ਅਕਾਲੀਆਂ ਲਈ ਵੰਗਾਰ ਬਣਿਆ ਚੋਣ ਅਖਾੜਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪਿਛਲੇ ਇਕ ਦਹਾਕੇ ਤੋਂ ਸੱਤਾ ਦਾ ਸੁੱਖ ਮਾਣ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਬੜੀ ਔਖੀ ਸਥਿਤੀ ਬਣੀ ਹੋਈ ਹੈ। ਹਾਕਮ ਧਿਰ ਨੂੰ ਜਿਥੇ ਪਾਰਟੀ ਅੰਦਰਲੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਜਨਤਕ ਇਕੱਠਾਂ ਵਿਚ ਖਾਲੀ ਕੁਰਸੀਆਂ ਵੰਗਾਰ ਬਣੀਆਂ ਹੋਈਆਂ ਹਨ। ਇਸ ਤੋਂ ਬਿਨਾ ਨਿੱਤ ਦਿਨ ਗੈਂਗਵਾਰ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਹਾਕਮਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੋਇਆ ਹੈ।

ਅਕਾਲੀ ਦਲ ਨੇ ਇਸ ਰੋਹ ਦਾ ਟਾਕਰਾ ਕਰਨ ਲਈ ਪਿਛਲੇ ਡੇਢ ਮਹੀਨੇ ਤੋਂ ‘ਵਿਕਾਸ ਦਾ ਨਾਅਰਾ’ ਬੁਲੰਦ ਕੀਤਾ ਹੋਇਆ ਹੈ ਅਤੇ ਅਖਬਾਰਾਂ-ਟੀæਵੀæ ਚੈਨਲਾਂ ਉਤੇ ਲੋਕਾਂ ਨੂੰ ਪਿਛਲੇ ਦਸ ਸਾਲਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀ ਰਹੀਆਂ ਹਨ। ਵਿਧਾਨ ਸਭਾ ਚੋਣਾਂ ਕਾਰਨ ਸਰਕਾਰ ਦੇ ਪ੍ਰਚਾਰ ਲਈ ਸਾਲ 2016-17 ਦੌਰਾਨ ਇਸ਼ਤਿਹਾਰਾਂ ਵਾਸਤੇ ਸੌ ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਹੈ। ਇਸ ਤੋਂ ਬਿਨਾ ਰਾਜਪੂਤ ਤੇ ਸੈਣੀ ਭਾਈਚਾਰੇ ਨੂੰ ਪਛੜੀਆਂ ਸ਼੍ਰੇਣੀਆਂ ਵਿਚ ਸ਼ਾਮਲ ਕਰ ਕੇ ਸਰਕਾਰ ਇਨ੍ਹਾਂ ਭਾਈਚਾਰਿਆਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਜੰਗੀ ਸੈਨਿਕਾਂ/ਸਾਬਕਾ ਫੌਜੀਆਂ/ਵਿਧਵਾਵਾਂ ਦੀ ਵਿੱਤੀ ਸਹਾਇਤਾ 2000 ਤੋਂ ਵਧਾ ਕੇ 4500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ, ਪਰ ‘ਲੋਕ ਹਿੱਤ’ ਵਾਲੇ ਇਹ ਫੈਸਲੇ ਵੀ ਸਰਕਾਰ ਵਿਰੁੱਧ ਰੋਹ ਨੂੰ ਘੱਟ ਕਰਨ ਵਿਚ ਨਾਕਾਮ ਜਾਪ ਰਹੇ ਹਨ; ਕਿਉਂਕਿ ਸਰਕਾਰ ਦੇ ਪਹਿਲੇ ਫੈਸਲੇ ਵੀ ਕਿਸੇ ਪੱਤਣ ਨਹੀਂ ਲੱਗੇ ਹਨ। ਸਰਕਾਰ ਨੇ ਦੀਵਾਲੀ ਮੌਕੇ ਸੂਬੇ ਦੇ 30,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵੋਟ-ਲੁਭਾਊ ਫੈਸਲਾ ਕੀਤਾ ਸੀ, ਪਰ ਇਸ ਉਤੇ ਹੁਣ ਤੱਕ ਕੋਈ ਅਮਲ ਨਹੀਂ ਹੋਇਆ। ਸਰਕਾਰ ਨੇ ਕੁਝ ਮਹੀਨੇ ਪਹਿਲਾਂ ਸਵਾ ਲੱਖ ਦੇ ਕਰੀਬ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਸੀ, ਪਰ ਘਪਲਿਆਂ ਅਤੇ ਅਦਾਲਤੀ ਚੱਕਰਾਂ ਕਾਰਨ ਇਹ ਐਲਾਨ ਵੀ ਛਲਾਵਾ ਹੀ ਸਿੱਧ ਹੋਇਆ ਹੈ।
ਅੰਦਰੂਨੀ ਬਗਾਵਤ ਵੀ ਪਾਰਟੀ ਲਈ ਵੱਡੀ ਵੰਗਾਰ ਖੜ੍ਹੀ ਕਰ ਰਹੀ ਹੈ। ਹਾਕਮ ਧਿਰ ਵੱਲੋਂ ਐਲਾਨੀ ਉਮੀਦਵਾਰਾਂ ਦੀ ਪਹਿਲੀ ਸੂਚੀ ਪਿੱਛੋਂ ਹੀ ਦਰਜਨ ਤੋਂ ਵੱਧ ਵਿਧਾਇਕ ਪਾਰਟੀ ਨੂੰ ਅਲਵਿਦਾ ਆਖ ਗਏ ਅਤੇ ਇਸ ਤੋਂ ਵੱਧ ਸੀਨੀਅਰ ਆਗੂ ਬਗਾਵਤ ਦਾ ਝੰਡਾ ਚੁੱਕੀ ਫਿਰਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁੱਲ ਰਾਖਵੀਆਂ ਸੀਟਾਂ 34 ਵਿਚੋਂ 21 ‘ਤੇ ਜਿੱਤ ਹਾਸਲ ਕਰਨ ਪਿੱਛੋਂ ਆਉਂਦੀਆਂ ਚੋਣਾਂ ਦੌਰਾਨ ਵੀ ਰਾਖਵੀਆਂ ਸੀਟਾਂ ਵੱਧ ਤੋਂ ਵੱਧ ਬਟੋਰਨ ਦੀ ਵਿਉਂਤ ਤਹਿਤ ਹੀ ਉਮੀਦਵਾਰ ਬਦਲੇ ਜਾਂ ਹਲਕਿਆਂ ਦੀ ਅਦਲਾ-ਬਦਲੀ ਕੀਤੀ ਹੈ।
ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਇਸ ਵਾਰੀ ਜ਼ਿਆਦਾਤਰ ਦਲਿਤ ਆਗੂਆਂ ਨੇ ਹੀ ਬਾਗੀ ਸੁਰ ਅਪਣਾਈ ਹੋਈ ਹੈ। ਇਸ ਤਰ੍ਹਾਂ ਰਾਖਵੀਆਂ ਸੀਟਾਂ ‘ਤੇ ਜਿੱਤ ਹਾਸਲ ਕਰਨ ਦੀ ਰਣਨੀਤੀ ਨੂੰ ਗ੍ਰਹਿਣ ਲੱਗ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋ ਦਲਿਤ ਵਿਧਾਇਕ ਸਰਵਨ ਸਿੰਘ ਫਿਲੌਰ ਅਤੇ ਰਾਜਵਿੰਦਰ ਕੌਰ ਭਾਗੀਕੇ ਤਾਂ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ। ਗੋਬਿੰਦ ਸਿੰਘ ਕਾਂਝਲਾ ਨੇ ਦੋ ਵਿਧਾਨ ਸਭਾ ਹਲਕਿਆਂ ਧੂਰੀ ਅਤੇ ਮਹਿਲ ਕਲਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਦੇਸ ਰਾਜ ਧੁੱਗਾ ਨੇ ਵੀ ਆਜ਼ਾਦ ਤੌਰ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਬਾਘਾਪੁਰਾਣਾ ਤੋਂ ਮਹੇਸ਼ ਇੰਦਰ ਸਿੰਘ ਅਤੇ ਨਿਹਾਲ ਸਿੰਘ ਵਾਲਾ ਤੋਂ ਰਾਜਵਿੰਦਰ ਕੌਰ ਹਾਕਮ ਧਿਰ ਨੂੰ ਅਲਵਿਦਾ ਆਖ ਗਏ ਹਨ।
________________________________
ਆਮ ਆਦਮੀ ਪਾਰਟੀ ਦੀ ਰਣਨੀਤੀ ਦਾ ਘੇਰਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਰਣਨੀਤੀ ਵੀ ਬਾਦਲਾਂ ‘ਤੇ ਭਾਰੂ ਪੈ ਰਹੀ ਹੈ। ਇਸ ਨਵੀਂ ਪਾਰਟੀ ਨੇ ਸਾਰਾ ਜ਼ੋਰ ਬਾਦਲ ਅਤੇ ਮਜੀਠੀਆ ਪਰਿਵਾਰਾਂ ਨੂੰ ਘੇਰਨ ‘ਤੇ ਲਾਇਆ ਹੋਇਆ ਹੈ। ਇਸ ਨੀਤੀ ਤਹਿਤ ਜਿਥੇ ‘ਆਪ’ ਨੇ ਪਹਿਲਾਂ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਤੋਂ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਿਆ ਹੈ, ਉਥੇ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੋਂ ਇਲਾਵਾ ਮਾਝੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵਸ਼ਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ‘ਚ ਟੱਕਰ ਦਾ ਉਮੀਦਵਾਰ ਉਤਾਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਮਜੀਠਾ ਤੋਂ ਪੰਜਾਬ ਇਕਾਈ ਦੇ ਮੁਖੀ ਗੁਰਪ੍ਰੀਤ ਸਿੰਘ ਘੁੱਗੀ ਨੂੰ ਚੋਣ ਲੜਾਉਣ ਦੇ ਚਰਚੇ ਹਨ।