ਗੁਰਮੁਖਿ ਦਰ ਦਰਵੇਸੁ ਸਚੁ ਸੁਹਾਣਿਆ

ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਦੀ ਤੀਸਰੀ ਵਾਰ ਦੀ ਪਹਿਲੀ ਪਉੜੀ ਦੀ ਆਖਰੀ ਤੁਕ ਵਿਚ ਭਾਈ ਸਾਹਿਬ ਇੱਕ ਤਰ੍ਹਾਂ ਨਾਲ ਉਸ ਪਉੜੀ ਦਾ ਸਿੱਟਾ ਕੱਢਦੇ ਹਨ। ਇਹ ਪਹਿਲੀ ਪਉੜੀ ਮੰਗਲਾਚਰਣ ਹੈ ਜਿਸ ਵਿਚ ਅਕਾਲ ਪੁਰਖ ਦਾ ਧਿਆਨ ਧਰਿਆ ਗਿਆ ਹੈ ਅਤੇ ਉਸ ਨੂੰ ਨਮਸਕਾਰ ਕੀਤੀ ਗਈ ਹੈ। ਇਸ ਵਿਚ ਉਸ ਅਕਾਲ ਪੁਰਖ ਨੂੰ ਨਮੋ ਕੀਤੀ ਗਈ ਹੈ ਜੋ ਇਸ ਸਾਰੀ ਰਚਨਾ ਦਾ ਆਦਿ ਹੈ, ਜੋ ਮੁੱਢ ਕਦੀਮੀ ਹੈ ਅਤੇ ਕਾਰਨਾਂ ਦਾ ਕਾਰਨ ਹੈ ਅਰਥਾਤ ਸਾਰੀ ਬ੍ਰਹਿਮੰਡਕ ਹੋਂਦ ਦਾ ਕਾਰਨ ਹੈ ਕਿਉਂਕਿ ਉਸ ਨੇ ਆਪਣੇ ਆਪ ਤੋਂ ਇਸ ਸ੍ਰਿਸ਼ਟੀ ਨੂੰ ਰਚਿਆ ਹੈ।

ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਸਤਿਗੁਰ ਸੱਚ ਦਾ ਪ੍ਰਕਾਸ਼ਨ ਹੈ, ਪ੍ਰਗਟਾਵਾ ਹੈ ਅਤੇ ਉਸ ਨੂੰ ਸ਼ਬਦ ਰਾਹੀਂ ਅਨੁਭਵ ਕੀਤਾ ਜਾਂਦਾ ਹੈ। ਸ਼ਬਦ ਰਾਹੀਂ ਇਹ ਅਨੁਭਵ ਉਹ ਕਰਦੇ ਹਨ ਜਿਨ੍ਹਾਂ ਨੇ ਸ਼ਬਦ ਦੇ ਉਪਦੇਸ਼ ਨੂੰ ਮੰਨਿਆ ਹੈ ਅਤੇ ਆਪਣੀ ਸੁਰਤਿ, ਆਪਣੀ ਚੇਤਨਾ ਨੂੰ ਸ਼ਬਦ ਨਾਲ ਇੱਕਸੁਰ ਕੀਤਾ ਹੈ, ਜੋੜਿਆ ਹੈ ਅਤੇ ਸੁਰਤਿ ਨੂੰ ਇਕਸੁਰ ਕਰਕੇ ਉਹ ਸਤਿ ਵਿਚ ਸਮਾ ਗਏ ਹਨ, ਸਤਿ ਨਾਲ ਉਨ੍ਹਾਂ ਦੀ ਸੁਰਤਿ ਅਭੇਦ ਹੋ ਗਈ ਹੈ। ਗੁਰਮਤਿ ਅਨੁਸਾਰ ਸਤਿ ਦਾ ਅਨੁਭਵ ਕਿੱਥੇ ਕੀਤਾ ਜਾ ਸਕਦਾ ਹੈ? ਇਸ ਦਾ ਖੁਲਾਸਾ ਭਾਈ ਗੁਰਦਾਸ ਕਰਦੇ ਹਨ ਕਿ ਸਤਿਸੰਗਤਿ ਐਸੀ ਥਾਂ ਹੈ ਜੋ ਸਤਿ ਦਾ ਅਸਲੀ ਘਰ ਹੈ, ਜਿੱਥੇ ਸਤਿ ਦਾ ਨਿਵਾਸ ਹੁੰਦਾ ਹੈ ਅਤੇ ਉਥੇ ਜਾ ਕੇ ਸਤਿ ਦਾ ਅਨੁਭਵ ਕੀਤਾ ਜਾ ਸਕਦਾ ਹੈ। ਸਤਿਸੰਗਤਿ ਵਿਚ ਜਾ ਕੇ ਵਿਅਕਤੀ ਕੀ ਕਰਦਾ ਹੈ? ਉਹ ਉਥੇ ਜਾ ਕੇ ਅਕਾਲ ਪੁਰਖ ਪ੍ਰਤੀ ਪ੍ਰੇਮ ਨਾਲ ਸਮਰਪਣ ਕਰਦਾ ਹੈ, ਅਕਾਲ ਪੁਰਖ ਦੀ ਪ੍ਰੇਮਾ ਭਗਤੀ ਦੇ ਅਸਰ ਨਾਲ ਅਨੰਦ ਪ੍ਰਾਪਤ ਕਰਦਾ ਹੈ। ਅਕਾਲ ਪੁਰਖ ਦਇਆਲੂ ਹੈ, ਕ੍ਰਿਪਾਲੂ ਹੈ, ਆਪਣੇ ਭਗਤਾਂ ਨੂੰ, ਗਰੀਬਾਂ ਨੂੰ ਖੁਸ਼ੀ ਬਖਸ਼ਿਸ਼ ਕਰਦਾ ਹੈ, ਨਿਮਾਣਿਆਂ ਦਾ ਮਾਣ ਹੈ ਅਤੇ ਸਤਿਸੰਗਤ ਵਿਚ ਆਪ ਸਮਾਇਆ ਹੁੰਦਾ ਹੈ।
ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਜਿਨ੍ਹਾਂ ਨੂੰ ਰੱਬ ਦੇ ਅਵਤਾਰ ਕਿਹਾ ਜਾਂਦਾ ਹੈ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ (ਹਿੰਦੂ ਮਿਥਿਹਾਸ ਅਨੁਸਾਰ ਬ੍ਰਹਮਾ ਪੈਦਾ ਕਰਨ ਵਾਲਾ ਹੈ, ਵਿਸ਼ਨੂੰ ਪਾਲਣ ਵਾਲਾ ਅਤੇ ਮਹੇਸ਼ ਜਾਂ ਸ਼ਿਵ ਸੰਘਾਰ ਕਰਤਾ ਹੈ) ਇਹ ਤਿੰਨੋਂ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕੇ। ਉਹ ਸ਼ੇਸ਼ ਨਾਗ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਹਜ਼ਾਰਾਂ ਫਣਾਂ ਨਾਲ ਅਕਾਲ ਪੁਰਖ ਦੀ ਭਗਤੀ ਕਰਦਾ ਹੈ, ਅਕਾਲ ਪੁਰਖ ਨੂੰ ਇੱਕ ਤਿਲ ਮਾਤਰ ਵੀ ਸਮਝ ਜਾਂ ਪਛਾਣ ਨਹੀਂ ਸਕਿਆ। ਉਹ ਵਿਅਕਤੀ ਜਿਹੜੇ ਗੁਰੂ ਦੀ ਸਿੱਖਿਆ ‘ਤੇ ਚਲਦੇ ਹਨ ਅਰਥਾਤ ਜਿਹੜੇ ਗੁਰਮੁਖਿ ਹੁੰਦੇ ਹਨ, ਉਹ ਸਤਿਸੰਗਤਿ ਦੇ ਦਰਵਾਜ਼ੇ ‘ਤੇ ਦਰਵੇਸ਼ ਬਣ ਕੇ ਜਾਂਦੇ ਹਨ, ਉਸ ਅਕਾਲ ਪੁਰਖ ਦਾ ਧਿਆਨ ਕਰਦੇ ਹਨ, ਉਹ ਸਤਿ ਦਾ ਅਨੁਭਵ ਕਰਦੇ ਹਨ ਅਤੇ ਸਤਿ ਦਾ ਅਨੰਦ ਮਾਣਦੇ ਹਨ:
ਆਦਿ ਪੁਰਖ ਆਦੇਸੁ, ਆਦਿ ਵਖਾਣਿਆ।
ਸੋ ਸਤਿਗੁਰੁ ਸਚਾ ਵੇਸੁ, ਸਬਦਿ ਸਿਞਾਣਿਆ।
ਸਬਦਿ ਸੁਰਤਿ ਉਪਦੇਸੁ, ਸਚਿ ਸਮਾਣਿਆ।
ਸਾਧਸੰਗਤਿ ਸਚੁ ਦੇਸੁ, ਘਰੁ ਪਰਵਾਣਿਆ।
ਪ੍ਰੇਮ ਭਗਤਿ ਆਵੇਸੁ, ਸਹਜਿ ਸੁਖਾਣਿਆ।
ਭਗਤਿ ਵਛਲੁ ਪਰਵੇਸੁ ਮਾਣੁ ਨਿਮਾਣਿਆ।
ਬ੍ਰਹਮਾ ਬਿਸਨੁ ਮਹੇਸੁ ਅੰਤੁ ਨ ਜਾਣਿਆ।
ਸਿਮਰਿ ਸਹਸਿ ਫਣ ਸੇਸੁ ਤਿਲੁ ਨ ਪਛਾਣਿਆ।
ਗੁਰਮੁਖਿ ਦਰ ਦਰਵੇਸੁ ਸਚੁ ਸੁਹਾਣਿਆ॥੧॥
ਇਸ ਪਹਿਲੀ ਪਉੜੀ ਤੋਂ ਜੋ ਗੱਲ ਭਾਈ ਸਾਹਿਬ ਨੇ ਦ੍ਰਿਸਟੀਗੋਚਰ ਕਰਾਈ ਹੈ, ਉਹ ਇਹ ਹੈ ਕਿ ਸਿੱਖ ਧਰਮ ਚਿੰਤਨ ਵਿਚ ਸਤਿਸੰਗਤਿ ਦਾ ਬਹੁਤ ਅਹਿਮ ਸਥਾਨ ਹੈ। ਗੁਰੂ ਸਾਹਿਬ ਨੇ ਭਗਤੀ ਅਤੇ ਧਰਮ ਨੂੰ ਇਕਾਂਤ ਵਿਚੋਂ ਕੱਢ ਕੇ ਸਤਿਸੰਗਤਿ ਨਾਲ, ਸਮਾਜ ਨਾਲ ਜੋੜਿਆ ਹੈ ਅਤੇ ਮਨੁੱਖ ਨੂੰ ਨਿਜ ਵਿਚੋਂ ਬਾਹਰ ਕੱਢ ਕੇ ਮਨੁੱਖਤਾ ਨਾਲ, ਸਮਾਜ ਨਾਲ ਸਬੰਧਤ ਕੀਤਾ ਹੈ। ਨਿਮਰਤਾ, ਹਲੀਮੀ, ਪਰਉਪਕਾਰ ਅਤੇ ਸਰਬੱਤ ਦਾ ਭਲਾ ਆਦਿ ਨੈਤਿਕ ਗੁਣ ਮਨੁੱਖ ਸਤਿਸੰਗਤਿ ਵਿਚ ਹੀ ਸਿੱਖਦਾ ਹੈ, ਜਦੋਂ ਉਹ ਆਪਣੇ ਆਪ ਨੂੰ ਸਤਿਸੰਗਤਿ ਨਾਲ ਜੋੜਦਾ ਹੈ। ਦੂਸਰੀ ਗੱਲ ਜੋ ਦ੍ਰਿਸ਼ਟੀਗੋਚਰ ਹੁੰਦੀ ਹੈ, ਉਹ ਇਹ ਹੈ ਕਿ ਜਿਨ੍ਹਾਂ ਨੂੰ ਰੱਬ ਦੇ ਅਵਤਾਰ ਸਮਝ ਕੇ ਪੂਜਾ ਕੀਤੀ ਜਾਂਦੀ ਹੈ, ਗੁਰਮਤਿ ਅਨੁਸਾਰ ਉਹ ਅਕਾਲ ਪੁਰਖ ਨੂੰ ਇੱਕ ਤਿਲ ਮਾਤਰ ਵੀ ਪਛਾਣ ਜਾਂ ਸਮਝ ਨਹੀਂ ਸਕੇ।
ਅਗਲੀ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਗੁਰੂ ਅਤੇ ਚੇਲੇ ਦਾ ਰਸਤਾ ਰਹੱਸਾਤਮਕ ਅਤੇ ਅਦ੍ਰਿਸ਼ਟ ਹੈ ਭਾਵ ਇਸ ਨੂੰ ਸਮਝਣਾ ਔਖਾ ਹੈ (ਇੱਥੇ ਇਸ਼ਾਰਾ ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਸਾਹਿਬ ਵੱਲ ਹੈ)। ਗੁਰੂ (ਗੁਰੂ ਨਾਨਕ) ਅਤੇ ਚੇਲਾ (ਭਾਈ ਲਹਿਣਾ ਜੀ-ਗੁਰੂ ਅੰਗਦ ਦੇਵ) ਦੋਵੇਂ ਉਤਮ ਹਸਤੀਆਂ ਹਨ ਕਿਉਂਕਿ ਦੋਵੇਂ ਇੱਕ ਦੂਸਰੇ ਵਿਚ ਅਭੇਦ ਹੋ ਗਏ ਹਨ (ਗੁਰੂ ਨਾਨਕ ਦੀ ਜੋਤਿ ਗੁਰੂ ਅੰਗਦ ਵਿਚ ਨਿਵਾਸ ਕਰ ਗਈ ਹੈ)। ਉਨ੍ਹਾਂ ਦਾ ਨਿਵਾਸ ਸਥਾਨ ਕੀ ਹੈ? ਉਨ੍ਹਾਂ ਦਾ ਨਿਵਾਸ ਸਥਾਨ ਗੁਰੂ ਦੀ ਸਹਿਜ ਸਿਆਣਪ ਹੈ ਅਤੇ ਦੋਵੇਂ ਉਸ ਅਕਾਲ ਪੁਰਖ ਦੀ ਮਹਿਮਾ ਵਿਚ ਸਮਾਏ ਹੋਏ ਹਨ, ਉਨ੍ਹਾਂ ਦੀ ਸੁਰਤਿ ਅਕਾਲ ਪੁਰਖ ਦੀ ਸੁਰਤਿ ਨਾਲ ਇੱਕਸੁਰ ਹੈ। ਸ਼ਬਦ ਰਾਹੀਂ ਰੌਸ਼ਨ ਹੋ ਕੇ ਉਨ੍ਹਾਂ ਦੀ ਸੁਰਤਿ ਅਸੀਮ ਅਤੇ ਨਿਰਵਿਕਾਰ ਅਤੇ ਨਿਹਚਲ ਹੋ ਗਈ ਹੈ। ਗੁਰੂ ਦੇ ਸਨਮੁਖ ਹੋ ਕੇ ਸਾਰੇ ਦੁੱਖਾਂ ਅਤੇ ਸੁੱਖਾਂ ਤੋਂ ਪਾਰ ਹੋ ਕੇ ਉਨ੍ਹਾਂ ਦੀ ਮਤਿ ਅਤੇ ਬੁੱਧਿ ਸੂਖਮ ਅਤੇ ਸਹਿਜ ਹੋ ਗਈ ਹੈ ਅਰਥਾਤ ਬਹੁਤ ਉਤਮ ਬੁੱਧੀ ਹੋ ਗਈ ਹੈ। ਕਾਮ, ਕ੍ਰੋਧ ਆਦਿ ਦਾ ਵਿਨਾਸ਼ ਕਰਕੇ ਸੁਰਤਿ ਅਕਾਲ ਪੁਰਖ ਦੀ ਸਿਫਤਿ-ਸਾਲਾਹ ਵਿਚ ਸਮਾ ਗਈ ਹੈ। ਉਨ੍ਹਾਂ ਦੀ ਸੁਰਤਿ ਸ਼ਿਵ ਅਤੇ ਸ਼ਕਤੀ ਤੋਂ ਉਤੇ ਉਠ ਕੇ ਹੁਣ ਸਤਿ, ਸੰਤੋਖ ਅਤੇ ਅਨੰਦ ਦੀ ਅਵਸਥਾ ਵਿਚ ਪਹੁੰਚ ਗਈ ਹੈ ਅਰਥਾਤ ਉਚੇ ਅਰਸ਼-ਮੰਡਲਾਂ ਦੀ ਵਸਨੀਕ ਹੋ ਗਈ ਹੈ। ਅੱਗੇ ਭਾਈ ਗੁਰਦਾਸ ਗੁਰਮਤਿ ਦੇ ਸਿਧਾਂਤ ‘ਘਰਿ ਹੀ ਮਾਹਿ ਉਦਾਸਾ’ ਦਾ ਹਵਾਲਾ ਦਿੰਦੇ ਹਨ। ਗੁਰਮਤਿ ਅਨੁਸਾਰ ਮਨੁੱਖ ਨੂੰ ਅਧਿਆਤਮਕ ਬੁਲੰਦੀਆਂ ਦੀ ਪ੍ਰਾਪਤੀ ਵਾਸਤੇ ਘਰ-ਪਰਿਵਾਰ ਦਾ ਤਿਆਗ ਕਰਕੇ ਏਕਾਂਤ ਵਿਚ ਜਾ ਕੇ ਤਪੱਸਿਆ ਕਰਨ ਦੀ ਜ਼ਰੂਰਤ ਨਹੀਂ ਹੈ। ਮਨੁੱਖ ਆਪਣੇ ਦੁਨਿਆਵੀ ਫਰਜ਼ ਨਿਭਾਉਂਦਿਆਂ ਹੀ ਪਰਿਵਾਰਕ ਜੀਵਨ ਵਿਚ ਹੀ ਸੰਜਮੀ ਰਹਿਣੀ ਅਤੇ ਨਾਮ ਸਿਮਰਨ ਰਾਹੀਂ ਅਧਿਆਤਮਕ ਅਨੁਭਵ ਕਰ ਸਕਦਾ ਹੈ ਜਿਸ ਨੂੰ ਗੁਰਮਤਿ ਵਿਚ ‘ਘਰਿ ਹੀ ਮਾਹਿ ਉਦਾਸਾ’ ਕਿਹਾ ਹੈ।
ਭਾਈ ਗੁਰਦਾਸ ਕਹਿੰਦੇ ਹਨ ਕਿ ਪਰਿਵਾਰਕ ਅਨੰਦ ਅਤੇ ਖੁਸ਼ੀਆਂ ਤੋਂ ਨਿਰਲੇਪ ਹੋ ਕੇ, ਦੁੱਖ-ਸੁੱਖ ਦੇ ਅਨੁਭਵ ਤੋਂ ਪਾਰ ਜਾ ਕੇ ਉਨ੍ਹਾਂ ਦਾ ਧਿਆਨ ਸਤਿ ਵਿਚ ਜੁੜ ਗਿਆ ਹੈ। ਗੁਰੂ ਅਤੇ ਚੇਲੇ ਨੇ ਵੀਹ ਅਤੇ ਇੱਕੀ ਦਾ ਅਨੁਪਾਤ ਪ੍ਰਾਪਤ ਕਰ ਲਿਆ ਹੈ ਅਰਥਾਤ ਚੇਲਾ ਭਾਈ ਲਹਿਣਾ ਇੱਕੀ ਹੋ ਕੇ ਅੱਗੇ ਲੰਘ ਗਿਆ ਹੈ; ਭਾਈ ਸਾਹਿਬ ਦਾ ਸੰਕੇਤ ਭਾਈ ਲਹਿਣਾ ਤੋਂ ਗੁਰੂ ਅੰਗਦ ਬਣ ਜਾਣ ਵੱਲ ਹੈ:
ਗੁਰੁ ਚੇਲੇ ਰਹਰਾਸਿ ਅਲਖੁ ਅਭੇਉ ਹੈ।
ਗੁਰੁ ਚੇਲੇ ਸਾਬਾਸਿ ਨਾਨਕ ਦੇਉ ਹੈ।
ਗੁਰਮਤਿ ਸਹਜਿ ਨਿਵਾਸੁ ਸਿਫਤਿ ਸਮੇਉ ਹੈ।
ਸਬਦਿ ਸੁਰਤਿ ਪਰਗਾਸ ਅਛਲ ਅਛੇਉ ਹੈ।
ਗੁਰਮੁਖਿ ਆਸ ਨਿਰਾਸ ਮਤਿ ਅਰਖੇਉ ਹੈ।
ਕਾਮ ਕਰੋਧ ਵਿਣਾਸੁ ਸਿਫਤਿ ਸਮੇਉ ਹੈ।
ਸਤਿ ਸੰਤੋਖ ਉਲਾਸ ਸਕਤਿ ਨ ਸੇਉ ਹੈ।
ਘਰ ਹੀ ਵਿਚਿ ਉਦਾਸੁ ਸਚੁ ਸੁਚੇਉ ਹੈ।
ਵੀਹ ਇਕੀਹ ਅਭਿਆਸੁ ਗੁਰ ਸਿਖ ਦੇਉ ਹੈ॥੨॥
ਤੀਸਰੀ ਪਉੜੀ ਵਿਚ ਭਾਈ ਗੁਰਦਾਸ ਗੁਰਮੁਖਿ ਦੀ ਵਿਆਖਿਆ ਕਰਦੇ ਹਨ ਕਿ ਗੁਰਮੁਖਿ ਕਿਸ ਨੂੰ ਕਿਹਾ ਜਾਂਦਾ ਹੈ? ਉਹ ਦੱਸਦੇ ਹਨ ਕਿ ਗੁਰਮੁਖਿ ਉਹ ਹੈ ਜੋ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਗੁਰੂ ਦੇ ਉਪਦੇਸ਼ਾਂ ਅਨੁਸਾਰ ਚਲਦਾ ਹੈ। ਗੁਰਮੁਖਿ ਦੇ ਚੋਜ ਅਦਭੁੱਤ ਹੁੰਦੇ ਹਨ, ਉਸ ਦੇ ਕਾਰਜ ਅਸਚਰਜ ਵਿਚ ਪਾਉਣ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਇਹ ਚੋਜ ਕੀ ਹਨ? ਭਾਈ ਗੁਰਦਾਸ ਕਹਿੰਦੇ ਹਨ ਕਿ ਗੁਰਮੁਖਿ ਇਸ ਤੱਥ ਨੂੰ ਜਾਣਦਾ ਹੈ ਕਿ ਕਰਤਾ ਪੁਰਖ ਨੇ ਇਹ ਸ੍ਰਿਸ਼ਟੀ ਸਿਰਜੀ ਹੈ ਅਤੇ ਸ੍ਰਿਸ਼ਟੀ ਕਾਦਰ ਦਾ ਹੀ ਰੂਪ ਹੈ। ਇਸ ਗਿਆਨ ਦੇ ਅਹਿਸਾਸ ਨਾਲ ਉਹ ਕਾਦਰ ਤੋਂ ਬਲਿਹਾਰ ਜਾਂਦਾ ਹੈ। ਗੁਰਮੁਖਿ ਇਸ ਤੱਥ ਤੋਂ ਭਲੀਭਾਂਤ ਜਾਣੂੰ ਹੈ ਕਿ ਉਹ ਇਸ ਸੰਸਾਰ ‘ਤੇ ਮਹਿਮਾਨ ਦੀ ਤਰ੍ਹਾਂ ਹੈ ਭਾਵ ਉਸ ਦਾ ਇਹ ਜੀਵਨ ਇਥੇ ਸਦਾ ਨਹੀਂ ਰਹਿਣਾ ਅਤੇ ਇਹ ਸੰਸਾਰ ਇੱਕ ਮਹਿਮਾਨ ਘਰ ਹੈ ਜੋ ਉਸ ਨੂੰ ਰੈਣ-ਬਸੇਰਾ ਕਰਨ ਲਈ ਮਿਲਿਆ ਹੈ। ਇਸ ਤੱਥ ਨੂੰ ਧਿਆਨ ਵਿਚ ਰੱਖ ਕੇ ਉਹ ਇਸ ਅਨੁਸਾਰ ਹੀ ਕਾਰਜ ਕਰਦਾ ਹੈ ਅਤੇ ਨਿਰਲੇਪ ਹੋ ਕੇ ਜੀਵਨ ਬਸਰ ਕਰਦਾ ਹੈ। ਸਤਿ ਹੀ ਉਸ ਦਾ ਅਸਲੀ ਗੁਰੂ ਹੈ ਜਿਸ ਨੂੰ ਉਹ ਸੁਣਦਾ ਹੈ ਅਤੇ ਜਿਸ ਦੇ ਅਨੁਸਾਸ਼ਨ ਅਨੁਸਾਰ ਉਹ ਚਲਦਾ ਅਤੇ ਕਾਰਜ ਕਰਦਾ ਹੈ। ਭਾਵ ਗੁਰਮੁਖਿ ਆਪਣਾ ਜੀਵਨ ਸਤਿ ਅਨੁਸਾਰ ਜਿਉਂਦਾ ਹੈ। ਇੱਕ ਢਾਢੀ ਦੀ ਤਰ੍ਹਾਂ ਉਹ ਸਤਿਸੰਗਤਿ ਦੇ ਦਰਵਾਜ਼ੇ ‘ਤੇ ਜਾਂਦਾ ਹੈ ਅਤੇ ਗੁਰਬਾਣੀ ਦਾ ਗਾਇਨ ਕਰਦਾ ਹੈ, ਗੁਰਬਾਣੀ ਗਾਉਂਦਾ ਤੇ ਸੁਣਦਾ ਹੈ। ਸਤਿਸੰਗਤਿ ਉਸ ਲਈ ਆਧਾਰ ਹੈ ਜਿਸ ਰਾਹੀਂ ਉਹ ਅਕਾਲ ਪੁਰਖ ਨਾਲ ਪਛਾਣ ਬਣਾਉਂਦਾ ਹੈ ਅਤੇ ਉਸ ਨਾਲ ਪ੍ਰੇਮ ਪੈਦਾ ਕਰਦਾ ਹੈ। ਉਸ ਦੀ ਸੁਰਤਿ ਸਦਾ ਹੀ ਸੱਚੇ ਸ਼ਬਦ ਵਿਚ ਲੱਗੀ ਰਹਿੰਦੀ ਹੈ, ਉਸ ਦੀ ਚੇਤਨਾ ਸਦਾ ਸ਼ਬਦ ਨਾਲ ਜੁੜੀ ਰਹਿੰਦੀ ਹੈ, ਸ਼ਬਦ ਰਾਹੀਂ ਉਸ ਦੀ ਸੁਰਤਿ ਅਕਾਲ ਪੁਰਖ ਵਿਚ ਸਮਾਈ ਰਹਿੰਦੀ ਹੈ। ਉਸ ਲਈ ਸੱਚਾ ਦਰਬਾਰ ਸਤਿਸੰਗਤਿ ਹੈ ਅਤੇ ਸ਼ਬਦ ਰਾਹੀਂ ਉਹ ਇਸ ਦੀ ਪਛਾਣ ਆਪਣੇ ਅੰਦਰ ਵਸਾਉਂਦਾ ਹੈ:
ਗੁਰ ਚੇਲਾ ਪਰਵਾਣੁ ਗੁਰਮੁਖਿ ਜਾਣੀਐ।
ਗੁਰਮੁਖਿ ਚੋਜਿ ਵਿਡਾਣੁ ਅਕੱਥ ਕਥਾਣੀਐ।
ਕੁਦਰਤਿ ਨੋ ਕੁਰਬਾਣੁ ਕਾਦਰੁ ਜਾਣੀਐ।
ਗੁਰਮੁਖਿ ਜਗਿ ਮਿਹਮਾਣੁ ਜਗੁ ਮਿਹਮਾਣੀਐ।
ਸਤਿਗੁਰ ਸਤਿ ਸੁਹਾਣੁ ਆਖਿ ਵਖਾਣੀਐ।
ਦਰਿ ਢਾਢੀ ਦਰਵਾਣੁ ਚਵੈ ਗੁਰਬਾਣੀਐ।
ਸਚੁ ਸਬਦੁ ਨੀਸਾਣੁ ਸੁਰਤਿ ਸਮਾਣੀਐ।
ਇਕੋ ਦਰਿ ਦੀਬਾਣੁ ਸਬਦਿ ਸਿਞਾਣੀਐ॥੩॥
ਭਾਈ ਗੁਰਦਾਸ ਤੀਸਰੀ ਪਉੜੀ ਵਿਚ ਗੁਰੂ, ਗੁਰਮੁਖਿ, ਸਤਿਸੰਗਤਿ ਅਤੇ ਸ਼ਬਦ ਦੀ ਸਿੱਖ ਧਰਮ ਵਿਚ ਮਹੱਤਤਾ ‘ਤੇ ਚਾਨਣਾ ਪਾਉਂਦੇ ਹਨ। ਗੁਰਮੁਖਿ ਉਹ ਹੈ ਜੋ ਗੁਰੂ ਦੇ ਆਦੇਸ਼ਾਂ ਅਨੁਸਾਰ ਚਲਦਾ ਹੈ, ਉਸ ਨੇ ਸਿੱਖਣਾ ਸਤਿਸੰਗਤਿ ਵਿਚ ਜਾ ਕੇ ਹੈ ਅਤੇ ਆਪਣੀ ਸੁਰਤਿ ਨੂੰ ਸਤਿਸੰਗਤਿ ਰਾਹੀਂ ਸ਼ਬਦ ਨਾਲ ਜੋੜਨਾ ਹੈ। ਸੁਰਤਿ ਦਾ ਸ਼ਬਦ ਵਿਚ ਜੁੜਨਾ ਹੀ ਅਸਲੀ ਪਛਾਣ ਹੈ ਜਿਸ ਰਾਹੀਂ ਉਸ ਨੂੰ ਸੰਸਾਰ, ਕਾਦਰ ਅਤੇ ਕੁਦਰਤਿ ਸਭ ਦੀ ਸਮਝ ਲੱਗਦੀ ਹੈ।
ਅਗਲੀ ਪਉੜੀ ਵਿਚ ਵੀ ਗੁਰੂ ਅਤੇ ਚੇਲੇ ਦੇ ਸਬੰਧ ਦਾ ਹੀ ਜ਼ਿਕਰ ਕੀਤਾ ਮਿਲਦਾ ਹੈ ਅਰਥਾਤ ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਦੇਵ ਦੇ ਹਵਾਲੇ ਨਾਲ ਲਿਖਿਆ ਹੈ। ਭਾਈ ਗੁਰਦਾਸ ਅਨੁਸਾਰ ਗੁਰੂ ਦਾ ਸ਼ਬਦ ਹੀ ਗੁਰੂ ਹੈ ਜਿਸ ਨੂੰ ਗੁਰਮੁਖਿ ਜਾਂ ਸਿੱਖ ਪਾਸੋਂ ਇਸ ਵਿਸਮਾਦ ਸ਼ਬਦ ਨੂੰ ਪਾਉਂਦਾ ਹੈ ਅਤੇ ਉਹ ਧੰਨ ਹੈ। ਚੇਲੇ ਅਰਥਾਤ ਗੁਰੂ ਅੰਗਦ ਨੇ ਆਪਣੀ ਸੁਰਤਿ ਸ਼ਬਦ ਵਿਚ ਵਿਲੀਨ ਕਰਕੇ ਉਸ ਅਲੱਖ ਅਕਾਲ ਪੁਰਖ ਦੇ ਦਰਸ਼ਨ ਕੀਤੇ ਹਨ ਅਤੇ ਉਸ ਅਲੱਖ ਅਕਾਲ ਪੁਰਖ ਨੂੰ ਹੋਰਨਾਂ ਨੂੰ ਵੀ ਲਖਾਇਆ ਹੈ। ਗੁਰੂ ਨੂੰ ਮਿਲ ਕੇ ਅਰਥਾਤ ਗੁਰੂ ਨਾਨਕ ਦੇ ਮਿਲਾਪ ਰਾਹੀਂ ਚੇਲੇ ਗੁਰੂ ਅੰਗਦ ਨੇ ਤੁਰੀਆ ਪਦ ਪ੍ਰਾਪਤ ਕੀਦਾ ਹੈ ਜੋ ਕਿ ਅਧਿਆਤਮਕ ਪ੍ਰਾਪਤੀ ਦੀ ਚੌਥੀ ਤੇ ਆਖਰੀ ਮੰਜ਼ਿਲ ਹੈ ਅਤੇ ਉਸ ਵਿਚ ਆਪਣੇ ਆਪ ਨੂੰ ਟਿਕਾ ਲਿਆ ਹੈ। ਇਸ ਦਾ ਫਲ ਇਹ ਹੋਇਆ ਹੈ ਕਿ ਉਸ ਨੇ ਆਪਣੇ ਅੰਦਰ ਉਸ ਡੂੰਘੇ, ਗੰਭੀਰ ਤੇ ਬੇਅੰਤ ਅਕਾਲ ਪੁਰਖ ਨੂੰ ਟਿਕਾ ਲਿਆ ਹੈ ਅਤੇ ਜੋ ਅਜਰ ਹੈ, ਉਸ ਨੂੰ ਵੀ ਜਰ ਲਿਆ ਹੈ। ਉਹ ਸੱਚਾ ਹੋਰ ਦੁਨਿਆਵੀ ਪ੍ਰਾਪਤੀਆਂ ਤੋਂ ਬੇਪਰਵਾਹ ਹੋ ਕੇ, ਬੇਨਿਆਜ਼ ਹੋ ਕੇ ਉਸ ਸੱਚ ਵਿਚ ਲੀਨ ਹੋ ਗਿਆ ਹੈ, ਸੱਚ ਵਿਚ ਸਮਾ ਗਿਆ ਹੈ। ਇਸ ਤਰ੍ਹਾਂ ਇਸ ਪ੍ਰਾਪਤੀ ਨਾਲ ਉਸ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਹੁਕਮ ਚਲਣ ਲੱਗ ਪਿਆ ਹੈ। ਉਸ ਨੇ ਉਸ ਅਕਾਲ ਪੁਰਖ ਦੀ ਸੱਚੀ ਸਿਫਤਿ-ਸਾਲਾਹ ਦਾ ਅੰਮ੍ਰਿਤ ਆਪ ਵੀ ਪੀਤਾ ਹੈ ਅਤੇ ਹੋਰਨਾਂ ਨੂੰ ਵੀ ਪਿਲਾਇਆ ਹੈ। ਇਸ ਸ਼ਬਦ ਦੀ ਬਦੌਲਤ, ਸ਼ਬਦ ਵਿਚ ਸੁਰਤਿ ਨੂੰ ਟਿਕਾ ਕੇ ਉਸ ਅਸਗਾਹ ਅਥਾਹ ਅਕਾਲ ਪੁਰਖ ਨੂੰ ਪਾ ਲਿਆ ਹੈ ਅਤੇ ਉਸ ਦੀ ਮਿਹਰ ਨਾਲ ਕਈ ਮੂਰਖਾਂ ਨੂੰ ਵੀ ਸਿੱਧੇ ਰਸਤੇ ‘ਤੇ ਪਾ ਦਿੱਤਾ ਹੈ:
ਸਬਦੁ ਗੁਰੂ ਗੁਰੁ ਵਾਹੁ ਗੁਰਮੁਖਿ ਪਾਇਆ।
ਚੇਲਾ ਸੁਰਤਿ ਸਮਾਹੁ ਅਲਖੁ ਲਖਾਇਆ।
ਗੁਰ ਚੇਲੇ ਵੀਵਾਹੁ ਤੁਰੀ ਚੜਾਇਆ।
ਗਹਿਰ ਗੰਭੀਰ ਅਥਾਹੁ ਅਜਰੁ ਜਰਾਇਆ।
ਸਚਾ ਬੇਪਰਵਾਹੁ ਸਚਿ ਸਮਾਇਆ।
ਪਾਤਿਸਾਹਾ ਪਾਤਿਸਾਹੁ ਹੁਕਮੁ ਚਲਾਇਆ।
ਲਉਬਾਲੀ ਦਰਗਾਹੁ ਭਾਣਾ ਭਾਇਆ।
ਸਚੀ ਸਿਫਤਿ ਸਲਾਹੁ ਅਪਿਉ ਪੀਆਇਆ।
ਸਬਦੁ ਸੁਰਤਿ ਅਸਗਾਹੁ ਅਘੜ ਘੜਾਇਆ॥੪॥
ਅੱਗੇ ਪੰਜਵੀਂ ਪਉੜੀ ਵਿਚ ਭਾਈ ਗੁਰਦਾਸ ਨੇ ਗੁਰਮੁਖ ਅਤੇ ਗੁਰਮੁਖ ਦਾ ਪੰਥ ਦੀ ਵਿਆਖਿਆ ਕੀਤੀ ਹੈ। ਭਾਈ ਗੁਰਦਾਸ ਨੇ ਬਾਬਾ ਨਾਨਕ ਵੱਲੋਂ ਸਥਾਪਤ ਕੀਤੇ ਮਾਰਗ ਨੂੰ ‘ਨਿਰਮਲ ਪੰਥ’ ਜਾਂ ‘ਗੁਰਮੁਖ ਪੰਥ’ ਦੀ ਸੰਗਿਆ ਦਿੱਤੀ ਹੈ। ਭਾਈ ਗੁਰਦਾਸ ਗੁਰਮੁਖ ਪੰਥ ਦੀ ਵਿਆਖਿਆ ਕਰਦੇ ਹਨ ਕਿ ਇਹ ਪੰਥ ਅਨਮੋਲ ਹੈ, ਬੇਸ਼ਕੀਮਤੀ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਅਤੋਲਵਾਂ ਮਾਰਗ ਹੈ, ਜੇ ਤਰਾਜੂ ਵਿਚ ਪਾ ਕੇ ਇਸ ਨੂੰ ਤੋਲਣਾ ਚਾਹੀਏ ਤਾਂ ਤੋਲ ਨਹੀਂ ਸਕਦੇ। ਗੁਰਮੁਖ ਆਪਣੇ ਸਵੈ ਵਿਚ ਅਡੋਲ ਪੱਕਾ ਹੋ ਜਾਂਦਾ ਹੈ, ਦੁਨਿਆਵੀ ਚੀਜ਼ਾਂ ਜਾਂ ਸ਼ਕਤੀਆਂ ਉਸ ਨੂੰ ਆਪਣੇ ਮਾਰਗ ਤੋਂ ਡੁਲਾ ਨਹੀਂ ਸਕਦੀਆਂ। ਇਹ ਰਸਤਾ ਬਹੁਤ ਵਿਲੱਖਣ ਤੇ ਨਿਰਾਲਾ ਹੈ ਅਤੇ ਜੇ ਇਸ ਮਾਰਗ ਨੂੰ ਕਿਸੇ ਹੋਰ ਨਾਲ ਰਲਾਈਏ ਵੀ ਤਾਂ ਰਲ ਨਹੀਂ ਸਕਦਾ। ਇਸ ਦੀ ਕਥਾ ਅਕੱਥ ਹੈ ਭਾਵ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਬੋਲਿਆ ਨਹੀਂ ਜਾ ਸਕਦਾ। ਇਹ ਮਾਰਗ ਅਭੁੱਲ ਹੈ, ਸਾਰੀਆਂ ਭੁੱਲਾਂ ਤੋਂ ਉਤੇ ਉਠ ਜਾਂਦਾ ਹੈ, ਕੋਈ ਇਸ ਨੂੰ ਭੁੱਲ ਵਿਚ ਨਹੀਂ ਪਾ ਸਕਦਾ, ਗਲਤੀ ਨਾਲ ਵੀ ਗਲਤੀ ਨਹੀਂ ਕਰਦਾ। ਇਹ ਸਹਿਜ ਮਾਰਗ ਹੈ, ਸਹਿਜ ਵਿਚ ਟਿਕਿਆ ਹੋਇਆ ਇਹ ਜੀਵਨ ਵਿਚ ਸੰਤੁਲਨ ਪੈਦਾ ਕਰਦਾ ਹੈ। ਗੁਰਮੁਖ ਅੰਮ੍ਰਿਤ ਦੇ ਸਰੋਵਰ ਵਿਚੋਂ ਅੰਮ੍ਰਿਤ ਚੱਖਦਾ ਹੈ ਅਤੇ ਸਹਿਜ ਦੀ ਦਾਤ ਪ੍ਰਾਪਤ ਕਰਦਾ ਹੈ। ਗੁਰਮੁਖਤਾ ਦਾ ਜਾਂ ਗੁਰਮੁਖ ਮਾਰਗ ‘ਤੇ ਚੱਲਣ ਦਾ ਫਲ ਇਹ ਹੈ ਕਿ ਗੁਰਮੁਖ ਕਦੇ ਵੀ ਆਪਣੀ ਹਉਮੈ ਵਿਚ ਨਹੀਂ ਆਉਂਦਾ ਅਤੇ ਨਾ ਹੀ ਹਉਮੈ ਦਾ ਪ੍ਰਗਟਾਵਾ ਕਰਦਾ ਹੈ:
ਮੁਲਿ ਨ ਮਿਲੈ ਅਮੋਲੁ, ਨ ਕੀਮਤਿ ਪਾਈਐ।
ਪਾਇ ਤਰਾਜੂ ਤੋਲੁ, ਨ ਅਤੁਲੁ ਤੁਲਾਈਐ।
ਨਿਜ ਘਰਿ ਤਖਤੁ ਅਡੋਲੁ, ਨ ਡੋਲਿ ਡੋਲਾਈਐ।
ਗੁਰਮੁਖਿ ਪੰਥ ਨਿਰੋਲੁ ਨ ਰਲੇ ਰਲਾਈਐ।
ਕਥਾ ਅਕਥ ਅਬੋਲੁ ਨ ਬੋਲ ਬੁਲਾਈਐ।
ਸਦਾ ਅਭੁਲੁ ਅਭੋਲੁ, ਨ ਭੋਲਿ ਭੁਲਾਈਐ।
ਗੁਰਮੁਖਿ ਪੰਥੁ ਅਲੋਲੁ, ਸਹਜਿ ਸਮਾਈਐ।
ਅਮਿਉ ਸਰੋਵਰ ਝੋਲੁ ਗੁਰਮੁਖਿ ਪਾਈਐ।
ਲਖ ਟੋਲੀ ਇਕ ਟੋਲੁ ਨ ਆਪੁ ਗਣਾਈਐ॥੫॥