ਬਾਗੀਆਂ ਦੀਆਂ ਤਿੱਖੀਆਂ ਸਰਗਰਮੀਆਂ ਨੇ ਹਾਕਮ ਧਿਰ ਦੇ ਸਾਹ ਸੁਕਾਏ

ਜਲੰਧਰ: ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰਾਂ ਦਾ ਵਿਰੋਧ ਤੇਜ਼ ਹੋ ਗਿਆ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਉਮੀਦਵਾਰ ਐਲਾਨਣ ਤੋਂ ਬਾਅਦ ਪਾਰਟੀ ਨੂੰ ਇਕ ਦਰਜਨ ਦੇ ਤਕਰੀਬਨ ਹਲਕਿਆਂ ‘ਚ ਵੱਡੀ ਪੱਧਰ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਅੱਧੀ ਸਦੀ ਦੇ ਇਤਿਹਾਸ ‘ਚ ਸ਼ਾਇਦ ਇਹ ਪਹਿਲਾ ਮੌਕਾ ਹੈ, ਜਦੋਂ ਪਾਰਟੀ ਦੇ ਅੱਧੀ ਦਰਜਨ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫੇ ਦੇ ਦਿੱਤੇ ਹੋਣ।

ਅਸਤੀਫੇ ਦੇਣ ਵਾਲਿਆਂ ਵਿਚ ਨਿਹਾਲ ਸਿੰਘ ਵਾਲਾ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ, ਬਾਘਾਪੁਰਾਣਾ ਤੋਂ ਵਿਧਾਇਕ ਮਹੇਸ਼ ਇੰਦਰ ਸਿੰਘ, ਕਰਤਾਰਪੁਰ ਹਲਕੇ ਤੋਂ ਸਰਵਨ ਸਿੰਘ ਫਿਲੌਰ ਤੇ ਫਿਲੌਰ ਹਲਕੇ ਤੋਂ ਅਵਿਨਾਸ਼ ਚੰਦਰ ਸ਼ਾਮਲ ਹਨ ਜਦਕਿ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਇੰਦਰਬੀਰ ਸਿੰਘ ਬੁਲਾਰੀਆ ਤੇ ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਪ੍ਰਗਟ ਸਿੰਘ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ।
ਇਨ੍ਹਾਂ ਹਲਕਿਆਂ ਤੋਂ ਇਲਾਵਾ ਹੋਰਨਾਂ ਹਲਕਿਆਂ ਵਿਚ ਵੀ ਪਾਰਟੀ ਅੰਦਰ ਵਿਰੋਧ ਦੀ ਚਿੰਗਾਰੀ ਸੁਲਘ ਰਹੀ ਦੱਸੀ ਜਾ ਰਹੀ ਹੈ, ਜੋ ਆਉਣ ਵਾਲੇ ਸਮੇਂ ‘ਚ ਭਾਂਬੜ ਬਣ ਸਕਦੀ ਹੈ। ਉਧਰ, ਪਾਰਟੀ ਵੱਲੋਂ ਐਲਾਨੀ ਦੂਸਰੀ ਸੂਚੀ ‘ਚ ਦਿੜ੍ਹਬਾ ਹਲਕੇ ਤੋਂ ਸੰਭਾਵੀ ਉਮੀਦਵਾਰ ਸਾਬਕਾ ਵਿਧਾਇਕ ਗੋਬਿੰਦ ਸਿੰਘ ਕਾਂਝਲਾ ਨੂੰ ਨਜ਼ਰ ਅੰਦਾਜ਼ ਕਰ ਕੇ ਉਨ੍ਹਾਂ ਦੀ ਥਾਂ ਇਕ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਨੂੰ ਟਿਕਟ ਦੇ ਕੇ ਅਕਾਲੀ ਦਲ ਨੇ ਆਪਣੀ ਰਵਾਇਤੀ ਸੀਟ ਵੀ ਖਤਰੇ ਵਿਚ ਪਾ ਲਈ ਦੱਸੀ ਜਾ ਰਹੀ ਹੈ ਕਿਉਂਕਿ ਗੋਬਿੰਦ ਸਿੰਘ ਕਾਂਝਲਾ ਵੱਲੋਂ ਪਾਰਟੀ ਦੇ ਫੈਸਲੇ ਦਾ ਖੁੱਲ੍ਹੇਆਮ ਵਿਰੋਧ ਕੀਤਾ ਜਾਣ ਲੱਗਾ ਹੈ। ਇਸੇ ਤਰ੍ਹਾਂ ਬਾਘਾਪੁਰਾਣਾ ਤੋਂ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਉਮੀਦਵਾਰ ਐਲਾਨ ਕੇ ਭਾਵੇਂ ਇਕ ਮੰਤਰੀ ਵੱਲੋਂ ਆਪਣੇ ਪਰਿਵਾਰ ਲਈ ਮੋਗਾ ਹਲਕੇ ਤੋਂ ਦਾਅਵੇਦਾਰੀ ਦਾ ਰਾਹ ਤਾਂ ਪੱਧਰਾ ਕਰ ਲਿਆ ਗਿਆ ਹੈ, ਪਰ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਆਪਣੇ ਨਾਲ ਹੋਈ ‘ਬੇਇਨਸਾਫੀ’ ਦਾ ਖੁੱਲ੍ਹ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਭ ਤੋਂ ਤਿੱਖਾ ਪ੍ਰਤੀਕਰਮ ਨਿਹਾਲ ਸਿੰਘ ਵਾਲਾ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਦੀਆਂ ਨੀਤੀਆਂ ਖਿਲਾਫ ਵੀ ਤਿੱਖੇ ਹਮਲੇ ਕੀਤੇ ਗਏ ਹਨ। ਸ਼ਾਮਚੁਰਾਸੀ ਦੀ ਸੀਟ ਦਾ ਐਲਾਨ ਹੁੰਦਿਆਂ ਹੀ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਜਸਜੀਤ ਸਿੰਘ ਥਿਆੜਾ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਵੱਲੋਂ ਪਾਰਟੀ ਪ੍ਰਧਾਨ ਨੂੰ ਉਮੀਦਵਾਰ ਬਦਲਣ ਤੱਕ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਅਜਿਹਾ ਹੀ ਹਲਕਾ ਬੁਡਲਾਢਾ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਹਲਕੇ ਤੋਂ ਇਕ ਹੰਢੇ ਹੋਏ ਸਾਬਕਾ ਸੰਸਦ ਮੈਂਬਰ, ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ ਚਤਿੰਨ ਸਿੰਘ ਸਮਾਓਂ ਦੀ ਥਾਂ ਇਕ ਨਵੇਂ ਉਮੀਦਵਾਰ ਡਾæ ਨਿਸ਼ਾਨ ਸਿੰਘ ਨੂੰ ਟਿਕਟ ਦੇ ਕੇ ਪਾਰਟੀ ਨੇ ਵਰਕਰਾਂ ਦਾ ਵਿਰੋਧ ਸਹੇੜ ਲਿਆ ਦੱਸਿਆ ਜਾ ਰਿਹਾ ਹੈ।
ਵਿਰੋਧੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਜਿਥੇ ਪਾਰਦਰਸ਼ੀ ਢੰਗ ਤਰੀਕੇ ਅਪਣਾਉਂਦੇ ਹੋਏ ਪਾਰਟੀ ਟਿਕਟ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਲੈ ਕੇ ਬਾਕਾਇਦਾ ਯੋਜਨਾਬੱਧ ਢੰਗ ਨਾਲ ਉਮੀਦਵਾਰਾਂ ਬਾਰੇ ਫੈਸਲਾ ਕਰਨ ਦੀ ਰਣਨੀਤੀ ਅਪਣਾਈ ਜਾ ਰਹੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਲੰਮੇ ਸਮੇਂ ਤੋਂ ਬਾਬਾ ਆਦਮ ਹੀ ਨਿਰਾਲਾ ਹੈ।
ਪਾਰਟੀ ਵੱਲੋਂ ਆਪਣੇ ਜਥੇਬੰਧਕ ਢਾਂਚੇ ਵਿਚੋਂ ਜਿਥੇ ਪਾਰਲੀਮਾਨੀ ਬੋਰਡ ਨੂੰ ਪੂਰੀ ਤਰ੍ਹਾਂ ਮਨਫੀ ਕੀਤਾ ਗਿਆ ਹੈ, ਉਥੇ ਵਰਕਿੰਗ ਕਮੇਟੀ ਦੀ ਥਾਂ ਪਹਿਲਾਂ ਹੋਂਦ ‘ਚ ਆਈ ਪੀæਏæਸੀæ ਤੇ ਫਿਰ ਕੋਰ ਕਮੇਟੀ ਦਾ ਕੰਮ ਵੀ ਪ੍ਰਧਾਨ ਨੂੰ ਅਧਿਕਾਰ ਦੇਣ ਤੱਕ ਹੀ ਸੀਮਤ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਟਿਕਟਾਂ ਦੀ ਵੰਡ ਸਮੇਂ ਪਾਰਟੀ ਨੂੰ ਵੱਡੀ ਪੱਧਰ ‘ਤੇ ਮੌਜੂਦਾ ਵਿਧਾਇਕਾਂ ਤੇ ਟਿਕਟਾਂ ਦੇ ਚਾਹਵਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਟਿਕਟਾਂ ਦੀ ਵੰਡ ਨੂੰ ਲੈ ਕੇ ਸਭ ਤੋਂ ਵੱਧ ਵਿਰੋਧੀ ਸੁਰਾਂ ਦੁਆਬਾ ਤੇ ਮਾਲਵਾ ਖੇਤਰ ਵਿਚ ਸੁਣਨ ਨੂੰ ਮਿਲ ਰਹੀਆਂ ਹਨ।
_________________________________________
‘ਆਪ’ ਦੇ ਬਾਗੀ ਡਿੱਗੇ ਰੜੇ ਮੈਦਾਨæææ
ਜਲੰਧਰ: ਆਮ ਆਦਮੀ ਪਾਰਟੀ ਦੇ ਬਾਗੀਆਂ ਨੇ ਵਿਧਾਨ ਸਭਾ ਚੋਣਾਂ ਲਈ ਵਾਲੰਟੀਅਰਾਂ ਦਾ ਸਾਂਝਾ ਫਰੰਟ ਤਿਆਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਯਤਨ ਵਿਚ ਹੀ ਵਾਲੰਟੀਅਰਾਂ ਦੀਆਂ ਪੰਜ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿਚ ਰਾਜਨੀਤਕ ਮਾਮਲਿਆਂ, ਕਾਨੂੰਨੀ ਮਾਮਲਿਆਂ, ਫੰਡ ਇਕੱਠਾ ਕਰਨ ਸਬੰਧੀ, ਸ਼ਿਕਾਇਤਾਂ ਅਤੇ ਪ੍ਰਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ, ਪਰ ਜਿਸ ਤਰ੍ਹਾਂ ਕਨਵੈਨਸ਼ਨ ਸਬੰਧੀ ਪ੍ਰਚਾਰ ਕੀਤਾ ਗਿਆ ਸੀ, ਉਸ ਦੇ ਉਲਟ ਵਰਕਰਾਂ ਦਾ ਅੰਕੜਾ ਸਿਰਫ 150 ਤੱਕ ਸੀਮਤ ਸੀ। ਹਾਲਾਂਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਵਲੰਟੀਅਰਾਂ ਨੂੰ ਖਿੱਚਣ ਲਈ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਵੱਡੇ ਚਾਰ ਸ਼ਹਿਰਾਂ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਪਟਿਆਲਾ ਵਿਚ ‘ਵਾਲੰਟੀਅਰ ਮਿਲਾਪ ਮਾਰਚ’ ਕੱਢੇ ਜਾਣਗੇ। ਬਾਗੀ ਵਾਲੰਟੀਅਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਸਾੜਿਆ। ਇਸ ਦੌਰਾਨ ਵੱਖ-ਵੱਖ ਹਲਕਿਆਂ ਤੋਂ ਆਏ ਵਾਲੰਟੀਅਰਾਂ ਅਤੇ ਟਿਕਟਾਂ ਦੇ ਦਾਅਵੇਦਾਰਾਂ ਨੇ ਆਪੋ-ਆਪਣੇ ਹਲਕਿਆਂ ‘ਚ ਟਿਕਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਨੇ ਅਜਿਹੇ ਲੋਕਾਂ ਨੂੰ ਵੀ ਟਿਕਟਾਂ ਦਿੱਤੀਆਂ ਸਨ ਜੋ ਹਾਲੇ ਕੁਝ ਘੰਟੇ ਪਹਿਲਾਂ ਆਪਣੀਆਂ ਨੌਕਰੀਆਂ ਛੱਡ ਕੇ ਪਾਰਟੀ ‘ਚ ਸ਼ਾਮਲ ਹੋਏ ਸਨ।