ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸਿੱਖ ਇਤਿਹਾਸ ਵਿਚ ਭਾਈ ਜੈਤਾ (13 ਦਸੰਬਰ 1649-22 ਦਸੰਬਰ) ਦਾ ਆਪਣਾ ਮੁਕਾਮ ਹੈ। ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਗੁਰੂ ਤੇਗ ਬਹਾਦਰ ਦਾ ਸੀਸ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਏ (ਸਿੰਘ) ਤੱਕ ਲੈ ਕੇ ਪੁੱਜਾ ਸੀ। ਚਿੱਤਰਕਾਰ ਜਸਵੰਤ ਸਿੰਘ ਨੇ ਭਾਈ ਜੈਤਾ ਦੇ ਇਸ ਕਾਰਨਾਮੇ ਨੂੰ ਆਪਣੇ ਚਿੱਤਰ ਵਿਚ ਸਾਕਾਰ ਕੀਤਾ ਹੈ। ਇਸ ਚਿੱਤਰ ਦੀ ਖੂਬਸੂਰਤੀ ਇਹ ਹੈ ਕਿ ਇਸ ਵਿਚ ਭਾਈ ਜੈਤਾ ਦੇ ਨਾਲ-ਨਾਲ ਉਨ੍ਹਾਂ ਵਕਤਾਂ ਦੇ ਹਾਲਾਤ ਵੀ ਝਾਤੀਆਂ ਮਾਰਦੇ ਹਨ। ਦਿੱਲੀ ਵੱਸਦੇ ਕਲਾ ਪਾਰਖੂ ਜਗਤਾਰਜੀਤ ਸਿੰਘ ਨੇ ਇਸ ਚਿੱਤਰ ਬਾਰੇ ਬਹੁਤ ਬਾਰੀਕ ਵੇਰਵੇ ਆਪਣੇ ਇਸ ਲੇਖ ਵਿਚ ਪੇਸ਼ ਕੀਤੇ ਹਨ।

-ਸੰਪਾਦਕ

ਜਗਤਾਰਜੀਤ ਸਿੰਘ
ਫੋਨ: +91-98990-91186
ਜਸਵੰਤ ਸਿੰਘ ਨੇ ਸਿੱਖ ਗੁਰੂਆਂ ਦੇ ਬਹੁਤ ਘੱਟ ਚਿੱਤਰ ਬਣਾਏ ਹਨ ਅਤੇ ਉਸ ਤੋਂ ਘੱਟ ਸੰਤਾਂ, ਭਗਤਾਂ ਅਤੇ ਸਿੱਖ ਯੋਧਿਆਂ ਦੇ। ਸਿੱਖ ਇਤਿਹਾਸ ਵਿਚ ਭਾਈ ਜੈਤਾ ਦਾ ਵਿਸ਼ੇਸ਼ ਮਹੱਤਵ ਹੈ। ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਗੁਰੂ ਤੇਗ ਬਹਾਦਰ ਦਾ ਸੀਸ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਏ (ਸਿੰਘ) ਦੇ ਸਪੁਰਦ ਕਰਦਾ ਹੈ। ਦਿੱਲੀ ਤੋਂ ਅਨੰਦਪੁਰ ਤਕ ਦਾ ਸਫਰ ਉਹ ਆਪਣੇ ਤਿੰਨ ਸਾਥੀਆਂ ਭਾਈ ਆਗਿਆ, ਭਾਈ ਊਦਾ ਅਤੇ ਭਾਈ ਨਾਨੂੰ ਸਮੇਤ ਪੰਜ ਦਿਨਾਂ ਵਿਚ ਤੈਅ ਕਰਦਾ ਹੈ।
ਉਸ ਵੇਲੇ ਇਹ ਅਲੋਕਾਰ ਘਟਨਾ ਸੀ।
ਕਸ਼ਮੀਰੀ ਪੰਡਿਤਾਂ ਦੀ ਫਰਿਆਦ ਨੂੰ ਹਾਕਮ ਜਮਾਤ ਤਕ ਪੁੱਜਦੀ ਕਰਨ ਲਈ ਗੁਰੂ ਤੇਗ ਬਹਾਦਰ ਨੂੰ ਅਨੰਦਪੁਰ ਸਾਹਿਬ ਤੋਂ ਦਿੱਲੀ ਜਾਣਾ ਪਿਆ। ਉਨ੍ਹਾਂ ਮੁਗਲ ਹਕੂਮਤ ਵੱਲੋਂ ‘ਧਰਮ ਪਰਿਵਰਤਨ ਦੀ ਸਲਾਹ’ ਮੰਨਣ ਤੋਂ ਮਨ੍ਹਾਂ ਕਰ ਦਿੱਤਾ। ਫਲਸਰੂਪ ਪਹਿਲਾਂ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਤਿੰਨ ਸਿੱਖਾਂ-ਭਾਈ ਮਤੀ ਦਾਸ (ਆਰੇ ਨਾਲ ਚੀਰ ਕੇ), ਭਾਈ ਦਿਆਲਾ (ਉਬਲਦੀ ਦੇਗ ਵਿਚ ਬਿਠਾ ਕੇ) ਅਤੇ ਭਾਈ ਸਤੀ ਦਾਸ (ਰੂੰ ਵਿਚ ਲਪੇਟ ਕੇ ਅੱਗ ਲਾ ਕੇ) ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ, ਤੇ ਫਿਰ ਹਜੂਮ ਸਾਹਮਣੇ ਜੱਲਾਦ ਵੱਲੋਂ ਗੁਰੂ ਤੇਗ ਬਹਾਦਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਤਸੀਹੇ ਦੇ ਕੇ ਖਤਮ ਕੀਤੀਆਂ ਦੇਹਾਂ ਨੂੰ ਧੂੜ-ਮਿੱਟੀ ਵਿਚ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਸਿੱਖਾਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਪੂਰੇ ਕਰਨ ਦੀ ਇਜਾਜ਼ਤ ਵੀ ਨਹੀਂ ਮਿਲਦੀ।
ਇਤਿਹਾਸ ਮੁਤਾਬਿਕ ਜਾਮਾ ਮਸਜਿਦ ਲਾਗੇ ਕੂਚਾ ਦਿਲਵਾਲੀ ਦੇ ਇੱਕ ਘਰ ਅੰਦਰ ਕੁਝ ਕੁ ਸਿੱਖ ਮਿਲਦੇ ਹਨ। ਵਿਚਾਰ-ਵਟਾਂਦਰੇ ਤੋਂ ਬਾਅਦ ਭਾਈ ਜੈਤਾ, ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਕੇ ਅਨੰਦਪੁਰ ਸਾਹਿਬ ਜਾਣ ਲਈ ਤਿਆਰ ਹੁੰਦਾ ਹੈ। ਤਿੰਨ ਹੋਰ ਸਿੱਖ ਔਖੇ ਵੇਲੇ ਇਮਦਾਦ ਦੇਣ ਅਤੇ ਆਲੇ-ਦੁਆਲੇ ਦੀ ਨਕਲੋ-ਹਰਕਤ ਉਪਰ ਅੱਖ ਰੱਖਣ ਲਈ ਭਾਈ ਜੈਤਾ ਨਾਲ ਹੋ ਤੁਰਦੇ ਹਨ। ਗੁਰੂ ਜੀ ਦਾ ਧੜ ਲੱਖੀ ਸ਼ਾਹ ਵਣਜਾਰਾ ਆਪਣੇ ਗੱਡਿਆਂ ਦੇ ਸਾਮਾਨ ਵਿਚ ਲੁਕੋ ਕੇ ਰਾਏਸਿਨਾ ਪਹਾੜ ਵੱਲ ਤੁਰ ਪੈਂਦਾ ਹੈ। ਸਮੁੱਚੀ ਵਿਉਂਤਬੰਦੀ ਨੂੰ ਕੁਦਰਤ ਦਾ ਅਹਿਮ ਸਾਥ ਮਿਲਿਆ।
ਬਾਲ ਗੋਬਿੰਦ ਰਾਏ (ਸਿੰਘ) ਦੇ ਦਰਬਾਰ ਵਿਚ ਗੁਰੂ ਤੇਗ ਬਹਾਦਰ ਦਾ ਸੀਸ ਦਿੰਦੇ ਹੋਏ ਕੁਝ ਚਿੱਤਰ ਵੇਖਣ ਨੂੰ ਮਿਲਦੇ ਹਨ, ਪਰ ਪੇਂਟਰ ਜਸਵੰਤ ਸਿੰਘ ਦੀ ਕਿਰਤ ਸਾਰਿਆਂ ਤੋਂ ਅੱਡਰੀ ਹੈ। ਇਹ ਸੰਘਰਸ਼ ਉਪਰੰਤ ਮੰਜ਼ਿਲ ਪ੍ਰਾਪਤੀ ਦਾ ਦ੍ਰਿਸ਼ ਨਹੀਂ ਦਿਖਾਉਂਦੀ, ਸਗੋਂ ਸੰਘਰਸ਼ਰਤ ਭਾਈ ਜੈਤਾ ਦੇ ਕਰਮ ਨੂੰ ਦਿਖਾਉਂਦੀ ਹੈ। ਇਹ ਚਿੱਤਰ ਸੰਦੇਸ਼ ਦਿੰਦਾ ਹੈ ਕਿ ਜੇ ਗੁਰੂ ਦੀਨ, ਈਮਾਨ, ਮਜ਼ਲੂਮ ਵਾਸਤੇ ਆਪਣਾ ਸੀਸ ਦੇ ਸਕਦਾ ਹੈ ਤਾਂ ਗੁਰੂ ਦਾ ਸਿੱਖ ਵੀ ਮੌਤ ਦੇ ਭੈਅ ਤੋਂ ਬਿਨਾ ਆਪਣੀ ਜਾਨ ਵਾਰਨ ਤੋਂ ਪਿਛਾਂਹ ਨਹੀਂ ਹਟਦਾ।
ਜਸਵੰਤ ਸਿੰਘ ਦੇ ਚਿੱਤਰ ਮੁਤਾਬਿਕ ਦੁਖਦਾਈ ਘਟਨਾ ਵਾਪਰ ਚੁੱਕੀ ਹੈ। ਉਸ ਦੀ ਤ੍ਰਾਸਦੀ ਦੀ ਨਿਸ਼ਾਨੀ ਅਤੇ ਖਬਰ ਭਾਈ ਜੈਤਾ ਪਾਸ ਹੈ ਜੋ ਗੋਬਿੰਦ ਰਾਏ (ਸਿੰਘ) ਤਕ ਅੱਪੜਦੀ ਕਰਨੀ ਹੈ। ਆਪਣੀ ਮੰਜ਼ਿਲ ਤਕ ਪਹੁੰਚਣ ਲਈ ਉਸ ਨੂੰ ਕਈ ਬਿਖੜੇ ਰਾਹੋਂ ਗੁਜ਼ਰਨਾ ਪਿਆ। ਚਿੱਤਰ ਵਿਚ ਭਾਈ ਜੈਤਾ ਨੂੰ ਆਪਣੇ ਸਾਥੀਆਂ ਸਮੇਤ ਅੰਬਾਲੇ ਭੂ-ਖੇਤਰ ਵਿਚ ਵਗਦੀ ਟਾਂਗਰੀ ਨਦੀ ਪਾਰ ਕਰਦਿਆਂ ਦਿਖਾਇਆ ਹੈ।
ਪੂਰੇ ਕੈਨਵਸ ਉਪਰ ਕੇਂਦਰੀ ਕਿਰਦਾਰ ‘ਭਾਰੂ’ ਪੈ ਰਿਹਾ ਹੈ। ਖੱਬੇ ਤੋਂ ਸੱਜੇ ਵੱਲ ਤੁਰਦੀ ਨਿਗ੍ਹਾ ਨੂੰ ਭਾਈ ਜੈਤਾ ਹੀ ਦਿਖਦਾ ਹੈ। ਮੂਲ ਤਿੰਨ ਵਸਤਾਂ ਹਨ: ਉਸ ਦਾ ਚਿਹਰਾ, ਪਹਿਨੇ ਹੋਏ ਵਸਤਰ ਅਤੇ ਆਪਣੇ ਖੱਬੇ ਹੱਥ ਵਿਚ ਕਸ ਕੇ ਫੜੀ ਹੋਈ ਗੁਰੂ ਦੇ ਸੀਸ ਵਾਲੀ ਗੰਢੜੀ। ਨਦੀ ਦੀ ਜਲਧਾਰਾ ਨੂੰ ਚੀਰ ਕੇ ਸਿੱਖ ਅੱਗੇ ਵੱਲ ਨੂੰ ਵਧ ਰਹੇ ਹਨ। ਦ੍ਰਿਸ਼ ਤੋਂ ਪਤਾ ਲੱਗਦਾ ਹੈ ਕਿ ਟੋਹੀਏ/ਸੂਹੀਏ/ਮੁਗਲ ਸਿਪਾਹੀ ਵੀ ਇਨ੍ਹਾਂ ਦੇ ਨਾਲੋ-ਨਾਲ ਹਨ। ਦੋ ਵਿਰੋਧੀ ਧਿਰਾਂ ਦਾ ਇੱਕੋ ਥਾਂ ‘ਤੇ ਪੇਸ਼ ਹੋਣਾ ਦਰਸ਼ਕ ਮਨ ਵਿਚ ਕੋਤੂਹਲ ਪੈਦਾ ਕਰਦਾ ਹੈ।
ਜਸਵੰਤ ਸਿੰਘ ਨੇ ਭਾਈ ਜੈਤਾ ਨੂੰ ਪ੍ਰਭਾਵਸ਼ਾਲੀ ਰੂਪ ਵਿਚ ਉਲੀਕਿਆ ਹੈ ਜੋ ਚਿਹਰੇ, ਸਰੀਰ ਦੀ ਸੰਰਚਨਾ ਅਤੇ ਪਹਿਨੇ ਹੋਏ ਵਸਤਰਾਂ ਤੋਂ ਯਕਦਮ ਸਪਸ਼ਟ ਹੋ ਜਾਂਦਾ ਹੈ। ਭਰਵਾਂ ਜਵਾਨ ਚਿਹਰਾ ਜਿਸ ਦੇ ਸਿਰ ਨੀਲੀ ਪੱਗ ਹੈ। ਚਿਹਰੇ ਦੀ ਸਿਆਹ ਦਾੜ੍ਹੀ ਹਵਾ ਦੇ ਤੇਜ਼ ਵਹਾਅ ਕਾਰਨ ਪਿਛਾਂਹ ਵੱਲ ਉੱਡ ਰਹੀ ਹੈ। ਹਵਾ ਦੇ ਵਹਾਅ ਦੀ ਗਤੀ ਦਾ ਅਸਰ ਭਾਈ ਜੈਤਾ ਦੇ ਵਸਤਰਾਂ ਉਪਰ ਵੀ ਪੈ ਰਿਹਾ ਹੈ, ਸੋ ਤੈਰਾਕ ਦਰਿਆ ਦੇ ਵੇਗ ਅਤੇ ਪਵਨ ਚਾਲ ਨੂੰ ਇੱਕੋ ਵੇਲੇ ਸਹਿੰਦਿਆਂ ਅੱਗੇ ਵਧ ਰਹੇ ਹਨ। ਅਚੇਤ ਹੋਣ ਵਾਲੇ ਦੁਸ਼ਮਣ ਦੇ ਹਮਲੇ ਦਾ ਭੈਅ ਅਤੇ ਮਿਥੀ ਮੰਜ਼ਿਲ ਤਕ ਪਹੁੰਚਣ ਜਾਂ ਨਾ ਪਹੁੰਚਣ ਦਾ ਫਿਕਰ ਭਾਈ ਜੈਤਾ ਦੇ ਚਿਹਰੇ ਉਪਰ ਰੱਤੀ ਭਰ ਵੀ ਆਪਣਾ ਪ੍ਰਤੀਬਿੰਬ ਨਹੀਂ ਛੱਡ ਰਿਹਾ। ਚਿਹਰੇ ਦਾ ਭਾਵ ਸ਼ਾਂਤ ਹੈ। ਪਲਕਾਂ ਦਾ ਆਮ ਨਾਲੋਂ ਰਤਾ ਕੁ ਜ਼ਿਆਦਾ ਨੂਟਿਆ ਹੋਣਾ ਦੱਸਦਾ ਹੈ, ਤੈਰਾਕ ਜਿਵੇਂ ਸਾਹਮਣੇ ਦਿਸਦੇ ਨਦੀ ਦੇ ਕਿਨਾਰੇ ਦੀ ਦੂਰੀ ਦਾ ਮਨ ਹੀ ਮਨ ਅਨੁਮਾਨ ਲਾ ਰਿਹਾ ਹੈ। ਚਿਤੇਰੇ ਨੇ ਭਾਈ ਜੈਤੇ ਦਾ ਸਰੀਰ ਭਾਰਾ ਤੇ ਗੋਰਾ ਚਿਤਵਿਆ ਹੈ। ਜਿਸ ਤਰ੍ਹਾਂ ਦਾ ਚੌਤਰਫਾ ਮਾਹੌਲ ਹੈ, ਜਿਵੇਂ ਦਾ ਜੋਖਮ ਲੈ ਕੇ ਮਿਥੇ ਕੰਮ ਨੂੰ ਸਿਰੇ ਚਾੜ੍ਹਨਾ ਹੈ, ਉਸ ਵਾਸਤੇ ਤਾਕਤਵਰ ਜੁੱਸੇ ਦੀ ਲੋੜ ਹੈ। ਚਿੱਤਰ ਦੁਆਰਾ ਸਰੀਰਕ ਕਿਰਿਆ ਦਾ ਉੱਭਰਦਾ ਬਿੰਬ ਦੱਸਦਾ ਹੈ ਕਿ ਤੈਰਾਕ ਚੁਸਤ-ਦਰੁਸਤ ਹੈ ਤੇ ਭੀੜ ਵੇਲੇ ਈਨ ਮੰਨਣ ਵਾਲਾ ਵੀ ਨਹੀਂ ਹੈ।
ਮਰਜੀਵੜੇ ਦੇ ਵਸਤਰ ਲੋੜ ਅਨੁਸਾਰ ਨਾ ਘੱਟ ਹਨ, ਨਾ ਵੱਧ; ਪਰ ਇੰਨਾ ਕੁ ਸਪਸ਼ਟ ਹੈ ਕਿ ਉਸ ਦੇ ਜੁੱਸੇ ਨੂੰ ਵਿਸਥਾਰਦੇ ਜ਼ਰੂਰ ਹਨ। ਵੱਖ ਵੱਖ ਰੰਗਾਂ ਦੇ ਵਸਤਰ ਚਿੱਤਰ ਦੇ ਸਜਾਵਟੀ ਪੱਖ ਨੂੰ ਉਭਾਰਨ ਤੋਂ ਇਲਾਵਾ ਕੁਝ ਕੁ ਲੋੜੀਂਦੇ ਅਰਥ ਸੰਚਾਰ ਰਹੇ ਹਨ। ਸਰੀਰ ਦੀ ਗਤੀ ਕਰਕੇ ਅਤੇ ਚੱਲ ਰਹੀ ਪੌਣ ਦੇ ਮੇਲ ਨਾਲ ਵਸਤਰਾਂ ਵਿਚ ਵਧੇਰੇ ਹਰਕਤ ਦਿਖਦੀ ਹੈ।
ਉਦੇਸ਼ਪੂਰਨ ਦਿਸ਼ਾ ਕਿਧਰ ਹੈ, ਇਸ ਦਾ ਨਿਰਣਾ ਅਤੇ ਅਗਵਾਈ ਕੇਂਦਰੀ ਇਕਾਈ ਨਿਰਧਾਰਤ ਕਰ ਰਹੀ ਹੈ। ਇਸ ਦੇ ਸਿਰ ਤੋਂ ਉਪਰਲੇ ਪਾਸੇ ਵੱਲ ਭਾਈ ਜੈਤਾ ਦਾ ਸਾਥ ਦੇ ਰਹੇ ਸਿੱਖਾਂ ਦੀਆਂ ਤਸਵੀਰਾਂ ਹਨ। ਸੱਜੇ ਪਾਸੇ ਦੇ ਉਪਰਲੇ ਹਿੱਸੇ ਵਿਚ ਹਥਿਆਰਬੰਦ ਮੁਗਲ ਸਿਪਾਹੀਆਂ ਦਾ ਗਰੋਹ ਹੈ ਜਿਨ੍ਹਾਂ ਦੇ ਚਿਹਰੇ ਸ਼ਾਂਤ ਭਾਵੀ ਨਹੀਂ ਦਿੱਸ ਰਹੇ। ਲੱਗਦਾ ਹੈ ਇਹ ਆਪਸ ਵਿਚ ਸਲਾਹ ਮਸ਼ਵਰਾ ਕਰ ਰਹੇ ਹਨ। ਇਉਂ ਭਾਈ ਜੈਤਾ ਅਤੇ ਸਾਥੀ, ਮੁਗਲ ਸਿਪਾਹੀਆਂ ਦੀ ਆਸ-ਪਾਸ ਮੌਜੂਦਗੀ ਦੇ ਬਾਵਜੂਦ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ।
ਇਸ ਪੇਂਟਿੰਗ ਵਿਚ ਭਾਈ ਜੈਤਾ ਦੇ ਵਸਤਰਾਂ ਦੇ ਰੰਗ ਇੱਕ ਨਹੀਂ ਸਗੋਂ ਵੱਖ ਵੱਖ ਹਨ। ਸਿਰ ਬੱਝੀ ਪੱਗ ਨੀਲੀ, ਚੋਲਾ ਲਾਲ, ਕਮਰਕੱਸਾ ਨੀਲਾ ਅਤੇ ਜਿਸ ਕੱਪੜੇ ਵਿਚ ਗੁਰੂ ਦਾ ਸੀਸ ਹੈ, ਉਹ ਕੇਸਰੀ ਹੈ। ਮੋਢਿਆਂ ਉਪਰ ਸਫੈਦ ਚਾਦਰ ਹੈ ਜੋ ਹਵਾ ਦੇ ਵਹਾਅ ਸਦਕਾ ਪਿੱਛੇ ਨੂੰ ਲਹਿਰਾ ਰਹੀ ਹੈ।
ਕੀ ਵਸਤਰਾਂ ਦੇ ਰੰਗ ਸਿਰਫ ਸੰਜੋਗ ਮਾਤਰ ਹਨ? ਇਨ੍ਹਾਂ ਦਾ ਕੋਈ ਹੋਰ ਅਰਥ ਨਹੀਂ ਹੈ? ਇਹ ਮੰਨਿਆ ਵੀ ਜਾ ਸਕਦਾ ਹੈ ਤੇ ਨਹੀਂ ਵੀ। ਜਿਸ ਹਾਲਤ ਵਿਚ ਮੂਲ ਇਕਾਈ ਸੰਘਰਸ਼ਰਤ ਹੈ, ਉਸ ਦੇ ਸਮੁੱਚੇ ਕਾਰਜ ਨੂੰ ਰੰਗ ਤੀਬਰਤਾ ਦਿੰਦੇ ਹਨ। ਉਹ ਲੋੜੀਂਦਾ ਵਾਤਾਵਰਨ ਸਿਰਜਣ ਤੋਂ ਇਲਾਵਾ ਕਿਰਦਾਰ ਦੇ ਮਨੋਭਾਵਾਂ ਨੂੰ ਉਜਾਗਰ ਵੀ ਕਰਦੇ ਹਨ।
ਨਿਸ਼ਚਿਤ ਰੂਪ ਵਿਚ ਚਿੱਤਰਕਾਰ ਜਸਵੰਤ ਸਿੰਘ ਨੇ ਰੰਗ ਚੋਣ ਵੇਲੇ ਰੰਗਾਂ ਦੇ ਪ੍ਰਸੰਗਾਂ ਨੂੰ ਧਿਆਨ ਵਿਚ ਰੱਖਿਆ ਹੈ। ਨੀਲਾ ਰੰਗ ਭਰਪੂਰਤਾ ਦੀ ਨਿਸ਼ਾਨੀ ਹੈ। ਇਹ ਅਸੀਸ ਵੱਲ ਸੰਕੇਤ ਕਰਦਾ ਹੈ ਜਿਵੇਂ ਆਸਮਾਨ ਜਾਂ ਸਾਗਰ। ਇਹ ਤਾਕਤ, ਮਰਦਊਪੁਣੇ ਦੀ ਲਖਾਇਕ ਹੈ। ਮਨ ਵਿਚ ਕਿਸੇ ਉਦੇਸ਼ ਨੂੰ ਸਾਹਮਣੇ ਰੱਖ ਕੇ ਉਸ ਲਈ ਲੜ ਮਰਨ ਦੀ ਇੱਛਾ ਲੈ ਕੇ ਨਿਕਲ ਪੈਣ ਵੱਲ ਵੀ ਇਹ ਸੈਨਤ ਕਰਦਾ ਹੈ। ਭਾਈ ਜੈਤਾ ਜੋ ਕਰਮ ਕਰ ਰਿਹਾ ਹੈ, ਇਹ ਰੰਗ ਉਸ ਨਾਲ ਮੇਲ ਖਾਂਦਾ ਹੈ।
ਲਾਲ ਰੰਗਾ ਚੋਲਾ ਸਿਰਫ ਚੋਲਾ ਨਹੀਂ, ਕੁਝ ਹੋਰ ਵੀ ਹੈ। ਇਹ ਉਤੇਜਨਾ ਅਤੇ ਪਵਿੱਤਰਤਾ ਨੂੰ ਦੱਸਦਾ ਹੈ। ਕਿਸੇ ਸ਼ੁਭ ਕਾਰਜ ਦੇ ਅਰੰਭ ਵੇਲੇ ਇਸ ਨੂੰ ਵਰਤਿਆ ਜਾਂਦਾ ਹੈ। ਭਾਈ ਜੈਤਾ ਵੱਲੋਂ ਗੁਰੂ ਦਾ ਸੀਸ ਸਾਂਭ ਕੇ ਬਾਲ ਗੋਬਿੰਦ ਰਾਏ (ਸਿੰਘ) ਤਕ ਪਹੁੰਚਾਉਣ ਦੀ ਯਾਤਰਾ ਇਸੇ ਵਰਗ ਵਿਚ ਰੱਖੀ ਜਾ ਸਕਦੀ ਹੈ। ਲੋਕ ਮਾਨਤਾ ਮੁਤਾਬਿਕ ਲਾਲ ਰੰਗ ਨੂੰ ਧਾਰਨ ਕਰਨ ਵਾਲਾ ਵਿਅਕਤੀ ਬੁਰੀ ਨਜ਼ਰ/ਆਤਮਾਵਾਂ ਤੋਂ ਬਚਿਆ ਰਹਿੰਦਾ ਹੈ। ਚਿੱਤਰ ਸੰਦਰਭ ਅਨੁਸਾਰ ਮੁਗਲ ਸਿਪਾਹੀ ਆਸ-ਪਾਸ ਘੁੰਮਦੇ ਦਿੱਸਦੇ ਰਹੇ, ਪਰ ਸਿੱਖ ਹਮੇਸ਼ਾ ਬਚ ਕੇ ਨਿਕਲਦੇ ਰਹੇ।
ਕੇਸਰੀ ਰੰਗ ਦਾ ਜੋੜ ਅੱਗ ਨਾਲ ਕੀਤਾ ਜਾਂਦਾ ਹੈ। ਅੱਗ ਵਿਚ ਤਾਪ ਹੈ, ਵਸਤੂ ਨੂੰ ਸਾੜ ਕੇ ਸੁਆਹ ਅਤੇ ਨਿਖਾਰਨ ਦਾ ਗੁਣ ਹੈ। ਗੁਰੂ ਤੇਗ ਬਹਾਦਰ ਦਾ ਸੀਸ ਕੇਸਰੀ ਕੱਪੜੇ ਵਿਚ ਲਿਪਟਿਆ ਹੋਇਆ ਹੈ। ਭੌਤਿਕ ਤੌਰ ‘ਤੇ ਗੁਰੂ ਜੀ ਨੂੰ ਭਾਵੇਂ ਖਤਮ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਹਕੂਮਤ ਦਬਾ ਨਾ ਸਕੀ। ਗੁਰੂ ਅਰਜਨ ਦੇਵ ਤੋਂ ਬਾਅਦ ਨਾਨਕ ਨਾਮਲੇਵਾ ਸੰਗਤ ਨੂੰ ਦੂਜੀ ਵਾਰ ਆਪਣੇ ਗੁਰੂ ਨੂੰ ਸ਼ਹੀਦ ਹੁੰਦਿਆਂ ਦੇਖਣਾ ਪਿਆ। ਗੁਰੂ ਤੇਗ ਬਹਾਦਰ ਦੀ ‘ਕਿਰਿਆ’ ਨੇ ਸਿੱਖ ਸਮਾਜ ਨੂੰ ਨਵੀਂ ਜੱਦੋ-ਜਹਿਦ ਵੱਲ ਧੱਕ ਦਿੱਤਾ। ਇਸੇ ਦੌਰ ਨੇ ਉਸ ਨੂੰ ਨਿਖਾਰਨਾ ਤੇ ਮਜ਼ਬੂਤ ਕਰਨਾ ਸੀ। ਅਧਿਆਤਮ ਪਰੰਪਰਾ ਅਨੁਰੂਪ ਇਸ ਰੰਗ ਨੂੰ ਖੋਜ ਨਾਲ ਵੀ ਜੋੜਿਆ ਜਾਂਦਾ ਹੈ।
ਗੁਰੂ ਸਾਹਿਬ ਦਾ ਸੀਸ ਲਿਜਾ ਰਿਹਾ ਸਿੱਖ ਵਿਚਰਦੇ ਸੰਸਾਰ ਵਿਚ ਜਿਵੇਂ ਗੁਰੂ-ਸਿੱਖ ਦੇ ਆਪਸੀ ਰਿਸ਼ਤੇ ਦੀ ਨਵੀਂ ਲੀਕ ਖਿੱਚ ਰਿਹਾ ਹੈ। ਇਨ੍ਹਾਂ ਸਭ ਰੰਗਾਂ ਤੋਂ ਉਪਰ ਸਫੈਦ ਰੰਗ ਦੀ ਸਰਦਾਰੀ ਹੈ। ਵਿਗਿਆਨ ਅਨੁਸਾਰ ਸਫੈਦ ਦੀ ਆਪਣੀ ਕੋਈ ਹੋਂਦ ਨਹੀਂ, ਇਹ ਤਾਂ ਸਭ ਰੰਗਾਂ ਦਾ ਆਪਸੀ ਸੁਮੇਲ ਹੈ। ਇਸ ਵਿਚਾਰ ਮੁਤਾਬਿਕ ਇਸ ਵਿਚ ਸਭ ਰੰਗਾਂ ਦੇ ਗੁਣ ਲੱਛਣ ਮੌਜੂਦ ਹਨ। ਸਭ ਰੰਗਾਂ ਦੇ ਭਾਵ-ਪ੍ਰਭਾਵ ਇਸੇ ਇੱਕੋ ਰੰਗ ਵਿਚ ਸਮਾਏ ਹੋਏ ਹਨ। ਚਿੱਤਰ ਦ੍ਰਿਸ਼ ਵਿਚ ਨਦੀ ਦੇ ਜਲ ਦੀ ਗਤੀ ਅਤੇ ਉਸ ਦੇ ਨੇੜੇ ਦੂਰ ਦੇ ਪ੍ਰਭਾਵ ਨੂੰ ਦਿਖਾਉਣ ਲਈ ਕਈ ਰੰਗਾਂ ਦੀਆਂ ਹਲਕੀਆਂ ਟੋਨਜ਼ ਦਾ ਸਹਾਰਾ ਲਿਆ ਗਿਆ ਹੈ, ਪਰ ਅਨੁਪਾਤ ਪੱਖੋਂ ਸਫੈਦ ਦੀ ਮਾਤਰਾ ਵੱਧ ਹੈ।
ਭਾਈ ਜੈਤਾ ਵੱਲੋਂ ਆਪਣੇ ਮੋਢਿਆਂ ਉਪਰ ਲਈ ਸਫੈਦ ਚਾਦਰ ਦਾ ਪਾਸਾਰ ਐਨ ਖੱਬਿਓਂ ਸ਼ੁਰੂ ਹੋ ਕੇ ਸੱਜੇ ਤਕ ਨੂੰ ਹੈ, ਸਗੋਂ ਇਹ ਕੈਨਵਸ ਦੇ ਬਾਹਰ ਨਿਕਲ ਜਾਂਦਾ ਹੈ। ਲੱਗਦਾ ਹੈ, ਇਕ ਨਦੀ (ਟਾਂਗਰੀ ਨਦੀ) ਦੇ ਵਹਾਅ ਉਪਰੋਂ ਇਕ ਹੋਰ ਨਦੀ (ਮੋਢਿਆਂ ‘ਤੇ ਲਈ ਚਾਦਰ) ਵਗ ਰਹੀ ਹੈ। ਇਕ ਨਦੀ ਦਾ ਵਹਾਅ ਸਥਾਈ ਹੈ, ਜਦੋਂਕਿ ਦੂਜੀ ਦਾ ਅਸਥਾਈ, ਪਰ ਇਸੇ ਨੇ ਦ੍ਰਿਸ਼ ਨੂੰ ਸਜੀਵ ਬਣਾਇਆ ਹੈ। ਇਸ ਵਿਸ਼ਲੇਸ਼ਣ ‘ਤੇ ਸ਼ੱਕ ਵੀ ਹੋ ਸਕਦਾ ਹੈ ਕਿਉਂਕਿ ਜਿਵੇਂ ਦੇ ਰੰਗਾਂ ਵਾਲੇ ਵਸਤਰ ਸਿੱਖਾਂ ਨੇ ਧਾਰਨ ਕੀਤੇ ਹਨ, ਬਿਲਕੁਲ ਉਨ੍ਹਾਂ ਰੰਗਾਂ ਦੇ ਵਸਤਰ ਮੁਗਲ ਸਿਪਾਹੀਆਂ ਦੇ ਹਨ। ਸਿੱਖਾਂ ਬਾਬਤ ਕਹੇ ਗਏ ਗੁਣ-ਲੱਛਣ ਹੀ ਮੁਗਲ ਸਿਪਾਹੀਆਂ ਉਪਰ ਵੀ ਲਾਗੂ ਹੁੰਦੇ ਹਨ।
ਜੇ ਭਾਈ ਜੈਤਾ ਦੇ ਸਿਰ ਨੀਲੀ ਪੱਗ ਹੈ ਤਾਂ ਇਸੇ ਰੰਗ ਦੇ ਚੋਗੇ ਮੁਗਲ ਸਿਪਾਹੀਆਂ ਦੇ ਹਨ। ਇਨ੍ਹਾਂ ਨੇ ਆਪਣੇ ਸਿਰਾਂ ਦੁਆਲੇ ਲਾਲ, ਕੇਸਰੀ ਰੰਗ ਦੇ ਕੱਪੜੇ ਵਲੇਟੇ ਹੋਏ ਹਨ। ਕੀ ਇਸ ਗੁੰਝਲ ਦਾ ਉਤਰ ਵੀ ਇਸੇ ਚਿੱਤਰ ਵਿਚ ਮੌਜੂਦ ਹੈ। ਇਹ ਰਚਨਾ ਇਤਿਹਾਸ ਦੀ ਘਟਨਾ ਦੀ ਬਿਰਤਾਂਤਕ ਪੇਸ਼ਕਾਰੀ ਹੈ। ਪੇਸ਼ ਹੋਏ ਚਰਿੱਤਰ ਸਮ ਬਿਰਤੀ ਦੇ ਨਹੀਂ, ਉਹ ਇੱਕੋ ਫਿਰਕੇ ਦੇ ਵੀ ਨਹੀਂ। ਇੱਕ ਧਿਰ ਹਾਕਮ ਹੈ ਤੇ ਦੂਜੀ ਮਜ਼ਲੂਮ। ਹਾਕਮ ਜਮਾਤ ਆਪਣੇ ਅਧੀਨ ਖੇਤਰ ਦੀ ਪਰਜਾ ਨੂੰ ਈਨ ਮੰਨਣ ਲਈ ਜ਼ੋਰ ਪਾ ਰਹੀ ਹੈ। ਇੱਕ ਪਾਸ ਸੱਤਾ ਦੀ ਤਾਕਤ ਹੈ, ਦੂਜੇ ਕੋਲ ਵਿਰੋਧ ਕਰਨ ਦੀ ਊਰਜਾ ਹੈ ਜਿਸ ਨੂੰ ਉਹ ਵਰ੍ਹਿਆਂ ਤੋਂ ਅਰਜਿਤ ਕਰਦੀ ਆ ਰਹੀ ਹੈ। ਤਾਕਤ ਅਤੇ ਉਦੇਸ਼ (ਆਪੋ-ਆਪਣੀ ਤਰ੍ਹਾਂ ਦੀ) ਦੋਵਾਂ ਪਾਸ ਹੈ। ਫਰਕ ਬਸ ਇੰਨਾ ਹੈ ਕਿ ਇੱਕ ਧਿਰ ਆਪਣੀ ਜੀਵਨ ਵਿਧੀ ਦੂਜੇ ਉੱਪਰ ਥੋਪਣਾ ਚਾਹੁੰਦੀ ਹੈ ਜਦੋਂਕਿ ਦੂਜੀ ਧਿਰ ਆਪਣੀ ਇੱਛਾ ਮੁਤਾਬਿਕ ਆਪਣੀਆਂ ਸ਼ਰਤਾਂ ‘ਤੇ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਰੰਗ ਦੋਵਾਂ ਵਾਸਤੇ ਇੱਕੋ ਜਿਹੇ ਹਨ, ਪਰ ਉਦੇਸ਼ ਪ੍ਰਾਪਤੀ ਦੇ ਰਾਹ ਵੱਖੋ-ਵੱਖਰੇ ਹਨ। ਇੱਕ ਰੰਗ ਜਿਹੜਾ ਮੁਗਲ ਸਿਪਾਹੀਆਂ ਹਿੱਸੇ ਨਹੀਂ ਆਇਆ, ਉਹ ਸਫੈਦ ਹੈ ਭਾਵ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵਿਹਾਰ ਵਿਚ ਕਿਸੇ ਪੱਖੋਂ ਵੀ ਪਾਕੀਜ਼ਗੀ ਨਹੀਂ।
ਜਸਵੰਤ ਸਿੰਘ ਨੇ ਭਾਈ ਜੈਤਾ ਦਾ ਸੱਜਾ ਹੱਥ ਪੂਰਾ ਨਹੀਂ ਚਿਤਰਿਆ। ਹਰ ਵਸਤੂ ਪੂਰੀ ਹੀ ਬਣਾਉਣਾ ਲਾਜ਼ਮੀ ਨਹੀਂ ਹੁੰਦਾ। ਭਾਈ ਜੈਤਾ ਨੇ ਖੱਬੇ ਹੱਥ ਵਿਚ ਗੁਰੂ ਸਾਹਿਬ ਦਾ ਸੀਸ ਸੰਭਾਲਿਆ ਹੋਇਆ ਹੈ। ਨਦੀ ਦੀ ਧਾਰ ਨੂੰ ਚੀਰ ਕੇ ਅਗਾਂਹ ਵਧਣ ਹਿੱਤ ਸੱਜਾ ਹੱਥ ਹੀ ਹੈ। ਸਰੀਰ ਨੂੰ ਅਗਾਂਹ ਕਰਨ ਹਿੱਤ ਲੋੜੀਂਦੀ ਚਾਲ/ਗਤੀ ਸੱਜਾ ਹੱਥ ਹੀ ਹੈ।
ਪੂਰੇ ਸਾਖੀ ਪਰਿਕਰਮ ਵਿਚ ਕੁਦਰਤ ਦਾ ਦਖਲ ਕਾਫੀ ਰਿਹਾ ਹੈ। ਕਿਸੇ ਵੇਲੇ ਕੀਤੇ ਜਾ ਰਹੇ ਕਾਰਜ ਵਿਚ ਇਹ ਮਦਦਗਾਰ ਹੁੰਦੀ ਹੈ, ਕਿਸੇ ਵੇਲੇ ਇਹ ਅੜਚਣ ਵੀ ਬਣਦੀ ਹੈ। ਜਦੋਂ ਸੀਸ ਅਤੇ ਧੜ ਚਾਂਦਨੀ ਚੌਕ ਵਿਚੋਂ ਚੁੱਕਿਆ ਜਾਂਦਾ ਹੈ ਤਾਂ ਕੁਦਰਤ (ਝੱਖੜ ਅਤੇ ਬੱਦਲਵਾਈ ਦੇ ਰੂਪ ਵਿਚ) ਸਹਾਇਕ ਵਜੋਂ ਆਉਂਦੀ ਹੈ। ਜਿਸ ਵੇਲੇ ਨਦੀ ਪਾਰ ਕੀਤੀ ਜਾਂਦੀ ਹੈ ਤਾਂ ਇਹ ਔਕੜ ਵਜੋਂ ਦਿਸਦੀ ਹੈ। ਇਸ ਦਾ ਲੁਕਵਾਂ ਲਾਭ ਇਹ ਹੁੰਦਾ ਹੈ ਕਿ ਸਿੱਖਾਂ ਦੇ ਕਰੀਬ ਪਹੁੰਚ ਜਾਣ ਦੇ ਬਾਵਜੂਦ ਮੁਗਲ ਸਿਪਾਹੀ ਸਿੱਖਾਂ ਨੂੰ ਪਛਾਣਨ ਤੋਂ ਅਸਮਰੱਥ ਰਹਿੰਦੇ ਹਨ।
ਗਤੀਵਾਨ ਨਦੀ ਦਾ ਆਪਣਾ ਜੀਵਨ ਸੰਸਾਰ ਹੈ ਜਿਸ ਵਿਚ ਘੋਗੇ, ਸਿੱਪੀਆਂ, ਮਛਲੀਆਂ ਦਿਖਦੀਆਂ ਹਨ। ਚਿਤੇਰਾ ਇਸ ਮਾਹੌਲ ਵਿਚ ਵੀ ਇਨ੍ਹਾਂ ਜੀਅ-ਜੰਤਾਂ ਨੂੰ ਨਹੀਂ ਵਿਸਾਰਦਾ।
ਚਿਤੇਰਾ ਜਸਵੰਤ ਸਿੰਘ ਸਿੱਖ ਚਰਿੱਤਰ ਦੇ ਗੁਣਾਂ ਨੂੰ ਵਿਲੱਖਣ ਅੰਦਾਜ਼ ਵਿਚ ਉਭਾਰਦਾ ਹੈ। ਸਿੱਖ ਪਾਸ ਸਰੀਰਕ ਬਲ ਦੇ ਨਾਲ ਨਾਲ ਆਤਮਿਕ ਬਲ ਵੀ ਹੈ। ਭਾਈ ਜੈਤਾ ਪਾਸ ਸ਼ਸਤਰ ਨਹੀਂ ਜਦੋਂਕਿ ਮੁਗਲ ਸਿਪਾਹੀ ਹਥਿਆਰਬੰਦ ਹਨ। ਉਹ ਹਥਿਆਰਾਂ ਦਾ ਮੁਕਾਬਲਾ ਆਪਣੇ ਆਤਮਿਕ ਬਲ ਸਦਕਾ ਕਰਦੇ ਪ੍ਰਤੀਤ ਹੁੰਦੇ ਹਨ ਜੋ ਉਨ੍ਹਾਂ ਨੂੰ ਗੁਰੂ ਪ੍ਰਤੀ ਸ਼ਰਧਾ ਤੋਂ ਪ੍ਰਾਪਤ ਹੋ ਰਿਹਾ ਹੈ।
ਸੱਚ ਪ੍ਰਕਾਸ਼ਵਾਨ ਹੈ ਜਦੋਂਕਿ ਝੂਠ ਸਿਆਹ ਹੈ। ਤਾਹੀਓਂ ਮੁਗਲ ਸਿਪਾਹੀਆਂ ਦੇ ਚਿਹਰੇ ਨ੍ਹੇਰੇ ਵਿਚ ਹਨ, ਅਸਪਸ਼ਟ ਹਨ। ਇਹ ਚਿੱਤਰ ਦਰਸ਼ਕ ਮਨ ਵਿਚ ਜਗਿਆਸਾ ਜਗਾਉਂਦਾ ਹੈ ਕਿ ਅੱਗੇ ਕੀ ਹੋ ਸਕਦਾ ਹੈ? ਇਹ ਪੱਖ ਬਿਰਤਾਂਤ ਜਾਣਨ ਵਾਲੇ ਲਈ ਵੀ ਸੱਚ ਹੈ ਅਤੇ ਨਾ ਜਾਣਨ ਵਾਲੇ ਲਈ ਵੀ। ਇਹ ਚਿੱਤਰ ਪੱਖ ਦਾ ਗੁਣ ਮੰਨਿਆ ਜਾਂਦਾ ਹੈ।
ਹਕੂਮਤ ਦੀ ਅੱਖ ਥੱਲਿਓਂ ਆਪਣੇ ਗੁਰੂ ਦੇ ਸਰੀਰ ਨੂੰ ਆਪਣੇ ਕਬਜ਼ੇ ਵਿਚ ਕਰ ਲੈਣਾ ਵੇਲੇ ਦੀ ਸਰਕਾਰ ਦੀ ਦੇਹ ਵਿਚ ਜ਼ਹਿਰੀ ਕੰਡਾ ਖੋਭਣ ਵਰਗਾ ਕੰਮ ਸੀ। ਸਾਰੇ ਬਿਰਤਾਂਤ ਵਿਚ ਕੱਟ-ਮਾਰ ਦੀ ਸੰਭਾਵਨਾ ਬਣੀ ਰਹਿੰਦੀ ਹੈ, ਪਰ ਇਉਂ ਹੁੰਦਾ ਨਹੀਂ।
ਇਹ ਦ੍ਰਿਸ਼ ਰਚਨਾ ਚਿੱਤਰਕਾਰ ਦੀ ਕਲਪਨਾ ਦਾ ਨਤੀਜਾ ਹੈ, ਪਰ ਉਸ ਨੇ ਵੇਲੇ ਦੀਆਂ ਘਟਨਾਵਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹਿਆ ਸਮਝਿਆ ਹੈ ਅਤੇ ਫਿਰ ਉਸੇ ਅਨੁਰੂਪ ਆਪਣੇ ਕੰਮ ਨੂੰ ਰੂਪਮਾਨ ਕੀਤਾ ਹੈ। ਇਹ ਸ਼ਬਦ ਰਚਨਾ ਅਤੇ ਚਿੱਤਰ ਰਚਨਾ ਵਿਚਾਲੇ ਸਾਂਝ ਦਾ ਉਚਿਤ ਪ੍ਰਦਰਸ਼ਨ ਹੈ। ਕਿਸੇ ਵੇਲੇ ਦ੍ਰਿਸ਼ ਰਚਨਾ ਸ਼ਬਦ ਰਚਨਾ ਤੋਂ ਅਗਾਂਹ ਲੰਘ ਕੇ ਦਰਸ਼ਕ ਮਨ ਵਿਚ ਅਮਿੱਟ ਬਿੰਬ ਧਰ ਦਿੰਦੀ ਹੈ। ਇਹ ਪੇਂਟਿੰਗ ਅਜਿਹਾ ਕਰਮ ਕਰਦੀ ਪ੍ਰਤੀਤ ਹੁੰਦੀ ਹੈ।