਼ੋਰਾਂ ‘ਤੇ ਸੀ। ਨਕਸਲੀਆਂ ਦੀਆਂ ਗ੍ਰਿਫਤਾਰੀਆਂ ਅਤੇ ਝੂਠੇ-ਸੱਚੇ ਮੁਕਾਬਲੇ ਧੜਾ-ਧੜ ਹੋ ਰਹੇ ਸਨ। ਪੁੱਛ-ਗਿੱਛ ਦੇ ਨਾਂ ‘ਤੇ ਤਸੱæਦਦ ਕੀਤਾ ਜਾਂਦਾ। ਉਨ੍ਹੀਂ ਦਿਨੀਂ ਇਕ ‘ਰਗੜਾ’ ਤਾਂ ਕਰੀਬ ਹਰ ਕਾਲਜੀਏਟ ਨੂੰ ਲੱਗ ਚੁੱਕਾ ਸੀ। ‘ਘੋਟਣੇ’ ਦੀ ਤਕਨੀਕ ਪੁਲਿਸ ਨੇ ਉਦੋਂ ਹੀ ਸ਼ੁਰੂ ਕੀਤੀ ਸੀ।

ਅਜੇ ਸਵੇਰ ਦੇ ਚਾਰ ਹੀ ਵਜੇ ਸਨ। ਤੇਜਾ ਮੰਜੇ ‘ਤੇ ਪਿਆ ਪਲਸੇਟੇ ਮਾਰ ਰਿਹਾ ਸੀ। ਖੈਰ! ਫਿਰ ਪਤਾ ਨਹੀਂ ਉਹ ਕਦੋਂ ਸੌਂ ਗਿਆ। ਸੱਤ ਕੁ ਵਜੇ ਤੇਜੇ ਦੀ ਅੱਖ ਉਨ੍ਹਾਂ ਦੇ ਘਰ ਅੱਗੇ ਰੁਕੀ ਪੁਲਿਸ ਦੀ ਜੀਪ ਦੇ ਖੜਕੇ ਨਾਲ ਖੁੱਲ੍ਹੀ। ਅਚਾਨਕ ਤੇਜੇ ਕਾ ਦਰਵਾਜਾ ਖੜਕਿਆ।
“ਵੇ ਕੌਣ ਐਂ?” ਮਧਾਣੀ ਰੋਕ ਕੇ ਤੇਜੇ ਦੀ ਮਾਂ ਨੇ ਪੁੱਛਿਆ।
“ਬਾਰ ਤਾਂ ਖੋਲ੍ਹੋ-ਹੁਣੇ ਪਤਾ ਲੱਗ ਜਾਊ!” ਕਿਸੇ ਸਿਪਾਹੀ ਦੀ ਸਰਕਾਰੀ ਰੋਅਬ ਵਾਲੀ ਘਰੋੜਵੀਂ ਆਵਾਜ਼ ਸੀ।
ਮਾਂ ਨੇ ਦਰਵਾਜਾ ਖੋਲ੍ਹਿਆ। ਚਾਰ ਸਿਪਾਹੀ ਅਤੇ ਹੌਲਦਾਰ ਡਾਂਗਾਂ ਖੜਕਾਉਂਦੇ ਅੰਦਰ ਆ ਗਏ। ਤੇਜੇ ਨੂੰ ਇੰਨਾ ਕਹਿ ਕੇ ਗ੍ਰਿਫਤਾਰ ਕਰ ਲਿਆ ਕਿ ਕੱਲ੍ਹ ਨੂੰ ਸਾਹਿਬ ਨੇ ਆਉਣੈਂ ਤੇ ਤੇਰੇ ਨਾਲ ਕੋਈ ਜ਼ਰੂਰੀ ਗੱਲਬਾਤ ਕਰਨੀ ਐ! ਸ਼ਾਇਦ ਉਨ੍ਹਾਂ ਦਾ ਇਸ਼ਾਰਾ ਡੀæਐਸ਼ਪੀæ ਵੱਲ ਸੀ। ਤੇਜਾ ਮੋਗੇ ਦੇ ਡੀæਐਮæ ਕਾਲਜ ਦਾ ਵਿਦਿਆਰਥੀ ਸੀ ਅਤੇ ਉਸ ਦੇ ਸਬੰਧ ਨਕਸਲੀਆਂ ਨਾਲ ਦੱਸੇ ਜਾਂਦੇ ਸਨ।
“ਵੇ ਭਾਈ! ਮੇਰੇ ਪੁੱਤ ਨੇ ਕੀਤਾ ਕੀ ਐ?” ਮਾਂ ਬੱਗੀ ਪੂਣੀ ਹੋਈ ਕੰਬੀ ਜਾ ਰਹੀ ਸੀ।
“ਬਥੇਰਾ ਕੁਛ ਕੀਤੈ ਮਾਈ!” ਹੌਲਦਾਰ ਬੋਲਿਆ।
“ਇਹ ਚਰਮਖ ਜੀ ਜਿੰਨਾ ਉਪਰ ਐ-ਉਨਾ ਈ ਧਰਤੀ ਹੇਠ ਐ।” ਇਕ ਸਿਪਾਹੀ ਨੇ ਮੱਥਾ ਕਸਦਿਆਂ ਮੁੱਛ ਨੂੰ ਵੱਟ ਚਾੜ੍ਹਦਿਆਂ ਕਿਹਾ।
“ਇਹਨੂੰ ਪੁਲਿਸ ਵਿਰੁਧ ਲਿਖਣ ਦਾ ਹਲਕ ਉਠਦੈ!” ਤੀਜਾ ਅਸਲੀਅਤ ਦੱਸਣੋਂ ਨਾ ਰਹਿ ਸਕਿਆ। ਤੇਜਾ ਕਦੇ-ਕਦੇ ਪੁਲਿਸ ਦੀਆਂ ਕਰਤੂਤਾਂ ਅਖਬਾਰਾਂ ਵਿਚ ਝਰੀਟ ਦਿੰਦਾ ਸੀ।
“ਇਹ ਲਿਖਾਰੀ ਜੇ ਤਾਂ ਪੁਲਿਸ ਨੂੰ ਲੇਡੀ ਸੈਕਲ ਈ ਸਮਝਦੇ ਐ-ਬਈ ਜਿੱਧਰ ਨੂੰ ਦਿਲ ਕੀਤਾ-ਲੱਤ ਦੇ ਲਈ।” ਆਖ ਸਿਪਾਹੀ ਨੇ ਤੇਜੇ ਨੂੰ ਹੱਥਕੜੀ ਲਾ ਜੀਪ ਵਿਚ ਬਿਠਾ ਲਿਆ ਤੇ ਜੀਪ ਤੁਰ ਪਈ। ਹੱਡਾਂ-ਰੋੜੀ ਵਾਲਾ ਮੋੜ ਮੁੜ ਕੇ ਜੀਪ ਸੜਕੇ ਪੈ ਗਈ। ਸੜਕ ‘ਤੇ ਤੁਰੇ ਆ ਰਹੇ ਇਕ ਅਮਲੀ ਨੇ ਪੁਲਿਸ ਦੀ ਜੀਪ ਤੱਕ ਕੇ ਟਲਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸੜਕੋਂ ਉਤਰ ਕੇ ਖੇਤਾਂ ਵਿਚ ਨੂੰ ਸਿੱਧਾ ਹੋ ਗਿਆ।
“ਉਰ੍ਹੇ ਆ ਉਏ ਧੀ ਦੇਣਿਆ!” ਜੀਪ ਰੁਕਵਾ ਕੇ ਹੌਲਦਾਰ ਨੇ ਕੋਰੜਾ ਛੰਦ ਪੜ੍ਹਿਆ। ਅਮਲੀ ਕੂੰਗੜ ਕੇ ਪਾਈਏ ਕੁ ਦਾ ਰਹਿ ਗਿਆ। ਬੁੱਲ੍ਹ ਸੁੱਕ ਗਏ ਅਤੇ ਧੌਣ ਕੱਛੂਕੁੰਮੇ ਵਾਂਗ ਕੋਟੀ ਵਿਚ ਵੜ ਗਈ।
“ਸਾਨੂੰ ਦੇਖ ਕੇ ਕਿੱਧਰ ਨੂੰ ਰੇਬੀਏ ਪੈ ਚੱਲਿਆ ਸੀ ਉਏ ਮਾਂ ਦਿਆ ਖਸਮਾ?” ਜੀਪ ‘ਚੋਂ ਉਤਰ ਕੇ ਸਿਪਾਹੀ ਨੇ ਅਮਲੀ ਦੇ ਥੱਪੜ ਜਾ ਮਾਰਿਆ।
“ਜੀ ਜੰਗਲ ਪਾਣੀ ਚੱਲਿਆ ਸਾਂ।” ਅਮਲੀ ਦਾ ਚਿਹਰਾ ਪੀਲਾ ਪੈ ਗਿਆ।
“ਤੇ ਆਇਆ ਕਿੱਥੋਂ ਐਂ?”
“ਮਾਈ ਬਾਪ! ਛੋਟੀ ਭਰਜਾਈ ਨੂੰ ਪੰਜੀਰੀ ਦੇ ਕੇ ਆਇਆਂ।”
“ਬੱਲੇ ਓਏ!” ਇਕ ਸਿਪਾਹੀ ਦੇ ‘ਭਰਜਾਈ’ ਦੇ ਨਾਂ ਨੂੰ ਕੁਤਕੁਤੀਆਂ ਨਿਕਲੀਆਂ।
“ਚੁੱਲ੍ਹੇ ‘ਚ ਝੋਕਾ ਲਾਉਣ ਦਾ ਸ਼ੌਕੀਨ ਵੀ ਲੱਗਦੈ!” ਇਕ ਸਿਪਾਹੀ ਹੌਲਦਾਰ ਦੀਆਂ ਅੱਖਾਂ ਵਿਚ ਹੱਸਿਆ।
“ਹੈ ਭਰਜਾਈ ਨਾਲ ਕੋਈ ਅਟੀ ਸਟੀ?”
“ਮਾਈ ਬਾਪ ਆਹ ਗੱਲ ਨਾ ਆਖੋ! ਇੱਕੋ ਇੱਕ ਮੇਰਾ ਭਾਈ ਸੀæææਬਿਚਾਰਾ ਗੁਜਰ ਗਿਆ। ਆਹ ਮਸਾਂ ਪਰਮਾਤਮਾ ਨੇ ਉਹਦੇ ਮਰਨ ਮਗਰੋਂ ਖੁਸ਼ੀ ਦਿੱਤੀ ਐ, ਮਹੀਨੇ ਬਾਅਦ। ਨਾਲੇ ਮਾਪਿਓ ਉਹ ਤਾਂ ਬਿਚਾਰੀ ਮੇਰੀ ਧੀਆਂ ਅਰਗੀ ਐ।” ਅਮਲੀ ਡੁਸਕ ਪਿਆ।
“ਸਾਲਾ ਖੇਖਣ ਕਿਵੇਂ ਕਰਦੈ? ਪੰਜੀਰੀਆਂ ਦੇ-ਦੇ ਆਉਂਦੈ, ਦੁੱਧ ਧੋਤਾ ਇਹ ਵੀ ਨ੍ਹੀਂ!”
“ਇਹਨੂੰ ਜੀਪ ‘ਚ ਲੱਦੋ! ਠਾਣੇ ‘ਚ ਈ ਕਰਾਂਗੇ ਇਹਦੇ ਭਤੀਜੇ ਦੀ ਪਾਰਟੀ।” ਅਮਲੀ ਨੂੰ ਕਸਾਈਆਂ ਨੂੰ ਵੇਚੀ ਮੱਝ ਵਾਂਗ ਫੜ ਕੇ ਜੀਪ ਵਿਚ ਚਾੜ੍ਹ ਲਿਆ।
ਜੀਪ ਅਜੇ ਬੌਡੇ ਟੱਪੀ ਹੀ ਸੀ ਕਿ ਸਾਹਮਣਿਓਂ ਸ਼ਹਿਰ ਵੱਲੋਂ ਸਵਾਰੀਆਂ ਨਾਲ ਭਰਿਆ ਟੈਂਪੂ ਆ ਰਿਹਾ ਸੀ। ਹੌਲਦਾਰ ਨੇ ਹੱਥ ਦੇ ਕੇ ਰੋਕ ਲਿਆ।
“ਇਹ ਕਿਵੇਂ ਗੰਨਿਆਂ ਮਾਂਗੂੰ ਲੱਦਿਆ ਉਏ?” ਉਸ ਨੇ ਸਵਾਰੀਆਂ ਵੱਲ ਉਂਗਲ ਕਰ ਕੇ ਕਿਹਾ।
“ਥੋਨੂੰ ਕਿਸੇ ਮਾਂ ਚੋæææ ਦਾ ਡਰ ਈ ਨ੍ਹੀਂ?”
“ਕਾਨੂੰਨ ਨੂੰ ਤਾਂ ਧੱਕੀ ਜਾਂਦੇ ਐæææਜਿੱਥੋਂ ਨਿਕਲਿਐ!” ਦੂਜੇ ਸਿਪਾਹੀ ਨੇ ਹਿਲਦਾ ਕਿੱਲਾ ਠੋਕਿਆ।
“ਐਹੋ ਜੇ ਕੰਜਰ ਨੂੰ ਤਾਂ ਫੜ ਕੇ ਸਿੱਟਿਆ ਹੋਵੇ ਹਵਾਲਾਤ ‘ਚ ਤੇ ਹਫਤਾ ਬਾਹਰਲੀ ਹਵਾ ਈ ਨਾ ਲੁਆਵੇ! ਫੇਰ ਐਹੋ ਜਿਆਂ ਦੀ ਸੁਰਤ ਟਿਕਾਣੇ ਆਉਂਦੀ ਐ!” ਤੀਜੇ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ। ਪਰ ਟੈਂਪੂ ਵਾਲਾ ਵੀ ਸੱਤਾਂ ਪੱਤਣਾਂ ਦਾ ਤਾਰੂ ਸੀ। ਉਹਦਾ ਹਰ ਰੋਜ਼ ਪੁਲਿਸ ਨਾਲ ਵਾਹ ਪੈਂਦਾ ਸੀ। ਉਸ ਨੇ ਸਿਪਾਹੀ ਨੂੰ ਚੋਰ ਅੱਖ ਮਾਰੀ।
“ਤੁਸੀਂ ਇਕ ਆਰੀ ਮੇਰੇ ਕਾਗਤ ਪੱਤਰ ਤਾਂ ਚੈਕ ਕਰ ਲਵੋ, ਜੇ ਗਲਤ ਹੋਏ-ਚਾਹੇ ਫਾਹੇ ਲਾ ਦਿਓ!” ਤੇ ਉਹ ਖੰਘਦਾ ਜਿਹਾ ਸਿਪਾਹੀ ਨੂੰ ਇਕ ਪਾਸੇ ਲੈ ਗਿਆ। ਕੁਝ ਪਲਾਂ ਵਿਚ ਹੀ ਉਹ ਕੋਈ ‘ਘੁਸਰ-ਮੁਸਰ’ ਜਿਹੀ ਕਰਕੇ ਵਾਪਸ ਆ ਗਏ। ‘ਕਾਰਵਾਈ’ ਹੋ ਚੁੱਕੀ ਸੀ।
“ਚਲੋ ਜੀ! ਇਹਨੇ ਅੱਜ ਮੁਆਫੀ ਮੰਗ ਲਈ ਤੇ ਕਹਿੰਦਾ ਅੱਗੇ ਤੋਂ ਐਹੋ ਜੀ ਗਲਤੀ ਨ੍ਹੀਂ ਕਰਦਾ ਤੇ ਬਾਕੀ ਇਹਦਾ ਕਾਗਜ਼ ਪੱਤਰ ਸਭ ਠੀਕ ਐ।” ਸਿਪਾਹੀ ਨੇ ਹੌਲਦਾਰ ਵੱਲ ਵਿਸ਼ੇਸ਼ ਨਜ਼ਰ ਨਾਲ ਤੱਕ ਕੇ “ਸਭ ਠੀਕ ਐ” ‘ਤੇ ਕਾਫੀ ਜ਼ੋਰ ਲਾ ਦਿੱਤਾ ਸੀ।
ਚੱਲ ਭੱਜ ਏਥੋਂæææਮੁੜ ਕੇ ਗਲਤੀ ਨਾ ਕਰੀਂ। ਨਹੀਂ ਸਾਲਿਆ ਮਾਰ ਮਾਰ ਰੈਂਗੜੇ ਪੱਸਲੀਆਂ ‘ਚ ਚਿੱਬ ਪਾ ਦਿਆਂਗੇ!” ਹੌਲਦਾਰ ਜੀਪ ‘ਚ ਬੈਠ ਗਿਆ। ਟੈਂਪੂ ਤੁਰ ਗਿਆ। ਸ਼ਾਇਦ ਟੈਂਪੂ ਵਾਲਾ ‘ਅੱਛਾ ਜੀ’ ਕਹਿਣਾ ਵੀ ਹੁਣ ਤਕਲੀਫ ਮੰਨਦਾ ਸੀ।
ਫੋਕਲ ਪੁਆਇੰਟ ਕੋਲੋਂ ਦੀ ਜੀਪ ਗੁਜ਼ਰਨ ਲੱਗੀ ਤਾਂ ਉਥੇ ਲੋਕਾਂ ਦਾ ਕਾਫੀ ਇਕੱਠ ਸੀ। ਦੋ ਆਦਮੀ ਛਿੱਤਰੋ-ਛਿੱਤਰੀ ਹੋ ਰਹੇ ਸਨ। ਲੜਨ ਵਾਲਿਆਂ ਵਿਚ ਇਕ ਸੋਫੀ ਅਤੇ ਦੂਜੇ ਦੀ ਸਵੇਰੇ ਹੀ ਪੀਤੀ ਹੋਈ ਸੀ। ਪੁਲਿਸ ਦੀ ਜੀਪ ਦੇਖ ਕੇ ਸੋਫੀ ਤਾਂ ਭੱਜ ਗਿਆ, ਪਰ ਸ਼ਰਾਬੀ ਨੂੰ ਦੋ ਸਿਪਾਹੀਆਂ ਨੇ ਗਲੋਂ ਜਾ ਫੜਿਆ। ਉਸ ਦੇ ਪੰਜ-ਸੱਤ ਘਸੁੰਨ ਮਾਰ ਕੇ ਪਟੜੇ ਵਾਂਗ ਜੀਪ ਵਿਚ ਲਿਆ ਸੁੱਟਿਆ। ਪੱਗ ਉਸ ਦੀ ਸਿਪਾਹੀਆਂ ਦੇ ਪੈਰਾਂ ਵਿਚ ਜਾ ਡਿੱਗੀ।
“ਕੀ ਇਨ੍ਹਾਂ ਨੇ ਗੰਦ ਪਾਇਐ! ਜਦੋਂ ਚਾਰ ਪੈਸੇ ਜੇਬ ‘ਚ ਆ ਜਾਂਦੇ ਐ, ਫੇਰ ਕੁੱਤੇ ਜੱਟ ਅਸਮਾਨ ਨੂੰ ਲੱਤਾਂ ਲਾਉਣ ਤੱਕ ਜਾਂਦੇ ਐ। ਸਾਨੂੰ ਸਾਹ ਕਿਹੜਾ ਲੈਣ ਦਿੰਦੇ ਐ? ਸੁੱਕਣੇ ਪਾ ਰੱਖਿਐ!” ਦੂਜੇ ਸਿਪਾਹੀ ਨੇ ਉਸ ਨੂੰ ਬੂਦਾਂ ਤੋਂ ਫੜ ਕੇ ਹਲੂਣਿਆ।
“ਸਹੁੰ ਮਹਾਰਾਜ ਦੀ ਜੀæææਮੇਰਾ ਤਾਂ ਕੋਈ ਕਸੂਰ ਈ ਨ੍ਹੀ!” ਸ਼ਰਾਬੀ ਨੇ ਲੇਲ੍ਹੜੀ ਕੱਢੀ ਤੇ ਸਿਪਾਹੀਆਂ ਦੇ ਪੈਰਾਂ ਵਿਚ ਪੱਬਾਂ ਭਾਰ ਹੋ ਕੇ ਬੈਠ ਗਿਆ।
“ਮੇਰੇ ਸਹੁਰੇ ਸਹੁੰ ਖਾਣ ਲੱਗੇ ਤਾਂ ਮਿੰਟ ਨ੍ਹੀ ਲਾਉਂਦੇ? ਜਿਵੇਂ ਰੱਬ ਇਨ੍ਹਾਂ ਦਾ ਬਾਪੂ ਹੁੰਦੈ!” ਇਕ ਨੇ ਕਚੀਚੀ ਵੱਟ ਕੇ ਉਸ ਦੇ ਚਪੇੜ ਮਾਰੀ।
“ਉਏ ਰੱਬ ਈ ਸਿਆਣੈਂ, ਜਿਹੜਾ ਜੱਟਾਂ ਤੋਂ ਲੁਕ ਛਿਪ ਕੇ ਰਹਿੰਦੈ, ਨਹੀਂ ਤਾਂ ਬੂਝੜ ਜੱਟ ਪੀ ਕੇ ਲਾਹਣ ਰੱਬ ਦੇ ਈ ਧਲ੍ਹਿਆਰਾ ਕਿਉਂ ਨਾ ਪਾ ਲੈਣ?” ਸਾਰੇ ਸਿਪਾਹੀ ਬੁੱਚੜਾਂ ਵਾਂਗ ਹੱਸੇ।
ਨੌਂ ਕੁ ਵਜੇ ਜੀਪ ਠਾਣੇ ਆ ਰੁਕੀ। ‘ਸਾਹਿਬ’ ਦਾ ਮਹਿਮਾਨ ਹੋਣ ਕਰਕੇ ਤੇਜੇ ਨੂੰ ਤਾਂ ਬੈਠਣ ਵਾਸਤੇ ਮੰਜਾ ਮਿਲ ਗਿਆ। ਤੇਜਾ ਮੰਜੇ ਉਪਰ ਬੈਠ ਗਿਆ। ਪਰ ਤੇਜੇ ਦੇ ਨਾਲ ਹੀ ਜਦ ਬੋਚ ਕੇ ਸ਼ਰਾਬੀ ਬੈਠਣ ਲੱਗਿਆ ਤਾਂ ਸਿਪਾਹੀ ਦਾ ‘ਠਾਹ’ ਕਰਦਾ ਥੱਪੜ ਉਸ ਦੇ ਮੂੰਹ ‘ਤੇ ਆ ਪਿਆ।
“ਭੈਣ ਦਿਆ ਲੱਕੜਾ! ਇੱਥੇ ਰੋਪਨਾ ‘ਤੇ ਆਇਐਂ?”
“ਆਥਣ ਹੋ ਲੈਣ ਦੇæææਵਿਛਾਉਨੇ ਐਂ ਤੇਰੇ ਥੱਲੇ ਪੱਟ ਦੀ ਕੱਢੀ ਚਾਦਰ!” ਦੂਜਾ ਸਿਪਾਹੀ ਬੋਲਿਆ। ਸ਼ਰਾਬੀ ਥੱਲੇ ਬੈਠ ਕੇ ਰੋਣ ਲੱਗ ਪਿਆ। ਸਿਪਾਹੀਆਂ ਦੇ ‘ਮਸਾਲਿਆਂ’ ਨੇ ਉਸ ਨੂੰ ਪਰਾਲ ਕਰ ਦਿੱਤਾ ਸੀ।
“ਕੋਈ ਨਾ ਜੁਆਨਾ, ਦਿਲ ਰੱਖੀਦੈ! ਪਸ਼ੂ ਦੀ ਮੋਕ ਦਾ ਤੇ ਗੋਰਮਿਲਟ ਦੇ ਘੂਰੇ ਦਾ ਮਸੋਸ ਨ੍ਹੀ ਕਰੀਦਾ ਹੁੰਦਾ।” ਅਮਲੀ ਨੇ ਸ਼ਰਾਬੀ ਨੂੰ ਧਰਵਾਸਾ ਦਿੱਤਾ।
“ਬਾਈ, ਇਨ੍ਹਾਂ ਨੂੰ ਕਹਿ ਮੇਰੇ ‘ਤੇ ਰਹਿਮ ਕਰਨ। ਕਸੂਰ ਤਾਂ ਮੈਂ ਕੋਈ ਕੀਤਾ ਨ੍ਹੀਂ!” ਸ਼ਰਾਬੀ ਨੇ ਮੰਜੇ ‘ਤੇ ਬੈਠੇ ਤੇਜੇ ਦੀ ਮਿੰਨਤ ਕੀਤੀ।
“ਮੈਂ ਤਾਂ ਭਰਾਵਾ ਆਪ ਤੇਰੇ ਅਰਗੈਂ!” ਤੇਜੇ ਨੇ ਸੱਚੀ ਗੱਲ ਦੱਸੀ। ਪਰ ਉਸ ਨੂੰ ਤੇਜੇ ਦੀ ਸੰਖੇਪ ਗੱਲ ‘ਤੇ ਸ਼ਾਇਦ ਇਤਬਾਰ ਨਹੀਂ ਸੀ ਆਇਆ।
“ਜੁਆਨਾ, ਖੂਹ ‘ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ? ਤੱਤਾ-ਠੰਢਾ ਤਾਂ ਇਨ੍ਹਾਂ ਨੇ ਤੈਨੂੰ ਪਾਉਣਾ ਈ ਪਾਉਣੈਂæææਬਾਹਲੀ ਬਹੁੜ੍ਹੀ ਦੁਹਾਈ ਨਾ ਕਰ। ਜਿਹੜੀਆਂ ਪੰਜ-ਸੱਤ ਮਾਰਨਗੇ, ਰਾਮ ਰਾਮ ਕਰਕੇ ਖਾ’ਲੀਂ! ਜੇ ਬਾਹਲਾ ਬੂ-ਕਲਾਪ ਕੀਤਾ, ਹੋਰ ਵੰਝ ਖੜ੍ਹਾ ਕਰਨਗੇ!”
ਸ਼ਰਾਬੀ ਦੇ ਹੌਲ ਪੈ ਗਿਆ।
“ਜੇ ਸੌ-ਪੰਜਾਹ ਜੇਬ ‘ਚ ਹੈ ਤਾਂ ਦੇ ਕੇ ਖਹਿੜ੍ਹਾ ਛੁਡਾ-ਜੇ ਮੇਰੇ ਅਰਗਾ ਖਾਖੀ ਨੰਗ ਐਂ-ਫੇਰ ਆਥਣ ਦੀ ‘ਡੀਕ ਕਰ ਸੰਦ-ਬਲੇਮਾਂ ਇਨ੍ਹਾਂ ਦਾ ਤਿਆਰ ਈ ਹੋਣੈਂ!”
ਸ਼ਾਮ ਹੋਈ। ਸ਼ਰਾਬੀ ਅਤੇ ਅਮਲੀ ਕੰਬੀ ਜਾ ਰਹੇ ਸਨ। ਨਸ਼ੇ ਦੋਹਾਂ ਦੇ ਹੀ ਟੁੱਟੇ ਹੋਏ ਸਨ। ਬਾਕੀ ਭਿਆਨਕ ਰਾਤ ਉਨ੍ਹਾਂ ਦੇ ਸਿਰ ‘ਤੇ ਸੀ। ਪਰ ਅਚਾਨਕ ਨਾਲ ਦੇ ਪਿੰਡ ਕਤਲ ਹੋਣ ਦੀ ਰਿਪੋਰਟ ਮਿਲੀ। ਸਾਰੇ ਪੁਲਿਸ ਮੁਲਾਜ਼ਮਾਂ ਨੂੰ ਉਥੇ ਜਾਣਾ ਪਿਆ। ਸ਼ਰਾਬੀ ਅਤੇ ਅਮਲੀ ਨੇ ਸੁਖ ਦਾ ਸਾਹ ਲਿਆ ਕਿ ਚਲੋ ਅੱਜ ਦੀ ਰਾਤ ਤਾਂ ਸੌਖੀ ਲੰਘੇਗੀ?
ਰਾਤ ਪਈ। ਸ਼ਰਾਬੀ ਅਤੇ ਅਮਲੀ ਨੂੰ ਹਵਾਲਾਤ ਵਿਚ ਤਾੜ ਦਿੱਤਾ ਗਿਆ। ਸਵੇਰੇ ਮੁਣਸ਼ੀ ਦੇ ਚੀਕ-ਚਿਹਾੜੇ ਨੇ ਤੇਜੇ ਦੀ ਅੱਖ ਖੋਲ੍ਹੀ। ਮੁਣਸ਼ੀ ਤੜਕੇ-ਤੜਕੇ ਕਿਸੇ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ। ਕੋਈ ਡੋਡਿਆਂ ਵਾਲੀ ਬੋਰੀ ਦੀ ਕੰਨੀ ਵੱਢ ਕੇ, ਡੋਡੇ ਕੱਢ ਕੇ ਲੈ ਗਿਆ ਸੀ।
“ਕਿਤੇ ਤੂੰ ਤਾਂ ਨ੍ਹੀ ਲੁੱਚਪੁਣਾ ਕੀਤਾ ਉਏ?” ਮੁਣਸ਼ੀ ਨੇ ਅਮਲੀ ਵੱਲ ਮੂੰਹ ਕਰਕੇ ਪੁੱਛਿਆ। ਅਮਲੀ ਦੀਆਂ ਅੱਖਾਂ ਡੁੱਬ ਗਈਆਂ। ਮੁਣਸ਼ੀ ਦੀਆਂ ਜਾਭਾਂ ਫਰਕ ਰਹੀਆਂ ਸਨ।
“ਮਾਈ ਬਾਪ! ਅਸੀਂ ਸਰਕਾਰ ਦੇ ਘਰੇ ਆ ਕੇ ਚੋਰੀ ਕਰਨ ਦੀ ਜੁਅਰਤ ਕਰ ਸਕਦੇ ਆਂ?” ਅਮਲੀ ਨੇ ਅੱਗਿਓਂ ਸੁਆਲ ਕੀਤਾ।
“ਕਿਤੇ ਆਹ ਤਾਂ ਨ੍ਹੀ ਹੱਥ ਮਾਰ ਗਿਆ?” ਮੁਣਸ਼ੀ ਦੀ ਉਂਗਲ ਤੇਜੇ ਵੱਲ ਸੀ।
“ਉਏ ਬਲੱਜ ਸਿਆਂ! ਕੋਈ ਬੰਦਾ ਕੁਬੰਦਾ ਵੀ ਦੇਖ ਲਿਆ ਕਰ! ਕਿਉਂ ਸਾਰਿਆਂ ਨੂੰ ਇੱਕੋ ਰੱਸੇ ਨਰੜਦੈਂ? ਡੋਡੇ ਤਾਂ ਰਾਤ ਜਾਣ ਲੱਗਿਆ ਪੰਡਿਤ ਕੱਢ ਕੇ ਲੈ ਗਿਆ ਸੀ!” ਹੌਲਦਾਰ ਨੇ ਮੁਣਸ਼ੀ ਨੂੰ ਠੰਢਾ ਕੀਤਾ। ਸਾਰੇ ਪੁਲਸੀਏ ਮੁਣਸ਼ੀ ਨੂੰ ‘ਗੜਗੱਜ ਸਿੰਘ’ ਦੀ ਥਾਂ ‘ਬਲੱਜ ਸਿੰਘ’ ਹੀ ਕਹਿੰਦੇ ਸਨ।
“ਕੁੱਤੇ ਬਾਹਮਣ ਨੂੰ ਵੀਹ ਵਾਰੀ ਕਿਹੈ ਬਈ ਦੱਸ ਕੇ ਜਾਇਆ ਕਰ-ਵਾਧੂ ਕਿਸੇ ਹਵਾਲਾਟੀਏ ਦੀ ਜਾਹ ਜਾਂਦੀ ਕਰਵਾਊ!” ਅੱਕਿਆ ਮੁਣਸ਼ੀ ਆਪਣੀ ਸੰਦੂਕੜੀ ਜਿਹੀ ਕੋਲ ਜਾ ਕੇ ਢੇਰੀ ਜਿਹਾ ਹੋ ਗਿਆ।
ਧੁੱਪ ਚੜ੍ਹੀ। ਸਾਰੇ ਸਿਪਾਹੀ ਧੁੱਪ ਸੇਕ ਰਹੇ ਸਨ। ਠਾਣੇਦਾਰ ਅੱਧੇ ਦਿਨ ਦੀ ਛੁੱਟੀ ‘ਤੇ ਸੀ। ਮੁਣਸ਼ੀ ਦਫਤਰ ਵਿਚ ਬੈਠਾ ਕੁਝ ਲਿਸਟਾਂ ਜਿਹੀਆਂ ਤਿਆਰ ਕਰ ਰਿਹਾ ਸੀ। ਅਚਾਨਕ ਇਕ ਮੁੱਛ-ਫੁੱਟ ਚੋਬਰ ਠਾਣੇ ਪਹੁੰਚ ਗਿਆ। ਉਸ ਨੇ ਪਹਿਰਾ ਦੇ ਰਹੇ ਸੰਤਰੀ ਨਾਲ ਕੋਈ ‘ਗਿੱਟ-ਮਿੱਟ’ ਕੀਤੀ। ਗੁੱਝੀ ਗੱਲ ਸਮਝਾਈ।
ਅਸਲ ਵਿਚ ਉਹ ਮੁੱਛ ਫੁੱਟ ਚੋਬਰ ਕਿਸੇ ਗਰੀਬ ਹਰੀਜਨ ਦੀ ਲੜਕੀ ਛੇੜ ਕੇ ਆਇਆ ਸੀ ਅਤੇ ਵਿਹੜੇ ਵਾਲਿਆਂ ਨੇ ਰੌਲਾ ਪਾ ਦਿੱਤਾ ਸੀ। ਅਮੀਰ ਘਰ ਦਾ ਮੁੰਡਾ ਹੋਣ ਕਰਕੇ ਉਸ ਨੂੰ ਵਿਹੜੇ ਵਾਲਿਆਂ ਦੀ ਤਾਂ ਪ੍ਰਵਾਹ ਨਹੀਂ ਸੀ। ਪਰ ਪੁਲਿਸ ਨੂੰ ‘ਬੰਨ੍ਹਣਾ’ ਉਹ ਆਪਣਾ ਪਹਿਲਾ ਫਰਜ਼ ਸਮਝਦਾ ਸੀ। ਸੰਤਰੀ ਨੇ ਸਾਰੀ ਗੱਲ ਮੁਣਸ਼ੀ ਨੂੰ ਦੱਸ ਕੇ ਉਨ੍ਹਾਂ ਦੀ ਸੰਧੀ ਕਰਵਾ ਦਿੱਤੀ। ਮੁਣਸ਼ੀ ਨੇ ਪੈਸੇ ਜੇਬ ਵਿਚ ਪਾਉਂਦਿਆਂ ਉਸ ਨੂੰ ਤਸੱਲੀ ਦਿੱਤੀ।
“ਤੂੰ ਬੇਫਿਕਰ ਹੋ ਕੇ ਘਰ ਨੂੰ ਜਾਹ-ਸਾਲੇ ਨੂੰ ਭੌਂਕਦਾ ਫਿਰਨ ਦੇਹ! ਤੇ ਜੇ ਚੀਂ ਫੀਂ ਕਰੇ, ਚਾਰ ਮਾਰੀਂ ਛਿੱਤਰ!”
ਚੋਬਰ ਚਲਾ ਗਿਆ। ਅੱਧੇ ਕੁ ਘੰਟੇ ਬਾਅਦ ਸ਼ਿਕਾਇਤ ਲੈ ਕੇ ਲੜਕੀ ਦਾ ਬਾਪ ਵੀ ਆ ਗਿਆ। ਪਰ ਸੰਤਰੀ ਨੇ ਉਸ ਨੂੰ ਠਾਣੇ ਅੰਦਰ ਪੈਰ ਹੀ ਨਾ ਪਾਉਣ ਦਿੱਤਾ। ਫਿਰ ਉਹ ਸਰਪੰਚ ਨੂੰ ਲੈ ਕੇ ਆਇਆ ਅਤੇ ਸਾਰੀ ਦਰਦ ਭਰੀ ਕਹਾਣੀ ਮੁਣਸ਼ੀ ਨੂੰ ਸੁਣਾਈ।
“ਪਹਿਲਾਂ ਆਬਦੀ ਕੁੜੀ ਦੇ ਲਗਾਮ ਨ੍ਹੀਂ ਪਾਈ ਜਾਂਦੀ? ਮੁਸ਼ਕੀ ਕੁੱਤੀ ਮਗਰ ਕੁੱਤੇ ਤਾਂ ਆਉਂਦੇ ਈ ਐ! ਅਸੀਂ ਕੀਹਦੀ ਕੀਹਦੀ ਰਾਖੀ ਕਰੀ ਚੱਲੀਏ? ਸਾਨੂੰ ਹੋਰ ਕੋਈ ਕੰਮ ਈ ਨੀ?” ਮੁਣਸ਼ੀ ਨੇ ਮੱਥੇ ਦੀਆਂ ਤਿਊੜੀਆਂ ਨੂੰ ਹੋਰ ਕੱਸਿਆ। ਭੂਸਲਾ ਚਿਹਰਾ ਹੋਰ ਸਖਤ ਹੋ ਗਿਆ।
“ਜੀ ਤੁਸੀਂ ਵਿਹੜੇ ਆਲਿਆਂ ਨੂੰ ਪੁੱਛ ਲਓ! ਪਹਿਲਾਂ ਉਹਨੇ ਮੇਰੀ ਲਟਕੀ ਨੂੰ ਛੇੜਿਆ-ਜਦੋਂ ਮੈਂ ਵਰਜਿਆ ਤਾਂ ਮੇਰੇ ਲਫੇੜੇ ਕੱਢ ਮਾਰੇ।” ਉਹ ਰੋ ਪਿਆ।
“ਤੇ ਤੇਰੀ ਕੁੜੀ ਕਿਧਰਲੀ ਆ ਗਈ ਸ਼ਰੀਫ? ਜਿਹੜੀ ਨਿੱਤ ਲੋਕਾਂ ਦੀਆਂ ਫਸਲਾਂ ਮਿੱਧਦੀ ਫਿਰਦੀ ਐ?” ਮੁਣਸ਼ੀ ਨੇ ਕਿਰਲੇ ਵਰਗੀਆਂ ਮੁੱਛਾਂ ਪਿੱਛੇ ਹਟਾ ਕੇ ਫੁੱਲਬਹਿਰੀ ਵਾਲੇ ਬੁੱਲ੍ਹਾਂ ‘ਤੇ ਜੀਭ ਫੇਰੀ। ਬਰਾਬਰ ਬੈਠਾ ਸਰਪੰਚ ਬੱਗੀਆਂ ਮੁੱਛਾਂ ਵਿਚੋਂ ਦੀ ਹੱਸ ਰਿਹਾ ਸੀ।
“ਜੀ ਤੁਸੀਂ ਲੋਕਾਂ ਨੂੰ ਪੁੱਛ ਲਓ!” ਉਸ ਨੇ ਦੁੱਧ ਵਰਗੀ ਸੱਚਾਈ ਜ਼ਾਹਰ ਕਰਨੀ ਚਾਹੀ।
“ਲੋਕਾਂ ਦੀ ਮਾਂ ਦੀæææ! ਲੋਕ ਤਾਂ ਮੁਕਲਾਵਾ ਦੇਣੇ ਕੁੱਤੇ ਐ-ਜਦੋਂ ਪਾਈਦੇ ਐ ਮੂਧੇ ਤਾਂ ਸੱਪ ਮਾਂਗੂੰ ਸਿੱਧੇ ਹੋ ਜਾਂਦੇ ਐ-ਉਏ ਮੁੰਡਿਓ! ਸਿੱਟੋ ਇਹਨੂੰ ਅੰਦਰ। ਰਾਤ ਨੂੰ ਕਰਾਂਗੇ ਇਹਦੇ ਨਾਲ ਗੱਲ! ਸਾਲਾ ਬਾਰਸੂਖ ਬੰਦਿਆਂ ‘ਤੇ ਦੂਸ਼ਣ ਲਾਉਂਦੈ-ਧੀ ਦੇਣੇ ਝੜੰਮ ਕਿੰਨੇ ਚਾਂਭਲੇ ਐ ਉਏ-ਗੱਪ ਮਾਰਨ ਲੱਗੇ ਤਾਂ ਸ਼ਰਮ ਈ ਨ੍ਹੀਂ ਕਰਦੇ!” ਸਿਪਾਹੀਆਂ ਨੇ ਫੜ ਕੇ ਉਸ ਨੂੰ ਅੰਦਰ ਦੇ ਦਿੱਤਾ।
ਸਰਪੰਚ ਮੁਣਸ਼ੀ ਨਾਲ ਗੱਲੀਂ ਲੱਗ ਗਿਆ। ਘੰਟੇ ਕੁ ਬਾਅਦ ਸਰਪੰਚ ਦੇ ਇਸ਼ਾਰੇ ‘ਤੇ ਉਸ ਨੂੰ ਬਾਹਰ ਕੱਢ ਲਿਆ ਅਤੇ ਸਰਪੰਚ ਉਸ ਨੂੰ ਇਕ ਪਾਸੇ ਲੈ ਗਿਆ। ਸਰਪੰਚ ਨੇ ਉਸ ਨੂੰ ਕੁਝ ਗੱਲਾਂ ਸਮਝਾਈਆਂ ਅਤੇ ਉਸ ਦੀ ਫਟੀ-ਪੁਰਾਣੀ, ਉਘੜ-ਦੁਘੜੀ ਪੱਗ ਦੇ ਲੜ ਨਾਲ ਬੰਨ੍ਹੇ ਕੁਝ ਨੋਟ ਲੈ ਕੇ ਮੁਣਸ਼ੀ ਨੂੰ ਦੇ ਦਿੱਤੇ।
“ਜਾਹ ਕਾਕੂ-ਘਰੇ ਜਾਹ! ਸਹੁਰਿਆ ਕੀ ਤੋਏ-ਤੋਏ ਕਰਵਾਈ ਐ? ਅਸੀਂ ਤਾਂ ਵੱਡੇ ਵੱਡੇ ਰੌਲੇ ਠੀਕ ਕਰਵਾ ਦੇਈਏ-ਤੇਰੀ ਤਾਂ ਐਵੇਂ ਰੌਲੀ ਜੀ ਸੀ। ਨਾਲੇ ਕੁੜੀ ਨੂੰ ਕਹੀਂ ਬਈ ਜੇ ਐਹੋ ਜਿਆ ਕੰਮ ਕਰਨਾ ਵੀ ਹੁੰਦੈ ਤਾਂ ਚੋਰੀ ਚਫੋਰੀ ਕਰਿਆ ਕਰੇ! ਉਹਨੇ ਤਾਂ ਸਹੁਰੀ ਨੇ ਊਂ-ਈਂ ਸ਼ਰਮ ਲਾਹ’ਤੀ। ਵਲਾਇਤ ਈ ਸਮਝ ਲਿਆ!” ਮੀਸਣਾ ਹਾਸਾ ਹੱਸਦਾ ਸਰਪੰਚ ਕਹਿ ਰਿਹਾ ਸੀ। ਉਸ ਦੀਆਂ ਝੂਠੀਆਂ ਅਤੇ ਅਸ਼ਲੀਲ ਗੱਲਾਂ ਤੁਰੇ ਜਾਂਦੇ ਕਾਕੂ ਮਜ੍ਹਬੀ ਦਾ ਕਾਲਜਾ ਪਾੜ ਰਹੀਆਂ ਸਨ। ਫਿਰ ਉਹ ਕੰਨਾਂ ‘ਤੇ ਹੱਥ ਧਰ ਕੇ ਚੀਕਦਾ, ਭੱਜ ਕੇ ਠਾਣੇ ਤੋਂ ਬਾਹਰ ਨਿਕਲ ਗਿਆ।