ਸ਼ਹਿਣੇ ਵਾਲੀ ਕੋਠੀ ਬਨਾਮ ਕਾਸ਼ਨੀ ਵਿਹੜਾ

ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ-2
ਪੰਜਾਬੀ ਵਿਚ ਠੁੱਕਦਾਰ ਰਚਨਾਵਾਂ ਦੇਣ ਵਾਲੇ ਲਿਖਾਰੀ ਬਲਵੰਤ ਗਾਰਗੀ (4 ਦਸੰਬਰ 1916-22 ਅਪਰੈਲ 2003) ਦਾ ਰੰਗ ਸੱਚਮੁੱਚ ਨਿਵੇਕਲਾ ਸੀ। ਉਸ ਦੀ ਮੁੱਖ ਪਛਾਣ ਭਾਵੇਂ ਨਾਟਕਕਾਰ ਵਜੋਂ ਬਣੀ, ਪਰ ਕਹਾਣੀ, ਵਾਰਤਕ ਆਦਿ ਲਿਖਣ ਵਿਚ ਵੀ ਉਹ ਚੋਟੀ ਦੇ ਲੇਖਕਾਂ ਦੇ ਬਰਾਬਰ ਤੁਲਦਾ ਸੀ। ਮੰਨਿਆ ਜਾਂਦਾ ਹੈ ਕਿ ਪੰਜਾਬੀ ਵਿਚ ਉਸ ਵਰਗਾ ਕੋਈ ਹੋਰ ਨਾਟਕਕਾਰ ਨਹੀਂ। ਪੰਜਾਬੀ ਵਿਚ ਰੇਖਾ ਚਿੱਤਰ ਉਸ ਦੀ ਬਦੌਲਤ ਹੀ ਪ੍ਰਵਾਨ ਚੜ੍ਹੇ। ਇਨ੍ਹਾਂ ਰਚਨਾਵਾਂ ਲਈ ਭਾਵੇਂ ਉਸ ਨੇ ਮਹਾਨ ਉਰਦੂ ਲਿਖਾਰੀ ਸਆਦਤ ਹਸਨ ਮੰਟੋ ਤੋਂ ਪ੍ਰੇਰਣਾ ਲਈ,

ਪਰ ਉਸ ਦੇ ਲਿਖੇ ਰੇਖਾ ਚਿੱਤਰਾਂ ਵਿਚ ਬਹੁਤ ਕੁਝ ਉਸ ਦਾ ਆਪਣਾ ਸੀ ਜਿਸ ਕਾਰਨ ਤੁਰੰਤ ਉਸ ਦੀ ਪੈਂਠ ਬਣ ਗਈ। ਇਹ ਵੱਖਰੀ ਗੱਲ ਹੈ ਕਿ ਉਸ ਦੇ ਰੇਖਾ ਚਿੱਤਰਾਂ ਨੇ ਵਿਵਾਦ ਵੀ ਬਥੇਰੇ ਪੈਦਾ ਕੀਤੇ। ਜਿਵੇਂ ਉਸ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਰੇਖਾ ਚਿਤਰ ਲਿਖੇ, ਇਵੇਂ ਹੋਰ ਲਿਖਾਰੀਆਂ ਨੇ ਵੀ ਉਸ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਨੂੰ ਉਭਾਰਦੇ ਰੇਖਾ ਚਿੱਤਰ ਲਿਖੇ। ਗਾਰਗੀ ਦਾ 1962 ਵਿਚ ਸਾਹਿਤ ਅਕਾਦਮੀ ਪੁਰਸਕਾਰ ਅਤੇ 1972 ਵਿਚ ਪਦਮਸ੍ਰੀ ਅਵਾਰਡ ਨਾਲ ਸਨਮਾਨ ਕੀਤਾ ਗਿਆ। ਗਾਰਗੀ ਦੀ ਜਨਮ ਸ਼ਤਾਬਦੀ ਮੌਕੇ ਉਘੇ ਲਿਖਾਰੀ ਪ੍ਰਿੰæ ਸਰਵਣ ਸਿੰਘ ਨੇ ਗਾਰਗੀ ਬਾਰੇ ਲੰਮਾ ਲੇਖ ‘ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ’ ਪੰਜਾਬ ਟਾਈਮਜ਼ ਲਈ ਭੇਜਿਆ ਹੈ। ਐਤਕੀਂ ਇਸ ਲੇਖ ਦੀ ਦੂਜੀ ਕਿਸ਼ਤ ਵਿਚ ਉਸ ਦੇ ਬਸੇਰਿਆਂ ਦੀ ਬਾਤ ਪਾਈ ਗਈ ਹੈ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਬਲਵੰਤ ਦਾ ਜਨਮ ਪਹਿਲੀ ਆਲਮੀ ਜੰਗ ਦੌਰਾਨ ਪਿੰਡ ਸ਼ਹਿਣੇ ਦੀ ਨਹਿਰੀ ਕੋਠੀ ਦੇ ਕੁਆਟਰ ਵਿਚ ਨਹਿਰੀ ਕਰਮਚਾਰੀ ਸ਼ਿਵ ਚੰਦ ਦੇ ਘਰ ਮਾਤਾ ਪੁੰਨੀ ਦੀ ਕੁੱਖੋਂ ਹੋਇਆ ਸੀ। ਉਹਨੀਂ ਦਿਨੀਂ ਸ਼ਿਵ ਚੰਦ ਉਥੇ ਤਾਰ ਬਾਬੂ ਸੀ ਜਿਸ ਕਰ ਕੇ ਆਪਣੇ ਪਰਿਵਾਰ ਨੂੰ ਬਠਿੰਡੇ ਤੋਂ ਸ਼ਹਿਣੇ ਕੋਠੀ ਲੈ ਆਇਆ ਸੀ। ਇਹ ਕੋਠੀ ਸ਼ਹਿਣੇ ਤੋਂ ਇਕ ਕਿਲੋਮੀਟਰ ਦੂਰ ਵਧਾਤਿਆਂ ਵਾਲੇ ਪੁਲ ਕੋਲ ਹੈ। ਸ਼ਹਿਣਾ ਦਵਿੰਦਰ ਸਤਿਆਰਥੀ ਦੇ ਪਿੰਡ ਭਦੌੜ ਤੋਂ ਛੇ ਕੁ ਕਿਲੋਮੀਟਰ ਹੀ ਹੈ ਜੋ ਬਰਨਾਲਾ ਕੋਟਕਪੂਰਾ ਸੜਕ ਉਤੇ ਪੈਂਦੈ। ਗਾਰਗੀ ਦੇ ਜਨਮ ਵਾਲਾ ਕੁਆਟਰ ਅਜੇ ਵੀ ਡਿੱਗੀ ਢੱਠੀ ਹਾਲਤ ਵਿਚ ਮੌਜੂਦ ਹੈ। ਕੀ ਪਤਾ ਕਦੇ ਸਰਕਾਰ ਨੂੰ ਚੇਤਾ ਆ ਜਾਵੇ ਤੇ ਉਹ ਨਹਿਰੀ ਕੋਠੀ ਬਲਵੰਤ ਗਾਰਗੀ ਦੀ ਯਾਦਗਾਰ ਬਣਾ ਦਿੱਤੀ ਜਾਵੇ।
ਬਲਵੰਤ ਦਾ ਬਚਪਨ ਸ਼ਹਿਣੇ ਦੀ ਨਹਿਰ ਅਤੇ ਆਲੇ ਦੁਆਲੇ ਖੇਤਾਂ ਵਿਚ ਖੇਡਦਿਆਂ ਬੀਤਿਆ। ਜਿਥੋਂ ਦੀ ਉਹ ਨਹਿਰ ਲੰਘਦੀ ਹੈ, ਉਹਦਾ ਨਾਂ ਬਦਲਦਾ ਜਾਂਦਾ ਹੈ। ਰੋਪੜ ਤੋਂ ਸਰਹਿੰਦ ਨਹਿਰ, ਫਿਰ ਦੋਰਾਹੇ ਵਾਲੀ, ਦੱਧਾਹੂਰ ਵਾਲੀ, ਮੂੰਮਾਂ ਗਹਿਲਾਂ, ਸ਼ਹਿਣਾ ਤੇ ਫਿਰ ਬਠਿੰਡੇ ਵਾਲੀ। ਸ਼ਹਿਣੇ ਵਾਲੀ ਨਹਿਰ ਕੰਢੇ ਗਾਰਗੀ ਦਾ ਜਨਮ ਹੋਇਆ ਤੇ ਬਠਿੰਡੇ ਵਾਲੀ ਨਹਿਰ ਵਿਚ ਉਹਦੇ ਫੁੱਲ ਤਾਰੇ ਗਏ। ਨਾਂ ਵੱਖਰੇ ਹਨ, ਪਰ ਨਹਿਰ ਇਕੋ ਹੈ। ਗਾਰਗੀ ਨੇ ਆਪਣੀ ਵਸੀਅਤ ਵਿਚ ਲਿਖਿਆ ਸੀ ਕਿ ਉਸ ਦੇ ਫੁੱਲ ਉਸ ਨਹਿਰ ਵਿਚ ਪਾਏ ਜਾਣ ਜਿਥੇ ਉਹ ਬਚਪਨ ਵਿਚ ਖੇਡਦਾ ਰਿਹਾ।
ਬਲਵੰਤ ਹੋਰੀਂ ਚਾਰ ਭਰਾ ਸਨ। ਚਾਰ ਭਰਾਵਾਂ ਵਿਚ ਸਿਰਫ਼ ਗਾਰਗੀ ਹੀ ਪੜ੍ਹਿਆ ਸੀ। ਜਿਵੇਂ ਜੱਟਾਂ ਦੇ ਟੱਬਰ ਵਿਚੋਂ ਇਕ ਮੁੰਡੇ ਨੂੰ ਫੌਜ ਵਿਚ ਭਰਤੀ ਕਰਵਾ ਦਿੱਤਾ ਜਾਂਦਾ ਹੈ, ਉਵੇਂ ਗਾਰਗੀ ਨੂੰ ਪੜ੍ਹਾਈ ਲਈ ਚੁਣ ਲਿਆ ਗਿਆ। ਇਹ ਚੋਣ ਵੀ ਬੜੇ ਨਾਟਕੀ ਢੰਗ ਨਾਲ ਹੋਈ। ਉਸ ਦੀ ਮਾਂ ਨੇ ਚਾਰਾਂ ਪੁੱਤਾਂ ਨੂੰ ਡੇਰੇ ਵਾਲੇ ਸਾਧ ਆਤਮਾ ਨੰਦ ਸਾਹਮਣੇ ਖੜ੍ਹਾਅ ਕੇ ਪੁੱਛਿਆ, “ਮਹਾਰਾਜ, ਇਨ੍ਹਾਂ ਵਿਚੋਂ ਕਿਸ ਦੇ ਢਿੱਡ ਵਿਚ ਅੱਖਰ ਪੈਣਗੇ?” ਜਟਾਧਾਰੀ ਸਾਧ ਨੇ ਚਾਰਾਂ ਮੁੰਡਿਆਂ ਵੱਲ ਨੀਝ ਨਾਲ ਤੱਕ ਕੇ ਇਕ ਵੱਲ ਉਂਗਲ ਕੀਤੀ, “ਇਸ ਦੇ।” ਤੇ ਉਹ ਬਲਵੰਤ ਸੀ ਜਿਸ ਨੂੰ ਉਸ ਦੀ ਬੇਬੇ ਸਾਰੀ ਉਮਰ ਬਲੰਤ ਕਹਿ ਕੇ ਹੀ ਬੁਲਾਉਂਦੀ ਰਹੀ। ਗਾਰਗੀ ਲਿਖਦੈ, “ਜੇ ਸਾਧ ਦੀ ਉਂਗਲ ਕਿਸੇ ਦੂਜੇ ਉਤੇ ਟਿਕ ਜਾਂਦੀ ਤਾਂ ਬਲਵੰਤ ਗਾਰਗੀ ਹੁਣ ਲਾਲਾ ਬਲਵੰਤ ਰਾਏ ਐਂਡ ਸਨਜ਼ ਬਣ ਕੇ ਬਠਿੰਡੇ ਦੀ ਮੰਡੀ ਵਿਚ ਬੈਠਾ ਹੁੰਦਾ!”
ਗੁਰਬਚਨ ਸਿੰਘ ਭੁੱਲਰ ਗਾਰਗੀ ਦੀ ਲਿਖਤ ਦੇ ਹਵਾਲੇ ਨਾਲ ਲਿਖਦੈ ਕਿ ਉਹਦੀ ਬੇਬੇ ਨੇ ਬਲੰਤ ਨੂੰ ਨਿਹੰਗ ਸਿੰਘਾਂ ਦੇ ਡੇਰੇ ਗੁਰਮੁਖੀ ਸਿੱਖਣ ਭੇਜਿਆ। ਨਿਹੰਗ ਨੇ ਰੇਤੇ ਉਤੇ ਬਰਛੇ ਨਾਲ ਊੜਾ ਪਾ ਕੇ ਇਹਨੂੰ ਯਾਦ ਕਰਨ ਲਈ ਕਿਹਾ। ਭੁੰਜੇ ਬੈਠੇ ਬਲੰਤ ਨੇ ਸਿਰ ਚੁੱਕ ਕੇ ਉਚੇ ਲੰਮੇ ਨਿਹੰਗ ਸਿੰਘ ਨੂੰ ਦੇਖਿਆ ਤਾਂ ਇਹਨੂੰ ਉਹਦੀ ਦਾੜ੍ਹੀ ਤੇ ਉਚਾ ਦੁਮਾਲਾ ਬਹੁਤ ਵੱਡਾ ‘A’ ਜਾਪਿਆ। ਅਗਲੇ ਪਾਠ ਵਜੋਂ ਨਿਹੰਗ ਸਿੰਘ ਨੇ ਬਲੰਤ ਦੀ ਉਂਗਲ ਫੜ ਕੇ ਰੇਤੇ ਉਤੇ ਘਸਾਈ ਅਤੇ ਏਕਾ ‘ਤੇ ਊੜਾ ‘ਇਕਓਂਕਾਰ’ ਪਾ ਕੇ ਆਖਿਆ, “ਸਾਰੇ ਅੱਖਰ ਇਸ ਵਿਚੋਂ ਹੀ ਨਿਕਲੇ ਹਨ। ਇਸ ਨੂੰ ਯਾਦ ਕਰ ਲੈ, ਸਾਰਾ ਕੁਛ ਯਾਦ ਹੋ ਜੂ। ਸਾਡੇ ਬਚਨ ਬਲਾਸ ਯਾਦ ਰੱਖੀਂ। ਗੁਰੂ ਭਲੀ ਕਰੂ।”
ਗਾਰਗੀ ਨੇ ਆਪਣੀ ਮੌਤ ਤੋਂ ਪੰਜ ਛੇ ਸਾਲ ਪਹਿਲਾਂ 17 ਸਤੰਬਰ 1997 ਨੂੰ ਮਨੂੰ ਨੂੰ ਆਪਣੀ ਇੱਛਾ ਦੱਸੀ ਸੀ। ਅੰਗਰੇਜ਼ੀ ਵਿਚ ਟਾਈਪ ਕੀਤੀਆਂ ਚਾਰ ਸਤਰਾਂ ਦੇ ਰੂਪ ਵਿਚ ਲਿਖੀ ‘ਵਸੀਅਤ’ ਅਨੁਸਾਰ, ਉਹ ਆਪਣੀ ਅੰਤਿਮ ਠਾਹਰ ਬਠਿੰਡੇ ਦੇ ਕੱਕੇ ਰੇਤੇ ਨੂੰ ਥਾਪਦਾ ਹੈ: “ਮੇਰੀ ਮੌਤ ਮਗਰੋਂ ਕੋਈ ਰੋਣਾ-ਪਿਟਣਾ ਨਹੀਂ ਹੋਣਾ ਚਾਹੀਦਾ। ਉਸ ਮੌਕੇ ਸਕੇ ਸਨੇਹੀ ਡਿਨਰ ਵਾਸਤੇ ਮਿਲ ਬੈਠਣ। ਮੇਰੀ ਰਾਖ ਮੇਰੀ ਜਨਮ ਭੂਮੀ ਬਠਿੰਡੇ ਦੀ ਨਹਿਰ ਵਿਚ ਪਾਈ ਜਾਵੇ, ਜਿਥੇ ਮੈਂ ਬਚਪਨ ਵਿਚ ਸੁਨਹਿਰੀ ਰੇਤੇ ‘ਚ ਖੇਡਿਆ।”
ਨਿਹੰਗ ਦੇ ਬਰਛੇ ਨਾਲ ਰੇਤੇ ਉਤੇ ਪਾਏ ‘A’ ਤਕ ਗੁਰਮੁਖੀ ਪੜ੍ਹੇ ਗਾਰਗੀ ਦਾ ਬਠਿੰਡੇ ਦੇ ਇਲਾਕੇ ਵਾਲਾ ਸ਼ਬਦ ਭੰਡਾਰ ਪਾਠਕਾਂ ਨੂੰ ਦੰਗ ਕਰ ਦਿੰਦਾ ਹੈ। ਭੁੱਲਰ ਅਨੁਸਾਰ, “ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਗਾਰਗੀ ਏਨੀ ਖ਼ੂਬਸੂਰਤ ਪੰਜਾਬੀ, ਗੁਰਮੁਖੀ ਵਿਚ ਨਹੀਂ, ਫਾਰਸੀ ਅੱਖਰਾਂ ਵਿਚ ਲਿਖਦਾ ਸੀ ਤੇ ਫਿਰ ਉਰਦੂ ਤੇ ਪੰਜਾਬੀ, ਦੋਵੇਂ ਭਾਸ਼ਾਵਾਂ ਪੜ੍ਹੇ ਆਪਣੇ ਕਿਸੇ ਚੇਲੇ ਚਾਂਟੇ ਤੋਂ ਗੁਰਮੁਖੀ ਵਿਚ ਉਤਾਰਾ ਕਰਵਾ ਲੈਂਦਾ ਸੀ।”
ਗਾਰਗੀ ਬਚਪਨ ਦੇ ਕੁਝ ਸਾਲ ਸ਼ਹਿਣੇ ਦੇ ਨਹਿਰੀ ਘਰ ਵਿਚ ਰਿਹਾ। ਫਿਰ ਉਹ ਬਠਿੰਡੇ ਆਪਣੇ ਜੱਦੀ ਘਰ ਚਲਾ ਗਿਆ ਜਿਥੇ ਦਸਵੀਂ ਪਾਸ ਕੀਤੀ। ਉਸ ਪਿੱਛੋਂ ਉਹ ਲਾਹੌਰ ਦੇ ਗੌਰਮਿੰਟ ਕਾਲਜ ਤੇ ਐਫ਼ਸੀæ ਕਾਲਜ ਵਿਚ ਪੜ੍ਹਿਆ। ਉਥੇ ਅੰਗਰੇਜ਼ੀ ਤੇ ਪੁਲੀਟੀਕਲ ਸਾਇੰਸ ਦੀ ਐਮæਏæ ਕੀਤੀ। ਉਹ ਬਠਿੰਡੇ ਤੋਂ ਰੇਲ ਗੱਡੀ ‘ਤੇ ਲਾਹੌਰ ਜਾਂਦਾ ਆਉਂਦਾ। ਕਦੇ ਕਦੇ ਲਾਹੌਰ ਦੇ ਰੇਡੀਓ ਸਟੇਸ਼ਨ ਤੋਂ ਨਾਟਕ ਪੇਸ਼ ਕਰਦਾ। ਦੇਸ਼ ਵੰਡ ਪਿੱਛੋਂ ਉਹ ਦਿੱਲੀ ਆ ਗਿਆ ਜਿਥੋਂ ਦੇਸ਼ ਬਦੇਸ਼ ਗਾਹੁੰਦਾ ਫਿਰਿਆ। ਉਹਨਾਂ ਦਾ ਜੱਦੀ ਘਰ ਬਠਿੰਡੇ ਦੇ ਇਤਿਹਾਸਕ ਕਿਲੇ ਕੋਲ ਹੈ ਜਿਸ ਵਿਚ ਸਦੀਆਂ ਪਹਿਲਾਂ ਸੁਲਤਾਨ ਰਜ਼ੀਆ ਬੰਦੀ ਬਣਾਈ ਗਈ ਸੀ। ਬਾਅਦ ਵਿਚ ਗਾਰਗੀ ਨੇ ‘ਸੁਲਤਾਨ ਰਜ਼ੀਆ’ ਨਾਂ ਦਾ ਨਾਟਕ ਵੀ ਲਿਖਿਆ। ਕੱਚੀ ਉਮਰ ਦੇ ਗਿਣਵੇਂ ਸਾਲਾਂ ਵਿਚ ਉਸ ਨੇ ਕੰਜੂਸ ਬਾਣੀਏਂ ਵਾਂਗ ਪੰਜਾਬੀ ਸ਼ਬਦਾਂ ਦੀ ਜਿੰਨੀ ਵੱਡੀ ਪੂੰਜੀ ਜੋੜੀ, ਉਹਦੀ ਖੱਟੀ ਉਹਨੇ ਸਾਰੀ ਉਮਰ ਖਾਧੀ।
ਉਹਦੀ ਬੇਬੇ ਪੁੰਨੀ ਕੋਰੀ ਅਨਪੜ੍ਹ ਸੀ, ਪਰ ਉਹਨੂੰ ਏਨੀ ਪੰਜਾਬੀ ਆਉਂਦੀ ਸੀ ਕਿ ਗਾਰਗੀ ਉਹਤੋਂ ਹੀ ਬੋਲੀ ਦੀਆਂ ਬਰੀਕੀਆਂ ਸਿੱਖ ਕੇ ਪੰਜਾਬੀ ਦਾ ਉਸਤਾਦ ਲਿਖਾਰੀ ਬਣਿਆ। ਜੇ ਉਹਦੀ ਬੇਬੇ ਜਿਉਂਦੀ ਹੁੰਦੀ ਤੇ ਦੇਖਦੀ ਕਿ ਉਹਦਾ ਪੁੱਤ ਅਨਪੜ੍ਹ ਮਾਂ ਤੋਂ ਪੰਜਾਬੀ ਸਿੱਖ ਕੇ ਕਿੰਨੀ ਚਤੁਰਾਈ ਤੇ ਚਲਾਕੀ ਨਾਲ ਚਲਦਾ ਕਿਥੋਂ ਦਾ ਕਿਥੇ ਪਹੁੰਚ ਗਿਆ ਤਾਂ ਸ਼ਾਇਦ, ਉਹ ‘ਬਲੰਤ’ ਨੂੰ ‘ਚਲੰਤ’ ਕਹਿਣ ਵਿਚ ਮਾਣ ਮਹਿਸੂਸ ਕਰਦੀ!
ਪੰਜਾਬੀ ਬੋਲੀ ਬਲਵੰਤ ਦੇ ਬੋਲਾਂ ਵਿਚ ਹੀ ਨਹੀਂ, ਮਾਂ ਨੇ ਉਹਦੇ ਹੱਡਾਂ ‘ਚ ਰਚਾਈ ਸੀ।
ਤਪਾ ਵੀ ਸ਼ਹਿਣੇ ਦੇ ਕੋਲ ਹੀ ਹੈ। ਉਥੇ ਉਹਦੇ ਨਾਨਕੇ ਸਨ ਜਿਸ ਕਰ ਕੇ ਬਲਵੰਤ ਸਕੂਲੀ ਛੁਟੀਆਂ ਤਪੇ ਕੱਟਦਾ। ਉਹਦਾ ਨਾਵਲ ‘ਕੱਕਾ ਰੇਤਾ’ ਉਥੇ ਉਗਮਿਆ। ਗੁਲਜ਼ਾਰ ਸੰਧੂ ਅਨੁਸਾਰ ਕੱਕੇ ਰੇਤੇ ਦੀ ਸ਼ੈਲੀ ਕੁਆਰੀ ਸੀ ਤੇ ਸ਼ਬਦ ਮਖਮਲੀæææ ਚਰਾਂਦਾਂ ਵਿਚ ਚਰਦੇ ਡੰਗਰ, ਟੋਭਿਆਂ ‘ਚ ਵੜੀਆਂ ਮੱਝਾਂ, ਹੌਂਕਦੇ ਬਲਦਾਂ ਦੀਆਂ ਟੱਲੀਆਂ। ਸਿਆਲੇ ਦੀਆਂ ਧੂਣੀਆਂ, ਖੁੱਲ੍ਹੇ ਮੌਸਮਾਂ ਦੀਆਂ ਛਿੰਝਾਂ, ਤੀਆਂ ਦੀਆਂ ਪੀਂਘਾਂ, ਡੰਗਰਾਂ ਦੀਆਂ ਮੰਡੀਆਂ। ਊਠ, ਮੋਰ, ਕਬੂਤਰ, ਕਾਂ, ਘੁੱਗੀਆਂ ਤੇ ਚੱਕੀਰਾਹੇ। ਲਾਲੋ-ਲਾਲ ਵੀਰ-ਵਹੁਟੀਆਂ ਤੇ ਬੀਂਡੇ। ਕੁੱਕੜੀਆਂ ਦੀ ਕੁੜ-ਕੁੜ, ਹਾਰੇ ਵਿਚ ਕੜ੍ਹਦੇ ਦੁੱਧ ਦੀ ਮਹਿਕ, ਖੁਰਲੀ ਕੋਲ ਪਏ ਅਣਪੱਥੇ ਗੋਹੇ-ਕੂੜੇ ਦੀ ਬਾਸ ਤੇ ਦੂਰ ਇੱਖ ਦੇ ਖੇਤੋਂ ਮੇਲ੍ਹਦੀ ਆਉਂਦੀ ਸਿੱਲ੍ਹੀ ਹਵਾ। ਮਨੁੱਖੀ ਪੈੜਾਂ ਦਾ ਖੜਾਕ ਸੁਣ ਕੇ ਪਾਣੀ ਵਿਚ ਚੁੱਭੀਆਂ ਮਾਰਦੇ ਡੱਡੂ, ਹਲ ਵਾਹੁੰਦੇ ਜੱਟ। ਡੰਗਰ ਚਾਰਦੇ ਚਰਵਾਹੇ। ਸ਼ੀਸ਼ੀਆਂ ਵਿਚ ਦਵਾਈ ਦੇਣ ਵਾਲੇ ਹਕੀਮ, ਹੱਥ ਹੌਲਾ ਕਰਨ ਵਾਲੇ ਮਰਾਸੀ। ਕੱਕੇ ਰੇਤੇ ਦੀ ਸ਼ਾਮ ਦਾ ਸੂਰਜ ਸਦੀਆਂ ਤੋਂ ਸ਼ਿਵਾਲੇ ਦੀਆਂ ਬੁਰਜੀਆਂ, ਬੋਹੜਾਂ ਤੇ ਪਿੱਪਲਾਂ ਦੇ ਪੱਤਿਆਂ ‘ਤੇ ਚੜ੍ਹ ਕੇ ਝਾਕਦਾ ਆ ਰਿਹਾ ਸੀ। ‘ਕੱਕਾ ਰੇਤਾ’ ਦੀ ਸ਼ੈਲੀ ਕਮਾਲ ਦੀ ਸੀ। ਸਰਲ, ਮੌਲਿਕ ਤੇ ਧੂਹ ਪਾਉਣ ਵਾਲੀ। ਮਾਲ ਮੰਡੀ ਦਾ ਨਜ਼ਾਰਾ ਵੇਖੋ:
“ਡੰਗਰਾਂ ਦੀ ਮੰਡੀ ਦੇ ਨੇੜੇ ਛੋਟੇ ਜਿਹੇ ਤੰਬੂ ਵਿਚ ਦੋ ਮੁਨਸ਼ੀ ਬੈਠੇ ਰਹਿੰਦੇ ਤੇ ਬਾਹਰ ਢੋਲੀ ਢੋਲ ਕੁੱਟੀ ਜਾਂਦਾ। ਜੱਟੀਆਂ ਆਪਣੀਆਂ ਜੁੱਤੀਆਂ ਨੂੰ ਇਕ ਦੂਜੀ ਵਿਚ ਫਸਾ ਕੇ ਆਪਣੇ ਸਿਰਾਂ ਉਤੇ ਰੱਖ ਲੈਂਦੀਆਂ ਜਿਵੇਂ ਰੋਟੀਆਂ ਦੀ ਥਹੀ ਹੁੰਦੀ ਹੈ। ਜੱਟ ਮੋਢੇ ਉਤੇ ਪਰਨਾ ਸੁੱਟੀ, ਪੈਰਾਂ ਦੇ ਜੋੜੇ ਡਾਂਗ ਉਤੇ ਟੰਗੀ, ਸਾਰਾ ਪੈਂਡਾ ਨੰਗੇ ਪੈਰੀਂ ਤੁਰ ਕੇ ਆਉਂਦੇ ਤੇ ਨੇੜਲੇ ਟੋਭੇ ‘ਚ ਪੈਰ ਧੋ ਕੇ, ਤੇਲ ਨਾਲ ਲਿਸ਼ਕਾਈ ਜੁੱਤੀ ਪਰਨੇ ਨਾਲ ਝਾੜ ਕੇ ਪੈਰੀਂ ਪਾ ਲੈਂਦੇ। ਮੱਝ ਨੂੰ ਘੇਰ ਕੇ ਛੱਪੜ ਵਿਚ ਨਵ੍ਹਾਉਂਦੇ, ਉਸ ਦੇ ਸਿੰਗਾਂ ਨੂੰ ਤੇਲ ਨਾਲ ਚੋਪੜਦੇ ਤੇ ਮੇਲੇ ‘ਚ ਆ ਵੜਦੇ।”
ਆਲੋਚਨਾ ਦਾ ਸਿਕੰਦਰ ਗੁਰਬਚਨ, ਬਲਵੰਤ ਗਾਰਗੀ ਨੂੰ ‘ਕਮਾਲ ਦਾ ਬੰਦਾ’ ਕਹਿੰਦਾ ਹੈ: ਗਾਰਗੀ ‘ਚ ਅਨੇਕਾਂ ‘ਕਮਾਲ’ ਹਨ। ਬਿਨਾਂ ‘ਕਮਾਲਾਂ’ ਦੇ ਉਹ ਗਾਰਗੀ ਨਹੀਂ ਰਹੇਗਾ। ਅਸੀਂ ਉਸ ਦੇ ‘ਕਮਾਲਾਂ’ ਨੂੰ ਪੇਸ਼ ਕਰ ਕੇ ਲੇਖਾ-ਜੋਖਾ ਕਰਨਾ ਹੈ। ਗਾਰਗੀ ਦੇ ਅਸਲ ਨੂੰ ਸਮਝਣਾ ਹੈ। ਸਮਝਣਾ ਤਾਂ ਹੈ, ਪਰ ਗਾਰਗੀ ਦਾ ਮੁਢਲਾ ਕਮਾਲ ਇਹ ਹੈ ਕਿ ਉਹ ਸਮਝਣ-ਸਮਝਾਣ ਤੋਂ ਬਰੀ ਹੈæææ ਉਹ ਪੰਜਾਬੀ ਮੰਚ ਦਾ ਲਫ਼ਟੈਣ ਹੈ। ਮਾਲਵੇ ਦੇ ਪਿੰਡਾਂ ਦੀ ਬੋਲੀ ਬਲਵੰਤ ਗਾਰਗੀ ਦੇ ਅਚੇਤ ‘ਚ ਛਿਲਤਰ ਵਾਂਗ ਖੁੱਭੀ ਹੋਈ ਹੈ। ਉਸ ਦੇ ਪਹਿਲੇ ਨਾਟਕਾਂ ‘ਚ ਇਸ ਬੋਲੀ ਦੀ ਸ਼ਕਤੀ ਨੇ ਉਸ ਦਾ ਬੜਾ ਸਾਥ ਦਿੱਤਾ। ਇਨ੍ਹਾਂ ਨਾਟਕਾਂ ਰਾਹੀਂ ਗਾਰਗੀ ਸਥਾਪਤ ਹੋਇਆ। ਉਸ ਨੇ ਅੰਗਰੇਜ਼ੀ ਦੇ ਨਾਟਕ ਪੜ੍ਹ ਕੇ ਉਨ੍ਹਾਂ ਦਾ ਸਿੱਧਾ ਪ੍ਰਭਾਵ ਕਬੂਲ ਕੀਤਾ। ਵਾਰਤਕ ਨਾਲ ਗਾਰਗੀ ਨੇ ਆਪਣੇ ਸਾਹਿਤਕ ਜੀਵਨ ‘ਚ ਨਵਾਂ ਮੋੜ ਲਿਆਂਦਾ। ਬਾਅਦ ਦਾ ਗਾਰਗੀ ਵੱਖਰਾ ਹੈ। ਗੌਸਪ ਮਸਾਲੇ ਨੂੰ ਸੁੰਦਰ ਵਾਕਾਂ ‘ਚ ਬੰਨ੍ਹਣ ਵਾਲਾ। ਚੁਸਤ ਨਸਰ ਦਾ ਨਾਢੂ ਖ਼ਾਨ। ਕਾਮ ਦੇ ਜਜ਼ਬਿਆਂ ਦਾ ਨਾਟਕਕਾਰ। ਯਾਦਾਂ ਨੂੰ ਸਵੈਜੀਵਨੀ ਤੇ ਸਵੈਜੀਵਨੀ ਨੂੰ ਨਾਵਲ ਕਹਿਣ ਵਾਲਾ ਕਲਮ-ਵਾਹਕ। ਰੋਟੀ-ਰੋਜ਼ੀ ਦੀ ਖ਼ਾਤਰ ਟੀæਵੀæ ਫਿਲਮਾਂ ਲਈ ਲਿਖਣ ਵਾਲਾ ਕਲਮ-ਝਰੀਟ। ਤਫ਼ਰੀਹ ਦੇ ਅਰਥਾਂ ਨੂੰ ਸਮਝਣ ਵਾਲਾ। ਲੁਤਫ਼ ਦੇਣ ਵਾਲਾ। ਲੁਤਫ਼ ਲੈਣ ਵਾਲਾ। ਰਸਭਰੀਆਂ ਦਾ ਸੇਲਜ਼ਮੈਨ।”
ਗਾਰਗੀ ਸੱਚਮੁੱਚ ਕਮਾਲ ਦਾ ਲੇਖਕ ਸੀ। ਉਹਦੀਆਂ ਧੁੰਮਾਂ ਦੇਸ ਪਰਦੇਸ ਦੂਰ-ਦੂਰ ਤਕ ਪਈਆਂ ਰਹੀਆਂ। ਉਸ ਦੇ ਲਿਖੇ ਰੇਖਾ-ਚਿੱਤਰ, ਨਾਟਕ, ਨਾਵਲ, ਕਹਾਣੀਆਂ, ਸਵੈਜੀਵਨੀ, ਸਫ਼ਰਨਾਮਾ ਅਤੇ ਰੰਗ ਮੰਚ ਦੇ ਖੋਜ ਪ੍ਰਬੰਧ ਸਭ ਚਰਚਿਤ ਰਹੇ। ਉਹ ਕਲਮ ਦੇ ਜ਼ੋਰ ਨਾਲ ਜੀਵਿਆ ਅਤੇ ਅਨੇਕਾਂ ਦੇਸਾਂ ਵਿਚ ਘੁੰਮਿਆ। ਉਹਦੇ ਨਾਟਕ ਭਾਰਤ ਦੇ ਸ਼ਹਿਰਾਂ ਅਤੇ ਜਰਮਨੀ, ਪੋਲੈਂਡ, ਮਾਸਕੋ, ਲੰਡਨ, ਗਲਾਸਗੋ ਤੇ ਨਿਊ ਯਾਰਕ ਵਿਚ ਖੇਡੇ ਗਏ। ਉਹਦਾ ਜੀਵਨ ਵੀ ਨਾਟਕੀ ਸੀ ਤੇ ਲਿਖਤਾਂ ਵੀ ਨਾਟਕੀ। ਨਾਟਕਾਂ ਤੇ ਸਾਹਿਤ ਦਾ ਸੇਲਜ਼ਮੈਨ ਵੀ। ਉਹ ਹੋਰਨਾਂ ਨੂੰ ਤਾਂ ਪਲੇਥਣ ਲਾਉਂਦਾ ਹੀ ਸੀ, ਆਪਣੇ ਆਪ ਨੂੰ ਵੀ ਨਹੀਂ ਸੀ ਬਖ਼ਸ਼ਦਾ। ਉਸ ਨੇ ਪੰਜਾਬੀ ਵਿਚ ਕਮਾਲ ਦੀ ਵਾਰਤਕ ਸ਼ੈਲੀ ਸਿਰਜੀ ਜਿਸ ਨੇ ਅਨੇਕਾਂ ਨਵੇਂ ਲੇਖਕਾਂ ਨੂੰ ਨਾਟਕੀ ਵਾਰਤਕ ਲਿਖਣ ਦੇ ਰਾਹ ਪਾਇਆ। ਪੰਜਾਬੀ ਵਾਰਤਕ ਨੂੰ ਸੰਵਾਰਨ ਤੇ ਸ਼ਿੰਗਾਰਨ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਬਲਵੰਤ ਗਾਰਗੀ ਦਾ ਵਿਸ਼ੇਸ਼ ਯੋਗਦਾਨ ਹੈ। ਪ੍ਰੀਤਲੜੀ ਨੇ ਕੰਘੀ ਪੱਟੀ ਕੀਤੀ ਜਿਸ ਨੂੰ ਗਾਰਗੀ ਨੇ ਸੁਰਖੀ ਬਿੰਦੀ ਲਾਈ। ਗਾਰਗੀ ਪੰਜਾਬੀ ਵਾਰਤਕ ਦਾ ਸ਼ਿੰਗਾਰ ਸੀ।
ਗਾਰਗੀ ਨੂੰ ਡਰਾਮਾ ਰਚਣਾ ਹੀ ਨਹੀਂ, ਕਰਨਾ ਵੀ ਆਉਂਦਾ ਸੀ। ਸੁਰਮਾ ਪਾਉਣਾ ਵੀ ਤੇ ਮਟਕਾਉਣਾ ਵੀ। ਉਹਦੇ ਕੋਲ ਖੰਭਾਂ ਦੀਆਂ ਡਾਰਾਂ ਬਣਾਉਣ ਦਾ ਹੁਨਰ ਸੀ ਤੇ ਝੀਤਾਂ ਵਿਚ ਦੀ ਦਿਸਦੇ ਲੁਕਵੇਂ ਨਜ਼ਾਰੇ ਵਿਖਾਉਣ ਦੀ ਕਾਰਸਤਾਨੀ। ਉਹ ਕਿਸੇ ਨੂੰ ਵਡਿਆਉਂਦਾ ਹੋਇਆ ਨਾਲ ਦੀ ਨਾਲ ਉਹਨੂੰ ਨਿੰਦੀ ਵੀ ਜਾਂਦਾ ਸੀ ਤੇ ਬਖਸ਼ਦਾ ਆਪਣੇ ਆਪ ਨੂੰ ਵੀ ਨਹੀਂ ਸੀ। ਉਸ ਨੇ ਆਪਣੇ ਬਾਰੇ ਲਿਖਿਆ, “ਮੈਂ ਗਾਰਗੀ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਉਸ ਦੀਆਂ ਲਿਖਤਾਂ, ਉਸ ਦੇ ਝੂਠੇ ਵਾਅਦਿਆਂ ਤੇ ਉਸ ਦੀਆਂ ਕਮਜ਼ੋਰੀਆਂ ਨੂੰ ਖੁਰਦਬੀਨ ਨਾਲ ਤੱਕਿਆ ਹੈ। ਉਹ ਬਹੁਤ ਸਾਰੇ ਭੁਲੇਖਿਆਂ ਦਾ ਮਰਕਜ਼ ਹੈ। ਉਸ ਦੇ ਨਾਂ ਨੂੰ ਹੀ ਲਓ: ਗਾਰਗੀ! ਕਿਤਨਾ ਬੋਗਸ ਨਾਂ ਹੈ? ਕਿਸੇ ਕੁੜੀ ਦੀ ਨਕਲ ਜਾਪਦਾ ਹੈ।æææ ਉਸ ਦਾ ਪਹਿਲਾ ਇਸ਼ਕ ਸੰਗੀਤ ਸੀ। ਸਾਹਿਤ ਵੱਲ ਤਾਂ ਉਹ ਐਵੇਂ ਹੀ ਆ ਗਿਆ, ਜਿਵੇਂ ਕੋਈ ਆਦਮੀ ਦੂਜੇ ਥਾਂ ਵਿਆਹਿਆ ਜਾਵੇ। ਨਾਟਕਕਾਰ ਵੀ ਉਸ ਨੂੰ ਹਾਲਾਤ ਨੇ ਹੀ ਬਣਾਇਆ।”
ਬਹੁਤ ਘੱਟ ਪਾਠਕਾਂ ਨੂੰ ਪਤਾ ਹੈ ਕਿ ਕਾਲਜ ਦੇ ਦਿਨੀਂ ਉਹ ਕਵਿਤਾ ਵੀ ਲਿਖਦਾ ਸੀ। ਉਸ ਨੇ ਲਗਭਗ ਤਿੰਨ ਸੌ ਕਵਿਤਾਵਾਂ ਲਿਖੀਆਂ ਸਨ। ਉਹਨਾਂ ‘ਚੋਂ ਪੰਜਾਹ ਚੁਣ ਕੇ ਉਹ ਰਾਬਿੰਦਰ ਨਾਥ ਠਾਕਰ ਕੋਲ ਲੈ ਗਿਆ ਸੀ। ਬਹੁਤ ਚਿਰ ਤੀਕ ਉਹ ਇਸ ਗੱਲ ਦਾ ਫੈਸਲਾ ਨਾ ਕਰ ਸਕਿਆ ਕਿ ਉਰਦੂ ਵਿਚ ਲਿਖੇ ਜਾਂ ਅੰਗਰੇਜ਼ੀ ਵਿਚ। ਆਖ਼ਰ ਉਸ ਨੇ ਪੰਜਾਬੀ ਵਿਚ ਲਿਖਣ ਦਾ ਫੈਸਲਾ ਕੀਤਾ, ਕਿਉਂਕਿ ਇਸ ਬੋਲੀ ਵਿਚ ਉਸ ਨੇ ਆਪਣਾ ਬਚਪਨ ਜੀਵਿਆ ਸੀ ਤੇ ਗਲੀਆਂ ਦੀ ਧੂੜ, ਰੂੜੀਆਂ ਦੀ ਬੋਅ ਅਤੇ ਚਰ੍ਹੀਆਂ ਤੇ ਪਿੱਪਲਾਂ ਦੀ ਸੁਗੰਧ ਮਾਣੀ ਸੀ।
ਲਗਭਗ ਪੰਜਾਹ ਸਾਲਾਂ ਦੇ ਰਚਨਾ ਕਾਲ ਦੌਰਾਨ ਉਸ ਨੇ ਚਾਲੀ ਕੁ ਕਿਤਾਬਾਂ ਰਚੀਆਂ। 1962 ਵਿਚ ਉਸ ਨੂੰ ਭਾਰਤੀ ਸਾਹਿਤ ਅਕਾਡਮੀ ਅਤੇ 1998 ਵਿਚ ਸੰਗੀਤ ਨਾਟਕ ਅਕਾਡਮੀ ਦੇ ਐਵਾਰਡ ਮਿਲੇ। 1972 ਵਿਚ ਪਦਮਸ੍ਰੀ ਪੁਰਸਕਾਰ ਮਿਲਿਆ। ਉਹ 4 ਦਸੰਬਰ 1916 ਤੋਂ 22 ਅਪਰੈਲ 2003 ਤਕ 86 ਸਾਲ 4 ਮਹੀਨੇ 18 ਦਿਨ ਜੀਵਿਆ। ਜੀਵਨ ਦਾ ਬਹੁਤਾ ਸਮਾਂ ਉਸ ਨੇ ਦਿੱਲੀ ਵਿਚ ਗੁਜ਼ਾਰਿਆ।
ਗੁਰਬਚਨ ਦੇ ਸ਼ਬਦਾਂ ਵਿਚ, “ਬਲਵੰਤ ਗਾਰਗੀ ਮਹਾਂਨਗਰੀ ਤਹਿਜ਼ੀਬ ਦਾ ਸ਼ਾਨਦਾਰ ਲੇਖਕ ਸੀ। ਸ਼ੋਖ਼, ਸਲੀਕੇਬੱਧ, ਕਨਾਟ ਪਲੇਸ ਦੇ ਸ਼ੋਅਰੂਮਾਂ ਦੀ ਖਿੱਚ ਵਰਗਾ। ਜ਼ਿੰਦਗੀ ਭਰ ਉਹ ਕਨਾਟ ਪਲੇਸ ਨਾਲ ਲੱਗਦੇ ਕਰਜ਼ਨ ਰੋਡ ਵਾਲੇ ਨਿੱਕੇ ਜਿਹੇ, ਆਪਣੇ ਵਾਂਗ ਮਧਰੇ, ਮੁਖ਼ਤਸਰ, ਦੋ ਕਮਰਿਆਂ ਵਾਲੇ ਘਰ ‘ਚ ਰਿਹਾ। ਜਾਂ ਕਾਹਵਾ ਘਰਾਂ ‘ਚ ਜਾਂ ਬਦੇਸ਼। ਜਾਂ ਕਿਤੇ ਵੀ ਨਹੀਂ। ਸ਼ਾਇਦ ਸੜਕਾਂ ‘ਤੇ ਜਾਂ ਹਵਾਈ ਜਹਾਜ਼ਾਂ ‘ਚ। ਉਹ ਹਰ ਥਾਂ ਮਹਿਮਾਨ ਸੀ, ਆਪਣੇ ਘਰ ਵਿਚ ਵੀ। ਉਸ ਲਈ ਇਹ ਦੁਨੀਆ ਹੋਟਲ ਸੀ। ਰਹੋ, ਮੌਜ ਕਰੋ। ਖਾਓ ਪੀਓ, ਦੋਸਤੀਆਂ ਪਾਲੋ। ਸੁਆਦਲੀਆਂ ਗੱਲਾਂ ਕਰੋ। ਇਨ੍ਹਾਂ ਸਭਨਾਂ ਬਾਰੇ ਲਿਖੋæææ ਲੁਤਫ਼ ਦੇਣ ਵਾਲੀਆਂ ਗੱਲਾਂ ਦੀ ਉਸ ਨੂੰ ਤੀਵੀਆਂ ਵਾਂਗ ਹੀ ਅਮੁੱਕ ਤਲਾਸ਼ ਸੀ। ਉਹ ਅਕਲ ਤੇ ਨਫ਼ਾਸਤ ਦੇ ਸੁਮੇਲ ‘ਚੋਂ ਲੁਤਫ਼ ਪੈਦਾ ਨਹੀਂ ਸੀ ਕਰਦਾ। ਕਾਮਕ ਜੁਗਤਾਂ ਦਾ ਸਹਾਰਾ ਲੈਂਦਾ ਸੀ। ਇਨ੍ਹਾਂ ਜੁਗਤਾਂ ਨੂੰ ਵਰਤ ਕੇ ਉਸ ਨੇ ਅਜੀਤ ਕੌਰ ਲਈ ਰਾਹ ਪੱਧਰਾ ਕੀਤਾ।”
ਉਹ 27, ਕਸਤੂਰਬਾ ਗਾਂਧੀ ਮਾਰਗ, ਦਿੱਲੀ ਦੀ ਕੋਠੀ ਦੇ ਕੁਆਟਰ ਵਿਚ ਰਹਿੰਦਾ ਸੀ। ਨੌਕਰਾਂ ਵਾਲਾ ਉਹ ਕੁਆਟਰ ਉਸ ਨੇ ਦੇਸ ਵੰਡ ਤੋਂ ਬਾਅਦ 16 ਰੁਪਏ ਕਿਰਾਏ ‘ਤੇ ਲੈ ਕੇ ਉਸ ਉਤੇ ਸਾਰੀ ਉਮਰ ਕਬਜ਼ਾ ਜਮਾਈ ਰੱਖਿਆ। ਮੁਕੱਦਮੇਬਾਜ਼ੀ ਹੋਈ, ਪਰ ਉਸ ਨੇ ਕੁਆਟਰ ਨਾ ਛੱਡਿਆ। ਉਸ ਵਿਚ ਸੈਂਕੜੇ ਕਲਾਕਾਰ ਆਏ ਤੇ ਗਏ ਜਿਨ੍ਹਾਂ ਦਾ ਜ਼ਿਕਰ ਗਾਰਗੀ ਦੀਆਂ ਲਿਖਤਾਂ ਵਿਚ ਹੁੰਦਾ ਰਿਹਾ। ਉਹ ਟਿਕਾਣਾ ਉਸ ਨੇ ਉਦੋਂ ਛੱਡਿਆ ਜਦੋ ਉਹ ਬੁੱਢਾ ਹੋ ਗਿਆ। ਉਸ ਦੀ ਧੀ ਜੱਨਤ ਆਪਣੀ ਮਾਂ ਨਾਲ ਅਮਰੀਕਾ ਚਲੀ ਗਈ ਸੀ ਤੇ ਪੁੱਤ ਮਨੂੰ ਮੁੰਬਈ ਪਹੁੰਚ ਗਿਆ ਸੀ।
ਉਸ ਦਾ ਘਰ ਸੱਚਮੁੱਚ ਨਿੱਕਾ ਸੀ, ਪਰ ਇਸ ਵਿਚ ਸਭ ਕੁਝ ਮੌਜੂਦ ਸੀ। ਦਲਾਨ, ਵਰਾਂਡਾ, ਕਿਚਨ, ਸਟੋਰ ਤੇ ਗੁਸਲਖਾਨਾ। ਨੌਕਰ ਲਈ ਨਿੱਕਾ ਸਰਵੈਂਟ ਰੂਮ। ਸੰਤ ਸਿੰਘ ਸੇਖੋਂ ਇਸ ਨੂੰ ਛੋਟੀ ਰਿਆਸਤ ਦਾ ਨਾਂ ਦਿੰਦਾ ਸੀ। ਕਾਲੀ ਚੁਗਾਠ ਵਿਚ ਜੜਿਆ ਪੀਲਾ ਦਰਵਾਜ਼ਾ। ਕੰਧ ‘ਤੇ ਲੱਗੀ ਨੇਮ ਪਲੇਟ। ਕਾਲੇ ਰੰਗ ਨਾਲ ਅੰਗਰੇਜ਼ੀ ‘ਚ ਮੋਟਾ ਸਾਰਾ ਲਿਖਿਆ ‘ਗਾਰਗੀ’।
ਉਹਦੇ ਘਰ ਦਾ ਨਕਸ਼ਾ ਗਾਰਗੀ ਦੀ ਲਿਖਤ ਵਿਚ ਇੰਜ ਹੈ, “ਕਰਜ਼ਨ ਰੋਡ ਦੀ ਇਕ ਕੋਠੀ ਦੀ ਗੁੱਠ ਵਿਚ ਉਸ ਦਾ ਘਰ ਹੈ ਜਿਸ ਦੇ ਪਿਛੇ ਧੋਬੀਆਂ, ਖ਼ਾਨਸਾਮਿਆਂ ਤੇ ਨਾਈਆਂ ਦੀਆਂ ਖੋਲੀਆਂ ਹਨ। ਉਨ੍ਹਾਂ ਵਿਚ ਉਸ ਦੇ ਘਰ ਦਾ ਪੀਲਾ ਦਰਵਾਜ਼ਾ ਚਮਕਦਾ ਹੈ। ਅੰਦਰ ਜਾਓ ਤਾਂ ਸਾਹਮਣੇ ਹੀ ਫੁੱਲਾਂ ਨਾਲ ਸਿੰæਗਾਰਿਆ ਖ਼ੂਬਸੂਰਤ ਕਮਰਾ ਹੈ। ਫਰਾਂਸੀਸੀ ਸਟਾਈਲ ਦਾ ਬੂਹਾ ਤੇ ਰੰਗਦਾਰ ਪਰਦਿਆਂ ਵਾਲੇ ਸ਼ੀਸ਼ੇ ਹਨ। ਇਹ ਕਮਰਾ ਉਸ ਦੇ ਨੌਕਰ ਦਾ ਹੈ। ਉਸ ਦਾ ਆਪਣਾ ਕਮਰਾ ਇਸ ਨਾਲੋਂ ਬਹੁਤ ਘਟੀਆ ਹੈ।”
ਇਕ ਲੇਖਕ ਨੇ ਤਾਂ ਇਥੋਂ ਤਕ ਲਿਖ ਦਿੱਤਾ ਕਿ ਦਿੱਲੀ ਦੇ ਰਾਸ਼ਟਰਪਤੀ ਭਵਨ ਤੋਂ ਬਾਅਦ ਗਾਰਗੀ ਦਾ ਕੁਆਟਰ ਵੇਖਣ ਵਾਲੀ ਜਗ੍ਹਾ ਸੀ। ਉਹ ਕੁਆਟਰ ਕਾਹਦਾ, ਕਾਸ਼ਨੀ ਵਿਹੜਾ ਸੀ ਜਿਸ ਉਤੇ ‘ਕਾਸ਼ਨੀ ਵਿਹੜਾ’ ਨਾਵਲ ਉਸਾਰਿਆ ਗਿਆ। ਉਹਦੇ ਉਤੇ ਗਾਰਗੀ ਦਾ ਰਿਹਾਇਸ਼ੀ ਕਬਜ਼ਾ ਸੀ। ਬਾਅਦ ਵਿਚ ਫਲੈਟ ਬਣਨ ਲੱਗੇ ਤਾਂ ਕਬਜ਼ਾ ਛੱਡਣ ਬਦਲੇ ਗਾਰਗੀ ਬਣਨ ਵਾਲੀ ਬਿਲਡਿੰਗ ‘ਚੋਂ ਫਲੈਟ ਮੰਗਦਾ ਸੀ। ਫਲੈਟ ਦੀ ਥਾਂ ਉਸ ਨੂੰ ਚੋਖੇ ਪੈਸੇ ਮਿਲੇ। ਆਖ਼ਰ ਮਹਾਜਨ ਪੁੱਤ ਸੀ, ਸੇਲਜ਼ਮੈਨ।
ਗੁਲਜ਼ਾਰ ਸੰਧੂ ‘ਕਾਸ਼ਨੀ ਵਿਹੜੇ ਵਾਲਾ ਗਾਰਗੀ’ ਲੇਖ ਵਿਚ ਲਿਖਦਾ ਹੈ, “ਮਾਲਕਾਂ ਨੇ ਇਹ ਥਾਂ ਵੀਡੀਓਕਾਨ ਵਾਲਿਆਂ ਨੂੰ ਬਹੁਮੰਜ਼ਲੀ ਇਮਾਰਤ ਬਣਾਉਣ ਲਈ ਵੇਚ ਦਿੱਤੀ ਸੀ। ਬਲਵੰਤ ਗਾਰਗੀ ਨੂੰ ਖਾਲੀ ਕਰਨੀ ਪਈ ਤਾਂ ਪੈਸੇ ਵਾਲਿਆਂ ਨੇ ਮੂੰਹ ਮੰਗੀ ਪਗੜੀ ਗਾਰਗੀ ਨੂੰ ਦਿੱਤੀ। ਕਈ ਲੱਖ ਰੁਪਏ। ਗਾਰਗੀ ਇਹ ਸਾਰੇ ਦੇ ਸਾਰੇ ਪੈਸੇ ਆਪਣੇ ਬੋਝੇ ਵਿਚ ਪਾ ਸਕਦਾ ਸੀ, ਪਰ ਨਹੀਂ। ਉਸ ਨੇ ਸਭ ਤੋਂ ਪਹਿਲਾਂ ਲੰਮੇ ਸਮੇਂ ਦੇ ਸੇਵਾਦਾਰ ਕਿਸ਼ੋਰੀ ਨੂੰ ਬੁਲਾ ਕੇ ਮਾਇਆ ਨਾਲ ਉਸ ਦਾ ਪੱਲਾ ਭਰ ਦਿੱਤਾ। ਕਿੰਨੇ ਲੱਖ? ਇਹ ਅੰਕੜੇ ਹੈਰਾਨ ਕਰਨ ਵਾਲੇ ਵੀ ਹਨ। ਕਾਸ਼ਨੀ ਵਿਹੜੇ ਵਾਲਾ ਗਾਰਗੀ ਲੱਖਦਾਤਾ ਵੀ ਸੀ। ਇਸ ਸੁੱਚੀ ਸੋਚ ਦੀ ਕਣੀ ਉਸ ਨੂੰ ਪੇਂਡੂ ਵਿਰਸੇ ਤੋਂ ਮਿਲੀ ਸੀ ਜਿਸ ਨੂੰ ਉਸ ਨੇ ਦਿੱਲੀ ਦੱਖਣ ਤਾਂ ਕੀ ਦੇਸ-ਦੇਸਾਂਤਰਾਂ ਤਕ ਆਪਣੀ ਹਿੱਕ ਨਾਲ ਲਾਈ ਰੱਖਿਆ। ਮੌਤ ਤੋਂ ਬਾਅਦ ਆਪਣੇ ਫੁੱਲਾਂ ਦਾ ਪਰਵਾਹ ਬਠਿੰਡੇ ਵਾਲੀ ਨਹਿਰ ਦੇ ਲੇਖੇ ਲਾਉਣ ਦੀ ਵਸੀਅਤ ਕਰਨਾ ਵੀ ਇਸੇ ਸੋਚ ਦੀ ਉਪਜ ਸੀ।
1958 ਤੋਂ 1985 ਤਕ ਸੰਧੂ ਨੇ ਕਾਸ਼ਨੀ ਵਿਹੜੇ ਦੇ ਅਨੇਕਾਂ ਰੰਗ ਵੇਖੇ। ਅਣਗਿਣਤ ਸਵੇਰਾਂ, ਦੁਪਹਿਰਾਂ ਤੇ ਸ਼ਾਮਾਂ ਉਥੇ ਗੁਜ਼ਾਰੀਆਂ। ਉਥੇ ਆਸ਼ਕਾਂ ਨੂੰ ਇਸ਼ਕ ਫਰਮਾਉਂਦਿਆਂ ਤੇ ਚੋਰਾਂ ਨੂੰ ਚੋਰੀ ਕਰਦਿਆਂ ਫੜਿਆ। ਜੀਨੀ ਦਾ ਡੋਲਾ ਉਥੇ ਹੀ ਉਤਰਿਆ ਸੀ। ਉਥੇ ਦਿੱਲੀ ਦੀ ਮਾਰ ਧਾੜ ਦੇ ਸ਼ਿਕਾਰ ਤਾਰਾ ਸਿੰਘ ਦੇ ਪਰਿਵਾਰ ਨੂੰ ਪਨਾਹ ਮਿਲੀ ਤੇ ਸੰਧੂ ਵਰਗਿਆਂ ਨੂੰ ਪੱਕੀ ਠਾਹਰ। ਗਾਰਗੀ ਦੀ ਗੈæਰਹਾਜ਼ਰੀ ਵਿਚ ਉਹ ਉਸ ਘਰ ਦੇ ਪੂਰੇ ਮਾਲਕ ਹੁੰਦੇ। ਮੁਰਗੇ ਭੁੰਨਦੇ ਤੇ ਡੱਟ ਖੁੱਲ੍ਹਦੇ; ਪਰ ਜੋ ਮਜ਼ਾ ਬਲਵੰਤ ਦੀ ਹਾਜ਼ਰੀ ਵਿਚ ਆਉਂਦਾ, ਉਹ ਗੈæਰਹਾਜ਼ਰੀ ਵਿਚ ਨਾ ਆਉਂਦਾ। ਗਾਰਗੀ ਦੇ ਹੱਥਾਂ ਦੀ ਬਣੀ ਮਾਹਾਂ ਦੀ ਦਾਲ ਤੇ ਸੂਜੀ ਦੇ ਕੜਾਹ ਵਰਗਾ ਮਜ਼ਾ ਹੋਰ ਕਿਸੇ ਦੇ ਬਣਾਏ ਪਕਵਾਨ ਵਿਚ ਨਹੀਂ ਸੀ ਹੁੰਦਾ; ਉਸ ਦੇ ਸੇਵਾਦਾਰ ਕਿਸ਼ੋਰੀ ਦੇ ਪਕਵਾਨ ਵਿਚ ਵੀ ਨਹੀਂ।”
ਕਾਸ਼ਨੀ ਵਿਹੜੇ ਬਾਰੇ ਗਾਰਗੀ ਦਾ ਕਥਨ ਹੈ, “ਕਾਸ਼ਨੀ ਵਿਹੜਾ ਪ੍ਰੰਪਰਾਗਤ ਤੌਰ ‘ਤੇ ਨਾ ਨਾਵਲ ਹੈ, ਨਾ ਸਵੈਜੀਵਨੀ। ਇਹ ਮੇਰੀ ਸਵੈਜੀਵਨੀ ‘ਤੇ ਆਧਾਰਿਤ ਨਾਵਲ ਹੈ ਜਿਸ ਨੂੰ ਨਿਵੇਕਲੀ ਸਾਹਿਤਕ ਵਿਧੀ ਦਾ ਨਾਂ ਦਿੱਤਾ ਜਾ ਸਕਦਾ ਹੈ।”
ਕਾਸ਼ਨੀ ਵਿਹੜੇ ਦਾ ਦ੍ਰਿਸ਼, “ਹਨੇਰਾ ਸੰਘਣਾ ਹੋ ਗਿਆ, ਪੀਲਾ ਚੰਦ ਨਿਕਲ ਆਇਆ ਅਤੇ ਇਸ ਦੀਆਂ ਕਿਰਨਾਂ ਕਾਸ਼ਨੀ ਫੁੱਲਾਂ ਵਾਲੇ ਪਤਲੇ ਦਰੱਖਤ ਵਿਚੋਂ ਦੀ ਛਣ ਕੇ ਵਿਹੜੇ ਵਿਚ ਪੈਣ ਲੱਗੀਆਂ। ਸਾਰੇ ਵਿਹੜੇ ਵਿਚ ਚਾਂਦਨੀ ਲਿਪੀ ਹੋਈ ਸੀ ਅਤੇ ਕਾਸ਼ਨੀ ਫੁੱਲਾਂ ਦੀ ਮਹਿਕ ਨੇ ਚੁਫ਼ੇਰੇ ਟੂਣਾ ਕਰ ਰੱਖਿਆ ਸੀ।”
“ਕਾਸ਼ਨੀ ਵਿਹੜਾ ਦੂਸਰੀ ਸੰਸਾਰ ਜੰਗ ਤੋਂ ਲੈ ਕੇ ਹੁਣ ਤਕ ਦੀਆਂ ਪ੍ਰਮੁੱਖ ਵਿਸ਼ਵ ਵਿਆਪੀ ਘਟਨਾਵਾਂ ਦਾ ਅਹਿਮ ਅਤੇ ਵਿਕਲੋਤਰਾ ਦਸਤਾਵੇਜ਼ ਹੈ। ਕਾਸ਼ਨੀ ਵਿਹੜਾ ਸੱਚ ਤੇ ਸੁਪਨੇ, ਅਸਲੇ ਤੇ ਉਹਲੇ, ਹਕੀਕਤ ਤੇ ਤਸੱਵੁਰ ਦਾ ਸੁਮੇਲ ਹੈ।”
ਕੁਝ ਹੋਰ ਦ੍ਰਿਸ਼, “ਸਾਹਮਣੇ ਸਮੁੰਦਰ ਦੀਆਂ ਲਹਿਰਾਂ ਪੱਥਰਾਂ ਨਾਲ ਟਕਰਾ ਕੇ ਉਛਲਦੀਆਂ, ਡਿੱਗ ਪੈਂਦੀਆਂ, ਸੂਹੇ ਤੇ ਜਾਮਨੀ ਰੰਗ, ਮਖਮਲੀ ਲਹਿਰਾਂ, ਡੁੱਬਦਾ ਹੋਇਆ ਸੰਗਤਰੇ ਰੰਗਾ, ਅੱਧ-ਡੁੱਬਿਆ ਸੂਰਜ, ਨੀਲੀਆਂ ਤੇ ਗੇਰੂ ਰੰਗੀਆਂ ਲਹਿਰਾਂ ‘ਤੇ ਸਲੇਟੀ ਰੰਗ ਫੇਰ ਰਿਹਾ ਸੀ।”
“ਖਿੜਕੀ ਵਿਚੋਂ ਸੂਰਜ ਦੀ ਪੀਲੀ ਉਦਾਸ ਰੋਸ਼ਨੀ ਆ ਰਹੀ ਸੀ। ਮੈਂ ਖਿੜਕੀ ਵਿਚੋਂ ਦੇਖਿਆ, ਪੀਲਾ ਉਦਾਸ, ਬਿਮਾਰ ਸੂਰਜ ਅਸਮਾਨ ਵਿਚ ਕੰਬ ਰਿਹਾ ਸੀ।”
“ਉਸ ਦੀਆਂ ਨੀਲੀਆਂ ਮਣਕਿਆਂ ਵਰਗੀਆਂ ਅੱਖਾਂ ਥਿਰਕੀਆਂ। ਉਸ ਦੇ ਚਿਹਰੇ ਉਤੇ ਬਰੀਕ ਝੁਰੜੀਆਂ ਦਾ ਜਾਲ ਸੀ।”
ਗੁਲਵੰਤ ਫਾਰਿਗ ਦੀ ਟਿੱਪਣੀ ਹੈ, “ਗਾਰਗੀ ਦੋਹਰੀ ਕਾਟ ਕਰਨ ਵਾਲੀ ਉਹ ਕਟਾਰ ਸੀ ਜਿਸ ਨਾਲ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤੀ ਅਤੇ ਕੂਟਨੀਤੀ ਦੀ ਚੀਰਫਾੜ ਕਰਦਾ ਹੈ ਅਤੇ ਕਿਸੇ ਵੱਡੇ ਤੋਂ ਵੱਡੇ ਵਿਅਕਤੀ ਨੂੰ ਵੀ ਨਹੀਂ ਬਖ਼ਸ਼ਦਾ। ਉਹ ਆਪਣੇ ਪਾਠਕਾਂ ਵਿਚ ਜਜ਼ਬਿਆਂ ਦੀ ਅੱਗ ਸੁਲਗਾਉਂਦਾ ਹੈ, ਭਾਵਨਾਵਾਂ ਦੀ ਆਤਿਸ਼ ਭੜਕਾਉਂਦਾ ਹੈ, ਉਨ੍ਹਾਂ ਨੂੰ ਮੰਤਰ ਮੁਗਧ ਕਰਨ ਲਈ। ਫਿਰ ਉਹ ਉਨ੍ਹਾਂ ਨੂੰ ਤਰਕ ਦੀ ਚਪੇੜ ਮਾਰ ਕੇ, ਉਨ੍ਹਾਂ ਨੂੰ ਭਾਵੁਕਤਾ ਦੀ ਨੀਂਦ ਤੋਂ ਜਗਾਉਣ ਦਾ ਯਤਨ ਕਰਦਾ ਹੈ। ਇਹ ਉਸ ਦਾ ਆਪਣਾ ਵਿਸ਼ੇਸ਼ ਅਤੇ ਵਿਲੱਖਣ ਅੰਦਾਜ਼ ਹੈ।”
ਦਰਸ਼ਨ ਸਿੰਘ ਦੱਸਦਾ ਹੈ ਕਿ ਗਾਰਗੀ ਹਮੇਸ਼ਾ ਸ਼ੈਕਸਪੀਅਰ, ਚੈਖੋਵ ਤੇ ਇਬਸਨ ਦੀਆਂ ਗੱਲਾਂ ਕਰਦਾ ਸੀ। ਦੇਵ ਰਾਜ ਚਾਨਣਾ ਉਸ ਨੂੰ ਗੁਲਵੰਤ ਬਾਰਗੀ ਸੱਦਦਾ ਸੀ। ਗਾਰਗੀ ਖਸਿਆਣਾ ਹਾਸਾ ਹੱਸਦਾ। ਸਮਕਾਲੀ ਨਾਟਕਕਾਰਾਂ ਬਾਰੇ ਕਹਿੰਦਾ, ਅਸੀਂ ਅਜੇ ਤਕ ਭੰਡ ਤੇ ਨਕਲੀਏ ਹੀ ਪੈਦਾ ਕੀਤੇ ਨੇ। ਕਨਾਟ ਪਲੇਸ ਵੱਲੋਂ ਪੈਂਦੀ ਪਹਿਲੀ ਕੋਠੀ ਦੇ ਪਿਛਵਾੜੇ ਇਕ ਕੁਆਟਰ ਵਿਚ ਰਹਿੰਦਾ ਸੀ। ਛੋਟੇ-ਛੋਟੇ ਦੋ ਕਮਰੇ ਸਨ। ਉਨ੍ਹਾਂ ਅੱਗੇ ਛੋਟਾ ਜਿਹਾ ਅੱਗਿਉਂ ਕੱਜਿਆ ਮਹਿਰਾਬੀ ਵਰਾਂਡਾ ਸੀ। ਨਾਲ ਛੋਟੀ ਜਿਹੀ ਰਸੋਈ ਸੀ ਤੇ ਉਸੇ ਹੀ ਪੈਮਾਨੇ ਦਾ ਛੋਟਾ ਜਿਹਾ ਗੁਸਲਖਾਨਾ। ਅੱਗੇ ਛੋਟਾ ਜਿਹਾ ਵਿਹੜਾ, ਛੋਟਾ ਜਿਹਾ ਬੂਟਾ ਜਿਸ ਨੂੰ ਛੋਟੇ-ਛੋਟੇ ਕਾਸ਼ਨੀ ਫੁੱਲ ਲੱਗਦੇ। ਕੰਧ ‘ਤੇ ਮੋਟੀ ਉਕਰੀ ਗਣੇਸ਼ ਦੀ ਮੂਰਤੀ ਸੀ। ਘਰ ਕਾਹਦਾ, ਮੁਸਾਫ਼ਰਖਾਨਾ ਸੀ। ਜਾਣ ਲੱਗਾ ਚਾਬੀ ਢਾਬੇ ਵਾਲੇ ਕੋਲ ਛੱਡ ਜਾਂਦਾ। ਇਕੇਰਾਂ ਤਿੰਨ ਵਰ੍ਹੇ ਯੂਰਪ ਰਿਹਾ। ਫੈਜ਼ ਅਹਿਮਦ ਫੈਜ਼, ਕ੍ਰਿਸ਼ਨ ਚੰਦਰ, ਰਾਜਿੰਦਰ ਬੇਦੀ, ਕਵੀ ਪਾਬਲੋ ਨਰੂਦਾ, ਸਰਦਾਰ ਜਾਫਰੀ, ਹਬੀਬ ਤਨਵੀਰ, ਅੰਮ੍ਰਿਤਾ, ਨਵਤੇਜ, ਸੁਰਿੰਦਰ, ਰੇਸ਼ਮਾ, ਹਾਜੀ ਸਾਹਿਬ ਤੇ ਸਾਵਣ ਖਾਨ, ਤਾਰਾ ਚੰਦ ਗੁਪਤਾ, ਅਚਲਾ ਸੱਚਦੇਵ ਤੇ ਖੁਸ਼ਵੰਤ ਸਿੰਘ, ਸਭ ਉਸ ਮੁਸਾਫ਼ਰਖਾਨੇ ‘ਚ ਆਏ। ਆਇਨਸਟੇਨ ਦੀ ਮਾਸ਼ੂਕਾ ਮੇਰੀ ਸਟੇਨ ਨੇ ਕਾਸ਼ਨੀ ਵਿਹੜੇ ‘ਚ ਬਹਿ ਕੇ ਸੱਤਿਆਜੀਤ ਦੀ ਜੀਵਨੀ ਲਿਖੀ। ਗਾਰਗੀ ਨੇ ‘ਸਵੇਰਾ’ ਮਾਸਕ ਕੱਢਿਆ ਜੋ ਦੋ ਚਾਰ ਮਹੀਨੇ ਹੀ ਚੱਲਿਆ। ਉਹਦੀ ਭੈਣ ਦੇਵਕੀ ਤੇ ਭਣਵੱਈਏ ਗੋਪਾਲ ਨੇ ਸਹਿਯੋਗ ਦਿੱਤਾ, ਪਰ ਸਵੇਰਾ ਛੇਤੀ ਹੀ ਲੋਪ ਹੋ ਗਿਆ।
ਗੁਲਜ਼ਾਰ ਸੰਧੂ ਬਿਮਾਰ ਗਾਰਗੀ ਨੂੰ ਮੁੰਬਈ ਮਿਲਣ ਜਾਣ ਤੋਂ ਪਹਿਲਾਂ ਕਾਸ਼ਨੀ ਵਿਹੜਾ ਵੇਖਣ ਗਿਆ ਸੀ। ਮੁੰਬਈ ਜਾ ਕੇ ਗਾਰਗੀ ਨੂੰ ਦੱਸਿਆ ਕਿ ਉਥੇ ਬੁਲਡੋਜ਼ਰ ਚੱਲ ਰਿਹਾ ਸੀ। ਡੌਰ ਭੌਰੇ ਗਾਰਗੀ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਹੜੇ ਵਿਹੜੇ ਦੀ ਗੱਲ ਕਰ ਰਿਹਾ ਸੀ। ਉਹ ਉਹਦੀ ਸੰਧੂ ਨਾਲ ਆਖ਼ਰੀ ਮੁਲਕਾਤ ਸੀ।
ਸੰਧੂ ਲਿਖਦਾ ਹੈ, “ਮੇਰਾ ਮੱਤ ਹੈ ਕਿ ਬਲਵੰਤ ਗਾਰਗੀ ਨੂੰ ਬਣਾਉਣ ਤੇ ਉਖੇੜਨ ਵਿਚ ਉਸ ਦੇ ਕਰਜ਼ਨ ਰੋਡ ਵਾਲੇ ਕਾਸ਼ਨੀ ਵਿਹੜੇ ਦਾ ਵੀ ਦਖਲ ਹੈ। ਵਿਹੜੇ ਦੇ ਖੁੱਸਣ ਦਾ ਧੱਕਾ, ਉਸ ਨੂੰ ਬੀਵੀ ਦੇ ਖੁੱਸਣ ਨਾਲੋਂ ਵੱਡਾ ਧੱਕਾ ਲੱਗਾ ਸੀ। ਵਿਹੜਾ ਹੋਵੇ ਤਾਂ ਬੀਵੀਆਂ ਆ ਜਾਂਦੀਆਂ ਹਨ, ਪਰ ਬੀਵੀ ਵਿਹੜਾ ਨਹੀਂ ਲਿਆ ਸਕਦੀ। ਮੈਂ ਇਸ ਵਿਹੜੇ ਵਿਚ ਨਾਟਕਾਂ ਨੂੰ ਫੜਫੜਾਉਂਦੇ ਤੇ ਵਾਰਤਾਲਾਪਾਂ ਨੂੰ ਤਾਰੀਆਂ ਲਾਉਂਦੇ ਤੱਕਿਆ ਹੈ। ਗਾਰਗੀ ਦੇ ਵਿਹੜੇ ਥੁੜਾਂ ਵੀ ਆਈਆਂ ਤੇ ਲੁੱਟਾਂ ਵੀ। ਉਸ ਦੀਆਂ ਜੜ੍ਹਾਂ ਬਠਿੰਡੇ ਦੀ ਰੇਤ ਵਿਚ ਸਨ। ਗਾਰਗੀ ਜੋ ਵੀ ਲਿਖਦਾ, ਉਸ ਦੇ ਫਿਕਰਿਆਂ ਵਿਚਲੇ ਸ਼ਬਦ ਬਠਿੰਡੇ ਦੀ ਕੱਚੀ ਰੇਤ ਵਿਚੋਂ ਉਡ ਕੇ ਆਏ ਜਾਪਦੇ। ਮਲ੍ਹਿਆਂ ਦੇ ਬੇਰਾਂ ਵਰਗੀ ਮਿਠਾਸ, ਜੰਗਲੀ ਕਰੇਲਿਆਂ ਵਰਗੀ ਕੁੜੱਤਣ।”
ਕਾਸ਼ਨੀ ਵਿਹੜੇ ਤੋਂ ਪਿੱਛੋਂ ਉਸ ਨੇ ਤਿੰਨ ਥਾਈਂ, ਚੰਡੀਗੜ੍ਹ ਦੀ ਮੋਟਰ ਮਾਰਕਿਟ ਦੇ ਪਿੱਛੇ, ਦੱਖਣੀ ਦਿੱਲੀ ਦੇ ਪੰਚ ਸ਼ੀਲ ਇਲਾਕੇ ਵਿਚ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਉਤੇ ਗਾਰਗੀ ਨਿਵਾਸ ਬਣਾਉਣ ਦੇ ਯਤਨ ਕੀਤੇ, ਪਰ ਉਹ ਬਣ ਨਹੀਂ ਸਕੇ। ਉਮਰ ਦੇ ਆਖ਼ਰੀ ਦਿਨ ਉਸ ਨੇ ਮੁੰਬਈ ਵਿਚ ਕੱਟੇ।
ਕਾਸ਼ਨੀ ਵਿਹੜਾ ਵਿਕ ਜਾਣ ਪਿੱਛੋਂ ਉਹ ਕੁਝ ਸਮਾਂ ਗਰੇਟਰ ਕੈਲਾਸ਼ ਦਿੱਲੀ ਕਿਰਾਏ ਦੀ ਕੋਠੀ ਵਿਚ ਰਿਹਾ। ਫਿਰ ਚੰਡੀਗੜ੍ਹ ਆਪਣੇ ਭਤੀਜੇ ਕੋਲ ਆ ਗਿਆ। ਗੁਲਜ਼ਾਰ ਸੰਧੂ ਉਦੋਂ ਚੰਡੀਗੜ੍ਹ ਹੀ ਸੀ। ਇਕ ਦਿਨ ਗਾਰਗੀ ਦਾ ਅਚਾਨਕ ਫੋਨ ਆਇਆ। ਫੋਨ 19 ਸੈਕਟਰ, ਚੰਡੀਗੜ੍ਹ, ਉਸ ਦੇ ਭਰਾ ਦੇ ਘਰੋਂ ਸੀ। ਸੰਧੂ ਸਿੱਧਾ 19 ਸੈਕਟਰ ਵਾਲੇ ਘਰ ਪੁੱਜਾ। ਸਾਧਾਰਨ ਦਿੱਖ ਤੇ ਹਸਮੁੱਖ ਚਿਹਰੇ ਵਾਲੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਤੇ ‘ਤਾਇਆ ਜੀ’ ਕਹਿ ਕੇ ਗਾਰਗੀ ਨੂੰ ਹਾਕ ਮਾਰੀ। ਸੰਧੂ ਹੈਰਾਨ ਹੋਇਆ ਕਿ ਗਾਰਗੀ ਕਿਸੇ ਦਾ ਤਾਇਆ ਵੀ ਹੋ ਸਕਦਾ ਸੀ। ਬਲਵੰਤ ਗਾਰਗੀ ਨੇ 50 ਸਾਲ ਛੜਾ ਰਹਿਣ ਪਿੱਛੋਂ ਵਿਆਹੁਤਾ ਜੀਵਨ ਦੇ ਥੋੜ੍ਹੇ ਸਾਲ ਹੀ ਬਿਤਾਏ ਸਨ। ਹੁਣ ਉਹ ਭਤੀਜੇ ਭਤੀਜਿਆਂ ਵਾਲਾ ਸੀ, ਇਹ ਕਦੇ ਸੋਚਿਆ ਹੀ ਨਹੀਂ ਸੀ। ਗਾਰਗੀ ਦੇ ਦੋਸਤਾਂ ਨੇ ਉਸ ਨੂੰ ਗਰਗ ਪਰਿਵਾਰ ਤੋਂ ਲਾਂਭੇ ਸਮਝ ਰੱਖਿਆ ਸੀ। ਤਾਇਆ ਜੀ ਕਹਿਣ ਵਾਲੀ ਬੀਬੀ ਦਾ ਨਾਂ ਦੀਪੀ ਸੀ ਤੇ ਉਹ ਗਾਰਗੀ ਦੇ ਛੋਟੇ ਭਰਾ ਦੀ ਨੂੰਹ ਸੀ।
ਸੰਧੂ ਲਿਖਦੈ, “ਮੈਂ ਵੇਖਿਆ ਕਿ ਸਿਆਣਾ ਤੇ ਥੋੜ੍ਹਾ ਕੁੱਬਾ ਹੋਇਆ ਮਨੁੱਖ ਸਹਿਜੇ-ਸਹਿਜੇ ਮੇਰੇ ਵੱਲ ਵਧ ਰਿਹਾ ਹੈ। ਛੇਤੀ ਹੀ ਉਸ ਦੀ ਰਫ਼ਤਾਰ ਤੇ ਗੁਫ਼ਤਾਰ ਬਲਵੰਤ ਗਾਰਗੀ ਵਾਲੀ ਹੋ ਗਈ, ਚਿਹਰੇ ਉਤੇ ਮੁਸਕਰਾਹਟ। ਜੱਫੀ ਪਾਉਣ ਲਈ ਖੋਲ੍ਹੀਆਂ ਬਾਹਾਂ। ਪੂਰਾ ਤਪਾਕ। ਅੱਖਾਂ ਵਿਚ ਪਹਿਲਾਂ ਵਾਲੀ ਹੀ ਚਮਕ। ਅਸੀਂ ਜੱਫੀ ਪਾ ਕੇ ਮਿਲੇ। ਮੈਨੂੰ ਬੈਠਣ ਦਾ ਇਸ਼ਾਰਾ ਕਰ ਕੇ ਉਹ ਆਪ ਵੀ ਬੈਠ ਗਿਆ। ਉਸ ਦੇ ਖੱਬੇ ਹੱਥ ਨਵਯੁਗ ਵੱਲੋਂ ਪ੍ਰਕਾਸ਼ਤ ‘ਬਲਵੰਤ ਗਾਰਗੀ ਦੇ ਨਾਟਕ’ ਦੀਆਂ ਦੋ ਕਾਪੀਆਂ ਪਈਆਂ ਸਨ। ਉਸ ਨੇ ਇਕ ਕਾਪੀ ਮੈਨੂੰ ਦਿੱਤੀ ਤੇ ਮੇਰੇ ਕਹਿਣ ਉਤੇ ਭੇਟਾ ਵਜੋਂ ਕੁਝ ਸ਼ਬਦ ਲਿਖੇ। ਇੱਗੜ ਦੁੱਗੜੇ। ਗੱਗਾ, ਲੱਲਾ ਤੇ ਇਨ੍ਹਾਂ ਤੋਂ ਥੋੜ੍ਹੀ ਦੂਰ ‘ਤੇ ਅੱਧਾ ਕੁ ਜੱਜਾ ਤੇ ਰਾਰਾ। ਇਨ੍ਹਾਂ ਦੇ ਥੱਲੇ ਸਾਫ਼ ਤੇ ਸੁਥਰੇ ਚਾਰ ਅੱਖਰ ਸਬਾਹ, ਦਸਤਖ਼ਤ ਤੇ ਤਾਰੀਖ਼æææ। ਮੈਂ ਉਸ ਦੇ ਮੂੰਹ ਵੱਲ ਵੇਖਿਆ। ਉਹ ਕਹਿਣ ਲੱਗਾ, ‘ਠੀਕ ਹੈ ਨਾ ਗੁਲਜ਼ਾਰ ਨੂੰ ਜੋ ਸਦਾਬਹਾਰ ਹੈ’। ਉਸ ਦੇ ਦੱਸਣ ਉਤੇ ਹੀ ਮੈਨੂੰ ਸਮਝ ਆਈ ਕਿ ਉਸ ਨੇ ਮੇਰੇ ਲਈ ਕੀ ਸ਼ਬਦ ਲਿਖਿਆ ਸੀ।”
ਲਿਖਣ ਵਿਚ ਹਮੇਸ਼ਾ ਸਰਗਰਮ ਰਹਿਣ ਵਾਲੇ ਗਾਰਗੀ ਤੋਂ ਹੁਣ ਚਾਰ ਲਫ਼ਜ਼ ਲਿਖਣੇ ਵੀ ਕਾਬੂ ਵਿਚ ਨਹੀਂ ਸਨ ਆ ਰਹੇ!
ਨਿਥਾਵੇਂ ਗਾਰਗੀ ਨੂੰ ਫਿਰ ਪੰਜਾਬੀ ਯੂਨੀਵਰਸਿਟੀ ਨੇ ਪ੍ਰੋਫ਼ੈਸਰ ਆਫ਼ ਐਮੀਨੈਂਸ ਲਾ ਕੇ ਮੋਟੀ ਤਨਖਾਹ ਬੰਨ੍ਹ ਦਿੱਤੀ ਅਤੇ ਯੂਨੀਵਰਸਿਟੀ ਕੈਂਪਸ ਵਿਚ ਨਿਵਾਸ ਦੀਆਂ ਕੁੰਜੀਆਂ ਵੀ ਸੌਂਪ ਦਿੱਤੀਆਂ।
ਗਾਰਗੀ ਨੂੰ ਕਿਸੇ ਨੌਕਰੀ ਦੀ ਕੋਈ ਪੈਨਸ਼ਨ ਨਹੀਂ ਸੀ ਮਿਲਦੀ। ਜਦੋਂ ਉਸ ਨੂੰ ਲਾਚਾਰੀ ਦੀ ਹਾਲਤ ਵਿਚ ਆਪਣੇ ਬੇਟੇ ਮਨੂੰ ਕੋਲ ਮੁੰਬਈ ਜਾ ਕੇ ਰਹਿਣਾ ਪਿਆ ਤਾਂ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਨੇ ਉਸ ਨੂੰ ਫੈਲੋਸ਼ਿਪ ਦਿੱਤੀ ਸੀ। ਇਸ ਵਿਚ ਹਰ ਮਹੀਨੇ ਮਿਲਣ ਵਾਲੇ ਥੋੜ੍ਹੇ ਪੈਸੇ ਵੀ ਸਨ। ਪਹਿਲੇ ਤਿੰਨ ਮਹੀਨਿਆਂ ਦਾ ਚੈੱਕ, ਉਸ ਦੇ ਬੇਟੇ ਮਨੂੰ ਦੇ ਦੋਸਤਾਂ, ਹਾਜ਼ਰ ਸੱਜਣਾਂ ਤੇ ਫੈਲੋਸ਼ਿਪ ਦੇਣ ਗਿਆਂ ਦੀ ਆਮਦ ਦੀ ਖੁਸ਼ੀ ਵਿਚ ਪਾਰਟੀ ਕਰ ਕੇ ਉਡਾ ਛੱਡਿਆ। ਉਥੇ ਫ਼ਿਲਮਾਂ ਵਾਲਾ ਗੁਲਜ਼ਾਰ, ਸੁਖਬੀਰ, ਐੱਸ਼ ਸਵਰਨ, ਬੂਟਾ ਸਿੰਘ ਸ਼ਾਦ, ਰਸ਼ਪਿੰਦਰ ਰਸ਼ਿਮ, ਬਲਜੀਤ ਪਰਮਾਰ, ਅਮਰੀਕ ਗਿੱਲ, ਗਾਰਗੀ ਦੀ ਸਹੇਲੀ ਰੂਬੀ ਮਾਨ, ਮਨੂੰ ਦੀ ਸਹੇਲੀ ਅਤੇ ਦਿੱਲੀ ਤੋਂ ਗਏ ਭਾਪਾ ਪ੍ਰੀਤਮ ਸਿੰਘ ਤੇ ਗੁਲਜ਼ਾਰ ਸਿੰਘ ਸੰਧੂ ਮੌਜੂਦ ਸਨ।
ਗੁਲਜ਼ਾਰ ਸੰਧੂ ਦਾ ਕੱਢਿਆ ਤੱਤ: ਬਲਵੰਤ ਗਾਰਗੀ ਊਟ ਪਟਾਂਗ ਮੁਜੱਸਮਾ ਸੀ। ਜਿਵੇਂ ਊਟ ਪਟਾਂਗ ਦਾ ਕੋਈ ਅਰਥ ਨਹੀਂ, ਗਾਰਗੀ ਵੀ ਅਰਥਹੀਣ ਸੀ। ਉਸ ਦੇ ਨਾਟਕਾਂ ਵਿਚ ਚੰਗਿਆੜੇ ਸਨ, ਚਸ਼ਮੇ ਸਨ, ਹਨ੍ਹੇਰੀਆਂ ਤੇ ਝੱਖੜ ਸਨ, ਪਤਝੜਾਂ ਤੇ ਬਹਾਰਾਂ, ਪਰ ਇਨ੍ਹਾਂ ਦਾ ਕੋਈ ਅਰਥ ਨਹੀਂ। ਗਾਰਗੀ ਨੇ ਇਨ੍ਹਾਂ ਨੂੰ ਅਰਥ ਨਹੀਂ ਦਿੱਤੇ।æææ ਮੈਂ ਉਸ ਦੀ ਊਟ ਪਟਾਂਗ ਜ਼ਿੰਦਗੀ ਦਾ ਆਸ਼ਕ ਰਿਹਾ ਹਾਂ ਤੇ ਲਿਖਣ ਸ਼ੈਲੀ ਦਾ ਸ਼ੈਦਾਈ। ਉਸ ਦੇ ਰੇਖਾ ਚਿੱਤਰਾਂ ਵਿਚ ਰਾਜਿੰਦਰ ਸਿੰਘ ਬੇਦੀ ਹਸਮੁੱਖ ਹੈ, ਕਰਤਾਰ ਸਿੰਘ ਦੁੱਗਲ ਗੰਭੀਰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਨੇਹੀ, ਈਸ਼ਵਰ ਚੰਦਰ ਨੰਦਾ ਇਰਾਦੇ ਦਾ ਧਨੀ, ਪ੍ਰਿੰਸੀਪਲ ਤੇਜਾ ਸਿੰਘ ਰਸੀਆ, ਭਾਈ ਜੋਧ ਸਿੰਘ ਸੰਜਮੀ, ਨਾਨਕ ਸਿੰਘ ਵੱਡਾ ਦਰਿਆ, ਤਾਰਾ ਸਿੰਘ ਕੁਤਬ ਦੀ ਲਾਠ, ਮੋਹਣ ਸਿੰਘ ਸੁਨਹਿਰੀ ਮੀਨਾਰ, ਸਆਦਤ ਹਸਨ ਮੰਟੋ ਜਿਸਮ ਦੀ ਮੰਡੀ ਵਿਚ ਰੂਹ ਦਾ ਵਪਾਰੀ, ਖੁਸ਼ਵੰਤ ਸਿੰਘ ਜੰਗੀ ਕਿਲ੍ਹੇ ਦਾ ਬੂਹਾ ਤੇ ਮਹਿੰਦਰ ਸਿੰਘ ਰੰਧਾਵਾ ਪੁਰਾਣੀ ਪੀੜ੍ਹੀ ਦਾ ਸੁੱਚਾ ਮੋਤੀ। ਉਸ ਦੀ ਰੇਸ਼ਮਾ ਮਸਤ ਕਲੰਦਰ ਹੈ, ਦਵਿੰਦਰ ਸਤਿਆਰਥੀ ਭ੍ਰਿਗੂ ਰਿਸ਼ੀ ਤੇ ਭਾਪਾ ਪ੍ਰੀਤਮ ਸਿੰਘ ਨਿਥਾਵਿਆਂ ਦੀ ਥਾਂ। ਉਸ ਦੇ ਮਿੱਤਰਾਂ ਦਾ ਘੇਰਾ ਬਹੁਤ ਵੱਡਾ ਸੀ। ਧਰਤੀ ਦੇ ਵਿਹੜੇ ਜਿੱਡਾ, ਉਹ ਦੋਸਤ ਨੂੰ ਜੱਫੀ ਪਾ ਕੇ ਮਿਲਦਾ ਤੇ ਉਸ ਦੀ ਬੀਵੀ ਨੂੰ ਉਸ ਦੇ ਹੱਥ ਆਪਣੇ ਦੋਹਾਂ ਹੱਥਾਂ ਵਿਚ ਘੁੱਟ ਕੇ।
ਗਾਰਗੀ ਨੂੰ ਤੰਦੂਰੀ ਰੋਟੀ ਤੇ ਤੜਕੀ ਹੋਈ ਦਾਲ ਸਭ ਤੋਂ ਵੱਧ ਸੁਆਦ ਸੀ। ਉਹ ਦਾਲ ਖਾਣਾ ਬਾਣੀਆ ਸੀ। ਗਾਰਗੀ ਦੇ ਵਿਹੜੇ ਵਿਚ ਗਾਰਗੀ ਦੇ ਦੋਸਤ ਮੁਰਗੇ, ਮੱਛੀ ਤੇ ਸ਼ਰਾਬਾਂ ਉਡਾਉਂਦੇ। ਬਾਹਰਲਾ ਸੌਦਾ ਤਾਰਾ ਸਿੰਘ, ਕ੍ਰਿਸ਼ਨਜੀਤ ਤੇ ਗੁਲਜ਼ਾਰ ਸੰਧੂ ਹੋਰੀਂ ਲੈ ਆਉਂਦੇ ਅਤੇ ਗਾਰਗੀ ਕਿਸ਼ੋਰੀ ਦੇ ਸਿਰ ਉਤੇ ਖਲੋ ਕੇ ਦਾਲ ਨੂੰ ਮਿਰਚ ਮਸਾਲੇ ਦਾ ਤੜਕਾ ਲੁਆਉਂਦਾ ਤੇ ਖਾਣੇ ਪਿੱਛੋਂ ਮਿੱਠੀ ਚੀਜ਼ ਵਜੋਂ ਕੜਾਹ ਭੁੰਨਣ ਦੀਆਂ ਹਦਾਇਤਾਂ ਦਿੰਦਾ।
(ਚਲਦਾ)