ਗੁਲਾਮੀ ਦੇ ਨੈਣ-ਨਕਸ਼ ਅਤੇ ਨੋਟ

ਗੁਲਾਮੀ ਦੀਆਂ ਜ਼ੰਜੀਰਾਂ ਖਿਲਾਫ ਮੁਹਿੰਮ ਵਿੱਢਣ ਵਾਲੀ ਸਿਆਹਫਾਮ ਔਰਤ ਹੈਰੀਅਟ ਟਬਮੈਨ (1822-10 ਮਾਰਚ 1913) ਦਾ ਬਚਪਨ ਦਾ ਨਾਂ ਅਰਾਮਿੰਟਾ ਰੌਸ ਸੀ। ਉਹ ਮਸਾਂ ਪੰਜ ਵਰ੍ਹਿਆਂ ਦੀ ਸੀ ਜਦੋਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਗਈ, ਪਰ 1849 ਵਿਚ ਉਹ ਇਹ ਜ਼ੰਜੀਰਾਂ ਤੋੜ ਕੇ ਫਿਲਾਡੈਲਫੀਆ ਚਲੀ ਗਈ। ਫਿਰ ਆਪਣੇ ਪਰਿਵਾਰ ਦੇ ਹੋਰ ਜੀਆਂ ਨੂੰ ਗੁਲਾਮੀ ਤੋਂ ਬਚਾਉਣ ਦਾ ਹੀਲਾ ਕੀਤਾ। ਇਉਂ ਉਹ ਅਜਿਹੇ ਗਰੁਪ ਨਾਲ ਜੁੜ ਗਈ ਜੋ ਗੁਲਾਮੀ ਖਿਲਾਫ ਜੱਦੋਜਹਿਦ ਕਰ ਰਿਹਾ ਸੀ। ਅਮਰੀਕਾ ਦੀ ਘਰੋਗੀ ਜੰਗ ਦੌਰਾਨ ਉਸ ਨੇ ਯੂਨੀਅਨ ਆਰਮੀ ਲਈ ਕੰਮ ਕੀਤਾ।

20 ਅਪਰੈਲ 2016 ਨੂੰ ਖਜ਼ਾਨਾ ਮੰਤਰੀ ਜੈਕ ਲਿਊ ਨੇ ਐਲਾਨ ਕੀਤਾ ਕਿ 20 ਡਾਲਰ ਦੇ ਨੋਟ ਉਤੇ ਹੈਰੀਅਟ ਟਬਮੈਨ ਦੀ ਤਸਵੀਰ ਛਪੇਗੀ। ਅਵਤਾਰ ਸਿੰਘ ਧਾਲੀਵਾਲ ਨੇ ਆਪਣੇ ਇਸ ਲੇਖ ਵਿਚ ਹੈਰੀਅਟ ਟਬਮੈਨ ਦੇ ਜੀਵਨ ਦੇ ਕੁਝ ਪੱਖਾਂ ਬਾਰੇ ਚਾਨਣਾ ਪਾਇਆ ਹੈ। -ਸੰਪਾਦਕ

ਅਵਤਾਰ ਸਿੰਘ ਧਾਲੀਵਾਲ
ਫੋਨ: +91-98722-14428
ਵੀਹ ਅਪਰੈਲ ਨੂੰ ਐਲਾਨ ਕੀਤਾ ਗਿਆ ਕਿ ਵੀਹ ਡਾਲਰ ਦੇ ਬਿਲ (ਨੋਟ) ਉਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਐਂਡਰਿਊ ਜੈਕਸਨ ਦੀ ਥਾਂ ਇਕ ਔਰਤ ਦਾ ਚਿਹਰਾ ਛਾਪਿਆ ਜਾਵੇਗਾ। ਕੌਣ ਸੀ ਉਹ ਔਰਤ? ਦਰਅਸਲ, ਉਹ ਸਿਆਹਫਾਮ ਮਹਿਲਾ ਸੀ। ਨਾਂ ਸੀ ਹੈਰੀਅਟ ਟਬਮੈਨ।
ਉਹ ਗੁਲਾਮ ਮਾਪਿਆਂ ਦੀ ਧੀ ਸੀ ਜਿਸ ਨੂੰ ਪੰਜ ਕੁ ਸਾਲ ਦੀ ਹੋਣ ‘ਤੇ ਹੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜ ਲਿਆ ਗਿਆ। ਉਹ 1820-22 ਵਿਚ ਪੈਦਾ ਹੋਈ ਹੋਵੇਗੀ ਕਿਉਂ ਜੋ ਗੁਲਾਮ ਬਣਾਏ ਗਏ ਲੋਕਾਂ ਦੇ ਜਨਮ ਦੀਆਂ ਤਾਰੀਖਾਂ ਬਾਰੇ ਕੌਣ ਗੌਰ ਕਰਦਾ ਸੀ?
ਕਿਹਾ ਜਾਂਦਾ ਹੈ ਕਿ ਯੂਰਪ ਦੇ ਕਈ ਸ਼ਾਹੀ ਘਰਾਣਿਆਂ ਅਤੇ ਵੱਡੇ ਵਪਾਰੀਆਂ ਦੀ ਸ਼ਹਿ ਉਤੇ ਵਪਾਰਕ ਕੰਪਨੀਆਂ ਵਲੋਂ ਵਧੇਰੇ ਧਨ ਕਮਾਉਣ ਲਈ ਅਫਰੀਕੀ ਲੋਕਾਂ ਨੂੰ ਗੁਲਾਮ ਬਣਾ ਕੇ ਅਮਰੀਕਾ ਵਿਚ ਵੇਚਣ ਦਾ ਧੰਦਾ ਅਪਨਾਇਆ ਗਿਆ ਸੀ। ਯੂਰਪ ਦੇ ਸਮੁੰਦਰੀ ਜਹਾਜ਼ਾਂ ਵਿਚ ਉਹ ਵਪਾਰੀ ਅਫਰੀਕਾ ਜਾਂਦੇ। ਉਥੇ ਜੰਗਲਾਂ ਵਿਚ ਰਹਿੰਦੇ ਸਿਆਹਫਾਮ ਲੋਕਾਂ ਨੂੰ ਘੇਰ ਕੇ ਫੜ ਲੈਂਦੇ। ਉਨ੍ਹਾਂ ਦੇ ਹੱਥ ਪਿੱਛੇ ਬੰਨ੍ਹ ਕੇ ਜ਼ਬਰਦਸਤੀ ਜਹਾਜ਼ਾਂ ਵਿਚ ਲੱਦਿਆ ਜਾਂਦਾ। ਉਹ ਅਮਰੀਕਾ ਲਿਆ ਕੇ ਵੇਚ ਦਿੱਤੇ ਜਾਂਦੇ। ਇਕ ਅਨੁਮਾਨ ਮੁਤਾਬਿਕ 1619 ਤਕ ਦਸ ਲੱਖ ਕਾਲੇ ਗੁਲਾਮ ਵੇਚੇ ਜਾ ਚੁੱਕੇ ਸਨ। ਵਿਰੋਧ ਕਰਨ ਵਾਲੇ ਗੁਲਾਮਾਂ ਨੂੰ ਲੋਹੇ ਦੀਆਂ ਸਲਾਖਾਂ ਨਾਲ ਕੁੱਟਿਆ ਜਾਂਦਾ। ਸਫਰ ਦੌਰਾਨ ਗੰਦਗੀ ਭਰੇ ਹਾਲਾਤ ਕਾਰਨ ਵਧੇਰੇ ਬਿਮਾਰ ਹੋਣ ਜਾਂ ਦਮ ਤੋੜ ਜਾਣ ਵਾਲਿਆਂ ਨੂੰ ਸਮੁੰਦਰ ਵਿਚ ਹੀ ਸੁੱਟ ਦਿੱਤਾ ਜਾਂਦਾ।
ਅਮਰੀਕਾ ਵਿਚ ਯੂਰਪ ਤੋਂ ਆ ਕੇ ਵਸੇ ਲੋਕਾਂ ਨੇ ਵੱਡੇ ਵੱਡੇ ਫਾਰਮ ਖਰੀਦ ਲਏ ਸਨ। ਉਨ੍ਹਾਂ ਨੂੰ ਸਸਤੇ ਮਜ਼ਦੂਰਾਂ ਦੀ ਲੋੜ ਸੀ। ਖੇਤਾਂ ਅਤੇ ਘਰਾਂ ਵਿਚ ਕੰਮ ਕਰਵਾਉਣ ਸਮੇਂ ਮਾਲਕ ਇਨ੍ਹਾਂ ਗੁਲਾਮਾਂ ਨਾਲ ਅਣਮਨੁੱਖੀ ਵਰਤਾਉ ਕਰਦੇ ਸਨ। ਉਦੋਂ ਅਮਰੀਕਾ ਦੀਆਂ ਦੱਖਣੀ ਸਟੇਟਾਂ ਵਿਚ ਇਸ ਪ੍ਰਥਾ ਦਾ ਬੋਲਬਾਲਾ ਵਧੇਰੇ ਸੀ। ਗੁਲਾਮਾਂ ਦੇ ਕੋਈ ਅਧਿਕਾਰ ਨਹੀਂ ਸਨ ਹੁੰਦੇ। ਉਨ੍ਹਾਂ ਨੂੰ ਮਨੁੱਖ ਸਮਝਿਆ ਹੀ ਨਹੀਂ ਸੀ ਜਾਂਦਾ। ਜੇ ਕੋਈ ਇਸ ਪ੍ਰਥਾ ਖਿਲਾਫ ਆਵਾਜ਼ ਉਠਾਉਂਦਾ ਤਾਂ ਉਹ ਆਪਣੇ ਲਈ ਤਸੀਹੇ ਸਹੇੜਦਾ ਸੀ। ਅਣਗਿਣਤ ਸਿਆਹਫਾਮ ਲੋਕਾਂ ਨਾਲ ਹੈਰੀਅਟ ਟਬਮੈਨ ਦੇ ਵਡੇਰਿਆਂ ਨੂੰ ਵੀ ਅਫਰੀਕਾ ਤੋਂ ਫੜ ਕੇ ਅਮਰੀਕਾ ਲਿਆਂਦਾ ਗਿਆ ਸੀ। ਆਪਣੇ ਖੇਤਾਂ ਵਿਚ ਕੰਮ ਕਰਵਾਉਣ ਲਈ ਜ਼ਿਮੀਂਦਾਰ ਮਾਲਕਾਂ ਨੇ ਉਨ੍ਹਾਂ ਨੂੰ ਖਰੀਦ ਲਿਆ ਸੀ। ਉਨ੍ਹਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬਰਾਹਮ ਲਿੰਕਨ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਗੁਲਾਮੀ ਪ੍ਰਥਾ ਖਿਲਾਫ ਸੰਘਰਸ਼ ਕਰਕੇ ਅਣਗਿਣਤ ਲੋਕਾਂ ਨੂੰ ਮੁਕਤੀ ਦਿਵਾਈ। ਲਿੰਕਨ ਨੂੰ ਇਸ ਸੰਘਰਸ਼ ਵਿਚ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਸਨ।
ਅਮਰੀਕਾ ਵਿਚ ਗੁਲਾਮੀ ਪ੍ਰਥਾ ਦਾ ਵਿਰੋਧ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਗਿਆ ਸੀ। ਇਸ ਦੇ ਵਿਰੋਧ ਵਿਚ ਬੈਂਜਾਮਿਨ ਫਰੈਂਕਲਿਨ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ 1775 ਵਿਚ ਫਿਲਾਡੈਲਫੀਆ ਵਿਚ ਗੁਲਾਮੀ ਤੋਂ ਮੁਕਤੀ ਲਈ ਪੈਨਸਿਲਵੇਨੀਆ ਸੁਸਾਇਟੀ ਬਣਾਈ। ਕੁਝ ਹੋਰ ਸੁਸਾਇਟੀਆਂ ਵੀ ਇਸ ਨਾਲ ਆ ਜੁੜੀਆਂ ਸਨ। ਉਨ੍ਹਾਂ ਦੇ ਮੁੱਖ ਉਦੇਸ਼ ਸਨ:
ਸਿਆਹਫਾਮ ਜਨ-ਸਮੂਹ ਦੇ ਜੀਵਨ ਦੀਆਂ ਹਾਲਤਾਂ ਵਿਚ ਸੁਧਾਰ ਲਿਆਉਣਾ।
ਗੁਲਾਮਾਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਝੂਠੇ ਦਾਅਵਿਆਂ ਨੂੰ ਚੁਣੌਤੀ ਦੇਣਾ।
ਆਪਣੇ ਇਲਾਕਿਆਂ ਵਿਚ ਗੁਲਾਮਾਂ ਨੂੰ ਆਜ਼ਾਦ ਕਰਵਾਉਣ ਲਈ ਚਾਰਾਜੋਈ ਕਰਨੀ।
ਇਨ੍ਹਾਂ ਸੱਜਣਾਂ ਦੇ ਯਤਨਾਂ ਨੂੰ ਬੜੀ ਸਫਲਤਾ ਮਿਲੀ। ਕਈ ਸਟੇਟਾਂ ਵਿਚੋਂ 1804 ਤਕ ਗੁਲਾਮੀ ਪ੍ਰਥਾ ਖਤਮ ਕਰ ਦਿੱਤੀ ਗਈ ਸੀ। ਹੈਰੀਅਟ ਟਬਮੈਨ ਆਪਣੇ ਬਚਪਨ ਤੋਂ ਹੀ ਅੱਤਿਆਚਾਰਾਂ ਦਾ ਸ਼ਿਕਾਰ ਹੁੰਦੀ ਰਹੀ। ਉਸ ਦੇ ਮਾਪੇ ਮੈਰੀਲੈਂਡ ਸਟੇਟ ਦੀ ਡੌਰਚੈਸਟਰ ਕਾਉਂਟੀ ਵਿਚ ਇਕ ਮਾਲਕ ਦੇ ਗੁਲਾਮ ਸਨ। ਉਹ ਆਪਣੇ ਮਾਪਿਆਂ ਦੇ ਗਿਆਰਾਂ ਬੱਚਿਆਂ ਵਿਚੋਂ ਇੱਕ ਸੀ। ਉਸ ਦਾ ਨਾਂ ਰੱਖਿਆ ਗਿਆ ਸੀ, ਅਰਾਮਿੰਟਾ ਰੌਸ। ਉਸ ਦੀ ਮਾਂ ਨੂੰ ਕਿਸੇ ਵੱਡੇ ਘਰ ਵਿਚ ਸਾਰਾ ਸਾਰਾ ਦਿਨ ਇੰਨਾ ਕੰਮ ਕਰਨਾ ਪੈਂਦਾ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਸੀ ਦੇ ਸਕਦੀ। ਅਰਾਮਿੰਟਾ ਉਰਫ ਮਿੰਟੀ ਨੂੰ ਆਪਣੇ ਤੋਂ ਛੋਟਿਆਂ ਨੂੰ ਸੰਭਾਲਣਾ ਪੈਂਦਾ। ਅਜੇ ਉਹ ਪੰਜ-ਛੇ ਸਾਲ ਦੀ ਹੀ ਸੀ ਕਿ ਉਸ ਨੂੰ ਇੱਕ ਮਾਲਕ ਨੇ ਆਪਣਾ ਛੋਟਾ ਬੱਚਾ ਸੰਭਾਲਣ ਲਈ ਖਰੀਦ ਲਿਆ। ਉਸ ਲਈ ਇਹ ਵੀ ਹੁਕਮ ਸੀ ਕਿ ਉਹ ਸੁੱਤੇ ਹੋਏ ਬੱਚੇ ਦਾ ਸਾਰੀ ਰਾਤ ਜਾਗਦੀ ਰਹਿ ਕੇ ਧਿਆਨ ਰੱਖੇ। ਜਦੋਂ ਕਦੇ ਉਹ ਬੱਚਾ ਉੱਠ ਖੜੋਂਦਾ ਤੇ ਰੋ ਕੇ ਮਾਂ ਦੀ ਨੀਂਦ ਖਰਾਬ ਕਰਦਾ ਤਾਂ ਮਿੰਟੀ ਨੂੰ ਕੁੱਟਿਆ ਜਾਂਦਾ। ਜੇ ਕਦੇ ਉਹ ਆਪ ਸੌਂ ਜਾਂਦੀ ਤਾਂ ਉਸ ਨੂੰ ਕੋਰੜੇ ਮਾਰ ਕੇ ਜਗਾਇਆ ਜਾਂਦਾ। ਕੋਰੜਿਆਂ ਦੇ ਇਹ ਨਿਸ਼ਾਨ ਵੱਡੀ ਹੋ ਜਾਣ ਤਕ ਵੀ ਉਸ ਦੇ ਸਰੀਰ ਤੋਂ ਨਹੀਂ ਮਿਟੇ। ਉਸ ਦੇ ਮਨ ‘ਤੇ ਤਾਂ ਇਹ ਨਿਸ਼ਾਨ ਸਾਰੀ ਉਮਰ ਪਏ ਰਹੇ। ਇੱਕ ਦਿਨ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਕਿ ਇੱਕ ਸਵੇਰ ਨਾਸ਼ਤੇ ਤੋਂ ਪਹਿਲਾਂ ਉਸ ਨੂੰ ਪੰਜ ਵਾਰ ਕੋਰੜੇ ਮਾਰੇ ਗਏ।
ਇੱਕ ਦਿਨ ਉਥੋਂ ਭੱਜਣ ਦੀ ਕੋਸ਼ਿਸ਼ ਵਿਚ ਉਸ ਨੇ ਆਪਣੇ ਸਰੀਰ ‘ਤੇ ਬਹੁਤ ਸਾਰੇ ਕੱਪੜੇ ਪਹਿਨ ਲਏ ਤਾਂ ਕਿ ਸਰੀਰ ਉਤੇ ਕੋਰੜਿਆਂ ਦਾ ਘੱਟ ਅਸਰ ਹੋਵੇ। ਇੱਕ ਵਾਰ ਉਸ ਨੂੰ ਖਸਰਾ ਨਿਕਲਿਆ ਹੋਇਆ ਸੀ ਤਾਂ ਵੀ ਉਸ ਨੂੰ ਚੂਹਿਆਂ ਬਾਰੇ ਸਾਵਧਾਨ ਰਹਿਣ ਦਾ ਹੁਕਮ ਦਿੱਤਾ ਗਿਆ। ਉਸ ਨੇ ਲਗਾਤਾਰ ਚੂਹਿਆਂ ਦੇ ਪਿੰਜਰੇ ‘ਤੇ ਨਜ਼ਰ ਰੱਖਣੀ ਸੀ। ਉਹ ਇੰਨੀ ਬਿਮਾਰ ਹੋ ਗਈ ਕਿ ਕੁਝ ਵੀ ਕਰਨ ਤੋਂ ਅਸਮਰੱਥ ਹੋ ਗਈ ਤਾਂ ਉਸ ਨੂੰ ਮੁੜ ਪੁਰਾਣੇ ਮਾਲਕ ਕੋਲ ਛੱਡ ਦਿੱਤਾ ਗਿਆ। ਬਿਮਾਰੀ ਦੌਰਾਨ ਉਸ ਦੀ ਮਾਂ ਨੇ ਉਸ ਨੂੰ ਸੰਭਾਲਿਆ। ਜਦੋਂ ਉਹ ਠੀਕ ਹੋ ਗਈ ਤਾਂ ਕਿਸੇ ਹੋਰ ਮਾਲਕ ਨੇ ਖਰੀਦ ਲਈ। ਜਿਉਂ ਜਿਉਂ ਉਹ ਵੱਡੀ ਹੁੰਦੀ ਗਈ, ਉਸ ਨੂੰ ਹੋਰ ਔਖੇ ਤੇ ਭਾਰੇ ਕੰਮ ਦਿੱਤੇ ਜਾਣ ਲੱਗੇ। ਉਹ ਖੇਤਾਂ ਵਿਚ ਹਲ ਵਾਹੁੰਦੀ। ਜੰਗਲ ਵਿਚੋਂ ਲੱਕੜ ਦੀਆਂ ਭਾਰੀ ਗੇਲੀਆਂ ਚੁੱਕ ਕੇ ਲਿਆਉਂਦੀ।
ਇਕ ਵਾਰ ਉਸ ਨੂੰ ਸਟੋਰ ਵਿਚ ਕਿਸੇ ਕੰਮ ਲਈ ਭੇਜਿਆ ਗਿਆ। ਉਥੇ ਇੱਕ ਹੋਰ ਗੁਲਾਮ ਮੁੰਡਾ ਖੜ੍ਹਾ ਸੀ ਜੋ ਖੇਤਾਂ ਵਿਚੋਂ ਭੱਜ ਕੇ ਆਇਆ ਸੀ। ਮੁੰਡੇ ਨੂੰ ਫੜਨ ਆਏ ਬੰਦੇ ਨੇ ਮਿੰਟੀ ਨੂੰ ਸਹਾਇਤਾ ਕਰਨ ਲਈ ਆਵਾਜ਼ ਮਾਰੀ। ਮਿੰਟੀ ਨੇ ਅਣਸੁਣੀ ਕਰ ਦਿੱਤੀ ਤੇ ਉਹ ਗੁਲਾਮ ਮੁੰਡਾ ਦੌੜ ਗਿਆ। ਫੜਨ ਆਏ ਆਦਮੀ ਨੇ ਭੱਜੇ ਜਾਂਦੇ ਮੁੰਡੇ ਵੱਲ ਪੱਥਰ ਵਗਾਹ ਮਾਰਿਆ। ਉਹ ਪੱਥਰ ਮੁੰਡੇ ਦੀ ਥਾਂ ਮਿੰਟੀ ਦੇ ਸਿਰ ਵਿਚ ਆ ਲੱਗਾ ਤੇ ਉਹ ਘੁਮੇਰ ਖਾ ਕੇ ਡਿੱਗ ਪਈ। ਉਸ ਦੇ ਸਿਰ ਵਿਚ ਡੂੰਘਾ ਟੋਆ ਪੈ ਗਿਆ। ਲਹੂ-ਲੁਹਾਣ ਹੋਈ ਮਿੰਟੀ ਨੂੰ ਉਸ ਦੇ ਪਹਿਲੇ ਮਾਲਕ ਕੋਲ ਭੇਜ ਦਿੱਤਾ ਗਿਆ ਜਿਥੇ ਉਹ ਦੋ ਦਿਨ ਬੇਸੁਰਤ ਪਈ ਰਹੀ। ਉਸ ਦੇ ਮਾਲਕ ਦੇ ਬੋਲ ਸਨ, “ਹੁਣ ਤਾਂ ਇਹ ਛੇ ਪੈਂਸ ਦੀ ਵੀ ਨਹੀਂ ਰਹੀ।”
ਜਦ ਉਹ ਫਿਰ ਬਿਮਾਰ ਹੋਈ ਤਾਂ ਉਸ ਦੀ ਕੀਮਤ ਹੋਰ ਵੀ ਘੱਟ ਰੱਖੀ ਗਈ। ਇਸ ਦੇ ਬਾਵਜੂਦ ਉਸ ਦੇ ਮਾਲਕ ਨੂੰ ਕੋਈ ਖਰੀਦਦਾਰ ਨਾ ਮਿਲਿਆ। ਉਹ ਅਰਦਾਸਾਂ ਕਰਦੀ ਰਹਿੰਦੀ ਕਿ ਉਸ ਦੇ ਮਾਲਕ ਦਾ ਵਤੀਰਾ ਬਦਲ ਜਾਵੇ, ਪਰ ਉਸ ਦਾ ਮਾਲਕ ਨਿੱਤ ਨਵੇਂ ਗਾਹਕ ਲੈ ਆਉਂਦਾ। ਇੱਕ ਦਿਨ ਉਸ ਦੀ ਅਰਦਾਸ ਦੇ ਬੋਲ ਸਨ, “ਹੇ ਰੱਬਾ! ਜੇ ਤੂੰ ਇਸ ਆਦਮੀ ਦੇ ਸੁਭਾਅ ਨੂੰ ਨਹੀਂ ਬਦਲ ਸਕਦਾ ਤਾਂ ਇਸ ਨੂੰ ਚੁੱਕ ਲੈ।” ਹਫਤੇ ਕੁ ਪਿੱਛੋਂ ਅਚਾਨਕ ਉਹ ਮਾਲਕ ਮਰ ਗਿਆ ਤਾਂ ਉਸ ਨੂੰ ਆਪਣੀਆਂ ਅਰਦਾਸਾਂ ‘ਤੇ ਪਛਤਾਵਾ ਹੋਣ ਲੱਗਾ। ਸਤਾਈ ਕੁ ਸਾਲ ਦੀ ਉਮਰ ਵਿਚ ਉਹ ਗੁਲਾਮੀ ਦੇ ਚੁੰਗਲ ਤੋਂ ਭੱਜ ਨਿਕਲੀ। ਇਨ੍ਹੀਂ ਦਿਨੀਂ ਉਸ ਦੇ ਦੋ ਭਰਾ ਵੀ ਗੁਲਾਮੀ ਤੋਂ ਖਹਿੜਾ ਛੁਡਾ ਕੇ ਦੌੜ ਗਏ ਸਨ। ਉਨ੍ਹਾਂ ਦੇ ਮਾਲਕ ਨੇ ਇਸ਼ਤਿਹਾਰ ਛਪਵਾ ਦਿੱਤਾ ਕਿ ਉਹ ਸਟੇਟ ਵਿਚੋਂ ਫੜੇ ਗਏ ਤਾਂ ਪੰਜਾਹ ਡਾਲਰ, ਪਰ ਜੇ ਸਟੇਟ ਤੋਂ ਬਾਹਰ ਫੜੇ ਗਏ ਤਾਂ ਫੜਨ ਵਾਲੇ ਨੂੰ ਸੌ ਡਾਲਰ ਇਨਾਮ ਦਿੱਤਾ ਜਾਵੇਗਾ। ਭਰਾਵਾਂ ਲਈ ਹਾਲਾਤ ਕੁਝ ਅਜਿਹੇ ਬਣ ਗਏ ਕਿ ਉਨ੍ਹਾਂ ਨੂੰ ਪੇਸ਼ ਹੋਣਾ ਪਿਆ।
ਉਨ੍ਹਾਂ ਵੱਲੋਂ ਮਜਬੂਰ ਕਰਨ ‘ਤੇ ਮਿੰਟੀ ਨੂੰ ਵੀ ਉਨ੍ਹਾਂ ਨਾਲ ਜਾ ਕੇ ਪੇਸ਼ ਹੋਣਾ ਪਿਆ। ਉਹ ਫਿਰ ਦੌੜ ਗਈ। ਖੁਫੀਆ ਪ੍ਰਬੰਧ ਸਹਾਰੇ ਉਹ ਨੇੜੇ ਦੀ ਸਟੇਟ ਪੈਨਸਿਲਵੇਨੀਆ ਦੇ ਸ਼ਹਿਰ ਫਿਲਾਡੈਲਫੀਆ ਜਾ ਪੁੱਜੀ। ਨੱਬੇ ਮੀਲ ਦਾ ਪੰਧ ਉਸ ਨੇ ਪੈਦਲ ਚੱਲ ਕੇ ਤਿੰਨ ਹਫਤੇ ਅਤੇ ਪੰਜ ਦਿਨਾਂ ਵਿਚ ਤੈਅ ਕੀਤਾ। ਰਾਤ ਵੇਲੇ ਉਹ ਧਰੂ ਤਾਰੇ ਤੋਂ ਦਿਸ਼ਾ ਲੈ ਕੇ ਅੱਗੇ ਟੁਰਦੀ ਸੀ। ਉਸ ਨੂੰ ਡਰ ਸੀ ਕਿ ਮਾਲਕਾਂ ਵੱਲੋਂ ਗੁਲਾਮਾਂ ਨੂੰ ਫੜਨ ਲਈ ਛੱਡੇ ਹੋਏ ਬੰਦਿਆਂ ਦੇ ਹੱਥ ਨਾ ਆ ਜਾਵੇ। ਪੈਨਸਿਲਵੇਨੀਆ ਪੁੱਜ ਕੇ ਉਸ ਨੇ ਸੁਖ ਦਾ ਸਾਹ ਲਿਆ। ਉਹ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਨ ਲੱਗੀ।
ਮਿੰਟੀ ਨੇ ਆਪਣੀ ਇਸ ਹੱਡਬੀਤੀ ਨੂੰ ਇਉਂ ਬਿਆਨ ਕੀਤਾ ਹੈ, “ਜਦ ਮੈਨੂੰ ਪਤਾ ਲੱਗਾ ਕਿ ਮੈਂ ਉਹ ਰੇਖਾ ਪਾਰ ਕਰ ਲਈ ਹੈ, ਮੈਂ ਆਪਣੇ ਹੱਥਾਂ ਨੂੰ ਤੱਕਿਆ, ‘ਕੀ ਮੈਂ ਉਹੀ ਹਾਂ?’ ਮੈਨੂੰ ਸੂਰਜ ਸੋਨੇ ਵਾਂਗ ਦਮਕਾਂ ਮਾਰਦਾ ਜਾਪਿਆ। ਮੈਨੂੰ ਲੱਗਾ ਜਿਵੇਂ ਮੈਂ ਕਿਸੇ ਸਵਰਗ ਵਿਚ ਹੋਵਾਂ। ਮੈਂ ਆਜ਼ਾਦ ਸਾਂ, ਪਰ ਉਸ ਆਜ਼ਾਦ ਧਰਤ ‘ਤੇ ਮੇਰਾ ਸੁਆਗਤ ਕਰਨ ਵਾਲਾ ਕੋਈ ਨਹੀਂ ਸੀ।” ਉਸ ਨੇ ਆਜ਼ਾਦ ਨੀਗਰੋ ਨਾਲ ਵਿਆਹ ਕਰਵਾ ਲਿਆ ਤੇ ਆਪਣਾ ਨਾਂ ਬਦਲ ਕੇ ਹੈਰੀਅਟ ਟਬਮੈਨ ਰੱਖ ਲਿਆ। ਹੁਣ ਹੈਰੀਅਟ ਨੇ ਹੋਰ ਗੁਲਾਮਾਂ ਨੂੰ ਆਜ਼ਾਦ ਕਰਵਾਉਣ ਦਾ ਬੀੜਾ ਚੁੱਕ ਲਿਆ। ਉਹ ਆਪਣੇ ਕੋਲ ਰਿਵਾਲਵਰ ਰੱਖਣ ਲੱਗੀ। ਛੁਡਾਏ ਗਏ ਗੁਲਾਮਾਂ ਵਿਚੋਂ ਡਰ ਦਾ ਮਾਰਿਆ ਕੋਈ ਵਾਪਸ ਜਾਣ ਲੱਗਦਾ ਤਾਂ ਉਹ ਉਸ ਵੱਲ ਰਿਵਾਲਵਰ ਤਾਣ ਕੇ ਕਹਿੰਦੀ, “ਜਾਂ ਸਾਡੇ ਨਾਲ ਚੱਲ ਜਾਂ ਮਰਨ ਲਈ ਤਿਆਰ ਹੋ ਜਾ।” ਉਹ ‘ਅੰਡਰਗਰਾਊਂਡ ਰੇਲਰੋਡ’ ਨਾਂ ਦੀ ਖੁਫੀਆ ਪ੍ਰਣਾਲੀ ਵਿਚ ਲਗਾਤਾਰ ਅੱਠ ਸਾਲ ਕੰਮ ਕਰਦੀ ਰਹੀ। ਇਸ ਪ੍ਰਣਾਲੀ ਰਾਹੀਂ ਬਹੁਤ ਸਾਰੇ ਗੁਲਾਮਾਂ ਨੂੰ ਦੱਖਣੀ ਰਾਜਾਂ ਵਿਚੋਂ ਕੱਢ ਕੇ ਉਤਰੀ ਰਾਜਾਂ ਵਿਚ ਲਿਆਂਦਾ ਗਿਆ।
ਅੰਡਰਗਰਾਊਂਡ ਰੇਲਰੋਡ ਕੋਈ ਰੇਲ ਗੱਡੀ ਨਹੀਂ ਸੀ। ਦਰਅਸਲ, ਇਹ ਉਸ ਖੁਫੀਆ ਪ੍ਰਬੰਧ ਨੂੰ ਦਿੱਤਾ ਗਿਆ ਨਾਂ ਸੀ ਜਿਹੜਾ ਭੱਜੇ ਹੋਏ ਗੁਲਾਮਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਲਈ ਕੰਮ ਕਰਦਾ ਸੀ। ਸਾਲ 1820 ਵਿਚ ਸ਼ੁਰੂ ਹੋਏ ਇਸ ਪ੍ਰਬੰਧ ਵੱਲੋਂ 40 ਸਾਲਾਂ ਵਿਚ ਤਕਰੀਬਨ 40,000 ਗੁਲਾਮਾਂ ਦੀ ਸਹਾਇਤਾ ਕੀਤੀ ਗਈ ਸੀ। ਹੈਰੀਅਟ ਟਬਮੈਨ ਇਸੇ ਪ੍ਰਬੰਧ ਰਾਹੀਂ ਬਚ ਕੇ ਨਿਕਲੀ ਸੀ। ਬਹੁਤ ਸਾਰਿਆਂ ਨੂੰ ਮਿਸ਼ੀਗਨ ਸਟੇਟ ਦੇ ਵੱਡੇ ਸ਼ਹਿਰ ਡਿਟਰਾਇਟ ਰਾਹੀਂ ਸਰਹੱਦ ਪਾਰ ਕਰਵਾ ਕੇ ਅੱਗੇ ਕੈਨੇਡਾ ਵਿਚ ਛੱਡ ਦਿੱਤਾ ਗਿਆ। ਉਨ੍ਹਾਂ ਵਿਚੋਂ ਬਹੁਤ ਸਾਰੇ ਕੈਨੇਡਾ ਦੇ ਸ਼ਹਿਰ ਸੇਂਟ ਕੈਥਰਿਨ ਵਿਚ ਜਾ ਟਿਕੇ ਅਤੇ ਬਹੁਤ ਸਾਰੇ ਵੈਲੈਂਡ ਨਹਿਰ ਦੀ ਉਸਾਰੀ ਦੇ ਕੰਮ ਵਿਚ ਜਾ ਲੱਗੇ ਤੇ ਸੁਤੰਤਰ ਤੌਰ ‘ਤੇ ਆਪਣਾ ਜੀਵਨ ਬਸਰ ਕਰਨ ਲੱਗੇ।
ਹੈਰੀਅਟ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੀ ਰਹੀ। ਉਸ ਦੀ ਕੋਸ਼ਿਸ਼ ਰਹੀ ਕਿ ਕੋਈ ਵੀ ਬੰਦਾ ਮੁੜ ਗੁਲਾਮੀ ਦੇ ਚੁੰਗਲ ਵਿਚ ਨਾ ਫਸ ਜਾਵੇ। ਉਸ ਨੂੰ ਫੜਨ ਲਈ ਪੂਰੀ ਵਾਹ ਲਾਈ ਗਈ, ਪਰ ਉਹ ਕਿਸੇ ਦੇ ਹੱਥ ਨਾ ਆਈ। ਉਸ ਨੂੰ ਫੜਨ ਲਈ ਛਪੇ ਇਸ਼ਤਿਹਾਰ ਦੀ ਇਬਾਰਤ ਇਉਂ ਸੀ:
ਤਲਾਸ਼ ਹੈ- ਜਿਉਂਦੀ ਜਾਂ ਮੋਈ
ਗੁਲਾਮਾਂ ਨੂੰ ਚੋਰੀ ਕਰਨ ਦੇ ਦੋਸ਼ ਵਿਚ ਹੈਰੀਅਟ ਟਬਮੈਨ
40,000 ਡਾਲਰ ਇਨਾਮ
ਨੀਗਰੋ ਗੁਲਾਮ ਜਿਸ ਦਾ ਕੱਦ ਪੰਜ ਫੁੱਟ, ਗਰਦਨ ‘ਤੇ ਨਿਸ਼ਾਨ, ਮੱਥੇ ‘ਤੇ ਡੂੰਘਾ ਚਟਾਕ ਹੈ।
ਛੋਟੇ ਕੱਦ ਦੀ ਸਾਦੀ ਔਰਤ, ਉਸ ਦੇ ਉਪਰਲੇ ਦੰਦ ਨਹੀਂ ਹਨ, ਬੜੀ ਛੇਤੀ ਸੌਂ ਜਾਣ ਦੀ ਆਦਤ ਵਾਲੀ, ਦੇਖਣ ਨੂੰ ਖਤਰਨਾਕ ਨਹੀਂ ਲੱਗਦੀ, ਪਰ ਆਪਣੇ ਕੋਲ ਪਿਸਤੌਲ ਰੱਖਦੀ ਹੈ।
1859 ਵਿਚ ਗੁਲਾਮੀ ਖਿਲਾਫ ਲੜਨ ਵਾਲੇ ਵਿਲੀਅਮ ਸ਼ੇਵਾਰਡ ਨੇ ਟਬਮੈਨ ਨੂੰ ਨਿਊ ਯਾਰਕ ਨੇੜੇ ਕੁਝ ਥਾਂ ਵੇਚ ਦਿੱਤੀ। ਉਹ ਉਥੇ ਜਾ ਕੇ ਰਹਿਣ ਲੱਗੀ। ਉਥੇ ਉਸ ਨੇ ਅਨੇਕਾਂ ਗੁਲਾਮਾਂ ਨੂੰ ਸ਼ਰਨ ਦਿੱਤੀ। 1861 ਵਿਚ ਅਮਰੀਕਾ ਵਿਚ ਗ੍ਰਹਿ ਯੁੱਧ ਸ਼ੁਰੂ ਹੋ ਗਿਆ। ਇਸ ਜੰਗ ਵਿਚ ਉਸ ਨੇ ਅਬਰਾਹਮ ਲਿੰਕਨ ਨੂੰ ਸਹਿਯੋਗ ਦਿੱਤਾ। ਉਸ ਦੇ ਜਨਰਲ ਡੇਵਿਡ ਹੰਟਰ ਨੂੰ ਮਿਲੀ। ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਜਾਸੂਸ ਵਜੋਂ ਸੇਵਾ ਵੀ ਨਿਭਾਈ। ਹੰਟਰ ਨੇ ਛੁਡਾਏ ਗਏ ਗੁਲਾਮਾਂ ਦੀ ਰੈਜੀਮੈਂਟ ਬਣਾਈ। ਹੈਰੀਅਟ ਟਬਮੈਨ ਉਮਰ ਭਰ ਗੁਲਾਮੀ ਪ੍ਰਥਾ ਦੇ ਖਾਤਮੇ ਲਈ ਸੰਘਰਸ਼ ਕਰਦੀ ਰਹੀ। ਅਪਰੈਲ 1865 ਵਿਚ ਅਮਰੀਕਾ ਦੇ ਗੁਲਾਮ ਲੋਕ ਆਜ਼ਾਦ ਹੋ ਗਏ।
ਟਬਮੈਨ ਨੇ ਆਪਣੀ ਉਮਰ ਦੇ ਅੰਤਲੇ ਵਰ੍ਹੇ ਨਿਊ ਯਾਰਕ ਕੋਲ ਔਬਰਨ ਵਿਚ ਬਿਤਾਏ ਅਤੇ ਔਰਤਾਂ ਦੀ ਭਲਾਈ ਲਈ ਕੰਮ ਕੀਤਾ। ਸਾਲ 1913 ਵਿਚ ਉਹ ਆਪਣੇ ਪਰਿਵਾਰ ਅਤੇ ਸਨੇਹੀਆਂ ਦੀ ਹਾਜ਼ਰੀ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਉਸ ਦੀ ਯਾਦ ਵਿਚ ਉਤਰੀ ਅਮਰੀਕਾ ਵਿਚ ਕਈ ਸੰਸਥਾਵਾਂ ਚੱਲ ਰਹੀਆਂ ਹਨ। ਉਸ ਦੇ ਕਈ ਕਥਨ ਲੋਕਾਂ ਦੀ ਜ਼ੁਬਾਨ ‘ਤੇ ਰਹੇ ਹਨ:
-ਮੈਂ ਹਜ਼ਾਰਾਂ ਗੁਲਾਮ ਆਜ਼ਾਦ ਕਰਵਾਏ। ਹਜ਼ਾਰਾਂ ਹੋਰਾਂ ਨੂੰ ਆਜ਼ਾਦ ਕਰਵਾ ਸਕਦੀ ਸੀ, ਜੇ ਉਹ ਇਹ ਸਮਝਦੇ ਹੁੰਦੇ ਕਿ ਉਹ ਗੁਲਾਮ ਹਨ।
-ਮੈਂ ਜੰਗਲੀ ਬੂਟੀ ਵਾਂਗ ਵੱਡੀ ਹੋਈ, ਅਣਚਾਹੀ; ਜਿਸ ਨੂੰ ਆਜ਼ਾਦੀ ਦਾ ਕੋਈ ਪਤਾ ਹੀ ਨਹੀਂ ਹੁੰਦਾ।
-ਮੈਨੂੰ ਇਨ੍ਹਾਂ ਦੋਵਾਂ ਵਿਚੋਂ ਇੱਕ ‘ਤੇ ਪੂਰਾ ਹੱਕ ਹੈ- ਆਜ਼ਾਦੀ ਜਾਂ ਮੌਤ। ਜੇ ਮੈਂ ਇੱਕ ਹਾਸਲ ਨਹੀਂ ਕਰ ਸਕਦੀ ਤਾਂ ਮੈਂ ਦੂਜੀ ਲੈ ਲਵਾਂਗੀ। ਮੈਨੂੰ ਕੋਈ ਜਿਉਂਦਿਆਂ ਫੜ ਨਹੀਂ ਸਕੇਗਾ। ਮੈਂ ਆਜ਼ਾਦੀ ਲਈ ਉਦੋਂ ਤਕ ਲੜਦੀ ਰਹਾਂਗੀ, ਜਦ ਤਕ ਮੇਰੇ ਵਿਚ ਸਾਹ-ਸਤ ਹੈ।