ਤਾਮਿਲਨਾਡੂ ਦੀ ਮੁੱਖ ਮੰਤਰੀ ਜੇæ ਜੈਲਲਿਤਾ ਨੂੰ ਦਿਲ ਦਾ ਦੌਰਾ ਕੀ ਪਿਆ, ਭਾਰਤ ਦੇ ਟੈਲੀਵਿਜ਼ਨ ਚੈਨਲਾਂ ਨੇ ਹੋਰ ਖਬਰਾਂ ਤੋਂ ਤਕਰੀਬਨ ਹੱਥ ਹੀ ਜੋੜ ਛੱਡੇ। ਚੌਵੀ ਘੰਟੇ ਇਕ ਹੀ ਖਬਰ ਨਸ਼ਰ ਕਰੀ ਗਏ। ਜੈਲਲਿਤਾ ਨੂੰ 22 ਸਤੰਬਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਿਛਲੇ ਢਾਈ ਮਹੀਨਿਆਂ ਦੌਰਾਨ ਕਿਸੇ ਨੂੰ ਦੱਸਿਆ ਤੱਕ ਨਹੀਂ ਗਿਆ ਕਿ ਉਸ ਦੀ ਹਾਲਤ ਕੀ ਹੈ।
ਹੁਣ ਉਸ ਦੀ ਪਾਰਟੀ ਅੰਨਾ ਡੀæਐਮæਕੇæ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸ ਦੀ ਸਿਹਤ ਵਿਚ ਚੋਖਾ ਸੁਧਾਰ ਆ ਗਿਆ ਹੈ। ਜੈਲਲਿਤਾ ਨੂੰ ਦੋ ਸਾਲ ਪਹਿਲਾਂ, 27 ਸਤੰਬਰ 2014 ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸ ਵਿਚ ਚਾਰ ਸਾਲ ਦੀ ਕੈਦ ਅਤੇ ਸੌ ਕਰੋੜ ਰੁਪਏ ਡੰਨ ਲਾਇਆ ਗਿਆ ਸੀ। ਉਦੋਂ ਉਸ ਵੱਲੋਂ ਬਣਾਈ 2000 ਏਕੜ ਜ਼ਮੀਨ, 30 ਕਿਲੋ ਸੋਨੇ ਅਤੇ 12000 ਸਾੜ੍ਹੀਆਂ ਦੀ ਬਹੁਤ ਚਰਚਾ ਚੱਲੀ ਸੀ; ਪਰ ਦੋ ਮਹੀਨੇ ਬਾਅਦ ਹੀ ਸੁਪਰੀਮ ਕੋਰਟ ਨੇ ਉਸ ਨੂੰ ਜ਼ਮਾਨਤ ਵੀ ਦੇ ਦਿੱਤੀ ਅਤੇ ਉਸ ਦੀ ਸਜ਼ਾ ਵੀ ਮੁਅੱਤਲ ਕਰ ਦਿੱਤੀ। ਫਿਰ 11 ਮਈ 2015 ਨੂੰ ਕਰਨਾਟਕ ਹਾਈ ਕੋਰਟ ਦੇ ਵਿਸ਼ੇਸ਼ ਬੈਂਚ ਨੇ ਉਸ ਨੂੰ ਇਸ ਕੇਸ ਵਿਚੋਂ ਬਰੀ ਕਰ ਦਿੱਤਾ। ਇਹ ਹੈ ਅਦਾਕਾਰਾ ਤੋਂ ਲੀਡਰ ਬਣੀ ਜੈਲਲਿਤਾ ਦਾ ਕਿਰਦਾਰ ਜਿਸ ਬਾਰੇ ਮੁਲਕ ਦਾ ਸਮੁੱਚਾ ਮੀਡੀਆ ਪੱਬਾਂ ਭਾਰ ਹੋਇਆ ਹੈ। ਹੋਰ ਤਾਂ ਹੋਰ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਕਥਿਤ ਮੁਹਿੰਮ ਚਲਾਉਣ ਦਾ ਦਾਅਵਾ ਕਰਨ ਵਾਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਚੱਲ ਕੇ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜਾ। ਮੁਲਕ ਦੀਆਂ ਹੋਰ ਪਾਰਟੀਆਂ ਦੇ ਆਗੂ ਵੀ ਪਿੱਛੇ ਨਹੀਂ ਰਹੇ ਅਤੇ ਕਤਾਰਾਂ ਬੰਨ੍ਹ ਕੇ ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਪੁੱਜੇ। ਟੀæਵੀæ ਚੈਨਲਾਂ ਨੇ ਇਸ ਸਾਰੇ ਘਟਨਾਕ੍ਰਮ ਦੀ ਪਲ-ਪਲ ਦੀ ਰਿਪੋਰਟ ਆਪਣੇ ਦਰਸ਼ਕਾਂ ਲਈ ਪੇਸ਼ ਕੀਤੀ।
ਹੁਣ ਰਤਾ ਪੰਜਾਬ ਦੀ ਗੱਲ ਕਰਦੇ ਹਾਂ ਜਿਥੇ ਵਿਧਾਨ ਸਭਾ ਚੋਣਾਂ ਲਈ ਪਿੜ ਬੱਝਾ ਹੋਇਆ ਹੈ। ਸੂਬੇ ਵਿਚ ਸਰਗਰਮ ਮੁੱਖ ਧਿਰਾਂ ਮਾਰੋ-ਮਾਰ ਕਰ ਰਹੀਆਂ ਹਨ ਅਤੇ ਮੀਡੀਆ ਦਰਸ਼ਕਾਂ/ਪਾਠਕਾਂ ਨੂੰ ਵੱਧ ਤੋਂ ਵੱਧ ਸੂਚਨਾਵਾਂ ਪਰੋਸਣ ਦਾ ਟਿੱਲ ਲਾ ਰਿਹਾ ਹੈ, ਪਰ ਰਤਾ ਕੁ ਬਾਰੀਕੀ ਨਾਲ ਘੋਖਿਆਂ ਪਤਾ ਲੱਗਦਾ ਹੈ ਕਿ ਇਸ ਦਾ ਵੱਖ-ਵੱਖ ਧਿਰਾਂ ਵੱਲ ਰਵੱਈਆ ਵੱਖਰਾ-ਵੱਖਰਾ ਹੈ। ਲੋਕ ਸਭਾ ਚੋਣਾਂ ਦੌਰਾਨ ਤਕੜੀ ਸਿਆਸੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਆਮ ਆਦਮੀ ਪਾਰਟੀ (ਆਪ) ਵੱਲ ਇਸ ਦਾ ਰਵੱਈਆ ਹੁਣ ਖੂਬ ਚਰਚਾ ਵਿਚ ਹੈ। ਪਹਿਲਾਂ ਵੀ ਅਜਿਹੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਕਿ ਮੀਡੀਆ/ਪੱਤਰਕਾਰ ਧਿਰ ਬਣ ਕੇ ਵਿਚਰਦਾ ਰਿਹਾ ਹਨ, ਪਰ ‘ਆਪ’ ਦੇ ਮਾਮਲੇ ‘ਤੇ ਇਹ ਦੋ ਕਦਮ ਅਗਾਂਹ ਲੰਘ ਗਿਆ ਹੈ। ਇਹ ਠੀਕ ਹੈ ਕਿ ‘ਆਪ’ ਦੀਆਂ ਆਪਣੀਆਂ ਜਥੇਬੰਦਕ ਅਤੇ ਲੀਡਰਸ਼ਿਪ ਦੀਆਂ ਸਮੱਸਿਆਵਾਂ ਹਨ, ਪਰ ਮੀਡੀਆ ਅਤੇ ਪੱਤਰਕਾਰਾਂ ਨੇ ਇਸ ਤੋਂ ਅਟੰਕ ਰਹਿ ਕੇ ਲੋਕਾਂ ਤੱਕ ਅਸਲ ਖਬਰਾਂ ਪਹੁੰਚਾਉਣੀਆਂ ਹੁੰਦੀਆਂ ਹਨ। ਮੀਡੀਆ ਦਾ ਇਕ ਹਿੱਸਾ ਅਤੇ ਕੁਝ ਪੱਤਰਕਾਰ ਜਦੋਂ ਦੇ ਧਿਰ ਬਣ ਕੇ ਵਿਚਰ ਰਹੇ ਹਨ, ਕਈ ਮਾਮਲੇ ਸਿਰ ਪਰਨੇ ਹੋਣੇ ਸ਼ੁਰੂ ਹੋ ਗਏ ਹਨ। ਇਕ ਹੀ ਖਬਰ ਵੱਖ-ਵੱਖ ਮੀਡੀਆ ਵਿਚ ਵੱਖ-ਵੱਖ ਢੰਗ ਨਾਲ ਨਸ਼ਰ ਹੋ ਰਹੀ ਹੈ। ਅੱਸੀਵਿਆਂ ਦੌਰਾਨ ਇਸ ਵੱਲੋਂ ਨਿਭਾਇਆ ਰੋਲ ਅੱਜ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਜਦੋਂ ਇਸ ਨੇ ਸਭ ਨੇਮ ਛਿੱਕੇ ਟੰਗ ਕੇ ਇਕ ਖਾਸ ਕਿਸਮ ਦੀ ਸਿਆਸਤ ਦੀ ਸੇਵਾ ਕੀਤੀ ਸੀ। ਜ਼ਾਹਰ ਹੈ ਕਿ ਅੱਜ ਦੇ ਜ਼ਮਾਨੇ ਵਿਚ ਕੋਈ ਵੀ ਖੇਤਰ ਸਿਆਸਤ ਤੋਂ ਅਟੰਕ ਨਹੀਂ ਰਹਿ ਸਕਿਆ। ਸਿਆਸਤ ਦੀਆਂ ਮੀਡੀਆ ਬਾਬਤ ਆਪਣੀਆਂ ਲੋੜਾਂ ਹਨ, ਪਰ ਮੀਡੀਆ ਜਦੋਂ ਤੋਂ ਮਿਸ਼ਨ ਦੀ ਥਾਂ ਕਾਰੋਬਾਰ ਦੇ ਲੜ ਲੱਗਾ ਹੈ, ਇਸ ਦੇ ਸਰੂਪ ਵਿਚ ਮੁੱਢੋਂ-ਸੁੱਢੋਂ ਤਬਦੀਲੀ ਆਉਣੀ ਅਰੰਭ ਹੋ ਗਈ ਹੈ।
ਜਮਹੂਰੀਅਤ ਵਿਚ ਮੀਡੀਆ ਨੂੰ ਬੇਹੱਦ ਅਹਿਮ ਸਥਾਨ ਦਿੱਤਾ ਗਿਆ ਹੈ। ਬਹੁਤ ਸਾਰੇ ਦਾਅਵਿਆਂ ਮੁਤਾਬਕ, ਭਾਰਤ ਜਮਹੂਰੀ ਮੁਲਕ ਹੈ ਅਤੇ ਇਸ ਹਿਸਾਬ ਨਾਲ ਮੁਲਕ ਦੇ ਮੀਡੀਆ ਦੀ ਅਹਿਮ ਭੂਮਿਕਾ ਹੈ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਮੌਕਿਆਂ ਉਤੇ ਜਮਹੂਰੀਅਤ ਦੇ ਇਸ ਚੌਥੇ ਥੰ੍ਹਮ ਦੀਆਂ ਥੰਮ੍ਹੀਆਂ ਹਿੱਲਦੀਆਂ ਰਹੀਆਂ ਹਨ ਅਤੇ ਇਹ ਸੱਤਾਧਾਰੀਆਂ ਜਾਂ ਹੋਰ ਤਕੜੀਆਂ ਪਾਰਟੀਆਂ ਦੇ ਹਿਤਾਂ ਮੁਤਾਬਕ ਝੁਕਦਾ ਰਿਹਾ ਹੈ। ਜੇ ਉਘੇ ਮੀਡੀਆ ਹਾਊਸਾਂ ਦੇ ਮਾਲਕ ਜਾਂ ਕਰਤਾ-ਧਰਤਾ ਸਿਆਸਤ ਦੇ ਸਿਰ ਉਤੇ ਸੰਸਦ ਵਿਚ ਪੁੱਜਣ ਵਿਚ ਕਾਮਯਾਬ ਹੋ ਰਹੇ ਹਨ ਤਾਂ ਸਾਫ ਜ਼ਾਹਰ ਹੈ ਕਿ ਥੰਮ੍ਹੀਆਂ ਹਿੱਲਣੀਆਂ ਹੀ ਹਨ। ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਆਮ ਲੋਕ, ਮੀਡੀਆ ਤੋਂ ਗਾਇਬ ਹੋਇਆ ਹੈ, ਉਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆਉਣੇ ਹਨ। ਸਭ ਤੋਂ ਅਚੰਭੇ ਵਾਲੀ ਗੱਲ ਇਹ ਹੋਈ ਹੈ ਕਿ ਆਮ ਲੋਕ ਦੀ ਥਾਂ ਉਸ ਲੀਡਰ ਨੇ ਲੈ ਲਈ ਹੈ ਜਿਸ ਦਾ ਕਿਰਦਾਰ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੇ ਨੇੜੇ-ਤੇੜੇ ਜਾ ਪੁੱਜਦਾ ਹੈ। ਇਹ ਉਹ ਆਗੂ ਹਨ ਜਿਹੜੇ ਆਪਣੀ ਸਿਆਸਤ ਲੋਕਾਂ ਦੇ ਆਲੇ-ਦੁਆਲੇ ਤਾਂ ਬੁਣਦੇ ਹਨ, ਪਰ ਲੋਕਾਂ ਨੂੰ ਦੁਸ਼-ਚੱਕਰ ਵਿਚੋਂ ਨਿਕਲਣ ਲਈ ਰਾਹ ਨਹੀਂ ਲੱਭਣ ਦਿੰਦੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ਬੀਬੀ ਜੈਲਲਿਤਾ ਨੇ ਵੀ ਸੂਬੇ ਦੇ ਲੋਕਾਂ ਲਈ ਮੁਫਤ ਸਹੂਲਤਾਂ ਦੀ ਝੜੀ ਲਾਈ। ਅਸਲ ਵਿਚ ਮਸਲਾ ਲੋਕਾਂ ਨੂੰ ਮਿਲ ਰਹੀਆਂ ਮੁਫਤ ਸਹੂਲਤਾਂ ਦਾ ਨਹੀਂ, ਸਗੋਂ ਮਸਲਾ ਇਹ ਹੈ ਕਿ ਇਨ੍ਹਾਂ ਮੁਫਤ ਸਹੂਲਤਾਂ ਦੇ ਓਹਲੇ ਹੇਠ ਇਹ ਲੀਡਰ ਆਪਣੇ ਘਰ ਭਰ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਲ ਹੀ ਵਿਚ ਚਲਾਈ ਨੋਟਬੰਦੀ ਵਾਲੀ ਮੁਹਿੰਮ ਤੋਂ ਵੀ ਇਹੀ ਸਾਬਤ ਹੋਇਆ ਹੈ ਕਿ ਅਜਿਹੇ ਕਦਮ ਕਿਸ ਤਰ੍ਹਾਂ ਸਿਰਫ ਰੱਜੇ-ਪੁੱਜੇ ਲੋਕਾਂ ਦੇ ਹੱਕ ਵਿਚ ਹੀ ਭੁਗਤਦੇ ਹਨ ਅਤੇ ਹਰ ਵਾਰ ਵਾਂਗ ਆਮ ਬੰਦਾ ਹੀ ਸੂਲੀ ਉਤੇ ਟੰਗਿਆ ਜਾਂਦਾ ਹੈ। ਮੀਡੀਆ ਅਜਿਹੇ ਮਸਲਿਆਂ ਦੀ ਸਹੀ ਚੀਰ-ਫਾੜ ਕਰਨ ਦੀ ਥਾਂ ਸਿਆਸੀ ਆਗੂਆਂ ਦੇ ਵਾਅਦਿਆਂ-ਦਾਅਵਿਆਂ ਦੀ ਤਰਜ਼ ‘ਤੇ ਡਫਲੀ ਵਜਾਈ ਜਾਂਦਾ ਹੈ। ਲੋਕਾਂ ਨੂੰ ਭੁਚਲਾਉਣ ਦੇ ਮਾਮਲੇ ‘ਤੇ ਸਿਆਸਤਦਾਨ ਅਤੇ ਮੀਡੀਆ ਵਾਲੇ ਖੂਬ ਇਕਸੁਰ ਹਨ।