ਡਾæ ਗੁਰਬਖਸ਼ ਸਿੰਘ ਭੰਡਾਲ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ।
ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ, ਹਿੱਕ ਤੇ ਮਨ ਦੀ ਬਾਤ ਪਾ ਚੁਕੇ ਹਨ; ਗਰਦਨ ਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ; ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਉਨ੍ਹਾਂ ਨਸੀਹਤ ਕੀਤੀ ਹੈ ਕਿ ਸਾਹ ਆਉਂਦੇ-ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਬਾਹਾਂ ਦੀ ਤਸ਼ਬੀਹ ਵਿਚ ਉਨ੍ਹਾਂ ਕਿਹਾ ਸੀ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਉਂਗਲਾਂ ਦੀ ਵਾਰਤਾ ਕਹਿੰਦਿਆਂ ਡਾæ ਭੰਡਾਲ ਨੇ ਕਿਹਾ ਸੀ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ।” ਉਨ੍ਹਾਂ ਹਿਰਦੇ ਦੀ ਗੱਲ ਕੀਤੀ ਸੀ ਕਿ ਹਿਰਦੇ ਵਿਚ ਉਠੀ ਵੇਦਨਾ ਹੀ ਹੁੰਦੀ ਜੋ ਕੂਕਦੀ ਏ, ‘ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਉਨ੍ਹਾਂ ਸਿਰ ਬਾਰੇ ਦੱਸਿਆ ਸੀ ਕਿ ਜਦ ਤਲੀ ‘ਤੇ ਸਿਰ ਰੱਖ ਕੇ ਕੋਈ ਯੋਧਾ ਪ੍ਰਣ-ਪੂਰਤੀ ਲਈ, ਖੁਦ ਨੂੰ ਗੁਰੂ ਦੀ ਸ਼ਰਨ ਵਿਚ ਅਰਪਿਤ ਕਰਦਾ ਤਾਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੇ ਨਵੇਂ ਅਰਥ ਇਤਿਹਾਸ ਦੇ ਵਰਕੇ ‘ਤੇ ਧਰੇ ਜਾਂਦੇ; ਮਨੁੱਖੀ ਸ਼ਖਸੀਅਤ ਦੀਆਂ ਪਰਤਾਂ ਫੋਲਦਿਆਂ ਸਵਾਲ ਉਠਾਇਆ ਸੀ ਕਿ ਕਿਰਤ ਕਰਨ ਦਾ ਹੌਕਾ ਦੇਣ ਵਾਲੇ ਅਤੇ ਕਿਰਤੀਆਂ ਦੀ ਲੁੱਟ ਵਿਚੋਂ ਅਤਿ-ਆਧੁਨਿਕ ਦੁਨਿਆਵੀ ਸਹੂਲਤਾਂ ਮਾਣਦੇ ਤੇ ਐਸ਼ ਉਡਾਉਂਦੇ ਅਧਰਮੀ ਬਾਬੇ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਸਰੀਰ ਦੀ ਗਾਥਾ ਸੁਣਾਈ ਸੀ ਕਿ ਸਰੀਰ ਸਫਾਈ ਦਾ ਮੱਦਾਹ, ਸੁਥਰੇਪਣ ਦਾ ਆਸ਼ੀਆਨਾ। ਹਵਾ, ਪਾਣੀ, ਧਰਤ ਅਤੇ ਖਾਧ ਪਦਾਰਥਾਂ ਵਿਚਲੀ ਮਲੀਨਤਾ ਨੇ ਇਸ ਦੀਆਂ ਚੂਲਾਂ ਹਿਲਾ ਛੱਡੀਆਂ ਨੇ। ਹਥਲੇ ਲੇਖ ਵਿਚ ਉਨ੍ਹਾਂ ਕਿਹਾ ਹੈ ਕਿ ਮਕਾਨਕੀ ਜ਼ਿੰਦਗੀ ਨੇ ਮਨੁੱਖ ਵਿਚੋਂ ਅਹਿਸਾਸਾਂ ਨੂੰ ਜਿਊਣ ਦੀ ਤਰਤੀਬ, ਤਦਬੀਰ ਅਤੇ ਤਕਦੀਰ ਹੀ ਚੂਸ ਲਈ ਏ। ਅਸੀਂ ਤਾਂ ਸਿਰਫ ਮਖੌਟਿਆਂ ਦਾ ਭਰਮ ਹੀ ਪਾਲ ਰਹੇ ਹਾਂ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਦੇਰ ਬਾਅਦ ਮਿੱਤਰ ਨੂੰ ਮਿਲਿਆ ਹਾਂ। ਚਿਰਾਂ ਬਾਅਦ ਨਿੱਘ ਦਾ ਨਿਉਂਦਾ ਮਨ-ਵਿਹੜੀਂ ਉਤਰਿਆ ਏ। ਅਹਿਸਾਸਾਂ ਵਿਚ ਭਿੱਜੇ ਬੋਲਾਂ ਨੂੰ ਰੂਹ ‘ਚ ਸਮੋਂਦਿਆਂ, ਜਿੰਦ ਜਿਉਣ-ਜੋਗੀ ਹੋ ਗਈ ਏ।
ਚਿਰ-ਵਿਛੁੰਨੀਆਂ ਰੂਹਾਂ ਜਦ ਆਪਸ ਵਿਚ ਮਿਲਦੀਆਂ ਨੇ ਤਾਂ ਜੀਵਨ ਨੂੰ ਸਾਰਥਿਕਤਾ, ਜਿਊਣ-ਰਾਹ ਅਤੇ ਰਾਂਗਲੀ ਭਾਅ ਦਿੰਦੀਆਂ।
ਸਿਰਫ ਕੁਝ ਲੋਕ ਹੀ ਬਚੇ ਨੇ ਜਿਨ੍ਹਾਂ ਦੇ ਅਹਿਸਾਸ ਜਿਉਂਦੇ ਨੇ ਅਤੇ ਉਹ ਲੋਕ ਅਹਿਸਾਸ-ਵਿਹੂਣੇ ਲੋਕਾਂ ਦੇ ਚੇਤਿਆਂ ਵਿਚ ਜਿਉਂਦੇ ਅਤੇ ਮਨ ‘ਚ ਕੋਮਲ ਅਹਿਸਾਸਾਂ ਦਾ ਵਰਦਾਨ ਧਰ ਜਾਂਦੇ। ਅਜਿਹੇ ਕਰਮ ਹੀ ਮਨੁੱਖ ਨੂੰ ਸੁੱਚਮਤਾ ਦਾ ਦਰਜਾ ਦਿੰਦੇ।
ਮਾਇਆ ਦੀ ਦੌੜ ਵਿਚ ਗਵਾਚੇ ਮਨੁੱਖ ਦੀ ਵੇਦਨਾ, ਜਦ ਮਨੁੱਖ ਹੀ ਸੁਣਨ ਤੋਂ ਇਨਕਾਰੀ ਹੋ ਜਾਵੇ ਤਾਂ ਉਸ ਦੇ ਸਾਹ ਨਾ-ਸ਼ੁਕਰੀ ਦਾ ਰਾਗ ਬਣ ਜਾਂਦੇ। ਅਜਿਹੇ ਸਮਿਆਂ ਵਿਚ ਆਪਣੇ ਹੱਥੀਂ ਤੋਰੇ ਸਾਹਾਂ ਨੂੰ ਵਾਪਸ ਪਰਤ ਆਉਣ ਦਾ ਹੋਕਰਾ ਦੇਣਾ, ਨਾ-ਮੁਮਕਿਨ। ਕਦੇ ਹੱਥੀਂ ਤੋਰੇ ਸੱਜਣ ਵੀ ਵਾਪਸ ਪਰਤਦੇ ਨੇ!
ਜਦ ਘਰ, ਨਿੱਕੇ ਨਿੱਕੇ ਘੁਰਨਿਆਂ ਵਿਚ ਤਬਦੀਲ ਹੋ ਜਾਵੇ, ਕਮਰੇ ਵਿਚ ਕੰਧਾਂ ਉਗ ਆਉਣ, ਵਿਹੜੇ ਦੀ ਹਰ ਨੁੱਕਰ ਵਿਚ ਨਿਜੀ ਮੁਫਾਦ ਦਾ ਜੰਗਲ ਫੈਲ ਜਾਵੇ ਜਾਂ ਦਰ-ਦਸਤਕ, ਤ੍ਰਾਸਦੀ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਵੇ ਤਾਂ ਸਮਝੋ ਮਨੁੱਖੀ-ਰੋਬੋਟ ਆਪਣੀਆਂ ਕਿਰਿਆਵਾਂ ਪੂਰਾ ਕਰਨ ਦਾ ਭਰਮ ਪਾਲਦਾ ਏ।
ਜਦ ਬੋਲਾਂ ਵਿਚ ਹਿਚਕਚਾਹਟ ਉਗ ਆਵੇ, ਸ਼ਬਦਾਂ ਨੂੰ ਨਜ਼ਰ ਲੱਗ ਜਾਵੇ ਅਤੇ ਹੁੰਗਾਰੇ ਨੂੰ ਜੰਗਾਲਿਆ ਜੰਦਰਾ ਲੱਗਾ ਹੋਵੇ ਤਾਂ ਸੁੱਸਰੀ ਵਾਂਗ ਸੌਂ ਗਏ ਬੋਲਾਂ ਨੂੰ ਜਗਾਉਣਾ ਅਸੰਭਵ ਹੁੰਦਾ।
ਜ਼ਿੰਦਗੀ ਦੀ ਸੁੱਚਮਤਾ ਦੀ ਇਬਾਦਤ ਕਰਨ ਵਾਲੇ ਲੋਕ ਜਦ ਤੁਹਾਡੀ ਤਲੀ ‘ਤੇ ਸੂਖਮ ਅਤੇ ਕੋਮਲ ਅਹਿਸਾਸਾਂ ਦੀ ਮਹਿੰਦੀ ਲਾਉਂਦੇ ਨੇ ਤਾਂ ਇਸ ਦੀ ਰੰਗਤ, ਜੀਵਨ ਨੂੰ ਸੁਹੱਪਣ ਅਤੇ ਸੁਹੰਢਤਾ ਬਖਸ਼ਦੀ, ਜਿਸ ਨਾਲ ਆਉਂਦਾ ਤੁਹਾਡੇ ਮਨ ਤੇ ਤਨ ਦੇ ਮੁਹਾਂਦਰੇ ‘ਚ ਨਿਖਾਰ।
ਕੁਝ ਲੋਕ ਜੀਵਨ ਦਾ ਸੁੱਚਾ ਹਰਫ ਹੁੰਦੇ ਜਿਨ੍ਹਾਂ ਦੇ ਅਰਥਾਂ ਵਿਚ ਜੀਵਨ-ਜਾਚ ਧੜਕਦੀ, ਇਨ੍ਹਾਂ ਦੀ ਤਾਸੀਰ ਵਿਚ ਜੀਵਨ-ਸ਼ੈਲੀ ਤੈਰਦੀ ਅਤੇ ਇਸ ਦਾ ਮੁਹਾਂਦਰਾ ਜੀਵਨ ਨੂੰ ਸਕੂਨ ਸੰਗ ਲਬਰੇਜ਼ ਕਰਦਾ।
ਕੁਝ ਅਹਿਸਾਸ ਸੂਖਮ ਅਤੇ ਸਹਿਜ ਹੁੰਦੇ ਜੋ ਤੁਹਾਡੀ ਜੀਵਨ-ਪ੍ਰਾਪਤੀ ਬਣ ਜਾਂਦੇ। ਤੁਹਾਡੇ ਲਈ ਸੁਖਨ ਦੀ ਧਰਾਤਲ ਸਿਰਜਣ ਵਾਲੇ ਅਹਿਸਾਸਾਂ ਤੋਂ ਬਲਿਹਾਰੇ ਜਾਣ ਨੂੰ ਜੀ ਕਰਦਾ।
ਮਕਾਨਕੀ ਜ਼ਿੰਦਗੀ ਨੇ ਮਨੁੱਖ ਵਿਚੋਂ ਅਹਿਸਾਸਾਂ ਨੂੰ ਜਿਊਣ ਦੀ ਤਰਤੀਬ, ਤਦਬੀਰ ਅਤੇ ਤਕਦੀਰ ਹੀ ਚੂਸ ਲਈ ਏ। ਅਸੀਂ ਤਾਂ ਸਿਰਫ ਮਖੌਟਿਆਂ ਦਾ ਭਰਮ ਹੀ ਪਾਲ ਰਹੇ ਹਾਂ।
ਕਈ ਵਾਰ ਅਹਿਸਾਸ ਭਕੁੰਨੇ ਪਲਾਂ ਨੂੰ ਜਿਉਂਦਿਆਂ, ਵਕਤ ਨੂੰ ਨਮਸਕਾਰਨ ਨੂੰ ਜੀਅ ਕਰਦਾ। ਅਜਿਹਾ ਵਕਤ ਤੁਹਾਡੀਆਂ ਕਰਮ-ਰੇਖਾਵਾਂ ਵਿਚ ਸੁਖਨ ਦਾ ਜਾਗ ਲਾਉਂਦਾ ਜਿਸ ਦੀ ਅਸੀਂ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹੁੰਦੇ ਹਾਂ।
ਜਦ ਰਿਸ਼ਤੇ ਧਨ ਦੀ ਤੱਕੜੀ ਵਿਚ ਤੁਲਦੇ ਹੋਣ, ਸਬੰਧਾਂ ਦੀ ਬੋਲੀ ਲੱਗਦੀ ਹੋਵੇ ਅਤੇ ਅਪਣੱਤ ਦੇ ਮੁਹਾਂਦਰੇ ਵਿਚ ਵਿਗਾੜ ਪੈਦਾ ਹੋ ਰਿਹਾ ਹੋਵੇ ਤਾਂ ਭਲਾ ਸੁਹਜ ਤੇ ਸਕੂਨ ਦਾ ਹੋਕਰਾ ਕਿਸ ਨੂੰ ਸੁਣੇਗਾ?
ਮਿੱਠੇ-ਮਿੱਠੇ ਕੋਮਲ ਬੋਲ ਜਦ ਤੁਹਾਡੀ ਤਰਬੀਅਤ ਦਾ ਹਿੱਸਾ ਬਣ ਜਾਣ, ਖਰਵਾ ਬੋਲ ਤੁਹਾਡੇ ਹੋਠਾਂ ‘ਤੇ ਆਉਣ ਤੋਂ ਇਨਕਾਰੀ ਹੋ ਜਾਵੇ ਅਤੇ ਦੁਖਦੀ ਅੱਖ ਦਾ ਹੰਝੂ ਤੁਹਾਡੇ ਨੈਣਾਂ ਦੀ ਨੀਂਦਰ ਉਡਾਏ ਤਾਂ ਸਮਝੋ, ਜ਼ਿੰਦਗੀ ਦੀ ਅਮੀਰੀ ਨੂੰ ਅੰਤਰੀਵ ‘ਚ ਉਤਾਰ ਲਿਆ ਏ ਜਿਹੜਾ ਬਹੁਤ ਹੀ ਵਿਰਲਿਆਂ ਦਾ ਨਸੀਬ ਹੁੰਦਾ।
ਸੂਖਮ ਕਲਾ-ਬਿਰਤੀ ਅਤੇ ਕਿਤਾਬਾਂ ਤੋਂ ਦੂਰ ਹੋ ਰਹੇ ਮਨੁੱਖ ਕੋਲੋਂ ਅਹਿਸਾਸਾਂ ਸੰਗ ਜਿਉਣ ਦੀ ਆਸ ਰੱਖਣਾ, ਬੇਅਰਥਾ। ਪਰ ਆਸ ਰੱਖਣ ਵਿਚ ਹਰਜ਼ ਵੀ ਕੀ ਏ?
ਕਲਾ ਮਨੁੱਖ ਨੂੰ ਆਪਣੇ-ਆਪ ਨਾਲ ਜੋੜਦੀ ਏ। ਮਨੁੱਖ ਆਪਣੇ ਅੰਤਰੀਵ ਨਾਲ ਸੰਵਾਦ ਰਚਾਉਂਦਾ, ਆਪਣੇ ਆਪ ਨੂੰ ਸਵਾਲਾਂ ਅਤੇ ਜਵਾਬਾਂ ਦੇ ਮੂਹਰੇ ਖਲਿਆਰ, ਸੋਚ-ਰਿੜਕਣੀ ‘ਚੋਂ ਕੁਝ ਮਾਣਕ ਮੋਤੀ ਨਿਤਾਰਦਾ, ਜਿਹੜੇ ਤੁਹਾਡੇ ਸਮੁੱਚ ਨੂੰ ਨਿਖਾਰਦੇ ਤੇ ਨਿਹਾਰਦੇ।
ਵਿਗਿਆਨ ਤੇ ਕਲਾ ਵਿਚ ਸੰਤੁਲਨ ਕਾਇਮ ਰੱਖਣ ਵਾਲੇ ਵਿਅਕਤੀ ਕੁਦਰਤ ਦੀ ਅਸੀਮਤਾ ਦਾ ਅਨਮੋਲ ਖਜ਼ਾਨਾ। ਉਹ ਮਨੁੱਖ ਨੂੰ ਵਿਸਥਾਰਨ ਤੇ ਵਿਚਾਰਨ ਦੀ ਕਰਮ-ਸਾਧਨਾ ‘ਚੋਂ ਹੀ ਆਪਣੇ ਨੂੰ ਪਰਿਭਾਸ਼ਤ ਕਰਦੇ। ਅਜਿਹੇ ਕਰਮਯੋਗੀ ਬਹੁਤ ਵਿਰਲੇ। ਪਰ ਅਜਿਹਿਆਂ ਦੀ ਸਾਧਨਾ, ਸੰਦਲੀ ਰੰਗ, ਜੀਵਨ-ਬਨੇਰਿਆਂ ‘ਤੇ ਤਰੌਂਕਦੀ।
ਨਿੱਕੇ ਪਰ ਧੀਮੇ ਬੋਲਾਂ ਵਾਲੇ ਲੋਕ ਆਤਮਾ ‘ਚੋਂ ਕਸ਼ੀਦ ਕੀਤੇ ਹਰਫਾਂ ਨਾਲ ਚੌਗਿਰਦੇ ਨੂੰ ਮਹਿਕਾਉਂਦੇ ਅਤੇ ਉਨ੍ਹਾਂ ਦੀਆਂ ਬਰੂਹਾਂ ‘ਤੇ ਕੁਦਰਤ ਵੀ ਅਕੀਦਤ ਕਰਦੀ।
ਅਹਿਸਾਸ ਜਿਉਂਦੇ ਹੋਣ ਤਾਂ ਵਿਅਕਤੀ ਜਿਉਂਦਾ। ਦੋਸਤੀਆਂ ਦੇ ਦਰਿਆਵਾਂ ਨੂੰ ਰਵਾਨਗੀ। ਸਾਂਝਾਂ ਦੇ ਪੁਲ ਉਸਾਰਦੇ ਅਤੇ ਅਪਣੱਤ ਦੀਆਂ ਸਰਦਲਾਂ ‘ਤੇ ਤੇਲ ਚੋਂਦਾ। ਧਿਆਨ ਮਾਰਿਓ! ਕਿੰਨੇ ਕੁ ਵਿਅਕਤੀ ਅਜਿਹੀ ਸੰਵੇਦਨਾ ਨੂੰ ਹਰ ਪਲ ਜਿਉਂਦੇ ਨੇ!
ਅਹਿਸਾਸ ਕਦੇ ਖੁਦ ਮਰਿਆ ਨਹੀਂ ਕਰਦੇ। ਅਸੀਂ ਹੀ ਇਨ੍ਹਾਂ ਨੂੰ ਦਫਨ ਕਰਕੇ, ਇਸ ਦਾ ਮਰਸੀਆ ਖੁਦ ਪੜ੍ਹਦੇ ਅਤੇ ਫਿਰ ਇਨ੍ਹਾਂ ਦੇ ਜਿਉਂਦੇ ਹੋਣ ਦਾ ਢੋਂਗ ਰਚਾਉਂਦੇ।
ਜਦ ਘਰਦਿਆਂ ਦਰਾਂ ‘ਤੇ ਜੀ ਆਇਆਂ ਉਕਰਿਆ ਜਾਂਦਾ, ਕੰਧਾਂ ਤੁਹਾਡਾ ਹੁੰਗਾਰਾ ਭਰਦੀਆਂ, ਵਿਹੜਾ ਤੁਹਾਨੂੰ ਗਲਵਕੜੀ ਵਿਚ ਲੈਂਦਾ ਅਤੇ ਫਿਜ਼ਾ ਤੁਹਾਡੇ ਗੱਲ ਲੱਗ ਕੇ ਸਕੂਨ ਤੁਹਾਡੇ ਅੰਦਰ ਉਤਾਰਦੀ ਏ ਤਾਂ ਘਰ ਦੀ ਮਿੱਟੀ ਵੀ ਮਸਤਕ ਦਾ ਧੰਨਭਾਗ ਹੁੰਦੀ।
ਜਦ ਕਮਰੇ ਦੀਆਂ ਦੀਵਾਰਾਂ ਗੁਣਗੁਣਾAਣ ਲੱਗ ਪੈਣ, ਇਸ ਦੀ ਹਵਾ ਵਿਚ ਨੀਮ-ਪਿਆਜ਼ੀ ਹਾਸੇ ਅੰਗੜਾਈਆਂ ਭਰਨ, ਆਲਾ-ਦੁਆਲਾ ਜੀਵਨ-ਸੁਰਾਂ ਨਾਲ ਓਤਪੋਤ ਹੋਵੇ ਜਾਂ ਫਰਸ਼ ਨੂੰ ਤਾਲ ‘ਚ ਰਹਿੰਦੇ ਪੈਰਾਂ ਦਾ ਸਪਰਸ਼ ਨਸੀਬ ਹੋਵੇ ਤਾਂ ਕਮਰਾ ਆਪਣੇ ਧੰਨਭਾਗ ਦਾ ਸਦੀਵੀ ਸ਼ੁਕਰ-ਗੁਜਾਰ ਹੁੰਦਾ।
ਘਰ ਦੀਆਂ ਦੀਵਾਰਾਂ ਕਮਰਿਆਂ ਅਤੇ ਵਿਹੜੇ ਦੇ ਅਹਿਸਾਸ ਪਲੋਸੇ ਜਾਂਦੇ ਤਾਂ ਜੀਵਨ-ਰਾਗ ਦੀਆਂ ਸੱਤੇ-ਸੁਰਾਂ ਜੀਵਨੀ-ਨਮਾਜ਼ ਅਦਾ ਕਰਦੀਆਂ। ਹਰ ਸੁਪਨਾ ਤੇ ਆਦਰਸ਼, ਸੰਪੂਰਨਤਾ ਦੀ ਜੂਹ ਬਣਦਾ। ਅਸੀਸ ਤੇ ਅਰਦਾਸ, ਜਿੰæਦਗੀ ਦੇ ਰਾਹਾਂ ‘ਚ ਚਾਨਣ ਤਰੌਂਕਦੀਆਂ ਅਤੇ ਤੁਹਾਡੀ ਝੋਲੀ ਸਭੇ ਖੈਰਾਂ ਨਾਲ ਭਰੀਂਦੀ।
ਜੀਵਨ ਦਾ ਸੁੱਚਮ, ਜਾਗਦੇ ਅਹਿਸਾਸਾਂ ਤੇ ਹੁੰਗਾਰੇ ਭਰਦੇ ਚਾਵਾਂ ਦੀ ਅਮਾਨਤ। ਇਸ ਅਮਾਨਤ ਦੇ ਹੱਕਦਾਰ ਕਿਵੇਂ ਬਣਨਾ ਏ, ਇਹ ਸਾਡੇ ਨਜ਼ਰੀਏ ਨੇ ਨਿਰਧਾਰਤ ਕਰਨਾ ਏ। ਜੀਵਨ ਪ੍ਰਤੀ ਉਸਾਰੂ ਨਜ਼ਰੀਏ ਵਿਚੋਂ ਹੀ ਉਸਾਰੂ ਸੋਚ ਤੇ ਪਰਉਪਕਾਰੀ ਬਿਰਤੀ ਪਨਪਦੀ ਏ। ਸਿਰੜ ਤੇ ਸੁਘੜਤਾ ਦੀ ਸਰਦਾਰੀ ਕਰਨ ਵਾਲੇ ਲੋਕ ਸੁਪਨਿਆਂ ਦੇ ਸ਼ਾਹ-ਅਸਵਾਰ।
ਅਹਿਸਾਸ ਨੂੰ ਜਿਉਂਦਾ ਰੱਖਣਾ, ਜੀਵਨ ਨਾਲ ਜੁੜਨ ਦੀ ਪਰੰਪਰਾ। ਸਭੇ ਸਿਆਣਪਾਂ ਵਾਲੇ ਹੀ ਇਸ ਤੋਂ ਕਿਉਂ ਵਿਰਵੇ? ਊਣੇ ਲੋਕ ਕਦੇ ਵੀ ਭਰੀ-ਭਕੁੰਨਤਾ ਦਾ ਅਹਿਸਾਸ ਪੈਦਾ ਨਹੀਂ ਕਰ ਸਕਦੇ।
ਸੁਖਨ, ਸਕੂਨ, ਸਹਿਜ ਤੇ ਸਮਰਪਣ ਨਾਲ ਭਰੇ ਅਹਿਸਾਸ ਜਦ ਕੋਈ ਅੰਗੀਕਾਰ ਕਰਦਾ ਤਾਂ ਉਹ ਸੁੱਚੇ ਮਾਰਗ ਵੰਨੀਂ ਕਦਮ ਪੁੱਟਦਾ। ਅਜਿਹੇ ਅਹਿਸਾਸਾਂ ਨੇ ਜੀਵਨ-ਜਾਚ ਦਾ ਸਬਕ ਬਣ, ਸਾਡੀਆਂ ਸੁੱਤੀਆਂ ਕਲਾਂ ਨੂੰ ਜਗਾਉਣਾ ਹੁੰਦਾ। ਯਾਦ ਰਹੇ, ਕਲਾਕਾਰ ਦੀ ਕਲਾ ਦਰਅਸਲ ਉਨ੍ਹਾਂ ਦੇ ਅਹਿਸਾਸਾਂ ਦਾ ਜਾਗਣਾ ਅਤੇ ਇਨ੍ਹਾਂ ਅਹਿਸਾਸਾਂ ਨੂੰ ਕੈਨਵੈਸ ‘ਤੇ ਉਲੀਕਣਾ, ਬੋਲਾਂ ‘ਚ ਢਾਲਣਾ, ਹਰਫਾਂ ‘ਚ ਉਲਥਾਉਣਾ ਜਾਂ ਤਹਿਜ਼ੀਬ ਦੇ ਪਿੰਡੇ ‘ਤੇ ਉਤਾਰਨਾ ਹੁੰਦਾ। ਆਪਣੀਆਂ ਕਲਾ-ਕ੍ਰਿਤਾਂ ਵਿਚ ਜਿਉਂਦੇ ਲੋਕਾਂ ਨੂੰ ਸਮਕਾਲੀ ਸਮੇਂ ਵਿਚ ਦੁਰਕਾਰਿਆ ਜਾਂਦਾ। ਪਰ ਮਰਿਆਂ ਬਾਅਦ ਉਨ੍ਹਾਂ ਦੀਆਂ ਬਰਸੀਆਂ ਅਕਸਰ ਹੀ ਮਨਾਈਆਂ ਜਾਂਦੀਆਂ।
ਜੀਵਨ-ਰਾਗਨੀ ਵਿਚੋਂ ਸੁਰਾਂ ਦੀ ਆਬਸ਼ਾਰ ਝਰਦੀ ਰਹੇ, ਇਸ ਦੀ ਰਹਿਬਰੀ ਵਿਚ ਜੀਵਨ-ਰਾਗ ਨੂੰ ਉਚਮਤਾ ਤੇ ਸੁੱਚਮਤਾ ਮਿਲਦੀ ਰਹੇ ਅਤੇ ਇਸ ਦੇ ਸੂਹੇ ਅਰਥਾਂ ਵਿਚੋਂ ਜੀਵਨ ਨੂੰ ਵਿਸਮਾਦੀ ਹੁਲਾਸ ਤੇ ਸੁਚੱਜ ਮਿਲਦਾ ਰਹੇ।
ਜੀਵਨ-ਮੁੱਲਾਂ ਨਾਲ ਭਰਪੂਰ ਅਹਿਸਾਸ, ਮਨ-ਬੀਹੀ ਵਿਚ ਦਸਤਕ ਦੇਣ ਅਤੇ ਅੰਤਰੀਵ ਨਾਲ ਸੰਵਾਦ ਰਚਾਉਣ। ਇਹ ਕਾਮਨਾ ਇਨ੍ਹਾਂ ਹਰਫਾਂ ਦੀ ਏ।
ਆਮੀਨ।