ਅੰਮ੍ਰਿਤਸਰ: ਗੁਰੂ ਨਗਰੀ ਵਿਚ ਛੇਵੀਂ ਹਾਰਟ ਆਫ ਏਸ਼ੀਆ ਕਾਨਫਰੰਸ ਵਿਚ ਦਹਿਸ਼ਤਵਾਦ ਦੇ ਸਫਾਏ ਦਾ ਹੋਕਾ ਦਿੱਤਾ ਗਿਆ। ਅਫਗਾਨਿਸਤਾਨ ਸਮੇਤ ਏਸ਼ਿਆਈ ਮੁਲਕਾਂ ਵਿਚ ਸੁਰੱਖਿਆ ਤੇ ਅਮਨ-ਸ਼ਾਂਤੀ ਲਈ ਖਤਰਾ ਬਣੇ ਦਹਿਸ਼ਤਵਾਦ ਨੂੰ ਖਤਮ ਕਰਨ, ਅਫਗਾਨਿਸਤਾਨ ਵਿਚ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਖੇਤਰੀ ਸੰਪਰਕ ਨੂੰ ਵਧੇਰੇ ਮਜ਼ਬੂਤ ਬਣਾਉਣ ਅਤੇ ਉਸ ਦੀ ਖੁਸ਼ਹਾਲੀ ਲਈ ਵਿਕਾਸ ਵਾਸਤੇ ਯਤਨ ਕਰਨ ਸਬੰਧੀ ਅੰਮ੍ਰਿਤਸਰ ਐਲਾਨਨਾਮੇ ਕੀਤੇ ਗਏ।
ਕਾਨਫਰੰਸ ਦੇ ਮੰਚ ਤੋਂ ਦਹਿਸ਼ਤਵਾਦ ਦੇ ਮੁੱਦੇ ਨੂੰ ਵੱਡੇ ਪੱਧਰ ‘ਤੇ ਉਭਾਰ ਕੇ ਭਾਰਤ ਨੇ ਪਾਕਿਸਤਾਨ ਨੂੰ ਮੁੜ ਸਖਤ ਚਿਤਾਵਨੀ ਦਿੱਤੀ ਕਿ ਉਹ ਆਪਣੀ ਧਰਤੀ ਤੋਂ ਦਹਿਸ਼ਤਵਾਦ ਨੂੰ ਖਤਮ ਕਰੇ।
ਪਾਕਿਸਤਾਨੀ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਦੀ ਹਾਜ਼ਰੀ ਵਿਚ ਇਹ ਅਹਿਸਾਸ ਕਰਾਉਣ ਦਾ ਯਤਨ ਕੀਤਾ ਗਿਆ ਕਿ ਪਾਕਿਸਤਾਨ ਅਤਿਵਾਦ ਨੂੰ ਸ਼ਹਿ ਦੇ ਰਿਹਾ ਹੈ, ਜਿਸ ਕਾਰਨ ਉਹ ਅੰਤਰਰਾਸ਼ਟਰੀ ਪੱਧਰ ‘ਤੇ ਇਕੱਲਾ ਪੈ ਰਿਹਾ ਹੈ। ਸ੍ਰੀ ਅਜ਼ੀਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕੋਈ ਦੁਵੱਲੀ ਗੱਲਬਾਤ ਨਹੀਂ ਹੋਈ ਹੈ। ਕਾਨਫਰੰਸ ਵਿਚ ਦਹਿਸ਼ਤਵਾਦ ਗੱਲਬਾਤ ਦਾ ਮੁੱਖ ਧੁਰਾ ਬਣਿਆ ਰਿਹਾ ਅਤੇ ਪਾਕਿਸਤਾਨ ਨੂੰ ਅਤਿਵਾਦ ‘ਤੇ ਤੁਰਤ ਨੱਥ ਪਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਸਾਂਝੇ ਐਲਾਨਨਾਮੇ, ਜਿਸ ਨੂੰ 45 ਮੁਲਕਾਂ ਦੇ ਨੁਮਾਇੰਦਿਆਂ ਨੇ ਸਮਰਥਨ ਦਿੱਤਾ ਹੈ, ਵਿਚ ਦਹਿਸ਼ਤਵਾਦ ਨੂੰ ਸਥਾਈ ਸ਼ਾਂਤੀ ਦੀ ਸਥਾਪਤੀ ਦੇ ਰਾਹ ਵਿਚ ਮੁੱਖ ਅੜਿੱਕਾ ਕਰਾਰ ਦਿੱਤਾ ਗਿਆ। ਸ੍ਰੀ ਜੇਤਲੀ ਨੇ ਦੱਸਿਆ ਕਿ ਅਤਿਵਾਦ ਨੂੰ ਆਰਥਿਕ ਸਮਰਥਨ ਅਤੇ ਸੁਰੱਖਿਅਤ ਟਿਕਾਣੇ ਮੁਹੱਈਆ ਕਰਾਉਣ ਦੀ ਸਖਤ ਆਲੋਚਨਾ ਕਰਦਿਆਂ ਹਰ ਤਰ੍ਹਾਂ ਦੇ ਅਤਿਵਾਦ ਨੂੰ ਖ਼ਤਮ ਕਰਨ ਦਾ ਅਹਿਦ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹਾਰਟ ਆਫ ਏਸ਼ੀਆ ਕਾਨਫਰੰਸ ਵਿਚ ਦਹਿਸ਼ਤੀ ਜਥੇਬੰਦੀਆਂ ਅਲ ਕਾਇਦਾ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਦਾਇਸ਼ ਆਦਿ ਤੋਂ ਅਫਗਾਨਿਸਤਾਨ ਵਿਚ ਹਿੰਸਕ ਕਾਰਵਾਈਆਂ ਨਾਲ ਖੇਤਰੀ ਮੁਲਕਾਂ ਨੂੰ ਪੈਦਾ ਹੋਏ ਖਤਰੇ ਉਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਲਾਨਨਾਮੇ ਰਾਹੀਂ ਦਹਿਸ਼ਤਵਾਦ ਦੇ ਖਾਤਮੇ ਲਈ ਕੌਮਾਂਤਰੀ ਸਹਿਯੋਗ ਦੀ ਮੰਗ ਕਰਦਿਆਂ ਅੰਤਰਰਾਸ਼ਟਰੀ ਦਹਿਸ਼ਤਵਾਦ ਮੁੱਦੇ ਉਤੇ ਜਲਦੀ ਸੰਮੇਲਨ ਸੱਦਣ ਲਈ ਦਸਤਾਵੇਜ਼ ਤਿਆਰ ਕਰਨ ਲਈ ਆਖਿਆ ਗਿਆ। ਅਫਗਾਨਿਸਤਾਨ ਸਮੇਤ ਖੇਤਰੀ ਦਹਿਸ਼ਤਵਾਦ ਨੂੰ ਨੱਥ ਪਾਉਣ ਲਈ ਮਾਹਿਰਾਂ ਦੀ ਰਾਇ ਲੈ ਕੇ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ ਆਖਿਆ ਗਿਆ।
ਹਾਰਟ ਆਫ ਏਸ਼ੀਆ ਨਾਲ ਜੁੜੇ ਮੁਲਕਾਂ ਵੱਲੋਂ ਅਫਗਾਨਿਸਤਾਨ ਵਿਚ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਚਾਬਹਾਰ ਯੋਜਨਾ ਤਹਿਤ ਭਾਰਤ, ਇਰਾਨ ਅਤੇ ਅਫਗਾਨਿਸਤਾਨ ਵਿਚਾਲੇ ਰੇਲ ਸੰਪਰਕ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯਤਨ ਕਰਨ ਉਤੇ ਜ਼ੋਰ ਦਿੱਤਾ ਗਿਆ ਹੈ। ਭਾਰਤ ਵੱਲੋਂ ਅਫਗਾਨਿਸਤਾਨ ਨਾਲ ਦੁਵੱਲੇ ਸੰਪਰਕ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਗਿਆ। ਅਫਗਾਨਿਸਤਾਨ ਦੀ ਖੁਸ਼ਹਾਲੀ ਅਤੇ ਦਹਿਸ਼ਤਵਾਦ ਦੇ ਖਾਤਮੇ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੱਖ-ਵੱਖ ਮੁਲਕਾਂ ਨੇ ਸ਼ਲਾਘਾ ਵੀ ਕੀਤੀ ਹੈ।
__________________________________
ਪਾਕਿਸਤਾਨ ਦੀ ਆਲੋਚਨਾ ਤੋਂ ਭੜਕੇ ਅਜ਼ੀਜ਼
ਅੰਮ੍ਰਿਤਸਰ: ਹਾਰਟ ਆਫ ਏਸ਼ੀਆ ਕਾਨਫਰੰਸ ਦੌਰਾਨ ਪਾਕਿਸਤਾਨ ਦੀ ਹੋਈ ਤਿੱਖੀ ਆਲੋਚਨਾ ਤੋਂ ਬਾਅਦ ਉਥੋਂ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਹਿੰਸਾ ‘ਚ ਆਏ ਉਭਾਰ ਲਈ ਕਿਸੇ ਇਕ ਮੁਲਕ ਨੂੰ ਦੋਸ਼ੀ ਠਹਿਰਾਉਣਾ ਬਹੁਤ ਆਸਾਨ ਹੈ, ਪਰ ਇਸ ਲਈ ਅਰਥ ਭਰਪੂਰ ਨਜ਼ਰੀਆ ਅਪਣਾਉਣ ਦੀ ਲੋੜ ਹੈ। ਉਨ੍ਹਾਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿਚ ਤਣਾਅ ਦਾ ਮੁੱਦਾ ਵੀ ਉਠਾਇਆ। ਅਜ਼ੀਜ਼ ਨੇ ਕਿਹਾ ਕਿ ਕੰਟਰੋਲ ਰੇਖਾ ‘ਤੇ ਤਣਾਅ ਦੇ ਬਾਵਜੂਦ ਕਾਨਫਰੰਸ ‘ਚ ਉਨ੍ਹਾਂ ਦੀ ਹਾਜ਼ਰੀ ਗਵਾਹੀ ਭਰਦੀ ਹੈ ਕਿ ਅਫ਼ਗਾਨਿਸਤਾਨ ‘ਚ ਸ਼ਾਂਤੀ ਲਈ ਪਾਕਿਸਤਾਨ ਵਚਨਬੱਧ ਹੈ।
_________________________________
ਹਾਅ ਦੇ ਨਾਅਰੇ ਨਾਲ ਕੰਮ ਨਹੀਂ ਸਰਨਾ: ਮੋਦੀ
ਅੰਮ੍ਰਿਤਸਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਕਿਸਤਾਨ ਦਾ ਨਾਂ ਲਏ ਬਿਨਾ ਦਹਿਸ਼ਤਵਾਦ ਨੂੰ ਮੁੱਖ ਧੁਰਾ ਬਣਾਇਆ। ਉਨ੍ਹਾਂ ਆਖਿਆ ਕਿ ਦਹਿਸ਼ਤਵਾਦ ਸਿਰਫ ਅਫਗਾਨਿਸਤਾਨ ਲਈ ਹੀ ਨਹੀਂ ਸਗੋਂ ਏਸ਼ੀਆ ਦੇ ਕਈ ਮੁਲਕਾਂ ਦੀ ਸ਼ਾਂਤੀ ਲਈ ਖਤਰਾ ਬਣਿਆ ਹੋਇਆ ਹੈ। ਇਸ ਵੇਲੇ ਅਫਗਾਨਿਸਤਾਨ ਵਿਚ ਸ਼ਾਂਤੀ ਲਈ ਹਾਅ ਦਾ ਨਾਅਰਾ ਮਾਰਨਾ ਹੀ ਕਾਫੀ ਨਹੀਂ ਹੈ। ਸਗੋਂ ਦਹਿਸ਼ਤਵਾਦੀ ਤਾਕਤਾਂ ਨੂੰ ਸਮਰਥਨ ਦੇਣ ਵਾਲਿਆਂ ਨੂੰ ਨਕਾਰਨਾ ਵੀ ਜ਼ਰੂਰੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਜਿਹੜੀਆਂ ਤਾਕਤਾਂ ਦਹਿਸ਼ਤਵਾਦ ਦਾ ਸਮਰਥਨ, ਉਨ੍ਹਾਂ ਨੂੰ ਮਾਇਕ ਮਦਦ, ਸਿਖਲਾਈ ਅਤੇ ਆਪਣੇ ਮੁਲਕ ਵਿਚ ਆਸਰਾ ਦੇ ਰਹੀਆਂ ਹਨ, ਉਨ੍ਹਾਂ ਦੀ ਸ਼ਨਾਖਤ ਕਰ ਕੇ ਨਕਾਰਿਆ ਜਾਣਾ ਚਾਹੀਦਾ ਹੈ।
_________________________________
ਦਰਬਾਰ ਸਾਹਿਬ ਵਿਚ ਮੋਦੀ ਨੇ ਵਰਤਾਇਆ ਲੰਗਰ
ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਰਾਮਦਾਸ ਲੰਗਰ ਵਿਚ ਸੇਵਾ ਵੀ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ਼ ਅਜ਼ੀਜ਼ ਅਤੇ ਤਕਰੀਬਨ 15 ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਧਾਨ ਮੰਤਰੀ ਮੋਦੀ ਅਤੇ ਗਨੀ ਦਾ ਦਰਬਾਰ ਸਾਹਿਬ ਪਹੁੰਚਣ ਉਤੇ ਪੁੱਜਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਵਾਗਤ ਕੀਤਾ।