ਚੰਡੀਗੜ੍ਹ: ਪੰਜਾਬ ਦੀ ਦਿਹਾਤੀ ਆਰਥਿਕਤਾ ਨੂੰ ਕੇਂਦਰ ਸਰਕਾਰ ਦੀ ਨੋਟਬੰਦੀ ਨੇ ਇੰਨਾ ਜ਼ਿਆਦਾ ਧੱਕਾ ਲਾਇਆ ਕਿ ਪਿੰਡਾਂ ਤੇ ਕਸਬਿਆਂ ਵਿਚ ਲੋਕ ਆਪਣੇ ਹੀ ਬੈਂਕ ਖਾਤਿਆਂ ਵਿਚੋਂ ਪੈਸਾ ਕਢਾਉਣ ਲਈ ਬੈਂਕ ਸ਼ਾਖਾਵਾਂ ਦੇ ਚੱਕਰਾਂ ਵਿਚੋਂ ਨਹੀਂ ਨਿਕਲ ਰਹੇ। ਕਈ ਪਿੰਡਾਂ ਵਿਚ ਤਾਂ ਲੋਕਾਂ ਨੇ ਬੈਂਕਾਂ ਦੇ ਬਾਹਰ ਹੀ ਰਾਤਾਂ ਗੁਜ਼ਾਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਦਿਨ ਚੜ੍ਹਦੇ ਹੀ ਲਾਈਨ ਵਿਚ ਲੱਗ ਕੇ ਘਰ ਦੇ ਗੁਜ਼ਾਰੇ ਜੋਗੇ ਪੈਸੇ ਹਾਸਲ ਕਰ ਸਕਣ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 8 ਨਵੰਬਰ ਤੋਂ 500 ਤੇ 1 ਹਜ਼ਾਰ ਦੇ ਨੋਟ ਬੰਦ ਕੀਤੇ ਸਨ, ਪਰ ਇਸ ਦੀ ਜ਼ਿਆਦਾ ਮਾਰ ਦਿਹਾਤੀ ਖੇਤਰ ਨੂੰ ਝੱਲਣੀ ਪੈ ਰਹੀ ਹੈ। ਝੋਨੇ ਦੀ ਫਸਲ ਤਾਜ਼ੀ ਵੇਚੀ ਹੋਣ ਕਾਰਨ ਕਿਸਾਨਾਂ ਨੂੰ ਵਧੇਰੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਹਾੜ੍ਹੀ ਦੀ ਪ੍ਰਮੁੱਖ ਫਸਲ ਕਣਕ ਦੀ ਬਿਜਾਈ ਤਾਂ ਉਧਾਰ ਦੇ ਲਏ ਬੀਜਾਂ, ਖਾਦਾਂ ਨਾਲ ਕਰ ਲਈ ਪਰ ਹੁਣ ਰੋਜ਼ ਮਰ੍ਹਾ ਦੀ ਜ਼ਿੰਦਗੀ ਪਟੜੀ ਉਤੇ ਨਹੀਂ ਚੜ੍ਹ ਰਹੀ। ਦਿਹਾਤੀ ਖੇਤਰ ਦੇ ਕਿਸਾਨੀ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਝੋਨੇ ਦੀ ਕਟਾਈ ਕਰਨ ਵਾਲੇ ਕੰਬਾਈਨ ਮਾਲਕ ਕਿਸਾਨਾਂ ਨੂੰ ਕਟਾਈ ਦੇ ਪੈਸੇ ਨਹੀਂ ਮਿਲੇ, ਜ਼ਮੀਨਾਂ ਦੇ ਠੇਕੇ ਦੀ ਦੂਜੀ ਕਿਸ਼ਤ ਦੀ ਅਦਾਇਗੀ ਰੁਕ ਗਈ, ਪਿੰਡਾਂ ਵਿਚ ਘਰਾਂ ਦੀ ਮੁਰੰਮਤ ਜਾਂ ਉਸਾਰੀ ਦੇ ਕੰਮ ਰੋਕ ਦਿੱਤੀ ਗਈ ਕਿਉਂਕਿ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਦੇਣ ਲਈ ਪੈਸੇ ਨਹੀਂ ਹਨ। ਮੰਡੀਆਂ ‘ਚ ਝੋਨੇ ਦੀ ਸਾਫ ਸਫਾਈ ਅਤੇ ਢੁਆਈ ਦੇ ਕੰਮ ਵਿਚ ਲੱਗੇ ਮਜ਼ਦੂਰਾਂ ਨੂੰ ਆੜ੍ਹਤੀਆਂ ਨੇ ਪੈਸੇ ਤਾਂ ਦੇ ਦਿੱਤੇ, ਪਰ ਬੈਂਕਾਂ ਵਿਚ ‘ਕੈਸ਼ ਖਤਮ’ ਦੇ ਬੋਰਡਾਂ ਨੇ ਮਜ਼ਦੂਰਾਂ ਦੇ ਹੱਥ ਵੀ ਖਾਲੀ ਰੱਖੇ ਹੋਏ ਹਨ।
ਸਰਕਾਰ ਵੱਲੋਂ ਨਵੀਂ ਕਰੰਸੀ ਦਾ ਰੁਖ ਦਿਹਾਤੀ ਖੇਤਰ ਵੱਲ ਕਰਨ ਦਾ ਐਲਾਨ ਤਾਂ ਕੀਤਾ ਸੀ, ਪਰ ਇਸ ਦਾ ਪੰਜਾਬ ਵਿਚ ਕੋਈ ਲਾਭ ਦਿਖਾਈ ਨਹੀਂ ਦਿੱਤਾ।
ਪੰਜਾਬ ਦੇ ਬਹੁਗਿਣਤੀ ਕਿਸਾਨਾਂ ਦੇ ਬੈਂਕ ਖਾਤੇ ਸਹਿਕਾਰੀ ਬੈਂਕਾਂ ਵਿਚ ਹਨ ਤੇ ਕੇਂਦਰ ਸਰਕਾਰ ਨੇ ਨਵੇਂ ਲੈਣ ਦੇਣ ਤੋਂ ਸਹਿਕਾਰੀ ਖੇਤਰ ਦੀਆਂ ਬੈਂਕਾਂ ਨੂੰ ਲਾਂਭੇ ਹੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸਹਿਕਾਰੀ ਬੈਂਕਾਂ ‘ਚ ਸਿਰਫ ਕਿਸਾਨਾਂ ਦੇ ਹੀ 10 ਲੱਖ ਖਾਤੇ ਹਨ। ਇਨ੍ਹਾਂ ਬੈਂਕਾਂ ਵੱਲੋਂ ਹਰ ਛਿਮਾਹੀਂ ਤਕਰੀਬਨ 7 ਹਜ਼ਾਰ ਕਰੋੜ ਰੁਪਏ ਦਾ ਲੈਣ ਦੇਣ ਸਿਰਫ ਖੇਤੀ ਖੇਤਰ (ਸਮੇਤ ਕਰਜ਼ੇ) ਵਿਚ ਹੀ ਕੀਤਾ ਜਾਂਦਾ ਹੈ।
ਬੈਂਕ ਅਧਿਕਾਰੀਆਂ ਦਾ ਦੱਸਣਾ ਹੈ ਕਿ ਆਮ ਤੌਰ ਉਤੇ 30 ਨਵੰਬਰ ਤੱਕ ਸਹਿਕਾਰੀ ਕਰਜ਼ਿਆਂ ਦੀ 50 ਫੀਸਦੀ ਤੋਂ ਵੱਧ ਵਸੂਲੀ ਹੋ ਜਾਂਦੀ ਸੀ, ਪਰ ਇਸ ਵਾਰੀ 30 ਫੀਸਦੀ ਤੋਂ ਵੀ ਘੱਟ ਹੋਈ ਹੈ। ਸਰਕਾਰ ਵਪਾਰਕ ਬੈਂਕਾਂ ਨੂੰ ਹਫਤੇ ਵਿਚ 24 ਹਜ਼ਾਰ ਬੱਚਤ ਖਾਤਿਆਂ ‘ਚੋਂ ਅਤੇ 50 ਹਜ਼ਾਰ ਚਾਲੂ ਖਾਤਿਆਂ ‘ਚੋਂ ਕੱਢਣ ਲਈ ਨਿਰਦੇਸ਼ ਜਾਰੀ ਕੀਤੇ ਹੋਏ ਹਨ, ਪਰ ਜ਼ਮੀਨੀ ਪੱਧਰ ਉਤੇ ਹਾਲਾਤ ਬਹੁਤ ਭਿਆਨਕ ਬਣੇ ਹੋਏ ਹਨ। ਆੜ੍ਹਤੀਆਂ ਵੱਲੋਂ ਵੀ ਕਿਸਾਨਾਂ ਦਾ ਇਕ ਤਰ੍ਹਾਂ ਨਾਲ ਸ਼ੋਸ਼ਣ ਹੀ ਕੀਤਾ ਜਾ ਰਿਹਾ ਹੈ। ਬੈਂਕਾਂ ‘ਚੋਂ ਕੈਸ਼ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਸਾਰੀਆਂ ਦੇਣਦਾਰੀਆਂ ਭਾਵ ਆਮ ਦੁਕਾਨਾਂ ਦੇ ਹਿਸਾਬ ਕਿਤਾਬ ਠੱਪ ਹੋਏ ਪਏ ਹਨ। ਵਿਆਹਾਂ ਸ਼ਾਦੀਆਂ ਵਾਲਿਆਂ ਨੂੰ ਹੋਰ ਵੀ ਦਿੱਕਤ ਆ ਰਹੀ ਹੈ।
__________________________________________
ਵੈਟ ਤੋਂ ਅੱਧੀ ਹੋਈ ਪੰਜਾਬ ਸਰਕਾਰ ਦੀ ਕਮਾਈ
ਲਹਿਰਾਗਾਗਾ: ਪੰਜਾਬ ਦੇ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਮੰਨਿਆ ਹੈ ਕਿ ਨੋਟਬੰਦੀ ਦਾ ਪੰਜਾਬ ਦੇ ਅਰਥਚਾਰੇ ‘ਤੇ ਵਕਤੀ ਅਸਰ ਪੈਣ ਕਰ ਕੇ ਮੁਸ਼ਕਲ ਜ਼ਰੂਰ ਆਈ ਹੈ ਕਿਉਂਕਿ ਸਰਕਾਰ ਨੂੰ ਵੈਟ ਦੇ ਰੂਪ ਵਿਚ ਮਿਲਣ ਵਾਲੀ ਰਕਮ ਪਿਛਲੇ ਸਾਲ ਦੇ ਮੁਕਾਬਲੇ ਅੱਧੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਰ ਸੂਬਿਆਂ ਨਾਲ ਵੀ ਹੋਇਆ ਹੈ ਅਤੇ ਪੈਸਾ ਖੁੱਲ੍ਹਣ ਮਗਰੋਂ ਵੈਟ ਵੱਧ ਜਾਵੇਗਾ। ਉਨ੍ਹਾਂ ਨੋਟਬੰਦੀ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ 10 ਫੀਸਦੀ ਸਰਮਾਏਦਾਰ, ਅਫਸਰਸ਼ਾਹੀ ਅਤੇ ਰਾਜਨੇਤਾ ਨੋਟਬੰਦੀ ਤੋਂ ਔਖੇ ਹਨ, ਪਰ 90 ਫੀਸਦੀ ਆਮ ਲੋਕ ਇਸ ਫੈਸਲੇ ਤੋਂ ਖੁਸ਼ ਹਨ, ਜਿਸ ਕਰ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗਠਜੋੜ ਨੂੰ ਇਸ ਦਾ ਲਾਭ ਮਿਲੇਗਾ।
____________________________________________
ਅਜੇ 6 ਮਹੀਨੇ ਹੋਰ ਰਹੇਗੀ ਪਰੇਸ਼ਾਨੀ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅੱਠ ਨਵੰਬਰ ਨੂੰ ਕੀਤੀ ਗਈ ਨੋਟਬੰਦੀ ਦੇ ਬਾਅਦ ਲੋਕ ਜੋ ਪਰੇਸ਼ਾਨੀ ਝੱਲ ਰਹੇ ਹਨ, ਉਹ ਸਿਰਫ 3 ਤੋਂ 6 ਮਹੀਨੇ ਤੱਕ ਹੀ ਜਾਰੀ ਰਹੇਗੀ, ਪਰ ਲੰਬੇ ਸਮੇਂ ‘ਚ ਇਸ ਨਾਲ ਅਰਥ ਵਿਵਸਥਾ ਨੂੰ ਫਾਇਦਾ ਹੋਵੇਗਾ। ਨੋਟਬੰਦੀ ਨਾਲ ਦੇਸ਼ ਦੇ ਇਮਾਨਦਾਰ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਅਤੇ ਨੋਟਬੰਦੀ ਨਾਲ ਡਿਜ਼ੀਟਲ ਕਰੰਸੀ ਦੀ ਗਿਣਤੀ ਵਧੇਗੀ।
__________________________________________
ਨੋਟਬੰਦੀ: ਰਾਸ਼ਨ-ਪਾਣੀ ਲਈ ਕਰਵਾਈ ਨਸਬੰਦੀ
ਲਖਨਊ: ਉਤਰ ਪ੍ਰਦੇਸ਼ ਵਿਚ ਪੂਰਨ ਸ਼ਰਮਾ ਨਾਂ ਦੇ ਮਜ਼ਦੂਰ ਨੂੰ ਘਰ ਦਾ ਖਰਚਾ ਚਲਾਉਣ ਲਈ ਨਸਬੰਦੀ ਕਰਵਾਉਣ ਲਈ ਮਜਬੂਰ ਹੋਣਾ ਪਿਆ। ਪੂਰਨ ਸ਼ਰਮਾ ਨੂੰ ਜਦੋਂ ਪਤਾ ਲੱਗਿਆ ਕਿ ਸਰਕਾਰ ਨਸਬੰਦੀ ਕਰਵਾਉਣ ਉਤੇ 2000 ਰੁਪਏ ਦਿੰਦੀ ਹੈ ਤਾਂ ਉਹ ਆਪਣੀ ਘਰਵਾਲੀ ਨੂੰ ਲੈ ਕੇ ਡਾਕਟਰ ਕੋਲ ਪਹੁੰਚ ਗਿਆ। ਨੇਤਰਹੀਣ ਹੋਣ ਕਰ ਕੇ ਕਿਸੇ ਸਰੀਰਕ ਸਮੱਸਿਆ ਕਾਰਨ ਡਾਕਟਰਾਂ ਨੇ ਉਸ ਦੀ ਘਰਵਾਲੀ ਦੀ ਨਲਬੰਦੀ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਪੂਰਨ ਸ਼ਰਮਾ ਨੇ ਆਪਣੀ ਨਸਬੰਦੀ ਕਰਵਾ ਲਈ। ਹਸਪਤਾਲ ਵੱਲੋਂ ਬੈਂਕ ਦੇ ਜ਼ਰੀਏ ਉਸ ਨੂੰ 2000 ਰੁਪਏ ਦਿੱਤੇ ਗਏ। ਪੂਰਨ ਸ਼ਰਮਾ ਨੇ ਦੱਸਿਆ ਕਿ ਨੋਟਬੰਦੀ ਦੇ 20 ਦਿਨ ਲੰਘਣ ਬਾਅਦ ਵੀ ਉਨ੍ਹਾਂ ਲਈ ਘਰ ਦਾ ਖਰਚਾ ਤੋਰਨਾ ਦਿਨ-ਪ੍ਰਤੀ-ਦਿਨ ਔਖਾ ਹੁੰਦਾ ਜਾ ਰਿਹਾ ਹੈ।