ਹੋਮਿਓਪੈਥੀ ਦੇ ਡਾਕਟਰ ਤੋਂ ਫਿਲਮਸਾਜ਼ ਬਣੇ ਬੀਜੂ ਕੁਮਾਰ ਦਮੋਦਰਨ ਜੋ ਡਾਕਟਰ ਬੀਜੂ ਵਜੋਂ ਵਧੇਰੇ ਮਸ਼ਹੂਰ ਹੈ, ਆਪਣੀ ਨਵੀਂ ਮਲਿਆਲਮ ਫਿਲਮ ‘ਕਾਡੂ ਪੋਕੰਨਾ ਨੇਰਮ’ (ਵੈੱਨ ਦਿ ਵੁੱਡਸ ਬਲੂਮ- ਜਦੋਂ ਜੰਗਲ ਖਿੜਦਾ ਹੈ) ਨਾਲ ਫਿਰ ਚਰਚਾ ਵਿਚ ਹੈ। 21ਵੇਂ ਕੌਮਾਂਤਰੀ ਫਿਲਮ ਮੇਲੇ (ਕੇਰਲਾ) ਲਈ ਜਿਹੜੀਆਂ 15 ਫਿਲਮਾਂ ਛਾਂਟੀਆਂ ਗਈਆਂ ਹਨ, ਉਨ੍ਹਾਂ ਵਿਚ ਇਹ ਫਿਲਮ ਵੀ ਸ਼ਾਮਲ ਹੈ। ਫਿਲਮ ਇਕ ਮਾਓਵਾਦੀ ਔਰਤ ਅਤੇ ਪੁਲਿਸ ਮੁਲਾਜ਼ਮ ਦੀ ਕਹਾਣੀ ਹੈ। ਪੁਲਿਸ ਮੁਲਾਜ਼ਮ ਮਾਓਵਾਦੀ ਗੁਰੀਲਿਆਂ ਦਾ ਪਿੱਛਾ ਕਰਦਾ ਬਹੁਤ ਅੱਗੇ ਨਿਕਲ ਜਾਂਦਾ ਹੈ।
ਆਖਰਕਾਰ ਔਰਤ ਅਤੇ ਪੁਲਿਸ ਮੁਲਾਜ਼ਮ-ਦੋਵੇਂ ਜੰਗਲ ਵਿਚ ਭਟਕ ਜਾਂਦੇ ਹਨ। ਡਾਕਟਰ ਬੀਜੂ ਨੇ ਇਨ੍ਹਾਂ ਦੋਹਾਂ ਵੱਲੋਂ ਰਾਸਤਾ ਲੱਭਣ ਦੀ ਕਹਾਣੀ ਬਹੁਤ ਦਿਲਚਸਪ ਢੰਗ ਨਾਲ ਸੁਣਾਈ ਹੈ। ਇਹ ਕਹਾਣੀ ਸੁਣਾਉਂਦਿਆਂ ਉਸ ਨੇ ਲਿੰਗ ਵਿਤਕਰੇ ਦਾ ਮਸਲਾ ਬਹੁਤ ਜ਼ੋਰਦਾਰ ਢੰਗ ਨਾਲ ਉਭਾਰਿਆ ਹੈ। ਇਸ ਤੋਂ ਇਲਾਵਾ ਮਾਓਵਾਦੀਆਂ ਦੇ ਸੰਘਰਸ਼, ਪੁਲਿਸ ਦੇ ਕਾਰਨਾਮਿਆਂ ਅਤੇ ਭਾਰਤ ਦੀ ਵਿਕਾਸ ਦੌੜ ਵਿਚ ਪਿਛੇ ਰਹਿ ਗਏ ਇਲਾਕਿਆਂ ਦੀ ਮਾਰਮਿਕ ਦਸ਼ਾ ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤੀ ਹੈ। ਇਹ ਫਿਲਮ ਸਤੰਬਰ ਮਹੀਨੇ ਕੈਨੇਡਾ ਦੇ ਮੌਂਟਰੀਅਲ ਕੌਮਾਂਤਰੀ ਫਿਲਮ ਮੇਲੇ ਵਿਚ ਵੀ ਦਿਖਾਈ ਗਈ ਸੀ ਅਤੇ ਇਸ ਨੂੰ ਵਾਹਵਾ ਹੁੰਗਾਰਾ ਮਿਲਿਆ ਸੀ।
ਡਾਕਟਰ ਬੀਜੂ ਹੁਣ ਤੱਕ 7 ਫਿਲਮਾਂ ਬਣਾ ਚੁੱਕਾ ਹੈ। ਕੌਮੀ-ਕੌਮਾਂਤਰੀ ਪੱਧਰ ਦੇ ਕਈ ਇਨਾਮ-ਸਨਮਾਨ ਵੀ ਉਸ ਨੂੰ ਮਿਲੇ ਹਨ। ਭਾਰਤ ਦਾ ਕੌਮੀ ਫਿਲਮ ਪੁਰਸਕਾਰ ਉਹਨੇ ਤਿੰਨ ਵਾਰ ਫੁੰਡਿਆ। ਉਹਦੀਆਂ ਫਿਲਮਾਂ ਕੈਨੇਡਾ, ਫਰਾਂਸ, ਚੀਨ, ਮਿਸਰ, ਅਮਰੀਕਾ ਤੇ ਇਰਾਨ ਦੇ ਫਿਲਮ ਮੇਲਿਆਂ ਵਿਚ ਦਿਖਾਈਆਂ ਜਾ ਚੁੱਕੀਆਂ ਹਨ। ਸਭ ਥਾਂਈਂ ਉਸ ਦੀਆਂ ਸਿਫਤਾਂ ਹੋਈਆਂ।
ਡਾਕਟਰ ਬੀਜੂ ਨੇ ਫਿਲਮੀ ਸਫਰ ਦਾ ਅਰੰਭ 2005 ਵਿਚ ਫਿਲਮ ‘ਸਾਇਰਾ’ ਨਾਲ ਕੀਤਾ ਸੀ। ਦੂਜੀ ਫਿਲਮ ‘ਰਮਨ’ ਵਿਚ ਉਹਨੇ ਇਰਾਕ ਤੇ ਕੇਰਲਾ ਦੀ ਚਰਚਾ ਕਰਦਿਆਂ ਸਾਮਰਾਜੀ ਤਾਕਤਾਂ ਉਤੇ ਬੜੀ ਤਿੱਖੀ ਟਿੱਪਣੀ ਕੀਤੀ ਸੀ। ਉਸ ਨੇ ਐਕਟਿਵਿਸਟ ਵਜੋਂ ਵੀ ਸਰਗਰਮੀ ਕੀਤੀ ਅਤੇ ਕਾਲੇ ਕਾਨੂੰਨ ਯੂæਏæਪੀæਏæ ਦਾ ਵਿਰੋਧ ਕੀਤਾ ਜਿਹੜਾ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਬਣਾਇਆ ਗਿਆ ਸੀ। ਉਸ ਨੇ ਜੂਝ ਰਹੇ ਲੋਕਾਂ ਨੂੰ ਸੌੜੇ ਹਿਤਾਂ ਖਾਤਰ, ਬਿਨਾ ਵਜ੍ਹਾ ਮਾਓਵਾਦੀ ਗਰਦਾਨ ਕੇ ਤਸ਼ੱਦਦ ਖਿਲਾਫ ਵੀ ਆਵਾਜ਼ ਬੁਲੰਦ ਕੀਤੀ।
ਪਿਛਲੇ ਸਾਲ ਜਦੋਂ ਫਿਲਮ ‘ਬਾਹੂਬਲੀ’ ਨੂੰ ਕੌਮੀ ਪੁਰਸਕਾਰ ਦਿੱਤਾ ਗਿਆ ਤਾਂ ਉਸ ਨੇ ਪੁਰਸਕਾਰ ਦੇਣ ਵਾਲਿਆਂ ਦੀ ਨੀਅਤ ‘ਤੇ ਸਵਾਲ ਕੀਤੇ। ਉਸ ਦਾ ਤਰਕ ਸੀ ਕਿ ਕਿਸੇ ਫਿਲਮ ਦੀ ਕਮਾਈ ਉਸ ਦੇ ਵਧੀਆ ਹੋਣ ਦਾ ਸਰਟੀਫਿਕੇਟ ਨਹੀਂ ਬਣਨੀ ਚਾਹੀਦੀ। ਯਾਦ ਰਹੇ, ਇਹ ਫਿਲਮ ਮੂਲ ਰੂਪ ਵਿਚ ਹਿੰਦੂਵਾਦ ਨੂੰ ਹੱਲਾਸ਼ੇਰੀ ਦੇਣ ਵਾਲੀ ਸੀ। ਬੀਜੂ ਮੁਤਾਬਕ, ਅਜਿਹੇ ਇਨਾਮ ਕਲਾ ਨੂੰ ਹੀ ਸਮਰਪਿਤ ਹੋਣੇ ਚਾਹੀਦੇ ਹਨ ਤਾਂ ਕਿ ਫਿਲਮਸਾਜ਼ ਚੰਗੀਆਂ ਫਿਲਮਾਂ ਬਣਾਉਣ ਦਾ ਜੇਰਾ ਕਰਦੇ ਰਹਿਣ।