ਸੁਰਿੰਦਰ ਸੋਹਲ
ਹਵਾ ਬਹੁਤ ਠੰਢੀ ਵਗ ਰਹੀ ਸੀ, ਪਰ ਜਦੋਂ ਚਰਨਜੀਤ ਸੋਹਲ ਨੇ ਘੁੱਟ ਕੇ ਹੱਥ ਮਿਲਾ ਕੇ ਮਘਦੀ ਕਾਂਗੜੀ ਵਰਗੀ ਜੱਫੀ ਪਾਈ ਤਾਂ ਸਰੀਰ ਨਿੱਘਾ ਨਿੱਘਾ ਹੋ ਗਿਆ।
ਮੈਂ ਚਰਨਜੀਤ ਸੋਹਲ ਨੂੰ ਮਿਲਣਾ ਨਹੀਂ ਸਾਂ ਚਾਹੁੰਦਾ। ਉਸ ਨਾਲ ਮੇਰੀ ਕੋਈ ਸਾਂਝ ਵੀ ਨਹੀਂ ਸੀ। ਕਵੀ ਦੇ ਤੌਰ Ḕਤੇ ਉਸ ਦੀਆਂ ਕੁਝ ਨਜ਼ਮਾਂ ਪੜ੍ਹੀਆਂ ਸਨ। ਸ਼੍ਰੋਮਣੀ ਕਵੀ ਪ੍ਰਮਿੰਦਰਜੀਤ ਦੇ ਪਰਚੇ ḔਅੱਖਰḔ ਨਾਲ ਉਸ ਦੀ ਲੰਮੇਰੀ ਸਾਂਝ ਦੀ ਮੈਨੂੰ ਕੰਨਸੋਅ ਸੀ। ਉਸ ਦੀ ਕਾਵਿ-ਪੁਸਤਕ Ḕਕਾਮਰੇਡ ਦੇ ਆਉਣ ਤੱਕḔ ਪ੍ਰਕਾਸ਼ਿਤ ਹੋ ਚੁੱਕੀ ਸੀ। ਹੁਣ ਉਹ ਮੈਗਜ਼ੀਨ ḔਵਾਹਗਾḔ ਕੱਢ ਰਿਹਾ ਹੈ, ਜਿਸ ਦਾ ਚੰਦਾ ਵੀ ਮੈਂ ਨਹੀਂ ਸੀ ਦਿੱਤਾ, ਦਲਜੀਤ ਮੋਖੇ ਰਾਹੀਂ ਹਰ ਪਰਚਾ ਪਹੁੰਚ ਜਾਂਦਾ। ਪਹਿਲੇ ਅੰਕ ਵਿਚ ਉਨ੍ਹਾਂ ਮੇਰਾ ਸ਼ਾਇਰ ਅਤੇ ਚਿੱਤਰਕਾਰ Ḕਸੋਹਨ ਕਾਦਰੀḔ ਬਾਰੇ ਲਿਖਿਆ ਲੇਖ ਵੀ ਛਾਪਿਆ ਸੀ। ਪਰ ਫਿਰ ਵੀ ਮੇਰੇ ਦਿਲ ਵਿਚ ਉਸ ਨੂੰ ਮਿਲਣ ਦੀ ਕੋਈ ਚਾਹਤ ਪੈਦਾ ਨਹੀਂ ਸੀ ਹੋਈ। ਉਂਜ ਵੀ ਕਈ ਸਾਲ ਪਹਿਲਾਂ ਇਕ ਮਾਸਿਕ ਪਰਚੇ ਦੇ ਸੰਪਾਦਕ (ਰੱਬ ਉਸ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ) ਨਾਲ ਹੋਏ ਅਨੁਭਵ ਤੋਂ ਬਾਅਦ ਮੈਂ ਪੰਜਾਬੀ ਰਸਾਲਿਆਂ ਦੇ ਸੰਪਾਦਕਾਂ ਤੋਂ ਕੰਨੀ ਹੀ ਕਤਰਾਉਂਦਾ ਹਾਂ। ਪਰ ਚਰਨਜੀਤ ਸੋਹਲ ਨੂੰ ਨਾ ਮਿਲਣ ਦੀ ਮੇਰੀ ਜ਼ਿੱਦ ਦੀ ਬਰਫੀਲੀ ਕੰਧ ਵਿਚ ਦੀ ਉਸ ਨੇ ਮੋਹ ਦਾ ਅਜਿਹਾ ਅਗਨ-ਬਾਣ ਮਾਰਿਆ ਸੀ ਕਿ ਬਰਫੀਲੀ ਕੰਧ ਰੇਜ਼ਾ-ਰੇਜ਼ਾ ਹੋ ਕੇ ਬਿਖਰ ਗਈ। ਮੈਂ ਉਸ ਨਾਲ ਮਿਲਣ ਦਾ ਪ੍ਰੋਗਰਾਮ ਝੱਟ ਬਣਾ ਲਿਆ।
ਚਰਨਜੀਤ ਸੋਹਲ ਨੇ ਮੈਨੂੰ ਫੋਨ Ḕਤੇ ਦੱਸਿਆ, “ਕੱਲ੍ਹ ਮੈਂ ਗੁਰਿੰਦਰ ਮਾਨ ਨੂੰ ਮਿਲਣ ਜਾਣੈ। ਇਕ ਡੇਢ ਵਜੇ ਵਾਪਸ ਆ ਜਾਵਾਂਗਾ। ਫਲੱਸ਼ਿੰਗ ਹੋਟਲ ਵਿਚ। ਫਿਰ ਆਪਾਂ ਮਿਲ ਲਵਾਂਗੇ।”
ਮੈਂ ਸੋਚਣ ਲੱਗਾ, ਇਹ ਬੰਦਾ ਪਹਿਲੀ ਵਾਰ ਅਮਰੀਕਾ ਆਇਆ ਏ, ਕਿੱਥੇ ਬੱਸਾਂ-ਰੇਲਾਂ ਬਦਲਦਾ ਨਿਊ ਜਰਸੀ ਜਾਵੇਗਾ। ਖੱਜਲ-ਖੁਆਰੀ ਝੱਲਦਾ, ਭੁੱਲਦਾ-ਭੁਲਾਉਂਦਾ।
ਉਹ ਓਰਲੈਂਡੋ ਇਕ ਕਾਨਫਰੰਸ ਵਿਚ ਸ਼ਾਮਿਲ ਹੋਣ ਆਇਆ ਸੀ। ਫੌਜ ਵਿਚੋਂ ਬਤੌਰ ਵੈਟਰਨੇਰੀਅਨ ਰਿਟਾਇਰ ਬੰਦਾ, ਬੇਜ਼ੁਬਾਨਿਆਂ ਦਾ ਦਰਦ ਸਮਝਣ ਵਾਲਾ। ਏਨੀ ਠੰਢ ਵਿਚ ਭਾਵੇਂ ਬੀਮਾਰ ਈ ਹੋ ਜਾਵੇ। ਉਸ ਦੀ ਆਵਾਜ਼ ਵਿਚ ਬਹੁਤ ਸਹਿਜ ਸੀ, ਸੁਭਾਵਿਕਤਾ, ਠਰੰਮਾ ਅਤੇ ਮੈਨੂੰ ਮਿਲਣ ਦੀ ਤਾਂਘ, ਜਿਸ ਦਾ ਅਹਿਸਾਸ ਮੈਨੂੰ ਫੋਨ ‘ਤੇ ਆ ਰਹੀ ਆਵਾਜ਼ ਵਿਚੋਂ ਵੀ ਹੋ ਰਿਹਾ ਸੀ।
ਜਦੋਂ ਦੂਸਰੇ ਦਿਨ ਅਸੀਂ ਮਿਲੇ, ਉਹ ਬੜੇ ਸਹਿਜ ਨਾਲ ਦੱਸ ਰਿਹਾ ਸੀ, “ਉਥੋਂ ਮੈਂ ਟਰੇਨ ਫੜ੍ਹੀ, ਅੱਗੋਂ ਬੱਸ ਫੜ੍ਹੀ ਤੇ ਗੁਰਿੰਦਰ ਹੋਰਾਂ ਦੇ ਘਰ ਜਾ ਪਹੁੰਚਾ।” ਏਨਾ ਸਹਿਜ ਤੇ ਏਨਾ ਆਤਮ-ਵਿਸ਼ਵਾਸ।
ਮੈਂ ਪੁੱਛਿਆ, ḔਵਾਹਗਾḔ ਨੂੰ ਪਾਠਕਾਂ ਦਾ ਕੀ ਹੁੰਗਾਰਾ ਐ?
“ਪੁੱਛੋ ਨਾ ਜੀ, ਜਿਹੜਾ ਸਾਨੂੰ ਡਰ ਸੀ ਕਿ ਪੰਜਾਬੀ ਕੋਈ ਪੜ੍ਹਦਾ ਨਈਂ। ਉਹ ਭਰਮ ਦੂਰ ਹੋ ਗਿਆ। ਪਰਚੇ ਵਿਚ ਜੇ ਕੋਈ ਕਮੀ ਐ ਤਾਂ ਸਾਡੇ ਵਲੋਂ ਐ, ਪਾਠਕਾਂ ਤੋਂ ਕੋਈ ਸ਼ਿਕਾਇਤ ਨਈਂ।”
ਅਸੀਂ ਹੌਲੀ ਹੌਲੀ ਕਾਰ ਤੋਰ ਲਈ। ਉਸ ਨੇ ਫਿਰ ਗੱਲ ਛੇੜੀ, “ਲੇਖਕਾਂ ਵਲੋਂ ਸ਼ਿਕਾਇਤ ਜ਼ਰੂਰ ਐ, ਖਾਸ ਕਰ ਨਵੀਂ ਪੀੜ੍ਹੀ ਦੇ ਲੇਖਕਾਂ ਵਲੋਂ। ਆਪਣੀ ਲਿਖਤ ਨਹੀਂ ਦੇਖਦੇ। ਰਚਨਾ ਭੇਜ ਕੇ ਪੁੱਛਣਗੇ, ਦੱਸੋ ਜੀ, ਜੇ ਨਹੀਂ ਛਾਪਣੀ ਤਾਂ ਕਿਤੇ ਹੋਰ ਭੇਜ ਦੇਈਏ। ਮਿਹਨਤ ਕਰਕੇ ਰਾਜ਼ੀ ਈ ਨਹੀਂ। ਕਿਥੇ ਉਹ ਸੰਤ ਸਿੰਘ ਸੇਖੋਂ, ਮੋਹਨ ਸਿੰਘ ਵਰਗੇ ਬੰਦੇ। ਦੁੱਖ ਦੀ ਗੱਲ ਐ, ਜਦੋਂ ਨਵਾਂ ਲੇਖਕ ਕਹੇਗਾ-ਉਹ ਕੀ ਲਿਖਦਾ ਜੀ। ਭਲਾ ਪੁੱਛੋਂ ਬਈ ਤੂੰ ਕੀ ਲਿਖਦਾਂ?”
ਮੈਂ ਕਿਹਾ, “ਰਾਸਤੇ ਵਿਚ ਕਵੀ ਤਰਲੋਕਬੀਰ ਦਾ ਘਰ ਹੈ। ਉਹਨੂੰ ਮਿਲਦੇ ਚਲੀਏ, Ḕਵਾਹਗਾ’ ਦਾ ਪਾਠਕ ਹੈ।”
“ਆਪਾਂ ਬੱਸ ਏਅਰਪੋਰਟ ‘ਤੇ ਚਾਰ ਵਜੇ ਪਹੁੰਚ ਜਾਈਏ, ਸਵਾ ਛੇ ਫਲਾਈਟ ਐ। ਲੈ ਜਿੱਥੇ ਮਰਜ਼ੀ ਜਾਓ।” ਉਹ ਬਹੁਤ ਠਰੰਮੇ ਨਾਲ ਬੋਲਿਆ।
ਤਰਲੋਕਬੀਰ ਦੇ ਘਰ ਮੂਹਰੇ ਜਾ ਕੇ ਅਸੀਂ ਕਾਲ ਕੀਤੀ। ਉਸ ਨੇ ਕਿਹਾ, “ਹਾਂ! ਮੈਂ ਤਾਂ ਕੰਮ Ḕਤੇ ਨਿਕਲ ਗਿਆਂ।” ਫਿਰ ਉਨ੍ਹਾਂ ਫੋਨ Ḕਤੇ ਦੁਆ-ਸਲਾਮ ਕਰ ਲਈ।
ਚਰਨਜੀਤ, ਰਵਿੰਦਰ ਸਹਿਰਾਅ ਨਾਲ ਗੱਲ ਕਰਨੀ ਚਾਹੁੰਦਾ ਸੀ। ਮੇਰੀ ਕਲਪਨਾ ਵਿਚ ਰਵਿੰਦਰ ਸਹਿਰਾਅ ਸਿਰ Ḕਤੇ ਟੋਪੀ ਪਾਈ ਗਾਹਕਾਂ ਨਾਲ ਉਲਝਿਆ ਨਜ਼ਰ ਆਇਆ ਤਾਂ ਮੈਂ ਕਿਹਾ, “ਲੰਚ ਦਾ ਵੇਲਾ ਹੈ, ਉਸ ਨਾਲ ਫੋਨ ਕਰਨਾ ਮੁਸ਼ਕਿਲ ਹੈ।”
ਚਰਨਜੀਤ ਨੇ ਉਸੇ ਧੀਰਜ ਨਾਲ ਕਿਹਾ, “ਕੋਈ ਗੱਲ ਨਹੀਂ ਮੈਂ ਇੰਡੀਆ ਜਾ ਕੇ ਈਮੇਲ ਕਰ ਦਿਆਂਗਾ।”
ਰਾਸਤੇ ਵਿਚ ਪੰਜਾਬੀ ਗੀਤਕਾਰ ਅਤੇ Ḕਸ਼ਾਨ-ਏ-ਪੰਜਾਬ’ ਦੇ ਸੰਪਾਦਕ ਹਰਬਖਸ਼ ਸਿੰਘ ਟਾਹਲੀ ਦਾ ਘਰ ਆ ਗਿਆ। ਉਹ ਘਰੇ ਹੀ ਸੀ। ਕੁਝ ਚਿਰ ਅਮਰੀਕਾ ਦੀ ਪੰਜਾਬੀ ਪੱਤਰਕਾਰੀ ਬਾਰੇ ਗੱਲਬਾਤ ਹੋਈ। ਅਮਰੀਕਾ ਵਿਚ ਨਿਕਲਦੀਆਂ ਅਖਬਾਰਾਂ ਦੀ ਗਿਣਤੀ ਨੇ ਚਰਨਜੀਤ ਸੋਹਲ ਨੂੰ ਪਤਾ ਨਹੀਂ ਹੈਰਾਨ ਕੀਤਾ ਜਾਂ ਪ੍ਰਭਾਵਿਤ! ਹਰਬਖਸ਼ ਸਿੰਘ ਟਾਹਲੀ ਨੇ ਆਪਣੀ ਨਵੀਂ ਕਿਤਾਬ ਅਤੇ ਅਖਬਾਰ ਦਾ ਨਵਾਂ ਅੰਕ ਉਸ ਨੂੰ ਭੇਟ ਕੀਤਾ।
ਸਮਾਂ ਬਚਦਾ ਸੀ। ਮੈਂ ਕਿਹਾ, “ਚਲੋ ਘਰੋਂ ਵੀ ਚਾਹ ਦਾ ਕੱਪ ਕੱਪ ਪੀ ਚੱਲੀਏ।”
ਉਹ ਉਸੇ ਤਰ੍ਹਾਂ ਸਹਿਜ ਸੀ, “ਚਲੋ ਪੀ ਚੱਲਦੇ ਹਾਂ।”
ਸਾਡੀ ਮਾਤਾ ਅਮਰੀਕਾ ਬੈਠੀ Ḕਤੇ ਵੀ ਨਰਿੰਦਰ ਮੋਦੀ ਦੀ Ḕਨੋਟ-ਬੰਦੀḔ ਦਾ ਅਸਰ ਪੈ ਚੁਕਾ ਸੀ।
ਚਾਹ ਪੀਂਦੇ ਪੀਂਦੇ ਉਹ ਉਠੀ ਅਤੇ ਅੰਦਰੋਂ ਪੰਜ-ਪੰਜ ਸੌ ਦੇ ਤਿੰਨ ਨੋਟ ਕੱਢ ਲਿਆਈ, “ਲੈ ਪੁੱਤ, ਮੇਰੇ ਲਈ ਤਾਂ ਹੁਣ ਕਾਗਜ ਈ ਆ, ਜੇ ਤੇਰੇ ਓਥੇ ਚੱਲ ਜਾਣ ਤਾਂ ਮੇਰੇ ਵਲੋਂ ਪਿਆਰ ਸਮਝ ਲਈਂ।”
ਘਰੋਂ ਨਿਕਲੇ ਤਾਂ ਮੈਂ ਕਿਹਾ, “ਚਲੋ ਤੁਹਾਨੂੰ Ḕਵਾਹਗਾ’ ਦੇ ਇਕ ਹੋਰ ਪਾਠਕ ਨੂੰ ਮਿਲਾ ਦਿੰਦੇ ਆਂ।”
ਕਵੀ ਬਲਬੀਰ ਡੁਮੇਲੀ ਦਾ ਘਰ ਏਅਰਪੋਰਟ ਦੇ ਰਾਹ ਵਿਚ ਪੈਂਦਾ ਹੈ। ਮੈਂ ਉਸ ਨੂੰ ਫੋਨ ਕੀਤਾ, ਉਹ ਡਾਕਟਰ ਵੱਲ ਨਿਕਲ ਗਿਆ ਸੀ। ਸਪੀਕਰ ਫੋਨ ਲੱਗਾ ਹੋਇਆ ਸੀ। ਬਲਬੀਰ ਆਪਣੀ ਵਾਵਰੋਲੇ ਵਰਗੀ ਆਵਾਜ਼ ਵਿਚ ਬੋਲ ਰਿਹਾ ਸੀ, “ਮੈਂ ਮੈਂ ਮੈਂ ਸਾਰਾ Ḕਵਾਹਗਾ’ ਪੜ੍ਹਿਆ। ਤਤਕਰੇ ਤੋਂ ਲੈ ਕੇ ਅਖੀਰ ਤੱਕ। ਇਕ ਇਕ ਚੀਜ ਪੜ੍ਹਨ ਵਾਲੀ ਸੀ।” ਵਾਵਰੋਲਾ ਘੁੰਮੀ ਜਾ ਰਿਹਾ ਸੀ।
ਮੈਂ ਚਰਨਜੀਤ ਸੋਹਲ ਵੱਲ ਦੇਖਿਆ। ਉਹ ਬਿਲਕੁਲ ਸਹਿਜ ਸੀ। ਪਰਚੇ ਦੀ ਤਾਰੀਫ ਸੁਣ ਕੇ ਨਾ ਉਸ ਨੇ ਉਤੇਜਿਤ ਹੋ ਕੇ ਫੋਨ ਇਕ ਕੰਨ ਨਾਲੋਂ ਬਦਲ ਕੇ ਦੂਜੇ ਨਾਲ ਲਾਇਆ। ਨਾ ਉਸ ਨੇ ਤਾਰੀਫ ਸੁਣ ਕੇ ਮੁੱਛਾਂ Ḕਤੇ ਹੱਥ ਫੇਰਿਆ, ਨਾ ਨਕਲੀ ਖੰਘੂਰਾ ਮਾਰਿਆ ਤੇ ਨਾ ਹੀ ਪੱਗ ਦਾ ਲੜ ਠੀਕ ਕੀਤਾ। ਸਿਰਫ ਠਰੰਮੇ ਨਾਲ Ḕਮਿਹਰਬਾਨੀ-ਸ਼ੁਕਰੀਆḔ ਹੀ ਕਿਹਾ।
ਬਲਬੀਰ ਡੁਮੇਲੀ ਬੋਲ ਰਿਹਾ ਸੀ, “ਤੁਹਾਨੂੰ ਮੇਰੀ ਗੱਲ ਦੀ ਸਮਝ ਆ ਰਹੀ ਹੈ?”
“ਬਿਲਕੁਲ ਆ ਰਹੀ ਹੈ।”
“ਸੋਹਲ ਹੋਰੀਂ ਕਹਿੰਦੇ ਆ ਮੈਂ ਬਹੁਤ ਕਾਹਲੀ ਬੋਲਦਾਂ।” ਡੁਮੇਲੀ ਦੀ ਆਵਾਜ਼ ਵਿਚਲਾ ਵਾਵਰੋਲਾ ਰਤਾ ਕੁ ਮੱਠਾ ਪਿਆ।
ਚਰਨਜੀਤ ਹੱਸਿਆ ਤੇ ਸਹਿਜ-ਮਤੇ ਬੋਲਿਆ, “ਸਾਡੇ ਇਲਾਕੇ ਦੇ ਹਿਸਾਬ ਨਾਲ ਤੁਸੀਂ ਬਿਲਕੁਲ ਸਹੀ ਸਪੀਡ ਵਿਚ ਬੋਲਦੇ ਹੋ।”
ਇਸ ਗੱਲ ਵਿਚਲਾ ਤਨਜ਼ ਉਸ ਦੇ ਸਹਿਜ-ਮਤੇ ਦੇ ਪਰਦੇ ਹੇਠੋਂ ਹਲਕਾ ਜਿਹਾ ਝਾਤੀ ਮਾਰ ਰਿਹਾ ਸੀ।
ਫੋਨ ਕੱਟਿਆ ਤਾਂ ਉਸ ਨੇ ਮੈਨੂੰ ਯਾਦ ਕਰਾਇਆ, ਟਰਮੀਨਲ ਚਾਰ Ḕਤੇ Ḕਏਅਰ ਫਰਾਂਸḔ ਏਅਰਲਾਈਨ।
ਸਾਰਾ ਟਰਮੀਨਲ ਲੰਘ ਕੇ Ḕਐਕਸ ਐਲ ਏਅਰ ਫਰਾਂਸ’ ਅੱਗੇ ਮੈਂ ਉਸ ਨੂੰ ਉਤਾਰ ਕੇ ਕਿਹਾ, “ਤੁਸੀਂ ਲਾਈਨ ਵਿਚ ਲੱਗੋ। ਜੇ ਮੈਨੂੰ ਪਾਰਕਿੰਗ ਮਿਲ ਗਈ ਤਾਂ ਮੈਂ ਆ ਜਾਵਾਂਗਾ। ਨਹੀਂ ਤਾਂæææ।”
“ਹਾਂ, ਤੁਸੀਂ ਕੰਮ ‘ਤੇ ਨਿਕਲ ਜਾਣਾ।” ਉਸ ਨੇ ਫਿਰ ਮੇਰਾ ਹੱਥ ਘੁੱਟ ਕੇ ਜੱਫੀ ਪਾਈ। “ਇਨ ਕੇਸ ਤੁਹਾਨੂੰ ਪਾਰਕਿੰਗ ਨਾ ਮਿਲੀ ਤਾਂ।” ਉਹ ਮੁਸਕਰਾਇਆ।
ਮੈਂ ਕਾਰ ਪਾਰਕ ਕਰਕੇ ਉਸ ਨੂੰ ਲੱਭਿਆ। ਉਹ ਕਿਤੇ ਨਾ ਲੱਭਾ। ਮੈਂ ਸਕਿਉਰਿਟੀ ਨੂੰ ਪੁੱਛਿਆ, “ਏਅਰ ਫਰਾਂਸḔ ਏਅਰ ਲਾਈਨ।”
“ਉਹ ਤਾਂ ਇਕ ਨੰਬਰ ਟਰਮੀਨਲ ਤੋਂ ਚਲਦੀ ਹੈ।” ਸਕਿਉਰਿਟੀ ਵਾਲੇ ਦੀ ਗੱਲ ਸੁਣ ਕੇ ਮੈਂ ਝੱਟ ਘੜੀ ਦੇਖੀ। ਟਾਈਮ ਤਾਂ ਰਹਿੰਦਾ ਸੀ, ਪਰ ਚਰਨਜੀਤ ਪਹਿਲੀ ਵਾਰ ਅਮਰੀਕਾ ਆਇਆ ਸੀ, ਉਹ ਕਿੱਧਰ ਖੱਜਲ ਹੁੰਦਾ ਫਿਰਦਾ ਹੋਵੇਗਾ। ਘਬਰਾਇਆ ਹੋਇਆ, ਬੌਂਦਲਿਆ ਹੋਇਆ।
ਮੈਂ ਇਕ ਹੋਰ ਏਅਰਪੋਰਟ ਕਰਮਚਾਰੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ, “ਅੱਛਾ ਟਰਮੀਨਲ ਚਾਰ, ਏਅਰ ਫਰਾਂਸ। ਤੁਸੀਂ ਡੈਲਟਾ Ḕਤੇ ਜਾਵੋ। ਏਅਰ ਫਰਾਂਸ ਨੂੰ ਡੈਲਟਾ ਉਪਰੇਟ ਕਰਦਾ ਏ।”
ਡੈਲਟਾ ਏਅਰ ਲਾਈਨ, ਟਰਮੀਨਲ ਚਾਰ ਦੇ ਸ਼ੁਰੂ ਵਿਚ ਹੀ ਹੈ। ਮੈਂ ਉਸ ਨੂੰ ਦੂਜੇ ਸਿਰੇ Ḕਤੇ ਲਾਹ ਕੇ ਆ ਗਿਆ ਸਾਂ।
ਮੈਂ ਬੌਂਦਲਿਆ ਹੋਇਆ ਭੱਜਾ ਜਾ ਰਿਹਾ ਸਾਂ ਤਾਂ ਫੋਨ ਆ ਗਿਆ, “ਸੁਰਿੰਦਰ, ਮੇਰੀ ਫਲਾਈਟ ਡੈਲਟਾ ਤੋਂ ਜਾਣੀ ਐਂ। ਬੋਰਡਿੰਗ ਦਾ ਕੰਮ ਨਿਬੇੜ ਲਿਆ। ਡੈਲਟਾ Ḕਤੇ ਆ ਜਾ।”
ਉਹ ਬੜੇ ਸਹਿਜ ਵਿਚ ਬੋਲ ਰਿਹਾ ਸੀ ਤੇ ਮੈਂ ਬੌਂਦਲਿਆ ਹੋਇਆ ਸਾਂ।
ਮੈਂ ਡੈਲਟਾ Ḕਤੇ ਪਹੁੰਚਾ ਤਾਂ ਉਹ ਫੋਨ Ḕਤੇ ਆਰਾਮ ਨਾਲ ਕਿਸੇ ਨਾਲ ਗੱਲ ਕਰ ਰਿਹਾ ਸੀ। ਕਾਫੀ ਦੂਰ ਉਸ ਨੇ ਹੈਂਡ ਬੈਗ ਉਤੇ ਆਪਣਾ ਕੋਟ ਰੱਖਿਆ ਹੋਇਆ ਸੀ, ਬਿਨਾ ਚੋਰੀ ਦੇ ਫਿਕਰ-ਫਾਕੇ ਦੇ। ਮੈਨੂੰ ਡਾਕਟਰ ਜਗਤਾਰ ਦੀ ਯਾਦ ਆਈ। ਇਕ ਵਾਰ ਮੈਨੂੰ ਉਸ ਨੇ ਦੱਸਿਆ ਸੀ, “ਮੈਂ ਜਦੋਂ ਪਹਿਲੀ ਵਾਰ ਨਿਊ ਯਾਰਕ ਆਇਆ, ਮੈਂ ਸੁਣਿਆ ਸੀ ਏਥੇ ਚੋਰੀਆਂ ਬਹੁਤ ਹੁੰਦੀਆਂ ਮੈਂ ਡਰਦਾ ਟੈਕਸੀ ਵਿਚੋਂ ਨਹੀਂ ਸੀ ਉਤਰਦਾ।”
ਮੇਰੇ ਪੁੱਛਣ Ḕਤੇ ਚਰਨਜੀਤ ਸੋਹਲ ਕਹਿਣ ਲੱਗਾ, “ਪਰਚਾ ਕੱਢਣ ਦੀ ਪਲੈਨਿੰਗ ਬਹੁਤ ਦੇਰ ਦੀ ਸੀ। ਹੁਣ ਮੈਂ ਰਿਟਾਇਰ ਹੋ ਗਿਆਂ। ਸੋਚਿਆ ਹੁਣ ਇਹ ਕੰਮ ਕਰ ਈ ਲਈਏ।”
ਉਸ ਵਿਚ ਜਿੰਨਾ ਸਹਿਜ ਹੈ, ਜਿੰਨਾ ਠਹਿਰਾਓ ਹੈ, ਜਿੰਨਾ ਆਤਮ-ਵਿਸ਼ਵਾਸ ਹੈ, ਜਿੰਨਾ ਸੰਜਮ ਹੈ, ਇਹ ਸਾਰਾ ਕੁਝ ਏਸ ਗੱਲ ਦਾ ਸੰਕੇਤ ਹੈ ਕਿ Ḕਵਾਹਗਾ’ ਉਸ ਦੇ ਹੱਥਾਂ ਵਿਚ ਨਦੀ ਵਾਂਗ ਸਹਿਜ ਤੋਰੇ ਤੁਰਦਾ ਰਹੇਗਾ, ਬਿਨਾ ਕਿਸੇ ਰੁਕਾਵਟ। ਉਂਜ ਵੀ ਬੇਜ਼ੁਬਾਨਿਆਂ ਦਾ ਦਰਦ ਸਮਝਣ ਵਾਲਾ ਇਹ ਡਾਕਟਰ, ਸ਼ਾਇਰ, ਸੰਪਾਦਕ ਪਾਠਕਾਂ ਦੀ ਰਗ ਰਗ ਪਛਾਣਦਾ ਹੈ, ਇਸੇ ਕਰਕੇ Ḕਵਾਹਗਾ’ ਮੈਗਜ਼ੀਨ ਦਾ ਮੈਟਰ ਹਰ ਉਮਰ ਦੇ ਪਾਠਕ ਨੂੰ ਆਪਣੀ ਆਪਣੀ ਸਮਰੱਥਾ ਸੁਹਜ ਪ੍ਰਦਾਨ ਕਰਦਾ ਹੈ।
ਸੰਪਾਦਕਾਂ ਬਾਰੇ ਮੈਂ ਆਪਣੇ ਮਨ ਵਿਚ ਕਈ ਤਰ੍ਹਾਂ ਦੀਆਂ ਗੰਢਾਂ ਬੰਨ੍ਹੀਆਂ ਹੋਈਆਂ ਸਨ। ਪਰ ਚਰਨਜੀਤ ਸੋਹਲ ਨੂੰ ਮਿਲ ਕੇ ਮੈਨੂੰ ਲੱਗਾ ਕਿ ਹਰ ਤਸਵੀਰ ਨੂੰ ਆਪਣੇ ਫਰੇਮ ਵਿਚ ਫਿੱਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਈ ਤਸਵੀਰਾਂ ਤੁਹਾਡੇ ਫਰੇਮ ਤੋਂ ਵਿਸ਼ਾਲ ਅਤੇ ਗਹਿਰੀਆਂ ਵੀ ਹੁੰਦੀਆਂ ਨੇ।
ਤੁਰਨ ਲੱਗੇ ਉਸ ਨੇ ਘੁੱਟ ਕੇ ਜੱਫੀ ਪਾਈ। ਮੈਂ ਤੁਰ ਪਿਆ। ਏਅਰਪੋਰਟ ਦੇ ਬਾਹਰ ਠੰਢ ਤਾਂ ਬਹੁਤ ਸੀ, ਪਰ ਚਰਨਜੀਤ ਸੋਹਲ ਦੀ ਮੁਹੱਬਤ ਦੇ ਨਿੱਘ ਨੇ ਮੈਨੂੰ ਕਲਾਵੇ ਵਿਚ ਲਿਆ ਹੋਇਆ ਸੀ।