ਸਰਕਾਰੀ ਹੱਲਾਸ਼ੇਰੀਆਂ ਨੇ ਕੀਤੇ ਗੈਂਗਸਟਰਾਂ ਲਈ ਰਾਹ ਹੋਰ ਮੋਕਲੇ

ਚੰਡੀਗੜ੍ਹ: ਪੰਜਾਬ ਵਿਚ ਗੈਂਗਸਟਰਾਂ ਦੀ ਇਕਦਮ ਚੜ੍ਹਤ ਪਿੱਛੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਜ਼ਿੰਮੇਵਾਰ ਹਨ। ਸੂਬੇ ਵਿਚ ਰਿਊੜੀਆਂ ਵਾਂਗੂ ਵੰਡੇ ਹਥਿਆਰਾਂ ਦੇ ਲਾਇਸੰਸਾਂ ਨੇ ਵੀ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ ਕੀਤੇ ਹਨ। ਨਾਭਾ ਜੇਲ੍ਹ ਕਾਂਡ ਨੇ ਸੂਬੇ ਵਿਚ ਜਾਇਜ਼-ਨਾਜਾਇਜ਼ ਹਥਿਆਰਾਂ ਦੀ ਭਾਰੀ ਮਾਤਰਾ ਵਿਚ ਮੌਜੂਦਗੀ ਅਤੇ ਗੈਂਗਸਟਰ ਦੇ ਮਜ਼ਬੂਤ ਤਾਣੇ-ਬਾਣੇ ਦੀ ਅਸਲੀਅਤ ਨੂੰ ਵੀ ਬੇਪਰਦ ਕੀਤਾ ਹੈ।

ਗੈਰਕਾਨੂੰਨੀ ਹਥਿਆਰਾਂ ਤੋਂ ਇਲਾਵਾ ਸੂਬੇ ਵਿਚ ਲਾਇਸੰਸੀ ਹਥਿਆਰ ਵੀ ਵੱਡੀ ਗਿਣਤੀ ਵਿਚ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਨੇ ਨਿੱਜੀ ਹਥਿਆਰਾਂ ਲਈ 4æ5 ਲੱਖ ਤੋਂ ਵੱਧ ਲਾਇਸੈਂਸ ਜਾਰੀ ਕੀਤੇ ਹੋਏ ਹਨ ਅਤੇ ਹਰ ਲਾਇਸੈਂਸ ਉਤੇ ਤਿੰਨ ਹਥਿਆਰ ਰੱਖਣ ਦੀ ਆਗਿਆ ਦਿੱਤੀ ਹੋਈ ਹੈ। ਇਸ ਤਰ੍ਹਾਂ ਸੂਬੇ ਵਿਚ 11 ਲੱਖ ਦੇ ਕਰੀਬ ਲਾਇਸੰਸਸ਼ੁਦਾ ਨਿੱਜੀ ਹਥਿਆਰ ਹਨ। ਦੂਜੇ ਪਾਸੇ ਸੂਬੇ ਦੀ ਪੁਲਿਸ ਕੋਲ ਸਿਰਫ 80,000 ਦੇ ਕਰੀਬ ਹੀ ਹਥਿਆਰ ਦੱਸੇ ਜਾਂਦੇ ਹਨ ਜੋ ਕਿ ਲਾਇਸੰਸਸ਼ੁਦਾ ਹਥਿਆਰਾਂ ਦਾ ਮਹਿਜ਼ ਸੱਤ ਫੀਸਦੀ ਹੀ ਬਣਦੇ ਹਨ। ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਈ ਵੀ ਸੂਬਾ ਸਰਕਾਰ ਆਪਣੀ ਪੁਲਿਸ ਨਫਰੀ ਦੇ ਢਾਈ ਗੁਣਾ ਤੋਂ ਵੱਧ ਲੋਕਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਨਹੀਂ ਕਰ ਸਕਦੀ, ਪਰ ਪੰਜਾਬ ਸਰਕਾਰ ਨੇ ਇਨ੍ਹਾਂ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਤਕਰੀਬਨ 14 ਗੁਣਾ ਲਾਇਸੈਂਸ ਜਾਰੀ ਕੀਤੇ ਹੋਏ ਹਨ। ਨਿੱਜੀ ਹਥਿਆਰਾਂ ਦੇ ਲਾਇਸੰਸਾਂ ਦੀ ਗਿਣਤੀ ਪੱਖੋਂ ਪੰਜਾਬ ਦਾ ਮੁਲਕ ਦੇ ਸੂਬਿਆਂ ਵਿਚੋਂ ਤੀਜਾ ਸਥਾਨ ਹੈ।
ਹਥਿਆਰ ਰੱਖਣ ਦੇ ਇਸ ਅਵੱਲੜੇ ਸ਼ੌਕ ਨੇ ਹੀ ਸੂਬੇ ਵਿਚ ਗੈਂਗਸਟਰਾਂ ਅਤੇ ਮਾਫੀਆ ਗਰੋਹਾਂ ਨੂੰ ਜਨਮ ਦਿੱਤਾ ਹੈ। ਛੇ ਮਹੀਨੇ ਪਹਿਲਾਂ ਸੂਬਾ ਪੁਲਿਸ ਮੁਖੀ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਪੰਜਾਬ ਵਿਚ 400 ਤੋਂ ਵੱਧ ਅਪਰਾਧੀਆਂ ਦੇ 57 ਦੇ ਕਰੀਬ ਗਰੋਹ ਸਰਗਰਮ ਹਨ। ਇਨ੍ਹਾਂ ਤੋਂ ਇਲਾਵਾ 2000 ਤੋਂ ਵੱਧ ਪੈਰੋਲ ‘ਤੇ ਆਏ ਅਪਰਾਧੀ ਵੀ ਭਗੌੜੇ ਹਨ। ਪੁਲਿਸ ਦੀ ਮਿਲੀਭੁਗਤ, ਪ੍ਰਸ਼ਾਸਨ ਦੀ ਕਮਜ਼ੋਰੀ ਅਤੇ ਸਿਆਸੀ ਸਰਪ੍ਰਸਤੀ ਹੇਠ ਇਹ ਗਰੋਹ ਵੱਧ-ਫੁੱਲ ਰਹੇ ਹਨ ਅਤੇ ਇਨ੍ਹਾਂ ਕੋਲ ਵੱਡੀ ਮਾਤਰਾ ਵਿਚ ਜਾਇਜ਼-ਨਾਜਾਇਜ਼ ਹਥਿਆਰ ਹਨ। ਹਥਿਆਰਾਂ ਅਤੇ ਸਿਆਸੀ ਪੁਸ਼ਤਪਨਾਹੀ ਦੇ ਬਲਬੂਤੇ ਇਹ ਗਰੋਹ ਅਗਵਾ, ਫਿਰੌਤੀਆਂ, ਕਤਲ, ਜ਼ਮੀਨ-ਜਾਇਦਾਦਾਂ ਅਤੇ ਨਾਜਾਇਜ਼ ਕਬਜੇ, ਲੁੱਟਾਂ-ਖੋਹਾਂ ਅਤੇ ਔਰਤਾਂ ਨਾਲ ਵਧੀਕੀਆਂ ਜਿਹੀਆਂ ਵਾਰਦਾਤਾਂ ਬੇਖੌਫ਼ ਹੋ ਕੇ ਕਰ ਰਹੇ ਹਨ। ਪਿਛਲੇ 15 ਮਹੀਨਿਆਂ ਦੌਰਾਨ ਦਰਜਨਾਂ ਗੈਂਗਸਟਰ ਪੁਲਿਸ ਹਿਰਾਸਤ ਅਤੇ ਜੇਲ੍ਹਾਂ ਵਿੱਚੋਂ ਫਰਾਰ ਹੋਣ ਵਿਚ ਸਫਲ ਹੋ ਚੁੱਕੇ ਹਨ। ਇੰਨਾ ਹੀ ਨਹੀਂ, ਉਹ ਸੋਸ਼ਲ ਮੀਡੀਆ ਰਾਹੀਂ ਸਰਕਾਰ ਅਤੇ ਆਪਣੇ ਵਿਰੋਧੀ ਗਰੁੱਪਾਂ ਨੂੰ ਚੁਣੌਤੀ ਵੀ ਦਿੰਦੇ ਹਨ, ਪਰ ਪੁਲਿਸ ਬੇਵੱਸ ਨਜ਼ਰ ਆ ਰਹੀ ਹੈ।
ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਮੇਂ-ਸਮੇਂ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਵਰਤਣ ਅਤੇ ਉਨ੍ਹਾਂ ਨੂੰ ਸਟੇਜਾਂ ਉਤੇ ਪਤਵੰਤਿਆਂ ਵਾਂਗ ਪੇਸ਼ ਕਰਨ ਦੇ ਨਾਲ ਉਨ੍ਹਾਂ ਦੀ ਸਰਪ੍ਰਸਤੀ ਅਤੇ ਪੁਸ਼ਤਪਨਾਹੀ ਦੇ ਇਲਜ਼ਾਮਾਂ ਤੋਂ ਸਿਆਸੀ ਆਗੂ ਵੀ ਭੱਜ ਨਹੀਂ ਸਕਦੇ। ਜੇਲ੍ਹਾਂ ਵਿਚ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਮਿਲ ਰਹੀਆਂ ਹਰ ਕਿਸਮ ਦੀਆਂ ਸੁੱਖ ਸਹੂਲਤਾਂ ਲਈ ਵੀ ਇਹ ਸਾਰੀਆਂ ਧਿਰਾਂ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਹਨ।
_____________________________________
ਯੂæਪੀæ ਦੀਆਂ ਜੇਲ੍ਹਾਂ ਪੰਜਾਬ ਨਾਲੋਂ ਕਿਤੇ ਬਿਹਤਰ: ਰਾਮੂਵਾਲੀਆ
ਬਠਿੰਡਾ: ਉਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਕਹਿਣਾ ਹੈ ਕਿ ਯੂæਪੀæ ਦੀਆਂ ਜੇਲ੍ਹਾਂ ਪੰਜਾਬ ਨਾਲੋਂ ਕਿਤੇ ਬਿਹਤਰ ਹਨ, ਕਿਉਂਕਿ ਯੂæਪੀæ ਵਿਚ ਜੇਲ੍ਹਾਂ ਪੂਰੀ ਤਰ੍ਹਾਂ ਜ਼ਾਬਤੇ ਹੇਠ ਹਨ। ਮੱਧ ਪ੍ਰਦੇਸ਼ ਜੇਲ੍ਹ ਕਾਂਡ ਮਗਰੋਂ ਪੰਜਾਬ ਚੌਕਸ ਹੁੰਦਾ ਤਾਂ ਨਾਭਾ ਜੇਲ੍ਹ ਕਾਂਡ ਨਹੀਂ ਵਾਪਰਨਾ ਸੀ। ਉਨ੍ਹਾਂ ਆਖਿਆ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਕੌਮਾਂਤਰੀ ਏਜੰਸੀਆਂ ਦੇ ਨਿਸ਼ਾਨੇ ‘ਤੇ ਹੈ, ਜਿਸ ਕਰਕੇ ਇਥੋਂ ਦੇ ਜੇਲ੍ਹ ਪ੍ਰਬੰਧਾਂ ਉਤੇ ਕਰੜੀ ਨਜ਼ਰ ਰੱਖਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂæਪੀæ ਦੀਆਂ ਜੇਲ੍ਹਾਂ ਵਿਚ ਸਖਤ ਪ੍ਰਬੰਧ ਹਨ ਤੇ ਪਿਛਲੇ ਸਮੇਂ ਵਿਚ ਕੋਈ ਕੈਦੀ ਨਹੀਂ ਫਰਾਰ ਹੋਇਆ।
_______________________________________
ਗੈਂਗਸਟਰਾਂ ਨੂੰ ਪੇਸ਼ੀਆਂ ਲਈ ਲਿਜਾਉਣ ਤੋਂ ਡਰੀ ਪੁਲਿਸ
ਪਟਿਆਲਾ: ਨਾਭਾ ਜੇਲ੍ਹ ਕਾਂਡ ਤੋਂ ਬਾਅਦ ਵੱਖ-ਵੱਖ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਨੂੰ ਉਨ੍ਹਾਂ ਦੇ ਕੇਸਾਂ ਦੀ ਸੁਣਵਾਈ ਲਈ ਵੀ ਹੁਣ ਜੇਲ੍ਹ ਤੋਂ ਬਾਹਰ ਨਹੀਂ ਲਿਜਾਇਆ ਜਾਵੇਗਾ। ਅਜਿਹੀਆਂ ਪੇਸ਼ੀਆਂ ਜੇਲ੍ਹਾਂ ਵਿਚੋਂ ਹੀ ਵੀਡੀਓ ਕਾਨਫਰੰਸਿੰਗ ਜ਼ਰੀਏ ਭੁਗਤੀਆਂ ਜਾਇਆ ਕਰਨਗੀਆਂ। ਸਪੈਸ਼ਲ ਟਾਸਕ ਫੋਰਸ (ਇੰਟਰਨਲ) ਦੇ ਆਈæਜੀæ ਪ੍ਰਮੋਦ ਕੁਮਾਰ ਵੱਲੋਂ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ 23 ਗੈਂਗਸਟਰਾਂ ਦੀ ਸੂਚੀ ਵੀ ਭੇਜੀ ਹੈ, ਜਿਨ੍ਹਾਂ ਦੇ ਜੇਲ੍ਹ ਤੋਂ ਬਾਹਰ ਲਿਜਾਣ ਉਤੇ ਰੋਕ ਲਾਈ ਗਈ ਹੈ। ਉਹ ਕਤਲ, ਇਰਾਦਾ ਕਤਲ, ਡਕੈਤੀ, ਲੁੱਟ ਖੋਹ ਅਤੇ ਹੋਰ ਮਾਰਧਾੜ ਦੇ ਮਾਮਲਿਆਂ ਵਿਚ ਜੇਲ੍ਹਾਂ ਵਿਚ ਹਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਫਰਾਰ ਹੋਏ ਗੈਂਗਸਟਰ ਕਿਤੇ ਪੇਸ਼ੀਆਂ ਮੌਕੇ ਅਜਿਹੇ ਗੈਂਗਸਟਰਾਂ ‘ਤੇ ਹਮਲਾ ਹੀ ਨਾ ਮਾਰ ਦੇਣ ਜਾਂ ਫਿਰ ਕਿਤੇ ਉਹ ਆਪਣੇ ਹੋਰਨਾਂ ਸਾਥੀਆਂ ਨੂੰ ਪੁਲਿਸ ਤੋਂ ਛੁਡਵਾ ਕੇ ਨਾ ਲੈ ਜਾਣ।
___________________________________________
ਨਾਭਾ ਜੇਲ੍ਹ ਕਾਂਡ: ਸੂਹ ਦੇ ਬਾਵਜੂਦ ਢਿੱਲੀ ਰਹੀ ਪੁਲਿਸ
ਪਟਿਆਲਾ: ਅਤਿ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿਚ ਸੰਨ੍ਹ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤਕਰੀਬਨ ਇਕ ਸਾਲ ਪਹਿਲਾਂ ਖੁਫ਼ੀਆ ਰਿਪੋਰਟ ‘ਚ ਸ਼ੰਕਾ ਜ਼ਾਹਰ ਕੀਤੀ ਗਈ ਸੀ ਕਿ ਨਾਭਾ ਜੇਲ੍ਹ ‘ਤੇ ਹਮਲਾ ਕੀਤਾ ਜਾ ਸਕਦਾ ਹੈ, ਪਰ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਦਸਤਾਵੇਜ਼ਾਂ ਮੁਤਾਬਕ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਜੇਲ੍ਹ ਵਿਭਾਗ ਨੇ ਅੰਦਰੂਨੀ ਸੁਰੱਖਿਆ ਨਜ਼ਰਸਾਨੀ ਸਬੰਧੀ ਰਿਪੋਰਟ ਅਤੇ ਦਿੱਤੇ ਗਏ ਸੁਝਾਵਾਂ ਨੂੰ ਅਣਗੌਲਿਆ ਕੀਤਾ।
ਰਿਪੋਰਟ ‘ਚ ਸਪਸ਼ਟ ਤੌਰ ਉਤੇ ਕਿਹਾ ਗਿਆ ਕਿ ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਛੁਡਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਤਤਕਾਲੀ ਆਈæਜੀæ ਜ਼ੋਨ ਦੀਆਂ ਹਦਾਇਤਾਂ ਤੋਂ ਬਾਅਦ ਦੀਨਾਨਗਰ ਪੁਲਿਸ ਸਟੇਸ਼ਨ ‘ਤੇ ਪਿਛਲੇ ਸਾਲ ਹੋਏ ਦਹਿਸ਼ਤੀ ਹਮਲੇ ਦੇ ਕਰੀਬ ਇਕ ਮਹੀਨੇ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ ਸੀ। ਅਧਿਕਾਰੀਆਂ ਨੇ ਨਾਭਾ ਜੇਲ੍ਹ ਦਾ ਦੌਰਾ ਕਰ ਕੇ ਉਥੇ ਕਈ ਖਾਮੀਆਂ ਗਿਣਾਈਆਂ ਅਤੇ ਫੌਰੀ ਇਹਤਿਆਤੀ ਕਦਮ ਚੁੱਕਣ ਦੇ ਸੁਝਾਅ ਦਿੱਤੇ ਸਨ ਜਿਨ੍ਹਾਂ ‘ਚੋਂ ਕਈਆਂ ਉਤੇ ਅਜੇ ਤੱਕ ਅਮਲ ਨਹੀਂ ਕੀਤਾ ਗਿਆ। ਰਿਪੋਰਟ ‘ਚ ਕਿਹਾ ਗਿਆ ਕਿ ਜੇਲ੍ਹ ਦੇ 14 ਟਾਵਰਾਂ ਅਤੇ ਬਾਹਰੀ ਗੇਟ ਦੀ ਸੁਰੱਖਿਆ ਲਈ 56 ਵਿਅਕਤੀ ਆਰਜ਼ੀ ਤੌਰ ਉਤੇ ਤਾਇਨਾਤ ਹਨ ਅਤੇ ਇਨ੍ਹਾਂ ਦੀ ਥਾਂ ‘ਤੇ ਪੰਜਾਬ ਆਰਮਡ ਬਟਾਲੀਅਨ ਨੂੰ ਆਟੋਮੈਟਿਕ ਹਥਿਆਰਾਂ ਨਾਲ ਤਾਇਨਾਤ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਸ ਦੇ ਨਾਲ ਮੇਨ ਗੇਟ ਮੂਹਰੇ ਚੈੱਕ ਨਾਕੇ ਲਾਉਣ ਲਈ ਕਿਹਾ ਗਿਆ ਸੀ ਅਤੇ ਜੇਕਰ ਇਹ ਕਦਮ ਚੁੱਕੇ ਗਏ ਹੁੰਦੇ ਤਾਂ ਗੈਂਗਸਟਰ ਆਸਾਨੀ ਨਾਲ ਜੇਲ੍ਹ ਨੇੜੇ ਫਟਕ ਨਹੀਂ ਸਕਦੇ ਸਨ।