ਜਤਿੰਦਰ ਪਨੂੰ
ਕੁਝ ਚੋਣਵੇਂ ਅਖਬਾਰਾਂ ਵਿਚ ਇੱਕ ਖਬਰ ਦਾ ਹਿੱਸਾ ਬਣਾਏ ਗਏ ਇਹ ਸ਼ਬਦ ਹੈਰਾਨੀ ਵਾਲੇ ਹਨ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਹੈ ਕਿ ਨੋਟਬੰਦੀ ਨਾਲ ਹਾਲਾਤ ਬਹੁਤੇ ਨਹੀਂ ਵਿਗੜੇ ਅਤੇ ਇਸੇ ਲਈ ਦੇਸ਼ ਦਾ ਕੋਈ ਦੁੱਧ ਵਾਲਾ ਤੇ ਕੋਈ ਕਿਸਾਨ ਇਸ ਦੇ ਖਿਲਾਫ ਸੁਪਰੀਮ ਕੋਰਟ ਨਹੀਂ ਆਇਆ। ਇਹ ਕਹਿਣਾ ਕਿ ਹਾਲਾਤ ਬਹੁਤੇ ਨਹੀਂ ਵਿਗੜੇ, ਇਸੇ ਲਈ ਕੋਈ ਦੁੱਧ ਵਾਲਾ ਜਾਂ ਕਿਸਾਨ ਸੁਪਰੀਮ ਕੋਰਟ ਨਹੀਂ ਪਹੁੰਚਿਆ, ਭਾਰਤ ਸਰਕਾਰ ਦੀ ਹਕੀਕਤਾਂ ਤੋਂ ਧਿਆਨ ਲਾਂਭੇ ਕਰਨ ਦੀ ਇੱਕ ਹੋਰ ਗੰਭੀਰ ਕੋਸ਼ਿਸ਼ ਹੈ।
ਜਿਸ ਵਕੀਲ ਨੇ ਸਰਕਾਰ ਵੱਲੋਂ ਇਹ ਦਲੀਲ ਸੁਪਰੀਮ ਕੋਰਟ ਵਿਚ ਦਿੱਤੀ, ਉਹ ਇਸ ਗੱਲ ਬਾਰੇ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਕਿ ਸੁਪਰੀਮ ਕੋਰਟ ਵਿਚ ਕੇਸ ਲੜਨ ਵਾਲੇ ਪ੍ਰਮੁੱਖ ਵਕੀਲ ਪੰਜ ਤੋਂ ਦਸ ਲੱਖ ਰੁਪਏ ਕੇਵਲ ਇੱਕ ਵਾਰੀ ਪੇਸ਼ ਹੋਣ ਦੇ ਲੈਂਦੇ ਹਨ। ਜਿਨ੍ਹਾਂ ਲੋਕਾਂ ਦੇ ਘਰ ਰਾਤ ਦੀ ਰੋਟੀ ਪੱਕਣ ਦਾ ਯਕੀਨ ਨਹੀਂ, ਉਹ ਸੁਪਰੀਮ ਕੋਰਟ ਨਹੀਂ ਜਾ ਸਕਦੇ। ਸਰਕਾਰੀ ਵਕੀਲ ਦੀ ਦਲੀਲ ਦੇ ਜਵਾਬ ਵਿਚ ਸਧਾਰਨ ਲੋਕਾਂ ਵਿਚ ਘੁੰਮਦਾ ਇਹ ਸਵਾਲ ਵੱਧ ਗੰਭੀਰ ਹੈ ਕਿ ਵੱਡੇ ਲੋਕਾਂ ਵਿਚੋਂ ਕੋਈ ਅਜੇ ਤੱਕ ਕਿਸੇ ਬੈਂਕ ਦੇ ਅੱਗੇ ਲਾਈਨ ਵਿਚ ਖੜਾ ਨਹੀਂ ਦਿਸਿਆ। ਸਿਰਫ ਆਮ ਲੋਕ ਬੈਂਕਾਂ ਅੱਗੇ ਲਾਈਨ ਬਣਾਈ ਰੋਜ਼ ਘੰਟਿਆਂ ਬੱਧੀ ਖੜੇ ਦਿਸਦੇ ਹਨ, ਲਾਈਨ ਵਿਚ ਲੱਗਣ ਲਈ ਧੱਕਾ-ਮੁੱਕੀ ਹੁੰਦੇ ਅਤੇ ਕਈ ਵਾਰ ਪੁਲਿਸ ਦੀ ਕੁੱਟ ਖਾ ਕੇ ਖਾਲੀ ਹੱਥ ਸ਼ਾਮ ਵੇਲੇ ਸਿਰ ਨੀਵਾਂ ਕਰ ਕੇ ਆਪੋ-ਆਪਣੇ ਘਰੀਂ ਆਣ ਵੜਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ ਬਾਅਦ ਵਿਚ ਤਰੱਕੀ ਕਰਨ ਵਾਲਾ ਹੈ, ਇਸ ਲਈ ਇਸ ਮੌਕੇ ਦੇਸ਼ ਦੀ ਜਨਤਾ ਨੂੰ ਕੁਝ ਸਬਰ ਕਰਨਾ ਤੇ ਸਹਿਯੋਗ ਦੇਣਾ ਚਾਹੀਦਾ ਹੈ। ਪਿਛਲੇ ਦਿਨੀਂ ਬੈਂਕਾਂ ਅੱਗੇ ਲਾਈਨਾਂ ‘ਚ ਲੱਗੇ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿਚੋਂ ਕੁਝ ਲੋਕ ਦਿਲ ਦਾ ਦੌਰਾ ਪੈਣ ਨਾਲ ਸਾਹ ਛੱਡ ਗਏ, ਪਰ ਕਈ ਲੋਕ ਇਹੋ ਜਿਹੇ ਵੀ ਸਨ, ਜਿਨ੍ਹਾਂ ਦੇ ਘਰ ਧੀ ਦਾ ਵਿਆਹ ਰੱਖਿਆ ਸੀ, ਕਈ ਦਿਨ ਚੱਕਰ ਲਾਉਣ ਪਿੱਛੋਂ ਵੀ ਜਦੋਂ ਪੈਸੇ ਨਾ ਮਿਲੇ ਤਾਂ ਪਰਿਵਾਰ ਦਾ ਸਾਹਮਣਾ ਕਰਨ ਦੀ ਥਾਂ ਖੁਦਕੁਸ਼ੀ ਕਰ ਗਏ।
ਹਰਿਆਣੇ ਵਿਚ ਇੱਕ ਔਰਤ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਕੋਲ ਅੰਤਮ ਸੰਸਕਾਰ ਕਰਨ ਲਈ ਪੈਸੇ ਨਹੀਂ ਸਨ। ਪਤੀ ਬੈਂਕ ਦੀ ਲਾਈਨ ਵਿਚ ਜਾ ਖੜੋਤਾ ਤੇ ਆਖਰ ਨੂੰ ਉਚੀ-ਉਚੀ ਚੀਕਦਾ ਕਹਿਣ ਲੱਗ ਪਿਆ ਕਿ ਘਰ ਵਿਚ ਪਤਨੀ ਦੀ ਲਾਸ਼ ਪਈ ਹੈ, ਮੈਂ ਲਾਈਨ ਵਿਚ ਖੜੋਤਾ ਹਾਂ, ਇਸ ਦੇਸ਼ ਵਿਚ ਸਾਡੀ ਦੁਹਾਈ ਕੌਣ ਸੁਣੇਗਾ? ਮੀਡੀਏ ਵਾਲੇ ਆਏ ਅਤੇ ਲੋਕਾਂ ਨੇ ਤਰਸ ਕਰ ਕੇ ਉਸ ਨੂੰ ਅੱਗੇ ਹੋਣ ਜੋਗਾ ਰਾਹ ਦੇ ਦਿੱਤਾ, ਪਰ ਪਤਨੀ ਦੀ ਲਾਸ਼ ਦਾ ਸਸਕਾਰ ਕਰਨ ਲਈ ਉਸ ਬੰਦੇ ਵੱਲੋਂ ਪੰਜ ਘੰਟੇ ਲਾਈਨ ਵਿਚ ਖੜੇ ਹੋਣਾ ਇਸ ਦੇਸ਼ ਦੀ ਸਰਕਾਰ ਨੂੰ ਕੋਈ ਖਾਸ ਗੱਲ ਨਹੀਂ ਜਾਪਦੀ। ਇੱਕ ਔਰਤ ਨੂੰ ਬੱਚਾ ਜਣਨ ਲਈ ਹਸਪਤਾਲ ਲਿਜਾਇਆ ਗਿਆ ਤਾਂ ਪੈਸੇ ਦੀ ਘਾਟ ਨੇ ਦੋਵਾਂ ਜੀਆਂ ਨੂੰ ਉਥੋਂ ਮੋੜਾ ਪਾ ਕੇ ਬੈਂਕ ਦੀ ਲਾਈਨ ਵਿਚ ਜਾ ਖੜੇ ਕੀਤਾ। ਕਾਫੀ ਦੇਰ ਖੜੀ ਰਹੀ ਉਸ ਔਰਤ ਨੂੰ ਪੀੜਾਂ ਸ਼ੁਰੂ ਹੋ ਗਈਆਂ ਤੇ ਪੈਸੇ ਲੈਣ ਆਈਆਂ ਬਾਕੀ ਔਰਤਾਂ ਨੇ ਚੁੰਨੀਆਂ ਦਾ ਪਰਦਾ ਕਰ ਕੇ ਉਸ ਦੀ ਬੱਚਾ ਜਣਨ ਵਿਚ ਮਦਦ ਕੀਤੀ। ਪ੍ਰਧਾਨ ਮੰਤਰੀ ਅਜੇ ਕਹਿੰਦਾ ਹੈ ਕਿ ਲੋਕ ਜ਼ਰਾ ਸਬਰ ਕਰਨ। ਇਸ ਤੋਂ ਵੱਧ ਸਬਰ ਉਹ ਆਪਣੇ ਦੇਸ਼ ਦੇ ਲੋਕਾਂ ਤੋਂ ਭਲਾ ਕਿੰਨਾ ਕੁ ਕਰਵਾਉਣਾ ਚਾਹੁੰਦਾ ਹੈ?
ਇਹੋ ਸਵਾਲ ਇੱਕ ਮੀਡੀਆ ਚੈਨਲ ਉਤੇ ਪ੍ਰਧਾਨ ਮੰਤਰੀ ਦੀ ਤਰਫਦਾਰੀ ਕਰਨ ਵਾਲੇ ਇੱਕ ਸਿਧਾਂਤਕ ਨੇਤਾ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਹਿੰਦੀ ਵਿਚ ਕਹਿ ਦਿੱਤਾ, ‘ਕੁਛ ਪਾਨੇ ਕੇ ਲੀਏ ਕੁਛ ਤੋ ਖੋਨਾ ਪੜਤਾ ਹੈ।’ ਇਸ ਤਰ੍ਹਾਂ ਕਹਿਣ ਦਾ ਉਸ ਦਾ ਭਾਵ ਸ਼ਾਇਦ ਇਹ ਹੋਵੇ ਕਿ ਦੇਸ਼ ਦੀ ਤਰੱਕੀ ਦੇ ਲਈ ਭਾਰਤ ਦੇ ਲੋਕਾਂ ਨੂੰ ਸੁੱਖ-ਚੈਨ ਗਵਾਉਣਾ ਪਵੇਗਾ, ਪਰ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਇਹ ਗੱਲ ਚੱਲ ਪਈ ਕਿ ਪ੍ਰਧਾਨ ਮੰਤਰੀ ਦਾ ਇੱਕ ਜੋੜੀਦਾਰ ਕਹਿੰਦਾ ਹੈ ਕਿ ਜੇ ‘ਕੁਛ’ ਦੇ ਰੂਪ ਵਿਚ ਦੋ ਹਜ਼ਾਰ ਰੁਪਏ ਲੈਣੇ ਹਨ ਤਾਂ ਆਪਣੇ ਆਪ ਨੂੰ ਬੈਂਕ ਅੱਗੇ ਭੁੱਖੇ ਢਿੱਡ ਅੱਧਾ-ਅੱਧਾ ਦਿਨ ਖੜੇ ਵੀ ਰੱਖਣਾ ਪੈਣਾ ਹੈ। ਆਮ ਲੋਕ ਹਕੀਕਤ ਦੇ ਨੇੜੇ ਹਨ। ਹਕੀਕਤ ਵੱਡੇ ਲੋਕਾਂ ਤੋਂ ਥੋੜ੍ਹਾ ਦੂਰ ਰਹਿੰਦੀ ਹੈ। ਜਦੋਂ ਭੁੱਖ ਨਾਲ ਢਿੱਡ ਦੀਆਂ ਆਂਦਰਾਂ ਖਿੱਚੀਆਂ ਜਾਣ ਤਾਂ ਜਿਹੜੀ ਹਾਲਤ ਹੁੰਦੀ ਹੈ, ਆਮ ਆਦਮੀ ਦੀ ਉਸ ਹਾਲਤ ਨੂੰ ਮਹਿਸੂਸ ਕਰ ਕੇ ਭਗਤ ਕਬੀਰ ਜੀ ਨੇ ਭਗਵਾਨ ਨੂੰ ਇਹ ਮਿਹਣਾ ਮਾਰ ਦਿੱਤਾ ਸੀ, “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥” ਏਡੀ ਵੱਡੀ ਗੱਲ ਕਿਸੇ ਰਾਜੇ ਜਾਂ ਨਵਾਬ ਨੇ ਕਦੇ ਨਹੀਂ ਸੀ ਲਿਖਣੀ, ਕਬੀਰ ਜੀ ਹੀ ਲਿਖ ਸਕਦੇ ਸਨ, ਜਿਹੜੇ ਆਮ ਲੋਕਾਂ ਦੇ ਢਿੱਡ ਦੀ ਭੁੱਖ ਦੇ ਦੁੱਖ ਨੂੰ ਜਾਣਦੇ ਸਨ।
ਤਸਵੀਰ ਦਾ ਦੂਸਰਾ ਪਾਸਾ ਭੁੱਖੇ ਢਿੱਡ ਬੈਂਕਾਂ ਅੱਗੇ ਖੜੇ ਲੋਕਾਂ ਨੂੰ ਚਿੜਾਉਣ ਵਾਲਾ ਇਹ ਵੀ ਹੈ ਕਿ ਵੀਰਵਾਰ ਦੇ ਦਿਨ ਚੇਨੱਈ ਵਿਚ ਇਨਕਮ ਟੈਕਸ ਦੇ ਛਾਪਿਆਂ ਵਿਚ ਨੱਬੇ ਕਰੋੜ ਰੁਪਏ ਫੜੇ ਜਾਣ ਦੀ ਖਬਰ ਦੋ ਕੁ ਅਖਬਾਰਾਂ ਤੋਂ ਬਿਨਾਂ ਕਿਸੇ ਨੇ ਪਹਿਲੇ ਸਫੇ ਉਤੇ ਨਹੀਂ ਲਾਈ। ਉਸ ਨੱਬੇ ਕਰੋੜ ਵਿਚੋਂ ਸੱਤਰ ਕਰੋੜ ਦੇ ਨੋਟ ਨਵੀਂ ਕਰੰਸੀ ਵਾਲੇ ਸਨ, ਉਸ ਨਵੀਂ ਕਰੰਸੀ ਵਾਲੇ, ਜਿਸ ਦੇ ਸਿਰਫ ਦੋ ਹਜ਼ਾਰ ਰੁਪਏ ਲੈਣ ਲਈ ਆਮ ਲੋਕ ਲਾਈਨ ਵਿਚ ਖੜੋਤੇ ਵੇਖਣ ਦੇ ਬਾਅਦ ਵੀ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਸਬਰ ਰੱਖਣ ਨੂੰ ਕਹੀ ਜਾਂਦਾ ਹੈ। ਸੱਤਰ ਕਰੋੜ ਦੀ ਨਵੀਂ ਕਰੰਸੀ ਸਮੇਤ ਨੱਬੇ ਕਰੋੜ ਰੁਪਏ ਦਾ ਕਾਲਾ ਧਨ ਫੜੇ ਜਾਣ ਦੀ ਖਬਰ ਪਹਿਲੇ ਸਫੇ ਉਤੇ ਨਾ ਆਉਣ ਦਾ ਅਰਥ ਹੈ, ਭਾਰਤ ਨੇ ਏਨੀ ‘ਤਰੱਕੀ’ ਕਰ ਲਈ ਹੈ ਕਿ ਏਨੇ ਕੁ ਪੈਸੇ ਫੜੇ ਜਾਣਾ ਕੋਈ ਖਾਸ ਗੱਲ ਨਹੀਂ। ਉਂਜ ਵੀ ਇਹ ਖਬਰ ਆਪਣੇ ਰੰਗ ਦੀਆਂ ਹੋਰਨਾਂ ਖਬਰਾਂ ਦੇ ਮੁਕਾਬਲੇ ਛੋਟੀ ਸੀ। ਇਸੇ ਹਫਤੇ ਇੱਕ ਥਾਂ ਚਾਰ ਹਜ਼ਾਰ ਕਰੋੜ ਰੁਪਏ ਫੜਨ ਦੀ ਖਬਰ ਵੀ ਆਈ ਸੀ। ਉਸ ਵਿਚ ਇਹ ਗੱਲ ਵੀ ਦਰਜ ਸੀ ਕਿ ਸਬੰਧਤ ਬੰਦਿਆਂ ਬਾਰੇ ਪੜਤਾਲ ਹੋ ਰਹੀ ਹੈ। ਕਰਨ ਵਾਲੀ ਗੱਲ ਇਹ ਸੀ ਕਿ ਨਵੀਂ ਕਰੰਸੀ ਦੇ ਏਨੇ ਨੋਟ ਕਿਸ ਬੈਂਕ ਨੇ ਉਨ੍ਹਾਂ ਨੂੰ ਦਿੱਤੇ ਸਨ, ਇਸ ਬਾਰੇ ਪਿਛਲੇ ਦਿਨੀਂ ਫੜੇ ਗਏ ਕਾਲੇ ਧਨ ਦੇ ਮਾਮਲਿਆਂ ਵਿਚੋਂ ਕਿਸੇ ਇੱਕ ਦੀ ਵੀ ਸੂਚਨਾ ਨਹੀਂ ਲੱਭਦੀ।
ਤੀਸਰੀ ਅਤੇ ਹੋਰ ਵੀ ਹੈਰਾਨੀ ਵਾਲੀ ਗੱਲ ਅਗਲੀ ਹੈ ਕਿ ਜਿੰਨੇ ਵੀ ਕੇਸਾਂ ਵਿਚ ਇਹੋ ਜਿਹਾ ਮਾਲ ਫੜੇ ਜਾਣ ਦੀ ਖਬਰ ਆਈ ਹੈ, ਉਨ੍ਹਾਂ ਵਿਚ ਬਹੁਤਾ ਕਰ ਕੇ ਇੱਕ ਗੱਲ ਦੀ ਸਾਂਝ ਹੈ। ਭਾਜਪਾ ਰਾਜ ਵਿਚ ਕਾਂਗਰਸੀ ਜਾਂ ਕਿਸੇ ਵੀ ਹੋਰ ਪਾਰਟੀ ਦੇ ਲੋਕ ਫੜੇ ਗਏ ਹਨ ਤੇ ਗੈਰ-ਭਾਜਪਾ ਸਰਕਾਰਾਂ ਦੇ ਰਾਜ ਵਿਚ ਭਾਜਪਾ ਵਾਲੇ ਨੱਪੇ ਗਏ ਹਨ। ਬੰਗਾਲ ਵਿਚ ਵੀ ਭਾਜਪਾ ਆਗੂ ਲੱਖਾਂ ਰੁਪਏ ਦੀ ਨਵੀਂ ਕਰੰਸੀ ਲਈ ਜਾਂਦਾ ਫੜਿਆ ਗਿਆ ਤੇ ਤਾਮਿਲਨਾਡੂ ਵਿਚ ਜੈਲਲਿਤਾ ਦੀ ਮੌਤ ਤੋਂ ਦੋ ਦਿਨ ਪਹਿਲਾਂ ਵੀ ਭਾਜਪਾ ਦਾ ਯੂਥ ਆਗੂ ਸਾਢੇ ਵੀਹ ਲੱਖ ਰੁਪਏ ਲਈ ਜਾਂਦਾ ਨੱਪਿਆ ਗਿਆ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ ਕਿਸੇ ਕੇਸ ਵਿਚ ਵੀ ਭਾਜਪਾ ਨੇ ਇਹ ਗੱਲ ਨਹੀਂ ਕਹੀ ਕਿ ਇਹ ਕੇਸ ਰਾਜਸੀ ਕਾਰਨਾਂ ਕਰ ਕੇ ਬਣਾਇਆ ਗਿਆ ਹੈ, ਕਿਉਂਕਿ ਜੇ ਉਹ ਏਦਾਂ ਦੀ ਗੱਲ ਕਹਿੰਦੀ ਤਾਂ ਭਾਜਪਾ ਰਾਜਾਂ ਵਿਚ ਫੜੇ ਜਾਣ ਵਾਲਿਆਂ ਨੇ ਵੀ ਇਹੋ ਦਲੀਲ ਵਰਤਣੀ ਸੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਚੋਰਾਂ ਦੀ ਸਕੀਰੀ ਦੋਵੇਂ ਪਾਸੇ ਹੈ।
ਹੋਵੇਗੀ ਚੋਰਾਂ ਦੀ ਸਕੀਰੀ ਦੋਵੇਂ ਪਾਸੇ, ਪਰ ਆਮ ਆਦਮੀ ਲਈ ਤਾਂ ਸਿਰਫ ਸਬਰ ਦੀ ਸਕੀਰੀ ਹੀ ਹਰ ਯੁੱਗ ਵਿਚ ਪੱਕੀ ਰਹਿੰਦੀ ਹੈ। ਉਹ ਕਿਰਤ ਕਰਦਾ ਤੇ ਭੁੱਖਾ ਮਰਦਾ ਹੈ। ਜਿਨ੍ਹਾਂ ਕੋਲ ਦੌਲਤਾਂ ਦੇ ਢੇਰ ਲੱਗੇ ਹੁੰਦੇ ਹਨ, ਗਰੀਬਾਂ ਨੂੰ ਉਹ ਹਰ ਯੁੱਗ ਵਿਚ ਇਹੋ ਉਪਦੇਸ਼ ਦਿੰਦੇ ਰਹਿੰਦੇ ਹਨ ਕਿ ਸਬਰ ਕਰਨਾ ਸਿੱਖੋ। ਇਹ ਸਬਰ ਕਰਨਾ ਉਹ ਆਪਣੇ ਮਾਇਆਧਾਰੀ ਮਿੱਤਰਾਂ ਨੂੰ ਨਹੀਂ ਸਿੱਖਾਉਂਦੇ, ਸਿਖਾ ਵੀ ਨਹੀਂ ਸਕਦੇ, ਕਿਉਂਕਿ ਰਾਜ ਕਰਨ ਵਾਲਿਆਂ ਨੂੰ ਥੈਲੀਆਂ ਦਾ ਨਜ਼ਰਾਨਾ ਚੜ੍ਹਾਉਣ ਵਾਲਿਆਂ ਦੀ ਗਾਹੇ-ਬਗਾਹੇ ਲੋੜ ਪੈਂਦੀ ਰਹਿੰਦੀ ਹੈ। ਭਾਜਪਾ ਦਾ ਇੱਕ ਪਾਰਲੀਮੈਂਟ ਮੈਂਬਰ ਕਿਸੇ ਛੋਟੀ ਰਿਆਸਤ ਦਾ ਨਵਾਬ ਹੁੰਦਾ ਸੀ, ਹੁਣ ਉਹ ਜ਼ਿੰਦਾ ਨਹੀਂ ਰਿਹਾ। ਉਸ ਨੇ ਇੱਕ ਵਾਰੀ ਕਿਸੇ ਬੰਦੇ ਤੋਂ ਗਲਤ ਕੰਮ ਲਈ ਰਿਸ਼ਵਤ ਫੜੀ ਤਾਂ ਪੈਸੇ ਜੇਬ ਦੇ ਹਵਾਲੇ ਕਰਨ ਵੇਲੇ ਇਹ ਸ਼ਬਦ ਕਹਿੰਦਾ ਰਿਕਾਰਡ ਹੋਇਆ ਸੀ ਕਿ ਪੈਸਾ ਖੁਦਾ ਤੋ ਨਹੀਂ ਹੋਤਾ, ਪਰ ਖੁਦਾ ਕੀ ਕਸਮ, ਖੁਦਾ ਸੇ ਕਮ ਭੀ ਨਹੀਂ ਹੋਤਾ। ਪੁਰਾਣੇ ਨਵਾਬ ਤੇ ਰਾਜੇ ਜਦੋਂ ਕਾਲੇ ਧਨ ਦੇ ਢੇਰ ਲਾਉਣ ਤੋਂ ਬਾਅਦ ਵੀ ਪੰਜੀ-ਦੁੱਕੀ ਦੀ ਚਗਲ ਮਾਰਦੇ ਫੜੇ ਜਾ ਰਹੇ ਹਨ, ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਦੇ ਇਹ ਗੱਲ ਨਹੀਂ ਸੀ ਕਹੀ ਕਿ ‘ਕੁਝ ਤਾਂ ਸ਼ਰਮ ਕਰੋ, ਕੁਝ ਸਬਰ ਕਰ ਲਵੋ, ਖਾਣ ਵੇਲੇ ਮੂੰਹ ਨਾਲ ਮੁੱਛਾਂ ਵੀ ਲਬੇੜੀ ਜਾਂਦੇ ਹੋ।’ ਉਹ ਸਿਰਫ ਆਮ ਲੋਕਾਂ ਨੂੰ ਸਹਿਯੋਗ ਅਤੇ ਸਬਰ ਦਾ ਉਪਦੇਸ਼ ਦਿੰਦਾ ਹੈ। ਉਸ ਨੂੰ ਇਹ ਪਤਾ ਹੀ ਨਹੀਂ ਕਿ ਭਗਤ ਕਬੀਰ ਨੇ ਕਿਹਾ ਸੀ: “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥”
ਆਮ ਲੋਕਾਂ ਦੀ ਬੋਲੀ ਵਿਚ ਪ੍ਰਧਾਨ ਮੰਤਰੀ ਨੂੰ ਸਮਝਾਉਣ ਦੀ ਲੋੜ ਹੋਵੇ ਤਾਂ ਪੰਜਾਬੀ ਦਾ ਮੁਹਾਵਰਾ ਹੈ, ‘ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ’। ਭੁੱਖੇ ਢਿੱਡਾਂ ਲਈ ਸਬਰ ਦਾ ਉਪਦੇਸ਼ ਵੀ ਇਨ੍ਹਾਂ ਸਭੇ ਖੋਟੀਆਂ ਗੱਲਾਂ ਵਿਚ ਸ਼ਾਮਲ ਹੋ ਸਕਦਾ ਹੈ।