ਸਰਹੱਦੀ ਲੋਕਾਂ ਲਈ ਸੰਤਾਪ ਬਣਿਆ ਭਾਰਤ-ਪਾਕਿਸਤਾਨ ਟਕਰਾਅ

ਸ੍ਰੀਨਗਰ: ਭਾਰਤ ਤੇ ਪਾਕਿਸਤਾਨ ਵਿਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੋਵੇਂ ਦੇਸ਼ ਸਰਹੱਦ ‘ਤੇ ਇਕ ਦੂਜੇ ਪਾਸੇ ਗੋਲੀਬਾਰੀ ਕਰ ਰਹੇ ਹਨ ਤੇ ਪਹਿਲ ਦੇ ਦੋਸ਼ ਇਕ-ਦੂਜੇ ਸਿਰ ਮੜ੍ਹ ਰਹੇ ਹਨ। ਇਸ ਕਾਰਨ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਉਤੇ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ ਤੇ ਹੁਣ ਤੋਪਾਂ ਦੀ ਵਰਤੋਂ ਵੀ ਸ਼ੁਰੂ ਹੋ ਗਈ ਹੈ। ਲੰਘੇ ਨਵੰਬਰ ਮਹੀਨੇ ਵਿਚ ਹੀ ਸਰਹੱਦੀ ਗੋਲੀਬਾਰੀ ‘ਚ 2 ਭਾਰਤੀ ਫੌਜੀ ਅਧਿਕਾਰੀਆਂ ਸਣੇ 13 ਜਵਾਨ ਮਾਰੇ ਗਏ।

ਇਸੇ ਮਹੀਨੇ 13 ਅਤਿਵਾਦੀ ਅਤੇ 8 ਆਮ ਨਾਗਰਿਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ, ਜਦਕਿ ਗੋਲੀਬਾਰੀ ਦੀ ਲਪੇਟ ਵਿਚ ਆ ਕੇ ਇਕ ਦਰਜਨਾਂ ਜਵਾਨ ਜ਼ਖਮੀ ਵੀ ਹੋਏ। ਪਾਕਿ ਵਾਲੇ ਪਾਸੇ ਵੀ ਵੱਡਾ ਜਾਨੀ ਨੁਕਸਾਨ ਹੋਇਆ ਹੈ।
ਮਹੀਨੇ ਦੇ ਆਖਰੀ 29-30 ਦੇ ਦਿਨ ਜੰਮੂ ਕਸ਼ਮੀਰ ‘ਚ ਪੁਲਿਸ ਦੀ ਵਰਦੀ ਪਹਿਨੇ ਫਿਦਾਇਨ ਅਤਿਵਾਦੀਆਂ ਦੇ ਨੇ ਉਤਰੀ ਕਮਾਨ ਦੇ ਹੈਡਕੁਆਰਟਰ ਸਥਿਤ ਕੁਝ ਕਿਲੋਮੀਟਰ ਦੀ ਦੂਰੀ ‘ਤੇ 166 ਫੀਲਡ ਰੈਜੀਮੈਂਟ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਤੇ ਇਸ ਘਟਨਾ ‘ਚ 2 ਮੇਜਰ ਰੈਂਕ ਦੇ ਅਧਿਕਾਰੀਆਂ ਸਣੇ 5 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜਦਕਿ ਪੈਰਾ ਕਮਾਂਡੋ ਦੀ ਕਾਰਵਾਈ ‘ਚ 3 ਫਿਦਾਇਨ ਅਤਿਵਾਦੀ ਹਲਾਕ ਹੋ ਗਏ।
ਇਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਫੌਜੀਆਂ ਵੱਲੋਂ ਤਿੰਨ ਭਾਰਤੀ ਫੌਜੀ ਮਾਰ ਦਿੱਤੇ। ਜਿਸ ਪਿੱਛੋਂ ਭਾਰਤੀ ਫੌਜ ਵੱਲੋਂ ਕੀਤੀ ਗੋਲਾਬਾਰੀ ਨਾਲ 10 ਬੱਸ ਮੁਸਾਫਰ ਅਤੇ ਇਕ ਕੈਪਟਨ ਸਮੇਤ ਤਿੰਨ ਪਾਕਿਸਤਾਨੀ ਫੌਜੀ ਹਲਾਕ ਹੋ ਗਏ ਜਦੋਂਕਿ ਭਾਰਤੀ ਥਲ ਸੈਨਾ ਦੇ ਤਰਜਮਾਨ ਦਾ ਦਾਅਵਾ ਸੀ ਕਿ ਮਰਨ ਵਾਲੇ ਪਾਕਿਸਤਾਨੀਆਂ ਦੀ ਗਿਣਤੀ 7 ਹੈ। ਇਸ ਸਾਲ 18 ਸਤੰਬਰ ਨੂੰ ਕਸ਼ਮੀਰ ਦੇ ਉੜੀ ਸੈਕਟਰ ਵਿਚ ਅਤਿਵਾਦੀਆਂ ਵੱਲੋਂ ਇਕ ਫੌਜੀ ਕੈਂਪ ‘ਤੇ ਹਮਲਾ ਕਰ ਕੇ 19 ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਬਾਅਦ ਵਿਚ ਪ੍ਰਤੀਕਰਮ ਵਜੋਂ ਭਾਰਤ ਨੇ ਪਾਕਿਸਤਾਨ ਦੀ ਸਰਹੱਦ ਪਾਰ ਜਾ ਕੇ ਸਰਜੀਕਲ ਸਟ੍ਰਾਈਕ ਦੇ ਨਾਂ ਹੇਠ ਕਾਰਵਾਈ ਕੀਤੀ ਸੀ, ਜਿਸ ਵਿਚ ਅਤਿਵਾਦੀਆਂ ਅਤੇ ਫੌਜੀਆਂ ਨੂੰ ਤਕੜਾ ਨੁਕਸਾਨ ਹੋਇਆ ਸੀ।
ਉਸ ਤੋਂ ਬਾਅਦ ਜੰਮੂ-ਕਸ਼ਮੀਰ ਸਰਹੱਦ ਉਤੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਇਕ-ਦੂਸਰੇ ਉਤੇ ਤੋਪਾਂ ਵਰ੍ਹਾਈਆਂ ਜਾ ਰਹੀਆਂ ਹਨ। ਨਵੰਬਰ ਮਹੀਨੇ ਦੇ ਚੜ੍ਹਨ ਦੇ ਨਾਲ ਹੀ ਸਰਹੱਦਾਂ ਉਤੇ ਗੋਲਾਬਾਰੀ ਅਤੇ ਮੁਕਾਬਲਿਆਂ ‘ਚ ਅਚਾਨਕ ਤੇਜ਼ੀ ਦਰਜ ਹੋਈ ਤੇ 30 ਨਵੰਬਰ ਤੱਕ ਜੰਮੂ ਕਸ਼ਮੀਰ ਦੇ ਕਈ ਸਥਾਨਾਂ ‘ਤੇ ਆਮ ਨਾਗਰਿਕ, ਫੌਜੀ ਅਤੇ ਸੁਰੱਖਿਆ ਜਵਾਨ ਇਸ ਦੀ ਭੇਟ ਚੜ੍ਹ ਗਏ। ਨਵੰਬਰ ਮਹੀਨੇ ਦੀ ਪਹਿਲੇ ਦਿਨ ਭਾਰਤ-ਪਾਕਿ ਫੌਜਾਂ ਵਿਚਾਲੇ ਰਾਜੌਰੀ ਤੇ ਅਰਨਿਆਂ ਸੈਕਟਰਾਂ ‘ਚ ਹੋਣ ਵਾਲੀ ਗੋਲਾਬਾਰੀ ਦੀ ਲਪੇਟ ਵਿਚ ਆਉਣ ਕਾਰਨ 8 ਆਮ ਨਾਗਰਿਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। 6 ਨਵੰਬਰ ਨੂੰ ਘੁਸਪੈਠ ਦੀ ਇਕ ਕੋਸ਼ਿਸ਼ ਦੌਰਾਨ ਇਕ ਫੌਜੀ ਸ਼ਹੀਦ ਹੋ ਗਿਆ ਤੇ 7 ਨਵੰਬਰ ਨੂੰ ਸ਼ੌਪੀਆਂ ਜ਼ਿਲ੍ਹੇ ਵਿਚ ਇਕ ਅਤਿਵਾਦੀ ਹਲਾਕ ਕਰ ਦਿੱਤਾ ਗਿਆ ਤੇ 2 ਫੌਜੀ ਜਵਾਨ ਜ਼ਖਮੀ ਹੋ ਗਏ। ਅੱਠ ਨਵੰਬਰ ਨੂੰ ਜ਼ਿਲ੍ਹਾ ਰਾਜੌਰੀ ਵਿਖੇ ਪਾਕਿ ਰੇਂਜਰਾਂ ਦੀ ਗੋਲੀਬਾਰੀ ‘ਚ 2 ਫੌਜੀ ਜਵਾਨ ਸ਼ਹੀਦ ਹੋ ਗਏ ਤੇ ਇਕ ਜਵਾਨ ਜ਼ਖਮੀ ਹੋ ਗਿਆ, ਨੌਂ ਨਵੰਬਰ ਨੂੰ ਮਾਛਿਲ ਸੈਕਟਰ ‘ਚ ਗੋਲੀਬਾਰੀ ਦੀ ਉਲੰਘਣਾ ‘ਚ ਇਕ ਜਵਾਨ ਸ਼ਹੀਦ ਹੋ ਗਿਆ। ਇਸੇ ਦਿਨ ਸੋਪਰ ਵਿਖੇ 2 ਅਤਿਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ। ਨਵੰਬਰ 16 ਨੂੰ ਸੋਪਰ ਵਿਖੇ ਅਤਿਵਾਦੀਆਂ ਨੇ ਮੁਕਾਬਲੇ ਵਿਚ ਇਕ ਜਵਾਨ ਸ਼ਹੀਦ ਕਰ ਦਿੱਤਾ ਤੇ ਫਰਾਰ ਹੋ ਗਏ, 22 ਨਵੰਬਰ ਨੂੰ 13 ਆਰæਆਰ ਨੇ ਬਾਂਦੀਪੁਰਾ ਦੇ ਹਾਜਨ ਇਲਾਕੇ ‘ਚ 2 ਅਤਿਵਾਦੀਆਂ ਨੂੰ ਹਲਾਕ ਕਰ ਦਿੱਤਾ। ਤਿੰਨ ਦਿਨ ਬਾਅਦ ਮੁੜ ਫੌਜ ਦੀ ਉਕਤ ਆਰæਆਰæ ਨੇ ਜ਼ਿਲ੍ਹੇ ਦੇ ਨਾਇਦ ਖਾਹੀ ਇਲਾਕੇ ‘ਚ 2 ਹੋਰ ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਤੇ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਇਸੇ ਦਿਨ ਸੋਪਰ ਵਿਖੇ ਇਕ ਅਤਿਵਾਦੀ ਨੂੰ ਅਸਲੇ ਸਣੇ ਗ੍ਰਿਫਤਾਰ ਕਰ ਲਿਆ ਗਿਆ।
ਪਾਕਿਸਤਾਨ ਦੇ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ਼ ਨੇ ਰਿਟਾਇਰ ਹੋਣ ਸਮੇਂ ਭਾਰਤ ਨੂੰ ਬੜੇ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਸੀ, ਪਰ ਉਸ ਦੀ ਥਾਂ ਨਵੇਂ ਬਣੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਅਹੁਦਾ ਸੰਭਾਲਦਿਆਂ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਸਰਹੱਦ ‘ਤੇ ਚੱਲ ਰਹੇ ਮੌਜੂਦਾ ਤਣਾਅ ਵਿਚ ਛੇਤੀ ਹੀ ਸੁਧਾਰ ਹੋਵੇਗਾ। ਇਸ ਗੱਲ ਦੀ ਵੀ ਆਮ ਚਰਚਾ ਰਹੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਜਨਰਲ ਬਾਜਵਾ ਨੂੰ ਇਸ ਅਹੁਦੇ ਲਈ ਇਸ ਕਰ ਕੇ ਚੁਣਿਆ ਹੈ, ਕਿਉਂਕਿ ਉਸ ਨੂੰ ਜਮਹੂਰੀਅਤ ਪਸੰਦ ਸਮਝਿਆ ਜਾਂਦਾ ਹੈ ਅਤੇ ਉਸ ਦੀ ਸ਼ਖ਼ਸੀਅਤ ਵਿਚ ਠਹਿਰਾਅ ਹੈ, ਪਰ ਜਿਸ ਤਰ੍ਹਾਂ ਨਵੇਂ ਫੌਜ ਮੁਖੀ ਦੇ ਅਹੁਦਾ ਸੰਭਾਲਦਿਆਂ ਹੀ ਸਰਹੱਦ ਪਾਰੋਂ ਅਤਿਵਾਦੀਆਂ ਨੇ ਇਹ ਕਾਰਾ ਕੀਤਾ ਹੈ, ਉਸ ਤੋਂ ਤਾਂ ਇਹੀ ਲਗਦਾ ਹੈ ਕਿ ਫੌਜ ਮੁਖੀ ਦੇ ਬਦਲਣ ਨਾਲ ਹਾਲਾਤ ‘ਚ ਸੁਧਾਰ ਆਉਣ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।
_____________________________________
ਫੌਜ ਤੇ ਲੋਕਾਂ ਦਾ ਟਕਰਾਅ ਬਣਿਆ ਚੁਣੌਤੀ
ਸ੍ਰੀਨਗਰ: ਵਾਦੀ ਵਿਚ ਜੁਲਾਈ ਤੋਂ ਅਕਤੂਬਰ ਦੌਰਾਨ ਅੰਦੋਲਨ ਵਿਚ ਕਈ ਥਾਵਾਂ ਉਤੇ ਪ੍ਰਦਰਸ਼ਨ, ਪਥਰਾਅ ਅਤੇ ਹੋਰ ਤਰ੍ਹਾਂ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਦੌਰਾਨ ਪੁਲਿਸ, ਸੁਰੱਖਿਆ ਬਲਾਂ ਤੇ ਫੌਜ ਵੱਲੋਂ ਕੀਤੀ ਕਾਰਵਾਈ ਦੇ ਕਾਰਨ ਤਕਰੀਬਨ 100 ਆਮ ਨਾਗਰਿਕ ਮਾਰੇ ਗਏ, 10 ਹਜ਼ਾਰ ਦੇ ਕਰੀਬ ਜ਼ਖਮੀ ਹੋ ਗਏ, ਜਦਕਿ ਇਕ ਹਜ਼ਾਰ ਦੇ ਕਰੀਬ ਨਾਗਰਿਕ ਜਿਨ੍ਹਾਂ ‘ਚ ਖਾਸੀ ਗਿਣਤੀ ਨੌਜਵਾਨਾਂ ਦੀ ਸੀ, ਪੈਲਟ ਸ਼ੈਲ ਨਾਲ ਅੱਖਾਂ ਦੀ ਲੋਅ ਪ੍ਰਭਾਵਿਤ ਹੋਈ।
__________________________________
ਪਾਕਿ ਪਹਿਲਾਂ ਦਹਿਸ਼ਤਗਰਦੀ ਖਤਮ ਕਰੇ: ਭਾਰਤ
ਨਵੀਂ ਦਿੱਲੀ: ਭਾਰਤ ਨੇ ਗੁਆਂਢੀ ਮੁਲਕ ਨੂੰ ਕਿਹਾ ਕਿ ਉਹ ਪਹਿਲਾਂ ਆਪਣੇ ਧਰਤੀ ਉਤੇ ਪਲ ਰਹੀ ‘ਦਹਿਸ਼ਤ ਦੀ ਬਦਬੂ’ ਨੂੰ ਖਤਮ ਕਰੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਦੇ ਇਸ ਬਿਆਨ ਦੀ ਵੀ ਸਖਤ ਨਿਖੇਧੀ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਵਿਦੇਸ਼ ਨੀਤੀਆਂ ਦੇ ਵਿਰੋਧੀ ਭਾਰਤੀਆਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਪਾਕਿਸਤਾਨੀ ਫੌਜ ਨੂੰ ਵੀ ਦਹਿਸ਼ਤਗਰਦਾਂ ਦੀ ਮਦਦ ਤੋਂ ਬਾਜ਼ ਆਉਣ ਲਈ ਆਖਿਆ।
_______________________________
ਕੰਟਰੋਲ ਰੇਖਾ ‘ਤੇ ਭਾਰਤ ਵੱਲੋਂ ਹਮਲਾ: ਸ਼ਰੀਫ਼
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਵੱਲੋਂ ਕੰਟਰੋਲ ਰੇਖਾ ਉਤੇ ਬਿਨਾ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ ਨੂੰ ‘ਨੰਗਾ-ਚਿੱਟਾ ਹਮਲਾ’ ਕਰਾਰ ਦਿੱਤਾ ਹੈ। ਸ਼ਰੀਫ਼ ਨੇ ਭਾਰਤ ਵੱਲੋਂ ਬੱਸ ਮੁਸਾਫਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕਰਦਿਆਂ ਹਲਾਕ ਹੋਏ ਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਨੂੰ ਬਣ ਰਹੇ ਹਾਲਾਤ ਦਾ ਅੰਦਾਜ਼ਾ ਨਹੀਂ ਲੱਗ ਰਿਹਾ।